ਲੱਖਾਂ ਰੁਪਏ ਖਰਚ ਕੇ ਜਰਮਨੀ ਜਾਣ ਲਈ ਘਰੋਂ ਤੁਰੇ ਨੌਜਵਾਨ ਕਿਵੇਂ ਪਹੁੰਚ ਗਏ ਰੂਸ ਦੀ ਜੇਲ੍ਹ ਵਿੱਚ

ਤਸਵੀਰ ਸਰੋਤ, kamal Saini/BBC
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਹਰਿਆਣਾ ਦੇ ਕਰਨਾਲ ਦੇ ਵਸਨੀਕ ਮੁਕੇਸ਼ ਕੁਮਾਰ ਨੂੰ ਉਮੀਦ ਸੀ ਕਿ ਉਹ ਜਰਮਨੀ ਜਾ ਕੇ ਚੰਗੀ ਨੌਕਰੀ ਉੱਤੇ ਲੱਗੇਗਾ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰੇਗਾ।
ਇਸ ਸੁਪਨੇ ਨੂੰ ਪੂਰਾ ਕਰਨ ਲਈ 35 ਲੱਖ ਰੁਪਏ ਤੋਂ ਵੀ ਵੱਧ ਖਰਚਣ ਦੇ ਬਾਵਜੂਦ ਵੀ ਉਹ ਜਰਮਨੀ ਨਹੀਂ ਪਹੁੰਚ ਸਕਿਆ।
ਏਜੰਟਾਂ ਦੀ ਧੋਖਾਧੜ੍ਹੀ ਦਾ ਸ਼ਿਕਾਰ ਹੋਇਆ ਮੁਕੇਸ਼ ਰੂਸੀ ਜੇਲ੍ਹ ਵਿੱਚ ਜਾ ਪਹੁੰਚਿਆ ਜਿੱਥੇ ਉਸ ਨੂੰ ਕਥਿਤ ਤੌਰ ਉੱਤੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ।
ਮੁਕੇਸ਼ ਦੇ ਪਰਿਵਾਰ ਨੇ ਆਪਣੇ ਪੁੱਤ ਨੂੰ ਵਾਪਸ ਲਿਆਉਣ ਲਈ ਆਪਣੀ ਜ਼ਮੀਨ, ਘਰ ਅਤੇ ਇੱਥੋਂ ਤੱਕ ਕਿ ਆਪਣੇ ਪਸ਼ੂ ਵੀ ਵੇਚ ਦੱਤੇ।
ਹਰਿਆਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਧੋਖਾਧੜ੍ਹੀ, ਬੇਈਮਾਨੀ ਸਣੇ ਹੋਰ ਇਲਜ਼ਾਮਾ ਤਹਿਤ 6 ਜਣਿਆਂ ਉੱਤੇ ਮਾਮਲਾ ਦਰਜ ਕੀਤਾ ਹੈ।
ਇਨ੍ਹਾਂ ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।ਪੁਲਿਸ ਨੇ ਐੱਫਆਈਆਰ ਵਿੱਚ ਰਾਜ ਕੁਮਾਰ, ਅਲੀ ਖਵਾਜਾ(ਟ੍ਰੈਵਲ ਏਜੰਟ), ਅੱਬਾਸ ਰਾਸ਼ਿਦ, ਚਰਨਜੀਤ ਅਤੇ ਸਤਨਾਮ ਨਾਮ ਦੇ ਵਿਅਕਤੀਆਂ ਉੱਤੇ ਵੀ ਮਾਮਲਾ ਦਰਜ ਕੀਤਾ ਹੈ।
