ਇੱਕ ਸੈਕਸ ਵਰਕਰ ਦੀ ਕਹਾਣੀ- ‘ਮੇਰੇ ਆਉਣ ਤੋਂ ਪਹਿਲਾਂ ਹੀ ਉਹ ਡਰੱਗਸ ਲੈ ਰਹੇ ਸਨ, ਮੈਨੂੰ ਲੱਗਿਆ ਕਿ ਮੈਂ ਬੱਚ ਨਹੀਂ ਸਕਾਂਗੀ’

- ਲੇਖਕ, ਹੇਲੇ ਕੋਮਪਟਨ
- ਰੋਲ, ਬੀਬੀਸੀ ਇਨਵੇਸਟੀਗੇਸ਼ਨ, ਈਸਟ ਮਿਡਲੈਂਡਸ
ਇਤਿਹਾਸਕ ਤੌਰ ’ਤੇ ਸੈਕਸ ਵਰਕਰਾਂ ਦੇ ਖਿਲਾਫ ਅਪਰਾਧ ਦੇ ਮਾਮਲੇ ਬਹੁਤ ਹੀ ਘੱਟ ਰਿਪੋਰਟ ਕੀਤੇ ਜਾਂਦੇ ਹਨ, ਪਰ ਹੁਣ ਸੈਕਸ ਵਰਕਰ, ਖ਼ੋਜਕਰਤਾ ਅਤੇ ਇੱਕ ਚੈਰਿਟੀ ਇਸ ਨੂੰ ਬਦਲਣ ਦੀ ਕੋਸ਼ਿਸ ਕਰਨ ਲਈ ਇੱਕਠੇ ਹੋਏ ਹਨ।
ਜਦੋਂ ਅਲਾਨਾ ਸਾਡੇ ਨਾਲ ਇੰਟਰਵਿਊ ਲਈ ਆਈ ਤਾਂ ਉਹ ਆਪਣੇ ਨਾਲ ਇੱਕ ਬੈਗ ਲੈ ਕੇ ਆਈ। ਉਸ ’ਚ ਲੈਸ ਵਾਲੀ ਅੰਡਰਵੀਅਰ, ਗੋਡਿਆਂ ਤੱਕ ਲੰਬਾਈ ਵਾਲੇ ਬੂਟ ਅਤੇ ਚਮੜੇ ਦਾ ਇੱਕ ਕੋਰੜਾ ਰੱਖਿਆ ਹੋਇਆ ਸੀ।
ਸ਼ੁਰੂ ’ਚ ਅਲਾਨਾ ਕੁਝ ਘਬਰਾਏ ਹੋਏ ਸਨ, ਪਰ ਜਦੋਂ ਅਸੀਂ ਉਨ੍ਹਾਂ ਤੋਂ ਉਨ੍ਹਾਂ ਦੀ ਨੌਕਰੀ ਬਾਰੇ ਪੁੱਛਣਾ ਸ਼ੁਰੂ ਕੀਤਾ ਤਾਂ ਉਹ ਕੁਝ ਸਹਿਜ ਹੋਣ ਲੱਗੇ।
ਅਲਾਨਾ ਉਨ੍ਹਾਂ ਦਾ ਅਸਲੀ ਨਾਮ ਨਹੀਂ ਹੈ। ਉਨ੍ਹਾਂ ਨੇ ਖੁਦ ਹੀ ਆਪਣਾ ਇਹ ਨਾਮ ਰੱਖ ਲਿਆ ਹੈ। ਇਸ ਨਾਮ ਦੇ ਜ਼ਰੀਏ ਹੀ ਉਹ ਆਪਣੇ ਕੰਮ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਵੱਖ-ਵੱਖ ਰੱਖਦੇ ਹਨ। ਆਪਣੀ ਨਿੱਜੀ ਜ਼ਿੰਦਗੀ ’ਚ ਉਹ ਇੱਕ ਮਾਂ ਹਨ।
