ਬਾਲਗਾਂ ਦੇ ਸਹਿਮਤੀ ਨਾਲ ਬਣੇ ਰਿਸ਼ਤੇ, ਜਿਨ੍ਹਾਂ ਨੂੰ ਕਾਨੂੰਨ ਜਾਇਜ਼ ਮੰਨਦਾ ਹੈ ਪਰ ਸਮਾਜ ਅਨੈਤਿਕ- ਬਲਾਗ

ਤਸਵੀਰ ਸਰੋਤ, Getty Images
- ਲੇਖਕ, ਨਾਸਿਰੂਦੀਨ
- ਰੋਲ, ਬੀਬੀਸੀ ਲਈ
ਜੇ ਦੋ ਬਾਲਗ ਵਿਅਕਤੀ ਆਪਣੇ ਦਾਇਰੇ ਦੇ ਅੰਦਰ ਆਪਸੀ ਸਹਿਮਤੀ ਨਾਲ ਕਿਸੇ ਰਿਸ਼ਤੇ ਵਿੱਚ ਹਨ ਤਾਂ ਕੀ ਇਹ ਗ਼ਲਤ ਹੋਵੇਗਾ?
ਜੇ ਇਨ੍ਹਾਂ ਵਿੱਚੋਂ ਇੱਕ ਵਿਆਹੁਤਾ ਹੈ ਜਾਂ ਦੋਵੇਂ ਸ਼ਾਦੀਸ਼ੁਦਾ ਹਨ ਅਤੇ ਵਿਆਹ ਤੋਂ ਵੱਖਰੇ ਰਿਸ਼ਤੇ ਵਿੱਚ ਹਨ, ਤਾਂ ਕੀ ਇਹ ਅਪਰਾਧ ਹੋਵੇਗਾ? ਕੀ ਅਜਿਹੇ ਮਾਮਲੇ ਵਿੱਚ ਮਰਦ ਦੀ ਬੇਵਫ਼ਾਈ ਲਈ ਲੜਕੀ ਹੀ ਕਸੂਰਵਾਰ ਹੈ?
ਕੀ ਇਸਨੂੰ ਜਨਤਕ ਰੂਪ ਵਿੱਚ ਲਾਹਣਤਾਂ ਪਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ? ਕੀ ਅਜਿਹੇ ਮਾਮਲੇ ਵਿੱਚ ਹਿੰਸਾ ਕਰਨਾ, ਉਸ ਹਿੰਸਾ ਦਾ ਵੀਡੀਓ ਬਣਾਉਣਾ ਅਤੇ ਉਸ ਨੂੰ ਜਨਤਕ ਕਰਨਾ ਸਹੀ ਹੈ?
ਅਜਿਹੇ ਕਈ ਸਵਾਲ ਵਾਰ-ਵਾਰ ਸਾਹਮਣੇ ਆਉਂਦੇ ਹਨ ਅਤੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਘੁੰਮ ਰਹੇ ਇੱਕ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਹਿਨ ਵਿੱਚ ਉੱਠਦੇ ਰਹੇ ਹਨ।
ਇਸ ਵਿੱਚ ਕੁਝ ਪੁਰਸ਼ ਅਤੇ ਔਰਤਾਂ ਨੇ ਇੱਕ ਮਰਦ ਅਤੇ ਔਰਤ ਨੂੰ ਫੜਿਆ ਹੋਇਆ ਹੈ। ਉਨ੍ਹਾਂ ਉੱਤੇ ਚੀਖ ਰਹੇ ਹਨ। ਉਨ੍ਹਾਂ ਦਾ ਕੁਟਾਪਾ ਕਰ ਰਹੇ ਹਨ।
ਪਤਾ ਲੱਗਿਆ ਕਿ ਜਿਨ੍ਹਾਂ ਦੀ ਕੁੱਟਮਾਰ ਹੋ ਰਹੀ ਹੈ, ਉਹ ਪੁਲਿਸ ਵਿਭਾਗ ਨਾਲ ਜੁੜੇ ਹੋਏ ਹਨ। ਮਰਦ ਵਿਆਹੁਤਾ ਹੈ ਅਤੇ ਕੁੱਟਣ ਵਾਲਿਆਂ ਵਿੱਚ ਉਸਦੀ ਪਤਨੀ ਅਤੇ ਸਹੁਰਾ ਪਰਿਵਾਰ ਦੇ ਲੋਕ ਸ਼ਾਮਲ ਹਨ।