ਮੁਕੇਸ਼ ਆਪਣੇ ਰਿਸ਼ਤੇਦਾਰੀ ਵਿੱਚ ਭਰਾ ਲੱਗਦੇ ਸੰਨੀ ਨਾਲ 28 ਮਾਰਚ ਨੂੰ ਭਾਰਤ ਵਾਪਸ ਪਰਤਿਆ।
ਜਰਮਨੀ ਜਾਣ ਦੀ ਥਾਂ ਕਿਵੇਂ ਪਹੁੰਚੇ ਰੂਸ
ਮੁਕੇਸ਼ ਦੀ ਮਾਂ ਰੇਸ਼ਮਾ ਦੇਵੀ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਦੇ ਮੁਤਾਬਕ ਜੁਲਾਈ 2023 ਵਿੱਚ ਰਾਜ ਕੁਮਾਰ ਨੇ ਮੁਕੇਸ਼ ਨੂੰ ਜਰਮਨੀ ਵਿੱਚ 2.5 ਲੱਖ ਰੁਪਏ ਤਨਖਾਹ ਵਾਲੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ।
ਰਾਜ ਕੁਮਾਰ ਨੇ ਮੁਕੈਸ਼ ਨੂੰ 14 ਲੱਖ ਰੁਪਏ ਵਿੱਚ ਜਰਮਨੀ ਦਾ ਵਰਕ ਪਰਮਿਟ ਲੈਣ ਲਈ ਮਨਾ ਲਿਆ।
ਮੁਕੇਸ਼ ਦੇ ਸਤੰਬਰ 2023 ਵਿੱਚ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਮੁਕੇਸ਼ ਦੇ ਪਰਿਵਾਰ ਨੇ ਰਾਜ ਕੁਮਾਰ ਨੂੰ 5 ਲੱਖ ਤੋਂ ਵੱਧ ਰੁਪਏ ਦਿੱਤੇ।
ਇਹ ਯੋਜਨਾ ਸੀ ਕਿ ਉਹ ਦਿੱਲੀ ਤੋਂ ਪਹਿਲਾਂ ਮਾਸਕੋ ਜਾਣਗੇ ਅਤੇ ਫਿਰ ਜਰਮਨੀ ਜਾਣਗੇ।
ਸ਼ਿਕਾਇਤ ਦੇ ਮੁਤਾਬਕ, ਚਰਨਜੀਤ ਅਤੇ ਅਲੀ ਨੇ ਮੁਕੇਸ਼ ਨੂੰ ਦੱਸਿਆ ਕਿ ਮਾਸਕੋ ਦੀ ਫਲਾਈਟ ਰੱਦ ਹੋ ਚੁੱਕੀ ਹੈ ਅਤੇ ਉਹ ਥਾਇਲੈਂਡ ਮਾਸਕੋ ਰਾਹੀਂ ਜਾ ਸਕਦੇ ਹਨ।
ਸਤੰਬਰ 2023 ਵਿੱਚ ਮੁਕੇਸ਼ ਥਾਇਲੈਂਡ ਪਹੁੰਚਿਆ।
ਉਹ ਮੇਰੀ ਧੌਣ 'ਤੇ ਚਾਕੂ ਰੱਖ ਕੇ ਘਰ ਵਾਲਿਆਂ ਨੂੰ ਵੀਡੀਓ ਕਾਲ ਕਰਵਾਉਂਦੇ ਸਨ। ਜਦੋਂ ਘਰ ਵਾਲਿਆਂ ਕੋਲੋਂ ਇੱਕ-ਦੋ ਦਿਨ ਪੈਸੇ ਲੇਟ ਹੋ ਜਾਂਦੇ ਤਾਂ ਮੇਰੇ ਸਰੀਰ ਉੱਤੇ ਸੜ੍ਹਦੀਆਂ ਹੋਈਆਂ ਸਿਗਰਟਾਂ ਲਗਾ ਦਿੰਦੇ।
ਚਰਨਜੀਤ ਅਤੇ ਅਲੀ ਨੇ ਫੋਨ ਉੱਤੇ ਮੁਕੇਸ਼ ਨੂੰ ਦੱਸਿਆ ਕਿ ਉਸ ਨੂੰ ਪਹਿਲਾਂ ਮਾਸਕੋ ਭੇਜਿਆ ਜਾਵੇਗਾ ਅਤੇ ਫਿਰ ਜਰਮਨੀ।
