ਸਾਈਲੋਜ਼ ਕੀ ਹੁੰਦੇ ਹਨ, ਇਨ੍ਹਾਂ ਨੂੰ ਕਣਕ ਖਰੀਦ ਕੇਂਦਰ ਬਣਾਉਣ ਦਾ ਪੰਜਾਬ ਦੇ ਕਿਸਾਨ ਕਿਉਂ ਵਿਰੋਧ ਕਰ ਰਹੇ ਹਨ

ਤਸਵੀਰ ਸਰੋਤ, Getty Images
- ਲੇਖਕ, ਕੁਲਵੀਰ ਨਮੋਲ/ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਵਿੱਚ ਇੱਕ ਅਪ੍ਰੈਲ ਨੂੰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ।
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਐਲਾਨ ਕੀਤਾ ਹੈ ਕਿ ਉਹ ਸਾਇਲੋਜ਼ ਗੁਦਾਮਾਂ ਅੱਗੇ 11 ਅਪ੍ਰੈਲ ਨੂੰ ਰੋਸ-ਮੁਜ਼ਾਹਰਾ ਕਰਨਗੇ।
ਉਨ੍ਹਾਂ ਦੀ ਮੰਗ ਹੈ ਕਿ ਸਾਈਲੋਜ਼ ਗੁਦਾਮਾਂ ਨੂੰ ਜ਼ਬਤ ਕਰਕੇ ਸਰਕਾਰੀ ਕੰਟ੍ਰੋਲ ਵਿੱਚ ਲੈਣ ਤੇ ਇਸ ਨੂੰ ਸਰਕਾਰੀ ਅਨਾਜ ਭੰਡਾਰਨ ਲਈ ਵਰਤਿਆ ਜਾਵੇ।
ਦਰਅਸਲ, ਪੰਜਾਬ ਮੰਡੀ ਬੋਰਡ ਵੱਲੋਂ ਕਣਕ ਦੀ ਫ਼ਸਲ ਦੀ ਸਟੋਰੇਜ ਦੇ ਲਈ ਪ੍ਰਾਈਵੇਟ ਸਾਇਲੋਜ ਨੂੰ ਮੰਡੀ ਯਾਰਡ ਦਾ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਇਸ ਫ਼ੈਸਲੇ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕੈਬਨਟ ਮੰਤਰੀਆਂ ਨੂੰ ਚੇਤਾਵਨੀ ਪੱਤਰ ਸੌਂਪੇ ਗਏ।
ਪੰਜਾਬ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਤੋ ਬਾਅਦ 2 ਅਪ੍ਰੈਲ ਨੂੰ ਪੰਜਾਬ ਮੰਡੀ ਬੋਰਡ ਦੁਆਰਾ ਫ਼ੈਸਲਾ ਵਾਪਸ ਲਿਆ ਗਿਆ ਹੈ ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਸੀ, "ਪੰਜਾਬ ਵਿੱਚ ਪਹਿਲਾ ਸਾਈਲੋ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਲਗਾਇਆ ਸੀ ਤੇ ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੇਲੇ ਵੀ ਇਸ ਕਵਾਇਦ ਨੂੰ ਜਾਰੀ ਰਖਦਿਆਂ ਪੰਜਾਬ 'ਚ ਨਿੱਜੀ ਸਾਈਲੋਜ਼ ਦਾ ਨਿਰਮਾਣ ਕੀਤਾ ਗਿਆ।"
ਪੰਜਾਬ 'ਚ ਪਹਿਲਾ ਸਾਈਲੋ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਲਗਾਇਆ ਸੀ ਤੇ ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੇਲੇ ਵੀ ਇਸ ਕਵਾਇਦ ਨੂੰ ਜਾਰੀ ਰੱਖਦਿਆਂ ਪੰਜਾਬ 'ਚ ਨਿੱਜੀ ਸਾਈਲੋਜ਼ ਦਾ ਨਿਰਮਾਣ ਕੀਤਾ ਗਿਆ।
ਸਾਇਲੋਜ਼ ਕੀ ਹਨ ਇਹ ਕਿਵੇਂ ਕੰਮ ਕਰਦੇ ਹਨ ?
