ਆਨ-ਲਾਈਨ ਗੇਮਿੰਗ ਸੱਟਾ: ਲੱਖਾਂ ਰੁਪਏ ਹਾਰਨ ਮਗਰੋਂ ਮੁਕਤਸਰ ਦੇ ਇਸ ਸ਼ਖ਼ਸ ਨੇ ਕਿਵੇਂ ਰਚੀ ਆਪਣੇ ਹੀ ਪਿਤਾ ਦੇ ਕਤਲ ਦੀ ਸਾਜ਼ਿਸ਼

- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਆਨ-ਲਾਈਨ ਗੇਮ ਖੇਡਦਿਆਂ ਇਕ ਵਿਅਕਤੀ ਸੱਟੇ ਵਿੱਚ ਲੱਖਾਂ ਰੁਪਏ ਦੀ ਰਾਸ਼ੀ ਹਾਰ ਗਿਆ, ਜਿਸ ਮਗਰੋਂ ਉਸ ਨੇ ਇੱਕ ਹੈਰਾਨ ਕਰ ਦੇਣ ਵਾਲਾ 'ਡਰਾਮਾ' ਰਚਿਆ।
ਵਿਅਕਤੀ ਵੱਲੋਂ ਖ਼ੁਦ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਮਗਰੋਂ ਸਾਜ਼ਿਸ਼ ਰੱਚ ਦਿੱਤੀ ਗਈ ਕਿ ਇਹ ਕਤਲ ਲੁਟੇਰਿਆਂ ਵੱਲੋਂ ਕੀਤਾ ਗਿਆ ਹੈ।
ਇਹ ਘਟਨਾ ਦੱਖਣੀ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਮਰਾੜ੍ਹ ਕਲਾਂ ਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਅਸਲ ਵਿੱਚ ਆਨ-ਲਾਈਨ ਗੇਮ ਵਿੱਚ 25 ਲੱਖ ਰੁਪਏ ਹਾਰਨ ਤੋਂ ਬਾਅਦ ਪਿਆਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਪਿਤਾ ਨੂੰ ਕਥਿਤ ਤੌਰ 'ਤੇ ਖੁਦ ਚਾਕੂ ਮਾਰ ਕੇ ਕਤਲ ਕੀਤਾ ਸੀ।
ਇਹ ਘਟਨਾ ਨੂੰ ਇਸ ਵਿਅਕਤੀ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਥਾਣਾ ਬਰੀਵਾਲਾ ਦੇ ਖੇਤਰ ਵਿੱਚ 6 ਸਤੰਬਰ ਨੂੰ ਅੰਜ਼ਾਮ ਦਿੱਤਾ ਸੀ।
ਪੁਲਿਸ ਨੇ ਜਦੋਂ ਇਸ ਕਤਲ ਸਬੰਧੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਤਾਂ ਆਪਣੇ ਪਿਤਾ ਨੂੰ ਕਤਲ ਕਰਨ ਵਾਲੇ ਵੱਲੋਂ ਰਚੇ ਗਏ 'ਡਰਾਮੇ' ਦਾ ਪਰਦਾਫਾਸ਼ ਹੋ ਗਿਆ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਜਦੋਂ ਸ਼ੱਕ ਪੈਣ ਉੱਪਰ ਪਿਆਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਮਾਮਲੇ ਦਾ ਰਹੱਸ ਖੁੱਲ੍ਹ ਗਿਆ।
