ਆਸਲ ਉਤਾੜ ਦੀ ਲੜਾਈ: ਜਦੋਂ ਇੱਕ ਭਾਰਤੀ ਡਿਵੀਜ਼ਨ ਨੇ ਹਾਰੀ ਬਾਜ਼ੀ ਮਾਰ ਲਈ

ਤਸਵੀਰ ਸਰੋਤ, Govt of India Archives
- ਲੇਖਕ, ਮਨਦੀਪ ਬਾਜਵਾ
- ਰੋਲ, ਬੀਬੀਸੀ ਲਈ
ਸੰਨ 1965 ਦੇ ਸਤੰਬਰ ਮਹੀਨੇ ਦੌਰਾਨ ਭਾਰਤੀ ਫ਼ੌਜ ਦੀ 4 ਮਾਊਂਟੇਨ ਡਿਵੀਜ਼ਨ ਨੇ ਪਾਕਿਸਤਾਨ ਦੇ ਖਿਲਾਫ਼ ਇੱਕ ਲਗਭਗ ਹਾਰੀ ਜਾ ਚੁੱਕੀ ਲੜਾਈ ਨੂੰ ਜਿੱਤਿਆ। ਇਸ ਲੜਾਈ ਨੂੰ ਆਸਲ ਉਤਾੜ ਦੀ ਲੜਾਈ ਕਿਹਾ ਜਾਂਦਾ ਹੈ।
ਸੰਨ 1965 ਵਿੱਚ ਪਾਕਿਸਤਾਨ ਨੂੰ ਅਮਰੀਕੀ ਮਦਦ ਹਾਸਲ ਸੀ, ਉਸ ਕੋਲ ਇੱਕ ਹਮਲਾਵਰ ਵਿਦੇਸ਼ ਨੀਤੀ ਸੀ। ਇਸ ਤੋਂ ਇਲਾਵਾ 1962 ਵਿੱਚ ਚੀਨ ਖਿਲਾਫ਼ ਭਾਰਤ ਦੇ ਮਾੜੇ ਪ੍ਰਦਰਸ਼ਨ ਨੇ ਉਸ ਵਿੱਚ ਹਮਲਾ ਕਰਨ ਦਾ ਹੌਸਲਾ ਭਰਿਆ। ਆਖਰ ਉਸ ਨੇ ਜੰਮੂ-ਕਸ਼ਮੀਰ ਉੱਤੇ ਕਬਜ਼ੇ ਦੇ ਇਰਾਦੇ ਨਾਲ ਇਹ ਹਮਲਾ ਕੀਤਾ।
ਜੰਮੂ-ਕਸ਼ਮੀਰ ਵਿੱਚ ਹਾਲਾਤ ਖ਼ਰਾਬ ਕਰਨ ਅਤੇ ਲੋਕਾਂ ਨੂੰ ਬਗਾਵਤ ਲਈ ਉਕਸਾਉਣ ਦੇ ਇਰਾਦੇ ਨਾਲ ਗੁਰੀਲਿਆਂ ਨੂੰ ਘੁਸਪੈਠ ਕਰਵਾਈ ਗਈ। ਭਾਰਤੀ ਫੌਜ ਨੂੰ ਇਨ੍ਹਾਂ ਸਰਗਰਮੀਆਂ ਬਾਰੇ ਅਗਸਤ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਪਤਾ ਚੱਲ ਗਿਆ ਸੀ ਅਤੇ ਖਤਮ ਕਰਨ ਲਈ ਕਦਮ ਚੁੱਕੇ ਜਾਣ ਲੱਗੇ ਸਨ।
ਰੱਖਿਆਤਮਕ ਖੇਡਣ ਤੋਂ ਇਲਾਵਾ ਭਾਰਤੀ ਫੌਜੀ ਟੁਕੜੀਆਂ ਨੇ ਗੋਲੀ-ਬੰਦੀ ਦੀ ਰੇਖਾ (ਸੀਐੱਫਐੱਲ) ਦੀ ਉਲੰਘਣਾ ਕੀਤੀ ਅਤੇ ਪਿਛਲੇ ਰਸਤੇ ਦੀ ਜਾ ਕੇ ਪਾਕਿਸਤਾਨੀ ਘੁਸਪੈਠੀਆਂ ਨੂੰ ਮਿਲ ਰਹੀ ਕੁਮਕ ਦੇ ਰਾਹ ਬੰਦ ਕੀਤੇ।
ਗੁਰੀਲਾ ਯੁੱਧ ਨੀਤੀ ਤਹਿਤ ਅੰਜਾਮ ਦਿੱਤੇ ਜਾ ਰਹੇ ਅਪਰੇਸ਼ਨ ਜਿਬਰਾਲਟਰ ਦੇ ਨਾਕਾਮ ਰਹਿਣ ਮਗਰੋਂ ਹੁਣ ਪਾਕਿਸਤਾਨ ਨੇ ਰਵਾਇਤੀ ਜੰਗ ਦਾ ਫੈਸਲਾ ਕੀਤਾ। ਉਨ੍ਹਾਂ ਦੀ 12ਵੀਂ ਡਿਵੀਜ਼ਨ ਨੇ ਸਰਹੱਦ ਉੱਤੇ ਇੱਕ ਵੱਡੇ ਇਲਾਕੇ ਥਾਣੀਂ ਟੈਂਕਾਂ-ਤੋਪਾਂ ਦੀ ਓਟ ਲੈਂਦਿਆਂ ਛੰਬ-ਜੌੜੀਆਂ ਖੇਤਰ ਉੱਤੇ ਹਮਲਾ ਕੀਤਾ।
ਇਸ ਖੇਤਰ ਵਿੱਚ ਬਹੁਤ ਥੋੜ੍ਹੀ ਭਾਰਤੀ ਫੌਜ ਤੈਨਾਤ ਸੀ, ਜਿਸ ਨੂੰ ਜਲਦੀ ਹੀ ਪਿੱਛੇ ਹਟਣਾ ਪਿਆ। ਦੂਜੇ ਖੇਤਰਾਂ ਦੀ ਸੁਰੱਖਿਆ ਨੂੰ ਤਾਕ ਉੱਤੇ ਰੱਖੇ ਬਿਨਾਂ ਛੰਬ ਨੂੰ ਕੁਮਕ ਨਹੀਂ ਭੇਜੀ ਜਾ ਸਕਦੀ ਸੀ। ਛੰਬ ਦਾ ਪੁਲ ਕਮਜ਼ੋਰ ਹੋਣ ਕਾਰਨ ਵੱਡੇ ਜੰਗੀ ਟੈਂਕ ਉੱਥੇ ਨਹੀਂ ਪਹੁੰਚਾਏ ਜਾ ਸਕਦੇ ਸਨ।
ਲਗਾਤਾਰ ਵਿਗੜ ਰਹੀ ਸਥਿਤੀ ਦੇ ਮੱਦੇ ਨਜ਼ਰ ਪਾਕਿਸਤਾਨ ਦੇ ਹਮਲੇ ਨੂੰ ਠੱਲ੍ਹ ਪਾਉਣਾ ਜ਼ਰੂਰੀ ਸੀ। ਇਸ ਲਈ ਲੋੜ ਸੀ ਕਿ ਉਸਦਾ ਕਿਸੇ ਹੋਰ ਪਾਸੇ ਧਿਆਨ ਭਟਕਾਇਆ ਜਾਵੇ। ਨਹੀਂ ਤਾਂ ਅਖਨੂਰ ਅਤੇ ਉੱਤਰ ਵੱਲ ਰਾਜੌਰੀ ਅਤੇ ਪੁੰਛ ਨੂੰ ਵੀ ਖ਼ਤਰਾ ਹੋ ਗਿਆ ਸੀ।
ਗੁਜਰਾਤ ਦੇ ਕੱਛ ਵਿੱਚ ਪਾਕਿਸਤਾਨ ਦੀ ਸ਼ੁਰੂਆਤੀ ਕਾਰਵਾਈ ਤੋਂ ਬਾਅਦ ਦੂਰ-ਅੰਦੇਸ਼ ਭਾਰਤੀ ਫੌਜੀ ਲੀਡਰਸ਼ਿਪ ਨੇ ਰਿਡਲ ਅਤੇ ਨੇਪਾਲ ਨਾਮ ਹੇਠ ਦੋ ਹਮਲਾਵਰ ਪੈਂਤੜੇ ਪਹਿਲਾਂ ਹੀ ਬਣਾ ਲਏ ਸਨ।
ਪਹਿਲੀ ਫਾਰਮੇਸ਼ਨ ਤਹਿਤ ਪਾਕਿਸਤਾਨ ਦੇ ਕਸੂਰ ਅਤੇ ਲਾਹੌਰ ਨੂੰ ਖ਼ਤਰਾ ਪੈਦਾ ਕੀਤਾ ਜਾਣਾ ਸੀ। ਜਦਕਿ ਦੂਜੀ ਵਿੱਚ ਸਿਆਲਕੋਟ ਬਲਜ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ, ਜੋ ਕਿ ਰਣਨੀਤਿਕ ਪੈਂਤੜੇ ਤੋਂ ਉਸਦਾ ਇੱਕ ਅਹਿਮ ਸ਼ਹਿਰ ਸੀ।
ਆਪਰੇਸ਼ਨ ਰਿਡਲ ਨੂੰ ਤਿੰਨ ਇਨਫੈਂਟਰੀ ਡਿਵੀਜ਼ਨਾਂ ਨੇ ਗਿਆਰਵੀਂ ਕੌਰਪਸ ਦੀ ਕਮਾਂਡ ਹੇਠ ਕਰਨਾ ਸੀ। ਇਸਦਾ ਮਕਸਦ ਲਾਹੌਰ ਅਤੇ ਕਸੂਰ ਨੂੰ ਖ਼ਤਰਾ ਪੈਦਾ ਕਰਕੇ ਅਖਨੂਰ ਉੱਤੇ ਦਬਾਅ ਨੂੰ ਘਟਾਉਣਾ ਸੀ। ਰਸਤੇ ਵਿੱਚ ਬੰਬਾਂਵਾਲਾ-ਰਾਵੀ-ਬੇਦੀਆਂ (ਬੀਆਰਬੀ) ਨਹਿਰ ਤੱਕ ਪਾਕਿਸਤਾਨੀ ਭੂਮੀ ਉੱਤੇ ਕਬਜ਼ਾ ਕਰਦੇ ਜਾਣਾ ਸੀ।
ਤਾਂ ਜੋ ਪਾਣੀ ਦੀ ਕੁਦਰਤੀ ਰੁਕਾਵਟ ਦਾ ਲਾਭ ਲੈਂਦਿਆਂ ਆਰਥਿਕ ਪੱਖ ਤੋਂ ਅਹਿਮ, ਭਾਰਤੀ ਪੰਜਾਬ ਦੇ ਮਾਝੇ ਇਲਾਕੇ ਨੂੰ ਪਾਕਿਸਤਾਨੀ ਫੌਜ ਦੇ ਹਮਲੇ ਤੋਂ ਬਚਾਇਆ ਜਾ ਸਕੇ।
15 ਅਤੇ 7 ਇਨਫੈਂਟਰੀ ਡਿਵੀਜ਼ਨਾਂ ਨੇ ਕ੍ਰਮਵਾਰ ਜੀਟੀ ਰੋਡ ਤੋਂ ਲਾਹੌਰ ਅਤੇ ਬੀਆਰਬੀ ਐਕਸਿਸ ਵੱਲ ਕੂਚ ਕਰਨੀ ਸੀ। ਭਿੱਖੀਵਿੰਡ ਅਤੇ ਖਾਲੜਾ ਭਾਰਤ ਵਿੱਚ ਸਨ ਜਦਕਿ ਬਰਕੀ ਪਾਕਿਸਤਾਨ ਦਾ ਪਿੰਡ ਸੀ।
ਇਸ ਤੋਂ ਇਲਾਵਾ ਬ੍ਰਿਗੇਡੀਅਰ ਟੀਕੇ ਥਿਓਗਰਾਜ ਦੀ ਕਮਾਂਡ ਹੇਠ 2 (ਸੁਤੰਤਰ) ਆਰਮਰਡ ਬ੍ਰਿਗੇਡ ਜੰਗ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣ ਲਈ ਰਾਖਵੀਂ ਰੱਖੀ ਗਈ ਸੀ।

ਚਾਰ ਮਾਉਂਟੇਨ ਡਿਵੀਜ਼ਨ ਅਤੇ ਦੂਜੇ ਵਿਸ਼ਵ ਯੁੱਧ ਦੀ ਮਸ਼ਹੂਰ ਰੈੱਡ ਈਗਲਸ ਨੂੰ ਮੇਜਰ ਜਨਰਲ ਗੁਰਬਖਸ਼ ਸਿੰਘ ਬੱਧਨੀ ਕਲਾਂ (ਮੋਗਾ) ਦੀ ਅਗਵਾਈ ਵਿੱਚ ਤਿਆਰ ਰੱਖਿਆ ਗਿਆ। ਇਸ ਨੇ ਬੀਆਰਬੀ ਨਹਿਰ ਤੱਕ ਦੇ ਇਲਾਕੇ ਤੱਕ ਰਸਤੇ ਵਿੱਚ ਪਾਣੀ ਦੇ ਸਾਰੇ ਪੁਲਾਂ ਨੂੰ ਨਸ਼ਟ ਕਰਦੇ ਹੋਏ, ਕਸੂਰ ਨੂੰ ਡਰ ਪੈਦਾ ਕਰਨਾ ਸੀ।