13 ਮਾਰਚ ਨੂੰ ਪੰਜਾਬ ਮੰਡੀ ਬੋਰਡ ਅਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਕਣਕ ਦੇ ਸੀਜ਼ਨ 2024-25 ਲਈ 9 ਜ਼ਿਲ੍ਹਿਆਂ ਦੀਆਂ ਮਾਰਕੀਟ ਕਮੇਟੀਆਂ ਦੇ ਖ਼ੇਤਰਫਲ ਅਧੀਨ ਆਉਂਦੇ ਸਾਈਲੋਜ਼ ਨੂੰ ਸਟੋਰੇਜ ਅਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਵਜੋਂ ਐਲਾਨਿਆ ਕੀਤਾ ਗਿਆ ਸੀ ।
ਸਾਈਲੋਜ਼ ਆਧੁਨਿਕ ਤਕਨੀਕ ਦੁਆਰਾ ਬਣਾਏ ਗਏ ਗੋਦਾਮ ਹਨ ਜਿਨ੍ਹਾਂ ਵਿੱਚ ਵੱਡੀ ਮਾਤਰਾ ਦੇ ਵਿੱਚ ਕਣਕ ਨੂੰ ਸਟੋਰ ਕੀਤਾ ਜਾਂਦਾ ਹੈ ।
ਇਹਨਾਂ ਦੇ ਵਿੱਚ ਖੇਤਾਂ ਵਿੱਚੋਂ ਲਿਆਂਦੀ ਗਈ ਕਣਕ ਦੀ ਫ਼ਸਲ ਨੂੰ ਮਸ਼ੀਨਾਂ ਦੁਆਰਾ ਸਾਫ਼ ਕੀਤਾ ਜਾਂਦਾ ਹੈ ਜਿਸ ਵਿੱਚ ਕਿਸੇ ਵੀ ਲੇਬਰ ਦੀ ਜ਼ਰੂਰਤ ਨਹੀਂ ਪੈਂਦੀ ।
ਸਾਈਲੋਜ਼ ਦੇ ਵਿੱਚ ਕਣਕ ਨੂੰ ਬਿਨਾਂ ਕਿਸੇ ਕੀਟਾਂ ਦੇ ਹਮਲੇ ਤੋਂ ਸਾਲਾਂ ਬੱਧੀ ਸਟੋਰ ਕੀਤਾ ਜਾ ਸਕਦਾ ਹੈ।
ਇਸ ਦੇ ਵਿੱਚ ਦੂਸਰੇ ਗੁਦਾਮਾਂ ਦੇ ਮੁਕਾਬਲੇ ਬਾਹਰੀ ਮੌਸਮ ਦੇ ਪ੍ਰਭਾਵ ਦਾ ਅਸਰ ਬਹੁਤ ਘੱਟ ਹੁੰਦਾ ਹੈ ਅਤੇ ਇਸ ਵਿੱਚ ਕਣਕ ਦੀ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਨਮੀ ਨੂੰ ਖ਼ਤਮ ਕੀਤਾ ਜਾਂਦਾ ਹੈ।
ਪੰਜਾਬ ਦੇ ਵਿੱਚ ਇਸ ਸਮੇਂ 11 ਨਿੱਜੀ ਸਾਈਲੋਜ਼ ਹਨ ਜਿਨ੍ਹਾਂ ਦੀ ਸਮਰੱਥਾ 25 ਹਜ਼ਾਰ ਟਨ ਤੋਂ ਲੈ ਕੇ 2 ਲੱਖ ਟਨ ਤੱਕ ਦੀ ਹੈ।

ਤਸਵੀਰ ਸਰੋਤ, Kulveer Namol/bbc
ਕਿਉਂ ਹੋ ਰਿਹਾ ਹੈ ਵਿਰੋਧ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਕਿਸਾਨਾਂ ਵੱਲੋਂ 2020 ਦੇ ਵਿੱਚ ਜਿਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਲੜਿਆ ਗਿਆ ਸਰਕਾਰ ਉਨ੍ਹਾਂ ਕਾਨੂੰਨਾਂ ਨੂੰ ਹੀ ਦੂਸਰੇ ਰੂਪ ਵਿੱਚ ਲਾਗੂ ਕਰਨਾ ਚਾਹੁੰਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਸਰਕਾਰੀ ਮੰਡੀਆਂ ਦੇ ਨਾਲ-ਨਾਲ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਛੋਟੀ ਟਰਾਂਸਪੋਰਟ ਦੇ ਨਾਲ-ਨਾਲ ਥੈਲੇ ਬਣਾਉਣ ਵਾਲੀਆਂ ਛੋਟੀਆਂ ਇੰਡਸਟਰੀਆਂ ਤੱਕ ਪ੍ਰਭਾਵਿਤ ਹੋਣਗੀਆਂ।
ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਜੇਕਰ ਸਰਕਾਰ ਨਿਜੀ ਸਾਈਲੋਜ਼ ਨੂੰ ਖਰੀਦ ਕੇਂਦਰ ਦੇ ਰੂਪ ਵਿੱਚ ਛੋਟ ਦਿੰਦੀ ਹੈ ਤਾਂ ਮਾਰਕੀਟ ਕਮੇਟੀਆਂ ਨੂੰ ਭੰਗ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਮੰਡੀਆਂ ਖ਼ਤਮ ਹੋ ਜਾਣਗੀਆਂ।
ਖਨੌਰੀ ਬਾਰਡਰ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀਆਂ ਰਾਹਾਂ ਤੇ ਚਲਦਿਆਂ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ, "ਪੰਜਾਬ ਸਰਕਾਰ ਵੱਲੋਂ ਲੁਕਵੇਂ ਰੂਪ ਵਿੱਚ ਕੇਂਦਰ ਸਰਕਾਰ ਦੇ ਕਾਰਪੋਰੇਟ ਪੱਖੀ ਤੇ ਮਜ਼ਦੂਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਾਰਪੋਰੇਟਾਂ ਦੇ ਸਾਈਲੋਜ਼ ਨੂੰ ਮੰਡੀ (ਸਰਕਾਰੀ ਖਰੀਦ ਕੇਂਦਰ) ਦੇ ਰੂਪ ਦੇ ਵਿੱਚ ਨੋਟੀਫਾਈਡ ਕਰ ਦਿੱਤਾ ਹੈ।"
ਕਿਸਾਨਾਂ ਵੱਲੋਂ 2020 ਦੇ ਵਿੱਚ ਜਿਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਲੜਿਆ ਗਿਆ ਸਰਕਾਰ ਉਨ੍ਹਾਂ ਕਾਨੂੰਨਾਂ ਨੂੰ ਹੀ ਦੂਸਰੇ ਰੂਪ ਵਿੱਚ ਲਾਗੂ ਕਰਨਾ ਚਾਹੁੰਦੀ ਹੈ।
ਜਿਹੜੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੇ ਬਰੂਹਾਂ ਦੇ ਉੱਪਰ ਸਵਾ ਸਾਲ ਦੇ ਕਰੀਬ ਅੰਦੋਲਨ ਲੜਿਆ ਗਿਆ ਉਨ੍ਹਾਂ ਕਾਨੂੰਨਾਂ ਦੇ ਵਿੱਚ ਇੱਕ ਕਾਨੂੰਨ ਸਰਕਾਰੀ ਮੰਡੀ ਦੇ ਬਾਹਰ ਇੱਕ ਪ੍ਰਾਈਵੇਟ ਮੰਡੀ ਖੜੀ ਕਰਨ ਦਾ ਵੀ ਸੀ।
2020 ਦੇ ਕਿਸਾਨੀ ਅੰਦੋਲਨ ਦੌਰਾਨ ਵੀ ਮੋਗਾ ਵਿੱਚ ਲੱਗੇ ਅਡਾਨੀ ਗਰੁੱਪ ਦੇ ਸਾਈਲੋਜ ਬਾਹਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।
ਜੋ ਕਿਸਾਨ ਆਪਣੀ ਫ਼ਸਲ ਇਸ ਸਾਈਲੋਜ਼ ਦੇ ਵਿੱਚ ਲੈ ਕੇ ਜਾ ਰਹੇ ਸਨ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।
