ਭਾਈਚਾਰਾ, ਜਿਸ ਦੇ ਬੰਦੇ 50 ਸਾਲ ਤੋਂ ਵੱਧ ਨਹੀਂ ਜਿਉਂਦੇ, ਜਿਹੜੇ ਜਿਉਂਦੇ ਹਨ, ਉਹ 80 ਸਾਲ ’ਚ ਵੀ ਸ਼ਿਕਾਰ ਖੇਡਦੇ ਹਨ

- ਲੇਖਕ, ਅਲੇਜੈਂਡਰੋ ਮਿਲਨ ਵੈਲੇਂਸੀਆ
- ਰੋਲ, ਬੀਬੀਸੀ ਨਿਊਜ਼ ਮੁੰਡੋ, ਰਿਪੋਰਟਿੰਗ ਬੋਲੀਵੀਆ ਤੋਂ
ਉਸ ਦੇ ਆਈਡੀ ਕਾਰਡ ਮੁਤਾਬਕ ਉਨ੍ਹਾਂ ਦੀ ਉਮਰ 84 ਸਾਲ ਦੀ ਹੈ, ਪਰ 10 ਮਿੰਟਾਂ ਦੇ ਅੰਦਰ, ਉਸਨੇ ਜੜ੍ਹਾਂ ਤੋਂ ਕੰਦ (ਖਾਣ ਵਾਲੀ ਸਬਜ਼ੀ) ਕੱਢਣ ਲਈ ਤਿੰਨ ਯੂਕਾ ਦੇ ਦਰੱਖਤ ਪੁੱਟੇ ਅਤੇ ਆਪਣੇ ਚਾਕੂ ਦੇ ਸਿਰਫ ਦੋ ਵਾਰਾਂ ਨਾਲ, ਇੱਕ ਰੁੱਖ ਨੂੰ ਕੱਟ ਦਿੱਤਾ।
ਉਹ ਆਪਣੀ ਪਿੱਠ 'ਤੇ ਫਲਾਂ ਦੀ ਇੱਕ ਵੱਡੀ ਗਠੜੀ ਚੁੱਕਦੀ ਹੈ ਅਤੇ ਘਰ ਵੱਲ ਤੁਰ ਪੈਂਦੀ ਹੈ।
ਉਹ ਆਪਣੇ ਖੇਤਾਂ ਵਿੱਚ ਸੀ, ਜਿੱਥੇ ਉਹ ਮੱਕੀ, ਫ਼ਲ, ਚੌਲ ਆਦਿ ਉਗਾਉਂਦੀ ਹੈ।
ਮਾਰਟੀਨਾ 16,000 ਚੀਮੈਨੇ ਵਿੱਚੋਂ ਇੱਕ ਹੈ। ਇਹ ਬੋਲੀਵੀਆ ਦੀ ਰਾਜਧਾਨੀ, ਲਾ ਪਾਜ਼ ਤੋਂ 600 ਕਿਲੋਮੀਟਰ ਉੱਤਰ ਵਿੱਚ ਐਮਾਜ਼ਨ ਰੇਨਫੋਰੈਸਟ ਦੇ ਇਲਾਕੇ ਵਿੱਚ ਰਹਿਣ ਵਾਲਾ ਇੱਕ ਅਰਧ-ਖਾਨਾਬਦੌਸ਼ ਆਦਿਵਾਸੀ ਭਾਈਚਾਰਾ ਹੈ।
ਉਸ ਦਾ ਅਜਿਹਾ ਜੋਸ਼ ਉਸ ਦੀ ਉਮਰ ਦੇ ਚੀਮੈਨਿਆਂ ਲਈ ਅਸਧਾਰਨ ਨਹੀਂ ਹੈ।
ਵਿਗਿਆਨੀਆਂ ਨੇ ਇਸ ਸਮੂਹ ਵਿੱਚ ਹੁਣ ਤੱਕ ਦੀ ਸਭ ਤੋਂ ਸਿਹਤਮੰਦ ਧਮਨੀਆਂ ਦਾ ਅਧਿਐਨ ਕੀਤਾ ਗਿਆ ਹੈ, ਅਤੇ ਸਿੱਟਾ ਕੱਢਿਆ ਹੈ ਕਿ ਉਨ੍ਹਾਂ ਦੇ ਦਿਮਾਗ਼ ਦੀ ਉਮਰ ਉੱਤਰੀ ਅਮਰੀਕਾ, ਯੂਰਪ ਅਤੇ ਹੋਰ ਥਾਵਾਂ ਦੇ ਲੋਕਾਂ ਨਾਲੋਂ ਹੌਲੀ-ਹੌਲੀ ਵਧਦੀ ਹੈ।

