ਐਨਕਾਂ ਤੋਂ ਛੁਟਕਾਰਾ ਦਵਾਉਣ ਦਾ ਦਾਅਵਾ ਕਰਨ ਵਾਲੀਆਂ 'ਬੂੰਦਾਂ’ ਦੀ ਮਨਜ਼ੂਰੀ ਕਿਉਂ ਵਾਪਸ ਲਈ ਗਈ

ਬੂੰਦਾਂ

ਤਸਵੀਰ ਸਰੋਤ, Getty Images

    • ਲੇਖਕ, ਅਮਰੁਤਾ ਦੁਰਵੇ
    • ਰੋਲ, ਬੀਬੀਸੀ ਮਰਾਠੀ

ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਹਾਲ ਹੀ ਵਿੱਚ ਪ੍ਰੈਸਵੂ ਨਾਂ ਦੀ ਦਵਾਈ ਨੂੰ ਮਿਲੀ ਮਨਜ਼ੂਰੀ ਉਪਰ ਫਿਲਹਾਲ ਰੋਕ ਲਗਾ ਦਿੱਤੀ ਹੈ।

ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਇੱਕ ਨਵੀਂ ਦਵਾਈ ਨੂੰ ਮਨਜ਼ੂਰੀ ਦਿੱਤੀ ਸੀ। ਫਾਰਮਾਕਿਊਟੀਕਲ ਕੰਪਨੀ ਐਂਟੋਡ ਨੇ ਦਾਅਵਾ ਕੀਤਾ ਸੀ ਕਿ ਇਹ ‘ਬੂੰਦਾਂ’ ਉਨ੍ਹਾਂ ਲੋਕਾਂ ਨੂੰ ਰਾਹਤ ਦੇਣਗੀਆਂ, ਜੋ ਨੇੜੇ ਤੋਂ ਪੜ੍ਹਨ ਲਈ ਐਨਕਾਂ ਦੀ ਵਰਤੋਂ ਕਰਦੇ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਈਟੋਡ ਫਾਰਮਾਸਿਊਟੀਕਲਜ਼ ਵੱਲੋਂ ਉਤਪਾਦ ਪ੍ਰੈਸਵੂ ਦੇ ਅਣਅਧਿਕਾਰਤ ਪ੍ਰਚਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਇਜਾਜ਼ਤ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰੈਸ ਅਤੇ ਸੋਸ਼ਲ ਮੀਡੀਆ ਉੱਤੇ ਅਣਅਧਿਕਾਰਤ ਪ੍ਰਚਾਰ ਨੇ ਮਰੀਜ਼ਾਂ ਵੱਲੋਂ ਇਸਦੀ ਅਸੁਰੱਖਿਅਤ ਵਰਤੋਂ ਬਾਰੇ ਸ਼ੱਕ ਪੈਦਾ ਕੀਤਾ ਸੀ।

ਪਰ ਇਹ ‘ਪ੍ਰੈਸਵੂ ਬੂੰਦਾਂ’ ਕੀ ਹਨ? ਇਸ ਵਿੱਚ ਅਸਲ ’ਚ ਕੀ ਹੈ? ਕੀ ਇਹ ਸੱਚੀ ਮਦਦਗਾਰ ਹੈ? ਅਤੇ ਇਸ ਦੀ ਵਰਤੋਂ ਕਿੰਨੀ ਕੁ ਸੁਰੱਖਿਅਤ ਹੈ?