ਸਾਈਲੋਜ ਦੇ ਵਿੱਚ ਆਪਣੀ ਫ਼ਸਲ ਲੈ ਕੇ ਜਾਣ ਵਾਲੇ ਕਿਸਾਨਾਂ ਦਾ ਆਪਣਾ ਪੱਖ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਮੰਡੀ ਦੇ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪੈਂਦਾ।
ਉਹ ਸਾਈਲੋਜ਼ ਦੇ ਵਿੱਚ ਜਾਂਦੇ ਹਨ ਅਤੇ ਆਪਣੀ ਫ਼ਸਲ ਦਾ ਵਜ਼ਨ ਕਰਾ ਕੇ ਕੁਝ ਹੀ ਮਿੰਟਾਂ ਚ ਫ਼ਸਲ ਵੇਚ ਕੇ ਵੇਹਲੇ ਹੋ ਜਾਂਦੇ ਹਨ

ਤਸਵੀਰ ਸਰੋਤ, Kulveer Namol/bbc
ਕਿਸਾਨਾਂ ਦੀਆਂ ਕੀ ਹਨ ਮੰਗਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 11 ਅਪ੍ਰੈਲ ਨੂੰ ਪੂਰੇ ਪੰਜਾਬ ਵਿਚ ਨਿੱਜੀ ਸਾਈਲੋਜ਼ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ, “ਅਸੀਂ ਸਰਕਾਰ ਦੀ ਉਸ ਨੀਤੀ ਦਾ ਵਿਰੋਧ ਕਰਦੇ ਹਾਂ ਜਿਸ ਦੇ ਤਹਿਤ ਸਰਕਾਰੀ ਮੰਡੀਆਂ ਨੂੰ ਸਾਈਲੋਜ਼ ਲਈ ਖਰੀਦ ਕੇਂਦਰ ਘੋਸ਼ਿਤ ਕਰ ਕੀਤਾ ਜਾਂਦਾ ਹੈ।”
“ਸਾਡੀਆਂ ਮੁੱਖ ਮੰਗਾਂ ਹਨ ਉਸ ਨੀਤੀ ਨੂੰ ਰੱਦ ਕੀਤਾ ਜਾਵੇ ,ਤੇ ਪੰਜਾਬ ਵਿੱਚ ਮੌਜੂਦਾ ਨਿੱਜੀ ਸਾਇਲੋਜ਼ ਨੂੰ ਸਰਕਾਰ ਆਪਣੇ ਕਬਜ਼ੇ ਹੇਠ ਲਵੇ ਅਤੇ ਜੋ ਸਾਈਲੋਜ ਬਣ ਰਹੇ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ।”

ਕਿਸਾਨਾਂ ਦਾ ਖਦਸ਼ਾ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦਾ ਕਹਿਣਾ ਹੈ ਕਿ ਮੋਗਾ ਦੇ ਡਗਰੂ ਨੇੜੇ ਲੱਗੇ ਸਾਇਲੋਜ਼ ਪਲਾਂਟ ਵਿੱਚ ਹਰ ਸਾਲ ਕਣਕ ਦੀ ਆਮਦ ਵੱਧ ਰਹੀ ਹੈ।
ਯੂਨੀਅਨ ਦੇ ਜ਼ਿਲ੍ਹਾ ਮੋਗਾ ਦੇ ਵਿੱਚ ਸਕੱਤਰ ਬਲੌਰ ਸਿੰਘ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਲੱਗਣ ਤੋਂ ਬਾਅਦ ਇਸ ਖੇਤਰ ਦੀਆਂ ਸਰਕਾਰੀ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਆਪਣੀ ਕਣਕ ਵੇਚਣ ਦਾ ਰੁਝਾਨ ਘਟਿਆ ਹੋਇਆ।