ਉਨ੍ਹਾਂ ਨੇ ਕਿਹਾ, “ ਦਿਨ ਢਲ ਜਾਣ ਤੋਂ ਬਾਅਦ ਅਸੀਂ ਆਪਣਾ ਮੇਕਅੱਪ ਉਤਾਰ ਦਿੰਦੇ ਹਾਂ ਅਤੇ ਖਰੀਦਦਾਰੀ ਕਰਨ ਜਾਂ ਫਿਰ ਬੱਚਿਆਂ ਨੂੰ ਸਕੂਲ ਲੈ ਜਾਣ ਲਈ ਨਿਕਲ ਜਾਂਦੇ ਹਾਂ।”
ਯੂਨਾਈਟਿਡ ਕਿੰਗਡਮ ਦੇ ਡਰਬੀਸ਼ਾਇਰ ਦੀ ਵਸਨੀਕ ਅਲਾਨਾ ਨੇ ਬਰਤਾਨਵੀ ਸਰਕਾਰ ਦੀ ਸਿਹਤ ਸੇਵਾ ਐੱਨਐੱਚਐੱਸ ਅਤੇ ਮਨੋਰੰਜਨ ਇੰਡਸਟਰੀ ’ਚ ਨੌਕਰੀਆਂ ਕੀਤੀਆਂ ਹਨ। ਪਰ ਹੁਣ ਉਹ ਇੱਕ ਸੈਕਸ ਵਰਕਰ ਵਜੋਂ ਕੰਮ ਕਰ ਰਹੇ ਹਨ ਅਤੇ ਇਹ ਹੀ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਹੈ।
ਹਾਲਾਂਕਿ, ਅਲਾਨਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਕੰਮ ਉਨ੍ਹਾਂ ਨੂੰ ਅਤੇ ਉਨ੍ਹਾਂ ਵਰਗੀਆਂ ਹੋਰ ਔਰਤਾਂ ਨੂੰ ਅਸੁਰੱਖਿਅਤ ਮਹਿਸੂਸ ਕਰਾ ਸਕਦਾ ਹੈ, ਖਾਸ ਕਰਕੇ ਉਨ੍ਹਾਂ ਸੈਕਸ ਵਰਕਰਾਂ ਕੋਲ ਜਿਨ੍ਹਾਂ ਕੋਲ ਸਮਾਨ ਵਿਕਲਪ ਮੌਜੂਦ ਨਹੀਂ ਹੁੰਦੇ ਹਨ।
ਅਲਾਨਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਿਸਮਤ ਚੰਗੀ ਹੈ ਕਿਉਂਕਿ ਪਿਛਲੇ ਤਿੰਨ ਸਾਲਾਂ ’ਚ ਉਨ੍ਹਾਂ ’ਤੇ ਸਿਰਫ ਇੱਕ ਵਾਰ ਹੀ ਹਮਲਾ ਹੋਇਆ ਹੈ। ਉਸ ਸਮੇਂ ਇੱਕ ਗਾਹਕ ਨੇ ਉਨ੍ਹਾਂ ਦੀ ਮਰਜ਼ੀ ਤੋਂ ਬਿਨ੍ਹਾਂ ਉਨ੍ਹਾਂ ਦੇ ਸਰੀਰ ’ਚ ਨਸ਼ੀਲਾ ਪਦਾਰਥ ਪਾਉਣ ਦਾ ਯਤਨ ਕੀਤਾ ਸੀ।

ਤਸਵੀਰ ਸਰੋਤ, BBc
ਹਾਦਸੇ ਵਾਲੇ ਦਿਨ ਕੀ ਵਾਪਰਿਆ ਸੀ ?

