‘ਸਲਾਖਾਂ ਪਿਛਲਾ ਨਰਕ’: ਕਾਂਗੋ 'ਚ ਸੈਂਕੜੇ ਕੈਦੀਆਂ ਦੀ ਜਾਨ ਲੈਣ ਵਾਲੀ 'ਬਦਨਾਮ' ਜੇਲ੍ਹ ਜਿਸ ਨੂੰ ਨਾਜ਼ੀ ਡਿਟੈਂਸ਼ਨ ਸੈਂਟਰ ਕਿਹਾ ਜਾ ਰਿਹਾ

ਮਕਾਲਾ

ਤਸਵੀਰ ਸਰੋਤ, Stanis Bujakera

ਤਸਵੀਰ ਕੈਪਸ਼ਨ, “ਮਕਾਲਾ ਕੋਈ ਜੇਲ੍ਹ ਨਹੀਂ, ਸਗੋਂ ਕਿਸੇ (ਨਾਜ਼ੀ) ਕੰਸਟਰੇਸ਼ਨ ਕੈਂਪ ਵਰਗਾ ਡਿਟੈਂਸ਼ਨ ਸੈਂਟਰ ਹੈ। ਜਿੱਥੇ ਲੋਕਾਂ ਨੂੰ ਮਰਨ ਲਈ ਭੇਜਿਆ ਜਾਂਦਾ ਹੈ।”
    • ਲੇਖਕ, ਵਿਡਾਇਲੀ ਚਿਬੇਲੂਸ਼ੀ
    • ਰੋਲ, ਬੀਬੀਸੀ ਨਿਊਜ਼

ਸਟੇਨਿਸ ਬੁਜਾਕੇਰਾ ਲੋਕਤੰਤਰੀ ਗਣਰਾਜ ਕਾਂਗੋ ਦੇ ਉੱਘੇ ਪੱਤਰਕਾਰਾਂ ਵਿੱਚੋਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀ ਮਕਾਲਾ ਜੇਲ੍ਹ ਵਿੱਚ ਰਹਿਣ ਦੌਰਾਨ ਉਹ ਸਦਮੇ ਵਿੱਚ ਚਲੇ ਗਏ ਸਨ।

ਲੋਕਤੰਤਰੀ ਗਣਰਾਜ ਕਾਂਗੋ ਦੀ ਮਕਾਲਾ ਜੇਲ੍ਹ ਬਾਰੇ ਇਸੇ ਹਫ਼ਤੇ ਉੱਥੋਂ ਭੱਜਣ ਵਾਲੇ ਦੋ ਕੈਦੀਆਂ ਨੇ ਵੀ ਉਹੀ ਸ਼ਬਦ ਵਰਤਿਆ— “ਨਰਕ”।

ਬੁਜਾਕੇਰਾ ਨੂੰ ਪਿਛਲੇ ਸਾਲ ਸਤੰਬਰ ਵਿੱਚ ਮਕਾਲਾ ਜੇਲ੍ਹ ਵਿੱਚ ਭੇਜਿਆ ਗਿਆ ਸੀ। ਉਨ੍ਹਾਂ ਖ਼ਿਲਾਫ਼ ਇੱਕ ਲੇਖ ਵਿੱਚ ਫੌਜੀ ਅਧਿਕਾਰੀਆਂ ਉੱਤੇ ਵਿਰੋਧੀ ਧਿਰ ਦੇ ਇੱਕ ਆਗੂ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਾਉਣ ਦਾ ਦੋਸ਼ ਸੀ। ਇਸ ਲਈ ਉਨ੍ਹਾਂ ਨੂੰ ਛੇ ਮਹੀਨੇ ਜੇਲ੍ਹ ਵਿੱਚ ਲਾਉਣੇ ਪਏ।