ਚਿਮੈਨੇ ਦੁਰਲੱਭ ਹੈ। ਉਹ ਧਰਤੀ ਦੇ ਉਨ੍ਹਾਂ ਆਖ਼ਰੀ ਲੋਕਾਂ ਵਿੱਚੋਂ ਹਨ ਜੋ ਸ਼ਿਕਾਰ, ਚਾਰਾ ਅਤੇ ਖੇਤੀ ਦੀ ਉੱਤੇ ਨਿਰਭਰ ਪੂਰੀ ਤਰ੍ਹਾਂ ਨਿਰਵਿਘਨ ਜੀਵਨ ਸ਼ੈਲੀ ਜੀਉਂਦੇ ਹਨ।
ਇਹ ਸਮੂਹ ਇੱਕ ਵਿਸ਼ਾਲ ਵਿਗਿਆਨਕ ਨਮੂਨਾ ਪ੍ਰਦਾਨ ਕਰਨ ਲਈ ਵੀ ਕਾਫ਼ੀ ਵੱਡਾ ਹੈ ਅਤੇ ਨਿਊ ਮੈਕਸੀਕੋ ਯੂਨੀਵਰਸਿਟੀ ਦੇ ਮਾਨਵ-ਵਿਗਿਆਨੀ ਹੇਲਾਰਡ ਕਪਲਨ ਦੀ ਅਗਵਾਈ ਵਿੱਚ ਖੋਜਕਾਰਾਂ ਨੇ ਦੋ ਦਹਾਕਿਆਂ ਤੋਂ ਇਸ ਦਾ ਅਧਿਐਨ ਕੀਤਾ ਹੈ।
ਚਿਮੈਨੇ ਜਾਨਵਰਾਂ ਦਾ ਸ਼ਿਕਾਰ ਕਰਨ, ਭੋਜਨ ਉਗਾਉਣ ਅਤੇ ਛੱਤਾਂ ਬੁਣਨ ਵਿੱਚ ਨਿਰੰਤਰ ਸਰਗਰਮ ਹਨ।
ਇਹ ਲੋਕ ਉਦਯੋਗਿਕ ਅਬਾਦੀ ਦੇ ਲੋਕਾਂ ਜੋ ਆਪਣਾ 54 ਫੀਸਦ ਦਿਨ ਬੈਠ ਕੇ ਬਿਤਾਉਂਦੇ ਹਨ, ਦੇ ਮੁਕਾਬਲੇ ਸਿਰਫ਼ 10 ਫੀਸਦ ਘੰਟੇ ਹੀ ਬੈਠਣ ਵਾਲੀਆਂ ਗਤੀਵਿਧੀਆਂ ਕਰਦੇ ਹਨ।
ਉਦਾਹਰਨ ਲਈ, ਇੱਕ ਔਸਤ ਸ਼ਿਕਾਰ, 8 ਘੰਟੇ ਤੋਂ ਵੱਧ ਰਹਿੰਦਾ ਹੈ ਅਤੇ 18 ਕਿਲੋਮੀਟਰ ਦਾ ਪੈਂਡਾ (11 ਮੀਲ) ਤੈਅ ਕਰਦਾ ਹੈ।
ਉਹ ਮੈਨੀਕੀ ਨਦੀ 'ਤੇ ਰਹਿੰਦੇ ਹਨ, ਨਜ਼ਦੀਕੀ ਸ਼ਹਿਰ ਤੋਂ ਕਿਸ਼ਤੀ ਦੁਆਰਾ ਲਗਭਗ 100 ਕਿਲੋਮੀਟਰ ਦੂਰ ਅਤੇ ਪ੍ਰੋਸੈਸਡ ਭੋਜਨ, ਅਲਕੋਹਲ ਅਤੇ ਸਿਗਰਟਾਂ ਤੱਕ ਉਨ੍ਹਾਂ ਦੀ ਬਹੁਤ ਘੱਟ ਪਹੁੰਚ ਹੈ।

ਵਿਗਿਆਨਕ ਅਧਿਐਨ
ਖੋਜਕਾਰਾਂ ਨੇ ਦੇਖਿਆ ਕਿ ਅਮਰੀਕਾ ਵਿੱਚ ਕੈਲੋਰੀ ਖਾਣ ਵਾਲੇ ਲੋਕਾਂ ਵਿੱਚ 34 ਫੀਸਦ ਦੇ ਮੁਕਾਬਲੇ ਉਹ ਸਿਰਫ 14% ਚਰਬੀ ਕੈਲੋਰੀ ਲੈਂਦੇ ਹਨ।
ਉਨ੍ਹਾਂ ਦੇ ਭੋਜਨ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਅਮਰੀਕਾ ਵਿੱਚ 52 ਫੀਸਦ ਦੇ ਮੁਕਾਬਲੇ ਉਨ੍ਹਾਂ ਦੀਆਂ ਕੈਲੋਰੀਆਂ ਦਾ 72 ਫੀਸਦ ਕਾਰਬੋਹਾਈਡਰੇਟ ਤੋਂ ਆਉਂਦਾ ਹੈ।
