'ਆਸ਼ੀਰਵਾਦ' ਬੰਗਲਾ: ਜਦੋਂ ਰਾਜੇਸ਼ ਖੰਨਾ ਪ੍ਰਸ਼ੰਸਕਾਂ ਦੇ ਜਜ਼ਬਾਤ ਸੁਣ ਪੰਜਾਬੀ 'ਚ ਬੋਲ ਉੱਠਦੇ, 'ਹੁਣ ਕੀ ਕਰਾਂ? ਖ਼ੂਨ ਦੇ ਲੈਟਰ... ਮੈਂ ਕੀ ਕਰਾਂ..?

ਤਸਵੀਰ ਸਰੋਤ, Getty Images
- ਲੇਖਕ, ਯਾਸਿਰ ਉਸਮਾਨ
- ਰੋਲ, ਫਿਲਮ ਇਤਿਹਾਸਕਾਰ, ਬੀਬੀਸੀ ਲਈ
ਇਹ ਇੱਕ ਪੂਰਾ ਦੌਰ ਸੀ ਜਦੋਂ ਫਿਲਮੀ ਸਿਤਾਰਿਆਂ ਦੀ ਪਛਾਣ ਉਨ੍ਹਾਂ ਦੇ ਆਲੀਸ਼ਾਨ ਬੰਗਲੇ ਸਨ। ਇਹ ਬੰਗਲੇ ਸ਼ਾਨਦਾਰ ਸਫ਼ਲਤਾ ਤੋਂ ਲੈ ਕੇ ਦਿਲ ਦਹਿਲਾਉਣ ਵਾਲੀ ਅਸਫ਼ਲਤਾ ਤੱਕ ਦੇ ਖ਼ਾਮੋਸ਼ ਗਵਾਹ ਰਹੇ ਹਨ।
ਇਸ ਲਈ ਬਾਲੀਵੁੱਡ ਦੇ ਮਸ਼ਹੂਰ ਬੰਗਲਿਆਂ 'ਤੇ ਇਸ ਖ਼ਾਸ ਸੀਰੀਜ਼ ਦੀ ਸ਼ੁਰੂਆਤ ਉਸ ਬੰਗਲੇ ਤੋਂ ਜਿਸ ਦਾ ਨਾਂ ਸ਼ਾਹਰੁਖ ਖ਼ਾਨ ਨੇ 'ਮੰਨਤ' ਤੋਂ ਸਾਲਾਂ ਪਹਿਲਾਂ ਆਪਣੇ ਆਪ 'ਚ ਪੂਰਾ ਪਤਾ ਬਣ ਗਿਆ ਸੀ।
ਸੁਪਰਸਟਾਰ ਰਾਜੇਸ਼ ਖੰਨਾ ਦਾ ਬੰਗਲਾ 'ਆਸ਼ੀਰਵਾਦ'।
ਪਰ ਇਸ ਬੰਗਲੇ ਦੀ ਦਸਾਤਾਨ ਰਾਜੇਸ਼ ਖੰਨਾ ਦੇ ਸੁਪਰਸਟਾਰਡਮ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ।

ਭੂਤ ਬੰਗਲੇ ਵਜੋਂ ਮਸ਼ਹੂਰ 'ਬਾਨੋ ਵਿਲਾ'
ਬਾਂਦਰਾ ਪੱਛਮੀ ਮੁੰਬਈ ਦਾ ਇੱਕ ਮਸ਼ਹੂਰ ਉਪਨਗਰ ਹੈ। ਅੱਜ ਇੱਥੇ ਬਾਂਦਰਾ ਬੈਂਡਸਟੈਂਡ ਅਤੇ ਨੇੜਲੇ ਕਾਰਟਰ ਰੋਡ ਨੂੰ ਇੱਕ ਲੈਂਡਮਾਰਕ ਵਜੋਂ ਜਾਣਿਆ ਜਾਂਦਿਆ ਹੈ।
ਸਮੁੰਦਰ ਦੇ ਸਾਹਮਣੇ ਸਥਿਤ ਇਸ ਪੌਸ਼ ਇਲਾਕੇ ਵਿੱਚ ਅੱਜ ਵੀ ਕਈ ਵੱਡੇ ਫਿਲਮੀ ਸਿਤਾਰੇ ਅਤੇ ਕਾਰੋਬਾਰੀ ਰਹਿੰਦੇ ਹਨ।
ਕਈ ਹਾਈ-ਰਾਈਜ਼ ਬਿਲਡਿੰਗਜ਼ ਕਾਰਨ ਅੱਜਕੱਲ੍ਹ ਇਹ ਇਲਾਕਾ ਭੀੜ-ਭੜੱਕਾ ਮਹਿਸੂਸ ਕਰਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਆਲੀਸ਼ਾਨ ਅਤੇ ਉੱਚੀਆਂ ਇਮਾਰਤਾਂ ਦੇ ਵਿਚਕਾਰ ਧਿਆਨ ਨਾਲ ਦੇਖੋਗੇ, ਤਾਂ ਅੱਜ ਵੀ ਤੁਹਾਨੂੰ ਸਾਲਾਂ ਤੋਂ ਖੜ੍ਹੀਆਂ ਕੁਝ ਖੰਡਰ ਇਮਾਰਤਾਂ ਅਤੇ ਪੁਰਾਣੇ ਬੰਗਲੇ ਨਜ਼ਰ ਆਉਣਗੇ।
ਇਹ ਇਮਾਰਤਾਂ ਅਤੇ ਬੰਗਲੇ ਆਪਣੇ ਅੰਦਰ ਪੂਰਾ ਇਤਿਹਾਸ ਰੱਖਦੇ ਹਨ। 1950-60 ਦੇ ਦਹਾਕੇ ਵਿੱਚ ਕਾਰਟਰ ਰੋਡ 'ਤੇ ਬਹੁਤ ਸਾਰੇ ਬੰਗਲੇ ਹੁੰਦੇ ਸਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਪੂਰਬੀ ਭਾਰਤੀ ਅਤੇ ਪਾਰਸੀ ਭਾਈਚਾਰਿਆਂ ਨਾਲ ਸਬੰਧਤ ਸਨ। ਇਸੇ ਕਾਰਟਰ ਰੋਡ 'ਤੇ ਸਮੁੰਦਰ ਦੇ ਕੰਢੇ ਬਣਿਆ ਬੰਗਲਾ 'ਆਸ਼ਿਆਨਾ' ਉਸ ਸਮੇਂ ਹਿੰਦੀ ਸਿਨੇਮਾ ਦੇ ਸਰਵੋਤਮ ਸੰਗੀਤਕਾਰ ਨੌਸ਼ਾਦ ਦਾ ਹੁੰਦਾ ਸੀ।
'ਆਸ਼ਿਆਨਾ' ਦੇ ਨੇੜੇ ਇਕ ਹੋਰ ਦੋ ਮੰਜ਼ਿਲਾ ਬੰਗਲਾ ਸੀ ਜੋ ਬਹੁਤ ਹੀ ਖਸਤਾ ਅਤੇ ਬੁਰੀ ਹਾਲਤ ਵਿੱਚ ਸੀ।
ਇੰਟਰਨੈੱਟ 'ਤੇ ਮੌਜੂਦ ਕਈ ਲੇਖਾਂ 'ਚ ਕਿਹਾ ਗਿਆ ਹੈ ਕਿ ਪਹਿਲਾਂ ਇਹ ਬੰਗਾਲੀ ਅਦਾਕਾਰ ਭਾਰਤ ਭੂਸ਼ਣ ਦਾ ਸੀ ਪਰ ਇਹ ਦਾਅਵਾ ਸੱਚ ਨਹੀਂ ਹੈ।

ਤਸਵੀਰ ਸਰੋਤ, Getty Images
ਇਸ ਬੰਗਲੇ ਦੀ ਬਾਹਰਲੀ ਕੰਧ 'ਤੇ ਅੰਗਰੇਜ਼ੀ 'ਚ 'ਬਾਨੋ ਵਿਲਾ' ਲਿਖਿਆ ਹੋਇਆ ਸੀ। ਆਲੇ-ਦੁਆਲੇ ਦੇ ਲੋਕ ਇਸ ਬੰਗਲੇ ਨੂੰ ਸਰਾਪਿਆਂ ਬੰਗਲਾ ਜਾਂ ਭੂਤ ਬੰਗਲਾ ਕਹਿੰਦੇ ਸਨ।
ਕੋਈ ਵੀ ਇਸ ਨੂੰ ਖਰੀਦਣ ਲਈ ਤਿਆਰ ਨਹੀਂ ਸੀ।
ਕਰੀਬ ਇਸੇ ਦੌਰ ਵਿੱਚ ਹਿੰਦੀ ਸਿਨੇਮਾ ਵਿੱਚ ਦਸ ਸਾਲ ਸੰਘਰਸ਼ ਕਰ ਰਹੇ ਅਭਿਨੇਤਾ ਰਾਜਿੰਦਰ ਕੁਮਾਰ ਨੂੰ 'ਮਦਰ ਇੰਡੀਆ' (1957) ਵਿੱਚ ਆਪਣੀ ਛੋਟੀ ਜਿਹੀ ਭੂਮਿਕਾ ਅਤੇ ਫਿਰ 'ਧੂਲ ਕਾ ਫੂਲ' (1959) ਨਾਲ ਕੁਝ ਸਫ਼ਲਤਾ ਮਿਲੀ।
ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ, ਜਿਸ ਦਾ ਨਾਂ ਉਨ੍ਹਾਂ ਨੇ ਡਿੰਪਲ ਰੱਖਿਆ। ਜਿਉਂ-ਜਿਉਂ ਪਰਿਵਾਰ ਵਧ ਰਿਹਾ ਸੀ, ਰਾਜਿੰਦਰ ਸਾਂਤਾ ਕਰੂਜ਼ ਵਿੱਚ ਕਿਰਾਏ ਦੇ ਆਪਣੇ ਛੋਟੇ ਫਲੈਟ ਤੋਂ ਇੱਕ ਵੱਡੇ ਘਰ ਵਿੱਚ ਸ਼ਿਫਟ ਹੋਣਾ ਚਾਹੁੰਦਾ ਸੀ।
3 ਫਰਵਰੀ 1959 ਦੀ ਸਵੇਰ ਨੂੰ, ਉਨ੍ਹਾਂ ਨੂੰ ਇੱਕ ਪ੍ਰਾਪਰਟੀ ਡੀਲਰ ਦਾ ਫੋਨ ਆਇਆ, “ਕਾਰਟਰ ਰੋਡ ਉੱਤੇ ਇੱਕ ਦੋ ਮੰਜ਼ਿਲਾ ਮਕਾਨ ਹੈ। ਬਿਲਕੁਲ ਉਹੋ-ਜਿਹਾ, ਜਿਵੇਂ ਦਾ ਤੁਸੀਂ ਲੱਭ ਰਹੇ ਹੋ। ਕੀ ਤੁਸੀਂ ਹੁਣੇ ਆ ਸਕਦੇ ਹੋ?"
