ਐਪਲ, ਚੈਟ ਜੀਪੀਟੀ ਦੇ ਨਾਲ ਹੋਰ ਕੀ ਲਿਆ ਰਿਹਾ ਨਵਾਂ, ਟੈਸਲਾ ਤੇ ਟਵਿੱਟਰ ਨੂੰ ਕੀ ਹੈ ਇਤਰਾਜ਼

ਐਪਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਪਲ ਨੇ ਐਪਲ ਇੰਟੈਲੀਜੈਂਸ ਦਾ ਨਵਾਂ ਲੋੋਗੋ ਵੀ ਜਾਰੀ ਕੀਤਾ

ਐਪਲ ਆਪਣੀ ਵੌਇਸ ਅਸਿਸਟੈਂਟ ਸੀਰੀ ਅਤੇ ਅਪਰੇਟਿੰਗ ਸਿਸਟਮ ਨੂੰ ਏਆਈ ਦੀ ਮਦਦ ਨਾਲ ਹੋਰ ਵਿਕਸਤ ਕਰਨ ਜਾ ਰਿਹਾ ਹੈ।

ਕੰਪਨੀ ਇਸ ਤਰ੍ਹਾਂ ਮਸਨੂਈ ਬੌਧਿਕਤਾ ਦੀ ਦੌੜ ਵਿੱਚ ਸ਼ਾਮਲ ਵੀ ਹੋਣ ਜਾ ਰਹੀ ਹੈ।

ਐਪਲ ਨੇ ਸੋਮਵਾਰ ਨੂੰ ਆਪਣੇ ਸਲਾਨਾ ਡਿਵੈਲਪਰ ਸ਼ੋਅ ਵਿੱਚ ਐਲਾਨ ਕੀਤਾ ਹੈ ਕਿ ਉਹ ਸੀਰੀ ਤੋਂ ਇਲਾਵਾ ਆਪਣੇ ਆਉਣ ਵਾਲੇ ਮੋਬਾਈਲ ਫੋਨ ਵਿੱਚ ਹੋਰ ਵੀ ਖੂਬੀਆਂ ਸ਼ਾਮਲ ਕਰੇਗਾ।

ਇਹ ਅਪਡੇਟ ਨਵੇਂ ਨਿੱਜੀਕ੍ਰਿਤ ਮਸਨੂਈ ਬੌਧਿਕਤਾ ਸਿਸਟਮ ਦਾ ਹਿੱਸਾ ਹੈ, ਜਿਸ ਨੂੰ “ਐਪਲ ਇੰਟੈਲੀਜੈਂਸ” ਕਿਹਾ ਗਿਆ ਹੈ ਤਾਂ ਜੋ ਐਪਲ ਦੇ ਉਪਕਰਣ ਗਾਹਕਾਂ ਦੇ ਇਸਤੇਮਾਲ ਲਈ ਹੋਰ ਸੁਖਾਲੇ ਬਣਾਏ ਜਾ ਸਕਣ।

ਐਪਲ ਨੇ ਆਈ ਫੋਨ ਅਤੇ ਮੈਕ ਕੰਪਿਊਟਰਾਂ ਵਿੱਚ ਚੈਟ ਜੀਪੀਟੀ ਸ਼ਾਮਲ ਕਰਨ ਲਈ ਇਸਦੀ ਵਿਕਾਸਕਾਰ ਕੰਪਨੀ ਓਪਨਏਆਈ ਨਾਲ ਸਮਝੌਤਾ ਕੀਤਾ ਹੈ।

ਐਪਲ ਦੇ ਗਾਹਕ ਚੈਟ ਜੀਪੀਟੀ ਦੀ ਵਰਤੋਂ ਹੋਰ ਟੂਲਜ਼ ਜਿਵੇਂ ਕਿ ਟੈਕਸਟ ਅਤੇ ਸਮੱਗਰੀ ਸਿਰਜਣਾ ਵਿੱਚ ਵੀ ਕਰ ਸਕਣਗੇ।