ਉਸ ਨੂੰ ਕਿਹਾ ਗਿਆ ਕਿ ਉਸ ਨੂੰ ਉਸ ਦੇ ਵੀਜ਼ਾ, ਵਰਕ ਪਰਮਿਟ ਅਤੇ ਹੋਰ ਦਸਤਾਵੇਜ਼ ਮਾਸਕੋ ਵਿਖੇ ਦਿੱਤੇ ਜਾਣਗੇ। ਪਰ ਇਸ ਦੇ ਲਈ ਉਸ ਨੂੰ 8 ਲੱਖ ਰੁਪਏ ਹੋਰ ਦੇਣੇ ਪੈਣਗੇ।
ਐੱਫਆਈਆਰ ਮੁਤਾਬਕ ਜਦੋਂ ਪਰਿਵਾਰ ਨੇ ਇਹ ਰਕਮ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਬਲਜੀਤ ਕੌਰ ਨਾਂ ਦੀ ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਮੁਕੇਸ਼ ਥਾਇਲੈਂਡ ਵਿੱਚ ਜਿਨ੍ਹਾਂ ਬੰਦਿਆਂ ਦੀ ਹਿਰਾਸਤ ਵਿੱਚ ਹੈ ਉਸ ਉਸ ਨੂੰ ਮਾਰ ਦੇਣਗੇ।
ਸ਼ਿਕਾਇਤ ਦੇ ਮੁਤਾਬਕ ਆਪਣੇ ਬੱਚੇ ਦੀ ਫਿਕਰ ਵਿੱਚ ਡੁੱਬੇ ਮੁਕੇਸ਼ ਦੇ ਮਾਪਿਆਂ ਨੇ ਸਤੰਬਰ 2023 ਵਿੱਚ ਤਿੰਨ ਕਿਸ਼ਤਾਂ ਵਿੱਚ 10 ਲੱਖ ਤੋਂ ਵੱਧ ਰੁਪਏ ਦਿੱਤੇ ਅਤੇ ਇਹ ਮਿੰਨਤ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਸਕੋ ਭੇਜਿਆ।
ਬੀਬੀਸੀ ਕੋਲ ਮੌਜੂਦ ਐੱਫਆਈਆਰ ਦੀ ਕਾਪੀ ਦੇ ਮੁਤਾਬਕ, ਏਜੰਟਾਂ ਨੇ ਮੁਕੇਸ਼ ਨੂੰ ਮਾਸਕੋ ਭੇਜ ਦਿੱਤਾ ਪਰ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਬਲੈਕਮੇਲ ਅਤੇ ਤਸ਼ੱਦਦ ਇੱਥੇ ਨਹੀਂ ਰੁਕਿਆ।
ਉੱਥੇ ਡੌਂਕਰਾਂ ਨੇ ਮੁਕੇਸ਼ ਨੂੰ ਬੰਦੀ ਬਣਾ ਲਿਆ।
ਡੰਕੀ ਸ਼ਬਦ ਕਿਸੇ ਹੋਰ ਮੁਲਕ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਨੂੰ ਕਿਹਾ ਜਾਂਦਾ ਹੈ, ਇਸ ਮਨੁੱਖ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਡੌਂਕਰ ਕਿਹਾ ਜਾਂਦਾ ਹੈ।ਇੱਥੇ ਡੌਂਕਰਾਂ ਨੇ ਕਥਿਤ ਤੌਰ ਉੱਤੇ ਮੁਕੇਸ਼ ਨਾਲ ਤਸ਼ੱਦਦ ਕੀਤਾ।

ਤਸਵੀਰ ਸਰੋਤ, kamal Saini/BBC