ਇਹ ਜਾਣਕਾਰੀ ਰਾਜਿੰਦਰ ਕੁਮਾਰ ਦੀ ਅਧਿਕਾਰਤ ਜੀਵਨੀ 'ਜੁਬਲੀ ਕੁਮਾਰ: ਦਿ ਲਾਈਫ ਐਂਡ ਟਾਈਮਜ਼ ਆਫ਼ ਏ ਸੁਪਰਸਟਾਰ' ਲਿਖਣ ਵਾਲੀ ਲੇਖਕਾ ਸੀਮਾ ਸੋਨੀ ਆਲਿਮਚੰਦ ਤੋਂ ਮਿਲੀ।
ਉਨ੍ਹਾਂ ਨੇ ਮੈਨੂੰ ਦੱਸਿਆ, “ਰਾਜਿੰਦਰ ਕੁਮਾਰ ਉਸ ਵੇਲੇ ਉੱਥੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਇਹ ਪੁਰਾਣਾ ਸੋਹਣਾ ਘਰ ਸਮੁੰਦਰ ਦੇ ਸਾਹਮਣੇ ਸੀ ਜਿੱਥੋਂ ਠੰਢੀ ਹਵਾ ਆ ਰਹੀ ਸੀ। ਉਨ੍ਹਾਂ ਨੂੰ ਝੱਟ ਆਪਣੇ ਪਰਿਵਾਰਕ ਜੋਤਸ਼ੀ ਦੀ ਗੱਲ ਯਾਦ ਆ ਗਈ, ਜਿਸ ਨੇ ਕਿਹਾ ਸੀ ਕਿ ਰਾਜਿੰਦਰ ਦਾ ਨਵਾਂ ਘਰ ਸਮੁੰਦਰ ਦੇ ਨੇੜੇ ਹੋਵੇਗਾ। ਬਾਨੋ ਵਿਲਾ ਪਹਿਲੀ ਨਜ਼ਰੇ ਹੀ ਰਾਜਿੰਦਰ ਨੂੰ ਭਾਅ ਗਿਆ।"
ਪ੍ਰਾਪਰਟੀ ਬ੍ਰੋਕਰ ਤੋਂ ਕਿਰਾਏ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਮਕਾਨ ਮਾਲਕ ਕਿਰਾਏ 'ਤੇ ਨਹੀਂ ਦੇਣਾ ਚਾਹੁੰਦਾ ਬਲਕਿ ਵੇਚਣਾ ਚਾਹੁੰਦਾ ਹੈ, “ਇੱਥੇ ਇੱਕ ਲੇਖਕ ਰਹਿੰਦਾ ਹੈ ਜੋ ਲੋਕਾਂ ਨੂੰ ਦੱਸਦਾ ਰਹਿੰਦਾ ਹੈ ਕਿ ਇਸ ਘਰ ਵਿੱਚ ਭੂਤ-ਪ੍ਰੇਤਾਂ ਦਾ ਆਵਾਸ ਹੈ, ਤਾਂ ਜੋ ਘਰ ਵਿਕ ਨਾ ਸਕੇ ਅਤੇ ਉਹ ਖ਼ੁਦ ਇੱਥੇ ਰਹਿੰਦਾ ਰਹੇ।"
"ਮਕਾਨ ਮਾਲਕ ਇਸ ਨੂੰ ਕਿਸੇ ਵੀ ਹਾਲ ਵਿੱਚ ਵੇਚ ਦੇਵੇਗਾ ਅਤੇ ਮੈਂ ਤੁਹਾਡਾ ਵਧੀਆ ਸੌਦਾ ਕਰਵਾ ਸਕਦਾ ਹਾਂ।"

ਤਸਵੀਰ ਸਰੋਤ, Getty Images
ਸੌਦਾ 65,000 ਰੁਪਏ ਵਿੱਚ ਤੈਅ ਹੋਇਆ ਸੀ। ਰਜੇਂਦਰ ਦੀ ਪਤਨੀ ਭੂਤ ਵਾਲੇ ਘਰ ਬਾਰੇ ਸੁਣ ਕੇ ਘਬਰਾ ਗਈ। ਪਰ ਪਤਨੀ ਦੀ ਮਾਂ ਨੇ ਕਿਹਾ, "ਬੰਬੇ ਵਰਗੇ ਸ਼ਹਿਰ ਵਿੱਚ ਮਨੁੱਖਾਂ ਦੇ ਰਹਿਣ ਲਈ ਕੋਈ ਥਾਂ ਨਹੀਂ ਹੈ, ਭੂਤ ਕੀ ਸਵਾ ਰਹਿਣਗੇ।"
ਫ਼ੈਸਲਾ ਹੋ ਗਿਆ ਹੈ। ਪਰ ਰਾਜਿੰਦਰ ਕੁਮਾਰ ਕੋਲ ਲੋੜੀਂਦੇ ਪੈਸੇ ਨਹੀਂ ਸਨ। ਉਨ੍ਹਾਂ ਨੇ ਮਸ਼ਹੂਰ ਫ਼ਿਲਮਸਾਜ਼ ਬੀਆਰ ਚੋਪੜਾ ਨੂੰ ਕਿਹਾ ਕਿ ਉਹ ਨਾ ਸਿਰਫ਼ ਉਨ੍ਹਾਂ ਫ਼ਿਲਮ ਕਾਨੂੰਨ (ਜਿਸ ਵਿੱਚ ਗੀਤ ਨਹੀਂ ਸਨ) ਵਿੱਚ ਕੰਮ ਕਰਨ ਲਈ ਤਿਆਰ ਹਨ, ਸਗੋਂ ਦੋ ਹੋਰ ਫ਼ਿਲਮਾਂ ਵਿੱਚ ਵੀ ਕੰਮ ਕਰਨ ਲਈ ਤਿਆਰ ਹੈ, ਬਸ਼ਰਤੇ ਉਨ੍ਹਾਂ ਨੂੰ ਫੀਸ ਪਹਿਲਾਂ ਹੀ ਅਦਾ ਕੀਤੀ ਜਾਵੇ।
ਬੀਆਰ ਚੋਪੜਾ ਮੰਨ ਗਏ ਅਤੇ ਰਾਜਿੰਦਰ ਕੁਮਾਰ ਨੇ ਭੂਤ ਬੰਗਲਾ ਦੇ ਨਾਂ ਨਾਲ ਮਸ਼ਹੂਰ 'ਬਾਨੋ ਵਿਲਾ' ਖਰੀਦ ਲਿਆ।
ਆਪਣੀ ਧੀ ਦੇ ਨਾਂ 'ਤੇ ਆਪਣਾ ਨਵਾਂ ਨਾਂ 'ਡਿੰਪਲ' ਰੱਖਿਆ। ਕਰੀਬੀ ਦੋਸਤ ਅਦਾਕਾਰ ਮਨੋਜ ਕੁਮਾਰ ਦੀ ਸਲਾਹ 'ਤੇ ਰਾਜਿੰਦਰ ਕੁਮਾਰ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਭੂਤਾਂ ਨੂੰ ਭਜਾਉਣ ਲਈ ਵਿਸ਼ੇਸ਼ ਹਵਨ ਕਰਵਾਉਣਾ ਨਹੀਂ ਭੁੱਲੇ।
ਫਿਲਮ ਇੰਡਸਟਰੀ ਦੇ ਪੁਰਾਣੇ ਲੋਕ ਯਾਦ ਕਰਦੇ ਹਨ ਕਿ ਇਸ ਘਰ ਨੇ ਰਾਜਿੰਦਰ ਕੁਮਾਰ ਦੀ ਕਿਸਮਤ ਬਦਲ ਦਿੱਤੀ ਸੀ। ਜਿਸ ਵੱਡੀ ਕਾਮਯਾਬੀ ਦੀ ਉਹ ਪਿਛਲੇ ਦਸ ਸਾਲਾਂ ਤੋਂ ਭਾਲ ਕਰ ਰਹੇ ਸੀ, ਉਹ ਹੁਣ ਅਚਾਨਕ ਆ ਗਈ।
ਜਿਸ ਸਮੇਂ ਦੌਰਾਨ ਉਹ ਇਸ ਬੰਗਲੇ ਵਿੱਚ ਰਹੇ, ਉਹ ਰਾਜਿੰਦਰ ਕੁਮਾਰ ਦਾ ਸਭ ਤੋਂ ਸੁਨਹਿਰੀ ਦੌਰ ਬਣ ਗਿਆ।