ਇਸ ਦਾ ਟੈਸਟ ਵਰਸ਼ਨ ਗਾਹਕਾਂ ਲਈ ਆਉਂਦੀ ਪਤਝੜ ਤੋਂ ਉਪਲੱਬਧ ਹੋਵੇਗਾ।

ਐਪਲ ਦੇ ਮੁਖੀ ਟਿਮ ਕੁੱਕ ਨੇ ਕਿਹਾ ਕਿ ਇਹ ਕੰਪਨੀ ਦੇ ਉਤਪਾਦਾਂ ਨੂੰ “ਨਵੀਂਆਂ ਸਿਖਰਾਂ” ਤੱਕ ਲੈ ਜਾਵੇਗਾ।

ਉਹ ਐਪਲ ਦੇ ਕੁਪਰਟੀਨੋ, ਕੈਲੀਫੋਰਨੀਆ ਵਿੱਚ ਸਥਿਤ ਮੁੱਖ ਦਫ਼ਤਰ ਵਿੱਚ ਵਰਲਡਵਾਈਡ ਡਿਵੈਲਪਰਜ਼ ਕਾਨਫਰੰਸ ਦੇ ਉਦਘਾਟਨ ਮੌਕੇ ਬੋਲ ਰਹੇ ਸਨ।

ਹਾਲਾਂਕਿ ਐਪਲ ਦੇ ਇਸ ਐਲਾਨ ਦਾ ਸਾਰਿਆਂ ਵੱਲੋਂ ਸਵਾਗਤ ਨਹੀਂ ਕੀਤਾ ਗਿਆ।

ਟੈਸਲਾ ਅਤੇ ਟਵਿੱਟਰ ਦੇ ਮਾਲਕ ਇਲੋਨ ਮਸਕ ਨੇ ਐਪਲ ਨੂੰ ਧਮਕੀ ਦਿੱਤੀ ਕਿ ਉਹ ਆਪਣੀਆਂ ਕੰਪਨੀਆਂ ਵਿੱਚ ਐਪਲ ਉੱਤੇ “ਡੇਟਾ ਸੁਰੱਖਿਆ” ਦੇ ਮੱਦੇ ਨਜ਼ਰ ਪਾਬੰਦੀ ਲਗਾ ਦੇਣਗੇ।

ਉਨ੍ਹਾਂ ਨੇ ਟਵੀਟ ਕੀਤਾ,“ਐਪਲ ਨੂੰ ਕੋਈ ਇਲਮ ਨਹੀਂ ਹੈ ਕਿ ਇੱਕ ਵਾਰ ਜਦੋਂ ਉਨ੍ਹਾਂ ਨੇ ਤੁਹਾਡਾ ਡੇਟਾ ਓਪਨ ਏਆਈ ਨੂੰ ਦੇ ਹੱਥਾਂ ਵਿੱਚ ਦੇ ਦਿੱਤਾ ਤਾਂ ਕੀ ਹੋਵੇਗਾ। ਉਹ ਤੁਹਾਨੂੰ ਵੇਚ ਰਹੇ ਹਨ।”

ਐਪਲ ਉੱਪਰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਦਬਾਅ ਬਣ ਰਿਹਾ ਸੀ ਕਿ ਉਹ ਵੀ ਆਪਣੇ ਉਤਪਾਦਾਂ ਵਿੱਚ ਏਆਈ ਦੇ ਔਜ਼ਾਰ ਸ਼ਾਮਲ ਕਰੇ, ਜਿਵੇਂ ਕਿ ਉਸ ਦੇ ਮੁਕਾਬਲੇਦਾਰਾਂ ਨੇ ਬਹੁਤ ਤੇਜ਼ੀ ਨਾਲ ਏਆਈ ਨੂੰ ਆਪਣੇ ਉਪਕਰਣਾਂ ਵਿੱਚ ਸ਼ਾਮਿਲ ਕੀਤਾ ਹੈ।