ਉਹ ਕਹਿੰਦੇ ਹਨ, "ਅਸਲ ਵਿੱਚ ਕਿਸਾਨ ਆਪਣੀ ਫ਼ਸਲ ਜਲਦੀ ਵੇਚਣ ਦੇ ਚੱਕਰ ਵਿੱਚ ਇਸ ਪਲਾਂਟ ਵਿੱਚ ਆਪਣੀ ਫ਼ਸਲ ਲੈ ਕੇ ਜਾਂਦੇ ਹਨ।"
"ਇਸ ਦਾ ਦੂਸਰਾ ਪੱਖ ਇਹ ਹੈ ਕੇ ਇਸ ਖੇਤਰ ਦੀਆਂ ਸਰਕਾਰੀ ਮੰਡੀਆਂ ਵਿੱਚ ਕਣਕ ਦੀ ਆਮਦ ਘੱਟ ਹੋਣ ਕਾਰਨ ਮਜ਼ਦੂਰ ਵਰਗ ਅਤੇ ਟਰੱਕਾਂ ਵਾਲੇ ਕੰਮ ਮਿਲਣ ਤੋਂ ਵਾਂਝੇ ਰਹਿ ਜਾਂਦੇ ਹਨ।"
"ਕਿਸਾਨਾਂ ਦੀ ਮੰਗ ਤਾਂ ਇਹ ਹੈ ਕਿ ਜੇਕਰ ਸਰਕਾਰ ਸਾਈਲੋਜ਼ ਪਲਾਂਟ ਰਾਹੀਂ ਕਣਕ ਦੀ ਖਰੀਦ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਆਪਣੇ ਪਲਾਂਟ ਸਥਾਪਤ ਕਰੇ।"
ਕਿਸਾਨ ਆਗੂ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, "ਸਾਡਾ ਵਿਰੋਧ ਇਸ ਗੱਲ ਨੂੰ ਲੈ ਕੇ ਹੈ ਕਿ ਸਰਕਾਰ ਇਨ੍ਹਾਂ ਪਲਾਂਟਾਂ ਰਾਹੀਂ ਸਰਕਾਰ ਸਿੱਧੇ ਤੌਰ 'ਤੇ ਗੈਰ ਸਰਕਾਰੀ ਅਤੇ ਨਿੱਜੀ ਨੂੰ ਫਾਇਦਾ ਪਹੁੰਚਾ ਰਹੀ ਹੈ।"
ਦੂਜੇ ਪਾਸੇ ਆਮ ਕਿਸਾਨਾਂ ਦਾ ਤਰਕ ਹੈ ਕਿ ਸਾਇਲੋ ਪਲਾਂਟ ਵਿੱਚ ਉਨਾਂ ਦੀ ਫ਼ਸਲ ਸਰਕਾਰੀ ਮੰਡੀਆਂ ਦੇ ਮੁਕਾਬਲੇ ਘੱਟ ਸਮੇਂ ਵਿੱਚ ਵਿਕ ਜਾਂਦੀ ਹੈ।
ਜਸਵੀਰ ਸਿੰਘ ਸੰਘਾ ਪਿੰਡ ਡਰੋਲੀ ਭਾਈ ਦੇ ਸਾਧਾਰਣ ਕਿਸਾਨ ਹਨ।
ਉਹ 17 ਏਕੜ ਦੀ ਖੇਤੀ ਕਰਦੇ ਹਨ ਅਤੇ ਆਪਣੀ ਕਣਕ ਹਰ ਸਾਲ ਸਾਇਲੋ ਪਲਾਂਟ ਵਿੱਚ ਵੇਚਦੇ ਹਨ।
ਉਹ ਦੱਸਦੇ ਹਨ, "ਪਹਿਲਾਂ ਜਦੋਂ ਪਿੰਡ ਡਗਰੂ ਦੇ ਸਾਇਲੋ ਪਲਾਂਟ ਵਾਲਿਆਂ ਨੇ ਕਣਕ ਦੀ ਖਰੀਦ ਸ਼ੁਰੂ ਕੀਤੀ ਸੀ ਤਾਂ ਉਹ ਇੱਥੇ ਫ਼ਸਲ ਵੇਚਣ ਵਾਲਿਆਂ ਨੂੰ ਗਿਫ਼ਟ ਵਗੈਰਾ ਵੀ ਦਿੰਦੇ ਸਨ।"
"ਉਸ ਵੇਲੇ ਹੀ ਇਲਾਕੇ ਦੇ ਅਨੇਕਾਂ ਕਿਸਾਨਾਂ ਨੇ ਆਪਣੀ ਕਣਕ ਇੱਥੇ ਵੇਚਣੀ ਸ਼ੁਰੂ ਕਰ ਦਿੱਤੀ ਸੀ।"
"ਇਸ ਦਾ ਕਾਰਨ ਇਹ ਸੀ ਕਿ ਉਸ ਵੇਲੇ ਸਰਕਾਰੀ ਮੰਡੀਆਂ ਵਿੱਚ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਸਨ। ਹੁਣ ਸਾਨੂੰ ਇਸ ਪਲਾਂਟ ਵਿੱਚ ਕਣਕ ਵੇਚਣੀ ਸੌਖੀ ਲੱਗਦੀ ਹੈ ਅਤੇ ਪੇਮੈਂਟ ਵੀ ਨਾਲੋ-ਨਾਲ ਹੀ ਮਿਲ ਜਾਂਦੀ ਹੈ।"