ਉਹ ਕਹਿੰਦੇ ਹਨ, “ਮਕਾਲਾ ਕੋਈ ਜੇਲ੍ਹ ਨਹੀਂ, ਸਗੋਂ ਕਿਸੇ (ਨਾਜ਼ੀ) ਕੰਸਟਰੇਸ਼ਨ ਕੈਂਪ ਵਰਗਾ ਡਿਟੈਂਸ਼ਨ ਸੈਂਟਰ ਹੈ। ਜਿੱਥੇ ਲੋਕਾਂ ਨੂੰ ਮਰਨ ਲਈ ਭੇਜਿਆ ਜਾਂਦਾ ਹੈ।”

ਇਹ ਜੇਲ੍ਹ ਰਾਜਧਾਨੀ ਕਿਨਸ਼ਾਸਾ ਵਿੱਚ ਸਥਿਤ ਹੈ। 1500 ਕੈਦੀਆਂ ਦੀ ਸਮਰੱਥਾ ਵਾਲੀ ਇਸ ਜੇਲ੍ਹ ਵਿੱਚ ਅੰਦਾਜ਼ਨ 10 ਗੁਣਾਂ ਜ਼ਿਆਦਾ ਕੈਦੀ ਰੱਖੇ ਗਏ ਹਨ।

ਇਸ ਦੇ ਕੈਦੀਆਂ ਵਿੱਚ ਛੋਟੇ-ਮੋਟੇ ਅਪਰਾਧੀਆਂ ਤੋਂ ਲੈ ਕੇ ਸਿਆਸੀ ਕੈਦੀ ਅਤੇ ਕਾਤਲ ਤੱਕ ਹਨ।

ਜੇਲ੍ਹ ਵਿੱਚ ਨਾ ਪੱਖੇ ਤੇ ਨਾ ਪੀਣ ਲਈ ਪਾਣੀ

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮਨੁੱਖੀ ਹੱਕਾਂ ਦੇ ਕਾਰਕੁਨ ਲੰਬੇ ਸਮੇਂ ਤੋਂ ਜੇਲ੍ਹ ਦੀ ਬਦਤਰ ਹਾਲਤ, ਕੈਦੀਆਂ ਦੀ ਬਦਤਰ ਜੀਵਨ ਸਥਿਤੀ, ਮਾੜੇ ਖਾਣੇ, ਭੀੜ ਅਤੇ ਪੀਣ ਵਾਲੇ ਪਾਣੀ ਤੱਕ ਪਹੁੰਚ ਦੀ ਕਮੀ ਦਾ ਮੁੱਦਾ ਚੁੱਕਦਾ ਰਹੇ ਹਨ।

ਪਰ ਪਿਛਲੇ ਹਫ਼ਤੇ ਇਥੇ ਵਾਪਰੀ ਇੱਕ ਦੁਰਘਟਨਾ ਕਾਰਨ ਇਹ ਜੇਲ੍ਹ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ।

ਦੇਸ਼ ਦੇ ਗ੍ਰਹਿ ਮੰਤਰੀ ਸ਼ਬਾਨੀ ਮੁਤਾਬਕ ਸੋਮਵਾਰ ਤੜਕੇ ਵੱਡੀ ਗਿਣਤੀ ਵਿੱਚ ਜੇਲ੍ਹ ਦੇ ਕੈਦੀਆਂ ਨੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 129 ਕੈਦੀਆਂ ਦੀ ਜਾਨ ਚਲੀ ਗਈ।

ਗ੍ਰਹਿ ਮੰਤਰੀ ਮੁਤਾਬਕ ਭੱਜਣ ਦੀ ਕੋਸ਼ਿਸ਼ ਦੌਰਾਨ ਦੋ ਦਰਜਨ ਕੈਦੀਆਂ ਨੂੰ ਗੋਲੀ ਨਾਲ ਜਦੋਂਕਿ ਜ਼ਿਆਦਾਤਰ ਦੀ ਮੌਤ ਭਗਦੜ ਵਿੱਚ ਦਮ ਘੁੱਟਣ ਕਾਰਨ ਹੋਈ।