'ਮੇਰੀ ਮਹਿਬੂਬ', 'ਘਰਾਣਾ ਸੰਗਮ', 'ਆਰਜ਼ੂ', 'ਸੂਰਜ', ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਨੇ ਜੁਬਲੀ ਮਨਾਈ, ਜਿਸ ਕਾਰਨ ਉਨ੍ਹਾਂ ਨੂੰ ਹਿੰਦੀ ਸਿਨੇਮਾ ਦਾ 'ਜੁਬਲੀ ਕੁਮਾਰ' ਕਿਹਾ ਜਾਂਦਾ ਸੀ।
ਲੇਖਿਕਾ ਸੀਮਾ ਸੋਨੀ ਆਲਿਮਚੰਦ ਦੁਆਰਾ ਲਿਖੀ ਜੀਵਨੀ ‘ਜੁਬਲੀ ਕੁਮਾਰ: ਦਿ ਲਾਈਫ ਐਂਡ ਟਾਈਮਜ਼ ਆਫ ਏ ਸੁਪਰਸਟਾਰ’ ਵਿੱਚ ਰਾਜਿੰਦਰ ਕੁਮਾਰ ਕਹਿੰਦੇ ਹਨ।
"ਮੈਂ ਇਸ ਘਰ ਵਿੱਚ ਆਪਣੀ ਜ਼ਿੰਦਗੀ ਦੇ ਸਭ ਤੋਂ ਸਫ਼ਲ ਅਤੇ ਵਧੀਆ ਸਾਲ ਬਿਤਾਏ।"
ਕਾਫੀ ਦੌਲਤ ਅਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਰਾਜਿੰਦਰ ਕੁਮਾਰ ਕੁਝ ਸਾਲਾਂ ਬਾਅਦ ਇਹ ਬੰਗਲਾ ਛੱਡ ਕੇ ਅਤੇ ਪਾਲੀ ਹਿੱਲ ਖੇਤਰ ਵਿੱਚ ਆਪਣੇ ਨਵੇਂ ਬੰਗਲੇ ਵਿੱਚ ਸ਼ਿਫਟ ਹੋ ਗਏ।
ਕਾਰਟਰ ਰੋਡ 'ਤੇ ਸਥਿਤ ਇਹ ਬੰਗਲਾ, ਜੋ ਰਾਜਿੰਦਰ ਕੁਮਾਰ ਦੇ ਚੰਗੇ ਸਮੇਂ ਦਾ ਗਵਾਹ ਸੀ, ਹੁਣ ਨਵੇਂ ਮਾਲਕ ਦੀ ਉਡੀਕ ਕਰ ਰਿਹਾ ਸੀ।

ਤਸਵੀਰ ਸਰੋਤ, Getty Images
ਇਤਿਹਾਸ ਆਪਣੇ ਆਪ ਨੂੰ ਇੱਕ ਵਾਰ ਮੁੜ ਦੁਹਰਾਉਣ ਵਾਲਾ ਸੀ
1969 'ਚ ਰਾਜੇਸ਼ ਖੰਨਾ ਦੀ ਸਫ਼ਲਤਾ ਨੇ ਦੇਸ਼ 'ਚ ਤੂਫਾਨ ਵਾਂਗ ਦਸਤਕ ਦਿੱਤੀ। ਉਹ ਪਹਿਲੇ ਫਿਲਮੀ ਸਿਤਾਰੇ ਸਨ, ਜਿਨ੍ਹਾਂ ਨੂੰ 'ਫੈਨੋਮਿਨਾ' ਕਿਹਾ ਗਿਆ, ਜਿਸ ਲਈ 'ਸੁਪਰਸਟਾਰ' ਸ਼ਬਦ ਵਰਤਿਆ ਗਿਆ ਸੀ।
ਬੰਬਈ ਵਿੱਚ ਪਲੇ-ਵੱਡੇ ਹੋਏ ਰਾਜੇਸ਼ ਖੰਨਾ ਨੂੰ ਸਮੁੰਦਰ ਬਹੁਤ ਪਸੰਦ ਸੀ ਅਤੇ ਇੱਕ ਸੀ-ਫੇਸਿੰਗ ਘਰ ਖੀਰਦਣਾ ਦਾ ਪੁਰਾਣਾ ਸੁਪਨਾ ਸੀ। ਉਨ੍ਹਾਂ ਨੇ ਇਹ ਬੰਗਲਾ ਆਪਣੇ ਸੁਪਨੇ ਦੇ ਬਹੁਤ ਜਾਪਿਆ।
ਸਾਲ 1969 ਦਾ ਅੱਧਾ ਤੋਂ ਵੱਧ ਸਮਾਂ ਬੀਤ ਚੁੱਕਾ ਸੀ ਜਦੋਂ ਇੱਕ ਸ਼ਾਮ ਨਿਰਦੇਸ਼ਕ ਰਮੇਸ਼ ਬਹਿਲ ਅਤੇ ਰਾਜੇਸ਼ ਖੰਨਾ ਰਾਜਿੰਦਰ ਕੁਮਾਰ ਦੇ ਘਰ ਬੈਠੇ ਸਨ।
ਫਿਰ ਰਾਜੇਸ਼ ਖੰਨਾ ਨੇ ਰਾਜਿੰਦਰ ਕੁਮਾਰ ਨੂੰ ਕਿਹਾ, “ਪਾਪਾ ਜੀ, ਕਾਰਟਰ ਰੋਡ ‘ਤੇ ਤੁਹਾਡਾ ਬੰਗਲਾ ਖਾਲ੍ਹੀ ਪਿਆ ਹੈ ਅਤੇ ਮੈਂ ਘਰ ਖਰੀਦਣਾ ਚਾਹੁੰਦਾ ਹਾਂ…” ਰਾਜਿੰਦਰ ਕੁਮਾਰ ਨੇ ਜਵਾਬ ਦਿੱਤਾ, “ਮੈਨੂੰ ਉਹ ਘਰ ਵੇਚਣ ਦੀ ਲੋੜ ਨਹੀਂ ਹੈ।”
“ਪਾਪਾ ਜੀ, ਪਲੀਜ਼ ਇਸ ਬਾਰੇ ਸੋਚਣਾ। ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਹੈ ਅਤੇ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਸਟਾਰ ਹੋ। ਜੇ ਮੈਂ ਤੁਹਾਡਾ ਘਰ ਖਰੀਦਦਾ ਹਾਂ, ਤਾਂ ਮੇਰੀ ਜ਼ਿੰਦਗੀ ਬਦਲ ਜਾਵੇਗੀ। ਹੋ ਸਕਦਾ ਹੈ ਕਿ ਮੈਨੂੰ ਵੀ ਤੁਹਾਡੇ ਵਾਂਗ ਥੋੜ੍ਹੀ ਜਿਹੀ ਕਾਮਯਾਬੀ ਮਿਲ ਜਾਵੇ।"
ਰਾਜੇਸ਼ ਖੰਨਾ ਨੇ ਲੰਮਾ ਸਮਾਂ ਤਰਲੇ ਕੀਤੇ। ਅਖ਼ੀਰ ਰਾਜਿੰਦਰ ਕੁਮਾਰ ਮੁਸਕਰਾਏ, “ਬਰਖ਼ੁਰਦਾਰ, ਜੇਕਰ ਅਜਿਹਾ ਹੈ ਤਾਂ ਡਿੰਪਲ ਤੁਹਾਡਾ ਹੋਇਆ। ਮੈਨੂੰ ਉਮੀਦ ਹੈ ਕਿ ਇਹ ਘਰ ਤੁਹਾਡੇ ਲਈ ਕਿਸਮਤ ਲਿਆਵੇਗਾ।”
ਰਾਜੇਸ਼ ਖੰਨਾ ਨੇ ਰਾਜਿੰਦਰ ਕੁਮਾਰ ਦੇ ਪੈਰੀਂ ਹੱਥ ਲਗਾ ਕੇ ਅਸ਼ੀਰਵਾਦ ਲਿਆ।
ਬੰਗਲੇ ਨਾਲ ਕਿਸਮਤ ਦਾ ਅਦਾਨ-ਪ੍ਰਦਾਨ?
