ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੂੰ ਕਿਸ ਚੀਜ਼ ਦਾ ਡਰ ਹੈ, ਉਹ ਕਿਹੜੀਆਂ ਰਵਾਇਤਾਂ ਬਦਲਣਾ ਚਾਹੁੰਦੇ ਹਨ

ਮੁਹੰਮਦ ਬਿਨ ਸਲਮਾਨ

ਤਸਵੀਰ ਸਰੋਤ, Reuters

    • ਲੇਖਕ, ਜੋਨਾਥਨ ਰਗਮੈਨ
    • ਰੋਲ, ਬ੍ਰਡਕਾਸਟਰ ਅਤੇ ਲੇਖਕ

ਜਨਵਰੀ 2015 ਵਿੱਚ ਸਾਊਦੀ ਅਰਬ ਵਿੱਚ 90 ਸਾਲਾ ਕਿੰਗ ਅਬਦੁੱਲਾ ਬਿਨ ਅਬਦੁਲ ਅਜ਼ੀਜ਼ ਆਖਰੀ ਸਾਹ ਗਿਣ ਰਹੇ ਸਨ।

ਉਨ੍ਹਾਂ ਦੇ ਸੌਤੇਲੇ ਭਰਾ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦੀ ਕਿੰਗ ਬਣਨ ਵਾਲੇ ਸਨ ਅਤੇ ਉਨ੍ਹਾਂ ਦਾ ਸਭ ਤੋਂ ਪਿਆਰੇ ਪੁੱਤਰ ਮੁਹੰਮਦ ਬਿਨ ਸਲਮਾਨ ਵੀ ਆਪਣੇ ਆਪ ਨੂੰ ਸਤਾ ਲਈ ਤਿਆਰ ਕਰ ਰਹੇ ਸਨ।

ਆਮ ਤੌਰ ਉੱਤੇ ਐਮਬੀਐੱਸ ਦੇ ਨਾਮ ਨਾਲ ਜਾਣੇ ਜਾਂਦੇ ਮੁਹੰਮਦ ਬਿਨ ਸਲਮਾਨ ਉਸ ਸਮੇਂ ਸਿਰਫ਼ 29 ਸਾਲ ਦੇ ਸਨ ਲੇਕਿਨ ਉਨ੍ਹਾਂ ਕੋਲ ਸਾਊਦੀ ਅਰਬ ਦੇ ਲਈ ਬਹੁਤ ਵੱਡੀ ਯੋਜਨਾ ਸੀ। ਤੁਸੀਂ ਇਸ ਨੂੰ ਸਾਊਦੀ ਅਰਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਯੋਜਨਾ ਕਹਿ ਸਕਦੇ ਹੋ।

ਲੇਕਿਨ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਉਨ੍ਹਾਂ ਦੇ ਆਪਣੇ ਸਾਊਦੀ ਸ਼ਾਹੀ ਪਰਿਵਾਰ ਦੇ ਜੀਅ ਉਨ੍ਹਾਂ ਦੇ ਖਿਲਾਫ਼ ਸਾਜਿਸ਼ ਕਰ ਸਕਦੇ ਹਨ।

ਇਸ ਲਈ ਉਸੇ ਮਹੀਨੇ ਇੱਕ ਦਿਨ ਅੱਧੀ ਰਾਤ ਨੂੰ ਐੱਮਬੀਐੱਸ ਨੇ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੂੰ ਉਸਦਾ ਭਰੋਸਾ ਜਿੱਤਣ ਲਈ ਮਹਿਲ ਵਿੱਚ ਬੁਲਾਇਆ।

ਅਧਿਕਾਰੀ ਸਾਦ ਅਲ ਜਾਬਰੀ ਤੋਂ ਉਨ੍ਹਾਂ ਦਾ ਫ਼ੋਨ ਕਮਰੇ ਦੇ ਬਾਹਰ ਹੀ ਮੇਜ਼ ਉੱਤੇ ਰਖਵਾ ਲਿਆ ਗਿਆ ਸੀ। ਖ਼ੁਦ ਐੱਮਬੀਐੱਸ ਨੇ ਵੀ ਆਪਣਾ ਫ਼ੋਨ ਬਾਹਰ ਹੀ ਰੱਖ ਦਿੱਤਾ ਸੀ।

ਪ੍ਰਿੰਸ ਸਲਮਾਨ ਮਹਿਲ ਦੇ ਜਸੂਸਾਂ ਤੋਂ ਇੰਨੇ ਸਾਵਧਾਨ ਸੀ ਕਿ ਉਨ੍ਹਾਂ ਨੇ ਕਮਰੇ ਦੇ ਇੱਕੋ-ਇੱਕ ਲੈਂਡਲਾਈਨ ਦਾ ਵੀ ਤਾਰ ਕੱਢ ਦਿੱਤਾ ਸੀ।

ਉਸ ਮੁਲਾਕਾਤ ਬਾਰੇ ਜਬਾਰੀ ਦੱਸਦੇ ਹਨ ਕਿ ਐੱਮਬੀਐੱਸ ਨੇ ਉਨ੍ਹਾਂ ਨੂੰ ਆਪਣੀ ਯੋਜਨਾ ਬਾਰੇ ਵਿਸਥਾਰ ਵਿੱਚ ਦੱਸਿਆ। ਉਹ ਕਿਵੇਂ ਇਸ ਸੁੱਤੇ ਹੋਏ ਦੇਸ ਨੂੰ ਜਗਾਉਣਾ ਚਾਹੁੰਦੇ ਹਨ, ਤਾਂ ਜੋ ਉਹ ਦੁਨੀਆਂ ਦੇ ਮੰਚ ਉੱਤੇ ਆਪਣੀ ਸਹੀ ਥਾਂ ਹਾਸਲ ਕਰ ਸਕੇ।

ਉਸੇ ਯੋਜਨਾ ਦੇ ਤਹਿਤ ਐੱਮਬੀਐੱਸ ਨੇ ਇਹ ਵੀ ਦੱਸਿਆ ਕਿ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਵਾਲੀ ਤੇਲ ਕੰਪਨੀ ਅਮਾਰਕੋ ਵਿੱਚ ਆਪਣੀ ਹਿੱਸੇਦਾਰੀ ਵੇਚ ਕੇ ਆਪਣੀ ਅਰਥਿਕਤਾ ਦੀ ਤੇਲ ਉੱਤੇ ਨਿਰਭਰਤਾ ਦੂਰ ਕਰਨਾ ਸ਼ੁਰੂ ਕਰ ਦੇਣਗੇ।

ਐੱਮਬੀਐੱਸ ਨੇ ਇਹ ਵੀ ਕਿਹਾ ਕਿ ਉਹ ਸਾਊਦੀ ਦੀਆਂ ਔਰਤਾਂ ਨੂੰ ਕੰਮ ਕਰਨ ਦੀ ਅਜ਼ਾਦੀ ਦੇ ਕੇ ਦੇਸ ਵਿੱਚ 60 ਲੱਖ ਤੋਂ ਜ਼ਿਆਦਾ ਨੌਕਰੀਆਂ ਦਾ ਪੈਦਾ ਕਰਨਗੇ।

ਐੱਮਬੀਐੱਸ ਦੀਆਂ ਗੱਲਾਂ ਤੋਂ ਹੈਰਾਨ ਜਾਬਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਆਖਰ ਉਹ ਚਾਹੁੰਦੇ ਕੀ ਹਨ?

