ਭਾਰਤੀ ਨੌਜਵਾਨਾਂ ਨੂੰ ਰੂਸ ਲਿਜਾ ਕੇ ਜੰਗ ’ਚ ਸੁੱਟਣ ਵਾਲਾ ਨੈੱਟਵਰਕ ਕਿਵੇਂ ਕੰਮ ਕਰਦਾ ਸੀ, ਸੀਬੀਆਈ ਨੇ ਕੀ ਦੱਸਿਆ

ਤਸਵੀਰ ਸਰੋਤ, Getty Images
- ਲੇਖਕ, ਸ਼ਰਲਿਨ ਮੋਲਨ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਜਾਂਚ ਏਜੰਸੀ ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਨੌਕਰੀਆਂ ਦੇਣ ਦੇ ਬਹਾਨੇ ਲੋਕਾਂ ਨੂੰ ਰੂਸ ਲਿਜਾਣ ਅਤੇ ਫਿਰ ਉਨ੍ਹਾਂ ਨੂੰ ਰੂਸ ਦੀ ਫੌਜ ਵੱਲੋਂ ਲੜਨ ਲਈ ਮਜਬੂਰ ਕਰਨ ਵਾਲੇ ਏਜੰਟਾਂ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਸੀਬੀਆਈ ਨੇ ਕਿਹਾ ਹੈ ਕਿ ਇਨ੍ਹਾਂ ਏਜੰਟਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਰੂਸ ’ਚ ਨੌਕਰੀਆਂ ਦੇਣ ਦਾ ਲਾਲਚ ਦਿੱਤਾ ਸੀ।
ਸੀਬੀਆਈ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੂੰ ਰੂਸੀ ਫੌਜ ’ਚ ਨੌਕਰੀ ਦੇ ਨਾਮ ’ਤੇ ਫਸਾਉਣ ਵਾਲਾ ਇਹ ਨੈੱਟਵਰਕ ਭਾਰਤ ਦੇ ਕਈ ਸੂਬਿਆਂ ’ਚ ਫੈਲਿਆ ਹੋਇਆ ਹੈ।
ਹੁਣ ਤੱਕ 35 ਲੋਕ ਇਨ੍ਹਾਂ ਦੇ ਝਾਂਸੇ ’ਚ ਆ ਚੁੱਕੇ ਹਨ। ਹਾਲ ਹੀ ਵਿੱਚ ਪੰਜਾਬ ਹਰਿਆਣਾ ਦੇ ਨੌਜਵਾਨਾਂ ਨੇ ਵੀ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਰੂਸੀ ਫੌਜ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ।
ਇਸ ਵੀਡੀਓ ਵਿਚਲੇ ਨੌਜਵਾਨ ਕਹਿੰਦੇ ਹਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਕਿਹਾ ਗਿਆ ਕਿ 'ਤੁਹਾਡੀ ਸਲਿੱਪ ਖ਼ਤਮ' ਹੋ ਗਈ ਹੈ।

ਤਸਵੀਰ ਸਰੋਤ, SM Viral
ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਹਿੰਦੀ ਵਿੱਚ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ, "ਇੱਕ ਏਜੰਟ ਨੇ ਸਾਨੂੰ ਬੇਲਾਰੁਸ ਲੈ ਕੇ ਜਾਣ ਦੀ ਪੇਸ਼ਕਸ਼ ਕੀਤੀ, ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਉੱਥੇ ਜਾਣ ਲਈ ਵੀਜ਼ਾ ਦੀ ਲੋੜ ਹੋਵੇਗੀ ਅਸੀਂ ਬੇਲਾਰੁਸ ਜਾ ਕੇ ਉਸ ਨੂੰ ਪੈਸੇ ਦਿੱਤੇ ਪਰ ਉਸ ਨੇ ਹੋਰ ਪੈਸੇ ਮੰਗੇ ਅਤੇ ਸਾਨੂੰ ਸੜਕ ਵਿਚਕਾਰ ਛੱਡ ਦਿੱਤਾ।"