ਪ੍ਰੋਟੀਨ ਉਨ੍ਹਾਂ ਜਾਨਵਰਾਂ ਤੋਂ ਆਉਂਦੇ ਹਨ ਜਿਨ੍ਹਾਂ ਦਾ ਉਹ ਸ਼ਿਕਾਰ ਕਰਦੇ ਹਨ, ਜਿਵੇਂ ਕਿ ਪੰਛੀ, ਬਾਂਦਰ ਅਤੇ ਮੱਛੀ। ਜਦੋਂ ਖਾਣਾ ਪਕਾਉਣ ਦੀ ਗੱਲ ਆਉਂਦੀ ਹੈ, ਤਾਂ ਰਵਾਇਤੀ ਤੌਰ 'ਤੇ ਬਣਾਉਂਦੇ ਹਨ, ਤਲਦੇ ਨਹੀਂ ਹਨ।
ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਬਾਰਬਰਾ ਦੇ ਪ੍ਰੋ. ਕਪਲਨ ਅਤੇ ਉਨ੍ਹਾਂ ਦੇ ਸਹਿਯੋਗੀ ਮਾਈਕਲ ਗੁਰਵੇਨ ਦਾ ਸ਼ੁਰੂਆਤੀ ਕੰਮ ਮਾਨਵ-ਵਿਗਿਆਨਕ ਵਜੋਂ ਸੀ।
ਪਰ ਉਨ੍ਹਾਂ ਨੇ ਦੇਖਿਆ ਕਿ ਬਜ਼ੁਰਗ ਚਿਮੈਨਿਆਂ ਵਿੱਚ ਬੁਢਾਪੇ ਦੀਆਂ ਖ਼ਾਸ ਬਿਮਾਰੀਆਂ ਜਿਵੇਂ ਕਿ ਹਾਈਪਰਟੈਨਸ਼ਨ, ਸ਼ੂਗਰ ਜਾਂ ਦਿਲ ਦੀਆਂ ਸਮੱਸਿਆਵਾਂ ਦੇ ਲੱਛਣ ਨਹੀਂ ਦਿਖਾਈ ਦਿੰਦੇ ਸਨ।
ਫਿਰ 2013 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਉਨ੍ਹਾਂ ਦਾ ਧਿਆਨ ਖਿੱਚਿਆ। ਅਮਰੀਕੀ ਕਾਰਡੀਓਲੋਜਿਸਟ ਰੈਂਡਲ ਸੀ ਥੌਮਸਨ ਦੀ ਅਗਵਾਈ ਵਾਲੀ ਟੀਮ ਨੇ ਪ੍ਰਾਚੀਨ ਮਿਸਰੀ, ਇੰਕਾ ਅਤੇ ਉਨੰਗਨ ਸੱਭਿਅਤਾਵਾਂ ਦੀਆਂ 137 ਮੰਮੀਜ਼ ਦੀ ਜਾਂਚ ਕਰਨ ਲਈ ਸੀਟੀ ਸਕੈਨਿੰਗ ਦੀ ਵਰਤੋਂ ਕੀਤੀ।
ਜਿਵੇਂ-ਜਿਵੇਂ ਮਨੁੱਖ ਦੀ ਉਮਰ ਵਧਦੀ ਜਾਂਦੀ ਹੈ, ਚਰਬੀ, ਕੋਲੈਸਟ੍ਰੋਲ ਅਤੇ ਹੋਰ ਪਦਾਰਥਾਂ ਦਾ ਇਕੱਠੇ ਹੋਣ ਨਾਲ ਧਮਨੀਆਂ ਮੋਟੀਆਂ ਜਾਂ ਸਖ਼ਤ ਹੋ ਸਕਦੀਆਂ ਹਨ। ਜਿਸ ਨਾਲ ਐਥੀਰੋਸਕਲੇਰੋਸਿਸ ਹੋ ਸਕਦਾ ਹੈ।
ਉਨ੍ਹਾਂ ਨੂੰ 47 ਮੰਮੀਜ਼ ਵਿੱਚ ਇਸ ਦੇ ਸੰਕੇਤ ਮਿਲੇ, ਜੋ ਕਿ ਇਹ ਆਧੁਨਿਕ ਜੀਵਨਸ਼ੈਲੀ ਦੇ ਕਾਰਨ ਹੋਣ ਵਾਲੀਆਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਹਨ।

