2024 ਦੇ ਭਾਰਤ ’ਚ ਉਹ ਭਾਈਚਾਰਾ ਜੋ ਅੱਜ ਵੀ ਮੰਦਰ ਵਿੱਚ ਵੜ੍ਹ ਨਹੀਂ ਸਕਦਾ

ਖੇਰੀ ਪਿੰਡ
ਤਸਵੀਰ ਕੈਪਸ਼ਨ, ਦਲਿਤ ਭਾਈਚਾਰੇ ਦੇ ਇਸ ਮਸਲੇ ਦੀ ਚਰਚਾ ਹਾਲ ਹੀ ਵਿੱਚ ਨਾਗਪੁਰ ਵਿੱਚ ਹੋਈ ਸੰਘ ਦੀ ਅਖਿਲ ਭਾਰਤੀ ਪ੍ਰਤਿਨਿਧ ਸਭਾ ਵਿੱਚ ਵੀ ਹੋਈ ਸੀ।
    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਇਹ ਸਿਰਫ਼ ਸੰਜੋਗ ਹੀ ਸੀ ਕਿ ਅਸੀਂ ਖੇਰੀ ਪਿੰਡ ਤੋਂ ਹੋ ਕੇ ਲੰਘ ਰਹੇ ਸੀ। ਉੱਥੇ ਕੋਲ ਹੀ ਅਸੀਂ ਇੱਕ ਖ਼ਬਰ ਦੇ ਸਿਲਸਿਲੇ ਵਿੱਚ ਆਏ ਸੀ।

ਜਦੋਂ ਵਾਪਸ ਜਾਣ ਲੱਗੇ ਤਾਂ ਥੋੜ੍ਹੀ ਹੀ ਦੂਰ ਦੋ ਤਿੰਨ ਪਿੰਡ ਵਾਸੀਆਂ ਨੇ ਸਾਡੀ ਗੱਡੀ ਨੂੰ ਹੱਥ ਦੇ ਕੇ ਰੋਕਿਆ, ਇਨ੍ਹਾਂ ਵਿੱਚੋਂ ਮਦਨਲਾਲ ਬੋਲੇ, ਸਾਡੀ ਗੱਲ ਸੁਣ ਲਵੋ, ਸਾਡੀ ਪ੍ਰੇਸ਼ਾਨੀ ਵੀ ਸੁਣ ਲਓ।

ਗੱਡੀ ਤੋਂ ਉਤਰ ਕੇ ਅਸੀਂ ਉਨ੍ਹਾਂ ਨਾਲ ਗੱਲ ਕਰਨ ਲੱਗੇ, ਉਦੋਂ ਤੱਕ ਉਨ੍ਹਾਂ ਦੀ ਬਸਤੀ ਦੇ ਹੋਰ ਲੋਕ ਵੀ ਆ ਗਏ। ਫਿਰ ਅਸੀਂ ਉਨ੍ਹਾਂ ਦੇ ਨਾਲ ਬਸਤੀ ਵੱਲ ਹੀ ਤੁਰ ਪਏ। ਇਹ ਸੀਹੋਰ ਜ਼ਿਲ੍ਹੇ ਦੇ ਇਛਾਵਰ ਵਿੱਚ ਪੈਂਦਾ ਹੈ.. ਪਿੰਡ ਦੇ ਲੋਕ ਅੱਗੇ -ਅੱਗੇ ਅਤੇ ਅਸੀਂ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰਨ ਲੱਗੇ।

ਮਦਨਲਾਲ ਕਹਿੰਦੇ ਹਨ, “ਇਹ ਖੇਰੀ ਪਿੰਡ ਦੀ ਦਲਿਤ ਬਸਤੀ ਹੈ।”

ਇਹ ਲਗਭਗ 150 ਘਰਾਂ ਦੀ ਬਸਤੀ ਹੈ।

ਫਿਰ ਇੱਕ ਪਿੰਡ ਵਾਸੀ ਨੇ ਕਿਹਾ, “ਸਾਨੂੰ ਮੰਦਿਰ ਨਹੀਂ ਜਾਣ ਦਿੱਤਾ ਜਾਂਦਾ, ਸਾਡੇ ਘਰ ਪੁਜਾਰੀ ਵੀ ਨਹੀਂ ਆਉਂਦਾ, ਅਸੀਂ ਭਗਵਾਨ ਦੇ ਦਰਸ਼ਨ ਬਾਹਰੋਂ ਹੀ ਕਰਕੇ ਆ ਜਾਂਦੇ ਹਾਂ, ਸਾਡੇ ਨਾਲ ਸ਼ੁਰੂਆਤ ਤੋਂ ਹੀ ਇਹ ਭੇਦਭਾਵ ਚੱਲ ਰਿਹਾ ਹੈ, ਅਸੀਂ ਇਹੀ ਦੱਸਣਾ ਚਾਹੁੰਦੇ ਹਾਂ।”