ਪਹਿਲਾਂ ਮਾਈਕ੍ਰੋਸਾਫ਼ਟ ਅਤੇ ਫਿਰ ਇਸੇ ਜੂਨ ਦੇ ਸ਼ੁਰੂਆਤੀ ਦਿਨਾਂ ਦੌਰਾਨ ਨਵਿਡੀਆ ਨੇ ਆਪਣੇ ਉਤਪਾਦ ਏਆਈ ਨਾਲ ਲੈਸ ਕਰਨ ਦਾ ਐਲਾਨ ਕੀਤਾ ਸੀ।

ਸੀਸੀਐੱਸ ਇਨਸਾਈਟ ਦੇ ਮੁੱਖ ਵਿਸ਼ਲੇਕ ਬੈਨ ਵੁੱਡ ਨੇ ਕਿਹਾ ਕਿ ਐਪਲ ਦਾ ਨਵਾਂ ਨਿੱਜੀ ਏਆਈ ਸਿਸਟਮ “ਘਬਰਾਏ ਹੋਏ ਨਿਵੇਸ਼ਕਾਂ ਨੂੰ ਰਾਹਤ ਦੇਵੇਗਾ”, ਲੇਕਿਨ ਇਸਦਾ ਚੈਟ ਜੀਪੀਟੀ ਨਾਲ ਸਮਝੌਤਾ ਕੰਪਨੀ ਲਈ ਹੋਰ ਗੰਭੀਰ ਸਮੱਸਿਆਵਾਂ ਲੈ ਕੇ ਆਵੇਗਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਇਸਦਾ ਮਤਲਬ ਇਹ ਵੀ ਹੈ ਕਿ ਐਪਲ ਸੀਰੀ ਦੀ ਸੀਮਾ ਨੂੰ ਸਵੀਕਾਰ ਕਰ ਰਿਹਾ ਹੈ ਕਿ ਚੈਟ ਜੀਪੀਟੀ ਉਦੋਂ ਹਰਕਤ ਵਿੱਚ ਆਵੇਗੀ ਜਦੋਂ ਸੀਰੀ ਗਾਹਕ ਦੀ ਵਰਤੋਂ ਨਾ ਕਰ ਸਕਦੀ ਹੋਵੇ।”

ਜ਼ਿਕਰਯੋਗ ਹੈ ਕਿ ਐਪਲ ਏਆਈ ਦੇ ਵਿਕਾਸ ਦੀ ਦੌੜ ਵਿੱਚ ਲੰਬੇ ਸਮੇਂ ਤੋਂ ਫਾਡੀ ਰਿਹਾ ਹੈ।

ਟਿਮ ਕੁੱਕ ਨੇ ਨਿਵੇਸ਼ਕਾਂ ਨੂੰ ਕਿਹਾ ਸੀ ਸਾਲ 2023 ਵਿੱਚ ਕੰਪਨੀ ਇਸ ਦਿਸ਼ਾ ਵਿੱਚ ਸੰਭਲ ਕੇ ਅੱਗੇ ਵਧੇਗੀ। ਸੋਮਵਾਰ ਨੂੰ ਆਖ਼ਰ ਕੰਪਨੀ ਦੀਆਂ ਏਆਈ ਬਾਰੇ ਯੋਜਨਾਵਾਂ ਜਨਤਕ ਕੀਤੀਆਂ ਗਈਆਂ।

‘ਐਪਲ ਇੰਟੈਲੀਜੈਂਸ’ ਕੀ ਹੈ?