ਅਮਰੀਕੀ ਦੇ ਮੁਕਾਬਲੇ ਚਿਮੈਨੇ
ਦੋ ਖੋਜ ਟੀਮਾਂ ਨੇ ਮਿਲ ਕੇ ਕੋਰੋਨਰੀ ਆਰਟਰੀ ਕੈਲਸ਼ੀਅਮ (ਸੀਏਸੀ) ਦੀ ਭਾਲ ਵਿੱਚ, 40 ਸਾਲ ਤੋਂ ਵੱਧ ਉਮਰ ਦੇ 705 ਚਿਮੈਨਿਆਂ ਦੇ ਇਹ ਦੇਖਣ ਲਈ ਸੀਟੀ ਸਕੈਨ ਕੀਤੇ ਕਿ ਖੂਨ ਦੀਆਂ ਨਾੜੀਆਂ ਦੇ ਬੰਦ ਹੋਣ ਅਤੇ ਦਿਲ ਦੇ ਦੌਰੇ ਦੇ ਜੋਖ਼ਮ ਦੇ ਕੋਈ ਸੰਕੇਤ ਤਾਂ ਨਹੀਂ ਹਨ।
2017 ਵਿੱਚ ਪਹਿਲੀ ਵਾਰ ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਹੋਏ ਅਧਿਐਨ ਮੁਤਾਬਕ, 75 ਤੋਂ ਵੱਧ ਉਮਰ ਦੇ 65 ਫੀਸਦ ਚਿਮੈਨਿਆਂ ਵਿੱਚ ਕੋਈ ਸੰਕੇਤ ਨਹੀਂ ਸਨ। ਇਸਦੇ ਮੁਕਾਬਲੇ, ਉਸ ਉਮਰ ਦੇ ਜ਼ਿਆਦਾਤਰ ਅਮਰੀਕੀਆਂ (80 ਫੀਸਦ) ਵਿੱਚ ਇਸਦੇ ਲੱਛਣ ਹਨ।
ਜਿਵੇਂ ਕਿ ਕੈਪਲਨ ਨੇ ਕਿਹਾ, "75-ਸਾਲ ਦੇ ਚਿਮੈਨੇ ਦੀਆਂ ਧਮਨੀਆਂ 50-ਸਾਲ ਦੇ ਅਮਰੀਕਨ ਧਮਨੀਆਂ ਵਰਗੀਆਂ ਹਨ।"
ਨੈਸ਼ਨਲ ਅਕੈਡਮੀ ਆਫ਼ ਸਾਇੰਸ ਦੇ ਜਰਨਲ ਪ੍ਰੋਸੀਡਿੰਗਜ਼ ਵਿੱਚ 2023 ਵਿੱਚ ਪ੍ਰਕਾਸ਼ਿਤ ਇੱਕ ਦੂਜਾ ਪੜਾਅ, ਪਾਇਆ ਗਿਆ ਕਿ ਬਜ਼ੁਰਗ ਚਿਮੈਨੇ ਵਿੱਚ ਯੂਕੇ, ਜਾਪਾਨ ਅਤੇ ਅਮਰੀਕਾ ਵਰਗੇ ਉਦਯੋਗਿਕ ਦੇਸ਼ਾਂ ਵਿੱਚ ਉਸੇ ਉਮਰ ਦੇ ਲੋਕਾਂ ਨਾਲੋਂ 70 ਫੀਸਦ ਘੱਟ ਦਿਮਾਗ਼ੀ ਬਿਮਾਰੀਆਂ ਨਾਲ ਜੁੜੇ ਕੋਈਆ ਸੰਕੇਤ ਸਨ।

ਖੋਜਕਾਰਾਂ ਲਈ ਇੱਕ ਮੈਡੀਕਲ ਕੋਆਰਡੀਨੇਟਰ, ਬੋਲੀਵੀਆਈ ਡਾਕਟਰ ਡੇਨੀਅਲ ਈਡ ਰੋਡਰਿਗਜ਼ ਨੇ ਸਾਨੂੰ ਦੱਸਿਆ, "ਸਾਨੂੰ ਪੂਰੀ ਬਾਲਗ਼ ਆਬਾਦੀ ਵਿੱਚ ਅਲਜ਼ਾਈਮਰ ਦੇ ਜ਼ੀਰੋ ਕੇਸ ਮਿਲੇ। ਇਹ ਕਮਾਲ ਦੀ ਗੱਲ ਹੈ।"
