ਪੰਜਾਬ: ਸੰਗਰੂਰ ਦਾ ਸਾਬਕਾ ਫੌਜੀ 4 ਮਹੀਨੇ 'ਚ ਹੀ ਇੱਕ ਏਕੜ ਤੋਂ ਕਮਾਉਣ ਲੱਗਾ ਇੱਕ ਲੱਖ ਰੁਪਏ ਮਹੀਨਾ

ਜਸਵਿੰਦਰ ਸਿੰਘ ਸੰਗਰੂਰ

ਤਸਵੀਰ ਸਰੋਤ, BBC

ਤਸਵੀਰ ਕੈਪਸ਼ਨ, ਕਿਸਾਨਾਂ ਨੇ ਚੰਗੇ ਮੁਨਾਫ਼ੇ ਦੀ ਆਸ 'ਚ ਗੰਡੋਆ ਪਾਲਣ ਤੇ ਇਸ ਦੀ ਖਾਦ ਤਿਆਰ ਕਰਨੀ ਸ਼ੁਰੂ ਕੀਤੀ ਹੈ
    • ਲੇਖਕ, ਕੁਲਵੀਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਰਵਾਇਤੀ ਫਸਲਾਂ ਦੀ ਖੇਤੀ ਨਾਲ ਆਮਦਨ ਵਿੱਚ ਆਈ ਖੜੋਤ, ਰਸਾਇਣਾਂ ਦੀ ਵਰਤੋਂ ਨਾਲ ਜ਼ਹਿਰੀ ਹੁੰਦੀ ਜਿਣਸ ਦੀ ਸਮੱਸਿਆ ਨੇ ਪੰਜਾਬ ਦੇ ਇੱਕ ਸਾਬਕਾ ਫੌਜੀ ਨੂੰ ਨਵੇਂ ਤਜਰਬੇ ਦਾ ਰਾਹ ਦਿਖਾਇਆ ਹੈ।

ਜਸਵਿੰਦਰ ਸਿੰਘ ਸੰਗਰੂਰ ਦੇ ਰਹਿਣ ਵਾਲੇ ਹਨ। ਉਹ ਸਾਬਕਾ ਫੌਜੀ ਹਨ ਅਤੇ ਨਿੱਜੀ ਕੰਪਨੀ ਦੀ ਨੌਕਰੀ ਛੱਡ ਕੇ ਗਡੋਏ ਪਾਲਣ ਦਾ ਕਾਰੋਬਾਰ ਕਰ ਰਹੇ ਹਨ।

ਅਜਿਹਾ ਕਰਨ ਵਾਲੇ ਉਹ ਸੰਗਰੂਰ ਦੇ ਇਕੱਲੇ ਕਿਸਾਨ ਨਹੀਂ ਹਨ, ਬਲਕਿ ਕਈ ਹੋਰਾਂ ਨੇ ਵੀ ਇਸ ਕੰਮ ਨੂੰ ਧੰਦਾ ਬਣਾ ਲਿਆ ਹੈ।

ਦਰਅਸਲ ਕੀਟਨਾਸ਼ਕਾਂ ਨਾਲ ਸਿਹਤ 'ਤੇ ਪੈ ਰਹੇ ਅਸਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਹੁਤ ਸਾਰੇ ਕਿਸਾਨਾਂ ਨੇ ਜੈਵਿਕ ਖੇਤੀ ਵੱਲ ਰੁਖ ਕਰ ਲਿਆ ਹੈ।

ਭਾਰਤ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਪਿਛਲੇ ਦਿਨੀਂ ਆਪਣੇ ਬਜਟ ਭਾਸ਼ਣ ਵਿੱਚ ਜੈਵਿਕ ਖੇਤੀ ਨਾਲ ਇੱਕ ਕਰੋੜ ਕਿਸਾਨਾਂ ਨੂੰ ਜੋੜਨ ਦੇ ਟੀਚੇ ਦਾ ਐਲਾਨ ਕੀਤਾ।