ਭਾਰਤੀ ਅਧਿਕਾਰੀਆਂ ਨੇ ਏਜੰਟਾਂ ਦੇ ਇਸ ਨੈੱਟਵਰਕ ਨੂੰ ਫੜਨ ਦੀ ਕਾਰਵਾਈ ਰੂਸ-ਯੂਕਰੇਨ ਯੁੱਧ ਦੇ ਦੌਰਾਨ ਦੋ ਭਾਰਤੀਆਂ ਦੀ ਮੌਤ ਤੋਂ ਬਾਅਦ ਕੀਤੀ ਹੈ।
ਇਨ੍ਹਾਂ ਦੋਵਾਂ ਨੂੰ ਰੂਸੀ ਫੌਜ ’ਚ ਸਹਾਇਕ(ਹੈਲਪਰ) ਦੀ ਨੌਕਰੀ ਦੇਣ ਦੇ ਨਾਮ ’ਤੇ ਰੂਸ ਭੇਜਿਆ ਗਿਆ ਸੀ।
ਸੀਬੀਆਈ ਦਾ ਕਹਿਣਾ ਹੈ ਕਿ ਭਾਰਤੀਆਂ ਨੂੰ ਰੂਸ ਦੀ ਫੌਜ ’ਚ ਸਹਾਇਕ ਦੀ ਨੌਕਰੀ ਦਾ ਲਾਲਚ ਦੇ ਕੇ ਭੇਜਣ ਵਾਲੇ ਏਜੰਟ ਇੱਕ ਬਹੁਤ ਹੀ ਸੰਗਠਿਤ ਨੈੱਟਵਰਕ ਦੇ ਤਹਿਤ ਇਸ ਕਾਰੇ ਨੂੰ ਅੰਜਾਮ ਦੇ ਰਹੇ ਸਨ।
ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਦੇਣ ਦੇ ਨਾਮ ’ਤੇ ਉਨ੍ਹਾਂ ਨੂੰ ਰੂਸ ਭੇਜਣ ਵਾਲੇ ਏਜੰਟ ਯੂਟਿਊਬ ਅਤੇ ਆਪਣੇ ਸਥਾਨਕ ਸੰਪਰਕਾਂ ਰਾਹੀਂ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾਉਂਦੇ ਸਨ।
ਚੰਗੀ ਤਨਖਾਹ ਦਾ ਲਾਲਚ
ਇਸ ਤੋਂ ਪਹਿਲਾਂ ਮਾਸਕੋ ’ਚ ਰਹਿਣ ਵਾਲੇ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਇੱਕ ਯੂਟਿਊਬ ਚੈਨਲ ਦੇ ਜ਼ਰੀਏ ਉਨ੍ਹਾਂ ਨੂੰ ਰੂਸ ਜਾਣ ਦੀ ਪੇਸ਼ਕਸ਼ ਦਿੱਤੀ ਗਈ ਸੀ। ਉਨ੍ਹਾਂ ਨੂੰ ਹਰ ਮਹੀਨੇ ਡੇਢ ਲੱਖ ਰੁਪਏ ਤਨਖਾਹ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ, “ਸਾਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉੱਥੇ ਜਾ ਕੇ ਸਾਨੂੰ ਰੂਸੀ ਫੌਜ ਲਈ ਕੰਮ ਕਰਨ ਲਈ ਕਿਹਾ ਜਾਵੇਗਾ।”

ਸੀਬੀਆਈ ਦੇ ਮੁਤਾਬਕ ਇੱਥੋਂ ਲਿਜਾਏ ਗਏ ਭਾਰਤੀਆਂ ਨੂੰ ਪਹਿਲਾ ਲੜਾਈ ਦੀ ਸਿਖਲਾਈ ਦਿੱਤੀ ਗਈ ਅਤੇ ਫਿਰ ਉਨ੍ਹਾਂ ਨੂੰ ਰੂਸ-ਯੂਕਰੇਨ ਯੁੱਧ ਖੇਤਰ ’ਚ ਫਰੰਟਲਾਈਨ ’ਤੇ ਤਾਇਨਾਤ ਕਰ ਦਿੱਤਾ ਗਿਆ।
