ਭਾਰਤ ਵਿੱਚ ਐੱਮ ਪੌਕਸ ਦਾ ਪਹਿਲਾ ਸ਼ੱਕੀ ਮਰੀਜ਼ ਮਿਲਿਆ, ਕੀ ਐੱਮ ਪੌਕਸ ਵੱਡੀ ਮਹਾਮਾਰੀ ਬਣ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਡੋਰਾਕਾਸ ਵੰਗਿਰਾ, ਕੈਰੋਲਾਈਨ ਕਿਯਾਂਬੋ
- ਰੋਲ, ਬੀਬੀਸੀ ਅਫਰੀਕਾ
ਭਾਰਤ ਦੇ ਸਿਹਤ ਮੰਤਰਾਲੇ ਨੇ 8 ਸਤੰਬਰ, 2024 ਨੂੰ ਐੱਮ ਪੌਕਸ ਦਾ ਇੱਕ ਸ਼ੱਕੀ ਕੇਸ ਦਰਜ ਕੀਤਾ ਹੈ।
ਮੰਤਰਾਲੇ ਨੇ ਦੱਸਿਆ ਕਿ ਮਰੀਜ਼ ਵੱਲੋਂ ਅਜਿਹੇ ਦੇਸ ਵਿੱਚ ਯਾਤਰਾ ਕੀਤੀ ਗਈ ਸੀ ਜਿੱਥੇ ਐੱਮ ਪੌਕਸ ਦੀ ਲਾਗ ਫੈਲੀ ਹੋਈ ਹੈ ਅਤੇ ਹੁਣ ਉਸ ਦਾ ਇਲਾਜ ਇੱਕ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਐੱਮ ਪੌਕਸ ਜਾਣੀ ਮੰਕੀ ਪੌਕਸ ਲਈ ਗਲੋਬਲ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ ਤਾਂ ਇੱਕ ਸਵਾਲ ਪੂਰੀ ਦੁਨੀਆਂ ਵਿੱਚ ਪੁੱਛਿਆ ਜਾ ਰਿਹਾ ਹੈ।
ਕੀ ਐੱਮ ਪੌਕਸ ਨਵਾਂ ਕੋਰੋਨਾ ਹੈ?
ਵਿਗਿਆਨਕਾਂ ਅਤੇ ਸਿਹਤ ਮਾਹਰਾਂ ਦਾ ਜਵਾਬ ਹੈ— ਨਹੀਂ ਅਜਿਹਾ ਨਹੀਂ ਹੈ, ਹਾਂ ਪਰ ਲੋਕਾਂ ਦੀ ਫਿਕਰ ਜਾਇਜ਼ ਹੈ।
ਯੂਰਪ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾ਼ ਹਾਨਸ ਕਲੂਗੋ ਨੇ ਕਿਹਾ, “ਐੱਮ ਪੌਕਸ ਨਵਾਂ ਕੋਰੋਨਾ ਨਹੀਂ ਹੈ ਆਮ ਅਬਾਦੀ ਲਈ ਖ਼ਤਰਾ ਘੱਟ ਹੈ।”
ਉਹ ਕਹਿੰਦੇ ਹਨ,“ਸਾਨੂੰ ਪਤਾ ਹੈ ਕਿ ਐੱਮ ਪੌਕਸ ਕਿਵੇਂ ਕਾਬੂ ਕਰਨਾ ਹੈ। ਯੂਰਪ ਵਿੱਚ ਇਸ ਲਾਗ ਨੂੰ ਕਿਵੇਂ ਰੋਕਣਾ ਹੈ, ਇਸ ਬਾਰੇ ਵੀ ਅਸੀਂ ਜਾਣਦੇ ਹਾਂ।”
ਕੋਰੋਨਾ ਅਤੇ ਐੱਮ ਪੌਕਸ ਦੋਵੇਂ ਬੀਮਾਰੀਆਂ ਵਾਇਰਸ ਕਾਰਨ ਹੁੰਦੀਆਂ ਹਨ। ਲੇਕਿਨ ਦੋਵਾਂ ਦੇ ਲੱਛਣ ਕਾਫ਼ੀ ਵੱਖਰੇ ਹਨ ਅਤੇ ਫੈਲਣ ਦਾ ਤਰੀਕਾ ਵੀ ਵੱਖਰਾ ਹੈ।