ਟਿਮ ਕੁੱਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਟਿਮ ਕੁੱਕ

ਐਪਲ ਇੰਟੈਲੀਜੈਂਸ ਆਪਣੇ-ਆਪ ਵਿੱਚ ਨਾ ਹੀ ਕੋਈ ਉਤਪਾਦ ਹੈ ਅਤੇ ਨਾ ਹੀ ਐਪਲੀਕੇਸ਼ਨ।

ਇਹ ਗਾਹਕਾਂ ਵੱਲੋਂ ਵਰਤੇ ਜਾਣ ਵਾਲੇ ਹਰ ਉਤਪਾਦ ਅਤੇ ਐਪਲੀਕੇਸ਼ਨ ਦਾ ਇੱਕ ਅੰਸ਼ ਹੋਵੇਗੀ। ਭਾਵੇਂ ਇਸ ਰਾਹੀਂ ਤੁਹਾਡੇ ਲਿਖਤੀ ਸੁਨੇਹਿਆਂ ਨੂੰ ਹੋਰ ਵਧੀਆ ਬਣਾਇਆ ਜਾਵੇ ਅਤੇ ਭਾਵੇਂ ਤੁਹਾਡੀ ਡਾਇਰੀ ਇਸ ਰਾਹੀਂ ਤੁਹਾਨੂੰ ਵਧੀਆ ਰਸਤਾ ਦਰਸਾਵੇ, ਜਿਸ ਰਾਹੀਂ ਤੁਸੀਂ ਜਿੱਥੇ ਕਿਸੇ ਨੂੰ ਮਿਲਣ ਜਾਣਾ ਹੈ, ਸਮੇਂ ਸਿਰ ਪਹੁੰਚ ਸਕੋਂ।

ਇਸ ਤਰ੍ਹਾਂ ਇਹ ਮਾਈਕ੍ਰੋਸਫ਼ਟ ਦੇ ਏਆਈ ਅਸਿਸਟੈਂਟ ਕੋਪਾਇਲਟ ਦੇ ਨਾਲ ਮਿਲਦਾ-ਜੁਲਦਾ ਹੈ। ਲੇਕਿਨ ਇਸ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਕੋਈ ਵੱਖਰੇ ਪੈਸੇ ਅਦਾ ਨਹੀਂ ਕਰਨੇ ਪੈਣਗੇ।

ਐਪਲ ਨੇ ਸੀਰੀ 2010 ਵਿੱਚ ਹਾਸਲ ਕੀਤੀ ਸੀ। ਏਆਈ ਦੀ ਮਦਦ ਨਾਲ ਸੀਰੀ ਦੀ ਗੱਲਬਾਤ ਵਿੱਚ ਹੋਰ ਸੁਧਾਰ ਹੋਵੇਗਾ, ਉਹ ਹੋਰ ਮਨੁੱਖੀ ਹੋ ਜਾਵੇਗੀ। ਇਸ ਨਾਲ ਵਰਤਣ ਵਾਲਿਆਂ ਨੂੰ ਇਸਦਾ ਇਸਤੇਮਾਲ ਕਰਨ ਵਿੱਚ ਸੌਖ ਹੋਵੇਗੀ।

ਐਪਲ ਨੇ ਸੋਮਵਾਰ ਦੇ ਪ੍ਰਗੋਰਾਮ ਰਾਹੀਂ ਐਪਲ ਇੰਟੈਲੀਜੈਂਸ ਦੀ ਸੁਰੱਖਿਆ ਫੀਚਰ ਉੱਤੇ ਜ਼ੋਰ ਦਿੱਤਾ।

ਕੁਝ ਕੰਮ ਤਾਂ ਉਪਕਰਣ ਦੇ ਵਿੱਚ ਹੀ ਮੁਕੰਮਲ ਕਰ ਲਏ ਜਾਣਗੇ ਜਦਕਿ ਕੁਝ ਜ਼ਿਆਦਾ ਵੱਡੇ ਟਾਸਕ ਕਲਾਊਡ ਨੂੰ ਭੇਜੇ ਜਾਣਗੇ। ਲੇਕਿਨ ਕੰਪਨੀ ਨੇ ਕਿਹਾ ਕਿ ਇਹ ਡੇਟਾ ਕਲਾਊਡ ਉੱਤੇ ਸਾਂਭ ਕੇ ਨਹੀਂ ਰੱਖਿਆ ਜਾਵੇਗਾ।

ਇਹ ਵਾਅਦਾ ਉਨ੍ਹਾਂ ਗਾਹਕਾਂ ਲਈ ਬਹੁਤ ਅਹਿਮੀਅਤ ਰੱਖਦਾ ਹੈ, ਜੋ ਐਪਲ ਦੇ ਨਿੱਜਤਾ ਸੰਬੰਧੀ ਵਾਦਿਆਂ ਉੱਤੇ ਭਰੋਸਾ ਕਰਕੇ ਮਹਿੰਗੀਆਂ ਕੀਮਤਾਂ ਤਾਰਦੇ ਹਨ।