ਨੇੜੇ ਤੋਂ ਦੇਖਣ ਤੇ ਪੜ੍ਹਨ ਵਿੱਚ ਆ ਰਹੀ ਪ੍ਰੇਸ਼ਾਨੀ ਨੂੰ ਪ੍ਰੈਸਬੀਓਪੀਆ ਕਿਹਾ ਜਾਂਦਾ ਹੈ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਅੱਖਾਂ ਦੇ ਲੈਂਜ਼ (ਅੱਖਾਂ ਦੀ ਪੁਤਲੀ ਪਿੱਛੇ ਦਾ ਹਿੱਸਾ) ਘੱਟ ਲਚਕੀਲਾ ਤੇ ਸਖ਼ਤ ਹੁੰਦਾ ਜਾਂਦਾ ਹੈ।

ਇਸੇ ਕਾਰਨ ਨੇੜੇ ਦੀ ਵਸਤੂ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆਉਂਦੀ ਹੈ।

ਇਹ ਤਬਦੀਲੀਆਂ 40 ਸਾਲ ਦੀ ਉਮਰ ਤੋਂ ਬਾਅਦ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਕਾਰਨ ਕਈ ਲੋਕ 40 ਸਾਲ ਦੀ ਉਮਰ ਦੌਰਾਨ ਨੇੜੇ ਦੀ ਨਿਗ੍ਹਾ ਵਾਲੀਆਂ ਐਨਕਾਂ ਦੀ ਵਰਤੋਂ ਕਰਦੇ ਹਨ।

ਇਹ ਬੂੰਦਾਂ ਅਜਿਹੇ ਵਿਅਕਤੀਆਂ ਲਈ ਹੀ ਤਿਆਰ ਕੀਤੀਆਂ ਗਈਆਂ ਹਨ।

ਬੂੰਦਾਂ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਪ੍ਰੈਸਵੂ ਬੂੰਦਾਂ ਕੀ ਹਨ?

ਭਾਰਤੀ ਫਾਰਮਾਕਿਊਟੀਕਲ ਕੰਪਨੀ ਐਂਟੋਡ ਨੇ ਇਨ੍ਹਾਂ ਬੂੰਦਾਂ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਫਾਰਮੂਲੇ ਅਤੇ ਬੂੰਦਾਂ ਦੀ ਪ੍ਰਕਿਰਿਆ ਲਈ ਮਾਨਤਾ ਵਾਸਤੇ ਅਰਜ਼ੀ ਦਿੱਤੀ ਹੈ।

ਇਹ ਅੱਖਾਂ ਦੀਆਂ ਬੂੰਦਾਂ ਕੀ ਕੰਮ ਕਰਦੀਆਂ ਹਨ?

ਇਨ੍ਹਾਂ ਬੂੰਦਾਂ ਨੂੰ ਅੱਖਾਂ ਵਿੱਚ ਪਾਉਣ ਤੋਂ 15 ਮਿੰਟ ਬਾਅਦ ਤੁਸੀਂ ਨੇੜੇ ਦੀਆਂ ਵਸਤੂਆਂ ਨੂੰ ਸਪੱਸ਼ਟ ਰੂਪ ਵਿੱਚ ਦੇਖ ਸਕਦੇ ਹੋ।

ਇਸ ਵਿੱਚ ਪਾਇਲੋਕਾਰਪਾਈਨ ਨਾਮ ਦੀ ਦਵਾਈ ਵਰਤੀ ਗਈ ਹੈ। ਇਸ ਨੂੰ ਕਈ ਸਾਲਾਂ ਤੋਂ ਕਾਲਾ ਮੋਤੀਆ ਦੇ ਇਲਾਜ ਲਈ ਵਰਤਿਆ ਜਾ ਰਿਹਾ ਹੈ।

ਇਨ੍ਹਾਂ ਬੂੰਦਾਂ ਨੂੰ ਅੱਖਾਂ ਵਿੱਚ ਪਾਉਣ ਤੋਂ ਬਾਅਦ ਅੱਖ ਵਿਚਲੀ ਪੁਤਲੀ ਦਾ ਆਕਾਰ ਛੋਟਾ ਹੋ ਜਾਂਦਾ ਹੈ ਅਤੇ ਅੱਖਾਂ ਦੀ ਡੈਪਥ ਆਫ ਫੀਲਡ ਵਧ ਜਾਂਦੀ ਹੈ। ਇਸ ਨਾਲ ਨੇੜੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਹੈ।