ਇਸ ਯੋਜਨਾ ਵਿੱਚ ਡੈਕਨ ਹੌਰਸ ਦੀ ਇੱਕ ਟੈਂਕ ਰੈਜੀਮੈਂਟ ਵੀ ਸ਼ਾਮਿਲ ਸੀ ਜੋ ਕਿ ਮੈਦਾਨੀ ਖੇਤਰ ਵਿੱਚ ਲੜੀ ਜਾਣ ਵਾਲੀ ਇਸ ਲੜਾਈ ਦਾ ਅਨਿੱਖੜ ਅੰਗ ਸੀ। ਡੇਕਨ ਹੌਰਸ ਮੈਦਾਨੀ ਯੁੱਧ ਕਲਾ ਵਿੱਚ ਆਪਣੀ ਮੁਹਾਰਤ ਲਈ ਜਾਣੀ ਜਾਂਦੀ ਸੀ।
ਕਸੂਰ, ਖੇਮ ਕਰਨ ਸਰਹੱਦ ਤੋਂ ਛੇ ਕਿੱਲੋਮੀਟਰ ਪਾਕਿਸਤਾਨ ਵਾਲੇ ਪਾਸੇ ਸਥਿਤ ਹੈ। ਇਹ ਲਾਹੌਰ ਨਾਲ ਜੁੜਿਆ ਇੱਕ ਅਹਿਮ ਸ਼ਹਿਰ ਸੀ। ਰੋਹੀ ਨਾਲਾ, ਪਾਕਿਸਾਤਾਨ ਦੀ ਇੱਕ ਬਰਸਾਤੀ ਡਰੇਨ ਸੀ। ਪਾਕਿਸਤਾਨੀ ਫ਼ੌਜ ਨੇ ਇਸ ਨੂੰ ਡੂੰਘਾ ਕਰਕੇ ਇਸਦੇ ਕਿਨਾਰਿਆਂ ਉੱਤੇ ਰੇਤ ਦੀਆਂ ਬੋਰੀਆਂ ਦੀਆਂ ਚੌਂਕੀਆਂ ਬਣਾ ਦਿੱਤੀਆਂ ਸਨ।
ਭਾਰਤ ਅਤੇ ਪਾਕਿਸਤਾਨ ਦਰਮਿਆਨ ਇਹ ਇੱਕ ਰੜਾ ਮੈਦਾਨ ਸੀ। ਜਿਸ ਨੂੰ ਖੇਤ ਅਤੇ ਸਿੰਚਾਈ ਨਹਿਰਾਂ ਵੰਡ ਰਹੀਆਂ ਸਨ। ਇਸ ਇਲਾਕੇ ਦੇ ਗੰਨੇ ਦੇ ਖੇਤਾਂ ਨੇ ਜੰਗ ਵਿੱਚ ਅਹਿਮ ਭੂਮਿਕਾ ਨਿਭਾਉਣੀ ਸੀ।
ਪਾਕਿਸਤਾਨ ਵੱਲੋਂ ਮੇਜਰ ਜਨਰਲ ਅਬਦੁੱਲ ਹਮੀਦ ਖ਼ਾਨ ਦੀ ਅਗਵਾਈ ਵਿੱਚ ਨਵੀਂ ਬਣਾਈ ਗਈ 11ਵੀਂ ਡਿਵੀਜ਼ਨ ਦੋਵਾਂ ਪਾਸਿਆਂ ਤੋਂ ਕਸੂਰ ਦੀ ਰਾਖੀ ਕਰ ਰਹੀ ਸੀ। ਇਸ ਤੋਂ ਇਲਾਵਾ ਪਾਕਿਸਤਾਨ ਦੀ ਇੱਕ ਹੋਰ ਹਮਲਾਵਰ ਟੁਕੜੀ ਮੇਜਰ ਜਨਰਲ ਨਸੀਰ ਅਹਿਮਦ ਦੀ ਅਗਵਾਈ ਵਿੱਚ ਕੋਲ ਹੀ ਤੈਨਾਤ ਸੀ ਜਿਸ ਬਾਰੇ ਭਾਰਤੀ ਇੰਟੈਲੀਜੈਂਸ ਵਾਲਿਆਂ ਨੂੰ ਕੋਈ ਖ਼ਬਰ ਨਹੀਂ ਸੀ।
ਚਾਰ ਮਾਉਂਟੇਨ ਡਿਵੀਜ਼ਨ ਅੰਬਾਲੇ ਅਤੇ ਪਹਾੜੀ ਛਾਉਣੀਆਂ ਵਿੱਚ ਸਥਿਤ ਸੀ। ਇਸਦੀ ਇੱਕ ਫਾਰਮੇਸ਼ਨ 33 ਮਾਊਂਟੇਨ ਬ੍ਰਿਗੇਡ ਪੱਕੇ ਤੌਰ ਉੱਤੇ ਹਿਮਾਚਲ-ਤਿੱਬਤ ਸਰਹੱਦ ਉੱਤੇ ਬੈਠੀ ਸੀ।
ਡਿਵੀਜ਼ਨ ਦੀਆਂ ਦੋ ਹੋਰ ਬ੍ਰਿਗੇਡਾਂ 7 ਅਤੇ 62 ਨਾਲ ਖੇਮ ਕਰਨ ਅਤੇ ਇਸਦੇ ਆਸ-ਪਾਸ ਆਪਣੇ ਮਿਲਣ ਸਥਾਨ ਵੱਲ ਰਵਾਨਾ ਹੋਈਆਂ। ਇਸ ਕੂਚ ਲਈ ਪੰਜ ਸਤੰਬਰ ਦੀ ਸ਼ਾਮ ਦੇ ਘੁਸਮੁਸੇ ਦਾ ਸਮਾਂ ਚੁਣਿਆ ਗਿਆ ਤਾਂ ਜੋ ਪਾਕਿਸਤਾਨ ਦੀ ਫੌਜ ਨੂੰ ਇਸ ਹਲਚਲ ਦੀ ਭਿਣਕ ਨਾ ਪਵੇ।
ਇਸ ਲਈ ਫੌਜੀ ਟੁਕੜੀਆਂ ਅਤੇ ਕਮਾਂਡਰਾਂ ਕੋਲ ਇਲਾਕੇ ਦਾ ਮੁਆਇਨਾ ਕਰਨ ਅਤੇ ਆਪਣੇ ਟੀਚਿਆਂ ਨੂੰ ਦੇਖਣ ਦਾ ਕੋਈ ਮੌਕਾ ਨਹੀਂ ਸੀ।
ਜਨਰਲ ਗੁਰਬਖਸ਼ ਸਿੰਘ ਦੀ ਯੋਜਨਾ ਸੀ ਕਿ ਪਹਿਲੇ ਪੜਾਅ ਵਿੱਚ 1 ਅਤੇ 62 ਮਾਊਂਟੇਨ ਬ੍ਰਿਗੇਡ ਬ੍ਰਿਗੇਡੀਅਰ ਗਹਿਲੋਤ ਦੀ ਅਗਵਾਈ ਵਿੱਚ ਖੇਮ ਕਰਨ ਦੇ ਆਲੇ-ਦੁਆਲੇ ਤੋਂ ਹਮਲਾ ਕਰੇਗੀ ਅਤੇ ਬੀਆਰਬੀ ਦੇ ਪੂਰਬੀ ਇਲਾਕੇ ਨੂੰ ਕਬਜ਼ੇ ਵਿੱਚ ਲਵੇਗੀ ਅਤੇ ਰਸਤੇ ਵਿੱਚ ਸਾਰੇ ਪੁਲਾਂ ਨੂੰ ਤਬਾਹ ਕਰਦੀ ਜਾਵੇਗੀ।
ਇੱਕ ਵਾਧੂ ਬਟਾਲੀਅਨ 1/9 ਗੋਰਖਾ ਰਾਈਫ਼ਲਜ਼ ਅਤੇ ਡੈਕਨ ਹੌਰਸਜ਼ (ਜਿਸ ਵਿੱਚ ਦੋ ਸਕੁਐਡਰਨ ਘੱਟ ਸਨ) ਨੂੰ ਇਸਦੀ ਕਮਾਂਡ ਹੇਠ ਰੱਖਿਆ ਗਿਆ ਸੀ।
ਦੂਜੇ ਪੜਾਅ ਵਿੱਚ ਡੀਐੱਸ ਸਿੱਧੂ ਦੀ ਕਮਾਂਡ ਵਿੱਚ 7 ਮਾਊਂਟਨ ਬ੍ਰਿਗੇਡ ਦੀ ਜ਼ਿੰਮੇਵਾਰੀ ਬੀਆਰਬੀ ਨਹਿਰ ਤੱਕ ਦੇ ਇਲਾਕੇ ਉੱਤੇ ਕਬਜ਼ਾ ਕਰਨਾ ਅਤੇ ਬੇਦੀਆਂ ਤੋਂ ਬੱਲਾਂਵਾਲਾ ਅਤੇ ਰਸਤੇ ਵਿੱਚ ਸਾਰੇ ਪੁਲ ਨੇਸਤੋ-ਨਾਬੂਦ ਕਰਨੇ ਸਨ।
ਡੇਕਨ ਹੌਰਸਜ਼ ਦੇ ਟੈਂਕਾਂ ਦੀ ਇੱਕ ਸਕੁਐਡਰਨ ਵੀ ਇਸਦੀ ਕਮਾਂਡ ਹੇਠ ਰੱਖੀ ਗਈ ਸੀ।
ਮਾਝੇ ਇਲਾਕੇ ਨੂੰ ਬਚਾਉਣ ਦਾ ਸਵਾਲ

ਤਸਵੀਰ ਸਰੋਤ, DEFENCE.PK
ਹੁਣ ਭਾਰਤ ਲਈ ਆਪਣੀ ਝਿਜਕ ਨੂੰ ਪਾਸੇ ਰੱਖ ਕੇ ਪਾਕਿਸਤਾਨ ਨੂੰ ਹੈਰਾਨ ਕਰ ਦੇਣ ਦਾ ਸਮਾਂ ਆ ਗਿਆ ਸੀ।
ਛੇ ਸਤੰਬਰ ਦੀ ਸਵੇਰ ਸਵੇਰੇ ਛੇ ਵਜੇ ਪਹਿਲਾ ਪੜਾਅ ਯੋਜਨਾ ਮੁਤਾਬਕ ਪੂਰਾ ਹੋਇਆ। ਬੱਲਾਂਵਾਲਾ ਨੂੰ ਛੱਡ ਕੇ ਸਾਰੇ ਮੋਰਚੇ ਜਿੱਤ ਲਏ ਗਏ। ਬੱਲਾਂਵਾਲਾ ਨੂੰ ਜਿੱਤਣਾ 1/9 ਗੋਰਖਾ ਰਾਈਫ਼ਲ ਦੀ ਜ਼ਿੰਮੇਵਾਰੀ ਸੀ। ਲੇਕਿਨ ਕਈ ਕਾਰਨਾਂ ਕਰਕੇ (ਜਿਵੇਂ ਇੰਜੀਨੀਅਰ ਨਹੀਂ ਪਹੁੰਚ ਸਕੇ) ਪੁਲ ਨਹੀਂ ਤੋੜੇ ਜਾ ਸਕੇ।
7 ਮਾਊਂਟੇਨ ਬ੍ਰਿਗੇਡ ਨੇ ਤਿੰਨ ਘੰਟੇ ਬਾਅਦ ਹਮਲਾ ਕੀਤਾ। ਲੇਕਿਨ ਇਸ ਤੋਂ ਪਹਿਲਾਂ ਕਿ ਇਸ ਦੀਆਂ ਦੋਵੇਂ ਬਟਾਲੀਅਨਾਂ 4 ਅਤੇ 7 ਗ੍ਰੇਨੇਡੀਅਰਸ ਆਪਣੇ ਨਿਸ਼ਾਨੇ ਤੱਕ ਪਹੁੰਚਦੀਆਂ ਅੱਗੋਂ ਚੌਕਸ ਬੈਠੇ ਵਿਰੋਧੀ ਤੋਪਖ਼ਾਨੇ ਨੇ ਭਰਵਾਂ ਹਮਲਾ ਕੀਤਾ।
ਹੁਣ ਸਾਫ਼ ਹੋ ਗਿਆ ਸੀ ਕਿ ਪਾਕਿਸਤਾਨ ਪੂਰੀ ਤਾਕਤ ਨਾਲ ਲੜ ਰਿਹਾ ਸੀ। ਸ਼ੁਰੂ ਵਿੱਚ ਪਹਿਲਾਂ ਭਾਰਤ ਨੂੰ ਉਮੀਦ ਸੀ ਕਿ ਪਾਕਿਸਤਾਨ ਦੀ ਇੱਕ ਬ੍ਰਿਗੇਡ ਹੀ ਲੜ ਰਹੀ ਹੈ। ਜਦਕਿ ਹੁਣ ਪਾਕਿਸਤਾਨੀ ਤੋਪਖ਼ਾਨੇ ਦਾ ਇੱਕ ਵੱਡਾ ਅੰਸ਼ ਮੈਦਾਨੇ ਜੰਗ ਵਿੱਚ ਮੌਜੂਦ ਸੀ।
ਅਮਰੀਕਾ ਵੱਲੋਂ ਸਿਖਲਾਈ ਪ੍ਰਾਪਤ ਪਾਕਿਸਤਾਨੀ ਤੋਪਖਾਨਾ ਅਮਰੀਕੀ ਹਥਿਆਰਾਂ ਦੀ ਪੂਰੀ ਵਰਤੋਂ ਕਰ ਰਿਹਾ ਸੀ। ਭਾਰਤੀ ਟੁਕੜੀਆਂ ਇਸ ਪੱਧਰ ਦੇ ਜਵਾਬ ਲਈ ਤਿਆਰ ਨਹੀਂ ਸਨ। ਸ਼ਾਮ ਨੂੰ ਦੁਸ਼ਮਣ ਦੇ ਹਮਲੇ ਹੋਰ ਤਿੱਖੇ ਹੋ ਗਏ ਅਤੇ ਭਾਰਤੀ ਫੌਜੀਆਂ ਦੀ ਨੀਂਦ ਤਾਂ ਉੱਡੀ ਹੀ ਸਗੋਂ ਉਨ੍ਹਾਂ ਦਾ ਰਾਬਤਾ ਵੀ ਦੂਜੀਆਂ ਬਟਾਲੀਅਨਾਂ ਤੋਂ ਟੁੱਟ ਗਿਆ।