ਹਾਦਸੇ ਤੋਂ ਬਚ ਗਏ ਚਾਰ ਕੈਦੀਆਂ ਨੇ ਨਿਊ ਯਾਰਕ ਟਾਈਮਜ਼ ਨੂੰ ਦੱਸਿਆ ਕਿ ਭੱਜਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਕੈਦੀ ਦਮ ਘੁਟਣ ਵਾਲੀਆਂ ਕੋਠੜੀਆਂ ਵਿੱਚ ਰਹਿ ਰਹੇ ਸਨ, ਜਿੱਥੇ ਨਾ ਪੱਖੇ ਚਲਾਉਣ ਲਈ ਬਿਜਲੀ ਅਤੇ ਨਾ ਹੀ ਪੀਣ ਲਈ ਪਾਣੀ ਸੀ।

ਉਨ੍ਹਾਂ ਨੇ ਦੱਸਿਆ ਕਿ ਕੁਝ ਕੈਦੀ ਗਰਮੀ ਤੋਂ ਬਚਣ ਲਈ ਪਹਿਲਾਂ ਵੀ ਜੇਲ੍ਹ ਤੋਂ ਭੱਜੇ ਸਨ।

ਬੁਜਾਕੇਰਾ ਨੇ ਕਿਹਾ ਕਿ ਸਥਿਤੀਆਂ ਆਮ ਨਾਲੋਂ ਕਿਤੇ ਗੰਭੀਰ ਸਨ। ਟੂਟੀਆਂ ਹਮੇਸ਼ਾ ਸੁੱਕੀਆਂ ਰਹਿੰਦੀਆਂ ਸਨ, ਜਦੋਂਕਿ “ਬਿਜਲੀ ਕਿਤੇ ਆ ਗਈ, ਕਿਤੇ ਚਲੀ ਗਈ। ਜਿਸ ਕਾਰਨ ਕੈਦੀ ਕਈ-ਕਈ ਦਿਨ ਹਨੇਰੇ ਵਿੱਚ ਬੈਠੇ ਰਹਿੰਦੇ ਸਨ।”

ਉਨ੍ਹਾਂ ਨੇ ਦੱਸਿਆ,“ਕੈਦੀਆਂ ਨੂੰ ਭੀੜ ਵਾਲੇ ਅਤੇ ਬੀਮਾਰੀ ਪੈਦਾ ਕਰਨ ਵਾਲੇ ਗੰਦੇ ਹਾਲਾਤਾਂ ਵਿੱਚ ਕਿਸਮਤ ਦੇ ਆਸਰੇ ਛੱਡ ਦਿੱਤਾ ਜਾਂਦਾ ਹੈ।”

ਵੱਡੀ ਕੀਮਤ ਦੇ ਕੇ ਜੇਲ੍ਹ ’ਚ ਮਿਲਦਾ ਵੀਆਈਪੀ ਵਿੰਗ

 ਜੇਲ੍ਹ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, 1500 ਕੈਦੀਆਂ ਦੀ ਸਮਰੱਥਾ ਵਾਲੀ ਇਸ ਜੇਲ੍ਹ ਵਿੱਚ ਅੰਦਾਜ਼ਨ 10 ਗੁਣਾਂ ਜ਼ਿਆਦਾ ਕੈਦੀ ਰੱਖੇ ਗਏ ਹਨ

ਬੁਜਾਕੇਰਾ ਦੱਸਦੇ ਹਨ ਕਿ ਨਤੀਜੇ ਵਜੋਂ ਕੈਦੀ “ਹਰ ਰੋਜ਼” ਮਾਰੇ ਜਾਂਦੇ ਸਨ।

ਰੋਸਤਿਨ ਮਨਕੇਤਾ ਕਾਂਗੋ ਦੇ ਇੱਕ ਹਿਊਮਨ ਰਾਈਟ ਗਰੁੱਪ ਦੇ ਮੁਖੀ ਹਨ, ਉਹ ਵੀ ਅਜਿਹਾ ਹੀ ਵੇਰਵਾ ਸਾਂਝਾ ਕਰਦੇ ਹਨ।