ਦੋਵਾਂ ਦੀ ਬੈਠਕ ਜੋ ਪਹਿਲਾਂ ਅੱਧੇ ਘੰਟੇ ਲਈ ਤੈਅ ਕੀਤੀ ਗਈ ਸੀ ਤਿੰਨ ਘੰਟੇ ਤੱਕ ਚੱਲੀ।

ਜਾਬਰੀ ਦੇ ਮੋਬਾਈਲ ਉੱਤੇ ਉਨ੍ਹਾਂ ਦੇ ਸਰਕਾਰੀ ਸਹਿਯੋਗੀਆਂ ਦੇ ਕਈ ਮਿੱਸਡ ਕਾਲ ਆਏ ਹੋਏ ਸਨ। ਇਹ ਲੋਕ ਜਾਬਰੀ ਦੇ ਲੰਬੇ ਸਮੇਂ ਤੱਕ ਗਾਇਬ ਰਹਿਣ ਤੋਂ ਫਿਕਰਮੰਦ ਸਨ। ਇਹ ਕਾਲਾਂ ਦੇਖਦੇ ਹੋਏ ਜਾਬਰੀ ਕਮਰੇ ਤੋਂ ਬਾਹਰ ਚਲੇ ਗਏ।

ਬੀਬੀਸੀ ਦੀ ਦਸਤਾਵੇਜ਼ੀ ਬਣਾਉਣ ਵਾਲੀ ਟੀਮ ਪਿਛਲੇ ਇੱਕ ਸਾਲ ਤੋਂ ਐੱਮਬੀਐੱਸ ਦੇ ਜਾਣਕਾਰਾਂ ਅਤੇ ਵਿਰੋਧੀਆਂ ਦੇ ਨਾਲ-ਨਾਲ ਪੱਛਮ ਦੇ ਸੀਨੀਅਰ ਜਸੂਸਾਂ ਅਤੇ ਸਿਆਸਤਦਾਨਾਂ ਨਾਲ ਗੱਲ ਕਰਦੀ ਰਹੀ ਹੈ।

ਬੀਬੀਸੀ ਵੱਲੋਂ ਆਪਣੀ ਦਸਤਾਵੇਜ਼ੀ ਅਤੇ ਇਸ ਲੇਖ ਵਿੱਚ ਕੀਤੇ ਗਏ ਦਾਅਵਿਆਂ ਬਾਰੇ ਸਾਊਦੀ ਸਰਕਾਰ ਨੂੰ ਆਪਣਾ ਪੱਖ ਰੱਖਣ ਦੇ ਲਈ ਕਿਹਾ ਸੀ ਲੇਕਿਨ ਉਨ੍ਹਾਂ ਨੇ ਆਪਣਾ ਪੱਖ ਨਹੀਂ ਰੱਖਿਆ।

ਸਾਊਦੀ ਦੇ ਡਿਫੈਂਸ ਸਿਸਟਮ ਵਿੱਚ ਸਾਦ ਅਲ-ਜਾਬਰੀ ਦੀ ਜਕੜ ਇੰਨੇ ਅੰਦਰ ਤੱਕ ਸੀ ਕਿ ਉਨ੍ਹਾਂ ਦੀ ਦੋਸਤੀ ਸੀਆਈਏ ਅਤੇ ਐੱਮਆਈ-6 ਦੇ ਮੁਖੀਆਂ ਨਾਲ ਸੀ।

ਹਾਲਾਂਕਿ, ਸਾਊਦੀ ਸਰਕਾਰ ਜਾਬਰੀ ਨੂੰ ਇੱਕ, ਆਹਲਾ ਦਰਜੇ ਦਾ ਅਧਿਕਾਰੀ ਮੰਨਦੀ ਹੈ। ਲੇਕਿਨ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਉਹ ਸਾਊਦੀ ਮੂਲ ਦੇ ਇੱਕ ਅਜਿਹੇ ਅਧਿਕਾਰੀ ਲਗਦੇ ਹਨ, ਜਿਨ੍ਹਾਂ ਕੋਲ ਸਾਊਦੀ ਕ੍ਰਾਊਨ ਪ੍ਰਿੰਸ ਦੇ ਬਾਰੇ ਸਭ ਤੋਂ ਜ਼ਿਆਦਾ ਅਤੇ ਸਟੀਕ ਜਾਣਕਾਰੀ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇੰਟਰਵਿਊ ਵਿੱਚ ਉਹ ਇਹ ਵੀ ਦੱਸਣ ਦੀ ਹਿੰਮਤ ਕਰਦੇ ਹਨ ਕਿ ਕਿਵੇਂ ਕ੍ਰਾਊਨ ਪ੍ਰਿੰਸ ਸਾਊਦੀ ਅਰਬ ਉੱਤੇ ਰਾਜ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਇੰਟਰਵਿਊ ਵਿੱਚ ਦੁਰਲਭ ਅਤੇ ਹੈਰਾਨੀਜਨਕ ਜਾਣਕਾਰੀਆਂ ਦਿੱਤੀਆਂ ਹਨ।

ਕ੍ਰਾਊਨ ਪ੍ਰਿੰਸ ਨੂੰ ਨਿੱਜੀ ਰੂਪ ਵਿੱਚ ਜਾਣਨ ਵਾਲੇ ਕਈ ਲੋਕਾਂ ਨਾਲ ਗੱਲਬਾਤ ਕਰਕੇ ਬੀਬੀਸੀ ਨੇ ਉਨ੍ਹਾਂ ਘਟਨਾਵਾਂ ਦੀ ਪੜਤਾਲ ਕੀਤੀ ਜਿਨ੍ਹਾਂ ਨੇ ਐੱਮਬੀਐੱਸ ਨੂੰ ‘ਕੁਖਿਆਤ’ ਬਣਾ ਦਿੱਤਾ।

ਇਨ੍ਹਾਂ ਘਟਨਾਵਾਂ ਵਿੱਚ ਸਾਲ 2018 ਵਿੱਚ ਸਾਊਦੀ ਪੱਤਰਕਾਰ ਜਮਾਨ ਖਾਸ਼ੋਜੀ ਦੀ ਹੱਤਿਆ ਅਤੇ ਯਮਨ ਵਿੱਚ ਵਿਨਾਸ਼ਕਾਰੀ ਯੁੱਧ ਵੀ ਸ਼ਾਮਲ ਹੈ।

ਸਾਦ ਅਲ-ਜਾਬਰੀ ਨੂੰ ਦੱਸੀਆਂ ਗਈਆਂ ਅਹਿਮ ਯੋਜਨਾਵਾਂ ਦੀ ਸ਼ੁਰੂਆਤ ਐੱਮਬੀਐੱਸ ਨੇ ਕਰ ਦਿੱਤੀ ਹੈ।

ਇਸੇ ਦੇ ਨਾਲ ਹੀ ਉਨ੍ਹਾਂ ਉੱਤੇ ਪ੍ਰਗਟਾਵੇ ਦੀ ਅਜ਼ਾਦੀ ਖੋਹਣ, ਮੌਤ ਦੀ ਸਜ਼ਾ ਦੀ ਖੁੱਲ੍ਹੀ ਵਰਤੋਂ ਕਰਨ ਅਤੇ ਬੀਬੀਆਂ ਦੇ ਹੱਕਾਂ ਦੇ ਵਕਾਲਤੀਆਂ ਨੂੰ ਜੇਲ੍ਹ ਭੇਜਣ ਸਮੇਤ ਮਨੁੱਖ ਹੱਕਾਂ ਦੇ ਉਲੰਘਣ ਦੇ ਇਲਜ਼ਾਮ ਲੱਗੇ ਹਨ।

ਇੱਕ ਅਸ਼ੁੱਭ ਸ਼ੁਰੂਆਤ

ਐੱਮਬੀਐੱਸ ਦੇ ਪਿਤਾ ਸਾਊਦੀ ਅਰਬ ਦੇ ਪਹਿਲੇ ਰਾਜਾ ਦੇ ਕਰੀਬ 42 ਪੁੱਤਰਾਂ ਵਿੱਚੋਂ ਇੱਕ ਹਨ ਅਤੇ ਉੱਥੋਂ ਦੀ ਸਤਾ ਰਵਾਇਤੀ ਰੂਪ ਵਿੱਚ ਇਨ੍ਹਾਂ ਪੁੱਤਰਾਂ ਦੇ ਹੱਥਾਂ ਵਿੱਚ ਹੀ ਬਦਲਦੀ ਰਹੀ ਹੈ।

ਸਾਲ 2011 ਅਤੇ 2012 ਵਿੱਚ ਕਿੰਗ ਅਬਦੁੱਲਾ ਦੇ ਦੋ ਪੁੱਤਰਾਂ ਦੀ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਸਲਮਾਨ ਵਾਰਸਾਂ ਦੀ ਦੌੜ ਵਿੱਚ ਅੱਗੇ ਆ ਗਏ ਸਨ।

ਪੱਛਮੀ ਸੂਹੀਆ ਏਜੰਸੀਆਂ, ਸਾਊਦੀ ਅਰਬ ਦਾ ਅਗਲਾ ਰਾਜਾ ਕੌਣ ਹੋਵੇਗਾ... ਵਰਗੇ ਮੁੱਦਿਆਂ ਉੱਤੇ ਖੂਬ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕਰਦੀਆਂ ਹਨ।