ਅਗਲੇ ਦਿਨ ਦੀ ਚੜ੍ਹਦੀ ਸਵੇਰ ਜਰਨਲ ਗੁਰਬਖਸ਼ ਸਿੰਘ ਅਤੇ ਉਨ੍ਹਾਂ ਦੇ ਜਵਾਨਾਂ ਲਈ ਹੋਰ ਔਕੜਾਂ ਲੈ ਕੇ ਆਈ। ਪਾਕਿਸਤਾਨ ਦੀ ਗੋਲੀਬਾਰੀ ਦੇ ਦਬਾਅ, ਗੈਰ-ਤਜ਼ਰਬੇਕਾਰੀ ਕਾਰਨ ਦੋ ਪੂਰੀਆਂ ਬਟਾਲੀਅਨਾਂ ਹੁਕਮਾਂ ਤੋਂ ਬਿਨਾਂ ਹੀ ਲਾਈਨ ਤੋੜ ਕੇ ਅੱਗੇ ਵੱਧ ਗਈਆਂ ਸਨ। ਉਹ ਪੁਰੀ ਤਰ੍ਹਾਂ ਪਾਕਿਸਤਾਨੀ ਫੌਜ ਦੀ ਮਾਰ ਹੇਠ ਜੰਗ ਵਿੱਚ ਘਿਰ ਚੁੱਕੀਆਂ ਸਨ।
ਦੂਜੀਆਂ ਬਟਾਲੀਅਨਾਂ ਵੀ ਚੰਗੀ ਸਥਿਤੀ ਵਿੱਚ ਨਹੀਂ ਸਨ। ਉਹ ਵੀ ਦੁਸ਼ਮਣ ਦੀ ਭਾਰੀ ਗੋਲੀਬਾਰੀ ਦਾ ਦਬਾਅ ਮਹਿਸੂਸ ਕਰ ਰਹੀਆਂ ਸਨ। ਸੱਤ ਸਤੰਬਰ ਨੂੰ ਸਵੇਰੇ 10 ਵਜੇ ਤੱਕ ਡਿਵੀਜ਼ਨ ਖੇਤਰ ਵਿੱਚ ਸਥਿਤੀ ਬੇਹੱਦ ਤਣਾਅਪੂਰਨ ਸੀ।
ਲੇਕਿਨ ਜਨਰਲ ਗੁਰਬਖਸ਼ ਸਿੰਘ ਨੇ ਆਪਣਾ ਹੋਸ਼ ਨਹੀਂ ਗੁਆਇਆ ਅਤੇ ਆਪਣੇ ਜਵਾਨਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਸਥਿਤੀ ਦਾ ਮੁਆਇਨਾ ਕਰਕੇ ਨਵਾਂ ਪੈਂਤੜਾ ਘੜਿਆ। ਇਹ ਸਪੱਸ਼ਟ ਸੀ ਕਿ ਪਾਕਿਸਤਾਨੀ ਫੌਜ ਦੀ ਗਿਣਤੀ ਉਨ੍ਹਾਂ ਦੀ ਪੇਸ਼ੀਨਗੋਈ ਤੋਂ ਕਿਤੇ ਜ਼ਿਆਦਾ ਸੀ।
ਇਹ ਵੀ ਸਾਫ਼ ਸੀ ਕਿ ਉਹ ਹਮਲਾ ਜਾਰੀ ਰੱਖੇਗਾ। ਉਸਦਾ ਇਰਾਦਾ ਸਪੱਸ਼ਟ ਸੀ। ਦੂਜੇ ਪਾਸੇ ਗੁਰਬਖਸ਼ ਸਿੰਘ ਦੀ ਆਪਣੀ ਫੌਜੀ ਵਿਉਂਤ ਖਿੰਡ ਚੁੱਕੀ ਸੀ। ਹੁਣ ਗੁਰਬਖਸ਼ ਸਿੰਘ ਨੇ ਆਪਣੇ ਹੁਕਮ ਦਿੱਤੇ।
ਡਿਵੀਜ਼ਨ ਨੇ ਭਾਰਤੀ ਇਲਾਕੇ ਵਿੱਚ ਵਾਪਸ ਪਰਤ ਕੇ ਅਸਲ ਉੱਤਰ ਪਿੰਡ ਦੇ ਆਸ-ਪਾਸ ਦੇ ਖੇਤਰ ਉੱਤੇ ਕਬਜ਼ਾ ਕਰਨਾ ਸੀ। ਤਾਂ ਜੋ ਖੇਮ ਕਰਨ- ਭਿੱਖੀਵਿੰਡ ਅਤੇ ਖੇਮ ਕਰਨ-ਵਲਟੋਹਾ ਐਕਸਸ ਤੱਕ ਪਾਕਿਸਤਾਨੀ ਫੌਜ ਨੂੰ ਪਹੁੰਚਣ ਤੋਂ ਰੋਕਿਆ ਜਾ ਸਕੇ।
ਇੱਥੇ ਰੈੱਡ ਈਗਲਸ ਨੇ ਫੈਸਲਾਕੁੰਨ ਮੋਰਚਾ ਲਾਉਣਾ ਸੀ। ਜਿੱਤ ਜਾਂ ਮੌਤ! ਆਰਟਿਲਰੀ ਦੇ ਕਮਾਂਡਰ ਬ੍ਰਿਗੇਡੀਅਰ ਝੰਡਾ ਸਿੰਘ ਸੰਧੂ ਨੇ ਪਾਕਿਸਤਾਨ ਦੀ ਫੌਜ ਉੱਤੇ ਖੂਬ ਬਰੂਦ ਵਰ੍ਹਾਇਆ। ਇਸ ਦੌਰਾਨ ਉਨ੍ਹਾਂ ਨੇ ਵਿਉਂਤੇ ਗਏ ਹਮਲੇ (ਜੋ ਕਿ ਹੋ ਨਹੀਂ ਸਕਿਆ ਸੀ) ਲਈ ਰਾਖਵਾਂ ਰੱਖਿਆ ਬਰੂਦ ਵੀ ਵਰ੍ਹਾ ਦਿੱਤਾ ਗਿਆ। ਤੋਪਚੀਆਂ ਨੇ ਖੂਬ ਜੌਹਰ ਦਿਖਾਏ ਅਤੇ ਫੌਜ ਨੂੰ ਪਿਛਾਂਹ ਹੀ ਡੱਕ ਕੇ ਰੱਖਿਆ।
ਜਾਣਕਾਰੀ ਮਿਲਣ ਉੱਤੇ ਕੋਰਪਸ ਦੇ ਕਮਾਂਡਰ ਲੈਫਟੀਨੈਂਟ ਜਨਰਲ ਜੋਗਿੰਦਰ ਸਿੰਘ ਢਿੱਲੋਂ ਨੇ ਆਪਣੀ ਰਾਖਵੀਂ 2 (ਸੁਤੰਤਰ) ਆਰਮਰਡ ਬ੍ਰਿਗੇਡ ਜਿਸ ਵਿੱਚ ਇੱਕ ਸੈਂਚੂਰੀਅਨ ਰੈਜੀਮੈਂਟ ਅਤੇ ਇੱਕ ਏਐੱਮਐੱਕਸ 13 ਟੈਂਕ ਰੈਜੀਮੈਂਟ ਨੂੰ ਜਨਰਲ ਗੁਰਬਖ਼ਸ਼ ਸਿੰਘ ਦੇ ਹਵਾਲੇ ਕਰ ਦਿੱਤਾ।
ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਆਪਣਾ ਸਭ ਤੋਂ ਵੱਡਾ ਫੌਜੀ ਫੈਸਲਾ ਦੱਸਿਆ। ਅਸੀਂ ਅੱਗੇ ਜਾ ਕੇ ਦੇਖਾਂਗੇ ਇਹ ਫੈਸਲਾ ਕਿੰਨਾ ਨਿਰਣਾਇਕ ਸਾਬਤ ਹੋਇਆ। ਬ੍ਰਿਟੇਨ ਦੇ ਬਣੇ ਸੈਂਚੂਰੀਅਨ ਟੈਂਕ ਆਪਣੀ ਤਿੰਨ-ਰਾਊਂਡ ਦਾਗਣ ਦੀ ਤਕਨੀਕ ਕਾਰਨ ਅਮਰੀਕੀ ਪੈਟੋਨ ਟੈਂਕਾਂ ਦੀ ਚੰਗੀ ਕਾਟ ਸਾਬਤ ਹੋਏ।
ਭਾਰਤੀ ਫੌਜ ਡੈਕਨ ਹੌਰਸ ਦੇ ਸ਼ਰਮਨ ਵੀ ਟੈਂਕਾਂ ਅਤੇ ਭਾਰੀ ਗੋਲੀਬਾਰੀ ਦੀ ਓਟ ਵਿੱਚ ਅਨੁਸ਼ਾਸ਼ਿਤ ਰੂਪ ਵਿੱਚ ਵਾਪਸ ਪਰਤੀ। ਇਸ ਨੇ ਦੁਸ਼ਮਣ ਦੇ ਹਮਲੇ ਨੂੰ ਠੱਲ੍ਹ ਪਾਈ। ਸੱਤ ਸਤੰਬਰ ਨੂੰ ਪਾਕਿਸਤਾਨੀ ਫੌਜ ਕੁਝ ਖਾਸ ਅੱਗੇ ਨਹੀਂ ਵਧ ਸਕੀ ਅਤੇ ਭਾਰਤੀ ਫੌਜ ਨੂੰ ਆਪਣੀ ਸੁਰੱਖਿਆ ਮਜ਼ਬੂਤ ਕਰਨ ਲਈ ਸਮਾਂ ਮਿਲ ਗਿਆ।

ਤਸਵੀਰ ਸਰੋਤ, Govt of India Archives
ਭਾਰਤੀ ਫਾਰਮੇਸ਼ਨ

ਤਸਵੀਰ ਸਰੋਤ, Govt of India Archives
ਜਨਰਲ ਗੁਰਬਖ਼ਸ਼ ਸਿੰਘ ਨੇ ਆਪਣੀ ਫਾਰਮੇਸ਼ਨ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਤੈਨਾਤ ਕੀਤਾ। ਹਰ ਯੂਨਿਟ ਦੇ ਪਿੱਛੇ ਦੂਜੀ ਯੂਨਿਟ ਸੀ।
ਯੋਜਨਾ ਮੋਰਚਿਆਂ, ਮਾਈਨਾਂ, ਕੰਡਿਆਲੀ ਤਾਰ ਅਤੇ ਤੋਪਖ਼ਾਨੇ ਦੀ ਮਦਦ ਨਾਲ ਇੱਕ ਮਜ਼ਬੂਤ ਰੱਖਿਆ ਪੰਕਤੀ ਤਿਆਰ ਕਰਨਾ ਸੀ। ਜਦਕਿ ਟੈਂਕ, ਤੋਪਖ਼ਾਨਾ ਅਤੇ ਮੋਬਾਈਲ 106 ਐੱਮਐੱਮ ਰੀਕੋਇਲਲੈਸ ਤੋਪਾਂ ਦੀ ਵਰਤੋਂ ਪਾਕਿਸਤਾਨੀ ਫੌਜ ਦੇ ਟੈਂਕਾਂ ਨੂੰ ਤਬਾਹ ਕਰਨ ਲਈ ਵਰਤੇ ਜਾਣੇ ਸਨ।
ਮੈਦਾਨੇ ਜੰਗ ਵਿੱਚ ਭਾਰਤੀ ਫੌਜ ਦੀ ਫਾਰਮੇਸ਼ਨ ਇਸ ਤਰ੍ਹਾਂ ਸੀ—
ਆਸਲ ਉਤਾੜ ਦੇ ਦੱਖਣ ਵੱਲ 18 ਰਾਜਪੂਤਾਨਾ ਰਾਈਫ਼ਲਸ (ਰਾਜ ਰਿਫ਼) ਖੇਮ ਕਰਨ- ਪੱਤੀ ਐਕਸਸ ਨੂੰ ਕਵਰ ਕਰ ਰਹੀ ਸੀ।
ਖੇਮ ਕਰਨ -ਭਿੱਖੀਵਿੰਡ ਐਕਸ ਕਵਰ ਕਰਨ ਲਈ 1/9 ਗੋਰਖਾ ਰਾਈਫ਼ਲਸ ਨੂੰ ਸੜਕੀ ਮਾਰਗ ਦੇ ਜੰਕਸ਼ਨ ਉੱਤੇ ਤੈਨਾਤ ਕੀਤਾ ਗਿਆ।
4 ਗ੍ਰੇਨੇਡੀਅਰਸ ਨੂੰ ਚੀਮਾ ਦੇ ਦੱਖਣੀ ਇਲਾਕੇ ਵਿੱਚ 1/9 ਗੋਰਖਾ ਰਾਈਫ਼ਲਸ ਦੇ ਪਿੱਛੇ ਲਾਇਆ ਗਿਆ।
ਆਸਲ ਉਤਾੜ ਦੇ ਉੱਤਰ ਵਿੱਚ 9 ਜੰਮੂ ਅਤੇ ਕਸ਼ਮੀਰ ਰਾਈਫ਼ਲਸ (ਜੇਏਕੇ ਰਿਫ਼) ਨੂੰ ਰਾਜਪੂਤਾਨਾ ਦੇ ਪਿੱਛੇ ਤੈਨਾਤ ਕੀਤਾ ਗਿਆ।
ਡੈਕਨ ਹੌਰਸ ਨੂੰ ਰੱਖਿਆਤਮਕ ਪੰਕਤੀ ਦੇ ਰੂਪ ਵਿੱਚ ਮੁੱਖ ਰੱਖਿਆ ਤੋਂ ਅੱਗੇ ਡਿਵੀਜ਼ਨਲ ਫੌਜਾਂ ਦੇ ਦੱਖਣ ਪੂਰਬ ਵਿੱਚ ਤੈਨਾਤ ਕੀਤਾ ਗਿਆ ਤਾਂ ਜੋ ਲੋੜ ਪੈਣ ਉੱਤੇ ਕਿਤੇ ਹੋਰ ਤੈਨਾਤ ਕੀਤਾ ਜਾ ਸਕੇ।