ਉਹ ਕਈ ਵਾਰ ਮਕਾਲਾ ਗਏ ਹਨ ਅਤੇ ਉਨ੍ਹਾਂ ਨੇ ਨਤੀਜਾ ਕੱਢਿਆ ਕਿ, “ਜਦੋਂ ਕਿਸੇ ਨੂੰ ਇਸ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਤਾਂ ਅਜਿਹਾ ਲਗਦਾ ਹੈ ਜਿਵੇਂ ਉਸ ਨੂੰ ਨਰਕਾਂ ਵਿੱਚ ਭੇਜਿਆ ਗਿਆ ਹੋਵੇ।”

ਬੁਜਾਕੇਰਾ ਨੇ ਜੇਲ੍ਹ ਰਹਿਣ ਦੌਰਾਨ ਕਈ ਵੀਡੀਓ ਬਣਾਏ, ਜਿਨ੍ਹਾਂ ਵਿੱਚ ਕੈਦੀਆਂ ਦੀ ਬੁਰੀ ਹਾਲਤ ਦੇਖੀ ਜਾ ਸਕਦੀ ਹੈ।

ਸੌਣ ਦੌਰਾਨ ਥਾਂ ਦੀ ਕਮੀ ਕਾਰਨ ਉਨ੍ਹਾਂ ਦੀਆਂ ਲੱਤਾਂ-ਬਾਹਾਂ ਇੱਕ ਦੂਜੇ ਵਿੱਚ ਉਲਝੀਆਂ ਹੋਈਆਂ ਸਨ। ਕੁਝ ਲੋਕ ਗੁਸਲ ਖਾਨੇ ਨੂੰ ਵੰਡਣ ਵਾਲੀਆਂ ਕੰਧਾਂ ਉੱਤੇ ਸਮਤੋਲ ਬਣਾਉਂਦੇ ਹੋਏ ਸੌਂ ਰਹੇ ਸਨ।

ਜੇਲ੍ਹ ਦੇ ਵੀਆਈਪੀ ਵਿੰਗ ਵਿੱਚ ਹਾਲਾਤ ਚੰਗੇ ਸਨ। ਇੱਥੇ ਤੁਹਾਨੂੰ ਇੱਕ ਬਿਸਤਰ ਅਤੇ ਜ਼ਿਆਦਾ ਥਾਂ ਮਿਲਦੀ ਸੀ।

ਬੁਜਾਕੇਰਾ ਨੂੰ ਪੇਸ਼ਕਸ਼ ਕੀਤੀ ਗਈ ਕਿ ਉਹ 3000 ਡਾਲਰ ਦੇ ਕੇ ਵੀਆਈਪੀ ਵਿੰਗ ਵਿੱਚ ਰਹਿ ਸਕਦੇ ਹਨ ਪਰ ਉਨ੍ਹਾਂ ਨੇ ਸੌਦੇਬਾਜ਼ੀ ਕਰਕੇ 450 ਡਾਲਰ ਹੀ ਦਿੱਤੇ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਕੈਦੀਆਂ ਦੀ ਆਰਥਿਕ ਨਾਬਰਾਬਰੀ ਇੱਕ ਦਰਜੇਬੰਦੀ ਦਾ ਨਿਰਮਾਣ ਕਰਦੀ ਹੈ। ਸਭ ਤੋਂ ਗਰੀਬ ਨੂੰ ਉਨ੍ਹਾਂ ਦੀ ਕਿਸਮਤ ਦੇ ਆਸਰੇ ਛੱਡ ਦਿੱਤਾ ਜਾਂਦਾ ਹੈ।”