ਭੇਦਭਾਵ ਦਾ ਕਾਰਨ

ਰੇਸ਼ਮ ਬਾਈ
ਤਸਵੀਰ ਕੈਪਸ਼ਨ, ਰੇਸ਼ਮ ਬਾਈ

ਇਹ ਸੀਹੋਰ ਜ਼ਿਲ੍ਹਾ ਹੈੱਡਕੁਆਰਟਰ ਤੋਂ 70 ਕਿਲੋਮੀਟਰ ਦੀ ਦੂਰੀ ਉੱਤੇ ਹੈ।

ਜਿਵੇਂ-ਜਿਵੇਂ ਅਸੀਂ ਬਸਤੀ ਦੇ ਅੰਦਰ ਵਧਣ ਲੱਗੇ। ਸਾਨੂੰ ਔਰਤਾਂ ਦਾ ਇੱਕ ਸਮੂਹ ਨਜ਼ਰ ਆਇਆ ਜੋ ਭਜਨ ਗਾ ਕੇ ਆਪਣੇ ਦੇਵਤੇ ਨੂੰ ਯਾਦ ਕਰ ਰਿਹਾ ਸੀ। ਕੱਚੇ ਪੱਕੇ ਘਰਾਂ ਦੇ ਬਾਹਰ ਵਾਲੇ ਵਿਹੜੇ ਵਿੱਚ ਛੋਟੇ-ਛੋਟੇ ਸਮੂਹਾਂ ਵਿੱਚ ਲੋਕ ਜਮ੍ਹਾ ਹੋਏ ਸਨ।

ਇਨ੍ਹਾਂ ਵਿੱਚ ਰੇਸ਼ਮ ਬਾਈ ਵੀ ਬੈਠੇ ਹੋਏ ਸਨ। ਇੰਨੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਦੇਖ ਔਰਤਾਂ ਨੇ ਘੁੰਡ ਕੱਢਣਾ ਸ਼ੁਰੂ ਕਰ ਦਿੱਤਾ, ਜ਼ਾਹਰ ਹੈ ਕਿ ਪਿੰਡ ਦੀ ਆਪਣੀ ਰਵਾਇਤ ਹੈ।

ਇਹ ਘੁੰਡ ਉਹ ਸਿਰਫ਼ ਆਪਣੇ ਪਿੰਡ ਦੇ ਲੋਕਾਂ ਦੇ ਸਾਹਮਣੇ ਲੈਂਦੀਆਂ ਹਨ ਜਿਹੜੇ ਉਨ੍ਹਾਂ ਦੇ ਰਿਸ਼ਤੇਦਾਰ ਹਨ ਜਾਂ ਗੁਆਂਢੀ।

ਇੱਕ-ਇੱਕ ਕਰਕੇ ਔਰਤਾਂ ਆਪਣੇ ਮਕਾਨ ਦਿਖਾਉਂਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਅਜਿਹੀ ਮਾੜੀ ਹਾਲਤ ਹੋ ਗਈ ਹੈ ਕਿ ਹੁਣ ਪਿੰਡ ਵਿੱਚ ਉਨ੍ਹਾਂ ਦੇ ਬੱਚਿਆਂ ਲਈ ਵੀ ਰਿਸ਼ਤੇ ਆਉਣੇ ਬੰਦ ਹੋ ਗਏ ਹਨ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਬਸਤੀ ਦੇ ਲੋਕਾਂ ਦੇ ਨਾਲ ਕਦਮ-ਕਦਮ ਉੱਤੇ ਭੇਦਭਾਵ ਕੀਤਾ ਜਾ ਰਿਹਾ ਹੈ।

ਦਲਿਤ ਬਸਤੀ ਦੇ ਲੋਕ

ਬਲਦੇਵ ਸਿੰਘ ਜਾਂਗੜਾ
ਤਸਵੀਰ ਕੈਪਸ਼ਨ, ਇਸ ਦਲਿਤ ਬਸਤੀ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਈ ਵਾਰੀ ਇਸ ਮਾਮਲੇ ਨੂੰ ਦੂਜੇ ਸਮਾਜ ਦੇ ਲੋਕਾਂ ਦੇ ਸਾਹਮਣੇ ਵੀ ਚੁੱਕਿਆ ਹੈ।

ਇਸੇ ਪਿੰਡ ਦੀ ਰੇਸ਼ਮ ਬਾਈ ਕਹਿੰਦੇ ਹਨ ਕਿ ਉਨ੍ਹਾਂ ਨੇ ਵਰਤ ਰੱਖਿਆ ਸੀ ਜਿਸ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਪੂਜਾ ਕਰਨੀ ਸੀ, ਪਰ ਉਹ ਦੱਸਦੇ ਹਨ ਕਿ ਮੰਦਿਰ ਦੇ ਪੂਜਾਰੀ ਨੇ ਉਨ੍ਹਾਂ ਦੇ ਘਰ ਆਉਣ ਤੋਂ ਇਨਕਾਰ ਕਰ ਦਿੱਤਾ।

ਰੇਸ਼ਮ ਬਾਈ ਨੇ ਦੱਸਿਆ, “ਪਿੰਡ ਵਿਚਲੇ ਇੱਕੋ-ਇੱਕ ਰਾਮ ਮੰਦਿਰ ਵਿੱਚ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਸਾਨੂੰ ਮੰਦਿਰ ਦੀ ਪੌੜੀ ਵੀ ਨਹੀਂ ਚੜ੍ਹਨ ਦਿੱਤੀ ਜਾਂਦੀ, ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਜਦੋਂ ਸਾਡੀ ਬਸਤੀ ਵਿੱਚ ਵਿਆਹ ਹੁੰਦਾ ਹੈ ਤਾਂ ਰਸਮ ਨਿਭਾਉਣ ਦੇ ਲਈ ਮੰਦਿਰ ਵਿੱਚ ਨਾਰੀਅਲ ਲੈ ਕੇ ਜਾਣਾ ਪੈਂਦਾ ਹੈ।”