ਉਨ੍ਹਾਂ ਨੂੰ ਜੋ ਬੁਕਿੰਗ ਮਿਲੀ ਸੀ ਉਹ ਉਨ੍ਹਾਂ ਦੇ ਘਰ ਜਾਣ ਦੇ ਰਾਹ ’ਚ ਹੀ ਸੀ, ਇਸ ਲਈ ਇਹ ਆਸਾਨ ਸੀ। ਹਾਲਾਂਕਿ ਅਲਾਨਾ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਕੁਝ ਠੀਕ ਨਹੀਂ ਹੈ।
ਅਲਾਨਾ ਨੇ ਦੱਸਿਆ ਕਿ ਉਹ ਇੱਕ ਆਮ ਦਿੱਖ ਵਾਲ ਅੱਧਖੜ ਉਮਰ ਦਾ ਵਿਅਕਤੀ ਸੀ, ਜੋ ਕਿ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਨਸ਼ੀਲੇ ਪਦਾਰਥ ਲੈ ਰਿਹਾ ਸੀ।
ਉਨ੍ਹਾਂ ਨੇ ਕਿਹਾ, “ ਉਹ ਜ਼ਿਆਦਾ ਹਮਲਾਵਰ ਹੋ ਰਹੇ ਸਨ। ਉਨ੍ਹਾਂ ਨੇ ਜ਼ਬਰਦਸਤੀ ਮੇਰਾ ਸਿਰ ਫੜ ਕੇ ਆਪਣੇ ਵੱਲ ਖਿੱਚਿਆ।”
ਅਲਾਨਾ ਨੇ ਅੱਗੇ ਦੱਸਿਆ ਕਿ ਉਹ ਵਿਅਕਤੀ ਸੈਕਸ ਲਈ ਹਮਲਾਵਰ ਹੋ ਰਿਹਾ ਸੀ, ਪਰ ਅਲਾਨਾ ਅਨੁਸਾਰ ਉਸ ਦਿਨ ਉਹ ਆਪਣੀ ਬੁਕਿੰਗ ਦੇ ਪੂਰੇ ਸਮੇਂ ਭਾਵ ਇੱਕ ਘੰਟੇ ਤੱਕ ਉੱਥੇ ਹੀ ਰੁਕੇ ਰਹੇ ਤਾਂ ਜੋ ਉਸ ਵਿਅਕਤੀ ਨੂੰ ਗੁੱਸਾ ਨਾ ਆਵੇ।
ਉਹ ਕਹਿੰਦੇ ਹਨ, “ ਇਹ ਅਜਿਹੀ ਸਥਿਤੀ ਨਹੀਂ ਸੀ, ਜਿੱਥੇ ਉਨ੍ਹਾਂ ਦੇ ਕੋਲ ਸੁਰੱਖਿਅਤ ਨਿਕਲਣ ਦਾ ਕੋਈ ਰਸਤਾ ਸੀ।”
ਇਸ ਹਮਲੇ ਤੋਂ ਬਾਅਦ ਅਲਾਨਾ ਨੂੰ ਇਲਾਜ ਕਰਵਾਉਣ ਤੱਕ ਦੀ ਨੌਬਤ ਆ ਗਈ ਸੀ। ਪਰ ਸੈਕਸ ਵਰਕਰਾਂ ਨਾਲ ਸਬੰਧਤ ਹੋਰ ਅਪਰਾਧਾਂ ਦੀ ਤਰ੍ਹਾਂ ਅਲਾਨਾ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਨਹੀਂ ਕੀਤੀ।
ਉਨ੍ਹਾਂ ਦਾ ਕਹਿਣਾ ਹੈ, “ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੋਈ ਕਾਰਵਾਈ ਹੁੰਦੀ।”
ਅਲਾਨਾ ਦਾ ਕਹਿਣਾ ਹੈ ਕਿ ਉਹ ਜੋ ਕੰਮ ਕਰ ਰਹੇ ਹਨ, ਉਸ ਨਾਲ ਬਦਨਾਮੀ ਜੁੜੀ ਹੋਈ ਹੈ ਅਤੇ ਇਸ ਘਟਨਾ ਬਾਰੇ ਜਾਣਨ ਤੋਂ ਬਾਅਦ ਲੋਕ ਇਸ ਸਥਿਤੀ ’ਚ ਆਉਣ ਦੇ ਲਈ ਵੀ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣਗੇ।