ਚਿਮੈਨਿਆਂ ਦੀ ਉਮਰ ਬਾਰੇ ਕੰਮ ਕਰਨਾ, ਹਾਲਾਂਕਿ, ਇੱਕ ਸਹੀ ਵਿਗਿਆਨ ਨਹੀਂ ਹੈ।
ਕਈਆਂ ਨੂੰ ਗਿਣਤੀ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਨੰਬਰ ਨਹੀਂ ਸਿਖਾਏ ਗਏ ਹਨ।
ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਖੇਤਰ ਵਿੱਚ ਈਸਾਈ ਮਿਸ਼ਨਾਂ ਦੇ ਰਿਕਾਰਡਾਂ ਦੁਆਰਾ ਜਾਂ ਉਹ ਕਿੰਨੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ, ਇਸ ਤੋਂ ਸੇਧ ਲੈਂਦੇ ਹਨ।
ਵਿਗਿਆਨੀ ਕਿਸੇ ਵਿਅਕਤੀ ਦੇ ਬੱਚਿਆਂ ਦੀ ਉਮਰ ਦੇ ਆਧਾਰ 'ਤੇ ਗਣਨਾ ਕਰਦੇ ਹਨ।
ਉਨ੍ਹਾਂ ਦੇ ਰਿਕਾਰਡਾਂ ਅਨੁਸਾਰ, ਹਿਲਡਾ 81 ਸਾਲਾਂ ਦੀ ਹੈ, ਪਰ ਉਹ ਕਹਿੰਦੀ ਹੈ ਕਿ ਹਾਲ ਹੀ ਵਿੱਚ ਉਸ ਦੇ ਪਰਿਵਾਰ ਨੇ ਉਸਦਾ "100ਵਾਂ ਜਨਮ ਦਿਨ ਜਾਂ ਅਜਿਹਾ ਕੁਝ" ਮਨਾਉਣ ਲਈ ਇੱਕ ਸੂਰ ਨੂੰ ਮਾਰਿਆ ਸੀ।

ਬਚਪਨ ਦੀਆਂ ਲਾਗਾਂ
ਜੁਆਨ ਮੁਤਾਬਕ ਉਨ੍ਹਾਂ ਦੀ ਉਮਰ 78 ਸਾਲ ਹੈ ਅਤੇ ਸਾਨੂੰ ਸ਼ਿਕਾਰ ਲਈ, ਨਾਲ ਲੈ ਕੇ ਬਾਹਰ ਲੈ ਜਾਂਦਾ ਹੈ।
ਉਸ ਦੇ ਵਾਲ ਕਾਲੇ ਹਨ, ਉਸ ਦੀਆਂ ਅੱਖਾਂ ਦੀ ਰੌਸ਼ਨੀ ਬਿਲਕੁਲ ਸਹੀ-ਸਲਾਮਤ ਹੈ ਅਤੇ ਉਸ ਦੇ ਹੱਥਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹਨ।
ਅਸੀਂ ਦੇਖਦੇ ਹਾਂ ਕਿ ਉਹ ਇੱਕ ਛੋਟੇ ਵਾਲਾਂ ਵਾਲੇ ਜੰਗਲੀ ਸੂਰ ਦਾ ਪਿੱਛਾ ਕਰਦਾ ਹੈ ਜੋ ਕਿ ਪੱਤਿਆਂ ਵਿੱਚ ਲੁਕ ਕੇ ਭੱਜ ਜਾਂਦਾ ਹੈ।
ਉਹ ਮੰਨਦਾ ਹੈ ਕਿ ਉਹ ਆਪਣੀ ਉਮਰ ਮਹਿਸੂਸ ਕਰਦਾ ਹੈ, “ਹੁਣ ਸਭ ਤੋਂ ਮੁਸ਼ਕਲ ਚੀਜ਼ ਮੇਰਾ ਸਰੀਰ ਹੈ। ਮੈਂ ਹੋਰ ਜ਼ਿਆਦਾ ਨਹੀਂ ਤੁਰਦਾ… ਵੱਧ ਤੋਂ ਵੱਧ ਦੋ ਦਿਨ ਹੋਣਗੇ।”