ਉਹ ਦੱਸਦੇ ਹਨ, “ਮੰਦਿਰ ਵਿੱਚ ਪੂਜਾ ਹੁੰਦੀ ਹੈ ਤਾਂ ਅਸੀਂ ਹਲਦੀ ਅਤੇ ਚਾਵਲ ਬਾਹਰ ਹੀ ਛਿੜਕ ਕੇ ਚਲੇ ਜਾਂਦੇ ਹਾਂ ਅਤੇ ਨਾਰੀਅਲ ਉੱਥੇ ਦੂਜੇ ਬੰਦੇ ਨੂੰ ਦਿੰਦੇ ਹਾਂ। ਉਹ ਅੰਦਰ ਜਾ ਕੇ ਨਾਰੀਅਲ ਚੜ੍ਹਾਉਂਦਾ ਹੈ ਅਤੇ ਅਸੀਂ ਬੱਸ ਬਾਹਰੋਂ ਹੀ ਹੱਥ ਜੋੜ ਕੇ ਵਾਪਸ ਆ ਜਾਂਦੇ ਹਾਂ।”

ਇਸ ਦਲਿਤ ਬਸਤੀ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਈ ਵਾਰੀ ਇਸ ਮਾਮਲੇ ਨੂੰ ਦੂਜੇ ਸਮਾਜ ਦੇ ਲੋਕਾਂ ਦੇ ਸਾਹਮਣੇ ਵੀ ਚੁੱਕਿਆ ਹੈ। ਪੰਚਾਇਤ ਵਿੱਚ ਵੀ ਚੁੱਕਿਆ ਹੈ ਅਤੇ ਸਰਪੰਚ ਦੇ ਸਾਹਮਣੇ ਵੀ ਚੁੱਕਿਆ ਹੈ ਪਰ ਹੁਣ ਤੱਕ ਕੋਈ ਰਸਤਾ ਨਹੀਂ ਨਿਕਲ ਸਕਿਆ ਹੈ।

ਉਨ੍ਹਾਂ ਦੇ ਦਾਅਵੇ ਦੇ ਮੁਤਾਬਕ ਪਿੰਡ ਦੇ ਸ਼ਮਸ਼ਾਨ ਵਿੱਚ ਵੀ ਦਲਿਤਾਂ ਦੀਆਂ ਲਾਸ਼ਾਂ ਨੂੰ ਅੱਗ ਲਗਾਉਣ ਦੇ ਲਈ ਵੱਖਰਾ ਪ੍ਰਬੰਧ ਕੀਤਾ ਗਿਆ ਹੈ।

ਸਾਡਾ ਤਾਂ ਕੋਈ ਮੰਦਿਰ ਹੈ ਹੀ ਨਹੀਂ

ਮਦਨਲਾਲ
ਤਸਵੀਰ ਕੈਪਸ਼ਨ, ਬਸਤੀ ਦੇ ਲੋਕ ਦਾ ਇਲਜ਼ਾਮ ਹੈ ਕਿ ਜਿਹੜਾ ਪਾਣੀ ਦਾ ਪਾਈਪ (ਕਨੈਕਸ਼ਨ) ਪਿੰਡ ਵਿੱਚ ਆਇਆ ਹੈ, ਉਸ ਨਾਲ ਉਨ੍ਹਾਂ ਦੀ ਬਸਤੀ ਨੂੰ ਪਾਣੀ ਨਹੀਂ ਮਿਲਦਾ।

ਬਲਦੇਵ ਸਿੰਘ ਜਾਂਗੜਾ ਇਸੇ ਬਸਤੀ ਵਿੱਚ ਪੈਦਾ ਹੋਏ ਸਨ ਅਤੇ ਹੁਣ ਉਨ੍ਹਾਂ ਦੇ ਬੱਚੇ ਵੀ ਵੱਡੇ ਹੋ ਰਹੇ ਹਨ।

ਉਹ ਕਹਿੰਦੇ ਹਨ ਕਿ ਹੋਸ਼ ਸੰਭਾਲਣ ਤੋਂ ਬਾਅਦ ਤੋਂ ਹੀ ਉਨ੍ਹਾਂ ਨੇ ਇਸ ਭੇਦਭਾਵ ਦਾ ਸਾਹਮਣਾ ਕੀਤਾ ਹੈ ਅਤੇ ਹੁਣ ਵੀ ਕਰ ਰਹੇ ਹਨ।

ਆਪਣੇ ਘਰ ਦੇ ਚਬੂਤਰੇ ਉੱਤੇ ਬੈਠ ਕੇ ਬੀਬੀਸੀ ਨਾਲ ਗੱਲਬਾਤ ਦੇ ਦੌਰਾਨ ਉਹ ਕਹਿੰਦੇ ਹਨ, “ਸਾਡਾ ਤਾਂ ਕੋਈ ਮੰਦਿਰ ਹੈ ਹੀ ਨਹੀਂ, ਕਦੇ ਵੀ ਨਹੀਂ ਰਿਹਾ, ਉਨ੍ਹਾਂ ਦਾ(ਦੂਜੇ ਸਮਾਜ ਦਾ) ਹੀ ਮੰਦਿਰ ਹੈ, ਮੰਦਿਰ ਜਾਂਦੇ ਹਾਂ, ਕਦੇ-ਕਦੇ ਜੇਕਰ ਕੰਮ ਪੈਂਦਾ ਹੈ ਤਾਂ..''