ਭਾਰਤ ਸਰਕਾਰ ਦੇ ਅਜਿਹੇ ਐਲਾਨ ਦੇ ਮੱਦੇਨਜ਼ਰ ਜਸਵਿੰਦਰ ਸਿੰਘ ਅਤੇ ਸੰਗਰੂਰ ਦੇ ਅਜਿਹੇ ਹੋਰ ਕਿਸਾਨਾਂ ਦੇ ਵਰਮੀ ਕੰਪੋਸਟ ਯਾਨੀ ਗੰਡੋਇਆਂ ਦੀ ਖਾਦ ਤਿਆਰ ਕਰਨ ਦੇ ਕਾਰੋਬਾਰ ਦੀ ਅਹਿਮੀਅਤ ਨੂੰ ਵਧਾ ਦਿੱਤਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਰਵਾਇਤੀ ਫਸਲਾਂ ਨੂੰ ਛੱਡ ਕੇ ਗਡੋਏ ਪਾਲਣ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਪੰਜਾਬ ਵਿੱਚ ਸਭ ਤੋਂ ਜ਼ਿਆਦਾ ਝੋਨੇ ਹੇਠ ਰਕਬਾ ਸੰਗਰੂਰ ਵਿੱਚ ਹੈ, ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਡਿੱਗਣ ਨੂੰ ਲੈ ਕੇ ਵੀ ਸੰਗਰੂਰ ਡਾਰਕ ਜ਼ੋਨ ਵਿੱਚ ਹੈ।

ਜਿਸ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਖ਼ਤਰਨਾਕ ਪੱਧਰ ਤੱਕ ਹੇਠਾਂ ਚਲਾ ਜਾਵੇ ਉਸ ਨੂੰ ਡਾਰਕ ਜ਼ੋਨ ਕਿਹਾ ਜਾਂਦਾ ਹੈ।

ਕਿਸਾਨ ਕਹਿੰਦੇ ਹਨ, "ਜੇਕਰ ਸਾਡਾ ਰਵਾਇਤੀ ਫਸਲਾਂ ਅਤੇ ਕੀਟਨਾਸ਼ਕ ਤੋਂ ਛੁਟਕਾਰਾ ਹੋਵੇਗਾ ਤਾਂ ਹੀ ਸਾਡੀਆਂ ਨਸਲਾਂ ਬਚ ਸਕਣਗੀਆਂ।"

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਸਵਿੰਦਰ ਸਿੰਘ ਕਿਵੇਂ ਪ੍ਰੇਰਿਤ ਹੋਏ

ਜਸਵਿੰਦਰ ਸਿੰਘ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦੇ ਕਸਬੇ ਦੇ ਰਹਿਣ ਵਾਲੇ ਹਨ। ਉਹਨਾਂ ਨੇ ਫ਼ੌਜ 'ਚੋਂ ਸੇਵਾ ਮੁਕਤ ਹੋਣ ਮਗਰੋਂ ਕਾਫੀ ਥਾਵਾਂ 'ਤੇ ਪ੍ਰਾਈਵੇਟ ਨੌਕਰੀ ਕੀਤੀ।

ਰਵਾਇਤੀ ਫਸਲਾਂ ਵਿੱਚੋਂ ਵੀ ਕੁਝ ਖਾਸ ਬੱਚਤ ਨਹੀਂ ਹੋ ਰਹੀ ਸੀ।

ਜਸਵਿੰਦਰ ਸਿੰਘ ਦੱਸਦੇ ਹਨ, ''ਰਵਾਇਤੀ ਖੇਤੀ ਅਤੇ ਨਿੱਜੀ ਨੌਕਰੀਆਂ ਵਿੱਚ ਜ਼ਿਆਦਾ ਫਾਇਦਾ ਨਾ ਦੇਖਦੇ ਹੋਏ ਉਹਨਾਂ ਨੇ ਗੰਡੋਏ ਪਾਲਣ ਦੀ ਖੇਤੀ ਸ਼ੁਰੂ ਕਰ ਦਿੱਤੀ।''