7 ਗ੍ਰੇਨੇਡੀਅਰਸ ਅਤੇ 13 ਡੋਗਰਾ ਦੇ ਬਚੇ ਸੈਨਿਕਾਂ ਨੇ ਮੋਰਚਿਆਂ ਨੂੰ ਮਜ਼ਬੂਤ ਕਰਨ ਲਈ ਵਰਤਿਆ ਗਿਆ।
ਤੋਪਾਂ ਵਿੱਚ 4 ਮਾਊਂਟੇਨ ਡਿਵੀਜ਼ਨ ਦਾ ਪੂਰਾ ਤੋਪਖ਼ਾਨਾ ਸ਼ਾਮਲ ਸੀ ਜੋ ਕਿ ਇਨਫੈਂਕਟਰੀ ਦੇ ਪਿੱਛੇ ਖੜ੍ਹੀਆਂ ਕੀਤੀਆਂ ਗਈਆਂ। ਖੇਤਰ ਵਿੱਚ ਪੈਦਲ ਟੁਕੜੀ ਦੇ ਪਿੱਛੇ ਸੁਰੱਖਿਅਤ ਖੇਤਰ ਵਿੱਚ 4 ਮਾਊਂਟੇਨ ਡਿਵੀਜ਼ਨ ਦਾ ਪੂਰਾ ਤੋਪਖ਼ਾਨਾ ਮੌਜੂਦ ਸੀ।
2 (ਸੁਤੰਤਰ) ਆਰਮਰਡ ਬ੍ਰਿਗੇਡ ਵੀ ਡਿਵੀਜ਼ਨਲ ਖੇਤਰ ਵਿੱਚ ਭੇਜ ਦਿੱਤਾ ਗਿਆ। ਡਿਵੀਜ਼ਨ ਦਾ ਮੁੱਖ ਦਫ਼ਤਰ ਖੇਮ ਕਰਨ- ਭਿੱਖੀਵਿੰਡ ਰੋਡ ਦੇ ਕੋਲ ਸੀ। ਤੀਜੀ ਕੈਵਿਲਰੀ ਨੂੰ ਤੋਪਾਂ ਦੇ ਪੱਛਮ ਵੱਲ ਇਸ ਦੀ ਰਾਖੀ ਲਈ ਇਸ ਤਰ੍ਹਾਂ ਤੈਨਾਤ ਕੀਤਾ ਗਿਆ ਸੀ, ਕਿ ਇਹ ਪਾਕਿਸਤਾਨ ਦੀ ਕਿਸੇ ਵੀ ਸੰਭਾਵੀ ਗਤੀਵਿਧੀ ਦਾ ਜਵਾਬ ਵੀ ਦੇ ਸਕੇ।
ਅੱਠਵੀਂ ਕੈਵਿਲਰੀ ਦੀ ਇੱਕ ਸਕੁਐਡਰਨ ਨੂੰ ਵਲਟੋਹਾ ਵਿੱਚ ਬਾਕੀ ਰੈਜੀਮੈਂਟ ਦੇ ਨਾਲ ਕੁਝ ਕਿੱਲੋਮੀਟਰ ਦੂਰ ਤੈਨਾਤ ਕੀਤਾ ਗਿਆ। ਯੂਨਿਟ ਕੋਲ ਫਰਾਂਸ ਦੇ ਬਣੇ ਏਐੱਮਐੱਕਸ 13 ਟੈਂਕ ਸਨ। ਇਨ੍ਹਾਂ ਟੈਂਕਾਂ ਦੀ ਤੋਪ ਤਾਂ ਤਕੜੀ ਸੀ ਲੇਕਿਨ ਬਖ਼ਤਰਬੰਦ ਬਹੁਤ ਪਤਲਾ ਸੀ। ਇਸ ਨੇ ਪਾਕਿਸਤਾਨੀ ਫੌਜ ਨੂੰ ਲੁਕਣਗਾਹਾਂ ਵਿੱਚੋਂ ਹੀ ਉਲਝਾਉਣਾ ਸੀ।
ਜੰਗੀ ਇੰਜੀਨੀਅਰਾਂ ਨੇ 10 ਸਤੰਬਰ ਤੱਕ 6000 ਐਂਟੀ-ਟੈਂਕ ਅਤੇ 4000 ਐਂਟੀ-ਪਰਸੋਨਲ ਮਾਈਨਾਂ ਵਿਛਾਈਆਂ। ਟੈਂਕਾਂ ਨੂੰ ਰੋਕਣ ਦੇ ਦੂਜੇ ਉਪਰਾਲੇ ਵਜੋਂ ਡਿਵੀਜ਼ਨ ਦੇ ਮੋਰਚਿਆਂ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਸੂਏ ਤੋੜ ਕੇ ਪਾਣੀ ਛੱਡਿਆ ਗਿਆ। ਹੁਣ ਅਸਲ ਉੱਤਰ ਦੀ ਲੜਾਈ ਦੀ ਬਿਸਾਤ ਵਿਛ ਚੁੱਕੀ ਸੀ।
ਅਫ਼ਸਰਾਂ ਨੇ ਆਪਣੇ ਜਵਾਨਾਂ ਨੂੰ ਲੜਾਈ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ। ਨਰਲੀ ਤੋਂ ਮੇਜਰ ਨਰਿੰਦਰ ਸਿੰਘ ਸੰਧੂ ਨੇ ਚਾਰਲੀ ਸਕੁਐਡਰਨ ਦੇ ਜਵਾਨਾਂ ਨੂੰ ਕਿਹਾ, “ਹੁਣ ਅਸੀਂ ਆਪਣੀ ਜ਼ਮੀਨ ਉੱਤੇ ਲੜ ਰਹੇ ਹਾਂ। ਅਸੀਂ ਪਿੱਛੇ ਨਹੀਂ ਮੁੜ ਸਕਦੇ। ਜਾਂ ਤਾਂ ਜਿੱਤਾਂਗੇ ਜਾਂ ਲੜਦੇ ਮਾਰੇ ਜਾਵਾਂਗੇ।” ਮੇਜਰ ਦੀ ਤਕਰੀਰ ਦਾ ਜਵਾਬ ਜਵਾਨਾਂ ਨੇ ਬਿਜਲੀ ਵਾਂਗ ਗੜਕਵੇਂ ਨਾਹਰੇ ਵਿੱਚ ਦਿੱਤਾ।
ਪਾਕਿਸਤਾਨੀ ਫਾਰਮੇਸ਼ਨ

ਤਸਵੀਰ ਸਰੋਤ, Govt of India Archives
ਪਾਕਿਸਤਾਨ ਦੀ ਪਹਿਲੀ ਹਥਿਆਰਬੰਦ ਡਿਵੀਜ਼ਨ ਵਿੱਚ ਤਿੰਨ ਬ੍ਰਿਗੇਡਾਂ (3,4 ਅਤੇ 5) ਸਨ। ਜਿਨ੍ਹਾਂ ਦੇ ਅੰਦਰ ਪੰਜ ਰੈਜੀਮੈਂਟਾਂ ਪੈਟੋਨ ਅਤੇ ਚਫੀਸ ਟੈਂਕਾਂ ਦੀਆਂ ਸਨ।
ਤਿੰਨ ਬਟਾਲੀਅਨਾਂ ਮੈਕਨਾਈਜ਼ਡ ਇਨਫੈਂਟਰੀ ਦੀਆਂ ਸਨ ਜਿਸ ਕੋਲ ਅਮਰੀਕੀ ਐੱਮ-113 ਬਖ਼ਤਰਬੰਦ ਕੈਰੀਅਰ (ਏਪੀਸੀ) ਸਨ। ਡਿਵੀਜ਼ਨਲ ਆਰਟਿਲਰੀ ਇੱਕ ਕਾਰਗਰ ਸ਼ਕਤੀ ਸੀ ਜਿਸ ਕੋਲ ਆਪਣੇ-ਆਪ ਚੱਲਣ ਵਾਲੀਆਂ ਜ਼ਮੀਨੀ ਅਤੇ ਹਵਾਈ ਰੱਖਿਆ ਤੋਪਾਂ ਅਤੇ ਖਿੱਚੀਆਂ ਜਾ ਸਕਣ ਵਾਲੀਆਂ ਦਰਮਿਆਨੀਆਂ ਹਾਉਇਟਜ਼ਰ ਤੋਪਾਂ ਵੀ ਸਨ।
ਇਸ ਸੰਯੁਗਤ ਫੋਰਸ ਦੀ ਅਗਵਾਈ ਅਬਦੁੱਲ ਹਮੀਦ ਕਰ ਰਹੇ ਸਨ। ਉਨ੍ਹਾਂ ਦੀ ਆਪਣੀ ਫਾਰਮੇਸ਼ਨ 11 ਡਿਵੀਜ਼ਨ ਕੋਲ ਡੇਢ ਇਨਫੈਂਟਰੀ ਬ੍ਰਿਗੇਡਾਂ ਹਮਲੇ ਲਈ ਉਪਲਬਧ ਸਨ। ਮਦਦ ਲਈ ਇੱਕ ਰੈਜੀਮੈਂਟ ਸ਼ਰਮਨ ਟੈਂਕਾਂ ਦੀ ਵੀ ਉਪਲਬਧ ਸੀ। ਇਹ ਇੱਕ ਨਿਗਰਾਨਮਨੀ ਰੈਜੀਮੈਂਟ ਸੀ ਜਿਸ ਨੂੰ ਇੱਕ ਭਾਰੀ, ਦਰਮਿਆਨੀ ਕਤਾਰ ਜ਼ਮੀਨੀ ਆਰਟਿਲਰੀ ਦੀ ਮਦਦ ਵੀ ਹਾਸਲ ਸੀ।
ਪਾਕਿਸਤਾਨੀ ਯੋਜਨਾ ਦੇ ਪਹਿਲੇ ਪੜਾਅ ਵਿੱਚ ਗਿਆਰਵੀਂ ਇਨਫੈਂਟਰੀ ਡਿਵੀਜ਼ਨ ਨੇ ਅਗਲੇ 24 ਘੰਟਿਆਂ ਵਿੱਚ ਦਰਿਆ ਤੋਂ ਪਾਰ ਖੇਮ ਕਰਨ ਇਲਾਕੇ ਵਿੱਚ ਸਰਹੱਦੀ ਚੌਂਕੀ ਤਿਆਰ ਕਰਨੀ ਸੀ। ਫਿਰ ਪਹਿਲੀ ਆਰਮਰਡ ਡਿਵੀਜ਼ਨ ਨੇ ਤਿੰਨ ਕਤਾਰਾਂ ਵਿੱਚ ਖਿੰਡ ਜਾਣਾ ਸੀ।
ਇੱਕ ਦਸਤੇ ਨੇ ਆਸਲ ਉਤਾੜ-ਵਲਟੋਹਾ-ਪੱਤੀ ਸੜਕ ਦੇ ਨਾਲ ਅੱਗੇ ਵਧਣਾ ਸੀ। ਇਸ ਨੇ ਅਪਰ ਬਾਰੀ ਦੁਆਬ ਨਹਿਰ ਦੀ ਸਭਰਾਓਂ ਬਰਾਂਚ ਦੇ ਦੋਵੇਂ ਪਾਸੇ ਜਾਣਾ ਸੀ ਅਤੇ ਜੀਟੀ ਰੋਡ ਤੋਂ ਰਈਆ ਪਹੁੰਚਣਾ ਸੀ ਅਤੇ ਬਿਆਸ ਦਰਿਆ ਦੇ ਪੁਲ ਉੱਤੇ ਕਬਜ਼ਾ ਕਰਨਾ ਸੀ।
ਦੂਜੇ ਆਰਮਰਡ ਬ੍ਰਿਗੇਡ ਗਰੁੱਪ ਖੇਮ ਕਰਨ-ਭਿੱਖੀਵਿੰਡ ਸੜਕ ਦੇ ਨਾਲ ਚਲਦੇ ਹੋਏ ਅਪਰ ਬਾਰੀ ਦੁਆਬ ਨਹਿਰ ਦੀ ਕਸੂਰ ਬ੍ਰਾਂਚ ਨੂੰ ਪਾਰ ਕਰਨਾ ਸੀ ਅਤੇ ਜੰਡਿਆਲਾ ਗੁਰੂ ਉੱਤੇ ਕਬਜ਼ਾ ਕਰਕੇ ਇਸਦਾ ਸੰਪਰਕ ਅੰਮ੍ਰਿਤਸਰ ਨਾਲੋਂ ਤੋੜਨਾ ਸੀ।
ਤੀਜੇ ਬ੍ਰਿਗੇਡ ਨੇ ਉਸੇ ਸੜਕ ਦੇ ਨਾਲ ਚਲਦੇ ਹੋਏ ਦੂਜੀਆਂ ਬ੍ਰਿਗੇਡ ਟੁਕੜੀਆਂ ਨੂੰ ਕਵਰ ਦੇਣਾ ਸੀ ਅਤੇ ਭਾਰਤ ਦੀ 7 ਇਨਫੈਂਟਰੀ ਡਿਵੀਜ਼ਨ ਨੂੰ ਦੂਜਿਆਂ ਤੋਂ ਵੱਖ ਕਰਨਾ ਸੀ ਜੋ ਬਿਨਾਂ ਕਿਸੇ ਰੋਕ ਦੇ 10 ਕਿੱਲੋਮੀਟਰ ਪਾਕਸਤਾਨੀ ਸਰ-ਜ਼ਮੀਨ ਦੇ ਅੰਦਰ ਤੱਕ ਪਹੁੰਚ ਗਈ ਸੀ।
ਇਹ ਇੱਕ ਸਾਹਸੀ ਯੋਜਨਾ ਸੀ, ਜਿਸ ਦੇ ਰਾਹ ਵਿੱਚ ਕੋਈ ਜ਼ਮੀਨੀ ਰੁਕਾਵਟ ਨਹੀਂ ਸੀ। ਥੋੜ੍ਹੀ ਜਿੰਨੀ ਕਿਸਮਤ ਨਾਲ ਵੀ ਇਹ ਸਫ਼ਲ ਹੋ ਸਕਦਾ ਸੀ।