ਉਹ ਅੱਗੇ ਦੱਸਦੇ ਹਨ “ਪਰ ਬਾਹਰੋਂ ਹੀ ਦਰਸ਼ਨ ਕਰਕੇ ਵਾਪਸ ਆ ਜਾਂਦੇ ਹਾਂ, ਸਾਨੂੰ ਅੰਦਰ ਜਾਣ ਦੀ ਮਨਾਹੀ ਹੈ, ਇਹ ਜਾਤ ਅਧਾਰਤ ਭੇਦਭਾਵ ਹੈ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ।”

ਇਸ ਘਟਨਾ ਦੀ ਚਰਚਾ ਕਰਦੇ ਹੋਏ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਬਸਤੀ ਦਾ ਇੱਕ ਵਿਅਕਤੀ ਮੰਦਿਰ ਵਿੱਚ ਚਲ ਰਹੀ ਕਥਾ ਸੁਣਨ ਲਈ ਉੱਥੇ ਚਲਾ ਗਿਆ ਹੈ।

ਉਹ ਕਹਿੰਦੇ ਹਨ, “ਉਹ ਪ੍ਰਸ਼ਾਦ ਲੈਣ ਲਈ ਗਿਆ ਸੀ ਅਤੇ ਪੌੜੀ ਚੜ੍ਹ ਕੇ ਅੰਦਰ ਚਲਾ ਗਿਆ ਸੀ, ਤਾਂ ਦੂਜੇ ਸਮਾਜ ਦੇ ਇੱਕ ਵੀਰ ਨੇ ਬਾਹਰ ਕੱਢ ਦਿੱਤਾ, ਉਨ੍ਹਾਂ ਨੇ ਕਿਹਾ ਕਿ ਤੁਸੀਂ ਇੱਥੇ ਅੰਦਰ ਨਹੀਂ ਆਓਗੇ, ਬਾਹਰੋਂ ਹੀ ਪ੍ਰਸ਼ਾਦ ਲਿਆ ਕਰੋ।”

ਇਸ ਬਸਤੀ ਦੇ ਬਾਹਰ, ਬਿਲਕੁਲ ਸੜਕ ਦੇ ਕੰਢੇ ਇੱਕ ਨਲਕਾ ਹੈ ਜਿੱਥੋਂ ਬਸਤੀ ਦੀਆਂ ਔਰਤਾਂ ਪਾਣੀ ਭਰ ਕੇ ਲਿਆ ਰਹੀਆਂ ਹਨ। ਬਸਤੀ ਦੇ ਲੋਕ ਦੱਸਦੇ ਹਨ ਕਿ ਪਾਣੀ ਦੇ ਲਈ ਇਹ ‘ਨਲਕਾ’ ਇੱਕੋ-ਇੱਕ ਸਹਾਰਾ ਹੈ ਕਿਉਂਕਿ ਉਨ੍ਹਾਂ ਦਾ ਇਲਜ਼ਾਮ ਹੈ ਕਿ ਜਿਹੜਾ ਪਾਣੀ ਦਾ ਪਾਈਪ(ਕਨੈਕਸ਼ਨ) ਪਿੰਡ ਵਿੱਚ ਆਇਆ ਹੈ, ਉਸ ਨਾਲ ਉਨ੍ਹਾਂ ਦੀ ਬਸਤੀ ਨੂੰ ਪਾਣੀ ਨਹੀਂ ਮਿਲਦਾ।

ਸਮਾਜ ਦੇ ਲਈ ਵੱਖਰਾ ਮੰਦਿਰ

ਬਸੰਤ ਕੁਮਾਰ ਮਾਲਵੀਅ
ਤਸਵੀਰ ਕੈਪਸ਼ਨ, ਚਾਂਦਬੜ੍ਹ ਦੇ ਲੋਕ ਦੱਸਦੇ ਹਨ ਕਿ ਸੀਹੋਰ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਦਲਿਤ ਪਰਿਵਾਰਾਂ ਨੂੰ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਵਿੱਚ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਦਨ ਲਾਲ ਦੱਸਦੇ ਹਨ ਕਿ ਪਾਣੀ ਦਾ ‘ਕਨੈਕਸ਼ਨ’ ਦੇਣ ਦੇ ਨਾਮ ਉੱਤੇ ਉਨ੍ਹਾਂ ਕੋਲੋਂ ਵੀ ਪੈਸੇ ਲਏ ਗਏ। ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਪਿੰਡ ਦੀ ਪਾਣੀ ਦੀ ਟੈਂਕੀ ਤੋਂ ਉਨ੍ਹਾਂ ਦੀ ਬਸਤੀ ਨੂੰ ਪਾਣੀ ਨਹੀਂ ਮਿਲਦਾ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ‘ਭੇਦਭਾਵ ਦੇ ਕਾਰਨ’ ਹੀ ਹੈ।