ਕਿਸਾਨ ਜਸਵਿੰਦਰ ਸਿੰਘ ਗੰਡੋਇਆਂ ਦੀ ਖਾਦ ਤਿਆਰ ਕਰਨ ਪਿੱਛੇ ਦਾ ਵੱਡਾ ਕਾਰਨ ਵੱਧ ਰਹੀਆਂ ਭਿਆਨਕ ਬਿਮਾਰੀਆਂ ਨੂੰ ਮੰਨਦੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਤੇ ਫਸਲਾਂ 'ਤੇ ਕੀਤੇ ਜ਼ਹਿਰ ਦੇ ਛਿੜਕਾ ਦਾ ਨਤੀਜਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਰੂਪ ਵਿੱਚ ਨਿਕਲਦਾ ਹੈ।

ਵੀਡੀਓ ਕੈਪਸ਼ਨ, ਇੱਕ ਏਕੜ ਵਿੱਚੋਂ ਇੱਕ ਲੱਖ ਰੁਪਏ ਮਹੀਨਾ ਕਮਾਉਣ ਦਾ ਤਰੀਕਾ

ਇਹ ਖਾਦ ਤਿਆਰ ਕਰਨ ਲਈ ਉਹਨਾਂ ਨੇ ਇੱਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਅਤੇ ਉਸ ਕੰਪਨੀ ਵੱਲੋਂ ਹੀ ਉਹਨਾਂ ਨੂੰ ਇਸ ਦੀ ਸਿਖਲਾਈ ਵੀ ਮਿਲੀ ਹੈ।

ਇਸ ਸਮੇਂ ਉਹ ਆਪਣੀ ਚਾਰ ਏਕੜ ਜ਼ਮੀਨ 'ਤੇ ਗੰਡੋਇਆਂ ਦੀ ਖਾਦ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਚਾਰ ਮਹੀਨਿਆਂ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਉਹ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ।

ਜਸਵਿੰਦਰ ਸਿੰਘ ਕਹਿੰਦੇ ਹਨ, "ਇਨਸਾਨ ਦੀਆਂ ਬੁਨਿਆਦੀ ਲੋੜਾਂ ਵਿੱਚ ਰੋਟੀ, ਕੱਪੜਾ ਅਤੇ ਮਕਾਨ ਆਉਂਦੇ ਹਨ। ਪਰ ਹੁਣ ਇਨਸਾਨ ਨੇ ਮਕਾਨ ਵੀ ਚੰਗਾ ਬਣਾ ਲਿਆ ਹੈ ਤੇ ਉਹ ਕੱਪੜੇ ਵੀ ਚੰਗੇ ਪਾ ਰਹੇ ਹਨ, ਪਰ ਆਪਣੇ ਭੋਜਨ ਬਾਰੇ ਇਸ ਸਮੇਂ ਅਸੀਂ ਬਿਲਕੁਲ ਨਹੀਂ ਸੋਚ ਰਹੇ ਕਿ ਉਹ ਕਿੰਨੀਆਂ ਜ਼ਹਿਰੀਲੀਆਂ ਦਵਾਈਆਂ ਦੇ ਸੰਪਰਕ ਵਿੱਚ ਆਉਣ ਮਗਰੋਂ ਸਾਡੇ ਤੱਕ ਪਹੁੰਚ ਰਿਹਾ ਹੈ।"

ਇਹ ਵੀ ਪੜ੍ਹੋ-

'ਗੰਡੋਇਆਂ ਦੀ ਖਾਦ' ਦਾ ਕਾਰੋਬਾਰ ਕਿੰਨਾ ਸਫ਼ਲ ?