ਕੀਨੀਆ ਦੇ ਆਗਾ ਖ਼ਾਨ ਯੂਨੀਵਰਸਿਟੀ ਹਸਪਤਾਲ ਦੇ ਪ੍ਰੋਫੈਸਰ ਰੋਡਨੇ ਏਡਮ ਕਹਿੰਦੇ ਹਨ— ਦੋਵਾਂ ਬੀਮਾਰੀਆਂ ਦੇ ਵਿੱਚ ਸਮਾਨਤਾਵਾਂ ਨਾਲੋਂ ਜ਼ਿਆਦਾ ਫਰਕ ਹਨ।
ਇਸ ਰਿਪੋਰਟ ਵਿੱਚ ਤੁਹਾਨੂੰ ਅਜਿਹੀਆਂ ਹੀ ਪੰਜ ਗੱਲਾਂ ਬਾਰੇ ਤੁਹਾਨੂੰ ਦੱਸਾਂਗੇ ਕਿ ਐੱਮ ਪੌਕਸ ਕੋਰੋਨਾ ਤੋਂ ਵੱਖਰਾ ਹੈ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।
1. ਐੱਮ ਪੌਕਸ ਨਵਾਂ ਵਾਇਰਸ ਨਹੀਂ ਹੈ

ਐੱਮ ਪੌਕਸ ਕੋਰੋਨਾ ਵਾਇਰਸ ਵਾਂਗ ਨਵਾਂ ਵਾਇਰਸ ਨਹੀਂ ਹੈ।
ਐੱਮ ਪੌਕਸ ਪਹਿਲਾਂ ਮੰਕੀ ਪੌਕਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਬੀਮਾਰੀ ਸਾਲ 1958 ਤੋਂ ਮੌਜੂਦ ਹੈ। ਇਹ ਵਾਇਰਸ ਸਭ ਤੋਂ ਪਿਹਲਾਂ ਡੈਨਮਾਰਕ ਦੇ ਬਾਂਦਰਾਂ ਵਿੱਚ ਮਿਲਿਆ ਸੀ।
ਮਨੁੱਖ ਦੇ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਦਾ ਪਹਿਲਾ ਮਾਮਲਾ ਲੋਕਤੰਤਰੀ ਗਣਰਾਜ ਕਾਂਗੋ ਵਿੱਚ 1970 ਵਿੱਚ ਦੇਖਣ ਨੂੰ ਮਿਲਿਆ।
ਉਦੋਂ ਤੋਂ ਲੈ ਕੇ ਪੱਛਮ ਅਤੇ ਮੱਧ ਅਫਰੀਕਾ ਵਿੱਚ ਇਹ ਵਾਇਰਸ ਕਈ ਵਾਰ ਫੈਲ ਚੁੱਕਿਆ ਹੈ।
ਐੱਮ ਪੌਕਸ ਬਾਰੇ ਗਲੋਬਲ ਹੈਲਥ ਐਮਰਜੈਂਸੀ ਦਾ ਐਲਾਨ 2022 ਵਿੱਚ ਸਭ ਤੋਂ ਪਹਿਲਾਂ ਕੀਤਾ ਗਿਆ ਸੀ। ਇਹ ਵਾਇਰਸ 70 ਦੇਸਾਂ ਵਿੱਚ ਫੈਲ ਚੁੱਕਿਆ ਹੈ।
ਇਸ ਤੋਂ ਇਲਾਵਾ ਕੋਰੋਨਾ ਦਾ ਪਹਿਲਾ ਹਮਲਾ 2019 ਵਿੱਚ ਚੀਨ ਦੇ ਵੁਹਾਨ ਵਿੱਚ ਦੇਖਣ ਨੂੰ ਮਿਲਿਆ ਅਤੇ ਜਲਦੀ ਹੀ ਇਹ ਪੂਰੀ ਦੁਨੀਆਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ ਅਤੇ ਵਿਸ਼ਵੀ ਮਹਾਮਾਰੀ ਬਣ ਗਿਆ।