ਅਜਿਹਾ ਨਹੀਂ ਹੈ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਵੀਡੀਓ ਸੀ ਜਾਂ ਇਹ ਕੋਈ ਪਹਿਲੀ ਘਟਨਾ ਸੀ।
ਅਜਿਹੇ ਮਾਮਿਲਆਂ ਨੂੰ ਦੇਖਣ ਦੇ ਕਈ ਨਜ਼ਰੀਏ ਹੋ ਸਕਦੇ ਹਨ। ਇੱਕ ਨਜ਼ਰੀਆ ਸਮਾਜਿਕ ਹੈ ਤਾਂ ਦੂਜਾ ਨੈਤਿਕਤਾ ਦਾ ਹੈ। ਤੀਜਾ ਕਾਨੂੰਨ ਦਾ ਹੈ। ਚੌਥਾ ਹੈ ਕਿ ਸੱਭਿਅਕ ਸਮਜ ਵਿੱਚ ਜਨਤਕ ਤੌਰ ਉੱਤੇ ਅਜਿਹੇ ਮਾਮਲੇ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ।
ਸਮਾਜ ਦੀ ਨਜ਼ਰ ਵਿੱਚ

ਤਸਵੀਰ ਸਰੋਤ, Getty Images
ਸਮਾਜ ਦੀ ਨਜ਼ਰ ਵਿੱਚ ਵਿਆਹੁਤਾ ਲੋਕਾਂ ਦਾ ਵਿਆਹ ਤੋਂ ਬਾਹਰ ਦਾ ਜਿਨਸੀ ਰਿਸ਼ਤਾ ਗ਼ਲਤ ਹੈ। ਅਨੈਤਿਕ ਹੈ। ਬੇਵਫ਼ਾਈ ਹੈ। ਵਿਭਚਾਰ ਹੈ। ਜੁਰਮ ਹੈ।
ਵੈਸੇ ਤਾਂ ਸਮਾਜ ਅਜਿਹੇ ਕਿਸੇ ਵੀ ਜਿਨਸੀ ਰਿਸ਼ਤੇ ਨੂੰ ਜਨਤਕ ਰੂਪ ਵਿੱਚ ਸਵੀਕਾਰ ਨਹੀਂ ਕਰਦਾ, ਜੋ ਵਿਆਹ ਦੇ ਰਿਸ਼ਤੇ ਤੋਂ ਬਾਹਰ ਹੋਵੇ। ਭਾਵੇਂ ਉਹ ਰਿਸ਼ਤਾ ਦੇ ਵਿਆਹੁਤਾ ਲੋਕਾਂ ਦੇ ਵਿਚਕਾਰ ਹੋਵੇ ਜਾਂ ਦੋਵਾਂ ਵਿੱਚੋਂ ਇੱਕ ਵਿਆਹੁਤਾ ਹੋਵੇ ਜਾਂ ਦੋਵੇਂ ਹੀ ਗੈਰ-ਸ਼ਾਦੀਸ਼ੁਦਾ ਹੋਣ।
ਇਸ ਲਈ ਵਿਆਹ ਦੇ ਰਿਸ਼ਤੇ ਵਿੱਚ ਰਹਿ ਰਹੇ ਲੋਕ ਜਾਂ ਹੋਰ ਲੋਕਾਂ ਦੇ ਹੋਰ ਲੋਕਾਂ ਨਾਲ ਆਪਸੀ ਸਹਿਮਤੀ ਨਾਲ ਬਣਾਏ ਰਿਸ਼ਤਿਆਂ ਨੂੰ ਵੀ ਸਵੀਕਾਰ ਨਹੀਂ ਕਰਦਾ ਹੈ। ਜ਼ਰੂਰੀ ਨਹੀਂ ਕਿ ਅਜਿਹੇ ਸਰੀਰਕ ਸੰਬੰਧ ਬਣਾਉਣ ਵਾਲੇ ਦੋਵੇਂ ਹਿੱਸੇਦਾਰ ਵਿਆਹੁਤਾ ਹੋਣ।