ਉਨ੍ਹਾਂ ਦਾ ਕਹਿਣਾ ਸੀ, “ਨਾ ਪਾਣੀ ਮਿਲਦਾ ਹੈ ਅਤੇ ਨਾ ਹੀ ਜ਼ਮੀਨ ਦਾ ਠੇਕਾ, ਨਾ ਮੰਦਿਰ ਜਾ ਸਕਦੇ ਹਾਂ, ਪੂਜਾ ਪਾਠ ਕਰਦੇ ਹਾਂ ਤਾਂ ਪੰਡਿਤ ਨਹੀਂ ਮਿਲਦਾ, ਸਾਡੇ ਘਰ ਪੰਡਿਤ ਆਉਂਦੇ ਹੀ ਨਹੀਂ ਹਨ।”

ਉਹ ਕਹਿੰਦੇ ਹਨ, “ਉਹ ਸਾਨੂੰ ਅਛੂਤ ਮੰਨਦੇ ਹਨ, ਭੇਦਭਾਵ ਰੱਖਦੇ ਹਨ, ਜਾਤ ਦਾ ਭੇਦਭਾਵ ਕਿ ਇਹ ਚਮਾਰ ਹੈ, ਉਹ ਭਲਾਈ ਹੈ, ਉਹ ਧੋਬੀ ਹੈ ਇਹ ਭੰਗੀ ਹੈ, ਇਹ ਬਸੋੜ ਹੈ, ਅਜਿਹਾ ਭੇਦਭਾਵ ਹੈ।“

ਇਹ ਗੱਲ ਸਿਰਫ਼ ਖੇਰੀ ਪਿੰਡ ਦੀ ਨਹੀਂ ਹੈ।

ਚਾਂਦਬੜ੍ਹ ਦੇ ਲੋਕ ਦੱਸਦੇ ਹਨ ਕਿ ਸੀਹੋਰ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਦਲਿਤ ਪਰਿਵਾਰਾਂ ਨੂੰ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਵਿੱਚ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।

ਚਾਂਦਬੜ੍ਹ, ਸੀਹੋਰ ਜ਼ਿਲ੍ਹਾ ਦਫਤਰ ਦੇ ਨਾਲ ਲੱਗਿਆ ਹੋਇਆ ਇਲਾਕਾ ਹੈ ਜਿੱਥੇ ਦਲਿਤਾਂ ਦੀ ਚੰਗੀ ਆਬਾਦੀ ਹੈ।

ਇੱਥੋਂ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਭੇਦਭਾਵ ਦੇ ਕਾਰਨ ਹੀ ਉਨ੍ਹਾਂ ਨੇ ਆਪਣੇ ਸਮਾਜ ਲਈ ਵੱਖਰਾ ਮੰਦਿਰ ਬਣਾ ਲਿਆ ਹੈ ਤਾਂਕਿ ਉਨ੍ਹਾਂ ਨੂੰ ਕੋਈ ਮੰਦਿਰ ਜਾਣ ਤੋਂ ਨਾ ਰੋਕੇ।

ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ

ਰਤਨਲਾਲ ਅਹਿਰਵਾਲ
ਤਸਵੀਰ ਕੈਪਸ਼ਨ, ਖੇੜੀ ਅਤੇ ਮੁਸਕਰ ਪਿੰਡ ਵਿਦਿਸ਼ਾ ਲੋਕ ਸਭਾ ਹਲਕੇ ਵਿੱਚ ਪੈਂਦੇ ਹਨ ਜਿਸ ਦੀ ਨੁਮਾਇੰਦਗੀ ਅਟਲ ਬਿਹਾਰੀ ਵਾਜਪਾਈ, ਸੁਸ਼ਮਾ ਸਵਰਾਜ ਅਤੇ ਸ਼ਿਵਰਾਜ ਸਿੰਘ ਚੌਹਾਨ ਕਰਦੇ ਹਨ।

ਬਸੰਤ ਕੁਮਾਰ ਮਾਲਵੀਆ ਆਪਣੇ ਸਮਾਜ ਵਿੱਚ ਕਾਫੀ ਐਕਟਿਵ ਹਨ, ਉਨ੍ਹਾਂ ਨੇ ਹੀ ਦਲਿਤਾਂ ਨੂੰ ਮੰਦਿਰ ਬਣਾਉਣ ਦੇ ਲਈ ਜ਼ਮੀਨ ਮੁਹੱਈਆ ਕਰਵਾਈ ਹੈ।

ਆਖ਼ਰ ਵੱਖਰਾ ਮੰਦਿਰ ਬਣਾਉਣ ਦੀ ਨੌਬਤ ਕਿਉਂ ਆਈ? ਇਹ ਸਵਾਲ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ‘ਇਹ ਨੌਬਤ ਇਸ ਲਈ ਆਈ’ ਕਿਉਂਕਿ ਉਨ੍ਹਾਂ ਦੇ ਸਮਾਜ ਦੇ ਲੋਕਾਂ ਨੂੰ ‘ਮੰਦਿਰ ਨਹੀਂ ਜਾਣ ਦਿੱਤਾ ਜਾਂਦਾ’।

