ਸਿੱਖ,ਇਸਾਈ ਤੇ ਮੁਸਲਮਾਨ, ਹਿੰਦੂਆਂ ਦੇ ਮੁਕਾਬਲੇ ਭਾਰਤ ਨੂੰ ਛੱਡ ਕੇ ਵਿਦੇਸ਼ਾਂ 'ਚ ਵਧੇਰੇ ਕਿਉਂ ਵੱਸ ਰਹੇ – ਰਿਪੋਰਟ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਸਥਿਤ ਪਿਊ ਰਿਸਰਚ ਸੈਂਟਰ ਦੇ ਵਿਸ਼ਲੇਸ਼ਣ ਵਿੱਚ ਭਾਰਤੀ ਲੋਕਾਂ ਦੇ ਪਰਵਾਸ ਕਰਨ ਦੀ ਵੱਖਰੀ ਤਸਵੀਰ ਸਾਹਮਣੇ ਆਈ ਹੈ।
ਉਸ ਵਿੱਚ ਇਹ ਨਜ਼ਰ ਆਇਆ ਹੈ ਕਿ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਭਾਰਤੀ ਬਹੁ-ਗਿਣਤੀ ਦੇ ਮੁਕਾਬਲੇ ਵੱਧ ਪਰਵਾਸ ਕਰਦੇ ਹਨ।
ਵਿਸ਼ਵ ਭਰ ਦੇ ਪਰਵਾਸੀਆਂ ਦੀ ਧਾਰਮਿਕ ਰਚਨਾ 'ਤੇ ਕੀਤੇ ਗਏ ਸਰਵੇਖਣ ਅਨੁਸਾਰ ਭਾਰਤ ਵਿੱਚ ਲਗਭਗ 80 ਫੀਸਦ ਲੋਕ ਹਿੰਦੂ ਹਨ, ਪਰ ਦੇਸ਼ ਤੋਂ ਬਾਹਰ ਜਾਣ ਵਾਲੇ ਪਰਵਾਸੀਆਂ ਵਿੱਚ ਉਨ੍ਹਾਂ ਦੀ ਗਿਣਤੀ ਸਿਰਫ਼ 41 ਫੀਸਦ ਹੈ।
ਇਸ ਦੇ ਉਲਟ, ਭਾਰਤ ਵਿੱਚ ਰਹਿਣ ਵਾਲੇ ਲਗਭਗ 15 ਫੀਸਦ ਲੋਕ ਮੁਸਲਮਾਨ ਹਨ, ਜਦਕਿ ਭਾਰਤ ਵਿੱਚ ਪੈਦਾ ਹੋਏ ਅਤੇ ਹੋਰ ਕਿਤੇ ਜਾ ਕੇ ਵਸਣ ਵਾਲੇ ਮੁਸਲਮਾਨ ਦਾ ਅੰਕੜਾ 33 ਫੀਸਦ ਹੈ।
ਈਸਾਈਆਂ ਦੀ ਭਾਰਤ ਵਿੱਚ ਆਬਾਦੀ ਸਿਰਫ 2% ਬਣਦੀ ਹੈ, ਪਰ ਭਾਰਤ ਛੱਡਣ ਵਾਲੇ 16% ਈਸਾਈ ਹਨ।
ਵਿਸ਼ਲੇਸ਼ਣ ਦੀ ਇੱਕ ਪ੍ਰਮੁੱਖ ਖੋਜਕਾਰ ਸਟੈਫਨੀ ਕ੍ਰੈਮਰ ਨੇ ਮੈਨੂੰ ਦੱਸਿਆ, "ਭਾਰਤ ਵਿੱਚ ਜਾ ਕੇ ਵਸਣ ਤੋਂ ਵੱਧ ਮੁਸਲਮਾਨ ਅਤੇ ਈਸਾਈ ਉਥੋਂ ਨਿਕਲੇ ਹਨ। ਸਿੱਖ ਅਤੇ ਜੈਨ ਵਰਗੇ ਹੋਰ, ਛੋਟੇ ਧਰਮਾਂ ਦੇ ਲੋਕਾਂ ਦੇ ਵੀ ਭਾਰਤ ਛੱਡਣ ਦੀ ਸੰਭਾਵਨਾ ਜ਼ਿਆਦਾ ਹੈ।"