ਇਸ ਲਿਹਾਜ਼ ਨਾਲ ਘੱਟ ਉਮਰ ਹੋਣ ਕਾਰਨ ਸਾਊਦੀ ਅਤੇ ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ ਹੋਣ ਦੇ ਕਾਰਨ ਐੱਮਬੀਐੱਸ ਏਜੰਸੀਆਂ ਦੀ ਰਡਾਰ ਉੱਤੇ ਵੀ ਨਹੀਂ ਸਨ।

ਮੁਹੰਮਦ ਬਿਨ ਸਲਮਾਨ

ਤਸਵੀਰ ਸਰੋਤ, Getty Images

2014 ਤੱਕ ਐੱਮਆਈ6 ਦੇ ਮੁਖੀ ਰਹੇ ਸਰਜਾਨ ਸਾਵਰਸਕਹਿੰਦੇ ਹਨ, “ਕਿੰਗ ਸਲਮਾਨ ਮੁਕਾਬਲਤਨ ਗੁੰਮਨਾਮੀ ਵਿੱਚ ਵੱਡੇ ਹੋਏ ਅਤੇ ਅਜਿਹਾ ਕਦੇ ਨਹੀਂ ਲੱਗਿਆ ਕਿ ਉਹ ਸੱਤਾ ਤੱਕ ਪਹੁੰਚਣਗੇ।”

ਕ੍ਰਾਊਨ ਪ੍ਰਿੰਸ ਇੱਕ ਅਜਿਹੇ ਮਹਿਲ ਵਿੱਚ ਵੱਡੇ ਹੋਏ ਜਿੱਥੇ ਗ਼ਲਤ ਵਤੀਰੇ ਦੇ ਨਤੀਜੇ ਜਾਂ ਤਾਂ ਬਹੁਤ ਥੋੜ੍ਹੇ ਹੁੰਦੇ ਸਨ ਜਾਂ ਹੁੰਦੇ ਹੀ ਨਹੀਂ ਸਨ।

ਅਜਿਹੇ ਵਿੱਚ ਉਨ੍ਹਾਂ ਦੀਆਂ ਇਹ ਆਦਤ ਸਮਝੀ ਜਾ ਸਕਦੀ ਹੈ ਕਿ ਉਹ ਆਪਣੇ ਫੈਸਲਿਆਂ ਦੇ ਅਸਰ ਦੇ ਬਾਰੇ ਉਦੋਂ ਤੱਕ ਨਹੀਂ ਸੋਚਦੇ ਹਨ ਜਦੋਂ ਤੱਕ ਕਿ ਉਹ ਫੈਸਲਾ ਨਹੀਂ ਲੈ ਲੇਂਦੇ।

ਐੱਮਬੀਐੱਸ ਦੀ ਇਹ ਆਦਤ ਪਹਿਲੀ ਵਾਰ ਉਨ੍ਹਾਂ ਦੇ ਅਲੱੜ੍ਹਪੁਣੇ ਵਿੱਚ ਸਾਹਮਣੇ ਆਈ ਸੀ, ਉਸ ਸਮੇਂ ਉਨ੍ਹਾਂ ਨੂੰ “ਅਬੂ ਰਸਾਸਾ” ਜਾਂ “ਫਾਦਰ ਆਫ਼ ਬੁਲੇਟ” ਦਾ ਨਾਮ ਦਿੱਤਾ ਗਿਆ ਸੀ।

ਉਨ੍ਹਾਂ ਨੇ ਕਥਿਤ ਤੌਰ ਉੱਤੇ ਇੱਕ ਜੱਜ ਨੂੰ ਗੋਲੀ ਭੇਜ ਦਿੱਤੀ ਸੀ, ਜਦੋਂ ਉਸ ਜੱਜ ਨੇ ਜਾਇਦਾਦ ਦੇ ਝਗੜੇ ਵਿੱਚ ਉਨ੍ਹਾਂ ਦਾ ਵਿਰੋਧ ਕੀਤਾ ਸੀ।

ਸਰ ਜਾਨ ਸਵਾਰਸ ਕਹਿੰਦੇ ਹਨ, “ਉਨ੍ਹਾਂ ਵਿੱਚ ਇੱਕ ਤਰ੍ਹਾਂ ਦੀ ਬੇਕਿਰਕੀ ਰਹੀ ਹੈ।”

ਉਹ ਕਹਿੰਦੇ ਹਨ, “ਉਨ੍ਹਾਂ ਨੂੰ ਵਿਰੋਧ ਪਸੰਦ ਨਹੀਂ ਹੈ। ਲੇਕਿਨ ਇਸੇ ਵਜ੍ਹਾ ਕਰਕੇ ਉਹ ਉਨ੍ਹਾਂ ਬਦਲਾਵਾਂ ਨੂੰ ਲਾਗੂ ਕਰਨ ਵਿੱਚ ਸਫ਼ਲ ਹੋਏ ਹਨ ਜੋ ਹੁਣ ਤੱਕ ਕੋਈ ਵੀ ਸਾਊਦੀ ਆਗੂ ਨਹੀਂ ਕਰ ਸਕਿਆ ਸੀ।”

ਐੱਮਆਈ6 ਦੇ ਸਾਬਕਾ ਮੁਖੀ ਨੇ ਇਹ ਵੀ ਕਿਹਾ ਕਿ ਸਭ ਤੋਂ ਸਵਾਗਤਯੋਗ ਬਦਲਾਵਾਂ ਵਿੱਚੋਂ ਇੱਕ ਵਿਦੇਸ਼ੀ ਮਸਜਿਦਾਂ ਅਤੇ ਧਾਰਮਿਕ ਸਕੂਲਾਂ ਦੀ ਫੰਡਿੰਗ ਵਿੱਚ ਕਟੌਤੀ ਕਰਨਾ ਸੀ। ਜਿਸ ਦੇ ਬਾਰੇ ਮੰਨਿਆਂ ਜਾਣ ਲੱਗਿਆ ਸੀ ਕਿ ਇਹ ਜਗ੍ਹਾ ਇਸਲਾਮੀ ਜਿਹਾਦ ਨੂੰ ਵਧਾਵਾ ਦੇਣ ਵਾਲੀ ਥਾਂ ਬਣ ਗਈ ਹੈ। ਜੋ ਪੱਛਮ ਦੀ ਸੁਰੱਖਿਆ ਲਈ ਵੱਡੀ ਗੱਲ ਸੀ।

ਐੱਮਬੀਐੱਸ ਦੀ ਇੱਕ ਮਾਂ ਹਫ਼ਦਾ ਇੱਕ ਬੇਡੋਇਨ ਕਬਾਇਲੀ ਸਮੁਦਾਇ ਦੇ ਪਿਛੋਕੜ ਵਾਲੀ ਬੀਬੀ ਹੈ। ਉਹ ਐੱਮਬੀਐੱਸ ਦੇ ਪਿਤਾ ਦੀਆਂ ਚਾਰ ਪਤਨੀਆਂ ਵਿੱਚੋਂ ਸਭ ਤੋਂ ਚਹੇਤੇ ਸਨ।

ਸਲਮਾਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਉਹ ਬਾਦਸ਼ਾਹ ਦੇ ਤੀਜੀ ਪਤਨੀ ਨਾਲ ਵੱਡੇ ਪੁੱਤਰ ਹਨ

ਪੱਛਮੀ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਰਾਜਾ ਕਈ ਸਾਲਾਂ ਤੱਕ ਵੈਸਕੂਲਰ ਡਿਮੇਂਸ਼ੀਆ ਤੋਂ ਪੀੜਤ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਮਦਦ ਲਈ ਐੱਮਬੀਐੱਸ ਹੀ ਸਨ।

ਕਈ ਸਿਆਸਤਦਾਨਾਂ ਨੇ ਐੱਮਬੀਐੱਸ ਅਤੇ ਉਨ੍ਹਾਂ ਦੇ ਪਿਤਾ ਦੇ ਨਾਲ ਆਪਣੀਆਂ ਮੁਲਾਕਾਤਾਂ ਬਾਰੇ ਬੀਬੀਸੀ ਨੂੰ ਦੱਸਿਆ। ਕ੍ਰਾਊਨ ਪ੍ਰਿੰਸ ਆਪਣੇ ਆਈਪੈਡ ਉੱਤੇ ਨੋਟਸ ਲਿਖਦੇ ਰਹੇ ਸਨ, ਫਿਰ ਨੋਟਸ ਨੂੰ ਆਪਣੇ ਪਿਤਾ ਦੇ ਆਈਪੈਡ ਉੱਤੇ ਭੇਜਦੇ ਸਨ ਤਾਂ ਕਿ ਉਹ ਆਪਣੀ ਗੱਲ ਬੋਲ ਸਕਣ।