ਕੁਝ ਲੋਕ ਇਸ ਨੂੰ ਵੀ ਅਨੈਤਿਕ ਮੰਨਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਨੈਤਿਕਤਾ ਦਾ ਤਕਾਜ਼ਾ ਹੋਣਾ ਚਾਹੀਦਾ ਹੈ ਕਿ ਜੇ ਕਿਸੇ ਨੇ ਅਜਿਹੇ ਰਿਸ਼ਤੇ ਵਿੱਚ ਰਹਿਣਾ ਹੈ ਤਾਂ ਉਹ ਪਹਿਲੇ ਰਿਸ਼ਤੇ ਤੋਂ ਵੱਖ ਹੋ ਜਾਵੇ।
ਹਾਲਾਂਕਿ ਇਹ ਕਹਿਣਾ ਜਿੰਨਾ ਸੌਖਾ ਹੈ, ਕਿਸੇ ਰਿਸ਼ਤੇ ਵਿੱਚੋਂ ਨਿਕਲਣਾ ਉਤਨਾ ਹੀ ਔਖਾ ਹੈ।
ਕਨੂੰਨ ਦੀ ਨਜ਼ਰ ਵਿੱਚ ਰਿਸ਼ਤਾ
ਭਾਰਤੀ ਕਨੂੰਨ ਵਿੱਚ ਵਿਭਚਾਰ ਬਹਿਸ ਦਾ ਵਿਸ਼ਾ ਰਿਹਾ ਹੈ। ਪਹਿਲਾਂ ਇਹ ਭਾਰਤੀ ਦੰਡਾਵਲੀ ਦੀ ਧਾਰਾ 497 ਦੇ ਤਹਿਤ ਆਉਂਦਾ ਸੀ। ਇਸ ਨੂੰ ਵਿਤਕਰੇਪੂਰਨ ਅਤੇ ਨਾਰੀ ਵਿਰੋਧੀ ਮੰਨਿਆ ਗਿਆ।
ਪੁਰਾਣੇ ਕਨੂੰਨ ਦੇ ਤਹਿਤ ਹੁੰਦਾ ਇਹ ਸੀ ਕਿ ਜੇ ਕੋਈ ਵਿਆਹੁਤਾ ਔਰਤ-ਮਰਦ, ਆਪਣੇ ਵਿਆਹਾਂ ਤੋਂ ਬਾਹਰ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ ਤਾਂ ਉਹ ਵੀ ਅਪਰਾਧ ਸੀ। ਇਹ ਅਪਰਾਧ ਵੀ ਸ਼ਰਤ ਸਹਿਤ ਸੀ।
ਇਸ ਦੇ ਤਹਿਤ ਪੁਰਸ਼ ਹੀ ਦੋਸ਼ੀ ਮੰਨਿਆ ਜਾ ਸਕਦਾ ਸੀ। ਇਹ ਅਪਰਾਧ ਵੀ ਉਦੋਂ ਬਣ ਜਾਂਦਾ ਸੀ ਜਦੋਂ ਔਰਤ ਦਾ ਪਤੀ ਦੂਜੇ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕਰਵਾਏ।

ਤਸਵੀਰ ਸਰੋਤ, Getty Images
ਇਸ ਵਿੱਚ ਔਰਤ ਦੇ ਖਿਲਾਫ਼ ਮੁਕੱਦਮਾ ਦਰਜ ਨਹੀਂ ਕੀਤਾ ਜਾ ਸਕਦਾ ਸੀ। ਜੇ ਪਤੀ ਦੀ ਸਹਿਮਤੀ ਦੇ ਨਾਲ ਕੋਈ ਦੂਜਾ ਪੁਰਸ਼ ਇਸਤਰੀ ਦੇ ਨਾਲ ਸੰਬੰਧ ਬਣਾਏ ਤਾਂ ਇਹ ਵਿਭਚਾਰ ਦੇ ਘੇਰੇ ਵਿੱਚ ਨਹੀਂ ਆਉਂਦਾ ਸੀ।