ਸੀਮਾ ਸੋਨੀ ਆਲਿਮਚੰਦ ਨੇ ਲਿਖਿਆ ਹੈ ਕਿ ਇਸ ਗੱਲ ʼਤੇ ਰਾਜਿੰਦਰ ਕੁਮਾਰ ਦੀ ਪਤਨੀ ਸ਼ੁਕਲਾ ਬਹੁਤ ਨਾਰਾਜ਼ ਹੋ ਗਈ, ਉਸ ਨੇ ਰਾਜਿੰਦਰ ਕੁਮਾਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ "ਸਾਨੂੰ ਪੈਸਿਆਂ ਦੀ ਲੋੜ ਨਹੀਂ ਸੀ, ਫਿਰ ਵੀ ਤੁਸੀਂ ਉਹ ਘਰ ਸਿਰਫ਼ ਸਾਢੇ ਤਿੰਨ ਲੱਖ ਵਿੱਚ ਵੇਚ ਦਿੱਤਾ ਸੀ।"
ਪਰ ਰਾਜਿੰਦਰ ਪਹਿਲਾਂ ਹੀ ਜ਼ੁਬਾਨ ਦੇ ਚੱਕੇ ਸਨ। ਬੰਗਲੇ ਦੀ ਵਿਕਰੀ ਤੋਂ ਬਾਅਦ, ਰਾਜਿੰਦਰ ਕੁਮਾਰ ਦੀਆਂ ਫਿਲਮਾਂ ਹੈਰਾਨੀਜਨਕ ਤੌਰ 'ਤੇ ਅਸਫ਼ਲ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਨਾਇਕ ਦੇ ਤੌਰ 'ਤੇ ਉਨ੍ਹਾਂ ਦਾ ਕਰੀਅਰ ਹੇਠਾਂ ਵੱਲ ਚਲਾ ਗਿਆ।
ਮੀਡੀਆ ਨੇ ਦੱਸਿਆ ਕਿ ਇਸ ਦਾ ਕਾਰਨ ਲੱਕੀ 'ਡਿੰਪਲ' ਦੀ ਵਿਕਰੀ ਸੀ। ਪਰ ਰਾਜਿੰਦਰ ਕੁਮਾਰ ਨੇ ਖ਼ੁਦ ਇਸ 'ਤੇ ਵਿਸ਼ਵਾਸ ਨਹੀਂ ਕੀਤਾ।
ਸੁਪਰਸਟਾਰ ਰਾਜੇਸ਼ ਖੰਨਾ ਬੜੀ ਧੂਮ-ਧਾਮ ਨਾਲ ਬੰਗਲੇ 'ਚ ਸ਼ਿਫਟ ਹੋਏ। ਆਪਣੇ ਪਿਤਾ ਚੁੰਨੀ ਲਾਲ ਖੰਨਾ ਨੂੰ ਬੰਗਲੇ ਦਾ ਨਾਂ ਰੱਖਣ ਲਈ ਕਿਹਾ।
ਇਸ ਬੇਮਿਸਾਲ ਸਫ਼ਲਤਾ ਤੋਂ ਬਾਅਦ, ਰਾਜੇਸ਼ ਦੇ ਮਾਤਾ-ਪਿਤਾ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ।
ਅਦਾਕਾਰ ਸਚਿਨ ਪਿਲਗਾਂਵਕਰ ਨੇ ਇਸ ਬੰਗਲੇ ਦੇ ਨਾਮਕਰਨ ਨਾਲ ਜੁੜੀ ਇੱਕ ਦਿਲਚਸਪ ਗੱਲ ਦੱਸੀ ਸੀ, "ਕਾਕਾ ਜੀ (ਰਾਜੇਸ਼ ਖੰਨਾ) ਦੇ ਪਿਤਾ ਨੇ ਕਿਹਾ ਸੀ ਕਿ ਬੰਗਲੇ ਦਾ ਨਾਮ ਆਸ਼ੀਰਵਾਦ ਰੱਖਿਆ ਜਾਵੇਗਾ।"
"ਇਸ ਪਿੱਛੇ ਸੋਚ ਇਹ ਸੀ ਕਿ ਉਨ੍ਹਾਂ ਦਾ ਪੁੱਤਰ ਹਮੇਸ਼ਾ 'ਆਸ਼ੀਰਵਾਦ' ਦੇ ਸਾਏ ਹੇਠ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਜਤਿਨ (ਰਾਜੇਸ਼) ਨਾਲ ਈਰਖਾ ਕਰਨ ਵਾਲਾ ਵਿਅਕਤੀ ਚਿੱਠੀ ਵਿੱਚ ਗਾਲ੍ਹਾਂ ਲਿਖੇਗਾ ਜਾਂ ਬੁਰਾਈ ਭੇਜੇਗਾ ਤਾਂ ਪਤੇ ਵਜੋਂ 'ਰਾਜੇਸ਼ ਖੰਨਾ, ਆਸ਼ਰਿਵਾਦ' ਤਾਂ ਲਿਖਣਾ ਹੀ ਪਵੇਗਾ।"
"ਭਾਵ ਰਾਜੇਸ਼ ਖੰਨਾ ਨੂੰ ਉਨ੍ਹਾਂ ਦੇ ਘਰ ਆਉਣ ਵਾਲੇ ਹਰ ਪੱਤਰ ਅਤੇ ਸੰਦੇਸ਼ ਰਾਹੀਂ ਆਸ਼ੀਰਵਾਦ ਮਿਲਦਾ ਰਹੇਗਾ।"

ਤਸਵੀਰ ਸਰੋਤ, Getty Images
ਲਗਾਤਾਰ ਪੰਦਰਾਂ ਸੁਪਰਹਿੱਟ ਫਿਲਮਾਂ। ਫਿਲਮੀ ਮੈਗ਼ਜ਼ੀਨਾਂ ਅਤੇ ਅਖ਼ਬਾਰਾਂ 'ਚ ਸੁਪਰਸਟਾਰ ਦੇ ਨਵੇਂ ਬੰਗਲੇ ਦੀਆਂ ਤਸਵੀਰਾਂ ਛਪੀਆਂ ਸਨ।
ਆਸ਼ੀਰਵਾਦ ਵੀ ਰਾਜੇਸ਼ ਖੰਨਾ ਵਾਂਗ ਮਸ਼ਹੂਰ ਹੋ ਗਿਆ ਅਤੇ ਬੰਬਈ ਸੈਰ-ਸਪਾਟਾ ਵਿਭਾਗ ਦਾ ਵਿਸ਼ੇਸ਼ ਸੈਰ-ਸਪਾਟਾ ਸਥਾਨ ਬਣ ਗਿਆ।
ਦੇਸ਼ ਭਰ ਤੋਂ ਬੰਬਈ ਆਉਣ ਵਾਲੇ ਲੋਕਾਂ ਨੇ ਸੁਪਰਸਟਾਰ ਦਾ ਬੰਗਲਾ ਦਿਖਾਉਣ ਦੀ ਖ਼ਾਸ ਮੰਗ ਕੀਤੀ ਸੀ।
ਹਰ ਰੋਜ਼ ਉਨ੍ਹਾਂ ਕੋਲ ਪ੍ਰਸ਼ੰਸਕਾਂ ਤੋਂ ਅਜਿਹੀਆਂ ਹਜ਼ਾਰਾਂ ਚਿੱਠੀਆਂ ਮਿਲਦੀਆਂ ਸਨ, ਜਿਨ੍ਹਾਂ ਵਿੱਚ ਸਿਰਫ਼ ਪਤੇ ਵਜੋਂ ਲਿਖਿਆ ਹੁੰਦਾ ਸੀ-ਰਾਜੇਸ਼ ਖੰਨਾ, ਆਸ਼ੀਰਵਾਦ, ਬੰਬਈ।
ਇਨ੍ਹਾਂ 'ਚ ਰਾਜੇਸ਼ ਖੰਨਾ ਦੀਆਂ ਦਿਵਾਨੀਆਂ ਕੁੜੀਆਂ ਦੀਆਂ ਖੁਸ਼ਬੂ ਨਾਲ ਮਹਿਕਦੀਆਂ ਚਿੱਠੀਆਂ ਵੀ ਹੁੰਦੀਆਂ ਸਨ, ਵਿਆਹ ਦੇ ਪ੍ਰਸਤਾਵ ਅਤੇ ਖੂਨ ਨਾਲ ਲਿਖੀਆਂ ਅਜਿਹੀਆਂ ਚਿੱਠੀਆਂ ਵੀ ਸ਼ਾਮਲ ਸਨ, ਜਿਨ੍ਹਾਂ ਬਾਰੇ ਪਹਿਲਾਂ ਵੀ ਬਹੁਤ ਕੁਝ ਕਿਹਾ ਅਤੇ ਲਿਖਿਆ ਜਾ ਚੁੱਕਾ ਹੈ।
ਆਸ਼ੀਰਵਾਦ ਪ੍ਰਾਪਤ ਕਰਨ ਵਾਲੀਆਂ ਚਿੱਠੀਆਂ ਦੀ ਤਾਦਾਦ ਇੰਨੀ ਜ਼ਿਆਦਾ ਸੀ ਕਿ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਛਾਂਟਣ ਅਤੇ ਜਵਾਬ ਦੇਣ ਲਈ ਇੱਕ ਵਿਅਕਤੀ ਨੂੰ ਬਕਾਇਦਾ ਨਿਯੁਕਤ ਕੀਤਾ। ਉਹ ਵਿਅਕਤੀ ਪ੍ਰਸ਼ਾਂਤ ਰਾਏ ਸੀ। ਪ੍ਰਸ਼ਾਂਤ ਲਗਭਗ 20 ਸਾਲਾਂ ਤੱਕ ਆਸ਼ੀਰਵਾਦ ਵਿੱਚ ਕੰਮ ਕਰਦੇ ਰਹ ਸਨ।

ਤਸਵੀਰ ਸਰੋਤ, HARPER COLLINS