ਅਲਾਨਾ ਕਹਿੰਦੇ ਹਨ ਕਿ ਉਸ ਦਿਨ ਦੀ ਘਟਨਾ ਨੇ ਲੰਮੇ ਸਮੇਂ ਤੱਕ ਉਨ੍ਹਾਂ ਨੂੰ ਪ੍ਰਭਾਵਤ ਕੀਤਾ। ਉਨ੍ਹਾਂ ਦਾ ਕਹਿਣਾ ਹੈ, “ ਮੈਨੂੰ ਇੰਝ ਲੱਗਿਆ ਜਿਵੇਂ ਮੇਰੇ ਤੋਂ ਕੁਝ ਖੋਹ ਲਿਆ ਗਿਆ ਹੈ।”
ਇਹ ਕਹਾਣੀ ਇੱਕਲੀ ਅਲਾਨਾ ਦੀ ਨਹੀਂ ਹੈ।
ਜ਼ੋਖਮ ਭਰਪੂਰ ਜ਼ਿੰਦਗੀ

ਖੋਜ ਤੋਂ ਪਤਾ ਲੱਗਦਾ ਹੈ ਕਿ ਆਮ ਲੋਕਾਂ ਦੀ ਤੁਲਨਾ ’ਚ ਸੈਕਸ ਵਰਕਰਾਂ ਦੇ ਖਿਲਾਫ ਅਪਰਾਧ, ਖਾਸ ਕਰਕੇ ਹਿੰਸਕ ਅਪਰਾਧ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
2016 ’ਚ ਸੈਕਸ ਵਰਕਰਾਂ ਦੇ ਨਾਲ ਕੀਤੇ ਗਏ ਇੱਕ ਆਨਲਾਈਨ ਸਰਵੇਖਣ ਦੇ ਅਨੁਸਾਰ 47% ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਅਪਰਾਧ ਦਾ ਅਨੁਭਵ ਜ਼ਰੂਰ ਕੀਤਾ ਹੈ।
ਉਨ੍ਹਾਂ ਅਪਰਾਧਾਂ ’ਚ ਤੰਗ-ਪਰੇਸ਼ਾਨ ਕਰਨਾ, ਬਲਾਤਕਾਰ, ਸਰੀਰਕ ਹਮਲੇ, ਲੁੱਟ-ਖਸੁੱਟ ਅਤੇ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ।
ਸਾਲ 1999 ’ਚ ‘ਰਿਸਕੀ ਬਿਜ਼ਨੈਸ: ਹੈਲਥ ਐਂਡ ਸੇਫਟੀ ਇਨ ਸੈਕਸ ਇੰਡਸਟਰੀ’ ਨਾਮ ਦਾ ਇੱਕ ਅਧਿਐਨ ਹੋਇਆ ਸੀ। ਇਸ ਅਧਿਐਨ ’ਚ 9 ਸਾਲ ਦੇ ਸਮੇਂ ਦੌਰਾਨ 402 ਸੈਕਸ ਵਰਕਰਾਂ ’ਤੇ ਸਰਵੇਖਣ ਕੀਤਾ ਗਿਆ ਸੀ। ਖੋਜ ’ਚ ਪਾਇਆ ਗਿਆ ਸੀ ਕਿ ਸੈਕਸ ਵਰਕਰਾਂ ਦੀ ਮੌਤ ਦਰ ਉਸੇ ਉਮਰ ਦੀਆਂ ਹੋਰ ਔਰਤਾਂ ਦੇ ਮੁਕਾਬਲੇ 12 ਗੁਣਾ ਜ਼ਿਆਦਾ ਸੀ।
ਅਲਾਨਾ ਦਾ ਕਹਿਣਾ ਹੈ, “ ਸਾਡੇ ਪੇਸ਼ੇ ਨੂੰ ਇੱਕ ਕਲੰਕ ਦੀ ਤਰ੍ਹਾਂ ਵੇਖਿਆ ਜਾਂਦਾ ਹੈ ਅਤੇ ਇਸੇ ਕਾਰਨ ਅਸੀਂ ਹਿੰਸਾ ਦਾ ਸ਼ਿਕਾਰ ਹੁੰਦੇ ਹਾਂ।”