ਇਸ ਨਾਲ ਵਸਤੂ ਵਿਚਲੀ ਦੂਰੀ ਸਾਫ ਦਿਖਾਈ ਦਿੰਦੀ ਹੈ। ਇਨ੍ਹਾਂ ਬੂੰਦਾਂ ਨੂੰ ਅੱਖਾਂ ਵਿੱਚ ਪਾਉਣ ਤੋਂ ਬਾਅਦ ਸਾਫ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਤੇ ਚੰਗੀ ਤਰ੍ਹਾਂ ਵਸਤੂ ’ਤੇ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ।

ਫਾਰਮਾ

ਤਸਵੀਰ ਸਰੋਤ, ENTOD PHARMA

ਤਸਵੀਰ ਕੈਪਸ਼ਨ, ਫਾਰਮਾਕਿਊਟੀਕਲ ਕੰਪਨੀ ਐਂਟੋਡ ਨੇ ਦਾਅਵਾ ਕੀਤਾ ਹੈ ਕਿ ਇਹ ‘ਬੂੰਦਾਂ’ ਉਨ੍ਹਾਂ ਲੋਕਾਂ ਨੂੰ ਰਾਹਤ ਦੇਣਗੀਆਂ, ਜੋ ਨੇੜੇ ਤੋਂ ਪੜ੍ਹਨ ਲਈ ਐਨਕਾਂ ਦੀ ਵਰਤੋਂ ਕਰਦੇ ਹਨ।

ਇਨ੍ਹਾਂ ਬੂੰਦਾਂ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਅੱਖਾਂ ਦੇ ਮਾਹਰ ਡਾ. ਤਾਤਿਆ ਰਾਓ ਲਾਹਨੇ ਨੇ ਕਿਹਾ,“ਇਹ ਦਵਾਈ ਨਵੀਂ ਨਹੀਂ ਹੈ। ਇਸ ਨੂੰ ਕਈ ਸਾਲਾਂ ਤੋਂ ਵਰਤਿਆ ਜਾ ਰਿਹਾ ਹੈ। ਇਸ ਦਵਾਈ ਨੂੰ ਪਾਇਲੋਕਾਰਪਾਈਨ ਕਿਹਾ ਜਾਂਦਾ ਹੈ। ਇਸ ਦਵਾਈ ਨੂੰ ਪਿਛਲੇ 100 ਸਾਲਾਂ ਤੋਂ ਕਾਲਾ ਮੋਤੀਆ ਜਾਂ ਅੱਖਾਂ ਦੀਆਂ ਹੋਰ ਬਿਮਾਰੀਆਂ ਲਈ ਵਰਤਿਆ ਜਾ ਰਿਹਾ ਹੈ। ਇਸ ਦੇ ਸਾਈਡ ਅਫੈਕਟਸ ਕਰ ਕੇ ਹੁਣ ਇਸ ਨੂੰ ਵਿਆਪਕ ਪੱਧਰ ’ਤੇ ਨਹੀਂ ਵਰਤਿਆ ਜਾਂਦਾ।”

ਡਾ. ਸਮਾਲ ਨੇ ਕਿਹਾ, “ਪ੍ਰੈਸਵੂ ਨੂੰ ਪਾਇਲੋਕਾਰਪਸ ਨਾਮ ਦੇ ਬੂਟੇ ਤੋਂ ਬਣਾਇਆ ਗਿਆ ਹੈ। ਇਸ ਦਵਾਈ ਨੂੰ ਇਸ ਵਿੱਚ ਘਟਾ ਕੇ 1.25% ਕਰ ਦਿੱਤਾ ਗਿਆ ਹੈ। ਇਸ ਦੇ ਪੀਐੱਚ ਨੂੰ 3.5 ਤੋਂ ਵਧਾ ਕੇ 5.5 ਕਰ ਦਿੱਤਾ ਗਿਆ ਹੈ। ਇਸ ਦਾ ਪੀਐੱਚ ਅੱਖ ਦੇ ਸਮਾਨ ਹੈ, ਇਸ ਕਰ ਕੇ ਇਸ ਨੂੰ ਪਾਉਣ ਤੋਂ ਬਾਅਦ ਅੱਖ ਵਿੱਚ ਜਲਣ ਨਹੀਂ ਹੁੰਦੀ।”