ਗੰਡੋਇਆਂ ਦੀ ਖਾਦ
ਤਸਵੀਰ ਕੈਪਸ਼ਨ, ਕਿਸਾਨ ਜਸਵਿੰਦਰ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਆਪਣੀ ਚਾਰ ਏਕੜ ਜ਼ਮੀਨ 'ਤੇ ਗੰਡੋਇਆਂ ਦੀ ਖਾਦ ਤਿਆਰ ਕਰ ਰਹੇ ਹਨ

ਗੰਡੋਇਆਂ ਦੀ ਖਾਦ ਦੀ ਵਿਕਰੀ ਬਾਰੇ ਗੱਲ ਕਰਦਿਆਂ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਵਰਮੀ ਕੰਪੋਸਟ ਦੀ ਸਭ ਤੋਂ ਵੱਡੀ ਮੰਡੀ ਹਿਮਾਚਲ ਵਿੱਚ ਹੈ।

ਹਿਮਾਚਲ ਦੇ ਵਿੱਚ ਸੇਬਾਂ ਦੇ ਬਾਗਾਂ ਲਈ ਸਭ ਤੋਂ ਜ਼ਿਆਦਾ ਵਰਮੀ ਕੰਪੋਸਟ ਵਰਤਿਆ ਜਾਂਦਾ ਹੈ।

ਇਸ ਤੋਂ ਇਲਾਵਾ ਨਰਸਰੀਆਂ ਵਿੱਚ ਵੀ ਇਸ ਦੀ ਵੱਡੀ ਡਿਮਾਂਡ ਹੈ।

ਇੰਨਾ ਹੀ ਨਹੀਂ ਬਹੁਤ ਸਾਰੀਆਂ ਆਨਲਾਈਨ ਸਾਈਟਾਂ, ਜਿਵੇਂ ਕਿ ਫਲਿੱਪ ਕਾਰਟ, ਐਮਾਜ਼ਾਨ, ਜੀਓ ਮਾਰਟ, ਆਦਿ 'ਤੇ ਵੀ ਗੰਡੋਇਆਂ ਦੀ ਖਾਦ 200 ਤੋਂ 250 ਰੁਪਏ ਕਿੱਲੋ ਤੱਕ ਖਰੀਦੀ ਜਾ ਰਹੀ ਹੈ।

ਇਸ ਦੀ ਵਰਤੋਂ ਜੈਵਿਕ ਖੇਤੀ ਦੇ ਲਈ ਵੀ ਵੱਡੀ ਮਾਤਰਾ 'ਚ ਕੀਤੀ ਜਾਂਦੀ ਹੈ।

6 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ, ਤਿੰਨ ਸਾਲਾਂ ਤੱਕ ਇਸ ਦੀ ਵਰਤੋਂ ਕਰਨ ਮਗਰੋਂ ਧਰਤੀ ਦੇ 16 ਤੱਤਾਂ ਨੂੰ ਇਹ ਖਾਦ ਪੂਰਾ ਕਰਦੀ ਹੈ।

ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਉਹ 1 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਹੀਨੇ ਦੀ ਕਮਾਈ ਕਰ ਰਹੇ ਹਨ।

ਜਸਵਿੰਦਰ ਸਿੰਘ ਦੱਸਦੇ ਹਨ ਕਿ ਉਹ ਆਸਟ੍ਰੇਲੀਅਨ ਬਰੀਡ ਨਾਮ ਦੇ ਗੰਡੋਇਆਂ ਦੀ ਖਾਦ ਤਿਆਰ ਕਰਦੇ ਹਨ, ਜੋ ਕਿ ਇੱਕ ਸਾਲ ਦੇ ਵਿੱਚ 7000 ਦੇ ਕਰੀਬ ਅੰਡੇ ਦਿੰਦਾ ਹੈ।

ਗੰਡੋਇਆਂ ਦੀ ਖਾਦ ਤਿਆਰ ਕਰਨ 'ਚ ਜ਼ੋਖ਼ਮ ਵੀ

ਗੰਡੋਇਆਂ ਦੀ ਖਾਦ
ਤਸਵੀਰ ਕੈਪਸ਼ਨ, ਕਿਸਾਨਾਂ ਨੂੰ ਇਸ ਵਿੱਚ ਆਪਣਾ ਭਵਿੱਖ ਸੁਨਹਿਰੀ ਦਿਖ ਰਿਹਾ ਹੈ

ਜਸਵਿੰਦਰ ਸਿੰਘ ਵਾਂਗ ਹੀ ਜਗਪਾਲ ਸਿੰਘ ਵੀ ਪੇਸ਼ੇ ਵਜੋਂ ਕਿਸਾਨ ਹਨ ਅਤੇ ਉਹ ਲੰਮੇ ਸਮੇਂ ਤੋਂ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਆ ਰਹੇ ਸਨ।