ਜਿਵੇਂ ਹੀ ਉਹ ਬੰਗਲੇ 'ਚ ਸ਼ਿਫਟ ਹੋਏ, ਰਾਜੇਂਦਰ ਕੁਮਾਰ ਤੋਂ ਵੀ ਜ਼ਿਆਦਾ ਕ੍ਰਿਸ਼ਮਈ ਸਫ਼ਲਤਾ ਰਾਜੇਸ਼ ਖੰਨਾ ਦੀ ਜ਼ਿੰਦਗੀ 'ਚ ਆਈ।
ਪ੍ਰਸ਼ਾਂਤ ਨੇ ਮੈਨੂੰ ਦੱਸਿਆ, “ਆਸ਼ੀਰਵਾਦ ਨੂੰ ਹਰ ਰੋਜ਼ ਪ੍ਰਸ਼ੰਸਕਾਂ ਦੀ ਵੱਡੀ ਡਾਕ ਮਿਲਦੀ ਸੀ। ਕਾਕਾ ਜੀ ਅਕਸਰ ਆ ਕੇ ਪੁੱਛਦੇ ਸਨ ਕਿ ਪ੍ਰਸ਼ਾਂਤ ਨੇ ਅੱਜ ਸਭ ਤੋਂ ਵਧੀਆ ਖ਼ਤ ਕਿਹੜੇ ਚੁਣੇ ਹਨ? ਉਹ ਉੱਚੀ ਆਵਾਜ਼ ਵਿੱਚ ਚਿੱਠੀਆਂ ਪੜ੍ਹਦੇ ਅਤੇ ਸਾਡੇ ਵੱਲ ਦੇਖ ਕੇ ਮੁਸਕਰਾਉਂਦੇ ਸਨ।"
"ਉਹ ਪ੍ਰਸ਼ੰਸਕਾਂ ਦੇ ਜਜ਼ਬਾਤ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਸਨ ਅਤੇ ਹੱਸਦੇ ਹੋਏ ਪੰਜਾਬੀ ਵਿੱਚ ਕਹਿੰਦੇ ਸਨ - 'ਹੁਣ ਕੀ ਕਰਾਂ? ਇਧਰੋਂ ਲੋਕ... ਉਧਰੋਂ ਲੋਕ, ਖ਼ੂਨ ਦੇ ਲੈਟਰ... ਮੈਂ ਕੀ ਕਰਾਂ? ਇਹ ਕੀ ਹੋਇਆ? ਹਾਲ ਅਜਿਹਾ ਸੀ ਕਿ ਇੰਡਸਟਰੀ ਵਿੱਚ ਇੱਕ ਨਵੀਂ ਕਹਾਵਤ ਪੈਦਾ ਹੋ ਗਈ - ਉੱਪਰ ਆਕਾ, ਨੀਚੇ ਕਾਕਾ।"
ਇਸ ਬੰਗਲੇ ਵਿੱਚ ਰਾਜੇਸ਼ ਖੰਨਾ ਦੀਆਂ ਫੋਟੋਆਂ ਅਤੇ ਟਰਾਫੀਆਂ ਨਾਲ ਸਜਿਆ ਹੋਇਆ ਉਹ ਮਸ਼ਹੂਰ ਕਮਰਾ ਵੀ ਸੀ ਜਿਸ ਵਿੱਚ ਉਹ ਬੈਠ ਕੇ ਇੰਟਰਵਿਊ ਦਿੰਦੇ ਸਨ।
ਲੇਖਕ ਸਲੀਮ ਖ਼ਾਨ ਨੇ ਮੈਨੂੰ ਦੱਸਿਆ, "ਅੱਜ ਮੇਰਾ ਬੇਟਾ ਸਲਮਾਨ ਇੱਕ ਵੱਡਾ ਸਟਾਰ ਹੈ। ਸਾਡੇ ਘਰ ਦੇ ਬਾਹਰ ਉਸ ਨੂੰ ਦੇਖਣ ਲਈ ਹਰ ਰੋਜ਼ ਭੀੜ ਲੱਗਦੀ ਹੈ। ਲੋਕ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਕਦੇ ਕਿਸੇ ਸਟਾਰ ਲਈ ਅਜਿਹਾ ਕ੍ਰੇਜ਼ ਨਹੀਂ ਦੇਖਿਆ।"
"ਮੈਂ ਉਨ੍ਹਾਂ ਨੂੰ ਦੱਸਦਾ ਹਾਂ ਇਸੇ ਸੜਕ ਤੋਂ ਕੁਝ ਦੂਰੀ 'ਤੇ ਕਾਰਟਰ ਰੋਡ ʼਕੇ ਪੈਂਦੇ ਆਸ਼ੀਰਵਾਦ ਦੇ ਸਾਹਮਣੇ ਅਜਿਹੇ ਕਈ ਨਜ਼ਾਰੇ ਮੈਂ ਦੇਖ ਚੁੱਕਿਆ ਹਾਂ। ਰਾਜੇਸ਼ ਖੰਨਾ ਤੋਂ ਬਾਅਦ ਮੈਂ ਕਿਸੇ ਹੋਰ ਸਟਾਰ ਲਈ ਮੈਂ ਅਜਿਹਾ ਕ੍ਰੇਜ਼ ਨਹੀਂ ਦੇਖਿਆ।"
ਹਰ ਸ਼ਾਮ 'ਆਸ਼ੀਰਵਾਦ' ਵਿੱਚ ਮਹਫ਼ਿਲ ਲੱਗਦੀ ਸੀ ਜਿਸ ਨੂੰ ਫ਼ਿਲਮ ਇੰਡਸਟਰੀ ਵਿੱਚ 'ਖੰਨਾ ਦਰਬਾਰ' ਕਿਹਾ ਜਾਂਦਾ ਸੀ।

ਤਸਵੀਰ ਸਰੋਤ, PENGUIN PUBLISHER
ਆਸ਼ਿਰਵਾਦ ਵਿੱਚ ਨਵੀਂ ਡਿੰਪਲ
ਇਹ ਅਜੀਬ ਇਤਫ਼ਾਕ ਸੀ ਕਿ ਬੰਗਲੇ ਦਾ ਪਹਿਲਾਂ 'ਡਿੰਪਲ' ਹੁੰਦਾ ਸੀ, ਉਸ ਘਰ ਦੀ ਮਾਲਕਣ ਇੱਕ ਹੋਰ ਡਿੰਪਲ ਬਣ ਗਈ ਸੀ।
ਰਾਜੇਸ਼ ਦੀ ਗ਼ੈਰ-ਮੌਜੂਦਗੀ ਵਿੱਚ, ਪ੍ਰਸ਼ਾਂਤ ਰਾਏ ਦਾ ਕੰਮ ਸੀ ਕਿ ਉਹ ਘਰ ਵਿੱਚ ਫੋਨ ਕਾਲਾਂ ਨੂੰ ਇੱਕ ਨੋਟਬੁੱਕ ਵਿੱਚ ਲਿਖਦੇ ਸਨ, ਉਨ੍ਹਾਂ ਨੇ ਮੈਨੂੰ ਦੱਸਿਆ, "ਕਾਕਾ ਜੀ ਦਾ ਫੋਨ ਨੰਬਰ 53117 ਹੁੰਦਾ ਸੀ ਅਤੇ ਕਰੀਬ ਹਰੇਕ ਮਿੰਟ ਵਿੱਚ ਇੱਕ ਕਾਲ ਆਉਂਦੀ ਸੀ।"
"ਇੱਕ ਸਵੇਰੇ ਇੱਕ ਕੁੜੀ ਦਾ ਫੋਨ ਆਇਆ। ਉਹ ਕਾਕਾ ਜੀ ਨਾਲ ਗੱਲ ਕਰਨਾ ਚਾਹੁੰਦੀ ਸੀ। ਉਸਨੇ ਆਪਣਾ ਨਾਮ ਡਿੰਪਲ ਦੱਸਿਆ। ਮੈਂ ਉਸਨੂੰ ਦੱਸਿਆ ਕਿ ਕਾਕਾ ਜੀ ਸ਼ੂਟ ਲਈ ਗਏ ਹੋਏ ਹਨ।"
"ਫਿਰ 3-4 ਦਿਨ ਲਗਾਤਾਰ ਫੋਨ ਆਉਂਦੇ ਰਹੇ। ਉਹ ਮੇਰੇ ਨਾਲ ਬਹੁਤ ਇੱਜ਼ਤ ਨਾਲ ਗੱਲ ਕਰਦੀ ਸੀ, ਮੈਨੂੰ ਪ੍ਰਸ਼ਾਂਤ ਸਾਹਬ ਕਹਿ ਕੇ ਬੁਲਾਉਂਦੀ ਸੀ। ਇਕ ਸ਼ਾਮ ਮੈਂ ਕਾਕਾ ਜੀ ਨੂੰ ਕਿਹਾ ਕਿ ਡਿੰਪਲ ਨਾਂ ਦੀ ਕੁੜੀ ਰੋਜ਼ ਫੋਨ ਕਰਕੇ ਤੁਹਾਡੇ ਬਾਰੇ ਪੁੱਛਦੀ ਹੈ।"
"ਕਾਕਾ ਜੀ ਮੁਸਕਰਾਉਂਦੇ ਹੋਏ... .ਕਿਹਾ ਹਾਂ ਹਾਂ...ਉਹ ਬੌਬੀ ਦੀ ਹੀਰੋਇਨ ਹੈ, ਉਸ ਦੀ ਕਾਲ ਚੰਗੀ ਤਰ੍ਹਾਂ ਨਾਲ ਅਟੈਂਡ ਕਰਿਆ ਕਰੋ।"
ਕੁਝ ਦਿਨਾਂ ਬਾਅਦ ਚੁੰਨੀਭਾਈ ਕਪਾਡੀਆ ਆਸ਼ੀਰਵਾਦ ਆਏ। ਉਨ੍ਹਾਂ ਨਾਲ ਇੱਕ ਕੁੜੀ ਵੀ ਸੀ।
ਪ੍ਰਸ਼ਾਂਤ ਨੂੰ ਦੇਖ ਕੇ ਉਹ ਬੋਲੇ, "ਪ੍ਰਸ਼ਾਂਤ, ਇਹ ਮੇਰੀ ਧੀ ਡਿੰਪਲ ਹੈ।" ਇਹ ਸੁਣ ਕੇ ਡਿੰਪਲ ਹੱਸ ਪਈ ਅਤੇ ਬੋਲੀ, 'ਪ੍ਰਸ਼ਾਂਤ ਸਾਹਬ, ਤੁਸੀਂ ਮੈਨੂੰ ਪਛਾਣਿਆ?" ਸਾਡੀ ਕਈ ਵਾਰ ਗੱਲ ਹੋਈ ਹੈ।”