'ਤਸੀਹੇ ਦਿੱਤੇ ਗਏ'
ਬੀਬੀਸੀ ਨਾਲ ਗੱਲ ਕਰਦਿਆਂ ਮੁਕੇਸ਼ ਨੇ ਦੱਸਿਆ, “ਉਹ ਮੇਰੇ ਗਲੇ ਉੱਤੇ ਚਾਕੂ ਰੱਖ ਕੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲ ਲਾਇਆ ਕਰਦੇ ਸੀ।”
ਉਸ ਨੇ ਦੱਸਿਆ, “ਜਦੋਂ ਮੇਰਾ ਪਰਿਵਾਰ ਪੈਸੇ ਭੇਜਣ ਵਿੱਚ ਦੇਰੀ ਕਰਦਾ ਤਾਂ ਉਹ ਮੇਰੇ ਉੱਤੇ ਬਲਦੀ ਸਿਗਰਟ ਲਗਾਉਂਦੇ ਸਨ।”
ਐੱਫਆਈਆਰ ਦੇ ਮੁਤਾਬਕ ਮੁਕੇਸ਼ ਦੇ ਪਿਤਾ ਸ਼ਿਆਮ ਲਾਲ ਨੇ ਅੱਬਾਸ ਨਾਮ ਦੇ ਮੁਲਜ਼ਮ ਨੂੰ ਤਿੰਨ ਕਿਸ਼ਤਾਂ ਵਿੱਚ 10 ਲੱਖ ਰੁਪਏ ਭੇਜੇ।
ਉਨ੍ਹਾਂ ਨੇ ਅੱਬਾਸ ਅੱਗੇ ਹਾੜੇ ਕੱਢੇ ਕੇ ਉਹ ਉਨ੍ਹਾਂ ਦੇ ਪੁੱਤਰ ਨੂੰ ਭਾਰਤ ਵਾਪਸ ਭੇਜਣ।
ਬੀਬੀਸੀ ਨੇ ਮੁਲਜ਼ਮ ਬਲਜੀਤ ਕੌਰ ਅਤੇ ਅੱਬਾਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਦੇ ਫੋਨ ਬੰਦ ਸਨ। ਇਹ ਫੋਨ ਨੰਬਰ ਮੁਕੇਸ਼ ਦੇ ਪਰਿਵਾਰ ਨੇ ਹਰਿਆਣਾ ਦੀ ਪੁਲਿਸ ਨੂੰ ਦਿੱਤੇ ਸਨ।

ਤਸਵੀਰ ਸਰੋਤ, kamal Saini/BBC
ਹੋਰ ਵੀ ਕਈ ਮੁੰਡੇ ਸਨ, ਜਿਨ੍ਹਾਂ ਦੇ ਪਰਿਵਾਰ ਤੋਂ ਪੈਸੇ ਆਉਂਦੇ ਸਨ ਉਨ੍ਹਾਂ ਨੂੰ ਤਾਂ ਜ਼ਿੰਦਾ ਰੱਖਿਆ ਗਿਆ ਤੇ ਜੇ ਪੈਸੇ ਨਾ ਆਉਂਦੇ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ।
ਰੂਸ ਦੀ ਜੇਲ੍ਹ ਵਿੱਚ ਕਿਵੇਂ ਪਹੁੰਚੇ
ਮੁਕੇਸ਼ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਉੱਥੋਂ ਦੇ ਸਥਾਨਕ ਸਮੂਹਾਂ ਦੇ ਹਵਾਲੇ ਕਰ ਦਿੱਤਾ ਗਿਆ ਜਿਹੜੇ ਬੇਲਾਰੂਸ ਵਿੱਚ ਰੂਸੀ ਆਰਮੀ ਦੇ ਸੰਪਰਕ ਵਿੱਚ ਸਨ।
ਉਸ ਨੇ ਦੱਸਿਆ ਕਿ ਡੌਂਕਰ ਉਨ੍ਹਾਂ ਨੂੰ ਮਾਸਕੋ ਤੋਂ ਬੇਲਾਰੁਸ ਲੈ ਗਏ ਸਨ।
ਮੁਕੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਸਥਾਨਕ ਸਮੂਹਾਂ ਨੇ ਸੰਨੀ ਅਤੇ ਮੁਕੇਸ਼ ਨੂੰ ਧਮਕੀ ਦਿੱਤੀ ਕਿ ਜਾਂ ਤਾਂ ਉਹ ਰੂਸੀ ਫੌਜ ਵਿੱਚ ਭਰਤੀ ਹੋਣ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ 10 ਸਾਲਾਂ ਲਈ ਜੇਲ੍ਹ ਵਿੱਚ ਜਾਣਾ ਪਵੇਗਾ।
ਮੁਕੇਸ਼ ਦੱਸਦੇ ਹਨ ਕਿ ਉਨ੍ਹਾਂ ਨੂੰ ਮਾਫ਼ੀਆ ਦੇ ਹਵਾਲੇ ਕਰ ਦਿੱਤਾ ਗਿਆ। ਹੁਣ ਉਨ੍ਹਾਂ ਨੇ ਰੂਸ ਦੀ ਫੌਜ ਨਾਲ ਮਿਲ ਕੇ ਉਨ੍ਹਾਂ ਨੂੰ ਕਿਹਾ ਕਿ ਜਾਂ ਤਾਂ ਰੂਸ ਦੀ ਫੌਜ ਵਿੱਚ ਸ਼ਾਮਲ ਹੋ ਜਾਓ ਜਾਂ 10 ਸਾਲ ਦੀ ਸਜ਼ਾ ਕੱਟ ਲਓ।
ਮੁਕੇਸ਼ ਨੇ ਦੱਸਿਆ, "ਮੈਂ 10 ਸਾਲ ਦੀ ਸਜ਼ਾ ਕੱਟਣ ਦਾ ਬਦਲ ਚੁਣਿਆ ਅਤੇ ਇਸ ਦੌਰਾਨ ਜਦੋਂ ਮੈਂ ਉੱਥੇ ਬੀਮਾਰ ਹੋ ਗਿਆ ਸੀ ਤਾਂ ਉਨ੍ਹਾਂ ਨੇ ਹਸਪਤਾਲ ਭਰਤੀ ਕਰਵਾ ਦਿੱਤਾ।"
"ਇਸ ਦੌਰਾਨ ਮੇਰੇ ਨਾਲ ਦੇ ਮੁੰਡਿਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਮੈਂ ਵੀ ਜਦੋਂ 12-13 ਦਿਨਾਂ ਬਾਅਦ ਹਸਪਤਾਲੋਂ ਆਇਆ ਤਾਂ ਮੈਨੂੰ ਵੀ ਜੇਲ੍ਹ ਲੈ ਗਏ।"
ਮੁਕੇਸ਼ ਦੱਸਦੇ ਹਨ ਕਿ ਇਸ ਦੌਰਾਨ ਉਨ੍ਹਾਂ ਦਾ ਘਰ ਵਾਲਿਆਂ ਨਾਲ ਇੱਕ-ਦੋ ਵਾਰ ਸੰਪਰਕ ਹੋ ਸਕਿਆ।

ਤਸਵੀਰ ਸਰੋਤ, kamal Saini/BBC
ਅੱਖਾਂ ਸਾਹਮਣੇ ਸਾਥੀਆਂ ਦੀਆਂ ਲਾਸ਼ਾਂ
ਸੰਨੀ ਦੱਸਦੇ ਹਨ ਕਿ ਉਸ ਦੇ ਸਰੀਰ 'ਤੇ ਵੀ ਸਿਗਰਟ, ਬਲਦੀ ਲੱਕੜ, ਚਾਕੂ ਨਾਲ ਜ਼ਖ਼ਮ ਦਿੱਤੇ ਗਏ ਸਨ।
ਸੰਨੀ ਦੱਸਦੇ ਹਨ, "ਉਨ੍ਹਾਂ ਨੇ ਸਾਨੂੰ ਸ਼ੈਨੇਗਨ ਵੀਜ਼ਾ ਦੀ ਗੱਲ ਕਹੀ ਸੀ। ਪਰ ਸਾਨੂੰ ਬੇਲਾਰੂਸ ਫਸਾ ਦਿੱਤਾ। ਜਿੱਥੇ ਸਾਨੂੰ ਤਸੀਹੇ ਦਿੱਤੇ ਗਏ।"