ਡੇਵਿਡ ਕੈਰਮੂਨ ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਨ, ਉਸ ਸਮੇਂ ਉਨ੍ਹਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਰਹੇ ਲਾਰਡ ਕਿਮ ਡਾਰੋਚ ਯਾਦ ਕਰਦੇ ਹੋਏ ਲਿਖਦੇ ਹਨ, “ਮੈਨੂੰ ਇਹ ਸੋਚਣ ਉੱਤੇ ਮਜਬੂਰ ਹੋਣਾ ਪਿਆ ਕਿ ਉਹ ਉਨ੍ਹਾਂ ਲਈ ਲਾਈਨਾਂ ਲਿਖ ਰਹੇ ਹਨ।”

ਕਿਹਾ ਜਾਂਦਾ ਹੈ ਕਿ ਕ੍ਰਾਊਨ ਪ੍ਰਿੰਸ ਆਪਣੇ ਪਿਤਾ ਨੂੰ ਰਾਜਾ ਬਣਾਉਣ ਲਈ ਇੰਨੇ ਗੰਭੀਰ ਅਤੇ ਅਧੀਰ ਸਨ ਕਿ 2014 ਵਿੱਚ ਉਨ੍ਹਾਂ ਨੇ ਕਥਿਤ ਰੂਪ ਵਿੱਚ ਰੂਸ ਤੋਂ ਹਾਸਲ ਕੀਤੀ ਗਈ ਜ਼ਹਿਰ ਦੀ ਅੰਗੂਠੀ ਨਾਲ ਰਾਜਾ ਅਬਦੁੱਲ੍ਹਾ ਅਤੇ ਚਾਚੇ ਨੂੰ ਮਾਰਨ ਦਾ ਸੁਝਾਅ ਤੱਕ ਦਿੱਤਾ ਸੀ।

ਇਸ ਬਾਰੇ ਜਾਬਰੀ ਕਹਿੰਦੇ ਹਨ, “ਸਾਨੂੰ ਇਸ ਗੱਲ ਬਾਰੇ ਯਕੀਨ ਨਹੀਂ ਸੀ ਕਿ ਐੱਮਬੀਐੱਸ ਇਹ ਸਾਰੀਆਂ ਗੱਲਾਂ ਗੰਭੀਰਤਾ ਦੇ ਨਾਲ ਕਹਿ ਰਹੇ ਸਨ, ਜਾਂ ਐਵੇਂ ਹੀ ਅਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਗਿਆ।”

ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਸਾਬਕਾ ਸੀਨੀਅਰ ਸੁਰੱਖਿਆ ਅਧਿਕਾਰੀ ਇੱਥੋਂ ਤੱਕ ਕਹਿੰਦੇ ਹਨ ਕਿ ਉਨ੍ਹਾਂ ਨੇ ਐੱਮਬੀਐੱਸ ਦਾ ਇੱਕ ਗੁਪਤ ਰੂਪ ਵਿੱਚ ਰਿਕਾਰਡ ਕੀਤਾ ਗਿਆ ਵੀਡੀਓ ਵੀ ਦੇਖਿਆ ਹੈ। ਵੀਡੀਓ ਵਿੱਚ ਉਹ ਰਾਜਾ ਅਤੇ ਚਾਚੇ ਨੂੰ ਮਾਰਨ ਦੀ ਗੱਲ ਕਰ ਰਹੇ ਹਨ। ਇਸ ਕਾਰਨ ਅਦਾਲਤ ਨੇ ਰਾਜਾ ਦੇ ਨਾਲ ਕਾਫ਼ੀ ਦੇਰ ਤੱਕ ਹੱਥ ਮਿਲਾਉਣ ਉੱਤੇ ਵੀ ਪਾਬੰਦੀ ਲਾਈ ਹੋਈ ਸੀ।

2015 ਵਿੱਚ ਰਾਜਾ ਦੀ ਕੁਦਰਤੀ ਕਾਰਨਾਂ ਕਰਕੇ ਮੈਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਸੌਤੇਲੇ ਭਰਾ ਸਲਮਾਨ ਨੂੰ ਰਾਜ ਗੱਦੀ ਮਿਲੀ ਅਤੇ ਐੱਮਬੀਐੱਸ ਨੂੰ ਰੱਖਿਆ ਮੰਤਰੀ ਲਾਇਆ ਗਿਆ। ਐੱਮਬੀਐੱਸ ਨੇ ਵੀ ਰੱਖਿਆ ਮੰਤਰੀ ਬਣਦੇ ਹੀ ਯੁੱਧ ਵਿੱਚ ਜਾਣ ਦਾ ਮੌਕਾ ਖੁੰਝਾਇਆ ਨਹੀਂ ।

ਯਮਨ ਵਿੱਚ ਯੁੱਧ

ਦੋ ਮਹੀਨੇ ਬਾਅਦ ਹੀ ਕ੍ਰਾਊਨ ਪ੍ਰਿੰਸ ਨੇ ਪੱਛਮੀ ਯਮਨ ਦੇ ਜ਼ਿਆਦਾਤਰ ਹਿੱਸਿਆਂ ਉੱਤੇ ਕਬਜ਼ ਕਰ ਚੁੱਕੇ ਹੂਤੀ ਬਾਗੀਆਂ ਦੇ ਖਿਲਾਫ਼ ਲੜਾਈ ਵਿੱਚ ਖਾੜੀ ਗਠਜੋੜ ਦੀ ਅਗਵਾਈ ਕੀਤੀ।

ਹੂਤੀ ਬਾਗੀਆਂ ਨੂੰ ਉਹ ਸਾਊਦੀ ਅਰਬ ਦੇ ਸ਼ਰੀਕ ਇਰਾਨ ਦੀ ਪ੍ਰਾਕਸੀ ਦੇ ਰੂਪ ਵਿੱਚ ਦੇਖਦੇ ਸਨ।

ਹਾਲਾਂਕਿ ਇਸ ਲੜਾਈ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਵਿੱਚ ਹਜ਼ਾਰਾਂ ਲੋਕ ਅਕਾਲ ਦੀ ਕਗਾਰ ਉੱਤੇ ਪਹੁੰਚ ਗਏ।

ਯੁੱਧ ਸ਼ੁਰੂ ਹੋਣ ਦੇ ਸਮੇਂ ਬ੍ਰਿਟੇਨ ਦੇ ਰਾਜਦੂਤ ਜਾਹਨ ਜੇਨਕਿੰਸ ਕਹਿੰਦੇ ਹਨ, “ਇਹ ਇੱਕ ਸਮਝਦਾਰੀ ਭਰਿਆ ਫੈਸਲਾ ਨਹੀਂ ਸੀ।”

ਯਮਨ ਵਿੱਚ ਮੁਜ਼ਾਹਰਾ ਕਰ ਰਹੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਮਨ ਵਿੱਚ ਫੌਜੀ ਦਖ਼ਲ ਦੇਣ ਦਾ ਫੈਸਲਾ ਸਲਮਾਨ ਦਾ ਇੱਕ ਵੱਡਾ ਕਦਮ ਸੀ

ਉਹ ਕਹਿੰਦੇ ਹਨ,“ਇੱਕ ਸੀਨੀਅਰ ਅਮਰੀਕੀ ਫੌਜੀ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਅਭਿਆਨ ਬਾਰੇ 12 ਘੰਟੇ ਪਹਿਲਾਂ ਸੂਚਨਾ ਦਿੱਤੀ ਸੀ, ਜੋ ਕਿ ਆਮ ਨਹੀਂ ਹੈ। ”

ਲੇਕਿਨ ਪ੍ਰਿੰਸ ਦੇ ਨਾਲ ਇਸ ਅਭਿਆਨ ਨੇ ਉਨ੍ਹਾਂ ਨੂੰ ਇੱਕ ਅਨਜਾਣ ਰਾਜਕੁਮਾਰ ਤੋਂ ਸਾਊਦੀ ਦੇ ਕੌਮੀ ਨਾਇਕ ਵਜੋਂ ਸਥਾਪਿਤ ਕਰ ਦਿੱਤਾ।

ਇਹ ਵੀ ਪਹਿਲੀ ਵਾਰ ਹੀ ਹੋਇਆ ਸੀ ਕਿ ਉਨ੍ਹਾਂ ਦੇ ਕਈ ਦੋਸਤਾਂ ਨੇ ਮੰਨਿਆ ਕਿ ਕਈ ਵੱਡੀਆਂ ਗਲਤੀਆਂ ਹੋਈਆਂ ਸਨ।