ਇਹੀ ਨਹੀਂ, ਜੇ ਕੋਈ ਵਿਆਹੁਤਾ ਪੁਰਸ਼ ਕਿਸੇ ਗੈਰ-ਸ਼ਾਦੀਸ਼ੁਦਾ ਜਾਂ ਕਿਸੇ ਅਜਿਹੀ ਔਰਤ ਨਾਲ ਸਰੀਰਕ ਸੰਬੰਧ ਬਣਾਏ ਜਿਸ ਦਾ ਪਤੀ ਨਹੀਂ ਰਿਹਾ, ਤਾਂ ਵੀ ਇਹ ਵਿਭਚਾਰ ਦੇ ਘੇਰ ਤੋਂ ਬਾਹਰ ਸੀ।
ਸਾਲ 2018 ਵਿੱਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਵਿਭਚਾਰ ਨੂੰ ਅਪਰਾਧ ਨਹੀਂ ਮੰਨਿਆ। ਇਸ ਨੂੰ ਗੈਰ-ਸਵਿੰਧਾਨਕ ਦੱਸਦਿਆਂ ਧਾਰਾ ਰੱਦ ਕਰ ਦਿੱਤੀ।
ਅਦਾਲਤ ਦੇ ਮੁਤਾਬਕ, ਇਸ ਨੂੰ ਅਪਰਾਧ ਮੰਨਣਾ ਸਹੀ ਨਹੀਂ ਹੈ। ਇਹ ਔਰਤ ਦੇ ਮਾਣ ਦੇ ਖਿਲਾਫ਼ ਹੈ। ਔਰਤ ਪੁਰਸ਼ ਦੀ ਜਾਇਦਾਦ ਨਹੀਂ ਹੈ। ਉਹ ਵਿਆਹੁਤਾ ਜ਼ਿੰਦਗੀ ਦੀ ਨਿੱਜਤਾ ਵਿੱਚ ਦਖ਼ਲ-ਅੰਦਾਜ਼ੀ ਹੋਵੇਗੀ। ਹਾਲਾਂਕਿ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਵਿਭਚਾਰ ਤਲਾਕ ਦਾ ਅਧਾਰ ਹੋਵੇਗਾ।
ਭਾਰਤੀ ਨਿਆਂ ਸੰਘਿਤਾ ਦੇ ਤਹਿਤ ਵੀ ਵਿਭਚਾਰ ਜਾਣੀ ਵਿਆਹ ਬਾਹਰੇ ਸਰੀਰਕ ਰਿਸ਼ਤੇ ਅਪਰਾਧ ਨਹੀਂ ਹਨ। ਜਦੋਂ ਇਹ ਕਨੂੰਨ ਬਣ ਰਿਹਾ ਸੀ ਤਾਂ ਇਹ ਮੰਗ ਜ਼ਰੂਰ ਉੱਠ ਰਹੀ ਸੀ ਕਿ ਇਸ ਨੂੰ ਸ਼ਾਮਲ ਕੀਤਾ ਜਾਵੇ ਅਤੇ ਜੈਂਡਰ ਨਿਊਟਰਨ ਬਣਾਇਆ ਜਾਵੇ। ਔਰਤ ਅਤੇ ਮਰਦ ਦੋਵਾਂ ਉੱਤੇ ਮੁਕੱਦਮਾ ਦਰਜ ਹੋ ਸਕੇ।
ਆਖਰਕਾਰ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਸਹਿਮਤੀ ਨੂੰ ਸਮਝਣਾ ਜ਼ਰੂਰੀ ਹੈ

ਸਰੀਰਕ ਸੰਬੰਧਾਂ ਵਿੱਚ ਸਹਿਮਤੀ ਨੂੰ ਸਮਝਣਾ ਜ਼ਰੂਰੀ ਹੈ।
ਭਾਵੇਂ ਉਹ ਰਿਸ਼ਤਾ ਵਿਆਹ ਦੇ ਅੰਦਰ ਹੋਵੇ ਜਾਂ ਬਾਹਰ। ਜੇ ਦੋ ਜਣੇ ਬਾਲਗ਼ ਹਨ ਤਾਂ ਉਨ੍ਹਾਂ ਦੇ ਵਿੱਚ ਸਹਿਮਤੀ ਨਾਲ ਬਣਿਆ ਰਿਸ਼ਤਾ ਗ਼ਲਤ ਨਹੀਂ ਹੋ ਸਕਦਾ।... ਅਤੇ ਜੇ ਅਸਹਿਮਤੀ ਨਾਲ ਬਣਾਇਆ ਗਿਆ ਰਿਸ਼ਤਾ ਜਾਣੀ ਧੱਕੇ ਨਾਲ ਬਣਾਇਆ ਗਿਆ ਰਿਸ਼ਤਾ ਗ਼ਲਤ ਹੋਵੇਗਾ। ਚਾਹੇ ਵਿਆਹ ਦੇ ਅੰਦਰ ਹੋਵੇ ਚਾਹੇ ਬਾਹਰ।