28 ਕਰੋੜ ਤੋਂ ਵੱਧ ਲੋਕ ਜਾਂ ਵਿਸ਼ਵ ਦੀ ਆਬਾਦੀ ਦਾ 3.6 ਫੀਸਦ ਹਿੱਸਾ ਕੌਮਾਂਤਰੀ ਪਰਵਾਸੀ ਹਨ।

ਤਸਵੀਰ ਸਰੋਤ, Getty Images
ਪਿਊ ਰਿਸਰਚ ਦੇ ਅੰਕੜੇ ਕੀ ਕਹਿੰਦੇ ਹਨ
ਪਿਊ ਰਿਸਰਚ ਸੈਂਟਰ ਦੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਤੇ 270 ਮਰਦਮਸ਼ੁਮਾਰੀਆਂ ਤੇ ਸਰਵੇਖਣਾਂ ਦੇ ਵਿਸ਼ਲੇਸ਼ਣ ਅਨੁਸਾਰ, 2020 ਤੱਕ, ਈਸਾਈ ਵਿਸ਼ਵ ਪਰਵਾਸੀ ਆਬਾਦੀ ਦਾ 47 ਫੀਸਦ, ਮੁਸਲਮਾਨ 29 ਫੀਸਦ, ਹਿੰਦੂ 5 ਫੀਸਦ, ਬੋਧੀ 4 ਫੀਸਦ ਅਤੇ ਯਹੂਦੀ ਇੱਕ ਫੀਸਦ ਹਿੱਸਾ ਸਨ।
ਧਾਰਮਿਕ ਤੌਰ 'ਤੇ ਗ਼ੈਰ-ਸੰਬੰਧਿਤ, ਨਾਸਤਿਕਾਂ ਅਤੇ ਅਗਿਆਤਵਾਦੀਆਂ ਸਮੇਤ, 13 ਫੀਸਦ ਵਿਸ਼ਵ ਪਰਵਾਸੀਆਂ ਦਾ ਹਿੱਸਾ ਹਨ ਜੋ ਆਪਣਾ ਜਨਮ ਦੇਸ਼ ਛੱਡ ਚੁੱਕੇ ਹਨ।
ਵਿਸ਼ਲੇਸ਼ਣ ਵਿੱਚ ਪਰਵਾਸੀ ਆਬਾਦੀ ਵਿੱਚ ਆਪਣੇ ਜਨਮ ਸਥਾਨ (ਦੇਸ਼) ਤੋਂ ਬਾਹਰ ਰਹਿਣ ਵਾਲਾ ਹਰ ਵਿਅਕਤੀ ਸ਼ਾਮਲ ਹੁੰਦਾ ਹੈ, ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਾਲਗਾਂ ਤੱਕ।
ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਰਹਿਣ ਵਾਲੀ ਆਬਾਦੀ ਦੀ ਧਾਰਮਿਕ ਬਣਤਰ ਦੇਸ਼ ਦੀ ਸਮੁੱਚੀ ਆਬਾਦੀ ਨਾਲ ਮਿਲਦੀ-ਜੁਲਦੀ ਹੈ।

ਇਸ ਤੋਂ ਇਲਾਵਾ, ਵਿਸ਼ਵ ਆਬਾਦੀ ਦੇ ਆਪਣੇ ਹਿੱਸੇ (15 ਫੀਸਦ) ਦੇ ਮੁਕਾਬਲੇ ਕੌਮਾਂਤਰੀ ਪਰਵਾਸੀਆਂ (5 ਫੀਸਦ) ਵਿੱਚ ਹਿੰਦੂਆਂ ਦੀ ਗਿਣਤੀ ਬਹੁਤ ਘੱਟ ਹੈ। ਦੁਨੀਆ ਭਰ ਵਿੱਚ ਲਗਭਗ 100 ਕਰੋੜ ਹਿੰਦੂ ਹਨ।