ਹੁਣ ਸਾਊਦੀ ਅਰਬ ਦੇ ਵਿਵਹਾਰ ਵਿੱਚ ਇੱਕ ਨਵੇਂ ਤਰ੍ਹਾਂ ਦਾ ਪੈਟਰਨ ਨਜ਼ਰ ਆ ਰਿਹਾ ਸੀ।

ਰਵਾਇਤੀ ਰੂਪ ਤੋਂ ਫੈਸਲੇ ਲੈਣ ਵਿੱਚ ਦੇਰੀ ਦੀ ਥਾਂ ਹੁਣ ਹੈਰਾਨ ਕਰਨ ਵਾਲੇ ਫੈਸਲੇ ਅਤੇ ਅਮਰੀਕਾ ਮੂਹਰੇ ਨਾ ਝੁਕਣ ਵਾਲੇ ਦੇਸ ਦਾ ਅਕਸ ਬਣ ਰਿਹਾ ਸੀ।

ਜਾਬਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯਮਨ ਯੁੱਧ ਦੇ ਬਾਰੇ ਵਿੱਚ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਵ੍ਹਾਈਟ ਹਾਊਸ ਵਿੱਚ ਚਰਚਾ ਕੀਤੀ ਸੀ।

ਤਤਕਾਲੀ ਰਾਸ਼ਟਰਪਤੀ ਓਬਾਮਾ ਦੇ ਕੌਮੀ ਸੁਰੱਖਿਆ ਸਲਾਹਕਾਰ ਸੁਸਾਨ ਰਾਇਸ ਨੇ ਉਨ੍ਹਾਂ ਨੂੰ ਸਾਫ਼ ਕਰ ਦਿੱਤਾ ਸੀ ਕਿ ਅਮਰੀਕਾ ਸਿਰਫ਼ ਹਵਾਈ ਮਿਸ਼ਨ ਦੀ ਹਮਾਇਤ ਕਰੇਗਾ।

ਜਾਬਰੀ ਕਹਿੰਦੇ ਹਨ ਕਿ ਅਮਰੀਕਾ ਦੇ ਸਾਫ਼ ਕਹਿਣ ਤੋਂ ਬਾਅਦ ਵੀ ਐੱਮਬੀਐੱਸ ਯਮਨ ਵਿੱਚ ਅੱਗੇ ਵਧਣ ਲਈ ਇੰਨੇ ਪੱਕੇ ਸਨ, ਉਨ੍ਹਾਂ ਨੇ ਅਮਰੀਕਾ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਜਾਬਰੀ ਦੱਸਦੇ ਹਨ, “ਐੱਮਬੀਐੱਸ ਨੇ ਆਪਣੇ ਪਿਤਾ ਦੀ ਜਾਅਲੀ ਮੋਹਰ ਬਣਵਾਈ ਸੀ। ਇੱਕ ਸ਼ਾਹੀ ਫੁਰਮਾਨ ਜਾਰੀ ਕਰਨ ਲਈ। ਜਿਸ ਵਿੱਚ ਜ਼ਮੀਨੀ ਦਖ਼ਲ ਦੇਣ ਦੀ ਗੱਲ ਕਹੀ ਗਈ ਸੀ। ਰਾਜਾ ਦੀ ਮਾਨਸਿਕ ਸਥਿਤੀ ਵਿਗੜਦੀ ਜਾ ਰਹੀ ਸੀ।”

ਜਾਬਰੀ ਨੇ ਕਿਹਾ-ਉਨ੍ਹਾਂ ਦੇ ਇਸ ਦਾਅਵੇ ਦਾ ਅਧਾਰ ਉਨ੍ਹਾਂ ਦਾ ਭਰੋਸੇਮੰਦ ਸੂਤਰ ਸੀ, ਜੋ ਅੰਦਰੂਨੀ ਮੰਤਰਾਲੇ ਵਿੱਚ ਚੀਫ਼ ਆਫ਼ ਸਟਾਫ਼ ਸਨ।

ਜਾਬਰੀ ਯਾਦ ਕਰਦੇ ਹਨ ਕਿ ਰਿਆਦ ਵਿੱਚ ਸੀਆਈਏ ਸਟੇਸ਼ਨ ਦੇ ਮੁਖੀ ਇਸ ਗੱਲ ਤੋਂ ਇੰਨੇ ਨਾਰਾਜ਼ ਸਨ ਕਿ ਐੱਮਬੀਐੱਸ ਨੇ ਅਮਰੀਕਾ ਦੀ ਅਣਦੇਖੀ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਯਮਨ ਵਿੱਚ ਕਦੇ ਵੀ ਹਮਲਾ ਨਹੀਂ ਹੋਣਾ ਚਾਹੀਦਾ ਸੀ।

ਹਾਲਾਂਕਿ ਐੱਮਆਈ6 ਦੇ ਸਾਬਕਾ ਮੁਖੀ ਸਰ ਜਾਨ ਸਾਵਰਸ ਐੱਮਬੀਐੱਸ ਦੇ ਜਾਅਲੀ ਦਸਾਤਾਵੇਜ਼ਾਂ ਦੇ ਫਰਜ਼ੀਵਾੜੇ ਵਾਲੀਆਂ ਗੱਲਾਂ ਤੋਂ ਅਗਿਆਨਤਾ ਜ਼ਾਹਰ ਕਰਦੇ ਹਨ।

ਜਾਹਨ ਸਾਵਰਸ ਕਹਿੰਦੇ ਹਨ, “ਇਹ ਸਾਫ਼ ਹੈ ਕਿ ਯਮਨ ਵਿੱਚ ਫੌਜੀ ਦਖ਼ਲ ਦਾ ਫੈਸਲਾ ਐੱਮਬੀਐੱਸ ਦਾ ਸੀ ਨਾਕਿ ਉਨ੍ਹਾਂ ਦੇ ਪਿਤਾ ਦਾ ਸੀ। ਹਾਲਾਂਕਿ ਉਨ੍ਹਾਂ ਦੇ ਪਿਤਾ ਇਸ ਦੇ ਨਾਲ ਤੁਰ ਪਏ ਸਨ।”

ਡੌਨਲਡ ਟਰੰਪ ਜਦੋਂ ਰਾਸ਼ਟਰਪਤੀ ਸਨ, ਉਸ ਸਮੇਂ ਉਨ੍ਹਾਂ ਦੀ ਕੌਮੀ ਸੁਰੱਖਿਆ ਕਾਊਂਸਲ ਵਿੱਚ ਕੰਮ ਕਰ ਚੁੱਕੇ ਕ੍ਰਿਸਟੀਨ ਫਾਨਟੇਨਰੇਸ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਪ੍ਰਿੰਸ ਦਾ ਸੀਆਈਏ ਵੱਲੋਂ ਬਣਾਇਆ ਗਿਆ ਮਨੋਵਿਗਿਆਨਕ ਪ੍ਰੋਫਾਈਲ ਪੜ੍ਹੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਸ ਵਿੱਚ ਪੂਰੀ ਤਰ੍ਹਾਂ ਨਾਲ ਇਹ ਨਹੀਂ ਦਰਸਾਇਆ ਗਿਆ ਕਿ ਆਖਰ ਹੈ ਕੌਣ।

ਉਹ ਕਹਿੰਦੇ ਹਨ,“ਉਨ੍ਹਾਂ ਵਰਗਾ ਕੋਈ ਦੂਜਾ ਨਹੀਂ ਸੀ। ਉਨ੍ਹਾਂ ਕੋਲ ਅਸੀਮਤ ਸਾਧਨ ਸਨ। ਉਨ੍ਹਾਂ ਨੂੰ ਕਦੇ ਵੀ ‘ਨਹੀਂ’ ਨਹੀਂ ਕਿਹਾ ਗਿਆ ਸੀ। ਉਹ ਪਹਿਲੇ ਅਜਿਹੇ ਨੌਜਵਾਨ ਆਗੂ ਹਨ ਜੋ ਉਸ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ, ਈਮਾਨਦਾਰੀ ਨਾਲ ਕਿਹਾ ਜਾਏ ਤਾਂ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਸ ਨੂੰ ਸਮਝਣ ਦੇ ਲਈ ਜ਼ਿਆਦਾ ਉਮਰ ਦੇ ਹੋ ਚੁੱਕੇ ਹਨ।”