ਨਤੀਜੇ ਵਜੋਂ ਉੱਤਰ-ਪੱਛਮੀ ਪੰਜਾਬ ਅਤੇ ਸੰਭਾਵੀ ਤੌਰ ਉੱਤੇ ਜੰਮੂ-ਕਸ਼ਮੀਰ ਵੀ ਬਾਕੀ ਭਾਰਤ ਤੋਂ ਵੱਖ ਹੋ ਜਾਣਾ ਸੀ। ਲੇਕਿਨ 4 ਮਾਉਂਟੇਨ ਡਿਵੀਜ਼ਨ ਦੇ ਬਹਾਦਰ ਜਵਾਨ ਉਨ੍ਹਾਂ ਦੇ ਰਾਹ ਵਿੱਚ ਖੜ੍ਹੇ ਸਨ।
ਪਾਕਿਸਤਾਨੀ ਹਮਲਾ ਹੌਲੀ ਸੀ ਜਿਸ ਨੂੰ ਭਾਰਤੀ ਤੋਪਖ਼ਾਨੇ ਦੀ ਲਗਾਤਾਰ ਗੋਲੀਬਾਰੀ ਨੇ ਹੋਰ ਮੁਸ਼ਕਿਲ ਕਰ ਦਿੱਤਾ।
ਪਾਕਿਸਤਾਨੀ ਹਮਲਾ ਅੱਠ ਸਤੰਬਰ ਨੂੰ ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਇਆ। ਇਸਦਾ ਮਕਸਦ ਭਾਰਤੀ ਸੁਰੱਖਿਆ ਵਿਚਲੇ ਖੱਪਿਆਂ ਦੀ ਨਿਸ਼ਾਨਦੇਹੀ ਕਰਨਾ ਸੀ।
ਡੈਕਨ ਹੌਰਸ ਦੇ ਟੈਂਕਾਂ ਨੇ ਇਸ ਨੂੰ 900 ਮੀਟਰ ਪਿੱਛੇ ਹੀ ਠੱਲ੍ਹ ਲਿਆ। ਹੁਣ ਪਾਕਿਸਤਾਨ ਦੀ ਫਾਰਮੇਸ਼ਨ ਭਾਰਤੀ ਸਫਾਂ ਵਿੱਚ ਸੰਨ੍ਹ ਲਾਉਣ ਲਈ ਛੋਟੇ-ਛੋਟੇ ਸਮੂਹਾਂ ਵਿੱਚ ਵੰਡੀ ਗਈ।
ਇੱਕ ਸਮੇਂ ਉੱਤੇ ਪਾਕਿਸਤਾਨੀ ਫ਼ੌਜ ਨੇ 1/9 ਗੋਰਖਾ ਰੈਜੀਮੈਂਟ, 9 ਜੰਮੂ ਅਤੇ ਕਸ਼ਮੀਰ ਰਾਈਫਲਸ ਅਚੇ 62 ਮਾਊਂਟੇਨ ਬ੍ਰਿਗੇਡ ਦੇ ਹੈਡ-ਕੁਆਰਟਰ ਨੂੰ ਘੇਰਾ ਪਾ ਲਿਆ। ਪਹਿਲਾਂ ਤਾਂ ਇਨਫੈਂਟਰੀ ਆਪਣੇ ਮੋਰਚਿਆਂ ਵਿੱਚ ਛਾਪਲ ਕੇ ਬੈਠੀ ਰਹੀ ਅਤੇ ਫਿਰ ਅਚਾਨਕ ਪਾਕਿਸਤਾਨ ਫੌਜ ਦੇ ਟੈਂਕਾਂ ਨੂੰ ਰਾਈਫ਼ਲ ਗੋਲਿਆਂ ਨਾਲ ਉਲਝਾ ਲਿਆ।
ਰੈਜੀਮੈਂਟ ਦੀਆਂ ਸਾਢੇ ਪੰਜ ਇੰਚੀ ਤੋਪਾਂ ਨੇ ਪਾਕਿਸਤਾਨੀ ਫੌਜ ਦੀਆਂ ਸਫ਼ਾਂ ਵਿੱਚ ਤਰਥੱਲੀ ਮਚਾ ਦਿੱਤੀ ਅਤੇ ਉਨ੍ਹਾਂ ਦੇ ਤਿੰਨ ਟੈਂਟ ਤਬਾਹ ਕਰ ਦਿੱਤੇ। ਡੈਕਨ ਹੌਰਸ ਨੇ ਆਪਣੇ ਚਾਰ ਟੈਂਟ ਗੁਆ ਕੇ ਪਾਕਿਸਤਾਨ ਫੌਜ ਦੇ 11 ਟੈਂਕ ਤਬਾਹ ਕੀਤੇ ਅਤੇ ਫੌਜ ਦੇ ਚੰਗੇ ਦੰਦ ਖੱਟੇ ਕੀਤੇ ਗਏ।
ਅਗਲਾ ਹਮਲਾ ਸਵੇਰੇ 11.30 ਵਜੇ ਹੋਇਆ। ਪਾਕਿਸਤਾਨ ਦੀ 4 ਆਰਮਰਡ ਬ੍ਰਿਗੇਡ ਦੇ ਇੱਕ ਹੋਰ ਆਰਮਰਡ ਇਨਫੈਂਟਰੀ ਗਰੁੱਪ ਨੇ 1/9 ਗੋਰਖਾ ਰੈਜੀਮੈਂਟ ਉੱਤੇ ਹਮਲਾ ਕੀਤਾ।
ਸਾਢੇ ਗਿਆਰਾਂ ਤੋਂ ਦੁਪਹਿਰ ਦੋ ਵਜੇ ਤੱਕ 4 ਗ੍ਰੇਨੇਡੀਅਰਸ ਉੱਤੇ ਤਿੰਨ ਭਰਵੇਂ ਹਮਲੇ ਕੀਤੇ ਗਏ। ਪਾਕਿਸਤਾਨੀ ਫੌਜ ਨੇ ਕੁਝ ਮੋਰਚੇ ਹਥਿਆ ਵੀ ਲਏ ਪਰ ਬਟਾਲੀਅਨ ਦੀਆਂ ਰੀਕੋਇਲੈਸ ਤੋਪਾਂ ਨੇ ਚੰਗਾ ਨੁਕਸਾਨ ਕੀਤਾ।
ਰੀਕੋਇਲਲੈਸ ਪਲਾਟੂਨ ਦੇ ਕਮਾਂਡਰ ਸੂਬੇਦਾਰ ਮੂਲ ਚੰਦ ਜ਼ਖਮੀ ਹੋ ਗਏ ਸਨ ਤਾਂ ਬਟਾਲੀਅਨ ਦੇ ਤੋਪਚੀ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਲੜਦੇ ਰਹੇ।
ਪਾਕਿਸਤਾਨੀ ਕੌਮਬੈਟ ਗਰੁੱਪ ਨੇ ਉੱਤਰੀ ਪਾਸੇ ਡਿਵੀਜ਼ਨਲ ਸੈਕਟਰ ਦੇ ਪਿੱਛੇ ਵੱਲ ਕੂਚ ਕੀਤੀ। ਤੀਜੀ ਕਵੈਲਰੀ ਦਾ ਇੱਕ ਸਕੁਐਡਰਨ ਇਸ ਸਥਿਤੀ ਲਈ ਤਿਆਰ ਕੀਤਾ ਗਿਆ ਸੀ। ਉਸ ਨੇ ਉਨ੍ਹਾਂ ਨੂੰ ਰੋਕ ਲਿਆ। ਦਫਾਦਾਰ ਵੱਸਣ ਸਿੰਘ ਦੇ ਟੈਂਕ ਨੇ ਦੋ ਪਲਟਣਾਂ ਤਬਾਹ ਕਰ ਦਿੱਤੀਆਂ। ਅੱਠ ਸਤੰਬਰ ਨੂੰ ਰਾਤ ਨੌਂ ਵਜੇ ਪਾਕਿਸਤਾਨ ਦੀ ਫੌਜ ਨੇ ਆਪਣੀ ਰਾਤ ਨੂੰ ਲੜਾਈ ਲੜਨ ਦੀ ਕੌਸ਼ਲ ਦੀ ਵਰਤੋਂ ਕਰਦੇ ਹੋਏ, 18 ਰਾਜਪੂਤਾਨਾ ਰਾਈਫ਼ਲਜ਼ ਦੇ ਮੋਰਚਿਆਂ ਉੱਤੇ ਹਮਲਾ ਕੀਤਾ।
ਪਾਕਿਸਤਾਨ ਦੇ ਕੁਝ ਟੈਂਕ ਮਾਈਨਾਂ ਨੇ ਤਬਾਹ ਕਰ ਦਿੱਤੇ, ਦੂਜਿਆਂ ਨੂੰ ਤੋਪਖ਼ਾਨੇ ਨੇ ਉਲਝਾ ਲਿਆ। ਅੱਠ ਤਰੀਕ ਦੀ ਰਾਤ ਤੱਕ ਪਾਕਿਸਤਾਨੀਆਂ ਨੇ ਥੋੜ੍ਹੇ ਜਿਹੇ ਭਾਰਤੀ ਇਲਾਕੇ ਉੱਤੇ ਕਬਜ਼ਾ ਤਾਂ ਕਰ ਲਿਆ ਪਰ ਕੋਈ ਫੈਸਲਾਕੁਨ ਕਾਰਵਾਈ ਨਹੀਂ ਕਰ ਸਕੇ।
ਪਾਕਿਸਤਾਨੀ ਹਵਾਈ ਫੌਜ ਨੇ ਕਈ ਹਮਲੇ ਕੀਤੇ ਪਰ ਭਾਰਤੀਆਂ ਦੇ ਕਾਰਗਰ ਕੈਮੋਫਲਾਜ (ਝਾੜੀਆਂ ਅਤੇ ਪੱਤਿਆਂ ਦੇ ਕੱਜਣ ਨਾਲ ਆਪਣੇ-ਆਪ ਨੂੰ ਭੂ-ਖੇਤਰ ਵਿੱਚ ਰਲਾ-ਮਿਲਾ ਲੈਣਾ) ਕਾਰਨ ਉਹ ਜ਼ਿਆਦਾ ਨੁਕਸਾਨ ਨਹੀਂ ਕਰ ਸਕੇ।
ਜ਼ਮੀਨ ਉੱਤੇ ਲੜ ਰਹੇ ਸੈਨਿਕਾਂ ਲਈ ਭਾਵੇਂ ਭਾਰਤੀ ਫੌਜ ਕਿਤੇ ਨਜ਼ਰ ਨਹੀਂ ਆ ਰਹੀ ਸੀ। ਲੇਕਿਨ ਉਸ ਨੇ ਲਹੌਰ ਤੋਂ ਕਸੂਰ ਟੈਂਕ ਅਤੇ ਅਸਲ੍ਹਾ ਲਿਜਾ ਰਹੀ ਇੱਕ ਟੈਂਕ ਨੂੰ ਤਬਾਹ ਕਰਕੇ, ਅਹਿਮ ਕੰਮ ਕੀਤਾ। ਇਹ ਪਾਕਿਸਤਾਨੀ ਫੌਜ ਦਾ ਮਹੱਤਵਪੂਰਨ ਨੁਕਸਾਨ ਸੀ।
ਪੈਟੋਨ ਟੈਂਕ ਦੇ ਅਜਿੱਤ ਹੋਣ ਦਾ ਭਰਮ ਚਕਨਾਚੂਰ ਹੋ ਚੁੱਕਿਆ ਸੀ। ਇਸ ਨਾਲ ਭਾਰਤੀ ਸਫ਼ਾਂ ਵਿੱਚ ਨਵਾਂ ਜੋਸ਼ ਭਰ ਗਿਆ। ਅਗਲੇ ਦਿਨ ਭਾਰਤੀ ਫੌਜਾਂ ਨੇ ਹੋਰ ਹੌਂਸਲੇ ਨਾਲ ਮੁਕਾਬਲਾ ਕੀਤਾ। ਕੋਰਪਸ ਕਮਾਂਡਰ ਜਨਰਲ ਢਿੱਲੋਂ ਨੇ ਡਿਵੀਜ਼ਨ ਦਾ ਦੌਰਾ ਕੀਤਾ ਅਤੇ ਫ਼ੌਜ ਦੀ ਪੱਛਮੀ ਕਮਾਂਡ ਨੂੰ ਵੀ ਡਟ ਕੇ ਮੁਕਾਬਲਾ ਕਰਨ ਦੀ ਅਪੀਲ ਕੀਤੀ।
ਪੱਛਮੀ ਕੰਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਫੇਰੀ ਨੇ ਰੈਡ ਈਗਲਸ ਲਈ ਟੌਨਿਕ ਦਾ ਕੰਮ ਕੀਤਾ। ਉਹ ਇੱਕ ਸਰੂ ਕੱਦ, ਸਵੈ-ਵਿਸ਼ਵਾਸ ਨਾਲ ਲਬਰੇਜ਼ ਅਫ਼ਸਰ ਸਨ। ਉਨ੍ਹਾਂ ਨੇ ਜਵਾਨਾਂ ਵਿੱਚ ਚੜ੍ਹਦੀ ਕਲਾ ਦਾ ਸੰਚਾਰ ਕੀਤਾ। ਹਰਬਖਸ਼ ਸਿੰਘ ਡਿਵੀਜ਼ਨ ਦੇ ਜਵਾਨਾਂ ਦੀ ਜਿੱਤ ਲਈ ਦ੍ਰਿੜਤਾ ਅਤੇ ਬਹਾਦਰੀ ਦੇਖ ਕੇ ਹੌਂਸਲੇ ਨਾਲ ਕਮਾਂਡ ਦੇ ਦਫ਼ਤਰ ਅੰਬਾਲਾ ਪਰਤ ਆਏ।