ਪ੍ਰਸ਼ਾਂਤ ਹੱਸਦੇ ਹੋਏ ਮਹਿਮਾਨਾਂ ਨੂੰ ਅੰਦਰ ਲੈ ਆਏ। ਇਹ ਡਿੰਪਲ ਦਾ ਆਸ਼ੀਰਵਾਦ ਵੱਲ ਪਹਿਲਾ ਕਦਮ ਸੀ।
ਮਾਰਚ 1973 ਵਿੱਚ, ਆਪਣੀ ਪਹਿਲੀ ਫਿਲਮ ਬੌਬੀ ਦੀ ਰਿਲੀਜ਼ ਤੋਂ ਪਹਿਲਾਂ ਹੀ, ਡਿੰਪਲ ਨੇ ਰਾਜੇਸ਼ ਖੰਨਾ ਦੇ ਜੀਵਨ ਸਾਥੀ ਵਜੋਂ ਵਿੱਚ ਆਸ਼ੀਰਵਾਦ ਵਿੱਚ ਪ੍ਰਵੇਸ਼ ਕਰ ਲਿਆ ਸੀ।
ਦੋਹਾਂ ਦਾ ਵਿਆਹ ਉਸ ਸਮੇਂ ਨਾ ਸਿਰਫ ਬੰਬਈ ਬਲਕਿ ਦੇਸ਼ ਦਾ ਸਭ ਤੋਂ ਵੱਡੇ ਵਿਆਹ ਵਜੋਂ ਮਸ਼ਹੂਰ ਹੋਇਆ ਸੀ। ਸ਼ੁਰੂਆਤੀ ਸਾਲ, ਸਫਲਤਾ ਅਤੇ ਖੁਸ਼ੀ ਦੇ ਸਾਲ ਸਨ।
ਡਿੰਪਲ ਨੇ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ। ਦੋਵਾਂ ਦੀਆਂ ਦੋ ਧੀਆਂ ਸਨ। ਪਰ ਫਿਰ ਅਮਿਤਾਭ ਦੀ ਐਂਟਰੀ ਅਤੇ ਫਿਲਮ ਇੰਡਸਟਰੀ ਵਿੱਚ ਰੋਮਾਂਟਿਕ ਫਿਲਮਾਂ ਦੇ ਉਲਟ ਐਕਸ਼ਨ ਫਿਲਮਾਂ ਦੇ ਨਵੇਂ ਦੌਰ ਨੇ ਸਮਾਂ ਬਦਲ ਦਿੱਤਾ।

ਤਸਵੀਰ ਸਰੋਤ, PENGUIN PUBLISHER
ਕੁਝ ਸਾਲਾਂ ਵਿੱਚ ਹੀ ਅਮਿਤਾਭ ਇੱਕ ਨਵੇਂ ਸੁਪਰਸਟਾਰ ਦੇ ਰੂਪ ਵਿੱਚ ਉਭਰੇ। ਕ੍ਰਿਸ਼ਮਈ ਸਫ਼ਲਤਾ ਤੋਂ ਬਾਅਦ ਰਾਜੇਸ਼ ਖੰਨਾ ਦੇ ਡਿੱਗਦੇ ਕਰੀਅਰ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ।
ਮਹਾਚੋਰ, ਮਹਿਬੂਬਾ, ਅਜਨਬੀ, ਆਸ਼ਿਕ ਹੂੰ ਬਹਾਰੋਂ ਕਾ ਵਰਗੀਆਂ ਵੱਡੀਆਂ ਫਿਲਮਾਂ ਦੀ ਅਸਫ਼ਲਤਾ ਨੇ ਰਾਜੇਸ਼ ਦੇ ਆਤਮ-ਵਿਸ਼ਵਾਸ ਨੂੰ ਡੂੰਘੀ ਸੱਟ ਮਾਰੀ ਸੀ। ਹਰ ਸ਼ਾਮ ਪੀਤੀ ਜਾਂਦੀ ਸ਼ਰਾਬ ਨੇ ਅੰਦਰੋਂ ਨਾਕਾਮਯਾਬ ਹੋਣ ਦੀ ਅੱਗ ਨੂੰ ਹੋਰ ਵੀ ਬਲ ਦਿੱਤਾ।
ਅਤੇ ਫਿਰ ਇੱਕ ਰਾਤ, ਆਸ਼ੀਰਵਾਦ ਦੀ ਛੱਤ 'ਤੇ, ਉਹ ਘਟਨਾ ਵਾਪਰੀ ਜਿਸ ਦਾ ਵਰਨਣ ਰਾਜੇਸ਼ ਖੰਨਾ ਨੇ ਕਈ ਸਾਲਾਂ ਬਾਅਦ ਫਿਲਮ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਕੀਤਾ, "ਮੈਨੂੰ ਯਾਦ ਹੈ ਇੱਕ ਵਾਰ ਸਵੇਰ ਦੇ ਤਿੰਨ ਵੱਜ ਚੁੱਕੇ ਸਨ। ਮੈਂ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ।"
"ਅਚਾਨਕ ਮੇਰੇ ਲਈ ਸਭ ਕੁਝ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਮੈਂ ਪਹਿਲੀ ਵਾਰ ਅਜਿਹੀ ਅਸਫ਼ਲਤਾ ਦਾ ਸਾਹਮਣਾ ਕਰ ਰਿਹਾ ਸੀ। ਮੇਰੀਆਂ ਸੱਤ ਫਿਲਮਾਂ ਇਕ ਤੋਂ ਬਾਅਦ ਇਕ ਫਲਾਪ ਹੋਈਆਂ।"
"ਉਸ ਰਾਤ ਮੀਂਹ ਪੈ ਰਿਹਾ ਸੀ, ਘੁੱਪ ਹਨੇਰਾ ਸੀ ਅਤੇ ਮੈਂ ਆਪਣੀ ਛੱਤ 'ਤੇ ਇਕੱਲਾ ਸੀ। ਅਚਾਨਕ ਮੈਂ ਆਪਣੇ ਹੋਸ਼ ਗੁਆ ਬੈਠਾ ਅਤੇ ਚੀਕਿਆ - 'ਪਰਵਰਦਿਗਾਰ! ਸਾਡੇ ਗਰੀਬਾਂ ਦਾ ਇੰਨਾ ਸਖ਼ਤ ਇਮਤਿਹਾਨ ਨਾ ਲੈ ਕਿ ਅਸੀਂ ਤੇਰੇ ਵਜੂਦ ਨੂੰ ਇਨਕਾਰ ਕਰ ਦਈਏ।"
ਡਿੰਪਲ ਨਾਲ ਉਨ੍ਹਾਂ ਦੇ ਰਿਸ਼ਤੇ 'ਚ ਵੀ ਤਣਾਅ ਵਧ ਰਿਹਾ ਸੀ। 9 ਸਾਲ ਇਕੱਠੇ ਰਹਿਣ ਤੋਂ ਬਾਅਦ ਰਾਜੇਸ਼ ਖੰਨਾ ਅਤੇ ਡਿੰਪਲ ਲਗਭਗ ਵੱਖ ਹੋ ਗਏ।
ਡਿੰਪਲ ਨੇ ਅਸ਼ੀਰਵਾਦ ਛੱਡ ਕੇ ਚਲੀ ਗਈ। 1992 ਵਿੱਚ, ਰਾਜੇਸ਼ ਖੰਨਾ ਨੇ ਫਿਲਮਾਂ ਤੋਂ ਬ੍ਰੇਕ ਲੈ ਕੇ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾਈ ਅਤੇ ਕਾਂਗਰਸ ਦੀ ਟਿਕਟ 'ਤੇ ਦਿੱਲੀ ਤੋਂ ਚੋਣ ਜਿੱਤੀ।
ਵੀਹ ਸਾਲ ਆਸ਼ੀਰਵਾਦ ਵਿੱਚ ਰਹਿਣ ਤੋਂ ਬਾਅਦ ਉਹ ਵੀ ਬੰਗਲਾ ਛੱਡ ਕੇ ਦਿੱਲੀ ਸ਼ਿਫਟ ਹੋ ਗਏ।
ਆਸ਼ੀਰਵਾਦ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਵੀ ਹੌਲੀ-ਹੌਲੀ ਕੰਮ ਕਰਨ ਲਈ ਹੋਰ ਥਾਵਾਂ 'ਤੇ ਚਲੇ ਗਏ।
ਰਾਜੇਸ਼ ਖੰਨਾ ਦੀ ਜ਼ਿੰਦਗੀ ਵਿੱਚ ਕਈ ਪੜਾਅ ਆਏ। ਹਰ ਪੜਾਅ ਦੌਰਾਨ ਨਜ਼ਦੀਕੀ ਲੋਕਾਂ ਦਾ ਸਾਥ ਛੁਟਦਾ ਗਿਆ। ਜਿਸ ਨੇ ਜ਼ਿੰਦਗੀ ਦੇ ਕਿਸੇ ਵੀ ਪਲ਼ ਵਿੱਚ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਤਾਂ ਉਹ ਸੀ...ਇਕੱਲਾਪਨ।