ਘਟਨਾ ਤੋਂ ਇਕ ਦਿਨ ਬਾਅਦ ਹੀ 7 ਸਤੰਬਰ ਨੂੰ ਪੁਲਿਸ ਨੇ ਪਿਆਰਜੀਤ ਸਿੰਘ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਸੀ।

ਆਨ-ਲਾਈਨ ਗੇਮ 'ਚ 25 ਲੱਖ ਹਾਰਨ ਤੋਂ ਬਾਅਦ ਪੁੱਤਰ ਨੇ ਕੀ ਕਹਾਣੀ ਘੜੀ
ਪੁਲਿਸ ਦਾ ਕਹਿਣਾ ਹੈ ਕਿ ਜਦੋਂ ਪਿਆਰਜੀਤ ਸਿੰਘ ਆਨ-ਲਾਈਨ ਗੇਮ ਖੇਡਦੇ ਦੇ ਸਮੇਂ ਜੂਏ ਵਿੱਚ ਲੱਖਾਂ ਰੁਪਏ ਹਾਰ ਗਿਆ ਤਾਂ ਉਸ ਦੇ ਪਿਤਾ ਲਖਬੀਰ ਸਿੰਘ ਨੇ ਉਸ ਕੋਲੋਂ ਹਿਸਾਬ ਮੰਗਣਾ ਸ਼ੁਰੂ ਕਰ ਦਿੱਤਾ।
ਐੱਸਐੱਸਪੀ ਨੇ ਦੱਸਿਆ ਤੇ 6 ਸਤੰਬਰ ਨੂੰ ਪਿਆਰਜੀਤ ਸਿੰਘ ਆਪਣੇ ਪਿਤਾ ਨੂੰ ਆਪਣੀ ਕਾਰ ਰਾਹੀਂ ਇਲਾਜ ਲਈ ਚੰਡੀਗੜ੍ਹ ਲੈ ਕੇ ਜਾ ਰਿਹਾ ਸੀ।
ਉਨਾਂ ਦੱਸਿਆ, "ਮੁਢਲੀ ਪੁੱਛ-ਗਿੱਛ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਪਿਆਰਜੀਤ ਸਿੰਘ ਨੇ ਪਿੰਡ ਮਰਾੜ੍ਹ ਕਲਾਂ ਦੇ ਨੇੜੇ ਹੀ ਆਪਣੇ ਪਿਤਾ ਲਖਬੀਰ ਸਿੰਘ ਉੱਪਰ ਚਾਕੂਆਂ ਨਾਲ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਸੀ।"
"ਇਸ ਤੋਂ ਬਾਅਦ ਉਸ ਨੇ ਰੌਲਾ ਪਾ ਦਿੱਤਾ ਕਿ ਚਾਰ-ਪੰਜ ਲੁਟੇਰਿਆਂ ਨੇ ਧੱਕੇ ਨਾਲ ਉਸ ਦੀ ਕਾਰ ਨੂੰ ਘੇਰ ਕੇ ਉਸਦੇ ਪਿਤਾ ਉੱਪਰ ਹਮਲਾ ਕੀਤਾ ਹੈ।"
ਪੁਲਿਸ ਮੁਤਾਬਿਕ ਇਸ ਤੋਂ ਬਾਅਦ ਇਸ ਵਿਅਕਤੀ ਨੇ ਆਪਣੀ ਕਾਰ ਦੀ ਵੀ ਕਹੀ ਦੇ ਦਸਤੇ ਨਾਲ ਭੰਨ-ਤੋੜ ਕਰ ਦਿੱਤੀ ਸੀ।
ਐੱਸਐੱਸਪੀ ਮੁਤਾਬਿਕ ਇਸ ਸਬੰਧ ਵਿੱਚ ਪੁਲਿਸ ਨੇ ਥਾਣਾ ਬਰੀਵਾਲਾ ਵਿਖੇ ਧਾਰਾ 103 (1), 304, 62, 324 (3), 191 (3), 190 ਬੀਐਨਐਸ ਅਤੇ ਅਸਲਾ ਐਕਟ ਦੀ ਧਾਰਾ 25 27, 54, 59 ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਕੀ ਸਾਹਮਣੇ ਆਇਆ
