ਖ਼ਾਮੋਸ਼ ਮਹਾਮਾਰੀ ਕੀ ਹੈ, ਜਿਸ ਨਾਲ ਹਰ ਰੋਜ਼ ਹੁੰਦੀਆਂ ਹਨ 650 ਅਤੇ ਹਰ ਸਾਲ ਢਾਈ ਲੱਖ ਮੌਤਾਂ

ਤਸਵੀਰ ਸਰੋਤ, Getty Images
- ਲੇਖਕ, ਓਨੁਰ ਏਰੇਮ
- ਰੋਲ, ਬੀਬੀਸੀ ਵਰਲਡ ਸਰਵਿਸ
ਪਾਣੀ ਵਿੱਚ ਡੁੱਬ ਜਾਣਾ, ਅਜਿਹੀ ਚੁੱਪੀ ਵਾਲੀ ਮਹਾਮਾਰੀ ਹੈ, ਜੋ ਮਿੰਟਾਂ ਵਿੱਚ ਹੀ ਮਾਰ ਦਿੰਦੀ ਹੈ।
ਇਹ ਦੁਨੀਆ ਭਰ ਵਿੱਚ ਸੱਟ ਰੋਕੂ ਮੌਤ ਦਾ ਤੀਜਾ ਸਭ ਤੋਂ ਆਮ ਕਾਰਨ ਹੈ।
ਯੂਕੇ ਦੇ ਰਾਇਲ ਨੈਸ਼ਨਲ ਲਾਈਫਬੋਟ ਇੰਸਟੀਚਿਊਸ਼ਨ (ਆਰਐੱਨਐੱਲਆਈ) ਦੇ ਕੇਟ ਈਅਰਡਲੀ ਕਹਿੰਦੇ ਹਨ, "ਲੋਕ ਸਮਝਦੇ ਹਨ ਜਦੋਂ ਕੋਈ ਡੁੱਬਦਾ ਹੈ ਤਾਂ ਉਹ ਬਹੁਤ ਰੌਲੇ-ਰੱਪੇ ਵਾਲੀ ਸਥਿਤੀ ਹੁੰਦੀ ਹੈ, ਬਿਲਕੁਲ ਜਿਵੇਂ ਟੀਵੀ 'ਤੇ ਬਹੁਤ ਸਾਰੇ ਰੌਲਾ ਅਤੇ ਛਿੱਟੇ ਦਿਖਾਏ ਜਾਂਦੇ ਹਨ।"
ਉਹ ਅੱਗੇ ਕਹਿੰਦੇ ਹਨ, ''ਪਰ ਅਸਲੀਅਤ ਕੁਝ ਇਸ ਤਰ੍ਹਾਂ ਹੈ, ਜਿਵੇਂ "ਇੱਕ ਇੱਕ ਛੋਟਾ ਬੱਚਾ ਛੱਪੜ ਵਿੱਚ ਤਾਲਾਬ ਵਿੱਚ ਫਿਸਲ ਜਾਂਦਾ ਹੈ ਅਤੇ ਕਿਸੇ ਨੂੰ ਕੁਝ ਵੀ ਨਹੀਂ ਸੁਣਾਈ ਦਿੰਦਾ।''
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਅਨੁਸਾਰ, ਹਰ ਸਾਲ ਦੁਨੀਆ ਭਰ ਵਿੱਚ ਲਗਭਗ 250,000 ਲੋਕ ਡੁੱਬਣ ਨਾਲ ਮਰਦੇ ਹਨ ਅਤੇ ਉਨ੍ਹਾਂ ਵਿੱਚੋਂ ਲਗਭਗ 82,000 14 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ।
ਇਹ ਰੋਜ਼ਾਨਾ ਦੀਆਂ 650 ਮੌਤਾਂ ਤੋਂ ਵੱਧ ਹੈ। ਇਹੀ ਕਾਰਨ ਹੈ ਕਿ ਵਿਸ਼ਵ ਸਿਹਤ ਸੰਗਠਨ ਡੁੱਬਣ ਨੂੰ "ਰੋਕੀਆਂ ਜਾ ਸਕਦੀਆਂ ਮੌਤਾਂ ਦੀ ਇੱਕ 'ਖਾਮੋਸ਼ ਮਹਾਮਾਰੀ" ਕਹਿੰਦਾ ਹੈ।

ਡੁੱਬਣ ਨਾਲ ਹੋਈਆਂ ਮੌਤਾਂ ਦੇ ਨਤੀਜੇ ਸਿਰਫ਼ ਪਰਿਵਾਰਾਂ ਲਈ ਹੀ ਵਿਨਾਸ਼ਕਾਰੀ ਨਹੀਂ ਹੁੰਦੇ ਸਗੋਂ ਇਸ ਨਾਲ ਆਰਥਿਕਤਾ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਅਚਨਚੇਤੀ ਮੌਤਾਂ ਅਤੇ ਕੁਝ ਬਚ ਗਏ ਲੋਕਾਂ ਦੀਆਂ ਗੰਭੀਰ ਸੱਟਾਂ ਕਾਮਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਦੀ ਗਣਨਾ ਮੁਤਾਬਕ 2050 ਤੱਕ ਕੰਮ ਨਾ ਕੀਤੇ ਜਾਣ ਦੀ ਲਾਗਤ ਚਾਰ ਟ੍ਰਿਲੀਅਨ ਅਮਰੀਕੀ ਡਾਲਰ ਹੋ ਸਕਦੀ ਹੈ।