ਇਹ ਵੀ ਪੜ੍ਹੋ-

ਜੇਲ੍ਹ ਦੀ ‘ਸੱਤਾ’ ਕੈਦੀਆਂ ਦੇ ਹੱਥ

ਬੁਜਾਕੇਰਾ

ਤਸਵੀਰ ਸਰੋਤ, Stanis Bujakera

ਤਸਵੀਰ ਕੈਪਸ਼ਨ, ਬੁਜਾਕੇਰਾ ਨੇ ਜੇਲ੍ਹ ਰਹਿਣ ਦੌਰਾਨ ਕਈ ਵੀਡੀਓ ਬਣਾਏ, ਜਿਨ੍ਹਾਂ ਵਿੱਚ ਕੈਦੀਆਂ ਦੀ ਬੁਰੀ ਹਾਲਤ ਦੇਖੀ ਜਾ ਸਕਦੀ ਹੈ

ਮਕਾਲਾ ਵਿੱਚ ਵਾਰਡਨ ਅਕਸਰ ਗੈਰ-ਹਾਜ਼ਰ ਰਹਿੰਦੇ ਹਨ। ਜੇਲ੍ਹ ਵਿੱਚ ਅਮਨ ਕਾਨੂੰਨ ਦੀ ਜ਼ਿੰਮੇਵਾਰੀ ਕੈਦੀਆਂ ਦੇ ਸਿਰ ਹੀ ਹੈ।

ਇੱਕ ਮਨੁੱਖੀ ਅਧਿਕਾਰ ਕਾਰਕੁਨ ਫਰੈਡ ਬਾਉਮਾ ਨੇ ਪਿਛਲੇ ਹਫ਼ਤੇ ਹੀ ਬੀਬੀਸੀ ਅਫ਼ਰੀਕਾ ਦੇ ਪੌਡਕਾਸਟ ਵਿੱਚ ਦੱਸਿਆ, “ਕੈਦੀ ਖ਼ੁਦ ਹੀ ਆਪਣਾ ਸਵੈ-ਸ਼ਾਸਨ ਕਰਦੇ ਹਨ”। ਉਹ ਵੀ ਮਾਰਚ 2015 ਤੋਂ ਅਗਸਤ 2016 ਦੌਰਾਨ ਇਸ ਜੇਲ੍ਹ ਵਿੱਚ ਰਹੇ ਸਨ।

“ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕਿਸੇ ਹੋਰ ਦੇਸ਼ ਵਿੱਚ ਆ ਗਏ, ਉੱਥੇ ਨਵੀਂ ਸਰਕਾਰ ਹੈ ਤੇ ਤੁਹਾਨੂੰ ਨਵੇਂ ਨਿਯਮ ਸਿੱਖਣੇ ਪੈਂਦੇ ਹਨ।”

ਸਵੈ-ਸਰਕਾਰ ਦਾ ਇਹ ਸਿਸਟਮ ਨੁਕਸਾਨਦਾਇਕ ਹੈ। ਇਸ ਵਿੱਚ ਕੈਦੀਆਂ ਵਿੱਚ ਸੱਤਾ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ, ਹਿੰਸਾ ਅਤੇ ਤਣਾਅ ਪੈਦਾ ਹੁੰਦਾ ਹੈ।

ਪਰ ਬਦਤਰ ਹਾਲਾਤ ਵਾਲੀ ਮਕਾਲਾ ਜੇਲ੍ਹ ਇਕੱਲੀ ਨਹੀਂ ਹੈ। ਪੂਰੇ ਦੇਸ਼ ਵਿੱਚ ਹੀ ਜੇਲ੍ਹਾਂ ਦੀ ਇਹੀ ਸਥਿਤੀ ਹੈ। ਜੇਲ੍ਹਾਂ ਲਈ ਫੰਡਾਂ ਦੀ ਕਮੀ ਹੈ ਅਤੇ ਉਨ੍ਹਾਂ ਵਿੱਚ ਸਮਰੱਥਾ ਤੋਂ ਬਹੁਤ ਜ਼ਿਆਦਾ ਕੈਦੀ ਹਨ।