ਕ੍ਰੇਮਰ ਦਾ ਕਹਿਣਾ ਹੈ, "ਅਜਿਹਾ ਇਸ ਲਈ ਲੱਗਦਾ ਹੈ ਕਿ ਕਿਉਂਕਿ ਹਿੰਦੂ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਹਨ ਅਤੇ ਭਾਰਤ ਵਿੱਚ ਪੈਦਾ ਹੋਏ ਲੋਕਾਂ ਦੀ ਇਥੋਂ ਜਾਣ ਦਾ ਸੰਭਾਵਨਾ ਘੱਟ ਹੈ।"
"ਭਾਰਤ ਵਿੱਚ ਪੈਦਾ ਹੋਏ ਜ਼ਿਆਦਾਤਰ ਲੋਕ ਕਿਸੇ ਹੋਰ ਦੇਸ਼ ਦੇ ਮੂਲ ਨਿਵਾਸੀਆਂ ਦੀ ਤੁਲਨਾ ਵਿੱਚ ਵਾਧੂ ਗਿਣਤੀ ਵਿੱਚ ਕਿਤੇ ਹੋਰ ਰਹਿ ਰਹੇ ਹਨ ਪਰ ਇਹ ਲੱਖਾਂ ਪਰਵਾਸੀ ਭਾਰਤ ਦੀ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹਨ।"
ਸਾਲ 2010 ਵਿੱਚ ਕਰੀਬ 99 ਫੀਸਦ ਲੋਕ ਏਸ਼ੀਆ ਵਿੱਚ ਰਹਿੰਦੇ ਸਨ, ਲਗਭਗ ਪੂਰੀ ਤਰ੍ਹਾਂ ਨਾਲ ਭਾਰਤ ਅਤੇ ਨੇਪਾਲ ਵਿੱਚ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਖਾਸ ਬਦਲਾਅ ਨਹੀਂ ਆਉਣ ਵਾਲਾ ਹੈ।
ਵੰਡ ਤੋਂ ਬਾਅਦ, ਭਾਰਤ ਨੇ ਵੱਡੇ ਪੱਧਰ 'ਤੇ ਪਰਵਾਸ ਦਾ ਅਨੁਭਵ ਨਹੀਂ ਕੀਤਾ ਹੈ ਅਤੇ ਉਸ ਸਮੇਂ ਪਰਵਾਸ ਕਰਨ ਵਾਲੇ ਬਹੁਤ ਸਾਰੇ ਲੋਕ ਹੁਣ ਜ਼ਿੰਦਾ ਨਹੀਂ ਹਨ।
ਕ੍ਰੈਮਰ ਦਾ ਕਹਿਣਾ ਹੈ, "ਇਸ ਦੇ ਉਲਟ, ਹੋਰ ਧਾਰਮਿਕ ਸਮੂਹ ਵਿਸ਼ਵ ਪੱਧਰ 'ਤੇ ਵਧੇਰੇ ਖਿੰਡੇ ਹੋਏ ਹਨ ਅਤੇ ਪਰਵਾਸ ਨੂੰ ਪ੍ਰੇਰਿਤ ਕਰਨ ਵਾਲੇ ਵਧੇਰੇ ਦਬਾਅ ਵਾਲੇ ਕਾਰਕਾਂ ਦਾ ਸਾਹਮਣਾ ਕਰਦੇ ਹਨ।"

ਤਸਵੀਰ ਸਰੋਤ, Getty Images
ਤਾਂ ਕੀ ਹਿੰਦੂ ਇਸ ਸਬੰਧ ਵਿੱਚ ਕਿਸੇ ਤਰ੍ਹਾਂ ਦਾ ਗਲੋਬਲ ਪੱਧਰ ʼਤੇ ਮਹੱਤਵਪੂਰਨ ʼਤੇ ਵੱਖਰਾ ਹੈ?