ਵਿਗਿਆਨਕਾਂ ਦਾ ਕਹਿਣਾ ਹੈ ਕਿ – ਦੋਵਾਂ ਹੀ ਵਾਇਰਸਾਂ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨਿਆ ਗਿਆ, ਲੇਕਿਨ ਹੁਣ ਅਸੀਂ ਐੱਮ ਪੌਕਸ ਬਾਰੇ ਕੋਰੋਨਾ ਨਾਲੋਂ ਜ਼ਿਆਦਾ ਜਾਣਦੇ ਹਾਂ।

ਤਸਵੀਰ ਸਰੋਤ, Getty Images
2. ਐੱਮ ਪੌਕਸ ਲਾਗਸ਼ੀਲ ਨਹੀਂ ਹੈ
ਐੱਮ ਪੌਕਸ ਕੋਰੋਨਾ ਵਾਂਗ ਲਾਗਸ਼ੀਲ ਨਹੀਂ ਹੈ।
ਹਾਲਾਂਕਿ ਦੋਵਾਂ ਹੀ ਬੀਮਾਰੀਆਂ ਕਰੀਬੀ ਸੰਪਰਕ ਵਿੱਚ ਆਉਣ ਨਾਲ ਫੈਲਦੀਆਂ ਹਨ ਲੇਕਿਨ ਕੋਰੋਨਾ ਤੇਜ਼ੀ ਨਾਲ ਫੈਲਦਾ ਹੈ ਅਤੇ ਏਅਰਬੋਰਨ ਹੈ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਕੋਰੋਨਾ ਕਿਸੇ ਇਨਸਾਨ ਦੇ ਖੰਘਣ, ਛਿੱਕਣ, ਬੋਲਣ, ਗਾਉਣ, ਨਾਲ ਬੈਠਣ ਨਾਲ ਵੀ ਫੈਲ ਜਾਂਦਾ ਹੈ।
ਉੱਥੇ ਹੀ ਐੱਮ ਪੌਕਸ ਕਿਸੇ ਲਾਗ ਵਾਲੇ ਵਿਅਕਤੀ ਨਾਲ ਨਜ਼ਦੀਕ ਆਉਣ ਨਾਲ ਫ਼ੈਲਦਾ ਹੈ। ਜਿਵੇਂ ਤੁਸੀਂ ਮਰੀਜ਼ ਦੀ ਚਮੜੀ ਨੂੰ ਛੂਹ ਲਵੋਂ, ਸਰੀਰਕ ਸੰਬੰਧ ਕਾਇਮ ਹੋ ਜਾਣ, ਮਰੀਜ਼ ਦੇ ਬਿਸਤਰੇ ਉੱਤੇ ਪੈਣ ਨਾਲ ਜਾਂ ਉਸਦੇ ਕੱਪੜੇ ਵਰਤਣ ਨਾਲ।
ਦੇਰ ਤੱਕ ਆਹਮੋ-ਸਾਹਮਣੇ ਗੱਲ ਕਰਨ ਨਾਲ ਵੀ ਐੱਮ ਪੌਕਸ ਵਾਇਰਸ ਇੱਕ ਦੂਜੇ ਮਨੁੱਖ ਵਿੱਚ ਜਾ ਸਕਦਾ ਹੈ।
ਕੋਰੋਨਾ ਦੇ ਮੁੱਖ ਲੱਛਣ ਸਨ— ਬੁਖਾਰ, ਸਰਦੀ, ਗਲੇ ਵਿੱਚ ਖੁਰਕ।
ਐੱਮ ਪੌਕਸ ਦੇ ਲੱਛਣ ਹਨ— ਬੁਖਾਰ, ਸਿਰ ਦਰਦ, ਪਿੰਡਾ ਦਰਦ, ਗਲੇ ਦੀ ਸੋਜ ਅਤੇ ਦਾਗ।
ਦਿਸੰਬਰ 2019 ਤੋਂ ਅਗਸਤ 2023 ਤੱਕ 76 ਕਰੋੜ ਤੋਂ ਜ਼ਿਆਦਾ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਸਨ।