ਮਾਰਟੀਨਾ ਸਹਿਮਤ ਹੈ। ਚਿਮੈਨੇ ਔਰਤਾਂ ਜਟਾਟਾ ਨਾਮ ਦੇ ਜੰਗਲ ਵਿੱਚ ਉੱਗਣ ਵਾਲੇ ਪੌਦੇ ਤੋਂ ਛੱਤਾਂ ਬੁਣਨ ਲਈ ਜਾਣੀਆਂ ਜਾਂਦੀਆਂ ਹਨ। ਇਸ ਨੂੰ ਲੱਭਣ ਲਈ, ਮਾਰਟੀਨਾ ਨੂੰ ਤਿੰਨ ਘੰਟੇ ਪੌਦੇ ਕੋਲ ਪਹੁੰਚਣ ਅਤੇ ਤਿੰਨ ਘੰਟੇ ਪਿੱਠ ਉੱਤੇ ਪੌਦੇ ਲੱਦ ਕੇ ਵਾਪਸ ਆਉਣਾ ਲਈ ਤੁਰਨਾ ਪੈਂਦਾ ਹੈ।
ਉਹ ਕਹਿੰਦੀ ਹੈ, “ਮੈਂ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਅਜਿਹਾ ਕਰਦੀ ਹਾਂ, ਹਾਲਾਂਕਿ ਹੁਣ ਇਹ ਮੇਰੇ ਲਈ ਔਖਾ ਹੈ।”

ਹਾਲਾਂਕਿ, ਬਹੁਤ ਸਾਰੇ ਚਿਮੈਨੇ ਕਦੇ ਵੀ ਬੁਢਾਪੇ ਤੱਕ ਨਹੀਂ ਪਹੁੰਚਦੇ। ਜਦੋਂ ਅਧਿਐਨ ਸ਼ੁਰੂ ਹੋਇਆ, ਉਨ੍ਹਾਂ ਦੀ ਔਸਤ ਜੀਵਨ ਸੰਭਾਵਨਾ ਸਿਰਫ਼ 45 ਸਾਲ ਸੀ, ਹੁਣ ਇਹ ਵਧ ਕੇ 50 ਹੋ ਗਈ ਹੈ।
ਕਲੀਨਿਕ ਵਿੱਚ ਜਿੱਥੇ ਸਕੈਨ ਕੀਤੇ ਜਾਂਦੇ ਹਨ, ਡਾਕਟਰ ਈਦ ਬਜ਼ੁਰਗ ਔਰਤ ਨੂੰ ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛਦੇ ਹਨ ਕਿਉਂਕਿ ਉਹ ਜਾਂਚ ਕਰਨ ਦੀ ਤਿਆਰੀ ਕਰ ਰਹੇ ਹਨ।
ਆਪਣੀਆਂ ਉਂਗਲਾਂ 'ਤੇ ਗਿਣਦਿਆਂ, ਇਕ ਔਰਤ ਦੁਖੀ ਮਨ ਨਾਲ ਕਹਿੰਦੀ ਹੈ ਕਿ ਉਸ ਦੇ ਛੇ ਬੱਚੇ ਸਨ, ਜਿਨ੍ਹਾਂ ਵਿਚੋਂ ਪੰਜ ਦੀ ਮੌਤ ਹੋ ਗਈ।
ਇਕ ਹੋਰ ਕਹਿੰਦੀ ਹੈ ਕਿ ਉਸ ਕੋਲ 12 ਸਨ, ਜਿਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ। ਇਕ ਹੋਰ ਕਹਿੰਦੀ ਹੈ ਕਿ ਉਸ ਦੇ ਨੌ ਬੱਚੇ ਅਜੇ ਵੀ ਜ਼ਿੰਦਾ ਹਨ, ਪਰ ਤਿੰਨ ਦੀ ਮੌਤ ਹੋ ਗਈ।