ਇਹ ਕੰਮ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਕੀਤਾ ਗਿਆ। ਇਨ੍ਹਾਂ ਏਜੰਟਾਂ ਦੇ ਕਾਰਨ ਹੀ ਉਨ੍ਹਾਂ ਦੀ ਜਾਨ ਖਤਰੇ ’ਚ ਪਈ।
ਸੀਬੀਆਈ ਨੇ ਇਸ ਮਾਮਲੇ ’ਚ ਕਈ ਨਿੱਜੀ ਵੀਜ਼ਾ ਕੰਸਲਟੈਂਸੀ ਕੰਪਨੀਆਂ ਅਤੇ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਏਜੰਸੀ ਨੇ ਦਿੱਲੀ ਅਤੇ ਮੁੰਬਈ ਸਮੇਤ 13 ਟਿਕਾਣਿਆਂ ’ਤੇ ਛਾਪੇਮਾਰੀ ਵੀ ਕੀਤੀ ਹੈ।
ਸੀਬੀਆਈ ਨੇ ਕਿਹਾ ਹੈ ਕਿ ਛਾਪੇਮਾਰੀ ਦੌਰਾਨ 50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਭਰਤੀ ਨਾਲ ਸਬੰਧਤ ਕੁਝ ਦਸਤਾਵੇਜ਼ ਵੀ ਬਰਾਮਦ ਹੋਏ ਹਨ।
ਕੁਝ ਇਲੈਕਟ੍ਰੋਨਿਕ ਉਪਕਰਣ ਵੀ ਬਰਾਮਦ ਹੋਏ ਹਨ। ਇਸ ਸਿਲਸਿਲੇ ’ਚ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਿਦੇਸ਼ ਮੰਤਰਾਲੇ ਨੇ ਕੀ ਕਿਹਾ

ਤਸਵੀਰ ਸਰੋਤ, ANI
ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਕਈ ਭਾਰਤੀ ਨਾਗਰਿਕਾਂ ਨੂੰ ਧੋਖੇ ਨਾਲ ਰੂਸੀ ਫੌਜ ਨਾਲ ਕੰਮ ਕਰਨ ਲਈ ਭਰਤੀ ਕਰ ਲਿਆ ਗਿਆ ਹੈ, ਅਸੀਂ ਭਾਰਤੀਆਂ ਨੂੰ ਸਮੇਂ ਤੋਂ ਪਹਿਲਾਂ ਡਿਸਚਾਰਜ ਕੀਤੇ ਜਾਣ ਦਾ ਮਸਲਾ ਰੂਸੀ ਅਧਿਕਾਰੀਆਂ ਕੋਲ ਸਖ਼ਤੀ ਨਾਲ ਚੁੱਕਿਆ ਹੈ।”
ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੰਨਿਆ ਸੀ ਕਿ ਕੁਝ ਭਾਰਤੀਆਂ ਨੂੰ ਰੂਸੀ ਫੌਜ ’ਚ ਸਹਿਯੋਗੀ ਭੂਮੀਕਾਵਾਂ ਦੇ ਲਈ ਭਰਤੀ ਕੀਤਾ ਗਿਆ ਸੀ।
ਮੰਤਰਾਲੇ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਕੰਮ ’ਚ ਲੱਗੇ ਲੋਕਾਂ ਦੀ ਭਾਰਤ ਵਾਸੀ ਦੇ ਲਈ ਉਹ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ।
ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ ’ਚ ਸਾਵਧਾਨੀ ਵਰਤਣ ਅਤੇ ਜੰਗ ਤੋਂ ਦੂਰ ਹੀ ਰਹਿਣ।

ਤਸਵੀਰ ਸਰੋਤ, GETTY IMAGES