ਪਰ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਨੇ ਵੀ ਗੰਡੋਇਆਂ ਦੀ ਖਾਦ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਹੈ।

ਉਹ ਦੋ ਏਕੜ ਜ਼ਮੀਨ ਆਪਣੀ ਅਤੇ ਦੋ ਏਕੜ ਆਪਣੇ ਚਾਚੇ ਦੀ ਜ਼ਮੀਨ 'ਤੇ ਇਹ ਖਾਦ ਤਿਆਰ ਕਰ ਰਹੇ ਹਨ।

ਹੁਣ ਉਹਨਾਂ ਨੂੰ ਆਪਣਾ ਭਵਿੱਖ ਸੁਨਹਿਰੀ ਜਾਪ ਰਿਹਾ ਹੈ।

ਉਨਾਂ ਦਾ ਮੰਨਣਾ ਹੈ ਕਿ ਇਸ ਵਿੱਚ ਜ਼ਿਆਦਾ ਲੇਬਰ ਦੀ ਜ਼ਰੂਰਤ ਨਹੀਂ ਪੈਂਦੀ। ਕੰਪਨੀ ਪ੍ਰਤੀ ਬੈੱਡ 100 ਰੁਪਏ ਤੁਹਾਨੂੰ ਕਿਰਾਏ ਦੇ ਰੂਪ ਵਿੱਚ ਦਿੰਦੀ ਹੈ। ਇਸ ਤੋਂ ਇਲਾਵਾ ਜੋ ਤੁਸੀਂ ਇਸ ਵਿੱਚ ਨਿਵੇਸ਼ ਕੀਤਾ ਹੈ, ਉਸਦਾ ਵੀ ਮੁਨਾਫ਼ਾ ਤੁਹਾਨੂੰ ਅਲੱਗ ਤੋਂ ਮਿਲਦਾ ਹੈ।

ਇਸ ਵਿੱਚ ਜ਼ੋਖ਼ਮ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ, "ਜੇਕਰ ਕੋਈ ਰਿਸਕ ਨਹੀਂ ਲਵੇਗਾ ਤਾਂ ਫਿਰ ਕੁੱਝ ਬਦਲੇਗਾ ਕਿਵੇਂ। ਰਿਸਕ ਹਰ ਚੀਜ਼ ਦੇ ਵਿੱਚ ਹੈ ਇਸ ਲਈ ਮੈਂ ਵੀ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਦੂਸਰੇ ਕਿਸਾਨਾਂ ਨੂੰ ਵੀ ਛੋਟੇ ਪ੍ਰੋਜੈਕਟਾਂ ਤੋਂ ਇਸ ਦੀ ਸ਼ੁਰੂਆਤ ਕਰਨ ਦੀ ਅਪੀਲ ਕਰਦਾ ਹਾਂ।"