ਡਾ ਈਦ ਕਹਿੰਦੇ ਹਨ, "ਇਹ ਲੋਕ ਜੋ 80 ਸਾਲ ਦੀ ਉਮਰ ਤੱਕ ਪਹੁੰਚਦੇ ਹਨ, ਉਹ ਲੋਕ ਸਨ, ਜੋ ਬਿਮਾਰੀਆਂ ਅਤੇ ਲਾਗਾਂ ਨਾਲ ਭਰੇ ਬਚਪਨ ਤੋਂ ਬਚਣ ਵਿੱਚ ਕਾਮਯਾਬ ਰਹੇ।"

ਖੋਜਕਾਰਾਂ ਦਾ ਮੰਨਣਾ ਹੈ ਕਿ ਸਾਰੇ ਚਿਮੈਨਿਆਂ ਨੇ ਆਪਣੇ ਜੀਵਨ ਕਾਲ ਦੌਰਾਨ ਪਰਜੀਵੀਆਂ ਜਾਂ ਕੀੜਿਆਂ ਦੁਆਰਾ ਕਿਸੇ ਕਿਸਮ ਦੀ ਲਾਗ ਦਾ ਅਨੁਭਵ ਕੀਤਾ ਹੈ।
ਉਨ੍ਹਾਂ ਨੂੰ ਉੱਚ ਪੱਧਰੀ ਜਰਾਸੀਮ ਅਤੇ ਸੋਜਸ਼ ਵੀ ਆਈ, ਜਿਸ ਦਾ ਮਤਲਬ ਹੈ ਕਿ ਚਿਮੈਨਿਆਂ ਦੇ ਸਰੀਰ ਲਗਾਤਾਰ ਲਾਗਾਂ ਨਾਲ ਲੜ ਰਹੇ ਸਨ।
ਇਸ ਨੇ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਸ਼ੁਰੂਆਤੀ ਲਾਗ ਖੁਰਾਕ ਅਤੇ ਕਸਰਤ ਤੋਂ ਇਲਾਵਾ ਬਜ਼ੁਰਗ ਚਿਮੈਨਿਆਂ ਦੇ ਸਿਹਤ ਦੇ ਪਿੱਛੇ ਹੋਰ ਕਾਰਕ ਹੋ ਸਕਦੇ ਹਨ।
ਕਮਿਊਨਿਟੀ ਦੀ ਜੀਵਨ ਸ਼ੈਲੀ, ਹਾਲਾਂਕਿ, ਬਦਲ ਰਹੀ ਹੈ।
ਜੁਆਨ ਦਾ ਕਹਿਣਾ ਹੈ ਕਿ ਉਹ ਮਹੀਨਿਆਂ ਤੋਂ ਕਿਸੇ ਵੱਡੇ ਜਾਨਵਰ ਦਾ ਸ਼ਿਕਾਰ ਨਹੀਂ ਕਰ ਸਕੇ।
2023 ਦੇ ਅੰਤ ਵਿੱਚ ਜੰਗਲ ਦੀ ਅੱਗ ਦੀ ਇੱਕ ਲੜੀ ਨੇ ਲਗਭਗ 20 ਲੱਖ ਹੈਕਟੇਅਰ ਜੰਗਲ ਨੂੰ ਤਬਾਹ ਕਰ ਦਿੱਤਾ।
ਉਹ ਕਹਿੰਦੇ ਹਨ, “ਅੱਗ ਨੇ ਜਾਨਵਰਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।”
ਉਸ ਨੇ ਹੁਣ ਪਸ਼ੂ ਪਾਲਣ ਸ਼ੁਰੂ ਕਰ ਦਿੱਤਾ ਹੈ। ਉਸਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਵਿੱਚ ਇੱਥੇ ਪਾਲਤੂ ਜਾਨਵਰ ਪਰਿਵਾਰ ਲਈ ਪ੍ਰੋਟੀਨ ਪ੍ਰਦਾਨ ਕਰਨਗੇ।

ਡਾ. ਈਦ ਦਾ ਕਹਿਣਾ ਹੈ ਕਿ ਆਊਟਬੋਰਡ ਮੋਟਰ ਨਾਲ ਕਿਸ਼ਤੀਆਂ ਦੀ ਵਰਤੋਂ ਵੀ ਤਬਦੀਲੀ ਲਿਆ ਰਹੀ ਹੈ।