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਮਈ 2022 ਤੋਂ ਹੁਣ ਤੱਕ ਐੱਮ ਪੌਕਸ ਦੇ ਦੁਨੀਆਂ ਭਰ ਵਿੱਚ ਇੱਕ ਲੱਖ ਦੇ ਲਗਭਗ ਕੇਸ ਦਰਜ ਕੀਤੇ ਗਏ ਹਨ।
ਅਫ਼ਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪਰਿਵੈਂਸ਼ਨ (ਸੀਡੀਸੀ) ਨੇ ਕਿਹਾ ਹੈ ਕਿ ਕਰੀਬ 18910 ਦਰਜ ਕੀਤੇ ਗਏ ਅਤੇ 600 ਤੋਂ ਜ਼ਿਆਦਾ ਮੌਤਾਂ ਹੋਈਆਂ।
3. ਵੈਕਸੀਨ ਮੌਜੂਦ ਹੈ

ਤਸਵੀਰ ਸਰੋਤ, Getty Images
ਐੱਮ ਪੌਕਸ ਦੀ ਵੈਕਸੀਨ ਉਪਲਭਦ ਹੈ।
ਕੋਰੋਨਾ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਸੀ ਕਿ ਵੈਕਸੀਨ ਬਣਾਉਣੀ ਹੋਵੇਗੀ, ਫਿਰ ਉਸਦਾ ਟਰਾਇਲ ਹੋਵੇਗਾ, ਫਿਰ ਮੰਜੂਰੀ ਮਿਲੇਗੀ ਅਤੇ ਫਿਰ ਜਾ ਕੇ ਕੋਰੋਨਾ ਉੱਤੇ ਕਾਬੂ ਕੀਤਾ ਜਾ ਸਕੇਗਾ।
ਲੇਕਿਨ ਐੱਮ ਪੌਕਸ ਤੋਂ ਬਚਣ ਲਈ ਵੈਕਸੀਨ ਪਹਿਲਾਂ ਹੀ ਉਪਲਭਦ ਹੈ।
ਐੱਮ ਪੌਕਸ ਛੋਟੀ ਚੇਚਕ ਵਰਗਾ ਹੈ। ਵੈਕਸੀਨ ਰਾਹੀਂ ਇਸ ਨਾਲ ਨਿਪਟਣ ਦਾ ਇੰਤਜ਼ਾਮ 1980 ਵਿੱਚ ਹੋ ਗਿਆ ਸੀ।
ਜਿਸ ਵੈਕਸੀਨ ਨਾਲ ਸਮਾਲ ਪੌਕਸ ਨਾਲ ਨਜਿੱਠਿਆ ਜਾਂਦਾ ਹੈ, ਉਹੀ ਵੈਕਸੀਨ ਐੱਮ ਪੌਕਸ ਤੋਂ ਵੀ ਬਚਾ ਰਹੀ ਹੈ। ਖਾਸ ਕਰਕੇ ਜਦੋਂ 2022 ਵਿੱਚ ਇਹ ਬੀਮਾਰੀ ਫੈਲੀ ਸੀ।
ਪ੍ਰੋਫੈਸਰ ਐਡਮ ਕਹਿੰਦੇ ਹਨ, “ਇਹ 100 ਫੀਸਦੀ ਸੁਰੱਖਿਆ ਮੁਹਈਆ ਨਹੀਂ ਕਰਵਾਉਂਦੀ ਹੈ। ਜਦੋਂ 2022 ਵਿੱਚ ਇਹ ਬੀਮਾਰੀ ਯੂਰਪ ਅਤੇ ਅਮਰੀਕਾ ਵਿੱਚ ਫੈਲੀ, ਉਦੋਂ ਬਜ਼ਰੁਗਾਂ ਵਿੱਚ ਇਸ ਦਾ ਖ਼ਤਰਾ ਘੱਟ ਸੀ। ਅਜਿਹਾ ਇਸ ਲਈ ਵੀ ਹੋਇਆ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪਹਿਲਾ ਛੋਟੀ ਚੇਚਕ ਦੀ ਵੈਕਸੀਨ ਲੱਗੀ ਹੋਵੇਗੀ।”