ਇਸ ਦਵਾਈ ਦਾ ਅਸਰ ਕੁਝ ਘੰਟਿਆਂ ਤੱਕ ਬਣਿਆ ਰਹਿੰਦਾ ਹੈ ਅਤੇ ਇਹ ਦੂਰ ਦੀ ਨਜ਼ਰ ਨੂੰ ਪ੍ਰਭਾਵਿਤ ਨਹੀਂ ਕਰਦੀ।

ਕੀ ਇਸ ਦਾ ਕੋਈ ਨੁਕਸਾਨ ਹੈ?

ਕਿਸੇ ਵੀ ਦਵਾਈ ਨੂੰ ਬਣਾਉਂਦੇ ਸਮੇਂ ਇਸ ਦੇ ਕਲੀਨਿਕਲ ਟਰਾਇਲ ਕਰਵਾਏ ਜਾਂਦੇ ਹਨ। ਇਸ ਦਵਾਈ ਦੀ ਪ੍ਰਭਾਵਸ਼ੀਲਤਾ ਦੇ ਨਾਲ-ਨਾਲ ਇਸ ਦੇ ਮਾੜੇ ਪ੍ਰਭਾਵਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ।

ਐਂਟੋਡ ਫਾਰਮਾਕਿਊਟੀਕਲ ਦੇ ਸੀਈਓ ਨਿਖਿਲ ਮਸੂਰਕਾਰ ਦਾ ਕਹਿਣਾ ਹੈ ਕਿ ਇਸ ਦਵਾਈ ਦੇ ਫੇਸ 3 ਅਤੇ 4 ਦੇ ਕਲੀਨਿਕਲ ਟਰਾਇਲ ਭਾਰਤ ਅਤੇ ਇਸ ਦੇ ਬਾਹਰ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਦਵਾਈ ਨੂੰ ਯੂਐੱਸ ਤੋਂ ਪ੍ਰਵਾਨਗੀ ਵੀ ਮਿਲ ਗਈ ਹੈ।

ਇਹ ਵੀ ਪੜ੍ਹੋ-

ਕੀ ਇਸ ਨੂੰ ਵਰਤਣ ਦੇ ਕੋਈ ਮਾੜੇ ਪ੍ਰਭਾਵ ਹਨ?

ਡਾ. ਲਾਹਨੇ ਨੇ ਕਿਹਾ,“ਇਸ ਦਵਾਈ ਨੂੰ ਕਾਲਾ ਮੋਤੀਆ ਲਈ ਵਰਤਿਆ ਜਾਂਦਾ ਸੀ। ਇਸ ਦੇ ਮਾੜੇ ਪ੍ਰਭਾਵਾਂ ਕਾਰਨ ਇਸ ਦਵਾਈ ਦੀ ਵਰਤੋਂ ਨੂੰ ਘਟਾ ਦਿੱਤਾ ਗਿਆ ਜਾਂ ਬੰਦ ਕਰ ਦਿੱਤਾ ਗਿਆ। ਇਸ ਦੀ ਪ੍ਰਤੀਸ਼ਤਤਾ ਉਸ ਸਮੇਂ 2% ਸੀ। ਅੱਜ ਇਹ ਦੱਸਣਾ ਸੰਭਵ ਨਹੀਂ ਹੈ ਕਿ ਇਸ ਦੇ ਮਾੜੇ ਪ੍ਰਭਾਵ ਹਨ ਜਾਂ ਨਹੀਂ। ਇਸ ਨੂੰ 1.25 % ਤੱਕ ਲਿਆਂਦਾ ਗਿਆ ਹੈ ਪਰ ਪਿਲੋਕਾਰਪਾਈਨ ਦੇ ਮਾੜੇ ਪ੍ਰਭਾਵ ਹਨ।”