ਹਾਲਾਂਕਿ ਹੁਣ ਅਲਾਨਾ ਇਨ੍ਹਾਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ’ਚ ਲੱਗ ਗਏ ਹਨ।
ਉਹ ਉਨ੍ਹਾਂ ਕੁਝ ਗਿਣਵੇ-ਚੁਣਵੇਂ ਸੈਕਸ ਵਰਕਰਾਂ ’ਚੋਂ ਇੱਕ ਹਨ, ਜਿਨ੍ਹਾਂ ਨੂੰ ਸੈਕਸ ਵਰਕਰਾਂ ਦੀ ਸੁਰੱਖਿਆ ’ਚ ਸੁਧਾਰ ਲਿਆਉਣ ਦੇ ਮਕਸਦ ਨਾਲ ਹੋ ਰਹੀ ਖੋਜ ਨਾਲ ਜੁੜੇ ਸਲਾਹਕਾਰ ਪੈਨਲ ’ਚ ਨਿਯੁਕਤ ਕੀਤਾ ਗਿਆ ਹੈ।
ਨੌਟਿੰਘਮ ਯੂਨੀਵਰਸਿਟੀ ਇੱਕ ਅਜਿਹੀ ਰਿਪੋਰਟਿੰਗ ਪ੍ਰਣਾਲੀ ਬਣਾਉਣ ਦਾ ਯਤਨ ਕਰ ਰਹੀ ਹੈ, ਜਿਸ ਦੀ ਵਰਤੋਂ ਸੈਕਸ ਵਰਕਰ ਜਿਨਸੀ ਪਰੇਸ਼ਾਨੀ ਜਾਂ ਹਿੰਸਾ ਦੇ ਸਮੇਂ ਕਰ ਸਕਦੇ ਹਨ। ਇਹ ਪ੍ਰਣਾਲੀ ਹੁਣ ਆਪਣੇ ਅੰਤਿਮ ਪੜਾਅ ’ਤੇ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅੰਤ ਤੱਕ ਪੁਸਿਲ ਸਮੇਤ ਹੋਰ ਏਜੰਸੀਆ ਇਸ ਦਾ ਫਾਇਦਾ ਚੁੱਕ ਸਕਣਗੀਆਂ।
ਕ੍ਰਿਮਿਨੋਲੋਜੀ (ਅਪਰਾਧ ਵਿਗਿਆਨ) ਦੀ ਸਹਾਇਕ ਪ੍ਰੋਫੈਸਰ ਡਾ. ਲੈਰਿਸਾ ਸੈਂਡੀ ਇਸ ਖੋਜ ਦੀ ਅਗਵਾਈ ਕਰ ਰਹੇ ਹਨ।
ਆਸਟਰੇਲੀਅਨ ਮੂਲ ਦੀ ਲੈਰਿਸਾ ਨੇ ਆਸਟਰੇਲੀਆ ’ਚ ਸੈਕਸ ਵਰਕ ਨੂੰ ਅਪਰਾਧਕ ਸ਼੍ਰੇਣੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਸੀ।
ਜਰਮਨੀ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨੇ ਸੈਕਸ ਵਰਕ ਨਾਲ ਜੁੜੇ ਨਿਯਮਾਂ ’ਚ ਢਿੱਲ ਦਿੱਤੀ ਹੈ। ਹਾਲਾਂਕਿ ਇਸ ਦੇ ਲਈ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਗਈ ਸੀ। ਇਸ ’ਚ ਕਿਹਾ ਗਿਆ ਸੀ ਕਿ ਇਸ ਨਾਲ ਸੈਕਸ ਟੂਰਿਜ਼ਮ ਅਤੇ ਮਨੁੱਖੀ ਤਸਕਰੀ ’ਚ ਵਾਧਾ ਹੋਇਆ ਹੈ।