ਸੰਨੀ ਨੇ ਦਾਅਵਾ ਕੀਤਾ, "ਜਿਨ੍ਹਾਂ ਦੇ ਘਰੋਂ ਪੈਸੇ ਨਹੀਂ ਆਉਂਦੇ ਸਨ, ਅਸੀਂ ਉਨ੍ਹਾਂ ਬੰਦਿਆਂ ਦੀ ਲਾਸ਼ਾਂ ਆਪਣੀ ਅੱਖੀਂ ਦੇਖੀਆਂ।"
ਬੀਬੀਸੀ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ।

ਤਸਵੀਰ ਸਰੋਤ, kamal Saini/BBC
ਬੇਟੇ ਵਾਪਸ ਲਿਆਉਣ ਲਈ ਜ਼ਮੀਨ ਵੇਚਣੀ ਪਈ
ਸੰਨੀ ਦੀ ਮਾਂ ਮੀਨਾ ਦੇਵੀ ਨੇ ਦੱਸਿਆ, "ਸਾਡੇ ਬੱਚਿਆਂ ਨਾਲ ਧੋਖਾ ਹੋਇਆ ਹੈ। ਉਹ ਸਾਡੇ ਬੱਚਿਆਂ ਨੂੰ ਕੁੱਟਦੇ ਸਨ। ਉਹ ਸਾਡੇ ਤੋਂ ਪੈਸੇ ਮੰਗਦੇ ਸਨ। ਸੰਨੀ ਦੇ ਪਿਤਾ ਦਿਲ ਦੇ ਮਰੀਜ਼ ਹਨ, ਉਹ ਕੰਮ ਨਹੀਂ ਕਰ ਸਕਦੇ।"
"ਅਸੀਂ ਆਪਣੀ ਜ਼ਮੀਨ ਵੇਚ ਕੇ ਪੈਸੇ ਭੇਜ ਦਿੱਤੇ। ਅਸੀਂ ਚੈਨ ਨਾਲ ਨੀਂਦ ਵੀ ਨਹੀਂ ਲੈ ਸਕੇ, ਅਸੀਂ ਉਨ੍ਹਾਂ ਦੇ ਸੁਨੇਹਿਆਂ ਦੀ ਸਾਰੀ ਰਾਤ ਉਡੀਕ ਕਰਦੇ ਰਹੇ।"
ਮੁਕੇਸ਼ ਦਾ ਕਹਿਣਾ ਹੈ ਕਿ "ਏਜੰਟਾਂ ਨੂੰ ਪਤਾ ਸੀ ਕਿ ਅਸੀਂ ਜੇਲ੍ਹ ਵਿੱਚ ਹਾਂ, ਇਸ ਲਈ ਉਨ੍ਹਾਂ ਨੇ ਕਿਸੇ ਹੋਰ ਨੂੰ ਸਾਡੇ ਘਰ ਫੋਨ ਕਰਨ ਲਈ ਕਿਹਾ ਕਿ ਉਨ੍ਹਾਂ ਦਾ ਪੁੱਤਰ ਜੇਲ੍ਹ ਵਿੱਚ ਹੈ।"
ਏਜੰਟਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਕਿਹਾ ਕਿ ਉਹ ਇੱਕ ਵਕੀਲ ਕਰਨਗੇ ਅਤੇ ਮੁਕੇਸ਼ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ।
ਮੁਕੇਸ਼ ਨੇ ਦੱਸਿਆ, "ਏਜੰਟਾਂ ਨੇ ਮੇਰੇ ਪਰਿਵਾਰ ਤੋਂ ਲਿਖਤੀ ਸਮਝੌਤਾ ਕਰਵਾ ਲਿਆ ਅਤੇ ਫਿਰ ਉਨ੍ਹਾਂ ਦੇ ਫ਼ੋਨ ਨੰਬਰ ਬਲਾਕ ਕਰ ਦਿੱਤੇ।"