ਇਸ ਲਈ ਅਜਿਹੇ ਕਿਸੇ ਮਾਮਲੇ ਵਿੱਚ ਸਹਿਮਤੀ ਸ਼ਾਮਲ ਹੈ। ਅਪਰਾਧ ਵਜੋਂ ਦੇਖਣਾ ਜਾਂ ਉਸ ਨਾਲ ਅਪਰਾਧ ਵਾਂਗ ਨਜਿੱਠਣ ਦਾ ਤਰੀਕਾ ਅਪਨਾਉਣਾ ਸਹੀ ਨਹੀਂ ਹੈ।
ਨਿਸ਼ਾਨਾ ਔਰਤ ਜ਼ਿਆਦਾ ਬਣਦੀ ਹੈ

ਤਸਵੀਰ ਸਰੋਤ, Getty Images
ਇਹੀ ਨਹੀਂ, ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਚਰਚਾ ਦੇ ਕੇਂਦਰ ਵਿੱਚ ਔਰਤ ਹੀ ਹੁੰਦੀ ਹੈ।
ਉਸੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਸ ਨੂੰ ਹੀ ਅਜਿਹੇ ਰਿਸ਼ਤੇ ਲਈ ਜ਼ਿੰਮੇਵਾਰ ਬਣਾਇਆ ਜਾਂਦਾ ਹੈ। ਪੁਰਸ਼ ਤਾਂ ‘ਵਿਚਾਰਾ’ ਹੋ ਜਾਂਦਾ ਹੈ।
ਔਰਤ ਦੀ ਕਿਰਦਾਰ ਕੁਸ਼ੀ ਵੀ ਹੁੰਦੀ ਹੈ ਅਤੇ ਕੋਈ ਪੁੱਛ ਸਕਦਾ ਹੈ ਕਿ ਉਸਦਾ ਅਪਰਾਧ ਕੀ ਸੀ?
ਅਜਿਹੇ ਮਾਮਲੇ ਵਿੱਚ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੋਵੇ?
ਹਾਲਾਂਕਿ ਅਜਿਹੇ ਮਾਮਲੇ ਉੱਤੇ ਬੋਲਣਾ ਦੋਧਾਰੀ ਤਲਵਾਰ ਉੱਤੇ ਤੁਰਨ ਵਰਗਾ ਹੈ। ਆਮ ਤੌਰ ਉੱਤੇ ਸਮਾਜਕ ਨਜ਼ਰੀਆ ਇਸਦੇ ਖਿਲਾਫ਼ ਖੜ੍ਹਾ ਹੁੰਦਾ ਹੈ।
ਅਜਿਹੀਆਂ ਘਟਨਾਵਾਂ ਉੱਤੇ ਬੋਲਣ ਨੂੰ ਅਜਿਹੇ ਰਿਸ਼ਤਿਆਂ ਦੇ ਮਹਿਮਾ-ਮੰਡਨ ਵਜੋਂ ਦੇਖਿਆ ਜਾ ਸਕਦਾ ਹੈ, ਲੇਕਿਨ ਕਈ ਵਾਰ ਇਹ ਖ਼ਤਰਾ ਚੁੱਕਣਾ ਜ਼ਰੂਰੀ ਹੋ ਜਾਂਦਾ ਹੈ।