ਐਪਲ ਦੇ ਇੰਜਨੀਅਰਿੰਗ ਦੇ ਵਾਇਸ ਪ੍ਰੈਜ਼ੀਡੈਂਟ ਕਰੈਗ ਫੈਡਰੀਗੀ ਨੇ ਕਿਹਾ,“ਇਹ ਤੁਹਾਡੇ ਨਿੱਜੀ ਪ੍ਰਸੰਗ ਦੀ ਮਦਦ ਨਾਲ, ਤੁਹਾਡੇ ਲਈ ਸਭ ਤੋਂ ਮਦਦਗਾਰ ਅਤੇ ਪ੍ਰਸੰਗਿਕ ਸੂਝ ਪੇਸ਼ ਕਰਦਾ ਹੈ। ਇਹ ਹਰ ਕਦਮ ਉੱਤੇ ਤੁਹਾਡੀ ਨਿੱਜਤਾ ਦੀ ਵੀ ਰੱਖਿਆ ਕਰਦਾ ਹੈ।”

ਐਪਲ ਅਤੇ ਓਪਨ ਏਆਈ ਦੇ ਸਮਝੌਤੇ ਦੇ ਕੀ ਮਾਅਨੇ ਹਨ?

ਚੈਟ ਜੀਪੀਟੀ

ਤਸਵੀਰ ਸਰੋਤ, Reuters

ਐਪਲ ਆਪਣੇ ਉਤਪਾਦਾਂ ਵਿੱਚ ਏਆਈ ਨੂੰ ਸ਼ਾਮਲ ਕਰੇਗਾ ਇਸ ਦੀ ਉਮੀਦ ਤਾਂ ਲੰਬੇ ਸਮੇਂ ਤੋਂ ਸੀ।ਲੇਕਿਨ ਫਿਰ ਵੀ ਜੋ ਕੰਪਨੀ ਆਪਣੇ ਉਤਪਾਦਾਂ ਦੀ ਇੰਨੀ ਗੰਭੀਰਤਾ ਨਾਲ ਰਾਖੀ ਕਰਦੀ ਹੈ, ਉਸ ਲਈ ਇਹ ਕਦਮ ਕਾਫ਼ੀ ਅਸਾਧਾਰਨ ਹੈ।

ਗੂਗਲ ਅਤੇ ਮਾਈਕ੍ਰੋਸਾਫਟ ਨੇ ਹਾਲ ਹੀ ਵਿੱਚ ਆਪਣੇ ਏਆਈ ਉਤਪਾਦਾਂ ਵਿੱਚ ਸੁਰੱਖਿਆ ਖਾਮੀਆਂ ਦਾ ਸਾਹਮਣਾ ਕੀਤਾ ਹੈ। ਇਸ ਤੋਂ ਬਾਅਦ ਗੂਗਲ ਨੂੰ ਇਸੇ ਸਾਲ ਮਈ ਵਿੱਚ ਆਪਣੇ ਏਆਈ ਅਸਿਸੈਂਟ ਦੇ ਗਲਤ ਜਵਾਬ ਵਾਇਰਲ ਹੋਣ ਤੋਂ ਬਾਅਦ ਇਹ ਫੀਚਰ ਨੂੰ ਵਾਪਸ ਲੈਣਾ ਪਿਆ ਸੀ।

ਪਿਛਲੇ ਕਈ ਸਾਲਾਂ ਤੋਂ ਐਪਲ ਨੇ ਆਪਣੇ ਗਾਹਕਾਂ ਨੂੰ ਐਪਲ ਸਟੋਰ ਤੋਂ ਬਾਹਰੋਂ ਕਈ ਵੀ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਰੋਕ ਕੇ ਰੱਖਿਆ ਹੋਇਆ ਸੀ।

