‘ਕੀ ਪਾਕਿਸਤਾਨੀ ਫੌਜ ਨੂੰ ਬੰਦੇ ਚੁੱਕਣ ਦੀ ਇੰਨੀ ਆਦਤ ਹੋ ਗਈ ਹੈ ਕਿ ਆਪਣੇ ਹੀ ਬੰਦੇ ਚੁੱਕਣ ਲੱਗ ਪਈ?’- ਵਲੌਗ

ਤਸਵੀਰ ਸਰੋਤ, Pakistan military
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ
ਹਿੰਦੁਸਤਾਨ ’ਚ ਜਾਂ ਰੂਸ, ਅਮਰੀਕਾ, ਚੀਨ ਜਾਂ ਜਰਮਨੀ ਵਰਗੇ ਕਿਸੇ ਮੁਲਕ ’ਚ ਆਮ ਤੌਰ ’ਤੇ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਹੈ ਕਿ ਉਨ੍ਹਾਂ ਦੀ ਇੰਟੈਲੀਜੈਂਸ ਦਾ ਚੀਫ਼ ਕੌਣ ਹੈ। ਪਰ ਪਾਕਿਸਤਾਨ ’ਚ ਪੁੱਠਾ ਹੀ ਹਿਸਾਬ ਹੈ।
ਸਾਨੂੰ ਨਾ ਸਿਰਫ ਆਉਣ ਵਾਲੇ ਚੀਫ਼ ਦਾ ਪਤਾ ਹੁੰਦਾ ਹੈ ਬਲਕਿ ਜਾਣ ਵਾਲੇ ਦੀ ਸਾਰੀ ਕਰਤੂਤ ਵੀ ਪਤਾ ਲੱਗ ਜਾਂਦੀ ਹੈ।
ਵੈਸੇ ਤਾਂ ਇੰਟੈਂਲੀਜੈਂਸ ਖੁਫੀਆ ਜਿਹਾ ਕੰਮ ਹੈ, ਚੁੱਪ ਕਰਕੇ ਕਰਨ ਵਾਲਾ, ਭੇਸ ਵਟਾ ਕੇ ਕਰਨ ਵਾਲਾ, ਪਰ ਪਾਕਿਸਤਾਨ ’ਚ ਖੰਭਿਆਂ ’ਤੇ ਆਈਐਸਆਈ ਚੀਫ਼ ਦੇ ਪੋਸਟਰ ਲੱਗੇ ਹੁੰਦੇ ਹਨ।
ਉਸ ਦੇ ਨਾਮ ਦੇ ਨਾਅਰੇ ਵੀ ਵੱਜਦੇ ਹਨ ਅਤੇ ਉਸ ਦੇ ਨਾਮ ’ਤੇ ਗਲੀਆਂ ’ਚ ਢੋਲ ਵੀ ਵੱਜਦੇ ਹਨ।
ਹੁਣ ਸਾਡੇ ਪੁਰਾਣੇ ਆਈਐਸਆਈ ਚੀਫ਼ ਫ਼ੈਜ਼ ਹਮੀਦ ਸਾਹਿਬ ਨੂੰ ਉਨ੍ਹਾਂ ਦੀ ਆਪਣੀ ਫੌਜ ਨੇ ਹੀ ਚੁੱਕ ਲਿਆ ਹੈ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਕੋਰਟ ਮਾਰਸ਼ਲ ਹੋਵੇਗਾ।
ਫ਼ੈਜ਼ ਹਮੀਦ ਸਾਹਿਬ ਜਦੋਂ ਚੀਫ਼ ਸਨ, ਉਸ ਸਮੇਂ ਨਾ ਕੇਵਲ ਉਨ੍ਹਾਂ ਨੇ ਸਿਰਫ ਪੂਰਾ ਮੁਲਕ ਸੰਭਾਲਿਆ ਹੋਇਆ ਸੀ ਸਗੋਂ ਲੱਗਦਾ ਇਹ ਸੀ ਕਿ ਪੂਰੀ ਦੁਨੀਆ ਵੀ ਉਹ ਹੀ ਸਾਂਭੀ ਬੈਠੇ ਹਨ।
ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਫਗਾਨਿਸਤਾਨ ’ਚੋਂ ਅਮਰੀਕਾ ਨੱਸ ਕੇ ਗਿਆ ਤਾਂ ਫ਼ੈਜ਼ ਹਮੀਦ ਸਾਹਿਬ ਕਿਸੇ ਸੂਰਮੇ ਦੀ ਤਰ੍ਹਾਂ ਫੌਰਨ ਕਾਬੁਲ ਪਹੁੰਚੇ ਸਨ।