ਉਹ ਕਹਿੰਦੇ ਹਨ ਕਿ 22 ਜਨਵਰੀ ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾਂ ਸਮਾਗਮ ਤੋਂ ਬਾਅਦ ਸਾਰੀਆਂ ਥਾਵਾਂ ਅਤੇ ਖ਼ਾਸ ਕਰਕੇ ਮੰਦਿਰਾਂ ਵਿੱਚ ਭੰਡਾਰੇ ਲਗਾਏ ਗਏ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਸਮਾਜ ਦੇ ਲੋਕ ਜਦੋਂ ਭੰਡਾਰੇ ਵਿੱਚ ਗਏ ਤਾਂ ਉਨ੍ਹਾਂ ਲੋਕਾਂ ਨੂੰ ਵੱਖਰੀ ਥਾਂ ਉੱਤੇ ਬਿਠਾਕੇ ਖਾਣਾ ਖਵਾਇਆ ਗਿਆ।ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਦੇ ਸਮਾਜ ਕੋਲੋਂ ਸਥਾਨਕ ਮੰਦਿਰ ਦੇ ਲਈ ਦਾਨ ਰਾਸ਼ੀ ਵੀ ਨਹੀਂ ਲਈ ਜਾਂਦੀ।

ਬਸੰਤ ਕੁਮਾਰ ਮਾਲਵੀਆ ਕਹਿੰਦੇ ਹਨ, “ਵੋਟ ਦੇ ਸਮੇਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਭਰਾ-ਭਰਾ ਹੀ ਤਾਂ ਹਾਂ, ਚੋਣਾਂ ਆਈਆਂ ਤਾਂ ਕਹਿੰਦੇ ਹਨ ਕਿ ਤੂੰ ਸਾਡਾ ਭਰ੍ਹਾ ਹੈ, ਆ ਜਾ ਉਹ ਨੇਤਾ ਸਾਡੇ ਘਰ ਹੀ ਬੈਠ ਜਾਵੇਗਾ। ਫਿਰ ਜਦੋਂ ਚੋਣਾਂ ਖ਼ਤਮ ਹੋ ਜਾਂਦੀਆਂ ਤਾਂ ਲੋਕ ਗਾਹਲਾਂ ਕੱਢਦੇ ਹਨ ਅਤੇ ਬੋਲਦੇ ਹਨ ਕਿ ਦਲਿਤ ਹੋ ਦੂਰ ਰਹੋ, ਥੱਲੇ ਬੈਠੋ ਉੱਪਰ ਕਿਵੇਂ ਚੜ੍ਹ ਗਏ?

ਸਵਾਲ ਚੁੱਕਿਆ ਜਾਂਦਾ ਹੈ

ਰਤਨਲਾਲ ਅਹਿਰਵਾਲ ਚਾਂਦਬੜ੍ਹ ਦੇ ਦਲਿਤਾਂ ਦੇ ਇਸ ਮੰਦਰ ਦੀ ਦੇਖਰੇਖ ਕਰਦੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਲੋਕਾਂ ਨੂੰ ਇਸ ਮੰਦਿਰ ਦੀ ਉਸਾਰੀ ਦਾ 'ਕੋਈ ਨਵਾਂ ਕੰਮ' ਕਰਨ ਨਹੀਂ ਦਿੱਤਾ ਜਾਂਦਾ।

ਉਹ ਦੱਸਦੇ ਹਨ ਕਿ ਇਸ ਉੱਤੇ 'ਓਬਜੈਕਸ਼ਨ' ਚੁੱਕਿਆ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਕਈ ਸਾਲਾਂ ਬਾਅਦ ਸਰਕਾਰ ਨੇ ਉਨ੍ਹਾਂ ਦੀ ਜ਼ਮੀਨ ਦਾ ਪੱਟਾ ਨਹੀਂ ਦਿੱਤਾ ਹੈ।

ਸੀਹੋਰ ਦੇ ਜ਼ਿਲ੍ਹਾ ਪ੍ਰਸ਼ਾਸਨ ਉਪਰ ਇਲਜ਼ਾਮ ਹੈ ਕਿ ਉਹ ਸਮਾਜ ਵਿੱਚ ਭੇਦਭਾਵ ਦੀ ਗੱਲ ਨੂੰ ਅਣਦੇਖਿਆ ਕਰਦੇ ਰਹੇ ਹਨ। ਪਰ ਮਾਰਚ ਦੀ 19 ਤਰੀਕ ਨੂੰ ਕਲੈਕਟਰੇਟ ਵਿੱਚ ਉਸ ਸਮੇਂ ਰੌਲਾ ਪੈ ਗਿਆ ਜਦੋਂ ਮੁਸਕਰਾ ਪਿੰਡ ਦੀਆਂ ਔਰਤਾਂ ਨੇ ਉੱਥੇ ਪਹੁੰਚ ਕੇ ਹੰਗਾਮਾ ਕੀਤਾ।

ਇਨ੍ਹਾਂ ਔਰਤਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਸਾਂਝੀ ਟੂਟੀ ਤੋਂ ਪਾਣੀ ਨਹੀਂ ਲੈਣ ਦਿੱਤਾ ਜਾ ਰਿਹਾ। ਇਸ ਸ਼ਿਕਾਇਤ ਨੂੰ ਉਨ੍ਹਾਂ ਨੇ ਇੱਕ ਮੰਗ ਪੱਤਰ ਦੇ ਰੂਪ ਵਿੱਚ ਜ਼ਿਲ੍ਹਾ ਅਧਿਕਾਰੀ ਨੂੰ ਵੀ ਦਿੱਤਾ। ਇਸ ਮੰਗ ਪੱਤਰ ਵਿੱਚ ਉਨ੍ਹਾਂ ਨੇ ਆਪਣੇ ਨਾਲ ਹੋ ਰਹੇ ਭੇਦਭਾਵ ਦਾ ਇਲਜ਼ਾਮ ਵੀ ਲਾਇਆ।

ਸੀਹੋਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਣ ਸਿੰਘ ਮੁਸਕਰਾਸੀਹੋਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਣ ਸਿੰਘ ਮੁਸਕਰਾ
ਤਸਵੀਰ ਕੈਪਸ਼ਨ, ਸੀਹੋਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਣ ਸਿੰਘ ਮੁਸਕਰਾ

ਹੰਗਾਮੇ ਤੋਂ ਬਾਅਦ ਜਦੋਂ ਸਥਾਨਕ ਪੱਤਰਕਾਰ ਮੁਸਕਰਾ ਪਹੁੰਚੇ ਤਾਂ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸਮਾਜ ਦੇ ਲੋਕਾਂ ਨੂੰ ਜਨਤਕ ਟੂਟੀਆਂ ਤੋਂ ਪਾਣੀ ਨਹੀਂ ਭਰਨ ਦਿੱਤਾ ਜਾਂਦਾ।

ਉੱਥੇ ਮੌਜੂਦ ਮੁਸਕਰਾ ਪਿੰਡ ਦੀ ਇੱਕ ਔਰਤ ਨੇ ਕੈਮਰੇ ਉੱਤੇ ਜੋ ਕਿਹਾ ਉਹ ਕੁਝ ਇਸ ਤਰ੍ਹਾਂ ਹੈ, " ਇਸ ਪਿੰਡ ਵਿੱਚ ਸਾਡੇ ਦਲਿਤ ਭਾਈਚਾਰੇ ਦੇ 60 ਤੋਂ 70 ਘਰ ਹਨ, ਦੂਜੇ ਸਮਾਜ ਦੇ ਲੋਕ ਸਾਨੂੰ ਪਾਣੀ ਨਹੀਂ ਭਰਨ ਦਿੰਦੇ।"

ਉਹ ਅਜਿਹਾ ਕਹਿੰਦੇ ਹਨ ਕਿ ਜੇ ਪਾਣੀ ਨਹੀਂ ਹੈ ਤਾਂ ਕਿਸੇ ਹੋਰ ਥਾਂ ਤੋਂ ਲੈ ਆਓ.. ਹਰੀਜਨ ਮੁਹੱਲੇ ਨਾਲ ਭੇਦਭਾਵ ਵੱਧ ਕਰਦੇ ਹਨ।"

ਪਰ ਸੀਹੋਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਵੀਣ ਸਿੰਘ ਮੁਸਕਰਾ ਪਿਮਡ ਦੀ ਘਟਨਾ ਨੂੰ 'ਭੇਦਭਾਵ' ਦੀ ਘਟਨਾ ਨਹੀਂ ਮੰਨਦੇ। ਹਾਲਾਂਕਿ ਉਹ ਕਹਿੰਦੇ ਹਨ ਕਿ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿੱਚ 'ਭੇਦ ਭਾਵ ਜਾਂ ਛੂਆ ਛੂਤ' ਜਿਹੀ ਕੋਈ ਗੱਲ ਨਹੀਂ ਹੈ।

ਜ਼ਿਲ੍ਹਾ ਅਧਿਕਾਰੀ ਦਾ ਕਹਿਣਾ ਸੀ ਕਿ ਮੁਸਕਰਾ ਪਿੰਡ ਦੀਆਂ 'ਕੁਝ ਔਰਤਾਂ' ਜ਼ਿਲ੍ਹਾ ਹੈੱਡਕੁਆਰਟਰ ਆਈਆਂ ਸਨ ਅਤੇ ਉਨ੍ਹਾਂ ਨੇ 'ਜੋਇੰਟ ਕਲੈਕਟਰ' ਨੂੰ ਮੰਗ ਪੱਤਰ ਦਿੱਤਾ ਸੀ, ਜਿਸ ਵਿੱਚ ਪਿੰਡ ਵਿੱਚ ਪਾਣੀ ਦੀ ਦਿੱਕਤ ਦੀ ਗੱਲ ਕਹੀ ਗਈ ਸੀ।

ਰਾਸ਼ਟਰੀ ਸਵੈਮਸੇਵਕ ਸੰਘ ਦੀ ਕੋਸ਼ਿਸ਼

ਸਰਕਾਰਯਵਾਹ ਦੱਤਾਤਰੇਅ ਹੋਸਬੋਲੇ
ਤਸਵੀਰ ਕੈਪਸ਼ਨ, ਸੰਘ ਦੇ ਸਰਕਾਰਯਵਾਹ ਦੱਤਾਤਰੇਅ ਹੋਸਬੋਲੇ ਦੇ ਮੁਤਾਬਕ ਹਾਲ ਹੀ ਵਿੱਚ ਨਾਗਪੁਰ ਵਿੱਚ ਹੋਏ ਸੰਘ ਦੇ ਅਖਿਲ ਭਾਰਤੀ ਪ੍ਰਤਿਨਿਧਿ ਸਭਾ ਵਿੱਚ ਇਸ ਨੂੰ ਲੈ ਚਰਚਾ ਕੀਤੀ ਗਈ ਹੈ।