ਆਪ ਨਿਯਮ ਬਣਾਉਣਾ

ਐੱਮਬੀਐੱਸ ਦੇ ਵਿਜ਼ਨ ਅਤੇ ਸੋਚ ਬਾਰੇ 2017 ਦੀ ਇੱਕ ਘਟਨਾ ਤੋਂ ਅੰਦਾਜ਼ਾ ਲਗਦਾ ਹੈ ਕਿ ਜਦੋਂ ਉਨ੍ਹਾਂ ਨੇ ਇੱਕ ਮਸ਼ਹੂਰ ਪੇਂਟਿੰਗ ਖ਼ਰੀਦੀ ਸੀ।

ਖ਼ਰੀਦੀ ਗਈ ਪੇਂਟਿੰਗ ਤੋਂ ਸਾਫ਼ ਪਤਾ ਲਗਦਾ ਹੈ ਕਿ ਐੱਮਬੀਐੱਸ ਇੱਕ ਖ਼ਤਰਾ ਚੁੱਕਣ ਵਾਲੇ ਹਨ। ਧਾਰਮਿਕ ਰੂਪ ਤੋਂ ਰੂੜ੍ਹੀਵਾਦੀ ਸਮਾਜ ਤੋਂ ਅੱਗੇ ਵੱਧ ਕੇ ਵੱਖਰਾ ਕਦਮ ਚੁੱਕਣ ਤੋਂ ਡਰਨ ਵਾਲੇ ਨਹੀਂ ਹਨ।

ਇਸ ਤੋਂ ਇਲਾਵਾ ਸਤਾ ਦੀ ਖੇਡ ਵਿੱਚ ਪੱਛਮ ਨੂੰ ਅੱਗੇ ਵਧ ਕੇ ਹਰਾਉਣ ਦਾ ਪੱਕਾ ਇਰਾਦਾ।

ਮੁੰਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੰਡੀ ਪੇਂਟਿੰਗ ਲਿਓਨਾਰਡੋ ਦਾ ਵਿੰਚੀ ਵੱਲੋਂ ਬਣਾਈ ਗਈ ਇਸ ਪੇਂਟਿੰਗ ਵਿੱਚ ਈਸਾ ਮਸੀਹ ਅਰਸ਼ਾਂ ਅਤੇ ਫਰਸ਼ਾਂ ਦੇ ਮਾਲਕ ਵਜੋਂ ਦਰਸਾਇਆ ਗਿਆ ਹੈ

2017 ਵਿੱਚ ਹੀ ਐੱਮਬੀਐੱਸ ਦੇ ਲਈ ਇੱਕ ਸਾਊਦੀ ਰਾਜਕੁਮਾਰ ਨੇ ਦੁਨੀਆਂ ਦੀ ਸਭ ਤੋਂ ਮਹਿੰਗੀ ਪੇਂਟਿੰਗ ਮੁੰਡੀ ਉੱਤੇ 45 ਕਰੋੜ ਡਾਲਰ ਖ਼ਰਚ ਕੀਤੇ ਜੋ ਹੁਣ ਤੱਕ ਵੇਚੀ ਗਈ ਦੁਨੀਆਂ ਦੀ ਸਭ ਤੋਂ ਮਹਿੰਗੀ ਕਲਾਕ੍ਰਿਤੀ ਹੈ।

ਲਿਓਨਾਰਡੋ ਦਾ ਵਿੰਚੀ ਵੱਲੋਂ ਬਣਾਈ ਗਈ ਇਸ ਪੇਂਟਿੰਗ ਵਿੱਚ ਈਸਾ ਮਸੀਹ ਨੂੰ ਸਵਰਗ ਅਤੇ ਧਰਤੀ ਦੇ ਮਾਲਕ ਦੇ ਰੂਪ ਵਿੱਚ ਦੁਨੀਆਂ ਦੇ ਉਧਾਰਕ ਵਜੋਂ ਦਰਸਾਇਆ ਗਿਆ ਹੈ। ਜੋ ਲਗਭਗ ਸੱਤ ਸਾਲ ਪਹਿਲਾਂ ਹੋਈ ਨੀਲਾਮੀ ਤੋਂ ਬਾਅਦ ਪੂਰੀ ਤਰ੍ਹਾਂ ਗਾਇਬ ਹੈ।

ਇਸ ਬਾਰੇ ਕ੍ਰਾਊਨ ਪ੍ਰਿੰਸ ਦੇ ਦੋਸਤ ਅਤੇ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਨੀਅਰ ਈਸਟਰ ਸਟੱਡੀਜ਼ ਦੇ ਪ੍ਰੋਫੈਸਰ ਬਰਨਾਰਡ ਹੇਕੇਲ ਰਾਜਕੁਮਾਰ ਦੀ ਯਾਟ (ਭਾਫ਼ ਕਿਸ਼ਤੀ) ਜਾਂ ਮਹਿਲ ਵਿੱਚ ਲਟਕੇ ਹੋਣ ਵਰਗੀਆਂ ਅਫਵਾਹਾਂ ਨੂੰ ਨਕਾਰਦੇ ਹੋਏ, ਪੇਂਟਿੰਗ ਦੇ ਅਸਲ ਵਿੱਚ ਜਿਨੇਵਾ ਵਿੱਚ ਹੋਣ ਦੀ ਗੱਲ ਕਰਦੇ ਹਨ।

ਉਹ ਕਹਿੰਦੇ ਹਨ ਕਿ ਐੱਮਬੀਐੱਸ ਇਸ ਪੇਂਟਿੰਗ ਨੂੰ ਸਾਊਦੀ ਅਰਬ ਦੇ ਅਜਾਇਬ ਘਰ ਵਿੱਚ ਰੱਖਣਾ ਚਾਹੁੰਦੇ ਸਨ, ਜੋ ਅਜੇ ਤੱਕ ਬਣਿਆ ਨਹੀਂ ਹੈ।

ਹੇਕੇਲ ਨੇ ਦੱਸਿਆ ਕਿ ਐੱਮਬੀਐੱਸ ਕਹਿੰਦੇ ਹਨ, “ਮੈਂ ਰਿਆਦ ਵਿੱਚ ਇੱਕ ਬਹੁਤ ਵੱਡਾ ਮਿਊਜ਼ੀਅਮ ਬਣਾਉਣਾ ਚਾਹੁੰਦਾ ਹਾਂ ਅਤੇ ਇੱਕ ਅਜਿਹੀ ਚੀਜ਼ ਰੱਖਣੀ ਚਾਹੁੰਦਾ ਹਾਂ ਜੋ ਲੋਕਾਂ ਨੂੰ ਖਿੱਚੇ ਠੀਕ ਉਵੇਂ ਜਿਵੇਂ ਮੋਨਾਲੀਜ਼ਾ ਖਿੱਚਦੀ ਹੈ।”

ਇਸੇ ਤਰ੍ਹਾਂ, ਖੇਡ ਲਈ ਉਨ੍ਹਾਂ ਦੀਆਂ ਯੋਜਨਾਵਾਂ ਉਨ੍ਹਾਂ ਬਾਰੇ ਕਿਸੇ ਅਜਿਹਾ ਵਿਅਕਤੀ ਹੋਣ ਦਾ ਸੰਕੇਤ ਦਿੰਦੀਆਂ ਹਨ ਜੋ, ਖੜੋਤ ਨੂੰ ਤੋੜ ਕੇ ਅੱਗੇ ਨਿਕਲਣ ਵਿੱਚ ਝਿਜਕਣ ਵਾਲਾ ਨਹੀਂ ਹੈ ਅਤੇ ਬੇਹੱਦ ਉੱਚੇ ਮਨਸੂਬਿਆਂ ਵਾਲਾ ਹੈ।

2024 ਵਿੱਚ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀ ਇੱਕੋ-ਇੱਕ ਬੋਲੀ ਲਾਉਣ ਵਾਲਾ ਦੇਸ ਬਣ ਕੇ ਸਾਊਦੀ ਅਰਬ ਨੇ ਟੈਨਿਸ ਅਚੇ ਗੋਲਫ ਟੂਰਨਾਮੈਂਟ ਵਿੱਚ ਵੀ ਕਈ ਕਰੋੜਾਂ ਡਾਲਰ ਦਾ ਨਿਵੇਸ਼ ਕੀਤਾ ਹੈ।