ਖੋਜਕਾਰਾਂ ਦਾ ਕਹਿਣਾ ਹੈ ਕਿ ਵਿਸ਼ਲੇਸ਼ਣ ਕੀਤੇ ਗਏ ਹੋਰ ਧਾਰਮਿਕ ਸਮੂਹਾਂ ਦੇ ਮੁਕਾਬਲੇ ਹਿੰਦੂ ਵੱਖਰੇ ਹਨ।
ਕ੍ਰੈਮਰ ਆਖਦੇ ਹਨ, "ਦੂਜੇ ਧਰਮਾਂ ਦੇ ਲੋਕਾਂ ਨਾਲੋਂ ਉਨ੍ਹਾਂ ਦੇ ਘਰ ਛੱਡਣ ਦੀ ਸੰਭਾਵਨਾ ਘੱਟ ਹੁੰਦੀ ਹੈ।"
"ਉਨ੍ਹਾਂ ਦੇ ਗਲੋਬਲ ਮਾਈਗ੍ਰੇਸ਼ਨ ਪੈਟਰਨ ਜ਼ਿਆਦਾਤਰ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਕੌਣ ਭਾਰਤ ਆਉਂਦਾ ਹੈ, ਨਾ ਕਿ ਕੌਣ ਭਾਰਤ ਛੱਡਦਾ ਹੈ।"
ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਕਿ ਹਿੰਦੂਆਂ ਦੀ ਸਭ ਤੋਂ ਲੰਬੀ ਔਸਤ ਪਰਵਾਸ ਦੂਰੀ 4,988 ਕਿਲੋਮੀਟਰ (3,100 ਮੀਲ) ਹੈ, ਜੋ ਅਕਸਰ ਭਾਰਤ ਤੋਂ ਅਮਰੀਕਾ ਅਤੇ ਯੂਕੇ ਵਰਗੇ ਦੂਰ-ਦੁਰਾਡੇ ਦੇ ਸਥਾਨਾਂ ʼਤੇ ਜਾਂਦੇ ਹਨ।
ਖੋਜਕਾਰਾਂ ਨੇ ਇਸ ਦਾ ਕਾਰਨ ਹਿੰਦੂਆਂ ਨੂੰ ਨੇੜਲੇ ਦੇਸ਼ਾਂ ਵਿੱਚ ਭੱਜਣ ਲਈ ਮਜਬੂਰ ਕਰਨ ਵਾਲੀਆਂ ਵਾਲੀਆਂ ਘਟਨਾਵਾਂ ਦਾ ਘੱਟ ਹੋਣਾ ਹੈ।
ਇਸ ਦੀ ਬਜਾਏ, ਜ਼ਿਆਦਾਤਰ ਆਰਥਿਕ ਪਰਵਾਸ ਕਰਦੇ ਹਨ ਜੋ ਚੰਗੀਆਂ ਨੌਕਰੀਆਂ ਦੀ ਭਾਲ ਵਿੱਚ ਦੂਜੀਆਂ ਥਾਵਾਂ ʼਤੇ ਜਾਂਦੇ ਹਨ।
ਭਾਰਤ ਦੇਸ਼ ਵਿੱਚ ਰਹਿ ਰਹੇ ਲੋਕਾਂ ਨਾਲੋਂ ਵੱਖਰਾ ਧਾਰਮਿਕ ਰਚਨਾ ਵਾਲੀ ਪਰਵਾਸੀ ਆਬਾਦੀ ਰੱਖਣ ਵਿੱਚ ਨਿਸ਼ਚਤ ਤੌਰ 'ਤੇ ਵਿਲੱਖਣ ਨਹੀਂ ਹੈ।
ਸਰਵੇਖਣ ਅਨੁਸਾਰ, ਬੰਗਲਾਦੇਸ਼ ਤੋਂ ਪਰਵਾਸੀਆਂ ਵਿੱਚ ਹਿੰਦੂਆਂ ਗਿਣਤੀ ਵਧੇਰੇ ਦਰਜ ਕੀਤੀ ਗਈ ਹੈ।

ਤਸਵੀਰ ਸਰੋਤ, Getty Images
ਅਧਿਐਨ ਦਾ ਅੰਦਾਜ਼ਾ ਹੈ ਕਿ ਬੰਗਲਾਦੇਸ਼ ਵਿੱਚ 10 ਫੀਸਦ ਤੋਂ ਘੱਟ ਹਿੰਦੂ ਅਬਾਦੀ ਹੈ ਪਰ ਬੰਗਲਾਦੇਸ਼ ਛੱਡਣ ਵਾਲੇ 21 ਫੀਸਦ ਲੋਕ ਹਿੰਦੂ ਹਨ।