ਉਸ ਰਾਤ ਸੈਨਾ ਮੁਖੀ ਜਨਰਲ ਜੇਐੱਨ ਚੌਧਰੀ, ਨੇ ਫੌਜ ਨੂੰ ਬਿਆਸ ਦਰਿਆ ਤੋਂ ਪਿੱਛੇ ਹਟਣ ਦੇ ਹੁਕਮ ਦੇ ਦਿੱਤੇ। ਉਨ੍ਹਾਂ ਦੀ ਰਾਇ ਸੀ ਕਿ ਪਾਕਿਸਤਾਨ ਫੌਜ ਅੱਗੇ ਵੱਧ ਸਕੀ ਹੈ। ਲੇਕਿਨ ਹਰਬਖਸ਼ ਸਿੰਘ ਅੜੇ ਰਹੇ ਕਿ ਫੌਜ ਵਧੀਆ ਮੁਕਾਬਲਾ ਕਰ ਰਹੀ ਹੈ ਅਤੇ ਦਿਨ ਲੰਘਾ ਲਵੇਗੀ। ਚੌਧਰੀ ਨੇ 10 ਤਰੀਕ ਨੂੰ ਇੱਕ ਵਾਰ ਫਿਰ ਦੌਰਾ ਕੀਤਾ ਪਰ ਜਨਰਲ ਹਰਬਖਸ਼ ਸਿੰਘ ਆਪਣੀ ਗੱਲ ਉੱਤੇ ਅੜੇ ਰਹੇ।
ਹਰਬਖਸ਼ ਸਿੰਘ ਦਾ ਮੰਨਣਾ ਸੀ ਕਿ ਆਰਥਿਕ ਅਤੇ ਸਿਆਸੀ ਮਹੱਤਵ ਵਾਲੀ ਜ਼ਮੀਨ ਪਾਕਿਸਤਾਨ ਦੇ ਹਵਾਲੇ ਕਰ ਦੇਣਾ ਵਿਨਾਸ਼ਕਾਰੀ ਹੋਵੇਗਾ। ਭਾਰਤ ਨੂੰ ਉਸ ਨੁਕਸਾਨ ਤੋਂ ਬਚਾਉਣ ਦਾ ਸਿਹਰਾ ਹਰਬਖਸ਼ ਸਿੰਘ ਦੀ ਸਾਬਤ ਕਦਮੀ ਨੂੰ ਜਾਂਦਾ ਹੈ
ਨੌਂ ਸਤੰਬਰ ਨੂੰ ਦੁਸ਼ਮਣ ਨੇ ਦੋਵਾਂ ਮੋਰਚਿਆਂ ਉੱਤੇ ਤਾਜ਼ਾ ਹਮਲੇ ਕੀਤੇ। ਭਿੱਖੀਵਿੰਡ ਆਕਸਿਸ ਉੱਤੇ ਪਾਕਿਸਤਾਨ ਦੇ ਤਿੰਨ ਟੈਂਕ ਮਾਈਨਾਂ ਅਤੇ ਚਾਰ ਗ੍ਰੇਨੇਡੀਅਰਸ ਦੀਆਂ ਰੀਕੋਇਲਲੈਸ ਤੋਪਾਂ ਨੇ ਉਡਾ ਦਿੱਤੇ। ਪਾਕਿਸਤਾਨੀ ਹਵਾਈ ਫ਼ੌਜ ਦੇ ਹਮਲੇ ਵੀ ਭਾਰਤ ਦਾ ਸੀਮਤ ਨੁਕਸਾਨ ਹੀ ਕਰ ਸਕੇ।
ਦੁਪਹਿਰ ਤੋਂ ਬਾਅਦ ਉਨ੍ਹਾਂ ਨੇ ਦੱਖਣ-ਪੂਰਬ ਵਾਲੇ ਪਾਸੇ ਤੋਂ ਭਾਰਤੀ ਸਫ਼ਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਦੌਰਾਨ ਉਨ੍ਹਾਂ ਦੇ ਟੈਂਕ ਵਲਟੋਹਾ ਨੇੜੇ ਹੜ੍ਹ ਵਿੱਚ ਫਸ ਗਏ ਸਨ ਜੋ ਭਾਰਤੀਆਂ ਅਰਾਮ ਨਾਲ ਹੀ ਤਬਾਹ ਕਰ ਦਿੱਤੇ।
ਸ਼ਾਮ ਨੂੰ ਪਹਿਲਾਂ ਇੱਕ ਘੰਟੇ ਤੱਕ ਪਾਕਿਸਤਾਨ ਨੇ ਤੋਪਖ਼ਾਨੇ ਅਤੇ ਹਵਾਈ ਬੰਬ ਵਰ੍ਹਾਏ ਗਏ। ਪਾਕਿਸਤਾਨੀ ਟੈਂਕਾਂ ਨੇ 18 ਰਾਜਪੂਤਾਨਾ ਰਾਈਫ਼ਲਜ਼ ਉੱਤੇ ਤਿੰਨ ਪਾਸੇ ਤੋਂ ਹਮਲਾ ਕੀਤਾ। ਬਟਾਲੀਅਨ, ਤੋਪਖ਼ਾਨੇ ਅਤੇ ਡੈਕਨ ਹੌਰਸਜ਼ ਦੇ ਟੈਂਕਾਂ ਨੇ ਉਨ੍ਹਾਂ ਨੂੰ ਕੁਝ ਦੇਰ ਲਈ ਰੋਕਿਆ। ਲੇਕਿਨ ਫਿਰ ਵੀ ਦੁਸ਼ਮਣ ਦੇ ਟੈਂਕ ਇਨਫੈਂਟਰੀ ਦੀ ਮਾਰ ਦੀ ਹੱਦ ਤੱਕ ਪਹੁੰਚ ਹੀ ਗਏ। ਉਨ੍ਹਾਂ ਨੂੰ ਬਟਾਲੀਅਨ ਦੇ ਟੈਂਕ-ਵਿਰੋਧੀ ਹਥਿਆਰਾਂ ਨਾਲ ਰੋਕਿਆ ਅਤੇ ਆਖਰ ਹੱਲਾ ਮੱਠਾ ਪੈ ਗਿਆ।
62 ਮਾਊਂਟੇਨ ਬ੍ਰਿਗੇਡ ਦੇ ਕਮਾਂਡਰ ਨੇ 18 ਰਾਜਪੂਤਾਨਾ ਰਾਈਫ਼ਲਜ਼ ਨੂੰ ਮੂਹਰਲੇ ਮੋਰਚੇ ਚਲੇ ਜਾਣ ਦੀ ਸੂਰਤ ਵਿੱਚ ਵੀ ਡਟੇ ਰਹਿਣ ਲਈ ਕਿਹਾ। ਪਾਕਿਸਤਾਨੀ ਟੈਂਕਾਂ ਨੂੰ ਮਾਈਨਾਂ ਅਤੇ ਤੋਪਖ਼ਾਨੇ ਦੀਆਂ ਪੰਜ ਰੈਜੀਮੈਂਟਾਂ ਦੇ ਸਾਹਮਣੇ ਤੋਂ ਆ ਰਹੇ ਤਿੱਖੇ ਹਮਲੇ ਵਿੱਚ ਅੱਗੇ ਵਧਣਾ ਪਿਆ। 18 ਰਾਜਪੂਤਾਨਾ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਰਘਬੀਰ ਸਿੰਘ ਨੇ ਆਪਣੀ ਕਮਾਂਡ ਪੋਸਟ ਛੱਡ ਕੇ ਮੈਦਾਨ ਵਿੱਚ ਆ ਗਏ ਅਤੇ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਦੁਵੱਲੀ ਗੋਲੀਬਾਰੀ ਦਾ ਸਾਹਮਣਾ ਕਰਦੇ ਹੋਏ ਮੂਹਰਲੀਆਂ ਕੰਪਨੀਆਂ ਨਾਲ ਮੁੜ ਸੰਪਰਕ ਬਹਾਲ ਕੀਤਾ।
ਅੱਗੇ ਵਧਣ ਵਿੱਚ ਨਾਕਾਮ ਪਾਕਿਸਤਾਨੀ ਫੌਜ ਰਾਤ ਨੂੰ ਕਰੀਬ 10 ਵਜੇ ਪਿੱਛੇ ਹਟੀ। ਮੈਦਾਨੇ ਜੰਗ ਵਿੱਚ ਹਰ ਪਾਸੇ ਸੜ ਰਹੇ ਟੈਂਕਾਂ ਦਾ ਧੂਆਂ ਸੀ। ਲੜਾਈ ਦੇ ਦੂਜੇ ਦਿਨ ਤੱਕ ਅਸਲ ਉੱਤਰ ਉੱਤੇ ਦੱਖਣ-ਪੂਰਬ ਤੋਂ ਹਮਲਾ ਕੀਤਾ ਗਿਆ ਜੋ ਨਾਕਾਮ ਹੋ ਗਿਆ। ਭਾਰਤੀ ਕਮਾਂਡਰਾਂ ਅਤੇ ਰਣਨੀਤੀਕਾਰ ਇਸ ਤੋਂ ਅਣਜਾਣ ਨਹੀਂ ਸਨ।
10 ਸਤੰਬਰ ਨੂੰ ਪਾਕਿਸਤਾਨੀ ਫੌਜ ਨੇ ਅੱਗੇ ਵਧਣ ਦੀ ਆਖਰੀ ਵਾਹ ਲਾਈ। ਨੌਂ ਸਤੰਬਰ ਦੀ ਰਾਤ ਨੂੰ ਤੀਜੀ ਕਵੈਲਰੀ ਨੂੰ ਕਮਾਨ ਕਰ ਰਹੇ— ਜਨਰਲ ਗੁਰਬਖਸ਼ ਸਿੰਘ, ਬ੍ਰਿਗੇਡੀਅਰ ਥਿਓਗਰਾਜ ਅਤੇ ਲੈਫਟੀਨੈਂਟ ਕਰਨਲ ਸਲੇਮ ਕਲੇਬ ਨੇ ਸਥਿਤੀ ਦਾ ਵਿਸ਼ਲੇਸ਼ਣ ਕੀਤਾ। ਉਹ ਜਾਣਦੇ ਸਨ ਕਿ ਲੜਾਈ ਨਿਰਣਾਇਕ ਪੜਾਅ ਵਿੱਚ ਤੇਜ਼ੀ ਨਾਲ ਪਹੁੰਚ ਰਹੀ ਹੈ।
ਪਾਕਿਸਤਾਨੀ ਫ਼ੌਜ ਦੀਆਂ ਵੱਖ-ਵੱਖ ਭਾਰਤੀ ਮੋਰਚਿਆਂ ਉੱਤੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਸਨ।
ਭਾਰਤੀ ਰਣਨੀਤੀਕਾਰ ਪਾਕਿਸਤਾਨੀ ਫ਼ੌਜ ਦੇ ਜੰਗੀ ਪੈਂਤੜਿਆਂ ਦੇ ਤਜ਼ਰਬੇਕਾਰ ਸਨ। ਉਨ੍ਹਾਂ ਨੇ ਫਾਰਮੇਸ਼ਨ ਵਿੱਚ ਬਦਲਾਅ ਕੀਤਾ। ਉਨ੍ਹਾਂ ਦਾ ਵਿਚਾਰ ਦੁਸ਼ਮਣ ਨੂੰ ਜਾਲ ਵਿੱਚ ਫਸਾ ਕੇ ਘੇਰ ਕੇ ਮਾਰਨ ਦਾ ਸੀ।
ਬ੍ਰਿਗੇਡੀਅਰ ਥਿਓਗਰਾਜ ਨੇ ਆਪਣੀ ਆਰਮਰ ਨੂੰ ਮੁੜ ਤੈਨਾਤ ਕੀਤਾ। ਉਨ੍ਹਾਂ ਨੇ ਅੱਠਵੀਂ ਕੈਵਲਰੀ ਦੇ ਲਾਈਟ ਏਐੱਮਐੱਸ ਟੈਂਕਾਂ ਨੂੰ ਪਾਕਿਸਤਾਨੀ ਫੌਜ ਨੂੰ ਫੁਸਲਾਉਣ ਲਈ ਭੇਜਿਆ। ਜਿਸ ਨਾਲ ਉਹ ਜਾਲ ਵਿੱਚ ਫ਼ਸ ਗਈ। ਤੀਜੀ ਕੈਵਲਰੀ ਦੇ ਤਿੰਨ ਸਕੁਐਡਰਨਾਂ ਨੇ ਆਪਣੇ ਆਪ ਨੂੰ ਘੋੜੇ ਦੀ ਖੁਰੀ ਵਰਗੇ ਅੱਰਧ ਗੋਲਿਆਂ ਦੇ ਰੂਪ ਵਿੱਚ ਸਥਾਪਿਤ ਕੀਤਾ ਅਤੇ ਦੁਸ਼ਮਣ ਦੇ ਟੈਂਕਾਂ ਦੇ ਖਿਲਾਫ਼ ਪਰਤਦਾਰ ਸੁਰੱਖਿਆ ਮੁਹਈਆ ਕੀਤੀ। ਸਲੇਮ ਕਲੇਬ ਨੇ ਆਪਣੀ ਟੁਕੜੀ ਨੂੰ ਰੇਡੀਓ ਉੱਤੇ ਸੰਦੇਸ਼ ਭੇਜਿਓ ਕਿ ‘ਜੋ ਕੋਈ ਵੀ ਦਬਾਅ ਦੇ ਦੌਰਾਨ ਜ਼ਿਆਦਾ ਸ਼ਾਂਤ ਰਹੇਗਾ ਜੇਤੂ ਹੋਵੇਗਾ। ਰੱਬ ਤੁਹਾਡੇ ਨਾਲ ਹੋਵੇ!’