ਉੱਥੇ ਇੰਟਰਕੋਨਟੀਨੈਂਟਲ ਹੋਟਲ ’ਚ ਖਲੋ ਕੇ ਕਾਹਵੇ ਦੇ ਘੁੱਟ ਪੀਤੇ ਹਨ ਅਤੇ ਕੈਮਰੇ ਦੀ ਅੱਖ ਵਿੱਚ ਅੱਖ ਪਾ ਕੇ ਦੁਨੀਆ ਨੂੰ ਦੱਸਿਆ ਹੈ ਕਿ, “ਡੋਂਟ ਵਰੀ, ਆਲ ਵਿੱਲ ਬੀ ਓਕੇ।”
‘ਮੈਂ ਹੂੰ ਨਾ’ ਟਾਈਪ ਮਾਹੌਲ ਉਨ੍ਹਾਂ ਨੇ ਬਣਾ ਦਿੱਤਾ ਅਤੇ ਦੁਨੀਆ ਵੀ ਸ਼ਾਂਤ ਹੋ ਗਈ।
ਇੱਥੇ ਪਾਕਿਸਤਾਨ ’ਚ ਸਾਨੂੰ ਦੱਸਿਆ ਗਿਆ ਸੀ ਕਿ ਆਈਐਸਆਈ ਚੀਫ਼ ਤੋਂ ਬਾਅਦ ਉਹ ਮੁਲਕ ਦੀ ਫੌਜ ਦੇ ਚੀਫ਼ ਬਣਨਗੇ ।
ਉਸ ਤੋਂ ਬਾਅਦ ਐਸਾ ਡੰਡਾ ਚੱਲੇਗਾ ਕਿ ਜਿਹੜੇ ਅਜੇ ਤੱਕ ਸਿੱਧੇ ਨਹੀਂ ਹੋਏ ਉਹ ਵੀ ਸਿੱਧੇ ਹੋ ਜਾਣਗੇ। ਉਹ ਚੀਫ਼ ਤਾਂ ਨਹੀਂ ਬਣੇ, ਬਸ ਵਿਆਹਾਂ-ਸ਼ਾਦੀਆਂ ’ਤੇ ਰੌਣਕ ਲਾਈ ਰੱਖੀ।

ਕੀ ਹਨ ਜਨਰਲ 'ਤੇ ਇਲਜ਼ਾਮ?
ਹੁਣ ਫੌਜ ਨੇ ਚੁੱਕ ਲਿਆ ਹੈ ਅਤੇ ਇਲਜ਼ਾਮ ਵੀ ਕੁਝ ਅਜਿਹੇ ਹਨ, ਜਿਸ ’ਤੇ ਬੰਦੇ ਨੂੰ ਹਾਸਾ ਵੀ ਆਉਂਦਾ ਹੈ ਤੇ ਬੰਦਾ ਡਰ ਕੇ ਕੰਨਾਂ ਨੂੰ ਹੱਥ ਵੀ ਲਾਉਂਦਾ ਹੈ।
ਕਹਿੰਦੇ ਹਨ ਕਿ ਜਿਸ ਨੂੰ ਤੁਸੀਂ ਕਾਬਲ ਸਮਝਦੇ ਸੀ ਉਹ ਤਾਂ ਕੰਨ ਟੁੱਟਾ ਜਿਹਾ ਗੁੰਢਾ ਹੈ, ਜਿਹੜਾ ਆਪਣਾ ਕਬਜ਼ਾ ਗਰੁੱਪ ਚਲਾਉਂਦਾ ਸੀ, ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਦਾ ਸੀ।
ਹੁਣ ਕੁੱਲ ਆਲਮ ਜਾਣਦਾ ਹੈ ਕਿ ਪਾਕਿਸਤਾਨ ਦੀ ਫੌਜ ਮੁਲਕ ਦੀ ਸਭ ਤੋਂ ਵੱਡੀ ਪ੍ਰਾਪਰਟੀ ਡੀਲਰ ਵੀ ਹੈ ਤੇ ਇਸ ਧੰਦੇ ਵਿੱਚ ਛੋਟੇ-ਮੋਟੇ ਕਬਜ਼ੇ ਤਾਂ ਕਰਨੇ ਹੀ ਪੈਂਦੇ ਹਨ। ਵੈਸੇ ਵੀ ਲੋਕਾਂ ਨੇ ਤਰਾਨਾ ਤਾਂ ਪਹਿਲਾਂ ਹੀ ਬਣਾਇਆ ਹੈ-
“ਵਤਨ ਕੇ ਸਜੀਲੇ ਜਵਾਨੋਂ ਸਾਰੇ ਰਕਬੇ ਤੁਮ੍ਹਾਰੇ ਲਿਏ ਹੈਂ।”

ਤਸਵੀਰ ਸਰੋਤ, GOVERNMENT OF PAKISTAN
ਦੂਜਾ ਜਨਰਲ ਫ਼ੈਜ਼ ’ਤੇ ਇਹ ਇਲਜ਼ਾਮ ਹੈ ਕਿ ਉਹ ਇਮਰਾਨ ਖ਼ਾਨ ਨਾਲ ਮਿਲ ਕੇ ਸਿਆਸਤ ਕਰ ਰਿਹਾ ਹੈ। ਹੁਣ ਇਹ ਕੰਮ ਵੀ ਪੂਰੀ ਫੌਜ ਰਲ ਕੇ ਹੀ ਕਰਦੀ ਰਹੀ ਹੈ।
ਵੈਸੇ ਵੀ ਜੇਕਰ ਆਈਐਸਆਈ ਦਾ ਚੀਫ਼ ਸਿਆਸਤ ਨਾ ਕਰੇ ਤਾਂ ਫਿਰ ਹੋਰ ਕੀ ਕਰੇ?