ਜਿਸ ਤਰ੍ਹਾਂ ਨਾਲ ਜਨਤਕ ਤੌਰ ਉੱਤੇ ਦੋਵਾਂ ਜਣਿਆਂ ਨੂੰ ਕੁੱਟਣ, ਸ਼ਰਮਿੰਦਾ ਕਰਨ ਅਤੇ ਬੇਇੱਜ਼ਤ ਕਰਨ ਦਾ ਤਰੀਕਾ ਅਪਣਾਇਆ ਗਿਆ, ਉਹ ਸੱਭਿਯ ਸਮਜਾਂ ਵਿੱਚ ਨਹੀਂ ਹੋਣਾ ਚਾਹੀਦਾ। ਇਹ ਭੀੜ ਦੀ ਸਜ਼ਾ ਹੈ। ਭੀੜ ਕਦੇ ਇਨਸਾਫ਼ ਨਹੀਂ ਕਰਦੀ। ਇਹ ਇੱਕ ਸੰਵੇਦਨਸ਼ੀਲ ਮੁੱਦੇ ਦਾ ਗੈਰ-ਮਨੁੱਖੀਕਰਨ ਹੈ।

ਇਹ ਕਿਸੇ ਦੀ ਨਿੱਜਤਾ ਵਿੱਚ ਦਖ਼ਲ ਅੰਦਾਜ਼ੀ ਵੀ ਹੈ। ਜੋ ਲੋਕ ਇਸ ਮਾਮਲੇ ਵਿੱਚ ਸਿੱਧੇ ਨਹੀਂ ਜੁੜੇ ਹੁੰਦੇ, ਉਹ ਅਜਿਹੀਆਂ ਘਟਨਾਵਾਂ ਦਾ ਸੁਆਦ ਹੀ ਲੈਂਦੇ ਹਨ- ਦੋ ਲੋਕ ਕੁੱਟੇ ਜਾ ਰਹੇ ਹਨ ਅਤੇ ਕੁਝ ਲੋਕ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਹਨ।
ਇਸ ਘਟਨਾ ਵਿੱਚ ਵੀ ਜਿੱਥੇ ਵੀਡੀਓ ਸਾਂਝਾ ਹੋ ਰਿਹਾ ਹੈ, ਉਸ ਦੇ ਨਾਲ ਹੀ ਟਿੱਪਣੀਆਂ ਵੀ ਦੱਸਦੀਆਂ ਹਨ ਕਿ ਲੋਕ ਚਟਖਾਰੇ ਲੈ ਰਹੇ ਸਨ। ਉਨ੍ਹਾਂ ਵਿੱਚੋਂ ਕਿਸੇ ਦੀ ਵੀ ਦਿਲਚਸਪੀ ਇਸ ਗੱਲ ਵਿੱਚ ਨਹੀਂ ਸੀ ਕਿ ਕਿਸੇ ਦੁਖੀ ਦੇ ਦੁੱਖ ਨੂੰ ਘੱਟ ਕਰੀਏ।
ਹਾਂ ਇਸ ਨਾਲ ਕਿਸੇ ਨੂੰ ਬੇਇੱਜ਼ਤ ਕਰੀਏ ਇਹ ਸੋਚ ਜ਼ਰੂਰ ਰਹੀ ਹੋਵੇਗੀ।
ਕੁਝ ਲੋਕਾਂ ਨੂੰ ਲੱਗ ਸਕਦਾ ਹੈ ਕਿ ਵਿਭਚਾਰ ਦਾ ਕਨੂੰਨ ਰਹਿੰਦਾ ਤਾਂ ਅਜਿਹਾ ਨਾ ਹੁੰਦਾ। ਉਹ ਭੁਲੇਖੇ ਵਿੱਚ ਹਨ। ਪੁਰਾਣਾ ਕਨੂੰਨ ਵੀ ਹੁੰਦਾ ਤਾਂ ਉਸ ਔਰਤ ਤੋਂ ਵਿਭਚਾਰ ਦਾ ਮੁਕੱਦਮਾ ਦਰਜ ਨਾ ਕਰਵਾਇਆ ਜਾਂਦਾ।
ਕਿਉਂਕਿ ਉਹ ਕਨੂੰਨ ਔਰਤ ਦੇ ਅਜ਼ਾਦ ਹਸਤੀ ਨੂੰ ਤਾਂ ਮੰਨਦਾ ਹੀ ਨਹੀਂ ਸੀ। ਉਹ ਕਨੂੰਨ ਨਾਰੀ ਵਿਰੋਧੀ ਸੀ।
ਕੁਝ ਸਵਾਲ-ਜ਼ਰੂਰੀ ਜਵਾਬ

ਤਸਵੀਰ ਸਰੋਤ, Getty Images
ਹੁਣ ਸਵਾਲ ਹੈ, ਸੱਭਿਯ ਸਮਾਜ ਵਿੱਚ ਅਜਿਹੇ ਰਿਸ਼ਤੇ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ?