ਕਿਵੇਂ ਤਿਆਰ ਹੁੰਦੀ ਹੈ ਗੰਡੋਇਆਂ ਦੀ ਖਾਦ

ਗੰਡੋਇਆਂ ਦੀ ਖਾਦ
ਤਸਵੀਰ ਕੈਪਸ਼ਨ, ਗੰਡੋਇਆਂ ਲਈ ਵੱਧ ਤੋਂ ਵੱਧ ਤਾਪਮਾਨ 40 ਤੋਂ 45 ਡਿਗਰੀ ਅਤੇ ਘੱਟ ਤੋਂ ਘੱਟ 15 ਤੋਂ 20 ਡਿਗਰੀ ਚਾਹੀਦਾ ਹੈ
  • ਪੱਧਰੀ ਜ਼ਮੀਨ ਦੇ ਉੱਪਰ ਪਲਾਸਟਿਕ ਦੇ ਥੈਲਿਆਂ ਨਾਲ ਬੈੱਡਾਂ ਨੂੰ ਤਿਆਰ ਕੀਤਾ ਜਾਂਦਾ ਹੈ।
  • ਬੈਡਨੁਮਾ ਇਨ੍ਹਾਂ ਪਲਾਸਟਿਕ ਦੇ ਥੈਲਿਆਂ ਦੇ ਵਿੱਚ ਰੂੜੀ ਦੀ ਖਾਦ ਮਿਲਾਈ ਜਾਂਦੀ ਹੈ
  • ਗੋਹੇ ਅਤੇ ਰੂੜੀ ਦੀ ਖਾਦ ਭਰਨ ਤੋਂ ਬਾਅਦ ਇਸ ਵਿੱਚ ਗੰਡੋਏ ਛੱਡੇ ਜਾਂਦੇ ਹਨ।
  • ਗਰਮੀ ਅਤੇ ਮੌਸਮ ਦੇ ਬਾਹਰੀ ਪ੍ਰਭਾਵ ਤੋਂ ਇਸ ਉੱਪਰ ਇੱਕ ਪਰਾਲੀ ਦੀ ਤਹਿ ਵਿਛਾਈ ਜਾਂਦੀ ਹੈ ਤਾਂ ਜੋ ਅੰਦਰਲਾ ਮੌਸਮ ਗੰਡੋਇਆਂ ਦੇ ਅਨੁਕੂਲ ਬਣਿਆ ਰਹੇ।
  • ਗੰਡੋਇਆਂ ਦੇ ਜਿਉਣ ਲਈ ਵੱਧ ਤੋਂ ਵੱਧ ਤਾਪਮਾਨ 40 ਤੋਂ 45 ਡਿਗਰੀ ਅਤੇ ਘੱਟ ਤੋਂ ਘੱਟ 15 ਤੋਂ 20 ਡਿਗਰੀ ਚਾਹੀਦਾ ਹੈ।
  • ਤਾਪਮਾਨ ਨੂੰ ਵਧਣ ਤੋਂ ਰੋਕਣ ਲਈ ਉੱਪਰ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ।

ਕੰਪਨੀ ਨਾਲ ਕਿਸਾਨਾਂ ਦਾ ਸਮਝੌਤਾ ਕਿਸ ਤਰ੍ਹਾਂ ਦਾ ਹੈ

ਗੰਡੋਇਆਂ ਦੀ ਖਾਦ
ਤਸਵੀਰ ਕੈਪਸ਼ਨ, ਕੰਪਨੀ 'ਚ ਨਿਵੇਸ਼ ਕੀਤੇ 10 ਲੱਖ ਰੁਪਏ ਦੇ ਵਿੱਚੋਂ ਮੁਨਾਫ਼ੇ ਵਜੋਂ ਕਿਸਾਨਾਂ ਨੂੰ 9% ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ

ਜਸਵਿੰਦਰ ਸਿੰਘ ਨੇ ਆਪਣੀ ਚਾਰ ਏਕੜ ਜ਼ਮੀਨ 'ਤੇ ਗੰਡੋਇਆਂ ਦੀ ਖਾਦ ਤਿਆਰ ਕਰਨ ਦੇ ਲਈ 12 ਲੱਖ ਰੁਪਏ ਕੰਪਨੀ ਵਿੱਚ ਨਿਵੇਸ਼ ਕੀਤੇ ਹਨ।

2 ਲੱਖ ਰੁਪਏ ਕੰਪਨੀ ਵੱਲੋਂ ਸਕਿਊਰਿਟੀ ਫੀਸ ਲਈ ਜਾਂਦੀ ਹੈ, ਜੋ ਕਿ ਬਾਅਦ ਵਿੱਚ ਰਿਫੰਡ ਹੋ ਜਾਵੇਗੀ।