ਡਾ. ਲੈਰਿਸਾ ਸੈਂਡੀ ਦਾ ਕਹਿਣਾ ਹੈ, “ ਕਾਨੂੰਨ ਲਾਗੂ ਕਰਨਾ ਪੁਲਿਸ ਦਾ ਕੰਮ ਹੈ, ਇਸ ਲਈ ਜੇਕਰ ਤੁਸੀਂ ਸੈਕਸ ਦੇ ਕੰਮ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਹਟਾ ਦਿੰਦੇ ਹੋ ਤਾਂ ਇਸ ਨਾਲ ਸੈਕਸ ਵਰਕਰਾਂ ਨੂੰ ਅਪਾਣੇ ਖਿਲਾਫ ਅਪਰਾਧਾਂ ਦੀ ਰਿਪੋਰਟ ਕਰਵਾਉਣ ਤੋਂ ਪਹਿਲਾਂ ਸੋਚਣਾ ਨਹੀਂ ਪਵੇਗਾ, ਉਨ੍ਹਾਂ ਨੂੰ ਸੁਰੱਖਿਆ ਮਿਲ ਸਕੇਗੀ।”
ਲੈਰਿਸਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਅਪਰਾਧਾਂ ਬਾਰੇ ਘੱਟ ਸ਼ਿਕਾਇਤਾਂ ਦਰਜ ਕਰਵਾਉਣ ਦਾ ਇੱਕ ਕਾਰਨ ਇਸ ਨਾਲ ਜੁੜੇ ਉਲਝਣ ਵਾਲੇ ਕਾਨੂੰਨ ਹਨ।
‘ਲੋਕਾਂ ਦੇ ਸਬੰਧ ’ਚ ਰਾਏ ਕਾਇਮ ਕੀਤੀ ਜਾਂਦੀ ਹੈ’

ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ, ਉੱਤਰੀ ਆਇਰਲੈਂਡ ਨੂੰ ਛੱਡ ਦਿੱਤਾ ਜਾਵੇ ਤਾਂ ਯੂਕੇ ’ਚ ਪੈਸੇ ਦੇ ਬਦਲੇ ਜਿਨਸੀ ਸੇਵਾਵਾਂ ਪ੍ਰਦਾਨ ਕਰਨਾ ਕਾਨੂੰਨੀ ਹੈ। ਜਦਕਿ ਉੱਤਰੀ ਆਇਰਲੈਂਡ ’ਚ ਸੈਕਸ ਦੇ ਲਈ ਪੈਸਿਆਂ ਦਾ ਭੁਗਤਾਨ ਕਰਨਾ ਗੈਰ-ਕਾਨੂੰਨੀ ਹੈ।
ਹਾਲਾਂਕਿ ਬ੍ਰਿਟੇਨ ’ਚ ਸੈਕਸ ਨਾਲ ਸਬੰਧਤ ਹੋਰ ਗਤੀਵਿਧੀਆਂ ਗੈਰ-ਕਾਨੂੰਨੀ ਹਨ, ਜਿਵੇਂ ਕਿ ਜਿਨਸੀ ਸੇਵਾਵਾਂ ਦੇ ਲਈ ਇਸ਼ਤਿਹਾਰ ਦੇਣਾ ਅਤੇ ਵੇਸ਼ਵਾ ਘਰ ਚਲਾਉਣਾ।
ਇੱਥੋਂ ਦੀ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐਸ) ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਸੈਕਸ ਵਰਕਰਾਂ ਨੂੰ ਪਰੇਸ਼ਾਨ ਕਰਨਾ ਜਾਂ ਉਨ੍ਹਾਂ ਨੂੰ ਸਜ਼ਾ ਦੇਣਾ ਨਹੀਂ ਹੈ ਸਗੋਂ ਉਨ੍ਹਾਂ ਨਾਲ ਜ਼ਬਰਦਸਤੀ ਕਰਨ ਵਾਲਿਆਂ ਅਤੇ ਉਨ੍ਹਾਂ ਦਾ ਸੋਸ਼ਣ ਕਰਨ ਵਾਲਿਆ ਨੂੰ ਸਜ਼ਾ ਦੇਣਾ ਹੈ।
