ਫਿਜ਼ੀਓਥੈਰੇਪੀ ਕਿਵੇਂ ਕੰਮ ਕਰਦੀ ਹੈ, ਇਸ ਦੀ ਕਿਸ ਨੂੰ ਲੋੜ ਹੁੰਦੀ ਹੈ?

ਤਸਵੀਰ ਸਰੋਤ, Getty Images
ਫਿਜ਼ੀਓਥੈਰੇਪੀ ਸ਼ਬਦ ਸੁਣ ਕੇ ਅਕਸਰ ਲੋਕ ਸਰੀਰਕ ਦੀਆਂ ਗਤੀਵਿਧੀਆਂ ਅਤੇ ਮਾਲਿਸ਼ ਬਾਰੇ ਭੁਲੇਖਾ ਖਾ ਜਾਂਦੇ ਹਨ।
ਫਿਜ਼ੀਓਥੈਰੇਪੀ ਇੱਕ ਅਜਿਹਾ ਇਲਾਜ਼ ਹੈ ਜੋ ਦਵਾਈ ਦੇ ਨਾਲ-ਨਾਲ ਸਰੀਰ ਦੇ ਵਿਗਾੜਾਂ ਨੂੰ ਠੀਕ ਕਰਨ ਲਈ ਵਰਤਿਆਂ ਜਾਂਦਾ ਹੈ।
ਪਰ ਫਿਜ਼ੀਓਥੈਰੇਪੀ ਅਸਲ ਵਿੱਚ ਕੀ ਹੈ ਅਤੇ ਇਸ ਤੋਂ ਕੌਣ ਲਾਭ ਲੈ ਸਕਦਾ ਹੈ?
ਇਸ ਵਿਸ਼ੇ 'ਤੇ ਰੋਸ਼ਨੀ ਪਾਉਣ ਲਈ, ਬੀਬੀਸੀ ਤਮਿਲ ਨੇ ਚੇਨਈ ਦੇ ਓਮੰਡੁਰਾਰ ਸਰਕਾਰੀ ਹਸਪਤਾਲ ਦੇ ਇੱਕ ਫਿਜ਼ੀਓਥੈਰੇਪਿਸਟ ਈਸ਼ਿਲਵਾਨਨ ਨਾਲ ਗੱਲ ਕੀਤੀ।

ਫਿਜ਼ੀਓਥੈਰੇਪੀ ਕੀ ਹੈ?

ਤਸਵੀਰ ਸਰੋਤ, Getty Images
ਈਸ਼ਿਲਵਾਨਨ ਕਹਿੰਦੇ ਹਨ ਕਿ, 'ਫਿਜ਼ੀਓਥੈਰੇਪੀ ਹਿੱਲ-ਜੁਲ ਨੂੰ ਬਹਾਲ ਕਰਨ ਅਤੇ ਦਰਦ ਤੋਂ ਰਾਹਤ ਦੇਣ ਦਾ ਇੱਕ ਤਰੀਕਾ ਹੈ'।
ਇਹ ਦੁਰਘਟਨਾਵਾਂ, ਸਟ੍ਰੋਕ ਜਾਂ ਹੋਰ ਬਿਮਾਰੀਆਂ ਕਾਰਨ ਖਤਮ ਹੋਈ ਗਤੀਸ਼ੀਲਤਾ ਮੁੜ ਚਾਲੂ ਕਰਦੀ ਹੈ।
ਈਸ਼ਿਲਵਾਨਨ ਅੱਗੇ ਦੱਸਦੇ ਹਨ "ਇਕੱਲੀਆਂ ਦਵਾਈਆਂ ਉਹਨਾਂ ਵਿਅਕਤੀਆਂ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕਰ ਸਕਦੀਆਂ ਜੋ ਦੁਰਘਟਨਾਵਾਂ, ਸੱਟਾਂ, ਜਾਂ ਹਿੱਲ-ਜੁਲ ਸੰਬੰਧੀ ਵਿਗਾੜਾਂ ਤੋਂ ਪੀੜਤ ਹਨ। ਫਿਜ਼ੀਓਥੈਰੇਪੀ ਰਿਕਵਰੀ ਨੂੰ ਵਧਾਉਣ ਲਈ ਇੱਕ ਸਹਾਇਕ ਇਲਾਜ ਵਜੋਂ ਕੰਮ ਕਰਦੀ ਹੈ"।
ਉਹ ਕਹਿੰਦੇ ਹਨ ਕਿ ਦਵਾਈ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਗੁਰਦੇ ਦੀਆਂ ਸਮੱਸਿਆਵਾਂ, ਗੈਸਟਰਾਈਟਸ ਅਤੇ ਅਲਸਰ ਵਰਗੇ ਮਾੜੇ ਪ੍ਰਭਾਵ ਹੋ ਸਕਦੇ ਹਨ। ਸਿੱਟੇ ਵਜੋਂ, ਡਾਕਟਰ ਅਕਸਰ ਦਵਾਈ ਨੂੰ ਘਟਾਉਣ ਜਾਂ ਬੰਦ ਕਰਨ ਤੋਂ ਬਾਅਦ ਇੱਕ ਪੂਰਕ ਪਹੁੰਚ ਵਜੋਂ ਫਿਜ਼ੀਓਥੈਰੇਪੀ ਦੀ ਸਿਫਾਰਸ਼ ਕਰਦੇ ਹਨ।
ਫਿਜ਼ੀਓਥੈਰੇਪੀ ਦੇ ਢੰਗ