ਪੁਲਿਸ ਦਾ ਕਹਿਣਾ ਹੈ ਕਿ ਜਦੋਂ ਪਿਆਰਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆ ਗਈ ਕੇ ਲੁਟੇਰਿਆਂ ਵਾਲੀ ਕਹਾਣੀ ਮਨਘੜਤ ਸੀ।
ਅਸਲ ਵਿੱਚ ਜਦੋਂ ਪਿਆਰਜੀਤ ਸਿੰਘ ਆਨ-ਲਾਈਨ ਗੇਮ ਖੇਡਦਿਆਂ ਸੱਟੇ ਵਿੱਚ 25 ਲੱਖ ਰੁਪਏ ਹਾਰ ਗਿਆ ਸੀ ਤਾਂ ਉਸ ਦੇ ਪਿਤਾ ਨੇ ਕਈ ਵਾਰ ਉਸ ਤੋਂ ਪੈਸਿਆਂ ਦਾ ਹਿਸਾਬ ਮੰਗਿਆ ਸੀ।
ਪੁਲਿਸ ਮੁਤਾਬਿਕ ਪਿਆਰਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਇਨਾਂ ਪੈਸਿਆਂ ਬਾਰੇ ਆਪਣੇ ਪਿਤਾ ਨੂੰ ਕਈ ਤਰ੍ਹਾਂ ਨਾਲ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲਗਾਤਾਰ ਹਿਸਾਬ ਮੰਗਦੇ ਰਹੇ।
ਆਖਰ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਇਹ ਪੈਸੇ ਉਸ ਨੇ ਚੰਡੀਗੜ੍ਹ ਵਿੱਚ ਇੱਕ ਕਾਰੋਬਾਰ ਲਈ ਨਿਵੇਸ਼ ਕੀਤੇ ਹਨ।
ਇਸ ਦੇ ਬਾਵਜੂਦ ਵੀ ਲਖਬੀਰ ਸਿੰਘ ਨੇ ਆਪਣੇ ਪੁੱਤਰ ਤੋਂ ਪੈਸਿਆਂ ਦਾ ਹਿਸਾਬ ਮੰਗਣਾ ਜਾਰੀ ਰੱਖਿਆ, ਜਿਸ ਤੋਂ ਬਾਅਦ ਕਤਲ ਦੀ ਇਹ ਮੰਦਭਾਗੀ ਘਟਨਾ ਸਾਹਮਣੇ ਆ ਗਈ।

ਆਨ-ਲਾਈਨ ਗੇਮਿੰਗ ਅਤੇ ਗੈਂਬਲਿੰਗ ਕੀ ਹਨ
ਅਸਲ ਵਿੱਚ ਦੁਨੀਆਂ ਦੇ ਇੱਕ ਵੱਡੇ ਹਿੱਸੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਆਨ-ਲਾਈਨ ਗੇਮ ਖੇਡੀ ਜਾਂਦੀ ਹੈ।
ਇਸ ਖੇਡ ਦਾ ਮਕਸਦ ਜ਼ਿਆਦਾਤਰ ਮਨੋਰੰਜਨ ਕਰਨਾ ਅਤੇ ਆਪਣਾ ਟਾਸਕ ਪੂਰਾ ਕਰਕੇ ਦਿਮਾਗੀ ਕਸਰਤ ਕਰਨਾ ਹੁੰਦਾ ਹੈ।
ਆਨ-ਲਾਈਨ ਗੇਮਿੰਗ ਨਾਲ ਜੁੜੀਆਂ ਖੇਡਾਂ ਜਾਂ ਐਪਸ ਵਧੇਰੇ ਕਰਕੇ ਮੁਫਤ ਵਿੱਚ ਹੁੰਦੀਆਂ ਹਨ।