ਏਜੰਟਾਂ ਦੇ ਜਾਲ ’ਚ ਫਸ ਕੇ ਰੂਸ ਪਹੁੰਚਣ ਵਾਲੇ ਨੌਜਵਾਨਾਂ ’ਚ ਹੈਦਰਾਬਾਦ ਦੇ ਕੁਝ ਨੌਜਵਾਨ ਵੀ ਸ਼ਾਮਲ ਸਨ। ਪਰ ਯੂਕਰੇਨ ਨਾਲ ਜੰਗ ਦੌਰਾਨ ਫਰੰਟ ਮੋਰਚੇ ’ਤੇ ਤਾਇਨਾਤ ਮੁਹੰਮਦ ਅਫਸਾਨ ਦੀ ਮੌਤ ਹੋ ਗਈ ਸੀ।
ਰੂਸ-ਯੂਕਰੇਨ ਜੰਗ ਤੀਜੇ ਸਾਲ ਵੀ ਜਾਰੀ

ਰੂਸ-ਯੂਕਰੇਨ ਯੁੱਧ ਤੀਜੇ ਸਾਲ ਵੀ ਜਾਰੀ ਹੈ। ਅਜਿਹੀਆਂ ਰਿਪੋਰਟਾਂ ਕਈ ਵਾਰ ਆਈਆਂ ਕਿ ਰੂਸੀ ਫੌਜ ਸੈਨਿਕਾਂ ਦੀ ਕਮੀ ਨਾਲ ਜੂਝ ਰਹੀ ਹੈ।
ਹਾਲ ਹੀ ’ਚ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਰੂਸ-ਯੂਕਰੇਨ ਜੰਗ ’ਚ ਰੂਸੀ ਸੈਨਿਕਾਂ ਦੇ ਨਾਲ ਭਾਰਤੀ ਨਾਗਰਿਕ ਵੀ ਹਨ, ਜੋ ਕਿ ਉਨ੍ਹਾਂ ਦੇ ਨਾਲ ਯੁੱਧ ਦੇ ਮੈਦਾਨ ’ਚ ਤਾਇਨਾਤ ਹਨ।
ਰੂਸ ’ਚ ਫਸੇ ਲੋਕਾਂ ਦੇ ਅਨੁਸਾਰ ਏਜੰਟਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਫੌਜ ’ਚ ਨਹੀਂ ਬਲਕਿ ਰੂਸ ’ਚ ਹੈਲਪਰ ਅਤੇ ਸੁਰੱਖਿਆ ਨਾਲ ਸਬੰਧਤ ਨੌਕਰੀਆਂ ਦਿੱਤੀਆਂ ਜਾਣਗੀਆਂ।
ਇਸ ਨੈੱਟਵਰਕ ’ਚ ਦੋ ਏਜੰਟ ਰੂਸ ’ਚ ਸਨ ਅਤੇ ਦੋ ਭਾਰਤ ’ਚ ਦੱਸੇ ਜਾ ਰਹੇ ਹਨ।
ਫ਼ੈਸਲ ਖਾਨ ਨਾਮ ਦਾ ਇੱਕ ਹੋਰ ਏਜੰਟ ਦੁਬਈ ’ਚ ਦੱਸਿਆ ਜਾ ਰਿਹਾ ਹੈ ਜੋ ਕਿ ਇਨ੍ਹਾਂ ਚਾਰ ਏਜੰਟਾਂ ਦੇ ਸੰਚਾਲਕ ਵੱਜੋਂ ਕੰਮ ਕਰ ਰਿਹਾ ਸੀ।
ਫ਼ੈਸਲ ਖਾਨ ਹੀ ‘ਬਾਬਾ ਵਲੌਗਸ’ ਯੂਟਿਊਬ ਚੈਨਲ ਚਲਾਉਂਦੇ ਹਨ।
ਇਨ੍ਹਾਂ ਏਜੰਟਾਂ ਨੇ ਕੁੱਲ 35 ਲੋਕਾਂ ਨੂੰ ਰੂਸ ਭੇਜਣ ਦੀ ਯੋਜਨਾ ਬਣਾਈ ਸੀ। ਪਹਿਲੇ ਬੈਚ ’ਚ 3 ਲੋਕਾਂ ਨੂੰ 9 ਨਵੰਬਰ, 2023 ਨੂੰ ਚੇਨਈ ਤੋਂ ਸ਼ਾਰਜਾਹ ਭੇਜਿਆ ਗਿਆ ਸੀ।
ਸ਼ਾਰਜਾਹ ਤੋਂ ਇਨ੍ਹਾਂ ਨੂੰ 12 ਨਵੰਬਰ ਨੂੰ ਰੂਸ ਦੀ ਰਾਜਧਾਨੀ ਮਾਸਕੋ ਲਿਜਾਇਆ ਗਿਆ।
16 ਨਵੰਬਰ ਨੂੰ ਫ਼ੈਸਲ ਖਾਨ ਦੀ ਟੀਮ ਨੇ 6 ਭਾਰਤੀਆਂ ਨੂੰ ਅਤੇ ਫਿਰ 7 ਭਾਰਤੀਆਂ ਨੂੰ ਰੂਸ ਪਹੁੰਚਾਇਆ।
ਇਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਹੈਲਪਰ ਵੱਜੋਂ ਕੰਮ ਕਰਨਾ ਪਵੇਗਾ ਨਾ ਕਿ ਬਤੌਰ ਸੈਨਿਕ ਸੇਵਾਵਾਂ ਨਿਭਾਉਣੀਆਂ ਪੈਣਗੀਆਂ।