ਅਬਦੁਲ ਹਮੀਦ ਦੀ ਬਹਾਦਰੀ

ਤਸਵੀਰ ਸਰੋਤ, India post
ਪਾਕਿਸਤਾਨੀ ਫੌਜ ਨੇ ਪੈਟੋਨ ਟੈਂਕਾਂ ਦੀਆਂ ਦੋ ਰੈਜੀਮੈਂਟਾਂ ਅਤੇ ਚੈਫੀਸ ਦੀਆਂ ਦੋ ਸਕੁਐਡਰਨਾਂ ਅਤੇ ਬਖ਼ਤਰਬੰਦਾਂ ਨਾਲ ਲੈਸ ਇੱਕ ਬਟਾਲੀਅਨ ਨਾਲ ਪੱਛਮ ਵਾਲੇ ਪਾਸੇ ਤੋਂ ਇੱਕ ਹਮਲਾ ਕੀਤਾ।
ਪਹੁ ਫੁੱਟਣ ਤੋਂ ਬਾਅਦ ਹੀ ਪਾਕਿਸਤਾਨ ਦੇ ਟੈਂਕਾਂ ਦੇ ਰੋਹੀ ਨਾਲੇ ਦੇ ਪੂਰਬ ਵੱਲ ਮੁੱਖ ਮੋਰਚਿਆਂ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਹੋਣ ਦੀ ਸੂਚਨਾ ਮਿਲੀ।
ਇਸ ਤੋਂ ਅੱਗੇ ਭਾਰਤੀਆਂ ਨੇ ਪਾਣੀ ਛੱਡਿਆ ਹੋਇਆ ਸੀ। ਚੀਮਿਆਂ ਤੋਂ ਲਖਾਨਾ ਤੱਕ ਦੋ ਏਕੜ ਦੇ ਉੱਚੇ ਗੰਨੇ ਦੇ ਖੇਤਾਂ ਵਿੱਚ ਸੈਂਚੂਰੀਅਨ ਟੈਂਕ ਪਾਕਿਸਤਾਨੀ ਪੈਟੋਨ ਟੈਂਕਾਂ ਦੀ ਉਡੀਕ ਕਰ ਰਹੇ ਸਨ।
ਪਾਕਿਸਤਾਨੀ ਫੌਜ ਨੇ ਚਾਰ ਗ੍ਰੇਨੇਡੀਅਰਸ ਉੱਤੇ ਇੱਕ ਏਸੀਪੀ ਬਟਾਲੀਅਨ ਅਤੇ ਕੁਝ ਪੈਟੋਨ ਟੈਂਕਾਂ ਨਾਲ ਹਮਲਾ ਕੀਤਾ। ਟੈਂਕ ਮੂਹਰੀ ਮੋਰਚਿਆਂ ਨੂੰ ਦਰੜ ਕੇ ਅੱਗੇ ਵਧ ਗਏ ਪਰ ਕੈਮੋਫਲੌਜ ਅਤੇ ਉੱਚੇ ਗੰਨਿਆਂ ਕਾਰਨ ਮੁੱਖ ਮੋਰਚੇ ਤੱਕ ਨਹੀਂ ਪਹੁੰਚ ਸਕੇ। ਕੁਝ ਸੈਂਚੂਰੀਅਨ ਟੈਂਕਾਂ ਨੂੰ ਮਦਦ ਲਈ ਭੇਜਿਆ ਗਿਆ।
ਲੜਾਈ ਦੌਰਾਨ ਤੋਪਚੀ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਨੂੰ ਗੰਨੇ ਦੇ ਖੇਤਾਂ ਵਿੱਚ ਕੁਝ ਪੈਟੋਨ ਟੈਂਕ ਮਿਲੇ। ਉਨ੍ਹਾਂ ਨੇ ਆਪਣੀ ਟੈਂਕ ਮਾਰ ਤੋਪ ਵਾਲੀ ਜੀਪ ਨਾਲ ਤਿੰਨ ਟੈਂਕ ਤਬਾਹ ਕੀਤੇ। ਚੌਥੇ ਟੈਂਕ ਨੇ ਉਨ੍ਹਾਂ ਦੀ ਜੀਪ ਤਬਾਹ ਕਰ ਦਿੱਤੀ। ਸਟਾਫ਼ ਦੇ ਨਾਲ ਹੀ ਅਬਦੁਲ ਹਮੀਦ ਵੀ ਮਾਰੇ ਗਏ। ਉਨ੍ਹਾਂ ਨੂੰ ਇਸ ਲਾਮਿਸਾਲੀ ਬਹਾਦਰੀ ਲਈ ਮੌਤ ਮਗਰੋਂ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਪਾਕਿਸਤਾਨੀ ਕਮਾਂਡਰ ਮੈਦਾਨ ਵਿੱਚ ਆਏ
ਸਵੇਰੇ ਕਰੀਬ 11 ਵਜੇ ਰੀਕੋਇਲਲੈਸ ਤੋਪਾਂ ਵਾਲੀਆਂ ਤਿੰਨ ਪਾਕਿਸਤਾਨੀ ਜੀਪਾਂ 4 ਗ੍ਰੇਨੇਡੀਅਰਸ ਦੇ ਮੋਰਚਿਆਂ ਵਿੱਚ ਆ ਵੜੀਆਂ। ਇਨ੍ਹਾਂ ਵਿੱਚੋਂ ਦੋ ਨੂੰ ਫੜ ਲਿਆ ਗਿਆ ਤੇ ਤੀਜੀ ਭੱਜ ਗਈ। ਪਾਕਿਸਤਾਨ ਦੀਆਂ ਤਿੰਨ ਜੀਪਾਂ ਜਿਨ੍ਹਾਂ ਦੇ ਨਾਲ ਪੈਟੋਨ ਟੈਂਕ ਵੀ ਸਨ ਗ੍ਰੇਨੇਡੀਅਰਸ ਦੇ ਮੋਰਚਿਆਂ ਉੱਤੇ ਦੁਪਹਿਰ ਇੱਕ ਵਜੇ ਪਹੁੰਚੀਆਂ। ਲੇਕਿਨ ਚੰਗੀ ਤਰ੍ਹਾਂ ਲੁਕੇ ਹੋਣ ਕਾਰਨ ਉਹ ਭਾਰਤੀ ਫ਼ੌਜ ਨੂੰ ਲੱਭ ਨਾ ਸਕੇ।
ਪਾਕਿਸਤਾਨੀ ਆਰਟਿਲਰੀ ਕਮਾਂਡਰ ਏਆਰ ਸ਼ੰਮੀ ਅਤੇ ਆਰਮਰਡ ਬ੍ਰਿਗੇਡ ਦੇ ਕਮਾਂਡਰ ਖ਼ੁਦ ਮਿਸਾਲ ਬਣ ਕੇ ਆਪਣੀ ਫ਼ੌਜ ਦਾ ਹੌਂਸਲਾ ਵਧਾਉਣ ਮੈਦਾਨ ਵਿੱਚ ਆਏ। ਗ੍ਰੇਨੇਡੀਅਰਸ ਦੇ ਮੁਹੰਮਦ ਸ਼ਫ਼ੀ ਅਤੇ ਨਈਮ ਜੋ ਕਿ ਇੱਕ ਲਾਈਟ ਮਸ਼ੀਨ ਗੰਨ ਉੱਤੇ ਤੈਨਾਤ ਸਨ, ਨੇ ਉਨ੍ਹਾਂ ਨੂੰ ਦੇਖ ਲਿਆ। ਚੰਗੀ ਤਰ੍ਹਾਂ ਸਿੰਨ੍ਹ ਕੇ ਲਾਏ ਨਿਸ਼ਾਨੇ ਲਾਏ।
ਆਰਟਿਲਰੀ ਦੇ ਕਮਾਂਡਰ ਬ੍ਰਿਗੇਡੀਅਰ ਏਆਰ ਸ਼ੰਮੀ ਮਾਰੇ ਗਏ ਜਦਕਿ ਬ੍ਰਿਗੇਡ ਕਮਾਂਡਰ ਗੰਭੀਰ ਫੱਟੜ ਹੋਏ ਪਰ ਭੱਜਣ ਵਿੱਚ ਕਾਮਯਾਬ ਹੋ ਗਏ।
4 ਗ੍ਰੇਨੇਡੀਅਰਸ ਉੱਤੇ ਕੀਤਾ ਹਮਲਾ ਅਸਫ਼ਲ ਰਹਿਣ ਤੋਂ ਬਾਅਦ, ਹੁਣ ਪਾਕਿਸਤਾਨੀ ਫੌਜ ਨੇ ਪੱਛਮੀ ਪਾਸੇ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਦੁਪਹਿਰ ਸਾਢੇ ਤਿੰਨ ਵਜੇ ਇਸ ਗੱਲ ਤੋਂ ਅਣਜਾਣ ਕਿ ਇਹ ਇੱਕ ਕਤਲਗਾਹ ਹੈ, ਪਾਕਿਸਤਾਨੀ ਟੁਕੜੀ ਮਹਿਮੂਦਪੁਰ ਵੱਲ ਵਧੀ।
ਕੁੜਿੱਕੀ ਚੱਲੀ, ਪੈਟੋਨ ਤਾਬੜਤੋੜ ਅੱਗੇ ਵਧੇ। ਉਡੀਕ ਕਰ ਰਹੇ ਭਾਰਤੀ ਸੈਂਚੂਰੀਅਨ ਟੈਂਕਾਂ ਨੇ ਉਨ੍ਹਾਂ ਨੂੰ ਜ਼ਦ ਵਿੱਚ ਆਉਣ ਦਿੱਤਾ ਅਤੇ ਫਿਰ ਜਾਨਲੇਵਾ ਫਾਇਰ ਖੋਲ੍ਹ ਦਿੱਤੇ। ਮੈਦਾਨ ਵਿੱਚ ਪਾਕਿਸਤਾਨ ਦੇ ਪੈਟੋਨ ਟੈਂਕ ਧੂਹ-ਧੂਹ ਕਰਕੇ ਸੜ ਰਹੇ ਸਨ।
ਭੱਜ ਰਹੇ ਕੁਝ ਟੈਂਕ ਹੜ੍ਹ ਵਿੱਚ ਫਸ ਗਏ, ਜਿਨ੍ਹਾਂ ਨੂੰ ਭਾਰਤੀ ਟੈਂਕਾਂ ਅਤੇ ਰੀਕੋਇਲਲੈਸ ਤੋਪਾਂ ਨੇ ਉਡਾ ਦਿੱਤਾ।
ਇਸ ਹਾਰ ਨੇ ਪਾਕਿਸਤਾਨ ਦੀ ਪਹਿਲੀ ਆਰਮਰਡ ਡਿਵੀਜ਼ਨ ਦੀ ਕਮਰ ਤੋੜ ਦਿੱਤੀ। ਪਾਕਿਸਤਾਨ ਦਾ ਮਾਣ ਕਹੀ ਜਾਂਦੀ ਇਸ ਡਿਵੀਜ਼ਨ ਨੇ ਆਖਰ ਬਿਆਸ ਪਹੁੰਚਣ ਦਾ ਸੁਫ਼ਨਾ ਤਿਆਗ ਦਿੱਤਾ ਅਤੇ ਸਿਰ ’ਤੇ ਪੈਰ ਧਰ ਕੇ ਭੱਜੀ।
ਭਿੱਖੀਵਿੰਡ ਐਕਸਿਸ ਵਾਲੇ ਪਾਸੇ ਤੋਂ ਹਮਲੇ ਵਿੱਚ ਨਾਕਾਮ ਰਹਿਣ ਦੇ ਬਾਵਜੂਦ, ਪਾਕਿਸਤਾਨੀਆਂ ਨੇ ਸ਼ਾਮ ਨੂੰ ਇੱਕ ਹੋਰ ਕੋਸ਼ਿਸ਼ ਪੱਤੀ ਐਕਸਿਸ ਵੱਲੋਂ ਕੀਤੀ। ਪਾਕਿਸਤਾਨੀ ਫੌਜ ਦੇ ਆਰਮਰਡ 62 ਮਾਊਂਟੇਨ ਬ੍ਰਿਗੇਡ ਦੇ ਹੈਡਕੁਆਰਟਰਾਂ ਦੇ ਕੋਲ ਆ ਗਏ। ਲੇਕਿਨ 7 ਗ੍ਰੇਨੇਡੀਅਰਸ ਹੁਣ ਆਪਣੇ ਮੈਦਾਨ ਵਿੱਚ ਡਟੇ ਖੜ੍ਹੇ ਸਨ। ਰਾਤ ਦਸ ਵਜੇ ਤੱਕ ਪਾਕਿਸਤਾਨੀ ਫੌਜ ਨੇ ਹਮਲਾ ਰੋਕ ਦਿੱਤਾ। 7 ਗ੍ਰੇਨੇਡੀਅਰਸ ਦੇ ਚਾਰ ਅਫ਼ਸਰ ਇਸ ਲੜਾਈ ਵਿੱਚ ਮਾਰੇ ਗਏ।