ਅਜਿਹੀ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ? ਕੀ ਇਨਸਾਫ਼ ਦਾ ਜ਼ਿਮਾ ਭੀੜ ਨੂੰ ਲੈ ਲੈਣਾ ਚਾਹੀਦਾ ਹੈ? ਕੀ ਕਿਸੇ ਦੀ ਨਿੱਜਤਾ ਨੂੰ ਭੰਗ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ?
ਕੀ ਕੁੱਟਮਾਰ ਅਤੇ ਜਨਤਕ ਨਿੰਦਾ ਤੋਂ ਕੁਝ ਹਾਸਲ ਹੋਣ ਵਾਲਾ ਹੈ? ਕੀ ਕੁਟਾਪੇ ਜਾਂ ਨਿੰਦਾ ਨਾਲ ਉਹ ਪਤੀ ਵਾਪਸ ਆ ਜਾਵੇਗਾ?
ਉਸ ਪਤਨੀ ਨੂੰ ਕਿਵੇਂ ਰਾਹਤ ਮਿਲੇਗੀ? ਪਤਨੀ ਦੇ ਸਾਹਮਣੇ ਕੀ ਰਾਹ ਹਨ? ਕੀ ਅਜਿਹੇ ਰਿਸ਼ਤੇ ਇੱਕ ਪਾਸੜ ਹੁੰਦੇ ਹਨ? ਕੀ ਇਸ ਲਈ ਔਰਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ?
ਸਾਨੂੰ ਠਰੰਮੇ ਨਾਲ ਇਨ੍ਹਾਂ ਸਵਾਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਸਮਾਜ ਦਾ ਨਜ਼ਰੀਆ ਸਹੀ ਹੀ ਹੋਵੇ, ਇਹ ਜ਼ਰੂਰੀ ਨਹੀਂ ਹੈ। ਸਮਾਜ ਬਹੁਤ ਸਾਰੇ ਮਾਮਲਿਆਂ ਵਿੱਚ ਰੂੜ੍ਹੀਵਾਦੀ, ਸਾਮੰਤਵਾਦੀ, ਪਿੱਤਰਸੱਤਾਵਾਦੀ ਸੋਚ ਰੱਖਦਾ ਹੈ।
ਰਿਸ਼ਤਿਆਂ ਦੇ ਮਾਮਲੇ ਵਿੱਚ ਅਜਿਹਾ ਜ਼ਿਆਦਾ ਹੁੰਦਾ ਹੈ। ਉਸਨੇ ਕੁਝ ਰਿਸ਼ਤਿਆਂ ਦੀ ਆਗਿਆ ਦਿੱਤੀ ਹੈ। ਕਨੂੰਨ ਦਾ ਨਜ਼ਰੀਆ ਵੀ ਕਈ ਵਾਰ ਸਮਾਜਿਕ ਨਜ਼ਰੀਏ ਨੂੰ ਹੀ ਅੱਗੇ ਵਧਾਉਂਦਾ ਹੈ।
ਲੇਕਿਨ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੇ ਅਧਾਰ ਉੱਤੇ ਬਣੇ ਕਨੂੰਨ, ਹੀ ਸਾਡਾ ਨਜ਼ਰੀਆ ਹੋਣਾ ਚਾਹੀਦੇ ਹਨ। ਅਜਿਹੇ ਮਾਮਲੇ ਨੂੰ ਦੇਖਣ ਦਾ ਨਜ਼ਰੀਆ ਵੀ ਇਸੇ ਤਰ੍ਹਾਂ ਨਿਕਲੇਗਾ। ਵੀਡੀਓ ਬਣਾ ਕੇ ਵਾਇਰਲ ਕਰਨ ਨਾਲ ਟੁੱਟਦੇ ਰਿਸ਼ਤੇ ਜੁੜਿਆ ਨਹੀਂ ਕਰਦੇ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