ਅਸੀਂ ਜੋ ਵੀ ਪਾਇਆ ਉਹ ਇਹ ਹੈ ਕਿ ਐੱਮਬੀਐੱਸ ਇੱਕ ਅਜਿਹੇ ਆਗੂ ਹਨ, ਜਿਨ੍ਹਾਂ ਨੂੰ ਪੱਛਮ ਦੀ ਫਿਕਰ ਘੱਟ ਹੈ। ਇਸ ਤੋਂ ਉਲਟ ਉਹ ਸਾਊਦੀ ਅਰਬ ਨੂੰ ਮਹਾਨ ਬਣਾਉਣ ਦੇ ਨਾਮ ਹੇਠ ਇਹ ਕਰਨਾ ਚਾਹੁੰਦੇ ਹਨ ਕਿ ਉਹ ਜੋ ਵੀ ਚਾਹੁਣ ਕਰ ਸਕਦੇ ਹਨ।

ਐੱਮਆਈ6 ਦੇ ਸਾਬਕਾ ਮੁਖੀ ਜਾਨ ਸਾਵਰਸ ਕਹਿੰਦੇ ਹਨ, “ਐੱਮਬੀਐੱਸ ਇੱਕ ਨੇਤਾ ਵਜੋਂ ਆਪਣੀਆਂ ਤਾਕਤਾਂ ਵਧਾਉਣ ਦਾ ਇਰਾਦਾ ਰੱਖਦੇ ਹਨ ਅਤੇ ਉਹ ਅਜਿਹਾ ਸਿਰਫ਼ ਆਪਣੇ ਦੇਸ ਦੀ ਤਾਕਤ ਵਧਾ ਕੇ ਹੀ ਕਰ ਸਕਦੇ ਹਨ। ਇਹੀ ਚੀਜ਼ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ।”

ਐੱਮਬੀਐੱਸ ਜਦੋਂ ਸਤਾ ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਸੀ ਉਦੋਂ ਵੀ 40 ਸਾਲ ਤੋਂ ਫੌਜ ਵਿੱਚ ਸੇਵਾ ਕਰ ਰਹੇ ਸਾਊਦੀ ਅਫ਼ਸਰ ਜਾਬਰੀ ਵੀ ਬਚ ਨਹੀਂ ਸਕੇ।

ਇਸੇ ਸਮੇਂ ਸਾਬਕਾ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਨਾਯੇਫ਼ ਦੇ ਚੀਫ਼ ਆਫ਼ ਸਟਾਫ਼ ਵੀ ਆਪਣੇ-ਆਪ ਨੂੰ ਖ਼ਤਰੇ ਵਿੱਚ ਹੋਣ ਤੋਂ ਲੈਕੇ ਇੱਕ ਵਿਦੇਸ਼ੀ ਸੂਹੀਆ ਏਜੰਸੀ ਤੋਂ ਸੂਚਨਾ ਮਿਲਣ ਤੋਂ ਬਾਅਦ ਦੇਸ ਛੱਡ ਕੇ ਭੱਜ ਗਏ ਸਨ।

ਲੇਕਿਨ ਜਾਬਰੀ ਕਹਿੰਦੇ ਹਨ ਕਿ ਐੱਮਬੀਐੱਸ ਨੇ ਉਨ੍ਹਾਂ ਨੂੰ ਅਚਾਨਕ ਇੱਕ ਸੰਦੇਸ਼ ਭੇਜ ਕੇ ਪੁਰਾਣੀ ਨੌਕਰੀ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸੀ, ਜੋ ਉਨ੍ਹਾਂ ਨੇ ਸਵੀਕਾਰ ਨਹੀਂ ਕੀਤੀ।

ਉਹ ਕਹਿੰਦੇ ਹਨ, “ਇਹ ਚਾਰਾ ਸੀ- ਅਤੇ ਮੈਂ ਨਹੀਂ ਫਸਿਆ।”

ਜਾਬਰੀ ਅੱਗੇ ਹੋਰ ਵਿਸਥਾਰ ਵਿੱਚ ਦੱਸਦੇ ਹਨ ਕਿ ਉਨ੍ਹਾਂ ਨੂੰ ਪੱਕੇ ਤੌਰ ਉੱਤੇ ਭਰੋਸਾ ਸੀ ਕਿ ਜੇ ਉਹ ਵਾਪਸ ਆਉਂਦੇ ਤਾਂ ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ ਜਾਂ ਫਿਰ ਕੈਦ ਕਰਕੇ ਮਾਰ ਦਿੱਤਾ ਜਾਂਦਾ, ਜਿਵੇਂ ਕਿ ਉਨ੍ਹਾਂ ਦੇ ਪੁੱਤਰਾਂ ਉਮਰ ਅਤੇ ਸਾਰ੍ਹਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਬਾਅਦ ਵਿੱਚ ਦੋਵਾਂ ਨੂੰ ਦੇਸ ਤੋਂ ਭੱਜਣ ਲਈ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ ਫੜ ਕੇ ਜੇਲ਼੍ਹ ਵਿੱਚ ਸੁੱਟ ਦਿੱਤਾ ਗਿਆ ਸੀ।

ਹਾਲਾਂਕਿ ਜਾਬਰੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦੀ ਆਪ-ਹੁਦਰੀ ਹਿਰਾਸਤ ਬਾਰੇ ਸੰਯੁਕਤ ਰਾਸ਼ਟਰ ਸਮੂਹ ਨੇ ਉਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ ਹੈ।

ਜਾਬਰੀ ਇੱਥੋਂ ਤੱਕ ਕਹਿੰਦੇ ਹਨ, “ਐੱਮਬੀਐੱਸ ਨੇ ਮੇਰੀ ਹੱਤਿਆ ਦੀ ਯੋਜਨਾ ਬਣਾਈ ਹੋਈ ਹੈ ਅਤੇ ਜਦੋਂ ਤੱਕ ਮੈਨੂੰ ਉਹ ਮਰਿਆ ਹੋਇਆ ਨਹੀਂ ਦੇਖ ਲੈਂਦੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ। ਇਸ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈ”

ਜਾਬਰੀ ਦੀ ਸਪੁਰਦਗੀ ਲਈ ਸਾਊਦੀ ਅਧਿਕਾਰੀਆਂ ਨੇ ਕੈਨੇਡਾ ਤੋਂ ਇੰਟਰਪੋਲ ਨੋਟਿਸ ਜਾਰੀ ਕੀਤੇ ਹਨ, ਲੇਕਿਨ ਅਜੇ ਤੱਕ ਸਫ਼ਲਤਾ ਨਹੀਂ ਮਿਲੀ ਹੈ।

ਸਾਊਦੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਗ੍ਰਹਿ ਮੰਤਰਾਲੇ ਵਿੱਚ ਆਪਣੇ ਕਾਰਜ ਕਾਲ ਦੇ ਦੌਰਾਨ ਅਰਬਾਂ ਡਾਲਰ ਦਾ ਘਪਲਾ ਕਰਨ ਵਿੱਚ ਲੋੜੀਂਦੇ ਹਨ।

ਇਹ ਵੱਖਰੀ ਗੱਲ ਹੈ ਕਿ ਜਾਬਰੀ ਨੂੰ ਮੇਜਰ ਜਨਰਲ ਦਾ ਰੈਂਕ ਦਿੱਤਾ ਗਿਆ ਸੀ ਅਤੇ ਖੂਫੀਆ ਏਜੰਸੀਆਂ ਸੀਆਈਏ ਅਤੇ ਐੱਮਆਈ6 ਨੇ ਅਲ ਕਾਇਦਾ ਅੱਤਵਾਦੀਆਂ ਦੇ ਹਮਲਿਆਂ ਨੂੰ ਰੋਕਣ ਦਾ ਸਿਹਰਾ ਵੀ ਉਨ੍ਹਾਂ ਨੂੰ ਦਿੱਤਾ ਸੀ।

ਜਮਾਲ ਖਾਸ਼ੋਜੀ ਦੀ ਹੱਤਿਆ

ਸਾਲ 2018 ਵਿੱਚ ਇਸਤਾਂਬੁਲ ਦੇ ਸਾਊਦੀ ਦੂਤਾਵਾਸ ਵਿੱਚ ਜਿਸ ਤਰ੍ਹਾਂ ਜਮਾਲ ਖਾਸ਼ੋਜੀ ਦੀ ਹੱਤਿਆ ਕੀਤੀ ਗਈ, ਉਹ ਐੱਮਬੀਐੱਸ ਦੇ ਸ਼ਾਮਲ ਹੋਣ ਦਾ ਸੰਕੇਤ ਦਿੰਦੀ ਹੈ। ਇਸ ਗੱਲ ਤੋਂ ਇਨਕਾਰ ਕਰ ਸਕਣਾ ਐੱਮਬੀਐੱਸ ਲਈ ਵੀ ਬਹੁਤ ਮੁਸ਼ਕਿਲ ਹੈ।