ਜਿਸ ਨਾਲ ਬਜ਼ਾਰਾਂ ਤੱਕ ਪਹੁੰਚ ਸੌਖੀ ਹੋ ਜਾਂਦੀ ਹੈ ਅਤੇ ਚਿਮੈਨਿਆਂ ਨੂੰ ਖੰਡ, ਆਟਾ ਅਤੇ ਤੇਲ ਵਰਗੇ ਭੋਜਨਾਂ ਤੱਕ ਪਹੁੰਚ ਮਿਲਦੀ ਹੈ।
ਉਹ ਦੱਸਦੇ ਹਨ ਕਿ ਇਸਦਾ ਮਤਲਬ ਹੈ ਕਿ ਉਹ ਪਹਿਲਾਂ ਨਾਲੋਂ ਘੱਟ ਕਿਸ਼ਤੀ (ਚੱਪੂ ਵਾਲੀ) ਚਲਾ ਰਹੇ ਹਨ "ਜਿਸ ਵਿੱਚ ਸਭ ਤੋਂ ਵੱਧ ਸਰੀਰਕ ਗਤੀਵਿਧੀ ਸ਼ਾਮਲ ਹੁੰਦੀ ਹੈ।"
ਖੋਜਕਾਰਾਂ ਦੇਖਿਆ ਹੈ ਕਿ ਵੀਹ ਸਾਲ ਪਹਿਲਾਂ, ਡਾਇਬੀਟੀਜ਼ ਦੇ ਕੋਈ ਵੀ ਕੇਸ ਨਹੀਂ ਸਨ ਜਦ ਕਿ ਹੁਣ ਉਹ ਦਿਖਾਈ ਦੇਣ ਲੱਗੇ ਹਨ ਅਤੇ ਕੋਲੇਸਟ੍ਰੋਲ ਦਾ ਪੱਧਰ ਵੀ ਨੌਜਵਾਨ ਆਬਾਦੀ ਵਿੱਚ ਵਧਣਾ ਸ਼ੁਰੂ ਹੋ ਗਿਆ ਹੈ।
ਡਾ. ਈਦ ਦਾ ਕਹਿਣਾ ਹੈ, "ਉਨ੍ਹਾਂ ਦੀਆਂ ਆਦਤਾਂ ਵਿੱਚ ਕੋਈ ਵੀ ਛੋਟੀ ਜਿਹੀ ਤਬਦੀਲੀ ਇਨ੍ਹਾਂ ਸਿਹਤ ਸੂਚਕਾਂਕ ਨੂੰ ਪ੍ਰਭਾਵਿਤ ਕਰਦੀ ਹੈ।"
ਖੋਜਕਾਰਾਂ ਨੇ ਖ਼ੁਦ ਆਪਣੀ 20 ਸਾਲ ਦੇ ਕਾਰਜਕਾਲ ਵਿੱਚ ਇਸ ਖੇਤਰ ਵਿੱਚ ਬਹੁਤ ਅਸਰ ਪਾਇਆ ਹੈ।
ਉਨ੍ਹਾਂ ਚਿਮੈਨਿਆਂ ਲਈ ਸਿਹਤ ਸੇਵਾ ਤੱਕ ਬਿਹਤਰ ਪਹੁੰਚ ਦੀ ਵਿਵਸਥਾ ਕੀਤੀ ਹੈ, ਜਿਸ ਵਿੱਚ ਮੋਤੀਆਬਿੰਦ ਦੇ ਆਪਰੇਸ਼ਨ ਤੋਂ ਲੈ ਕੇ ਟੁੱਟੀਆਂ ਹੋਈਆਂ ਹੱਡੀਆਂ ਅਤੇ ਸੱਪ ਦੇ ਕੱਟਣ ਦੇ ਇਲਾਜ ਤੱਕ ਸ਼ਾਮਲ ਹਨ।
ਪਰ ਹਿਲਡਾ ਲਈ ਬੁਢਾਪਾ ਅਜਿਹੀ ਚੀਜ਼ ਨਹੀਂ, ਜਿਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਵੇ।
ਉਹ ਹੱਸਦੇ ਹੋਏ ਕਹਿੰਦੀ ਹੈ, "ਮੈਨੂੰ ਮਰਨ ਦਾ ਡਰ ਨਹੀਂ ਕਿਉਂਕਿ ਉਹ ਮੈਨੂੰ ਦਫ਼ਨਾ ਦੇਣਗੇ ਅਤੇ ਮੈਂ ਉੱਥੇ ਰਹਾਂਗੀ... ਬਿਲਕੁਲ ਸ਼ਾਂਤ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