ਤਸਵੀਰ ਸਰੋਤ, Getty Images
ਫਿਜ਼ੀਓਥੈਰੇਪੀ ਦੇਣ ਦੇ ਮੁੱਖ ਤੌਰ ਤੇ ਦੋ ਤਰੀਕੇ ਹੁੰਦੇ ਹਨ -ਕਸਰਤ ਥੈਰੇਪੀ ਅਤੇ ਇਲੈਕਟ੍ਰੋਥੈਰੇਪੀ।
1. ਕਸਰਤ ਥੈਰੇਪੀ: ਇਹ ਪਹੁੰਚ ਵੱਖ-ਵੱਖ ਕਸਰਤ ਵਿਧੀਆਂ ਨਾਲ ਅੰਗਾਂ ਦੀ ਗਤੀ ਨੂੰ ਬਹਾਲ ਕਰਨ 'ਤੇ ਕੇਂਦ੍ਰਿਤ ਹੈ।
ਕਸਰਤ ਥੈਰੇਪੀ ਦੀਆਂ ਅੱਗੇ ਤਿੰਨ ਕਿਸਮਾਂ ਹਨ -
- ਸਿੱਧੀ ਕਸਰਤ: ਮਰੀਜ਼ ਆਪਣੇ ਫਿਜ਼ੀਓਥੈਰੇਪਿਸਟ ਦੀਆਂ ਹਦਾਇਤਾਂ ਦੇ ਆਧਾਰ 'ਤੇ ਸੁਤੰਤਰ ਤੌਰ 'ਤੇ ਕਸਰਤ ਕਰਦੇ ਹਨ।
- ਸਹਾਇਤਾ ਪ੍ਰਾਪਤ ਕਸਰਤ: ਇੱਕ ਫਿਜ਼ੀਓਥੈਰੇਪਿਸਟ ਉਹਨਾਂ ਮਰੀਜ਼ਾਂ ਦੀ ਸਹਾਇਤਾ ਕਰਦਾ ਹੈ ਜੋ ਆਪਣੇ ਆਪ ਕਸਰਤ ਕਰਨ ਵਿੱਚ ਅਸਮਰੱਥ ਹਨ।
-ਪ੍ਰਤੀਰੋਧ ਦੇ ਨਾਲ ਕਸਰਤ: ਭਾਰ ਅਤੇ ਸਪ੍ਰਿੰਗ ਦੇ ਸਹਾਰੇ ਮਰੀਜ਼ ਦੇ ਅੰਗਾਂ ਵਿਚ ਤਾਕਤ ਅਤੇ ਲਚਕਤਾ ਨੂੰ ਵਧਾਇਆ ਜਾਂਦਾ ਹੈ।

ਤਸਵੀਰ ਸਰੋਤ, Getty Images
2. ਇਲੈਕਟਰੋਥੈਰੇਪੀ: ਇਹ ਵਿਧੀ ਲੰਬੇ ਸਮੇਂ ਦੇ ਦਰਦ ਤੋਂ ਰਾਹਤ ਪਾਉਣ ਲਈ ਗਰਮੀ, ਰੋਸ਼ਨੀ ਅਤੇ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੀ ਵਰਤੋਂ ਕਰਦੀ ਹੈ।
ਇਹ ਪਿੱਠ ਦਰਦ, ਗਰਦਨ ਦੇ ਦਰਦ ਅਤੇ ਗਠੀਏ ਵਰਗੀਆਂ ਸਥਿਤੀਆਂ ਲਈ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਲੀ ਹੈ। ਇਸ ਦੀਆਂ ਤਕਨੀਕਾਂ ਵਿੱਚ ਅਲਟਰਾਸਾਊਂਡ, ਲੇਜ਼ਰ, ਸ਼ਾਰਟ ਵੇਵ ਡਾਇਥਰਮੀ ਅਤੇ ਅਲਟਰਾਵਾਇਲਟ ਥੈਰੇਪੀ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਦਰਦ ਨੂੰ ਘੱਟ ਕਰਨ ਲਈ ਮਾਸਪੇਸ਼ੀ ਗਰਮ ਕਰਨ ਵਰਗੇ ਸਰੀਰਕ ਪ੍ਰਭਾਵ ਪੈਦਾ ਕਰਨਾ ਹੈ।
ਫਿਜ਼ੀਓਥੈਰੇਪੀ ਦੀ ਵਰਤੋਂ ਅਤੇ ਪ੍ਰਭਾਵ