ਕੰਪਨੀ ਦਾ ਕਹਿਣਾ ਸੀ ਕਿ ਇਹ ਅਸੁਰੱਖਿਅਤ ਹੋ ਸਕਦੇ ਹਨ। ਇਹ ਆਪਣੇ ਉਪਕਰਣਾਂ ਉੱਪਰ ਆਪਣੇ ਸਫਾਰੀ ਵੈਬ ਬਰਾਊਜ਼ਰ ਤੋਂ ਇਲਾਵਾ ਕੋਈ ਹੋਰ ਬਰਾਊਜ਼ਰ ਵੀ ਵਰਤਣ ਦੀ ਆਗਿਆ ਨਹੀਂ ਦਿੰਦੀ ਸੀ।

ਹਾਲਾਂਕਿ ਐਪਲ ਨੇ ਆਪਣੀ ਇਹ ਸ਼ਰਤ ਯੂਰਪੀ ਯੂਨੀਅਨ ਦੇ ਕਾਨੂੰਨੀ ਬਦਲਾਅ ਤੋਂ ਬਾਅਦ ਖਤਮ ਕਰ ਦਿੱਤੀ ਸੀ।

ਕੀ ਇਹ ਸਮਝੌਤਾ ਸਾਬਤ ਕਰਦਾ ਹੈ ਕਿ ਐਪਲ ਵੀ ਓਪਨ ਏਆਈ ਤੋਂ ਤਰੱਕੀ ਦੇ ਖੇਤਰ ਵਿੱਚ ਫਾਡੀ ਰਹਿ ਰਿਹਾ ਹੈ?

ਕੰਪਨੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਵੀ ਉਤਪਾਦ ਸ਼ਾਮਲ ਕਰੇਗੀ। ਹਾਲਾਂਕਿ ਕੰਪਨੀ ਨੇ ਕਿਸੇ ਨਾਮ ਦਾ ਖੁਲਾਸਾ ਨਹੀਂ ਕੀਤਾ।

ਐਪਲ ਨੇ ਐਲਾਨ ਕੀਤਾ ਕਿ ਉਹ ਮਿਕਸਡ ਰਿਐਲਿਟੀ ਹੈਡਸੈਟ ਵਿਜ਼ਨ ਪਰੋ 12 ਜੁਲਾਈ ਤੋਂ ਬ੍ਰਿਟੇਨ ਵਿੱਚ ਵਿਕਰੀ ਲਈ ਉਪਲੱਭਧ ਹੋਵੇਗਾ। ਹਾਲਾਂਕਿ ਅਮਰੀਕਾ ਵਿੱਚ ਇਹ ਫਰਵਰੀ ਤੋਂ ਵਿਕਰੀ ਵਿੱਚ ਹੈ।

ਸੋਮਵਾਰ ਨੂੰ ਕੰਪਨੀ ਨੇ ਕੁਝ ਹੋਰ ਫੀਚਰਾਂ ਦਾ ਵੀ ਐਲਾਨ ਕੀਤਾ ਹੈ—

  • ਉਪਗ੍ਰਹਿ ਰਾਹੀਂ ਟੈਕਸਟ ਸੁਨੇਹੇ ਭੇਜਣਾ
  • ਸੁਨੇਹੇ ਸ਼ਡਿਊਲ ਕਰਨਾ
  • ਸਿਰ ਦੇ ਇਸ਼ਾਰੇ ਨਾਲ ਏਅਰਪੌਡ ਪਰੋ ਨੂੰ ਕੰਟਰੋਲ ਕਰਨਾ
  • ਪਾਸਵਰਡ ਸਾਂਭਣ ਲਈ ਇੱਕ ਖਾਸ ਐਪਲੀਕੇਸ਼ਨ ਜੋ ਸਾਰੇ ਉਪਕਰਣਾਂ ਲਈ ਕੰਮ ਕਰੇਗੀ।
  • ਕੁਝ ਖਾਸ ਐਪਲੀਕੇਸ਼ਨਾਂ ਨੂੰ ਫੇਸ ਆਈਡੀ ਜਾਂ ਪਾਸਕੋਡ ਦੇ ਪਿੱਛੇ ਛੁਪਾ ਸਕਣ ਦੀ ਸਹੂਲਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)