ਸੀਪੀਐੱਸ ਦਾ ਇਹ ਵੀ ਕਹਿਣਾ ਹੈ ਕਿ ਕਈ ਵਾਰ ਅਪਰਾਧੀ ਜਾਣਬੁੱਝ ਕੇ ਸੈਕਸ ਵਰਕਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ “ ਉਹ ਇਹ ਮੰਨਦੇ ਹਨ ਕਿ ਸੈਕਸ ਵਰਕਰ ਅਪਰਾਧ ਦੀ ਸ਼ਿਕਾਇਤ ਨਹੀਂ ਕਰਨਗੀਆਂ ਅਤੇ ਜੇਕਰ ਉਹ ਅਜਿਹਾ ਕਰ ਵੀ ਦੇਣ ਤਾਂ ਉਨ੍ਹਾਂ ਨੂੰ ਸਮਰਥਨ ਨਹੀਂ ਮਿਲੇਗਾ।”
ਹਾਲਾਂਕਿ ਅਲਾਨਾ ਦਾ ਕਹਿਣਾ ਹੈ ਕਿ ਇਸ ਨਾਲ ਸੈਕਸ ਵਰਕਰਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
ਉਨ੍ਹਾਂ ਦਾ ਕਹਿਣਾ ਹੈ, “ਜ਼ਿਆਦਾਤਰ ਲੋਕ ਸੈਕਸ ਕਰਦੇ ਹਨ, ਤਾਂ ਫਿਰ ਜਦੋਂ ਇਸ ਲਈ ਲੋਕ ਪੈਸੇ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੱਖਰੀ ਨਜ਼ਰ ਨਾਲ ਕਿਉਂ ਵੇਖਿਆ ਜਾਂਦਾ ਹੈ?”
‘ਸੈਕਸ ਵਰਕ ਸਾਡੇ ਲਈ ਇੱਕ ਨੌਕਰੀ ਦੀ ਤਰ੍ਹਾਂ ਹੈ’

ਜੈਸਿਕਾ ਬ੍ਰੇਨਨ ਨੌਟਿੰਘਮ ’ਚ ਪ੍ਰੋਸਟੀਟਿਊਸ਼ਨ ਆਊਟਰੀਚ ਸਰਵਿਸ (ਪੀਡਬਲਿਊ) ਚਲਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ, “ ਸੈਕਸ ਵਰਕ ਗੈਰ-ਕਾਨੂੰਨੀ ਨਹੀਂ ਹੈ, ਪਰ ਇਸ ਨੂੰ ਆਮ ਤੌਰ ’ਤੇ ਅਨੈਤਿਕ ਮੰਨਿਆ ਜਾਂਦਾ ਹੈ।”
ਉਹ ਅੱਗੇ ਕਹਿੰਦੇ ਹਨ ਕਿ ਇਸ ਕਾਰਨ ਹੀ ਸੈਕਸ ਵਰਕਰ ਆਪਣੇ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਰਿਪੋਰਟ ਨਹੀਂ ਕਰਦੇ ਹਨ। ਇਸ ਦੇ ਇਲਾਵਾ ਉਨ੍ਹਾਂ ਨੂੰ ਇਹ ਡਰ ਵੀ ਸਤਾਉਂਦਾ ਹੈ ਕਿ ਉਨ੍ਹਾਂ ਨੂੰ ਹੀ ਸਜ਼ਾ ਮਿਲੇਗੀ ਅਤੇ ਲੋਕ ਅਗਾਂਹ ਤੋਂ ਉਨ੍ਹਾਂ ’ਤੇ ਭਰੋਸਾ ਨਹੀਂ ਕਰਨਗੇ। ਸ਼ਿਕਾਇਤ ਦਰਜ ਕਰਵਾਉਣ ’ਚ ਉਹ ਸ਼ਰਮ ਮਹਿਸੂਸ ਕਰਦੇ ਹਨ।