ਦੂਜੇ ਪਾਸੇ ਜੇਕਰ ਆਨ-ਲਾਈਨ ਗੈਂਬਲਿੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰਤ ਵਿੱਚ ਕਈ ਥਾਵਾਂ ਉੱਪਰ ਪਾਬੰਦੀਸ਼ੁਦਾ ਹੈ।
ਉਂਝ, ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੂਆ ਖੇਡਣਾ ਜੁਰਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਆਨ-ਲਾਈਨ ਗੈਂਬਲਿੰਗ ਵਿੱਚ ਲੈਣ-ਦੇਣ ਦਾ ਮਾਮਲਾ ਹੁੰਦਾ ਹੈ ਅਤੇ ਇਸ ਵਿਚ ਹਾਰ ਜਿੱਤ ਲਈ ਪੈਸੇ ਦੀ ਸ਼ਰਤ ਲਗਾਈ ਜਾਂਦੀ ਹੈ।
ਭਾਰਤ ਦੇ ਕੁਝ ਸੂਬਿਆਂ ਜਿਨਾਂ ਵਿੱਚ ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਉਡੀਸ਼ਾ ਸ਼ਾਮਲ ਹਨ, ਵਿੱਚ ਆਨ-ਲਾਈਨ ਗੈਂਬਲਿੰਗ ਵਰਗੀਆਂ ਗੇਮਾਂ ਉੱਪਰ ਮੁਕੰਮਲ ਪਾਬੰਦੀ ਹੈ।
ਆਨ-ਲਾਈਨ ਗੇਮਿੰਗ ਮਾਨਸਿਕ ਤੌਰ ਉੱਪਰ ਕੀ ਪ੍ਰਭਾਵ ਛੱਡਦੀ ਹੈ

ਤਸਵੀਰ ਸਰੋਤ, Getty Images
ਡਾਕਟਰ ਇੰਦਰਵੀਰ ਸਿੰਘ ਗਿੱਲ ਪੰਜਾਬ ਸਿਹਤ ਵਿਭਾਗ ਦੇ ਸੇਵਾ ਮੁਕਤ ਸੀਨੀਅਰ ਮੈਡੀਕਲ ਅਫ਼ਸਰ ਹਨ।
ਉਹ ਮਾਨਸਿਕ ਰੋਗਾਂ ਦੇ ਮਾਹਰ ਵਜੋਂ ਜਾਣੇ ਜਾਂਦੇ ਹਨ।
ਉਹ ਕਹਿੰਦੇ ਹਨ, "ਆਨ-ਲਾਈਨ ਗੈਂਬਲਿੰਗ ਗੇਮ ਜਾਂ ਜੂਆ ਤੇ ਦੜਾ-ਸੱਟਾ ਵਿਅਕਤੀ ਦੀ ਮਾਨਸਿਕ ਸਿਹਤ ਉੱਪਰ ਪ੍ਰਭਾਵ ਪਾਉਂਦਾ ਹੈ।"
"ਅਜਿਹੀਆਂ ਗੇਮਜ਼ ਜਾਂ ਐਪਸ ਬਣਾਉਣ ਵਾਲੇ ਸ਼ਾਸਤਰ ਲੋਕ ਮੁਢਲੇ ਪੜਾਅ ਵਿੱਚ ਗੇਮ ਖੇਡਣ ਵਾਲੇ ਦੀ ਮਾਨਸਿਕਤਾ ਨੂੰ ਪੜ੍ਹਦੇ ਹਨ।"
"ਇਸ ਕਾਰੋਬਾਰ ਨਾਲ ਜੁੜੇ ਲੋਕ ਪਹਿਲੇ ਦੌਰ ਵਿੱਚ ਵਿਅਕਤੀ ਨੂੰ ਕੁਝ ਪੈਸੇ ਸ਼ਰਤ ਦੇ ਰੂਪ ਵਿੱਚ ਜਿਤਾ ਦਿੰਦੇ ਹਨ।"