"ਉਸ ਤੋਂ ਬਾਅਦ, ਮੇਰੇ ਪਰਿਵਾਰ ਨੇ ਇੱਕ ਹੋਰ ਵਕੀਲ ਕੀਤਾ ਅਤੇ ਮੇਰੀ ਜ਼ਮਾਨਤ ਕਰਵਾਈ ਵਕੀਲ ਨੇ ਸਾਡੇ 6 ਲੱਖ ਰੁਪਏ ਲਏ ਫਿਰ ਮੈਨੂੰ ਜ਼ਮਾਨਤ ਮਿਲੀ ਅਤੇ ਭਾਰਤ ਭੇਜਿਆ ਗਿਆ।
ਪਰਿਵਾਰ ਨੇ ਆਪਣੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਆਪਣੀ ਜੱਦੀ ਜ਼ਮੀਨ, ਪਸ਼ੂ ਅਤੇ ਆਪਣਾ ਘਰ ਵੇਚ ਦਿੱਤਾ।
ਮੁਕੇਸ਼ ਅਤੇ ਸੰਨੀ 28 ਮਾਰਚ ਨੂੰ ਭਾਰਤ ਪਹੁੰਚੇ ਸਨ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਵਿਦੇਸ਼ ਨਹੀਂ ਜਾਣਾ ਚਾਹੁੰਦੇ।

ਤਸਵੀਰ ਸਰੋਤ, kamal Saini/BBC
'ਮਨੁੱਖੀ ਤਸਕਰੀ ਦਾ ਵੱਡਾ ਨੈੱਟਵਰਕ'
ਭਾਰਤ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਕਾਨੂੰਨੀ ਏਜੰਸੀਆਂ ਨੇ ਇੱਕ "ਮੁੱਖ ਮਨੁੱਖੀ ਤਸਕਰੀ ਨੈਟਵਰਕ" ਦਾ ਪਰਦਾਫਾਸ਼ ਕੀਤਾ ਹੈ ਜੋ ਨੌਜਵਾਨਾਂ ਨੂੰ ਯੂਕਰੇਨ ਵਿੱਚ ਲੜਨ ਲਈ ਮਜ਼ਬੂਰ ਕਰਨ ਲਈ ਨੌਕਰੀਆਂ ਦੇ ਵਾਅਦੇ ਨਾਲ ਰੂਸ ਲੈ ਕੇ ਜਾਣ ਦਾ ਲਾਲਚ ਦਿੰਦਾ ਹੈ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕਿਹਾ ਸੀ ਕਿ ਇਸ ਤਰੀਕੇ ਨਾਲ ਹੁਣ ਤੱਕ ਲਗਭਗ 35 ਵਿਅਕਤੀਆਂ ਨੂੰ ਰੂਸ ਭੇਜਿਆ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀਆਂ ਦੇ ਜੰਗ ਵਿੱਚ ਫਸਾਏ ਜਾਣ ਦੇ ਹਰ ਮਾਮਲੇ ਨੂੰ ਮਾਸਕੋ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ।
ਰੂਸ ਵਿਚ ਟਕਰਾਅ ਵਿਚ ਫਸੇ ਭਾਰਤੀਆਂ ਬਾਰੇ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ,