ਸਮਾਲ ਪੌਕਸ ਉੱਤੇ ਅਧਿਕਾਰਿਤ ਐੱਮ ਪੌਕਸ ਐੱਮਵੀਏ-ਬੀਐੱਨ ਵੈਕਸੀਨ ਦੇ ਨਾਮ ਨਾਲ ਤੋਂ ਜਾਣੀ ਜਾਂਦੀ ਹੈ।
2022 ਵਿੱਚ ਵੈਕਸੀਨ ਬਣਾਉਣ ਵਾਲੀ ਕੰਪਨੀ ਬਾਵੇਰਿਅਨ ਨੌਰਡਿਕ ਨੇ ਡੇਢ ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਸਪਲਾਈ ਕੀਤੀ ਸੀ। ਇਹ ਵੈਕਸੀਨ 76 ਦੇਸਾਂ ਵਿੱਚ ਭੇਜੀ ਗਈ ਸੀ।
4. ਕੋਰੋਨਾ ਦੀ ਤਰ੍ਹਾਂ ਤੇਜ਼ੀ ਨਾਲ ਰੂਪ ਨਹੀਂ ਵਟਾਉਂਦੀ

ਤਸਵੀਰ ਸਰੋਤ, Getty Images
ਸਮੇਂ ਦੇ ਨਾਲ ਵਾਇਰਸ ਬਦਲਦਾ ਹੈ। ਲੇਕਿਨ ਕੁਝ ਵਾਇਰਸ ਤੇਜ਼ੀ ਨਾਲ ਆਪਣਾ ਰੂਪ ਬਦਲਦੇ ਹਨ, ਜਿਵੇਂ— ਕੋਰੋਨਾ।
ਲੇਕਿਨ ਐੱਮ ਪੌਕਸ ਅਜਿਹਾ ਨਹੀਂ ਹੈ।
ਵਜ੍ਹਾ— ਐੱਮ ਪੌਕਸ ਡੀਐੱਨਏ ਵਾਇਰਸ ਨਾਲ ਹੁੰਦਾ ਹੈ। ਮਗਰ ਕੋਰੋਨਾ ਆਰਐੱਨਏ ਵਾਇਰਸ ਨਾਲ ਹੁੰਦਾ ਹੈ।
ਅਮਰੀਕੀ ਸੁਸਾਇਟੀ ਆਫ਼ ਮਾਈਕ੍ਰੋਬਾਇਓਲੌਜੀ ਦੇ ਮੁਤਾਬਕ, ਡੀਐੱਨਏ ਵਾਇਰਸ ਆਰਐੱਨਏ ਵਾਇਰਸ ਜਿੰਨੀ ਤੇਜ਼ੀ ਨਾਲ ਰੂਪ ਨਹੀਂ ਬਦਲਦੇ ਹਨ।
ਐੱਮ ਪੌਕਸ ਦੇ ਦੋ ਸਟਰੇਨ ਜਾਂ ਰੂਪ ਹਨ— ਕਲੇਡ-1 ਅਤੇ ਕਲੇਡ-2, ਸਾਰਸ-ਕੋਵ2 ਵਾਇਰਸ ਦੇ 20 ਤੋਂ ਜ਼ਿਆਦਾ ਕਲੇਡ ਹਨ।
ਅਜੇ ਤਾਂ ਐੱਮ ਪੌਕਸ ਦੀ ਲਾਗ ਫੈਲ ਰਹੀ ਹੈ। ਉਹ ਕਲੇਡ-1 ਨਾਲ ਫੈਲ ਰਿਹਾ ਹੈ, ਜਿਸ ਕਲੇਡ-1ਬੀ ਵੀ ਕਹਿੰਦੇ ਹਨ।
ਆਕਸਫੋਰਡ ਯੂਨੀਵਰਸਿਟੀ ਵਿੱਚ ਗਲੋਬਲ ਹੈਲਥ ਰਿਸਰਚ ਦੇ ਪ੍ਰੋਫੈਸਰ ਟੂਡੀ ਲੇਂਗ ਕਹਿੰਦੇ ਹਨ, “ਅਸੀਂ ਕਲੇਡ-1ਬੀ ਦੇ ਨਾਲ ਇਹ ਦੇਖ ਰਹੇ ਹਾਂ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਸਰੀਰਕ ਸੰਬੰਧਾਂ ਦੇ ਕਾਰਨ ਫੈਲ ਰਿਹਾ ਹੈ। ਲੇਕਿਨ ਇਹ ਵਿਅਕਤੀਆਂ ਦੇ ਆਪਸੀ ਸੰਪਰਕ ਨਾਲ ਵੀ ਫੈਲ ਰਿਹਾ ਹੈ। ਜਿਵੇਂ ਮਾਂ-ਬੇਟੇ, ਬੱਚਿਆਂ ਤੋਂ ਬੱਚਿਆਂ ਵਿੱਚ ਜਾਂ ਫਿਰ ਬੱਚੇ ਦੀ ਦੇਖਭਾਲ ਦੇ ਕਾਰਨ।”