ਡਾ. ਗਿੱਲ ਕਹਿੰਦੇ ਹਨ, "ਸਭ ਤੋਂ ਵੱਡੀ ਚਿੰਤਾ ਵਾਲੀ ਤਾਂ ਗੱਲ ਇਹ ਹੈ ਕਿ ਬੱਚਿਆਂ ਵੱਲੋਂ ਖੇਡੀਆਂ ਜਾਂਦੀਆਂ ਗੇਮਸ ਵਿੱਚ ਵੀ ਕਈ ਵਾਰ ਅਜਿਹੇ ਵਿਅਕਤੀ ਘੁਸਪੈਠ ਕਰ ਜਾਂਦੇ ਹਨ।"
"ਆਨ-ਲਾਈਨ ਗੈਂਬਲਿੰਗ ਗੇਮਸ ਕਈ ਵਿਅਕਤੀਆਂ ਨੂੰ ਮਾਨਸਿਕ ਤੌਰ 'ਤੇ ਅਜਿਹਾ ਕਮਜ਼ੋਰ ਕਰਦੀਆਂ ਹਨ ਕੇ ਜੋ ਇਸ ਵਿੱਚ ਸ਼ਾਮਲ ਹੋ ਜਾਵੇ ਉਹ ਇਸ ਬਿਰਤੀ ਨੂੰ ਛੱਡਣ ਵਿੱਚ ਮੁਸ਼ਕਿਲ ਮਹਿਸੂਸ ਕਰਦਾ ਹੈ।"
ਇਹ ਗੱਲ ਵੀ ਸਾਫ਼ ਤੌਰ ਉੱਪਰ ਸਾਹਮਣੇ ਆਈ ਹੈ ਕਿ ਬਹੁਤੇ ਲੋਕ ਇੰਟਰਨੈਟ ਲਿੰਕ, ਵੈੱਬਸਾਈਟ ਜਾਂ ਮੋਬਾਈਲ ਐਪਸ ਰਾਹੀਂ ਸ਼ਰਤ ਲਗਾਉਣ ਜਾਂ ਜੂਆ ਖੇਡਣ ਦੇ ਅਜਿਹੇ ਗੈਰ- ਕਾਨੂੰਨੀ ਧੰਦੇ ਨਾਲ ਜੁੜਦੇ ਹਨ।
ਡਾ. ਗਿੱਲ ਕਹਿੰਦੇ ਹਨ ਕਿ ਇਸ ਕਾਰੋਬਾਰ ਨਾਲ ਜੁੜੇ ਲੋਕ ਨਵੇਂ ਯੂਜ਼ਰ ਨੂੰ ਗੇਮ ਚੱਕਰ ਵਿੱਚ ਫਸਾਉਣ ਲਈ ਮੁਫ਼ਤ ਸੇਵਾ ਵੀ ਮੁਹਈਆ ਕਰਵਾਉਂਦੇ ਹਨ।
"ਬਾਅਦ ਵਿੱਚ ਉਹ ਪੈਸੇ ਦਾ ਲਾਲਚ ਦੇ ਕੇ ਅਜਿਹੀ ਸਥਿਤੀ ਪੈਦਾ ਕਰਦੇ ਹਨ ਕਿ ਅਨੇਕਾਂ ਲੋਕ ਗੇਮ ਨਾਲ ਚਿਪਕ ਕੇ ਰਹਿ ਜਾਂਦੇ ਹਨ।"
"ਬੱਸ ਇਥੋਂ ਹੀ ਪੈਸੇ ਦੀ ਬਰਬਾਦੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।"
"ਇਹੀ ਕਾਰਨ ਹੈ ਕਿ ਅਜਿਹੀ ਗੈਂਬਲਿੰਗ ਕਰਨ ਵਾਲੇ ਲੋਕਾਂ ਵੱਲੋਂ ਆਤਮ-ਹੱਤਿਆਵਾਂ ਕਰਨ ਜਾਂ ਫਿਰ ਉਨਾਂ ਵੱਲੋਂ ਕਿਸੇ ਨੂੰ ਕਤਲ ਕਰਨ ਵਰਗੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ।"
ਭਾਰਤ ਸਰਕਾਰ ਵੱਲੋਂ ਇਸ ਉੱਪਰ ਲਾਈਆਂ ਪਾਬੰਦੀਆਂ ਕੀ ਹਨ

ਤਸਵੀਰ ਸਰੋਤ, Getty Images
ਭਾਰਤ ਸਰਕਾਰ ਦੇ ਮਿਨਿਸਟਰੀ ਆਫ਼ ਕੰਜ਼ਿਊਮਰ ਅਫੇਅਰ, ਫੂਡ ਐਂਡ ਪਬਲਿਕ ਡਿਸਟਰੀਬਿਊਸ਼ਨ ਦੇ ਆਦੇਸ਼ ਇਸ ਨੂੰ ਲੈ ਕੇ ਕਾਫ਼ੀ ਸਖਤ ਹਨ।