ਵਰਲਡ ਪ੍ਰਿਜ਼ਨ ਬਰੀਫ਼ ਪ੍ਰੋਜੈਕਟ ਮੁਤਾਬਕ ਲੋਕਤੰਤਰੀ ਗਣਰਾਜ ਕਾਂਗੋ ਦੀਆਂ ਜੇਲ੍ਹਾਂ ਛੇਵੀਆਂ ਸਭ ਤੋਂ ਜ਼ਿਆਦਾ ਭੀੜ ਵਾਲੀਆਂ ਜੇਲ੍ਹਾਂ ਹਨ।

ਅਧਿਕਾਰੀਆਂ ਨੇ ਇਸ ਤੱਥ ਨੂੰ ਕਈ ਮੌਕਿਆਂ ਉੱਤੇ ਮੰਨਿਆ ਹੈ। ਸੋਮਵਾਰ ਨੂੰ ਵਾਪਰੀ ਜੇਲ੍ਹ ਤੋੜਨ ਦੀ ਘਟਨਾ ਤੋਂ ਬਾਅਦ ਉਪ ਜੇਲ੍ਹ ਮੰਤਰੀ ਸਮੁਏਲ ਮਬੇਮੰਬਾ ਨੇ ਜੇਲ੍ਹਾਂ ਦੀ ਭੀੜ ਲਈ ਜੱਜਾਂ ਨੂੰ ਕਸੂਰਵਾਰ ਠਹਿਰਾਇਆ, ਉਨ੍ਹਾਂ ਕਿਹਾ, “ਸ਼ੱਕੀਆਂ ਨੂੰ ਵੀ ਜੇਲ੍ਹ ਭੇਜ ਦਿੱਤਾ ਜਾਂਦਾ ਹੈ।”

ਕਾਂਗੋ ਦੀਆਂ ਜੇਲ੍ਹਾਂ ਵਿੱਚ ਮਾੜਾ ਖਾਣਾ

ਕੈਦੀਆਂ

ਤਸਵੀਰ ਸਰੋਤ, Stanis Bujakera

ਤਸਵੀਰ ਕੈਪਸ਼ਨ, ਮਕਾਲਾ ਵਿੱਚ ਕੈਦੀਆਂ ਨੂੰ ਦਿਨ ਵਿੱਚ ਸਿਰਫ਼ ਇੱਕ ਡੰਗ ਦਾ ਹੀ ਖਾਣਾ ਦਿੱਤਾ ਜਾਂਦਾ ਹੈ

ਕਾਂਗੋ ਦੀਆਂ ਜੇਲ੍ਹਾਂ ਦੇ ਖਾਣੇ ਦੀ ਵੀ ਭਰਭੂਰ ਆਲੋਚਨਾ ਹੁੰਦੀ ਹੈ।

ਮਕਾਲਾ ਵਿੱਚ ਕੈਦੀਆਂ ਨੂੰ ਦਿਨ ਵਿੱਚ ਸਿਰਫ਼ ਇੱਕ ਡੰਗ ਦਾ ਹੀ ਖਾਣਾ ਦਿੱਤਾ ਜਾਂਦਾ ਹੈ। ਖਾਣੇ ਵਿੱਚ ਮਿਲਣ ਵਾਲੀ ਮੱਛੀ ਵਿੱਚ ਪੋਸ਼ਣ ਦੀ ਕਮੀ ਹੁੰਦੀ ਹੈ।

ਬੁਜਾਕੇਰਾ ਨੇ ਮੱਕੀ ਤੋਂ ਬਣੇ ਖਾਣੇ ਨਾਲ ਭਰੇ ਇੱਕ ਟੱਬ ਦੀ ਤਸਵੀਰ ਦਿਖਾਈ। ਮੱਕੀ ਕਾਂਗੋ ਵਿੱਚ ਕਾਰਬੋਹਾਈਡਰੇਟ ਦਾ ਮੁੱਖ ਸਰੋਤ ਹੈ। ਇਹ ਭੋਜਨ ਸੁੱਕ ਚੁੱਕਿਆ ਸੀ, ਜਿਸ ਨਾਲ ਪਾਣੀ ਵਿੱਚ ਡੁੱਬੀਆਂ ਸਬਜ਼ੀਆਂ ਦਾ ਸੂਪ ਸੀ।