ਹਰੇਕ ਗੁਜ਼ਰਦੇ ਦਿਨ ਨਾਲ ਉਹ ਇਕੱਲੇ ਹੁੰਦੇ ਚਲੇ ਗਏ। ਸਾਲਾ ਬਾਅਦ ਸਿਆਸਤ ਤੋਂ ਵੀ ਉਨ੍ਹਾਂ ਦਾ ਮੋਹ ਭੰਗ ਹੋ ਗਏ। ਉਹ ਆਪਣੇ ਸ਼ਹਿਰ ਵਾਪਸ ਆ ਗਏ ਜੋ ਹੁਣ ਬੰਬਈ ਤੋਂ ਮੁੰਬਈ ਬਣ ਗਿਆ ਸੀ।
ਸਾਲਾਂ ਬਾਅਦ ਉਸ ਦਾ ਰਾਜਨੀਤੀ ਤੋਂ ਵੀ ਮੋਹ ਭੰਗ ਹੋ ਗਿਆ। ਉਹ ਆਪਣੇ ਸ਼ਹਿਰ ਵਾਪਸ ਆ ਗਿਆ ਜੋ ਹੁਣ ਬੰਬਈ ਤੋਂ ਮੁੰਬਈ ਬਣ ਗਿਆ ਸੀ।

ਤਸਵੀਰ ਸਰੋਤ, Getty Images
ਇਨਕਮ ਟੈਕਸ ਨਾਲ ਜੁੜਿਆ ਮਾਮਲਾ ਵਧ ਗਿਆ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੇ ਬੰਗਲੇ ਆਸ਼ੀਰਵਾਦ ਨੂੰ ਟੈਕਸ ਅਧਿਕਾਰੀਆਂ ਨੇ ਸੀਲ ਕਰ ਦਿੱਤਾ।
ਇੱਕ ਸਮਾਂ ਅਜਿਹਾ ਆਇਆ ਜਦੋਂ ਰਾਜੇਸ਼ ਖੰਨਾ ਨੇ ਆਸ਼ੀਰਵਾਦ ਛੱਡ ਦਿੱਤਾ ਅਤੇ ਬਾਂਦਰਾ ਲਿੰਕਿੰਗ ਰੋਡ 'ਤੇ ਟਾਈਟਨ ਸ਼ੋਅਰੂਮ ਦੇ ਉੱਪਰ ਸਥਿਤ ਆਪਣੇ ਦਫਤਰ ਵਿੱਚ ਸ਼ਿਫਟ ਹੋ ਗਏ ਸਨ।
ਉਹ ਦਫ਼ਤਰ ਬਹੁਤ ਵੱਡਾ ਸੀ ਪਰ ਉਹ ਆਪਣਾ ਬੰਗਲਾ ਛੱਡ ਦੀ ਤਕਲੀਫ਼ ਵੀ ਬਹੁਤ ਸੀ।
ਉਨ੍ਹਾਂ ਆਖ਼ਰੀ ਫਿਲਮ ʻਰਿਆਸਤʼ ਦੇ ਨਿਰਦੇਸ਼ਕ ਅਸ਼ੋਕ ਤਿਆਗੀ ਨੇ ਮੈਨੂੰ ਦੱਸਿਆ, "ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਉਹ ਲਿੰਕਿੰਗ ਰੋਡ 'ਤੇ ਦਫ਼ਤਰ ਵਿੱਚ ਰਹਿੰਦੇ ਸਨ।"
"ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਬੰਗਲੇ ਨੂੰ ਸੀਲ ਕਰ ਦਿੱਤਾ ਸੀ। ਇਕ ਦਿਨ ਉਹ ਮੈਨੂੰ ਡਰਾਈਵ 'ਤੇ ਲੈ ਗਿਆ ਅਤੇ ਆਸ਼ੀਰਵਾਦ ਦੇ ਸਾਹਮਣੇ ਕਾਰ ਰੋਕ ਦਿੱਤੀ। ਅਸੀਂ ਆਹਮਣੇ-ਸਾਹਮਣਏ ਇੱਕ ਬੈਂਚ ʼਤੇ ਬੈਠ ਗਏ।"
ਉਸ ਰਾਤ, ਹਲਕੀ ਬਾਰਿਸ਼ ਦੇ ਵਿਚਕਾਰ, ਰਾਜੇਸ਼ ਖੰਨਾ ਨੇ ਅਸ਼ੋਕ ਤਿਆਗੀ ਨੂੰ ਆਪਣੇ ਸੁਨਹਿਰੀ ਦੌਰ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ।
ਉਨ੍ਹਾਂ ਨੇ ਅਸ਼ੋਕ ਨੂੰ ਦੱਸਿਆ, "ਜਿਸ ਬੈਂਚ ʼਤੇ ਅਸੀਂ ਬੈਠਏ ਹਾਂ, ਕਿਸੇ ਜ਼ਮਾਨੇ ਵਿੱਚ ਉਸੇ ਬੈਂਚ ਦੇ ਕੋਲ ਸੈਂਕੜੇ ਲੋਕ ਹਰ ਰੋਜ਼ ਮੈਨੂੰ ਦੇਖਣ ਲਈ ਘੰਟਿਆਂ ਬੱਧੀ ਲੋਕ ਇੰਤਜ਼ਾਰ ਕਰਦੇ ਸਨ।"
ਅਸ਼ੋਕ ਪੁਰਾਣੇ ਜ਼ਮਾਨੇ ਦੇ ਸੁਪਰਸਟਾਰਾਂ ਦਾ ਦਰਦ ਸਮਝਦਾ ਸੀ। ਉਨ੍ਹਾਂ ਨੇ ਕਿਹਾ, "ਕਾਕਾ ਜੀ, ਚਿੰਤਾ ਨਾ ਕਰੋ, ਤੁਸੀਂ ਦੇਖਣਾ, ਉਹ ਪ੍ਰਸ਼ੰਸਕ ਜ਼ਰੂਰ ਦੁਬਾਰਾ ਆਉਣਗੇ।"
ਇਸ ਗੱਲ 'ਤੇ ਰਾਜੇਸ਼ ਖੰਨਾ ਨੇ ਫਿੱਕੀ ਜਿਹੀ ਮੁਸਕਾਨ ਦਿੱਤੀ।

ਤਸਵੀਰ ਸਰੋਤ, PENGUIN PUBLISHER
ਅਤੇ ਫਿਰ...ਉਨ੍ਹਾਂ ਦੇ ਪ੍ਰਸ਼ੰਸਕ 'ਆਸ਼ੀਰਵਾਦ' ਵਾਪਸ ਆਏ
ਹਾਲਾਂਕਿ, ਉਨ੍ਹਾਂ ਦਾ ਬੰਗਲਾ ਆਰਥਿਕ ਤੰਗੀ ਤੋਂ ਬਾਹਰ ਆ ਗਿਆ ਅਤੇ ਆਪਣੇ ਜੀਵਨ ਦੇ ਆਖ਼ਰੀ ਸਾਲਾਂ ਵਿੱਚ, ਰਾਜੇਸ਼ ਖੰਨਾ ਆਸ਼ੀਰਵਾਦ ਵਿੱਚ ਇਕੱਲੇ ਰਹਿੰਦੇ ਸਨ।
ਪਰ ਉਹ ਕਦੇ ਵੀ ਫਿਲਮਾਂ 'ਚ ਜ਼ਬਰਦਸਤ ਵਾਪਸੀ ਨਹੀਂ ਕਰ ਸਕੇ। ਕਈ ਸਾਲਾਂ ਬਾਅਦ ਅਚਾਨਕ ਉਨ੍ਹਾਂ ਦੀ ਗੰਭੀਰ ਬਿਮਾਰੀ ਦੀ ਖ਼ਬਰ ਆਈ।
ਰਾਜੇਸ਼ ਖੰਨਾ ਇੰਨੇ ਕਮਜ਼ੋਰ ਹੋ ਗਏ ਸਨ ਕਿ ਉਹ ਵਾਰ-ਵਾਰ ਬੇਹੋਸ਼ ਵੀ ਹੋ ਜਾਂਦੇ ਸਨ। ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
20 ਜੂਨ ਨੂੰ ਜਦੋਂ ਉਸ ਨੂੰ ਹਸਪਤਾਲ ਵਿੱਚ ਹੋਸ਼ ਆਈ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਹ ਹਸਪਤਾਲ ਵਿੱਚ ਨਹੀਂ ਰਹਿਣਾ ਚਾਹੁੰਦੇ। ਉਹ ਆਪਣੇ ਘਰ ਜਾਣਾ ਚਾਹੁੰਦੇ ਹਨ।
ਉਸ ਦਿਨ ਜਦੋਂ ਉਹ ਕਾਰਟਰ ਰੋਡ 'ਤੇ ਸਥਿਤ ਆਪਣੇ ਬੰਗਲੇ ਆਸ਼ੀਰਵਾਦ 'ਤੇ ਪਹੁੰਚੇ ਤਾਂ ਨਜ਼ਾਰਾ ਵੱਖਰਾ ਹੀ ਸੀ। ਇਤਿਹਾਸ ਦੁਹਰਾਇਆ ਜਾ ਰਿਹਾ ਸੀ।
ਆਸ਼ੀਰਵਾਦ ਦੇ ਸਾਹਮਣੇ ਅੱਜ ਇੱਕ ਵਾਰ ਫਿਰ ਦੇਸ਼ ਭਰ ਤੋਂ ਸੈਂਕੜੇ ਪ੍ਰਸ਼ੰਸਕ ਅਤੇ ਮੀਡੀਆ ਦੇ ਜਮ੍ਹਾਂ ਹੋਏ ਸਨ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਦੇਸ਼ ਦੇ ਪਹਿਲੇ ਸੁਪਰਸਟਾਰ ਦੀ ਹੁਣ ਕਿਹੋ-ਜਿਹੀ ਹਾਲਤ ਹੈ?