ਮੰਤਰਾਲੇ ਦੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਵਿਭਾਗ ਨੇ ਹਾਲ ਹੀ ਵਿੱਚ ਇੱਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਖਪਤਕਾਰ ਸੁਰੱਖਿਆ ਐਕਟ 2019 ਦੇ ਅਧੀਨ ਅਜਿਹੀ ਹਰ ਹਰਕਤ ਉੱਪਰ ਮੁਕੰਮਲ ਪਾਬੰਦੀ ਹੈ, ਜੋ ਸ਼ਰਤ ਜਾਂ ਜੂਏ ਨਾਲ ਜੁੜੀ ਹੋਈ ਹੋਵੇ।
ਡਾ. ਇੰਦਰਵੀਰ ਸਿੰਘ ਗਿੱਲ ਇਸ ਬਾਬਤ ਆਪਣਾ ਤਰਕ ਦਿੰਦੇ ਹਨ ਕਿ ਭਾਵੇਂ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਰਤ ਲਾਉਣ ਜਾਂ ਗੈਂਬਲਿੰਗ ਗੇਮ ਉੱਪਰ ਪਾਬੰਦੀ ਹੈ ਪਰ ਇਸ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਪੈਸੇ ਨਾਲ ਜੁੜੀ ਹੋਈ ਹੈ।
"ਪਹਿਲਾਂ ਇਹ ਗੱਲ ਆਮ ਸੁਣਨ ਵਿੱਚ ਆਉਂਦੀ ਸੀ ਕਿ ਦੁਸਹਿਰੇ-ਦਿਵਾਲੀ ਉੱਪਰ ਲੋਕ ਕੁਝ ਨਿਰਧਾਰਿਤ ਥਾਵਾਂ ਉੱਪਰ ਬੈਠ ਕੇ ਜੂਆ ਖੇਡਦੇ ਸਨ। ਅਜਿਹੇ ਲੋਕਾਂ ਉੱਪਰ ਕਾਨੂੰਨ ਲਾਗੂ ਕਰਨਾ ਪੁਲਿਸ ਲਈ ਕਾਫੀ ਸੌਖਾ ਸੀ।"
"ਪਰ ਹੁਣ ਇੰਟਰਨੈਟ ਦੇ ਇਸ ਯੁੱਗ ਵਿੱਚ ਸਥਿਤੀਆਂ ਬਦਲ ਗਈਆਂ ਹਨ। ਹਰ ਹੱਥ ਵਿੱਚ ਸਮਾਰਟ ਫ਼ੋਨ ਹੈ।"
"ਜਲਦੀ ਪੈਸਾ ਹਾਸਲ ਕਰਨ ਦੀ ਮਾਨਸਿਕਤਾ ਵਾਲੇ ਲੋਕ ਆਨ-ਲਾਈਨ ਗੈਂਬਲਿੰਗ ਗੇਮਜ਼, ਐਪਸ ਜਾਂ ਹੋਰ ਸਾਧਨਾਂ ਨਾਲ ਜੁੜ ਜਾਂਦੇ ਹਨ।"
"ਦੂਜੀ ਗੱਲ ਇਹ ਹੈ ਕਿ ਭਾਵੇਂ ਸਾਈਬਰ ਅਪਰਾਧ ਨੂੰ ਰੋਕਣ ਲਈ ਵੱਖਰਾ ਕਾਨੂੰਨ ਹੈ, ਜਿਸ ਵਿੱਚ ਆਨ-ਲਾਈਨ ਟ੍ਰਾਂਜੈਕਸ਼ਨ ਵੀ ਸ਼ਾਮਲ ਹੈ।"
"ਪਰ ਇੰਟਰਨੈਟ ਦੀ ਇਸ ਦੌੜ ਵਿੱਚ ਇਸ ਅਪਰਾਧ ਨੂੰ ਰੋਕਣ ਵਿੱਚ ਕਾਫ਼ੀ ਮਸ਼ੱਕਤ ਕਰਨ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