ਇਹ ਤਾਂ ਕੁਝ ਇਸ ਤਰ੍ਹਾਂ ਦਾ ਇਲਜ਼ਾਮ ਹੈ ਕਿ ਇਮਾਮ ਮਸਜਿਦ ਨੂੰ ਕਹੋ ਕਿ ਇਹ ਅਜ਼ਾਨ ਕਿਉਂ ਦਿੰਦਾ ਹੈ, ਨਾਈ ਖ਼ਤਨੇ ਕਿਉਂ ਕਰਦਾ ਹੈ ਜਾਂ ਸ਼ਾਇਰ ਗ਼ਜ਼ਲਾਂ ਕਿਉਂ ਲਿਖਦਾ ਹੈ।
ਆਈਐਸਆਈ ਵਾਲੇ ਭਰਾ ਮੰਨਣ ਨਾ ਮੰਨਣ ਪਰ ਉਹ ਆਪ ਵੀ ਸਿਆਸਤ ਕਰਦੇ ਹਨ ਅਤੇ ਸਿਆਸਤ ਕਰਵਾਉਂਦੇ ਵੀ ਹਨ।
ਫਿਰ ਜਨਰਲ ਫ਼ੈਜ਼ ਹਮੀਦ ਨੇ ਅਜਿਹੀ ਕਿਹੜੀ ਸਿਆਸਤ ਕਰ ਦਿੱਤੀ ਕਿ ਮੁਲਕ ਦੀ ਤਾਰੀਕ ਵਿੱਚ ਪਹਿਲੀ ਵਾਰ ਆਈਐਸਆਈ ਦੇ ਚੀਫ਼ ਦਾ ਕੋਰਟ ਮਾਰਸ਼ਲ ਹੋਣ ਲੱਗਾ ਹੈ।
ਇਹ ਵੀ ਕਹਿੰਦੇ ਹਨ ਕਿ ਰਿਟਾਇਰ ਹੋ ਕੇ ਜਨਰਲ ਫ਼ੈਜ਼ ਹਮੀਦ ਇਮਰਾਨ ਖ਼ਾਨ ਨੂੰ ਪੁੱਠੇ-ਸਿੱਧੇ ਮਸ਼ਵਰੇ ਦਿੰਦਾ ਸੀ। ਸਾਰਿਆਂ ਨੂੰ ਪਤਾ ਹੈ ਕਿ ਫੌਜ ਦਾ ਇਮਰਾਨ ਖ਼ਾਨ ਨਾਲ ਯਾਰਾਨਾ ਸੀ ਅਤੇ ਇਹ ਯਾਰਾਨਾ ਕੁਝ ਉਸ ਤਰ੍ਹਾਂ ਦਾ ਨਿਕਲਿਆ, ਜਿਸ ਦੇ ਬਾਰੇ ’ਚ ਕਹਿੰਦੇ ਹਨ ਕਿ –
‘ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟ ਗਈ ਤੜੱਕ ਕਰਕੇ’

ਤਸਵੀਰ ਸਰੋਤ, Getty Images
ਹੁਣ ਇਮਰਾਨ ਖ਼ਾਨ ਕਿਸੇ ਕਹਿਰ ’ਚ ਭਰੇ ਮਸ਼ੂਕ ਦੀ ਤਰ੍ਹਾਂ ਫੌਜ ਦੇ ਗਲ ਪੈ ਗਿਆ।
ਜਦੋਂ ਸਾਡੇ ਮੁਹੱਲੇ ’ਚ ਕਿਸੇ ਦੇ ਘਰ ਕੋਈ ਚੋਰੀ ਹੋ ਜਾਵੇ ਤਾਂ ਆਮ ਤੌਰ ’ਤੇ ਮੁਹੱਲੇ ਵਾਲੇ ਕਹਿ ਛੱਡਦੇ ਸਨ ਕਿ ਇਨ੍ਹਾਂ ਦੀ ਕੁੱਤੀ ਹੀ ਚੋਰਾਂ ਨਾਲ ਰਲੀ ਹੈ।