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ 1ਬੀ ਸਟਰੇਨ ਬਾਕੀ ਸਟਰੇਨ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ।
5. ਲਾਕਡਾਊਨ ਜਾਂ ਵੈਕਸੀਨ ਲਵਾਉਣ ਦੀ ਮਜਬੂਰੀ ਨਹੀਂ

ਤਸਵੀਰ ਸਰੋਤ, Getty Images
ਕਈ ਲੋਕਾਂ ਦੇ ਮਨ ਵਿੱਚ ਇਹ ਡਰ ਵੀ ਸੀ ਕਿ ਐੱਮ ਪੌਕਸ ਨੂੰ ਜਦੋਂ ਵਿਸ਼ਵੀ ਬੀਮਾਰੀ ਦੱਸਦੇ ਹੋਏ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਤਾਂ ਹਾਲਾਤ ਕਿਤੇ 2020 ਵਰਗੇ ਤਾਂ ਨਹੀਂ ਹੋ ਜਾਣਗੇ।
ਜਦੋਂ ਦੁਨੀਆਂ ਭਰ ਵਿੱਚ ਲਾਕਡਾਊਨ ਲਾਇਆ ਗਿਆ ਸੀ ਅਤੇ ਸਰਹੱਦਾਂ ਉੱਤੇ ਪਾਬੰਦੀਆਂ ਲੱਗ ਗਈਆਂ ਸਨ। ਕਿੰਨੇ ਲੋਕਾਂ ਦੀ ਨੌਕਰੀ ਚਲੀ ਗਈ ਸੀ ਅਤੇ ਹਾਲਾਤ ਬਹੁਤ ਮੁਸ਼ਕਿਲ ਹੋ ਗਏ ਸਨ।
ਲੇਕਿਨ ਐੱਮ ਪੌਕਸ ਦੇ ਮਾਮਲੇ ਵਿੱਚ ਹੁਣ ਅਜਿਹਾ ਨਹੀਂ ਹੈ।
ਪਿਛਲੇ ਦੋ ਸਾਲਾਂ ਵਿੱਚ ਐੱਮ ਪੌਕਸ ਅਫ਼ਰੀਕਾ ਦੇ 16 ਦੇਸਾਂ ਵਿੱਚ ਫੈਲ ਚੁੱਕਿਆ ਹੈ। ਲੇਕਿਨ ਅਫ਼ਰੀਕਾ ਸੀਡੀਸੀ ਨੇ ਕਿਸੇ ਸਰਹੱਦ ਉੱਤੇ ਬੰਦ ਕਰਨ ਜਾਂ ਲਾਕਡਾਊਨ ਲਾਉਣ ਦੀ ਲੋੜ ਨਹੀਂ ਦੱਸੀ।
ਅਫ਼ਰੀਕਾ ਸੀਡੀਸੀ ਦੇ ਨਿਰਦੇਸ਼ਕ ਜਨਰਲ ਡਾ਼ ਜੀਨ ਕਾਸਿਆ ਦੇ ਮੁਤਾਬਕ, ਅਜੇ ਅਜਿਹੇ ਕੋਈ ਸਬੂਤ ਨਹੀਂ ਹੈ, ਜਿਸ ਦੇ ਅਧਾਰ ਉੱਤੇ ਲੋਕਾਂ ਦੀ ਆਵਾਜਾਈ ਉੱਤੇ ਰੋਕ ਲਾਈ ਜਾਵੇ ਜਾਂ ਫਿਰ ਮਾਲ ਦੀ ਢੋਆਢੁਆਈ ਨੂੰ ਰੋਕਿਆ ਜਾਵੇ।