21 ਜੂਨ 2012 ਦੀ ਦੁਪਹਿਰ ਵੇਲੇ ਅੱਖਾਂ ʼਤੇ ਕਾਲੇ ਰੰਮ ਦਾ ਚਸ਼ਮਾ ਪਾ ਕੇ, ਗਲੇ ਵਿੱਚ ਸ਼ਾਲ ਪਹਿਨੇ ਹੋਏ, ਆਪਣੇ ਖਾਸ ਅੰਦਾਜ਼ ਵਿੱਚ ਮੁਸਕਰਾਉਂਦਿਆਂ ਹੋਇਆਂ ਰਾਜੇਸ਼ ਖੰਨਾ, ਕਾਰਟਰ ਰੋਡ 'ਤੇ ਸਥਿਤ ਆਪਣੇ ਬੰਗਲੇ ਆਸ਼ੀਰਵਾਦ ਦੀ ਉਸੇ ਮਸ਼ਹੂਰ ਬਾਲਕੋਨੀ ਵਿੱਚ ਬਾਹਰ ਆਏ।
ਸਾਹਮਣੇ ਖੜ੍ਹੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਖੁਸ਼ੀ ਨਾਲ ਚੀਕ ਪਏ। ਇਸ ਪਲ਼ ਵਿੱਚ ਬਾਕੀ ਹਰ ਖ਼ਬਰ ਭੁੱਲ ਕੇ ਦੇਸ਼ ਦਾ ਲਗਭਗ ਹਰ ਨਿਊਜ਼ ਚੈਨਲ ਰਾਜੇਸ਼ ਖੰਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲਾਈਵ ਦਿਖਾ ਰਿਹਾ ਸੀ।

ਤਸਵੀਰ ਸਰੋਤ, Getty Images
ਰਾਜੇਸ਼ ਖੰਨਾ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਆਪਣਾ ਹੱਥ ਉੱਚਾ ਕੀਤਾ ਅਤੇ ਸ਼ਾਨਦਾਰ ਅੰਦਾਜ਼ ਵਿੱਚ ਸਾਰਿਆਂ ਵੱਲ ਹਿਲਾਇਆ...ਉਨ੍ਹਾਂ ਦੇ ਬੁੱਲ੍ਹਾਂ 'ਤੇ ਮੁਸਕਰਾਹਟ ਫੈਲ ਗਈ...ਹਾਂ...ਉਸ ਦੇ ਪ੍ਰਸ਼ੰਸਕ ਵਾਪਸ ਆ ਗਏ ਸਨ। ਪੂਰਾ ਮਾਹੌਲ ਉਸ ਦੇ ਸੁਪਰਸਟਾਰਡਮ ਦੇ ਦਿਨਾਂ ਦੀ ਯਾਦ ਦਿਵਾ ਰਿਹਾ ਸੀ।
ਅਗਲੇ ਹੀ ਦਿਨ ਯਾਨਿ 23 ਜੂਨ ਨੂੰ ਉਨ੍ਹਾਂ ਨੂੰ ਦੁਬਾਰਾ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਦਿਨੋਂ-ਦਿਨ ਉਨ੍ਹਾਂ ਦੀ ਹਾਲਤ ਵਿਗੜਦੀ ਗਈ। ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਹਸਪਤਾਲ ਵਿੱਚ ਹੀ ਰਹਿਣ। ਪਰ ਉਹ ਇਸ ਗੱਲ 'ਤੇ ਅੜੇ ਰਹੇ ਕਿ ਉਹ ਆਪਣਾ ਆਖ਼ਰੀ ਸਾਹ ਆਸ਼ੀਰਵਾਦ ਵਿੱਚ ਹੀ ਲੈਣਾ ਚਾਹੁੰਦੇ ਸਨ।
ਉਨ੍ਹਾਂ ਦੀ ਇੱਛਾ ਮੁਤਾਬਕ 17 ਜੁਲਾਈ ਨੂੰ ਉਨ੍ਹਾਂ ਨੂੰ ਆਖ਼ਰੀ ਵਾਰ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਨ੍ਹਾਂ ਦੇ ਬੰਗਲੇ ਆਸ਼ੀਰਵਾਦ ਲੈ ਗਏ।
ਮੈਂ ਰਾਜੇਸ਼ ਖੰਨਾ ਦੇ ਜੀਵਨ ਅਤੇ ਫਿਲਮੀ ਕਰੀਅਰ 'ਤੇ ਇੱਕ ਕਿਤਾਬ ਲਿਖੀ ਹੈ ਅਤੇ ਉਹ ਕਿਤਾਬ ਲਿਖਣ ਵੇਲੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਨੇ ਮੈਨੂੰ ਦੱਸਿਆ ਕਿ 18 ਜੁਲਾਈ ਨੂੰ ਆਸ਼ੀਰਵਾਦ ਵਿੱਚ ਆਪਣੇ ਬੈੱਡਰੂਮ ਵਿੱਚ ਆਖ਼ਰੀ ਸਾਹ ਲੈਂਦੇ ਹੋਏ, ਉਨ੍ਹਾਂ ਨੇ ਕਿਹਾ, "ਟਾਈਮ ਅੱਪ ਹੋ ਗਿਆ ਹੈ... ਪੈਕਅੱਪ!"
2014 ਵਿੱਚ, ਪਰਿਵਾਰ ਨੇ ਆਸ਼ੀਰਵਾਦ ਨੂੰ ਇੱਕ ਉਦਯੋਗਪਤੀ ਨੂੰ ਵੇਚ ਦਿੱਤਾ। ਆਸ਼ੀਰਵਾਦ ਨੂੰ ਨਵੀਂ ਇਮਾਰਤ ਬਣਾਉਣ ਲਈ ਕੁਝ ਸਾਲਾਂ ਬਾਅਦ ਢਾਹ ਦਿੱਤਾ ਗਿਆ ਸੀ।
ਰਾਜੇਸ਼ ਖੰਨਾ ਨਾਲ ਸ਼ਾਇਦ ਅਸ਼ੀਰਵਾਦ ਦਾ ਚੱਕਰ ਵੀ ਪੂਰਾ ਹੋ ਗਿਆ ਸੀ।
ਫ਼ਿਲਮ ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਵੀ ਰਾਜੇਸ਼ ਖੰਨਾ ਦਾ ਜ਼ਿਕਰ ਹੋਵੇਗਾ ਤਾਂ ਆਸ਼ੀਰਵਾਦ ਵੀ ਸਿਨੇਮਾ ਦੇ ਇੱਕ ਅਹਿਮ ਦੌਰ ਦੇ ਗਵਾਹ ਵਜੋਂ ਸ਼ਾਮਲ ਹੋਵੇਗਾ।
(ਲੇਖਕ ਨੇ ਗੁਰੂ ਦੱਤ, ਰਾਜੇਸ਼ ਖੰਨਾ, ਸੰਜੇ ਦੱਤ ਅਤੇ ਰੇਖਾ ਦੇ ਜੀਵਨ 'ਤੇ ਕਿਤਾਬਾਂ ਲਿਖੀਆਂ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