ਡਾ. ਸਮਾਲ ਨੇ ਕਿਹਾ,“ਸਾਡੀ ਪੁਤਲੀ ਛੋਟੀ ਹੁੰਦੀ ਜਾ ਰਹੀ ਹੈ। ਇੰਨਾ ਹੀ ਨਹੀਂ ਅੱਖਾਂ ਵਿੱਚ ਖੁਜਲੀ ਤੇ ਜਲਣ ਵੀ ਵਧ ਰਹੀ ਹੈ। ਅੱਖਾਂ ਲਾਲ ਹੋ ਜਾਂਦੀਆਂ ਹਨ ਤੇ ਸਿਰ ਦਰਦ ਹੁੰਦਾ ਹੈ। ਜੇ ਤੁਸੀਂ ਇਸ ਨੂੰ ਲੰਮੇ ਸਮੇਂ ਲਈ ਵਰਤਦੇ ਹਾਂ ਤਾਂ ਅੱਖਾਂ ਦੀ ਥਕਾਵਟ ਅਤੇ ਦਰਦ ਆਮ ਸ਼ਿਕਾਇਤਾਂ ਹਨ। ਇਸ ਸਥਿਤੀ ਵਿੱਚ ਅਕਸਰ ਅੱਖਾਂ ਵਿੱਚ ਖਿੱਚ ਮਹਿਸੂਸ ਹੁੰਦੀ ਹੈ।”

“ਜੋ ਐਨਕਾਂ ਦੀ ਵਧ ਵਰਤੋਂ ਕਰ ਰਹੇ ਹਨ, ਉਨ੍ਹਾਂ ਦੀ ਅੱਖ ਦਾ ਪਿਛਲਾ ਪਰਦਾ ਵੱਖ ਹੋ ਸਕਦਾ ਹੈ ਤੇ ਉਹ ਆਪਣੀ ਨਜ਼ਰ ਵੀ ਗੁਆ ਸਕਦੇ ਹਨ।”

ਡਾ. ਸਮਾਲ ਨੇ ਕਿਹਾ, “ਭਾਵੇਂ ਕਿ ਇਹ ਦਵਾਈ ਤੁਹਾਡੇ ਲਈ ਚੰਗੀ ਹੈ ਪਰ ਇਸ ਦੀ ਬੇਲੋੜੀ ਵਰਤੋਂ ਨਾਲ ਕਈ ਜ਼ੋਖਮ ਵੀ ਜੁੜੇ ਹੋਏ ਹਨ।

ਉਨ੍ਹਾਂ ਨੇ ਇਸ ਨੂੰ ਵਰਤਣ ਸਮੇਂ ਸਾਵਧਾਨੀ ਵਰਤਣ ਦੀ ਨਸੀਹਤ ਦਿੱਤੀ ਹੈ।

ਕੀ ਇਹ ਐਨਕ ਦਾ ਬਦਲ ਹੈ?

ਕੀ ਇਹ ਨਿਗ੍ਹਾ ਵਾਲੀ ਐਨਕ ਦਾ ਬਦਲ ਹੈ? ਡਾ. ਲਾਹਨੇ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, “ਇਹ ਐਨਕਾਂ ਦਾ ਕੋਈ ਸਥਾਈ ਬਦਲ ਨਹੀਂ ਹੈ। ਇਹ ਇੱਕ ਅਸਥਾਈ ਹੱਲ ਹੈ, ਜਿਸ ਨੂੰ ਪਾਉਣ ਤੋਂ ਬਾਅਦ ਛੇ ਘੰਟਿਆਂ ਲਈ ਐਨਕ ਦੀ ਲੋੜ ਨਹੀਂ ਪੈਂਦੀ। ਦਵਾਈ ਦੀ ਲਗਾਤਾਰ ਵਰਤੋਂ ਨਾਲ ਐਨਕ ਪੱਕੇ ਤੌਰ ’ਤੇ ਲਾ ਕੇ ਨਹੀਂ ਰੱਖੀ ਜਾ ਸਕਦੀ।”