ਤਸਵੀਰ ਸਰੋਤ, Getty Images
ਫਿਜ਼ੀਓਥੈਰੇਪੀ ਉਹਨਾਂ ਲੋਕਾਂ ਦੀ ਮਦਦ ਕਰਦੀ ਹੈ ਜੋ ਕਿਸੇ ਗੰਭੀਰ ਦੁਰਘਟਨਾ ਜਾਂ ਸਟ੍ਰੋਕ ਵਰਗੀ ਬਿਮਾਰੀ ਕਾਰਨ ਆਪਣੀ ਗਤੀਸ਼ੀਲਤਾ ਗੁਆ ਚੁੱਕੇ ਹਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਜਿਵੇਂ ਕਿ ਟਾਇਲਟ ਜਾਣਾ ਲਈ ਦੂਜਿਆਂ 'ਤੇ ਨਿਰਭਰ ਹੁੰਦੇ ਹਨ।
ਅਜਿਹੀਆਂ ਸਮੱਸਿਆਵਾਂ ਤੋਂ ਪੀੜਤ ਲੋਕ ਕਈ ਦਿਨ ਮੰਜੇ 'ਤੇ ਪਏ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ।
ਈਸ਼ਿਲਵਾਨਨ ਕਹਿੰਦੇ ਹਨ ਕਿ ਫਿਜ਼ੀਓਥੈਰੇਪੀ ਉਹਨਾਂ ਦੀਆਂ ਮਾਸਪੇਸ਼ੀਆਂ ਨੂੰ ਦੁਬਾਰਾ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ।
ਉਹ ਕਹਿੰਦੇ ਹਨ, "ਫਿਜ਼ੀਓਥੈਰੇਪੀ ਅਜਿਹੇ ਮਰੀਜ਼ਾਂ ਵਿੱਚੋਂ 90% ਨੂੰ ਆਮ ਜ਼ਿੰਦਗੀ ਵਾਂਗ ਕਰ ਸਕਦੀ ਹੈ"।
ਈਸ਼ਿਲਵਾਨਨ ਦੱਸਦੇ ਹਨ ਕਿ ਫਿਜ਼ੀਓਥੈਰੇਪੀ ਰਿਕਵਰੀ ਨੂੰ ਵੱਡੇ ਤੌਰ 'ਤੇ ਵਧਾ ਸਕਦੀ ਹੈ। ਉਦਾਹਰਨ ਲਈ, ਫ੍ਰੈਕਚਰ ਜਾਂ ਸੀਮਤ ਅੰਗਾਂ ਦੀ ਹਿੱਲਜੁਲ ਵਾਲੇ ਮਰੀਜ਼ ਨਿਯਮਤ ਅਭਿਆਸਾਂ ਨਾਲ 1-2 ਮਹੀਨਿਆਂ ਵਿੱਚ ਸੁਧਾਰ ਦੇਖ ਸਕਦੇ ਹਨ।

ਤਸਵੀਰ ਸਰੋਤ, Getty Images
ਈਸ਼ਿਲਵਾਨਨ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਸਿਰ 'ਤੇ ਸੱਟ ਲੱਗਦੀ ਹੈ, ਦਿਮਾਗ ਨੂੰ ਨੁਕਸਾਨ ਹੁੰਦਾ ਹੈ, ਜਾਂ ਰੀੜ੍ਹ ਦੀ ਹੱਡੀ 'ਤੇ ਸੱਟ ਲੱਗ ਜਾਂਦੀ ਹੈ, ਅਤੇ ਤੁਸੀਂ ਬਾਹਾਂ ਅਤੇ ਲੱਤਾਂ ਨੂੰ ਠੀਕ ਤਰ੍ਹਾਂ ਹਿਲਾ ਨਹੀਂ ਸਕਦੇ, ਤਾਂ ਲਗਾਤਾਰ ਫਿਜ਼ੀਓਥੈਰੇਪੀ ਅਭਿਆ ਰਾਹੀਂ ਇਸ ਨੂੰ ਠੀਕ ਕਰਨ ਲਈ 3 ਮਹੀਨੇ ਲੱਗ ਸਕਦੇ ਹਨ।
ਫਿਜ਼ੀਓਥੈਰੇਪੀ ਦੀ ਮੰਗ ਪਿਛਲੇ 20 ਸਾਲਾਂ ਵਿੱਚ ਵਿਸ਼ੇਸ਼ ਤੌਰ 'ਤੇ ਵਧੀ ਹੈ।
ਉਹ ਕਹਿੰਦੇ ਹਨ ਕਿ ਇਹ ਖਾਸ ਤੌਰ 'ਤੇ ਲੰਬੇ ਸਮੇਂ ਤਕ ਬੈਠਣ ਵਾਲੀ ਨੌਕਰੀਆਂ ਨਾਲ ਹੁੰਦੇ ਗਰਦਨ ਅਤੇ ਪਿੱਠ ਦਰਦ ਦੇ ਮਾਮਲੇ ਵਿੱਚ ਸਹਾਇਕ ਹੁੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)