ਡਾ਼ ਜੀਨ ਦੇ ਮੁਤਾਬਕ, ਜਿਸ ਤਰ੍ਹਾਂ ਦਾ ਸਮਾਂ ਹੁਣ ਤੱਕ ਚਲਦਾ, ਉਵੇਂ ਹੀ ਚੱਲਦਾ ਰਹੇਗਾ ਅਸੀਂ ਇਸ ਨਾਲ ਨਿਪਟਣ ਦੇ ਇੰਤਜ਼ਾਮ ਮੁਹਈਆ ਕਰਵਾ ਰਹੇ ਹਾਂ।
ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮਾਂ ਦੇ ਕਾਰਜਕਾਰੀ ਮੁਖੀ ਡਾ਼ ਮਾਈਕ ਰਿਆਨ ਵੀ ਸਹਿਮਤੀ ਜਤਾਉਂਦੇ ਹਨ।
ਡਾ਼ ਮਾਈਕ ਨੇ ਕਿਹਾ— ਐੱਮ ਪੌਕਸ ਅਜਿਹਾ ਵਾਇਰਸ ਹੈ, ਜਿਸ ਨੂੰ ਸਹੀ ਸਮੇਂ ਉੱਤੇ ਸਹੀ ਕਦਮ ਚੁੱਕ ਕੇ ਕਾਬੂ ਕੀਤਾ ਜਾ ਸਕਦਾ ਹੈ।
ਐੱਮ ਪੌਕਸ ਆਮ ਤੌਰ ਉੱਤੇ ਤੁਲਨਾਤਮਿਕ ਤੌਰ ਉੱਤੇ ਕਮਜ਼ੋਰ ਵਾਇਰਸ ਹੈ ਅਤੇ ਲੋਕ ਦੋ ਤੋਂ ਚਾਰ ਹਫ਼ਤੇ ਵਿੱਚ ਤੰਦਰੁਸਤ ਹੋ ਜਾਂਦੇ ਹਨ। ਹਾਲਾਂਕਿ ਕੁਝ ਲੋਕਾਂ ਦੀ ਹਾਲਤ ਵਿਗੜਦੀ ਵੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪੈਂਦਾ ਹੈ।
ਐੱਮ ਪੌਕਸ ਤੋਂ ਪੀੜਤ ਵਿਅਕਤੀ ਜਾਂ ਉਸ ਨਾਲ ਸੰਬੰਧਿਤ ਚੀਜ਼ਾਂ ਦੇ ਸੰਪਰਕ ਤੋਂ ਦੂਰ ਰਹਿ ਕੇ ਤੁਸੀਂ ਇਸ ਵਾਇਰਸ ਤੋਂ ਬਚ ਸਕਦੇ ਹਨ।
ਜ਼ਖਮਾਂ ਜਾਂ ਦੋਵਾਂ ਦੇ ਛੂਹਣ ਤੋਂ ਬਾਅਦ ਹੱਥ ਧੋ ਕੇ, ਸੈਨੇਟਾਈਜ਼ਰ ਦੀ ਵਰਤੋਂ ਕਰਕੇ ਤੁਸੀਂ ਇਸ ਤੋਂ ਬਚ ਸਕਦੇ ਹੋ।
ਪ੍ਰੋਫੈਸਰ ਰੋਡਨੇ ਦੇ ਮੁਤਾਬਕ— ਅਸੀਂ ਜਾਣਦੇ ਹਾਂ ਕਿ ਵੈਕਸੀਨ ਬਚਾਉਣ ਵਿੱਚ ਕਾਫ਼ੀ ਕਾਰਗਰ ਸਾਬਤ ਹੋ ਰਹੀ ਹੈ।
ਸਾਡੇ ਕੋਲ ਬਿਹਤਰ ਔਜਾਰ ਹਨ ਅਤੇ ਇਹ ਇੱਕ ਘੱਟ ਫੈਲਣ ਵਾਲਾ ਵਾਇਰਸ ਹੈ। ਅਜਿਹੇ ਵਿੱਚ ਲਗਦਾ ਨਹੀਂ ਕਿ ਇਹ ਐੱਮ ਪੌਕਸ ਵਾਇਰਸ ਕਰੋਨਾ ਵਰਗੀ ਮਹਾਮਾਰੀ ਬਣੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