ਪੀਡਬਲਿਊ 1990 ਤੋਂ ਸੜਕਾਂ ’ਤੇ ਕੰਮ ਕਰਨ ਵਾਲੀਆਂ ਅਤੇ ਹੋਰ ਅਜਿਹੀਆਂ ਔਰਤਾਂ ਦੇ ਨਾਲ ਕੰਮ ਕਰ ਰਿਹਾ ਹੈ। ਪਰ ਅਪਰਾਧ ਦੇ ਕੁਝ ਮਾਮਲਿਆਂ ’ਚ ਦੋਸ਼ੀਆਂ ਨੂੰ ਸਜ਼ਾ ਦਵਾਉਣ ’ਚ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਜੈਸਿਕਾ ਬ੍ਰੇਨਨ ਦਾ ਕਹਿਣਾ ਹੈ, “ ਇੱਕ ਹਫ਼ਤਾ ਵੀ ਅਜਿਹਾ ਨਹੀਂ ਨਿਕਲਦਾ ਹੈ ਜਦੋਂ ਅਸੀਂ ਜਿਹੜੀਆਂ ਔਰਤਾਂ ਅਤੇ ਮਰਦਾਂ ਦੀ ਮਦਦ ਜਾਂ ਸਮਰਥਨ ਕਰ ਰਹੇ ਹੁੰਦੇ ਹਾਂ, ਉਨ੍ਹਾਂ ’ਤੇ ਹਮਲਾ ਨਾ ਹੁੰਦਾ ਹੋਵੇ। ਪਰ ਕੋਈ ਵੀ ਮਾਮਲਾ ਅਦਾਲਤ ਤੱਕ ਨਹੀਂ ਪਹੁੰਚਿਆ ਹੈ।”
“ਅਸੀਂ ਸੈਕਸ ਵਰਕ ਨੂੰ ਇੱਕ ਸਾਧਾਰਨ ਕੰਮ ਅਤੇ ਸਖ਼ਤ ਮਿਹਨਤ ਵਾਲੇ ਕੰਮ ਦੇ ਰੂਪ ’ਚ ਵੇਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਗਾਹਕ ਆਪਣੇ ਅਨੁਭਵਾਂ ਬਾਰੇ ਸਾਨੂੰ ਪੂਰੀ ਇਮਾਨਦਾਰੀ ਨਾਲ ਦੱਸਣ।”
ਅਲਾਨਾ ਵੀ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਸਮਾਜ ਉਨ੍ਹਾਂ ਨੂੰ ਇੱਕ ਕੀਮਤੀ ਕਿਰਤੀ ਵੱਜੋਂ ਵੇਖੇ। ਸਮਾਜ ਨੂੰ ਸੈਕਸ ਵਰਕਰਾਂ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ।
ਅਲਾਨਾ ਦਾ ਕਹਿਣਾ ਹੈ, “ ਮੈਂ ਟੈਕਸ ਅਤੇ ਰਾਸ਼ਟਰੀ ਬੀਮੇ ਦਾ ਭੁਗਤਾਨ ਕਰਦੀ ਹਾਂ।”
“ਸੈਕਸ ਵਰਕਰ ਯੂਜ਼ ਐਂਡ ਥਰੋ ਵਾਲੇ ਲੋਕ ਨਹੀਂ ਹਨ। ਬਿਹਤਰ ਹੋਵੇਗਾ ਕਿ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਵਤੀਰਾ ਰੱਖਿਆ ਜਾਵੇ ਜਿਵੇਂ ਕਿ ਇੱਕ ਆਮ ਨੌਕਰੀ ਪੇਸ਼ਾ ਵਿਅਕਤੀ ਨਾਲ ਕੀਤਾ ਜਾਂਦਾ ਹੈ। ਇਹੀ ਬਿਹਤਰ ਹੋਵੇਗਾ।”