ਡਾ. ਸਮਾਲ ਨੇ ਕਿਹਾ,“ਇਹ ਦਵਾਈ ਐਨਕ ਲਾਉਣ ਵਾਸਤੇ ਨਹੀਂ ਹੈ। ਇਸ ਦਵਾਈ ਦੇ ਮਾੜੇ ਪ੍ਰਭਾਵ ਹਨ। ਇਸ ਨੂੰ ਬਾਜ਼ਾਰ ਵਿੱਚ ਜਾਣ ਲਈ ਅੱਖਾਂ ’ਚ ਪਾ ਕੇ ਨਹੀਂ ਜਾ ਸਕਦੇ। ਤੁਹਾਨੂੰ ਆਪਣੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਕਿ ਕੀ ਇਹ ਦਵਾਈ ਤੁਹਾਡੀਆਂ ਅੱਖਾਂ ਲਈ ਠੀਕ ਹੈ ਜਾਂ ਨਹੀਂ। ਇਸ ਤੋਂ ਬਾਅਦ ਹੀ ਇਸ ਦੀ ਵਰਤੋਂ ਕਰੋ।”

ਦਾਅਵਿਆਂ ’ਤੇ ਸਵਾਲ

ਇਸ ਦੌਰਾਨ ਏਐੱਨਆਈ ਨੇ ਅਧਿਕਾਰਤ ਸੂਤਰਾਂ ਦਾ ਹਵਾਲਾ ਦਿੰਦਿਆਂ ਰਿਪੋਰਟ ਕੀਤੀ ਹੈ ਕਿ ਡੀਸੀਜੀਆਈ ਤੋਂ ਇਸ ਦਵਾਈ ਲਈ ਮਨਜ਼ੂਰੀ ਲੈਣ ਵੇਲੇ ਐਂਟੋਡ ਵੱਲੋਂ ਕੀਤੇ ਗਏ ਦਾਅਵੇ ‘ਅਨੈਤਿਕ ਤੇ ਝੂਠੇ’ ਸਨ।

ਮਾਹਰ ਡਾਕਟਰਾਂ ਨੇ ਕਿਹਾ ਕਿ ਪ੍ਰੈਸਵੂ ਬੂੰਦਾਂ ਪੱਕਾ ਹੱਲ ਨਹੀਂ ਹਨ।

ਮੈਕਸ ਹਸਪਤਾਲ, ਦਿੱਲੀ ਦੇ ਸੀਨੀਅਰ ਡਾਕਟਰ ਚਾਰੂ ਮਿਥਲ ਨੇ ਏਐੱਨਆਈ ਨੂੰ ਦੱਸਿਆ,“ਪਿਲੋਕਾਰਪਾਈਨ ਬੂੰਦਾਂ ਅੱਖਾਂ ਦੇ ਇਲਾਜ ਲਈ ਪਿਛਲੇ 75 ਸਾਲਾਂ ਤੋਂ ਵਰਤੀਆਂ ਜਾ ਰਹੀਆਂ ਹਨ। ਇਹ ਤੁਹਾਡੀ ਪੁਤਲੀ ਨੂੰ ਛੋਟਾ ਬਣਾਉਂਦੀਆਂ ਹਨ ਅਤੇ ਸਾਫ ਪੜ੍ਹਨ ਵਿੱਚ ਮਦਦ ਕਰਦੀਆਂ ਹਨ। ਪੜ੍ਹਨ ਦੀਆਂ ਸਮੱਸਿਆਵਾਂ ਦੇ ਲਈ ਇਹ ਅਸਥਾਈ ਹੱਲ ਹੈ। ਐਨਕਾਂ ਇਸ ਲਈ ਸਹੀ ਹਨ।”