ਕੁੱਤੀ ਭਾਵੇਂ ਥੱਕ-ਹਾਰ ਕੇ ਸੌਂ ਗਈ ਹੋਵੇ। ਆਮ ਤੌਰ ’ਤੇ ਚੌਕੀਦਾਰਾਂ ’ਤੇ ਵੀ ਇਲਜ਼ਾਮ ਲੱਗਦਾ ਰਹਿੰਦਾ ਹੈ ਕਿ ਇਹ ਵੀ ਚੋਰਾਂ ਨਾਲ ਰਲੇ ਸਨ।

ਤਸਵੀਰ ਸਰੋਤ, Getty Images
ਪਰ ਜੇਕਰ ਸਾਡੇ ਚੌਕੀਦਾਰਾਂ ਦਾ ਸਰਦਾਰ, ਸਾਡੇ ਜਾਸੂਸਾਂ ਦਾ ਮਹਾਂ ਜਾਸੂਸ, ਸਾਡਾ ਫਾਤੇ ਕਾਬਲ ਕੋਈ ਚੋਰ ਉਚੱਕਾ, ਕੋਈ ਕਬਜ਼ਾ ਗਰੁੱਪ ਵਾਲਾ, ਕੋਈ ਸਾਜਿਸ਼ੀ ਨਿਕਲੇ ਤਾਂ ਫਿਰ ਅਸੀਂ ਕਿਸ ਦੀ ਮਾਂ ਨੂੰ ਮਾਸੀ ਆਖੀਏ।
ਜਨਰਲ ਫ਼ੈਜ਼ ਹਮੀਦ ਨੂੰ ਚੁੱਕਣ ਦੀ ਇੱਕ ਵਜ੍ਹਾ ਹੋਰ ਵੀ ਹੋ ਸਕਦੀ ਹੈ।
ਇੰਟੈਲੀਜੈਂਸੀ ਏਜੰਸੀਆਂ ’ਤੇ ਇਲਜ਼ਾਮ ਲੱਗਦਾ ਰਿਹਾ ਹੈ ਕਿ ਉਹ ਆਪਣੇ ਮੁਖਾਲਫ ਅਗਵਾ ਕਰਕੇ ਗਾਇਬ ਕਰ ਦਿੰਦੇ ਹਨ। ਇਹ ਕੰਮ ਬਲੋਚਿਸਤਾਨ ’ਚ ਸ਼ੁਰੂ ਹੋਇਆ ਸੀ ਅਤੇ ਫਿਰ ਕੇਪੀ ’ਚ ਵੀ ਬੰਦੇ ਚੁੱਕੇ ਗਏ।
ਸਿੰਧ ’ਚੋਂ ਗਾਇਬ ਹੋਏ ਅਤੇ ਹੁਣ ਪੰਜਾਬ ’ਚੋਂ ਵੀ ਬੰਦੇ ਚੁੱਕੇ ਜਾ ਰਹੇ ਹਨ। ਹੋ ਸਕਦਾ ਹੈ ਕਿ ਫੌਜ ਨੂੰ ਬੰਦੇ ਚੁੱਕਣ ਦੀ ਆਦਤ ਇੰਨੀ ਪੈ ਗਈ ਹੋਵੇ ਕਿ ਹੁਣ ਉਸ ਨੇ ਆਪਣੇ ਹੀ ਬੰਦੇ ਚੁੱਕਣੇ ਸ਼ੁਰੂ ਕਰ ਦਿੱਤੇ ਹੋਣ।
ਜਿਹੜੇ ਕੱਲ ਚੁੱਕਦੇ ਸਨ, ਹੁਣ ਉਹ ਆਪ ਚੁੱਕੇ ਜਾ ਰਹੇ ਹਨ। ਇਹ ਕੋਝਾ ਕੰਮ ਹੈ, ਜ਼ੁਲਮ ਵਾਲਾ ਕੰਮ ਹੈ। ਦੁਆ ਕਰੋ ਕਿ ਇਹ ਕੰਮ ਰੁੱਕ ਜਾਵੇ ਅਤੇ ਇੱਕ ਵਾਰ ਫਿਰ ਆਲ ਵਿੱਲ ਬੀ ਓਕੇ ਹੋ ਜਾਵੇ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)