"ਸਾਨੂੰ ਪਤਾ ਹੈ ਕਿ ਕੁਝ ਭਾਰਤੀ ਨਾਗਰਿਕਾਂ ਨੇ ਰੂਸੀ ਫੌਜ ਨਾਲ ਸਹਾਇਕ ਨੌਕਰੀਆਂ ਲਈ ਭਰਤੀ ਕੀਤਾ ਗਿਆ ਹੈ। ਭਾਰਤੀ ਦੂਤਾਵਾਸ ਨੇ ਉਨ੍ਹਾਂ ਦੀ ਜਲਦੀ ਛੁੱਟੀ ਲਈ ਨਿਯਮਿਤ ਤੌਰ 'ਤੇ ਸਬੰਧਤ ਰੂਸੀ ਅਧਿਕਾਰੀਆਂ ਕੋਲ ਇਹ ਮਾਮਲਾ ਚੁੱਕਿਆ ਹੈ। ਅਸੀਂ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਅਤੇ ਰਹਿਣ ਦੀ ਅਪੀਲ ਕਰਦੇ ਹਾਂ। ਇਸ ਟਕਰਾਅ ਤੋਂ ਦੂਰ।"
ਭਾਰਤ ਦੇ ਤੇਲੰਗਾਨਾ ਦੇ ਮੁਹੰਮਦ ਅਫਸਨ ਅਤੇ ਗੁਜਰਾਤ ਸੂਬਿਆ ਦੇ ਅਤੇ ਹਾਮਿਲ ਮੰਗੂਕੀਆ ਜੰਗ ਵਿੱਚ ਮਾਰੇ ਗਏ ਸਨ।
ਸੋਸ਼ਲ ਮੀਡੀਆ 'ਤੇ ਭਾਰਤੀ ਪੁਰਸ਼ਾਂ ਦੀਆਂ ਆਪਣੀ ਮਾੜੀ ਹਾਲਤ ਬਾਰੇ ਦੱਸਦਿਆਂ ਦੇ ਕਈ ਵੀਡੀਓਜ਼ ਸਾਹਮਣੇ ਆਏ ਹਨ।
ਪਿਛਲੇ ਮਹੀਨੇ ਸਾਂਝੀ ਕੀਤੀ ਅਜਿਹੀ ਇੱਕ ਵੀਡੀਓ ਵਿੱਚ, ਸੱਤ ਆਦਮੀਆਂ ਦੇ ਇੱਕ ਸਮੂਹ ਨੇ ਭਾਰਤ ਸਰਕਾਰ ਤੋਂ ਘਰ ਵਾਪਸੀ ਲਈ ਮਦਦ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਸੈਲਾਨੀ ਵੀਜ਼ੇ 'ਤੇ ਰੂਸ ਗਏ ਸਨ ਪਰ ਹੁਣ ਉਨ੍ਹਾਂ ਨੂੰ ਇਸ ਦੀ ਫੌਜ ਵਿੱਚ ਸੇਵਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਬੀਬੀਸੀ ਪੰਜਾਬੀ ਨੇ ਉੱਥੇ ਫਸੇ ਇੱਕ ਵਿਅਕਤੀ ਗਗਨਦੀਪ ਨਾਲ ਗੱਲ ਕੀਤੀ ਅਤੇ ਯੂਕਰੇਨ-ਰੂਸ ਸਰਹੱਦ 'ਤੇ ਸਥਿਤੀ ਬਾਰੇ ਦੱਸਿਆ ਅਤੇ ਮਦਦ ਦੀ ਅਪੀਲ ਕੀਤੀ।
ਬੀਬੀਸੀ ਨੇ ਇਨ੍ਹਾਂ ਵਿਅਕਤੀਆਂ ਦੇ ਪਰਿਵਾਰਾਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਦਖਲ ਦੇਣ ਅਤੇ ਇਨ੍ਹਾਂ ਵਿਅਕਤੀਆਂ ਨੂੰ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ।