ਮਕਾਲਾ ਵਿੱਚ ਖਾਣਾ ਅਕਸਰ ਮਾੜਾ ਹੁੰਦਾ ਹੈ। ਸਟੇਨਿਸ ਬੁਜਾਕੇਰਾ ਨੇ ਮੱਕੀ ਦੇ ਖਾਣੇ ਅਤੇ ਸਬਜ਼ੀਆਂ ਦੇ ਸੂਪ ਦੀਆਂ ਸੈਂਕੜੇ ਤਸਵੀਰਾਂ ਲਈਆਂ।

ਕੁਪੋਸ਼ਣ ਤੋਂ ਬਚਣ ਲਈ ਕਈ ਕੈਦੀ ਖਾਣਾ ਲਿਆਉਣ ਲਈ ਆਪਣੇ ਪਰਿਵਾਰਕ ਜੀਆਂ ਉੱਤੇ ਨਿਰਭਰ ਹਨ। ਪਰ ਸਾਰੇ ਕੈਦੀਆਂ ਕੋਲ ਇਹ ਸਹੂਲਤ ਨਹੀਂ ਹੁੰਦੀ।

ਸਾਲ 2017 ਦੀ ਇੱਕ ਰਿਪੋਰਟ ਮੁਤਾਬਕ ਖਾਣੇ ਦੀ ਕਮੀ ਕਾਰਨ ਫੈਲੀ ਭੁੱਖਮਰੀ ਕਾਰਨ ਘੱਟੋ-ਘੱਟ 17 ਕੈਦੀਆਂ ਦੀ ਮੌਤ ਹੋ ਗਈ ਸੀ।

ਮਨਕੇਟਾ ਨੇ ਕਿਹਾ ਕਿ ਸੰਭਵ ਹੈ ਕਿ ਮਕਾਲਾ ਦੇ ਇਨ੍ਹਾਂ ਹਾਲਾਤਾਂ ਕਾਰਨ ਹੀ ਕੈਦੀਆਂ ਦੇ ਭੱਜਣ ਦੀ ਨੌਬਤ ਆਈ ਹੈ।

ਉਹ ਕਹਿੰਦੇ ਹਨ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਵੀਂ ਜੇਲ੍ਹਾਂ ਬਣਨੀਆਂ ਚਾਹੀਦੀਆਂ ਹਨ ਅਤੇ ਜੋ ਮੌਜੂਦ ਹਨ, ਉਨ੍ਹਾਂ ਦੀ ਸਥਿਤੀ ਸੁਧਾਰੀ ਜਾਣੀ ਚਾਹੀਦੀ ਹੈ।

ਬੁਜਾਕੇਰਾ ਹੁਣ ਅਮਰੀਕਾ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਬਦੀਲੀ ਲਾਜ਼ਮੀ ਹੈ ਅਤੇ ਤੇਜ਼ੀ ਨਾਲ ਹੋਣੀ ਚਾਹੀਦੀ ਹੈ।

ਇਹ ਇੱਕ ਬੀਮਾਰ ਨਿਆਂ ਪ੍ਰਣਾਲੀ ਹੈ ਅਤੇ ਸੋਮਵਾਰ ਦੀ ਘਟਨਾ ਦਰਸਾਉਂਦੀ ਹੈ ਕਿ ਲੋਕ ਇਲਾਜ ਦੀ ਉਡੀਕ ਵਿੱਚ ਮਰ ਰਹੇ ਹਨ।

(ਰਾਜਧਾਨੀ ਕਿਨਾਸ਼ਾਸਾ ਤੋਂ ਬੀਬੀਸੀ ਪੱਤਰਕਾਰ ਐਮਰੀ ਮਾਕੁਮੇਨਿਓ ਦੇ ਸਹਿਯੋਗ ਨਾਲ)

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)