ਉਸ ਸਮੇਂ ਐੱਮਬੀਐੱਸ ਦੇ ਨਿੱਜੀ ਸੁਰੱਖਿਆ ਗਾਰਡਸ ਦਾ 15 ਮੈਂਬਰੀ ਦਸਤਾ ਡਿਪਲੋਮੈਟਿਕ ਪਾਸਪੋਰਟ ਉੱਤੇ ਯਾਤਰਾ ਕਰ ਰਿਹਾ ਸੀ। ਅੱਜ ਤੱਕ ਖਾਸ਼ੋਜੀ ਦੀ ਲਾਸ਼ ਨਹੀਂ ਮਿਲੀ ਅਤੇ ਮੰਨਿਆ ਜਾ ਰਿਹਾ ਹੈ ਕਿ ਆਰੀ ਨਾਲ ਟੁਕੜੇ-ਟੁਕੜੇ ਕਰ ਦਿੱਤੇ ਗਏ ਸਨ।

ਕੁਝ ਸਮੇਂ ਬਾਅਦ ਪ੍ਰੋਫੈਸਰ ਹੇਕੇਲ ਨੇ ਐੱਮਬੀਐੱਸ ਤੋਂ ਵੱਟਸਐਪ ਉੱਤੇ ਪੁੱਛਿਆ— “ਇਹ ਕਿਵੇਂ ਹੋ ਸਕਦਾ ਹੈ?”

ਜਮਾਲ ਖਾਸ਼ੋਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਮਾਲ ਖਾਸ਼ੋਜੀ

ਹੇਕਲ ਯਾਦ ਕਰਦੇ ਹਨ, “ਮੈਨੂੰ ਲਗਦਾ ਹੈ ਕਿ ਉਹ ਡੂੰਘੇ ਸਦਮੇ ਵਿੱਚ ਸਨ। ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਇੰਨਾ ਵੱਡਾ ਮਾਮਲਾ ਬਣ ਜਾਏਗਾ”

ਡੇਨਿਸ ਰੌਸ ਵੀ ਕੁਝ ਸਮੇਂ ਬਾਅਦ ਐੱਮਬੀਐੱਸ ਨੂੰ ਮਿਲੇ ਸਨ।

ਮੁਲਾਕਾਤ ਦੇ ਦੌਰਾਨ ਹੋਈ ਗੱਲਬਾਤ ਨੂੰ ਯਾਦ ਕਰਦੇ ਹੋਏ ਰੌਸ ਕਹਿੰਦੇ ਹਨ, “ਐੱਮਬੀਐੱਸ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਅਤੇ ਉਹ ਇੱਕ ਭਾਰੀ ਗਲਤੀ ਸੀ। ਮੈਂ ਯਕੀਨੀ ਰੂਪ ਵਿੱਚ ਉਨ੍ਹਾਂ ਉੱਤੇ ਭਰੋਸਾ ਕਰਨਾ ਚਾਹੁੰਦਾ ਸੀ, ਕਿਉਂਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਆਗਿਆ ਦੇਣਗੇ।”

ਐੱਮਬੀਐੱਸ ਖਾਸ਼ੋਜੀ ਦੇ ਕਤਲ ਦੀ ਸਾਜਿਸ਼ ਦੀ ਜਾਣਕਾਰੀ ਹੋਣ ਤੋਂ ਹਮੇਸ਼ਾ ਇਨਕਾਰ ਕਰਦੇ ਰਹੇ ਹਨ। ਲੇਕਿਨ 2021 ਵਿੱਚ ਜਾਰੀ ਇੱਕ ਗੁਪਤ ਅਮਰੀਕੀ ਸੂਹੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਖਾਸ਼ੋਜੀ ਦੇ ਕਤਲ ਵਿੱਚ ਉਨ੍ਹਾਂ ਦੀ ਮਿਲੀ-ਭੁਗਤ ਸੀ।

ਐੱਮਬੀਐੱਸ ਦੇ ਪਿਤਾ ਕਿੰਗ ਸਲਮਾਨ ਇਸ ਸਮੇਂ 88 ਸਾਲਾਂ ਦੇ ਹਨ।

ਮੰਨਿਆ ਜਾ ਰਿਹਾ ਹੈ ਕਿ ਰਾਜਾ ਤੋਂ ਬਾਅਦ ਐੱਮਬੀਐੱਸ 50 ਸਾਲਾਂ ਤੱਕ ਸਾਊਦੀ ਅਰਬ ਉੱਤੇ ਰਾਜ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਅਜੇ ਹਾਲ ਹੀ ਵਿੱਚ ਸਵੀਕਾਰ ਕੀਤਾ ਹੈ ਕਿ ਸਾਊਦੀ -ਇਜ਼ਰਾਈਲ ਸੰਬੰਧਾਂ ਨੂੰ ਆਮ ਵਰਗੇ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਸ਼ਾਇਦ ਉਨ੍ਹਾਂ ਦਾ ਕਤਲ ਕੀਤਾ ਜਾ ਸਕਦਾ ਹੈ।

ਪ੍ਰੋਫੈਸਰ ਹੇਕੇਲ ਕਹਿੰਦੇ ਹਨ, “ਬਹੁਤ ਸਾਰੇ ਲੋਕ ਹਨ ਜੋ ਉਨ੍ਹਾਂ ਨੂੰ ਮਾਰਨਾ ਚਾਹੁੰਦੇ ਹਨ ਅਤੇ ਉਹ ਇਸ ਗੱਲ ਨੂੰ ਜਾਣਦੇ ਹਨ।”

ਸਾਵਧਾਨੀ ਹੀ ਉਹ ਚੀਜ਼ ਹੈ ਜੋ ਐੱਮਬੀਐੱਸ ਵਰਗੇ ਵਿਅਕਤੀ ਨੂੰ ਸੁਰੱਖਿਅਤ ਰੱਖਦੀ ਹੈ। ਇਸਦਾ ਉਦਾਹਰਣ ਸਾਦ ਅਲ-ਜਾਬਰੀ ਨੇ ਪ੍ਰਿੰਸ ਦੇ ਸਤਾ ਵਿੱਚ ਆਉਣ ਦੇ ਸ਼ੁਰੂਆਤ ਵਿੱਚ ਉਦੋਂ ਦੇਖਿਆ ਸੀ ਜਦੋਂ, ਉਨ੍ਹਾਂ ਨੇ ਆਪਣੇ ਮਹਿਲ ਵਿੱਚ ਜਾਬਰੀ ਨਾਲ ਗੱਲ ਕਰਨ ਤੋਂ ਪਹਿਲਾਂ ਫੋਨ ਸਾਕਟ ਨੂੰ ਕੰਧ ਵਿੱਚੋਂ ਕੱਢ ਦਿੱਤਾ ਸੀ।

ਹਾਲਾਂਕਿ ਇਸ ਸਭ ਦੇ ਬਾਵਜੂਦ ਐੱਮਬੀਐੱਸ ਆਪਮੇ ਦੇਸ ਨੂੰ ਆਧੁਨਿਕ ਬਣਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ, ਉਨ੍ਹਾਂ ਦੇ ਵਡੇਰਿਆਂ ਨੇ ਕਦੇ ਇਸ ਲਈ ਇੰਨੀ ਹਿੰਮਤ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਉਹ ਇੰਨੇ ਨਿਰ-ਅੰਕੁਸ਼ ਵੀ ਨਹੀਂ ਹਨ ਜਿਨ੍ਹਾਂ ਦੇ ਇੰਨੇ ਬੇਰਹਿਮ ਹੋਣ ਕਾਰਨ ਉਨ੍ਹਾਂ ਦੇ ਆਸ-ਪਾਸ ਕੋਈ ਵੀ ਉਨ੍ਹਾਂ ਨੂੰ ਅਤੇ ਗਲਤੀਆਂ ਕਰਨ ਤੋਂ ਰੋਕਣ ਦੀ ਹਿੰਮਤ ਕਰ ਸਕਦਾ ਹੈ।

(ਜੌਨਾਥਨ ਰਗਮੈਨ ਦਿ ਕਿੰਗਡਮ ਦਿ ਵਰਲਡਜ਼ ਮੋਸਟ ਪਾਵਰਫੁਲ ਪ੍ਰਿੰਸ ਦੇ ਸਲਾਹਕਾਰ ਨਿਰਮਾਤਾ ਹਨ।)

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)