ਕੰਪਨੀ ਵੱਲੋਂ ਜ਼ਮੀਨ ਦਾ ਪੰਜ ਸਾਲ ਦਾ ਲੀਜ਼ ਕੰਟਰੈਕਟ ਹੈ ਅਤੇ ਗੰਡੋਇਆਂ ਦੀ ਖਰੀਦ ਕੰਪਨੀ ਵੱਲੋਂ ਹੀ ਕੀਤੀ ਜਾਂਦੀ ਹੈ।

ਗੰਡੋਇਆਂ ਦੀ ਬਰੀਡ ਤੋਂ ਲੈ ਕੇ ਗੰਡੋਇਆਂ ਨੂੰ ਪੈਦਾ ਕਰਨ ਵਾਲੇ ਬੈਗ ਕੰਪਨੀ ਵੱਲੋਂ ਮੁਹਈਆ ਕਰਵਾਏ ਜਾਂਦੇ ਹਨ।

ਗੰਡੋਇਆਂ ਦੀ ਸਾਂਭ ਸੰਭਾਲ ਦਾ ਕੰਮ ਕਿਸਾਨਾਂ ਵੱਲੋਂ ਕੀਤਾ ਜਾਂਦਾ ਹੈ।

ਕੰਪਨੀ 'ਚ ਨਿਵੇਸ਼ ਕੀਤੇ 10 ਲੱਖ ਰੁਪਏ ਦੇ ਵਿੱਚੋਂ ਮੁਨਾਫ਼ੇ ਵਜੋਂ ਕਿਸਾਨਾਂ ਨੂੰ 9% ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ।

ਜ਼ਮੀਨ 'ਤੇ ਤਿਆਰ ਕੀਤੇ ਗੰਡੋਏ ਦੇ ਬੈੱਡਾਂ ਦਾ ਪ੍ਰਤੀ ਬੈੱਡ 100 ਰੁਪਏ ਕਿਰਾਇਆ ਵੀ ਕੰਪਨੀ ਹੀ ਕਿਸਾਨਾਂ ਨੂੰ ਦਿੰਦੀ ਹੈ।

ਕੰਪਨੀ ਨੂੰ ਦਿੱਤੀ ਗਈ ਜ਼ਮੀਨ 'ਤੇ ਕਿਸਾਨ ਗੰਡੋਇਆਂ ਦੇ ਨਾਲ-ਨਾਲ ਬਾਗਬਾਨੀ ਦੀ ਖੇਤੀ ਵੀ ਕਰ ਸਕਦੇ ਹਨ।

ਸੰਗਰੂਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ
ਤਸਵੀਰ ਕੈਪਸ਼ਨ, ਸੰਗਰੂਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ

ਸੰਗਰੂਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਨੇ ਜਸਵਿੰਦਰ ਸਿੰਘ ਅਤੇ ਜਗਪਾਲ ਸਿੰਘ ਦੇ ਉੱਦਮ ਨੂੰ ਚੰਗਾ ਸੰਕੇਤ ਮੰਨਦੇ ਹਨ।

ਉਨ੍ਹਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਜ਼ਿਆਦਾਤਰ ਕਿਸਾਨ ਫਸਲਾਂ ਤੇ ਸਬਜ਼ੀਆਂ ਵਿੱਚ ਵੱਧਦੀ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਜੈਵਿਕ ਖੇਤੀ ਅਪਣਾ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਜੈਵਿਕ ਫਸਲਾਂ ਦੀ ਮੰਡੀ 'ਚ ਚੰਗੀ ਡਿਮਾਂਡ ਹੈ ਤੇ ਇਸਦਾ ਮੁੱਲ ਵੀ ਚੰਗਾ ਮਿਲ ਰਿਹਾ ਹੈ।

ਜੇਕਰ ਕਿਸਾਨ ਕੰਟਰੈਕਟ ਫਾਰਮਿੰਗ ਜ਼ਰੀਏ ਗੰਡੋਇਆਂ ਦੀ ਖਾਦ ਤਿਆਰ ਕਰ ਰਹੇ ਹਨ, ਤਾਂ ਇਹ ਇੱਕ ਚੰਗਾ ਮੁਨਾਫ਼ਾ ਕਮਾਉਣ ਵਾਲਾ ਕਦਮ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)