ਰਾਸ਼ਟਰੀ ਸਵੈਮਸੇਵਕ ਸੰਘ ਸਮਾਜ ਦੇ ਇਸ ਭੇਦਭਾਵ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਪਹਿਲੇ ਦਿਨ ਤੋਂ ਕਰਦਾ ਆ ਰਿਹਾ ਹੈ।

ਸੰਘ ਦੇ ਸਰਕਾਰਯਵਾਹ ਦੱਤਾਤਰੇਅ ਹੋਸਬੋਲੇ ਦੇ ਮੁਤਾਬਕ ਹਾਲ ਹੀ ਵਿੱਚ ਨਾਗਪੁਰ ਵਿੱਚ ਹੋਏ ਸੰਘ ਦੇ ਅਖਿਲ ਭਾਰਤੀ ਪ੍ਰਤਿਨਿਧਿ ਸਭਾ ਵਿੱਚ ਇਸ ਨੂੰ ਲੈ ਚਰਚਾ ਕੀਤੀ ਗਈ ਹੈ।

ਬੀਬੀਸੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਨਾਗਪੁਰ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਸੀ ਕਿ ਸੰਘ ਆਪਣੀ ਸਥਾਪਨਾ ਦੇ ਪਹਿਲੇ ਦਿਨ ਤੋਂ ਹੀਂ ਹਿੰਦੂ ਸਮਾਜ ਦੇ ਅੰਦਰ ਫੈਲੇ ਉੱਚ ਨੀਚ, ਛੂਆ ਛੂਤ ਜਿਹੀਆਂ ਗੱਲਾਂ ਨੂੰ ਲੈ ਕੇ ਗੰਭੀਰ ਹੈ ਅਤੇ ਉਸ ਨੂੰ ਠੀਕ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ, “ਹਿੰਦੂ ਸਮਾਜ ਵਿੱਚ ਕੀ ਹੋਇਆ ਹੈ ਕਿ ਮੰਦਿਰ ਵਿੱਚ ਦਾਖ਼ਲਾ ਨਹੀਂ ਮਿਲਦਾ, ਤਾਲਾਬ ਜਾਂ ਖੂਹ ਤੋਂ ਪਾਣੀ ਲੈਣ ਵਿੱਚ ਦਿੱਕਤ ਹੁੰਦੀ ਹੈ, ਸ਼ਮਸ਼ਾਨ ਅਤੇ ਮੰਦਿਰ ਵਿੱਚ ਦਾਖ਼ਲੇ ਨੂੰ ਲੈ ਕੇ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਸਮਾਜ ਦੇ ਇੱਕ ਤਬਕੇ ਨੂੰ ਵੜਨ ਨਹੀਂ ਦਿੱਤਾ ਜਾਂਦਾ।''

ਬਦਕਿਸਮਤੀ ਨਾਲ ਅਜਿਹਾ ਕੁਝ ਛੋਟੀਆਂ ਥਾਵਾਂ 'ਤੇ ਹੀ ਹੁੰਦਾ ਹੈ, ਯਾਨੀ ਪਿੰਡਾਂ ਵਿਚ ਜ਼ਿਆਦਾ। ਸ਼ਹਿਰੀ ਖੇਤਰਾਂ ਵਿੱਚ ਇਹ ਘੱਟ ਦਿਖਾਈ ਦਿੰਦਾ ਹੈ ਜਾਂ ਲਗਭਗ ਮੌਜੂਦ ਨਹੀਂ ਹੈ। ਪਰ ਸੱਚਾਈ ਇਹ ਹੈ ਕਿ ਬਦਕਿਸਮਤੀ ਨਾਲ ਇਹ ਪ੍ਰਥਾ ਅੱਜ ਵੀ ਮੌਜੂਦ ਹੈ। ਇਸ ਲਈ ਅਸੀਂ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।"

ਖੇੜੀ ਅਤੇ ਮੁਸਕਰ ਪਿੰਡ ਵਿਦਿਸ਼ਾ ਲੋਕ ਸਭਾ ਹਲਕੇ ਵਿੱਚ ਪੈਂਦੇ ਹਨ ਜਿਸ ਦੀ ਨੁਮਾਇੰਦਗੀ ਅਟਲ ਬਿਹਾਰੀ ਵਾਜਪਾਈ, ਸੁਸ਼ਮਾ ਸਵਰਾਜ ਅਤੇ ਸ਼ਿਵਰਾਜ ਸਿੰਘ ਚੌਹਾਨ ਕਰਦੇ ਹਨ।

ਸਿਹੋਰ ਜ਼ਿਲ੍ਹਾ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਸਿਆਸੀ ਜਨਮ ਸਥਾਨ ਵੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਖੇਤਰ ਨਾਲ ਵੱਡੇ-ਵੱਡੇ ਨਾਮ ਜੁੜੇ ਹੋਣ ਦੇ ਬਾਵਜੂਦ ਅੱਜ ਤੱਕ ਸਮਾਜ ਵਿੱਚ ਫੈਲੀ ਅਸਮਾਨਤਾ ਨੂੰ ਦੂਰ ਕਿਉਂ ਨਹੀਂ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)