ਤੀਜੀ ਕੈਵਿਲਰੀ ਦੇ ਚਾਰਲੀ ਸਕੁਐਡਰਨ ਦੇ ਕਮਾਂਡਰ ਮੇਜਰ ਨਰਿੰਦਰ ਸੰਧੂ ਦਾ ਟੈਂਕ ਤਬਾਹ ਹੋ ਗਿਆ ਅਤੇ ਉਨ੍ਹਾਂ ਦਾ ਡਰਾਈਵਰ ਵੀ ਮਾਰਿਆ ਗਿਆ। ਉਨ੍ਹਾਂ ਬਿਨਾਂ ਘਬਰਾਏ ਉਹ ਲਖਾਨਾ ਦੇ ਇੱਕ ਤਿੰਨ ਮੰਜ਼ਿਲੇ ਘਰ ਉੱਤੇ ਪੁਜੀਸ਼ਨ ਲਈ। ਇਸ ਉੱਚੇ ਮੋਰਚੇ ਤੋਂ ਉਨ੍ਹਾਂ ਨੇ ਪਾਕਿਸਤਾਨੀ ਫੌਜ ਦੇ ਟੈਂਕਾਂ ਦੀ ਸਰਗਰਮੀ ਬਾਰੇ ਰੈਜੀਮੈਂਟ ਹੈਡਕੁਆਰਟਰ ਨੂੰ ਸੂਚਿਤ ਕੀਤਾ। ਜਿਸ ਕਾਰਨ ਕਾਰਗਰ ਜਵਾਬ ਦਿੱਤਾ ਜਾ ਸਕਿਆ। ਉਨ੍ਹਾਂ ਦੀ ਬਹਾਦਰੀ ਨੂੰ ਅਧਿਕਾਰਿਤ ਰੂਪ ਵਿੱਚ ਯਾਦ ਕੀਤਾ ਗਿਆ।
ਭਾਰਤ ਦੀ ਜਿੱਤ ਦੀ ਸਵੇਰ

ਤਸਵੀਰ ਸਰੋਤ, Govt of India Archives
11 ਸਤੰਬਰ ਦੇ ਪਹੁ ਫੁਟਾਲੇ ਦੇ ਨਾਲ ਹੀ ਭਾਰਤ ਦੀ ਜਿੱਤ ਵੀ ਸਪਸ਼ਟ ਹੋਣ ਲੱਗੀ। ਸੜ ਰਹੇ ਪੈਟੋਨ ਟੈਂਕਾਂ ਦੀ ਗਿਣਤੀ ਤੋਂ ਪਾਕਿਸਤਾਨ ਦੇ ਨੁਕਸਾਨ ਦੀ ਕਹਾਣੀ ਕਹਿ ਰਹੇ ਸਨ। ਫੌਜਾਂ ਨੂੰ ਮੁਸਤੈਦ ਹੋਣ ਦੇ ਹੁਕਮ ਦਿੱਤੇ ਗਏ।
ਤੀਜੀ ਕੈਵਿਲਰੀ ਅਤੇ ਤੋਪਖ਼ਾਨੇ ਨੂੰ ਐਕਸ਼ਨ ਲਈ ਤਿਆਰ ਕੀਤਾ ਗਿਆ। ਪਾਕਿਸਤਾਨੀ ਫੌਜ ਦੀ ਸਫ਼ਾਂ ਵਿੱਚ ਕੋਈ ਸਰਗਰਮੀ ਨਜ਼ਰ ਨਾ ਆਉਣ ਤੋਂ ਬਾਅਦ ਪਹਿਲੀ ਡੋਗਰਾ ਵੱਲੋਂ ਇੱਕ ਪੈਟਰੋਲ ਕੀਤੀ ਗਈ। ਉਨ੍ਹਾਂ ਨੇ ਦੇਖਿਆ ਕਿ ਟੈਂਕਾਂ ਦੇ ਇੰਜਣ ਚੱਲ ਰਹੇ ਸਨ, ਤੋਪਾਂ ਵਿੱਚ ਗੋਲੇ ਸਨ ਅਤੇ ਰੇਡੀਓ ਚੱਲ ਰਹੇ ਸਨ।
ਇਨ੍ਹਾਂ ਦੇ ਚਾਲਕ ਦਲ ਨਾਲ ਲਗਦੇ ਗੰਨੇ ਦੇ ਖੇਤਾਂ ਵਿੱਚ ਲੁਕੇ ਮਿਲੇ। ਲੈਫਟੀਨੈਂਟ ਕਰਨਲ ਮੁਹੰਮਦ ਨਜ਼ੀਰ ਜੋ ਕਿ ਚੌਥੀ ਕੈਵਿਲਰੀ ਦੇ ਅਗਵਾਈ ਕਰ ਰਹੇ ਸਨ ਅਤੇ ਉਨ੍ਹਾਂ ਦਾ ਸੂਹੀਆ ਅਫ਼ਸਰ, ਦੋ ਸਕੁਐਡਰਨ ਕਮਾਂਡਰ ਅਤੇ ਵੀਹ ਹੋਰ ਰੈਂਕ ਦੇ ਪਾਕਿਸਤਾਨੀ ਫੌਜੀ ਫੜੇ ਗਏ।
ਤਬਾਹ ਕੀਤੇ ਗਏ ਅਤੇ ਫੜੇ ਗਏ 97 ਪਾਕਿਸਤਾਨੀ ਟੈਂਕ ਭਿੱਖੀਵਿੰਡ ਵਿੱਚ ਦੁਨੀਆਂ ਦੀ ਪ੍ਰੈੱਸ ਨੂੰ ਦਿਖਾਏ ਗਏ। ਇਸ ਥਾਂ ਦਾ ਨਾਮ ਹੀ ਪੈਟੋਨ ਨਗਰ ਪੈ ਗਿਆ। ਅਸਲ ਉੱਤਰ ਇੱਕ ਵਰਨਣਯੋਗ ਜਿੱਤ ਸੀ।
ਚਾਰ ਮਾਊਂਟੇਨ ਡਿਵੀਜ਼ਨ ਜੋ ਕਿਸੇ ਸਮੇਂ ਆਪਣਾ ਹੌਂਸਲਾ ਹਾਰ ਚੁੱਕੀ ਸੀ, ਉਨ੍ਹਾਂ ਦਾ ਉਤਸ਼ਾਹ ਫਿਰ ਠਾਠਾਂ ਮਾਰਨ ਲੱਗਿਆ। ਉਨ੍ਹਾਂ ਨੇ ਪਾਕਿਸਤਾਨ ਫੌਜ ਦੇ ਟੈਂਕਾਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ। ਪੁਰਾਣੇ ਅਤੇ ਗਿਣਤੀ ਵਿੱਚ ਪਛਾੜੇ ਜਾਣ ਦੇ ਬਾਵਜੂਦ ਭਾਰਤੀ ਟੈਂਕਾਂ ਨੇ ਪਾਕਿਸਤਾਨ ਦੀ ਪਹਿਲੀ ਆਰਮਰਡ ਡਿਵੀਜ਼ਨ ਨੂੰ ਕਰਾਰੀ ਸ਼ਿਕਸਤ ਦਿੱਤੀ।
ਭਾਰਤ ਦੀ ਜਿੱਤ ਦੇ ਕਾਰਨ

ਤਸਵੀਰ ਸਰੋਤ, BHARATRAKSHAK.COM
ਭਾਰਤ ਦੀ ਜਿੱਤ ਲਈ ਕਈ ਕਾਰਨ ਜ਼ਿੰਮੇਵਾਰ ਸਨ। ਸੱਤ ਸਤੰਬਰ ਨੂੰ ਭਾਰਤੀ ਆਰਟਿਲਰੀ ਵੱਲੋਂ ਦਿਖਾਈ ਗਈ ਸੂਝਬੂਝ ਅਤੇ ਪਾਕਿਸਤਾਨ ਦੇ ਧੀਮੇ ਹਮਲੇ ਨੇ ਭਾਰਤੀ ਫੌਜ ਨੂੰ ਤਿਆਰੀ ਕਰਨ ਦਾ ਅਵਸਰ ਦਿੱਤਾ।
ਗੰਨੇ ਦੀਆਂ ਖੜ੍ਹੀਆਂ ਫ਼ਸਲਾਂ ਅਤੇ ਭਾਰਤੀ ਫੌਜ ਵੱਲੋਂ ਇਸ ਓਟੇ ਦੀ ਢੁੱਕਵੀਂ ਵਰਤੋਂ। ਇਸ ਦੇ ਉਲਟ ਪਾਕਿਸਤਾਨੀ ਫੌਜ ਦੇ ਟੈਂਕ ਰੜੇ ਮੈਦਾਨ ਵਿੱਚ ਹਲਚਲ ਕਰਦੇ ਸਾਫ਼ ਦੇਖੇ ਜਾ ਸਕਦੇ ਸਨ। ਜਾਣ ਬੁੱਝ ਕੇ ਲਿਆਂਦੇ ਗਏ ਹੜ੍ਹ ਵੀ ਸਹਾਈ ਹੋਏ। ਇੰਜੀਨੀਅਰਾਂ ਵੱਲੋਂ ਸਮੇਂ ਸਿਰ ਵਿਛਾਈਆਂ ਮਾਈਨਾਂ ਨੇ ਵੀ ਸੁਰੱਖਿਆ ਦੀ ਇੱਕ ਪਰਤ ਪ੍ਰਦਾਨ ਕੀਤੀ।
ਦੋ (ਸੁਤੰਤਰ) ਆਰਮਰਡ ਬ੍ਰਿਗੇਡ ਅਤੇ ਇਸ ਦੇ ਸੈਂਚੂਰੀਅਨ ਟੈਂਕਾਂ ਦੀ ਪ੍ਰਸਿੱਧ ਥਰੀ ਰਾਊਂਡ ਤਕਨੀਕ ਨਾਲ ਕੀਤੀ ਗਈ ਗੋਲੀਬਾਰੀ ਵੀ ਜਿੱਤ ਵਿੱਚ ਸਹਾਈ ਸਾਬਤ ਹੋਈ।
ਸਾਰੇ ਪੱਧਰਾਂ ਉੱਤੇ ਕੁਸ਼ਲ ਭਾਰਤੀ ਲੀਡਰਸ਼ਿਪ ਖਾਸ ਕਰਕੇ ਸੀਨੀਅਰ ਕਮਾਂਡਰ ਨੇ ਗੰਭੀਰ ਹੱਲਿਆਂ ਅਤੇ ਪਿੱਛੇ ਹਟਣ ਦੇ ਬਾਵਜੂਦ ਠਰੰਮੇ ਤੋਂ ਕੰਮ ਲਿਆ ਅਤੇ ਢੁੱਕਵੀਂ ਵਿਉਂਤਬੰਦੀ ਕੀਤੀ। ਜਵਾਨਾਂ ਦਾ ਮਨੋਬਲ ਕਾਇਮ ਰੱਖਿਆ ਗਿਆ।
ਆਖਰ ਵਿੱਚ ਅਤੇ ਸਭ ਤੋਂ ਅਹਿਮ, ਭਾਰਤੀ ਸੈਨਿਕਾਂ ਦੀ ਨਾ ਦਬਣ ਵਾਲੀ ਹਿੰਮਤ। ਉਨ੍ਹਾਂ ਦੀ ਜਿੱਤਣ ਪ੍ਰਤੀ ਅਤੇ ਨਾ ਝੁਕਣ ਪ੍ਰਤੀ ਦ੍ਰਿੜਤਾ। ਭਾਰਤੀ ਜਵਾਨਾਂ ਨੇ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਸਬਰ ਨਿਸ਼ਚੇ ਕਰ ਅਪਨੀ ਜੀਤ ਕਰੂੰ ਨੂੰ ਪ੍ਰਤੱਖ ਕਰਕੇ ਦਿਖਾਇਆ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