ਐਂਟੋਡ ਫਾਰਮਾਕਿਊਟੀਕਲਸ ਦੇ ਸੀਈਓ ਨਿਖਿਲ ਮਸੂਰਕਾਰ ਦਾ ਕਹਿਣਾ ਹੈ, “ਉਨ੍ਹਾਂ ਨੇ ਕੋਈ ਅਨੈਤਿਕ ਤੇ ਝੂਠਾ ਦਾਅਵਾ ਨਹੀਂ ਕੀਤਾ। ਮੀਡੀਆ ਵਿੱਚ ਜੋ ਵੀ ਦੱਸਿਆ ਗਿਆ ਹੈ ਉਹ ਬਾਲਗਾਂ ਵਿੱਚ ਪ੍ਰੈਸਬੀਓਪੀਆ ਦੇ ਇਲਾਜ ਲਈ ਪ੍ਰਵਾਨਗੀ ਨੋਟਿਸ ਅਤੇ ਫੇਜ਼-3 ਦੇ ਟਰਾਇਲਾਂ ਦੇ ਡੇਟਾ ’ਤੇ ਆਧਾਰਿਤ ਹੈ।”

ਐਂਟੋਡ ਫਾਰਮਾਕਿਊਟੀਕਲਸ

ਤਸਵੀਰ ਸਰੋਤ, ENTOD PHARMA

ਤਸਵੀਰ ਕੈਪਸ਼ਨ, ਐਂਟੋਡ ਫਾਰਮਾਕਿਊਟੀਕਲਸ ਦੇ ਸੀਈਓ ਨਿਖਿਲ ਮਸੂਰਕਾਰ

ਕੀ ਅੱਖਾਂ ਲਈ ਸਿਰਫ ਇਹੀ ਬੂੰਦਾਂ ਮਨਜ਼ੂਰ ਹਨ?

ਭਾਰਤ ਵਿੱਚ ਇਹ ਪਹਿਲੀ ਦਵਾਈ ਹੈ। ਪਰ ਕੌਮਾਂਤਰੀ ਕੰਪਨੀਆਂ ਜਿਵੇਂ, ਵਿਯੂਟੀ, ਵਿਜ਼ਸ ਥੈਰਾਪਿਊਟਿਕਸ, ਆਈਨੋਵੀਆ ਵੀ ਇਸੇ ਤਰ੍ਹਾਂ ਦੀਆਂ ਬੂੰਦਾਂ ਤਿਆਰ ਕਰਨ ਵਿੱਚ ਲੱਗੀਆਂ ਹੋਈਆਂ ਹਨ।

ਓਰਾਸਿਸ ਫਾਰਮਾਕਿਊਟੀਕਲਸ ਨੂੰ ਉਸ ਦੀਆਂ ਬੂੰਦਾਂ ਲਈ ਅਕਤੂਬਰ 2023 ਵਿੱਚ ਐੱਫਡੀਏ ਪ੍ਰਵਾਨਗੀ ਮਿਲ ਗਈ ਹੈ।

ਪ੍ਰੈਸਵੂ ਨੂੰ ਸਿੱਧਾ ਨਹੀਂ ਖਰੀਦਿਆ ਜਾ ਸਕਦਾ। ਇਨ੍ਹਾਂ ਬੂੰਦਾਂ ਨੂੰ ਸਿਰਫ ਅੱਖਾਂ ਦੇ ਮਾਹਰ ਡਾਕਟਰ ਵੱਲੋਂ ਲਿਖੇ ਜਾਣ ’ਤੇ ਹੀ ਅਕਤੂਬਰ ਤੋਂ ਖਰੀਦਿਆ ਜਾ ਸਕੇਗਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)