ਬੰਗਲਾਦੇਸ਼ ਵਿੱਚ ਰਹਿਣ ਵਾਲੇ ਲਗਭਗ 90 ਫੀਸਦ ਲੋਕ ਮੁਸਲਮਾਨ ਹਨ, ਪਰ ਬੰਗਲਾਦੇਸ਼ ਤੋਂ ਛੱਡਣ ਵਾਲਿਆਂ ਵਿੱਚ ਮੁਸਲਮਾਨਾਂ ਦੀ ਹਿੱਸਾ 67 ਫੀਸਦ ਹੈ।
ਹਿੰਦੂ ਪਾਕਿਸਤਾਨ ਦੀ ਆਬਾਦੀ ਦਾ ਸਿਰਫ਼ 2 ਫੀਸਦ ਹਨ ਅਤੇ 8 ਫੀਸਦ ਲੋਕ ਜੋ ਪਾਕਿਸਤਾਨ ਵਿੱਚ ਪੈਦਾ ਹੋਏ ਸਨ ਅਤੇ ਉਹ ਹਿੰਦੂ ਹੁਣ ਕਿਤੇ ਹੋਰ ਜਾ ਕੇ ਰਹਿੰਦੇ ਹਨ।
ਮਿਆਂਮਾਰ ਵਿੱਚ ਪਰਵਾਸੀਆਂ ਦੀ ਆਬਾਦੀ ਦੇ ਮੁਕਾਬਲੇ ਇਸ ਦੇ ਵਸਨੀਕਾਂ ਦੀ ਆਬਾਦੀ ਵਿੱਚ ਮੁਸਲਮਾਨਾਂ ਦੀ ਫੀਸਦ ਘੱਟ ਹੈ।
ਮੁਸਲਮਾਨ ਮਿਆਂਮਾਰ ਦੀ ਨਿਵਾਸੀ ਆਬਾਦੀ ਦਾ ਲਗਭਗ 4 ਫੀਸਦ ਹਨ ਅਤੇ ਇਸਦੀ ਪਰਵਾਸੀ ਆਬਾਦੀ ਦਾ ਇਹ 36 ਫੀਸਦ ਹਿੱਸਾ ਬਣਾਉਂਦੇ ਹਨ।
ਜ਼ਾਹਰ ਹੈ ਕਿ ਮੁਸਲਮਾਨ ਵੀ ਬਹੁਗਿਣਤੀ-ਮੁਸਲਿਮ ਦੇਸ਼ਾਂ ਤੋਂ ਬਾਹਰ ਚਲੇ ਜਾਂਦੇ ਹਨ। ਪਰ ਉਨ੍ਹਾਂ ਦੇਸ਼ਾਂ ਵਿੱਚ ਧਾਰਮਿਕ ਘੱਟ ਗਿਣਤੀਆਂ ਅਕਸਰ ਜ਼ਿਆਦਾ ਪਰਵਾਸ ਕਰਦੀਆਂ ਹਨ।
ਤਾਂ ਪਿਊ ਰਿਪੋਰਟ ਵਿਸ਼ਵ ਦੇ ਪਰਵਾਸੀਆਂ ਦੀ ਧਾਰਮਿਕ ਰਚਨਾ ਬਾਰੇ ਵਿਆਪਕ ਤੌਰ 'ਤੇ ਕੀ ਜ਼ਾਹਿਰ ਕਰਦੀ ਹੈ?
ਕ੍ਰੈਮਰ ਦਾ ਕਹਿਣਾ ਹੈ, "ਅਸੀਂ ਦੇਖਿਆ ਹੈ ਕਿ ਲੋਕ ਅਕਸਰ ਉਨ੍ਹਾਂ ਥਾਵਾਂ 'ਤੇ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਧਰਮ ਬਰਾਬਰ ਹੁੰਦਾ ਹੈ ਅਤੇ ਆਪਣੇ ਜ਼ੱਦੀ ਮੁਲਕ ਵਿੱਚ ਘੱਟ ਗਿਣਤੀ ਧਾਰਮਿਕ ਸਮੂਹਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਥੋਂ ਚਲੇ ਜਾਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