ਇਹ ਮੁੱਦਾ ਇੰਨਾ ਜ਼ਰੂਰੀ ਹੈ ਕਿ, 2021 ਵਿੱਚ, ਸੰਯੁਕਤ ਰਾਸ਼ਟਰ (ਯੂਐੱਨ) ਨੇ ਐਲਾਨ ਕੀਤਾ ਕਿ 25 ਜੁਲਾਈ ਨੂੰ ਸਲਾਨਾ 'ਡੁੱਬ ਕੇ ਹੋਣ ਵਾਲੀਆਂ ਮੌਤਾਂ ਤੋਂ ਬਚਾਅ ਦਾ ਕੌਮਾਂਤਰੀ ਦਿਹਾੜਾ' ਮਨਾਇਆ ਜਾਵੇਗਾ, ਤਾਂ ਜੋ "ਅਣਗੌਲੇ ਜਨਤਕ ਸਿਹਤ ਮੁੱਦਿਆਂ" ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਸਕੇ।
ਪਰ ਇਹ ਸਮੱਸਿਆ ਕਿੰਨੀ ਵੱਡੀ ਹੈ ਅਤੇ ਇਸ ਦੇ ਹੱਲ ਲਈ ਕੀ ਕੀਤਾ ਜਾ ਸਕਦਾ ਹੈ?
'ਕੋਈ ਵੀ ਡੁੱਬ ਸਕਦਾ ਹੈ'
ਵਿਸ਼ਵ ਸਿਹਤ ਸੰਗਠਨ ਮੁਤਾਬਕ, ਦੁਨੀਆ ਭਰ ਵਿੱਚ ਅਣਜਾਣੇ 'ਚ ਸੱਟ ਲੱਗਣ ਨਾਲ ਹੋਈਆਂ ਮੌਤਾਂ ਦਾ ਤੀਸਰਾ ਪ੍ਰਮੁੱਖ ਕਾਰਨ ਡੁੱਬਣਾ ਹੈ।
ਇਹ ਬੱਚਿਆਂ ਅਤੇ ਨੌਜਵਾਨਾਂ ਨੂੰ ਅਸਪੱਸ਼ਟ ਤੌਰ 'ਤੇ ਪ੍ਰਭਾਵਿਤ ਕਰਦਾ ਹੈ ਅਤੇ ਦੁਨੀਆਂ ਦੇ ਹਰੇਕ ਖੇਤਰ ਵਿੱਚ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਮੌਤ ਦੇ 10 ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਸਭ ਤੋਂ ਨਾਜ਼ੁਕ ਉਮਰ ਵਰਗ 1 ਤੋਂ 4 ਸਾਲ ਦੇ ਬੱਚਿਆਂ ਦਾ ਹੈ, ਕਿਉਂਕਿ ਉਹ ਆਸਾਨੀ ਨਾਲ ਪਾਣੀ ਵਿੱਚ ਡੁੱਬ ਸਕਦੇ ਹਨ ਪਰ ਬਾਹਰ ਨਿਕਲਣ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ।
ਡਬਲਯੂਐੱਚਓ ਦੇ ਡੁੱਬਣ 'ਤੇ ਰੋਕਥਾਮ ਦੇ ਤਕਨੀਕੀ ਕੋਰਡੀਨੇਟਰ ਡਾ. ਡੇਵਿਡ ਮੇਡਿੰਗਜ਼ ਕਹਿੰਦੇ ਹਨ, "ਕੋਈ ਵੀ ਡੁੱਬ ਸਕਦਾ ਹੈ।"
ਇੱਕ ਟ੍ਰੈਫਿਕ ਦੁਰਘਟਨਾ ਦੇ ਮੁਕਾਬਲੇ ਇਹ ਬਹੁਤ ਜਲਦੀ ਵਾਪਰਦਾ ਹੈ, ਕਿਉਂਕਿ ਟ੍ਰੈਫ਼ਿਕ ਦੁਰਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਉਹ ਘੰਟਿਆਂ ਬਾਅਦ ਬੱਚ ਸਕਦੇ ਹਨ, ਪਰ ਡੁੱਬਣ ਵਾਲੀ ਸਥਿਤੀ 'ਚ ਆਮ ਤੌਰ 'ਤੇ ਮਿੰਟਾਂ ਵਿੱਚ ਹੀ ਮੌਤ ਹੋ ਜਾਂਦੀ ਹੈ।"
"ਇਸ ਲਈ ਹਰ ਸਕਿੰਟ ਮਹੱਤਵਪੂਰਨ ਹੈ।"
ਭਾਵੇਂ ਕੋਈ ਵਿਅਕਤੀ ਬਚ ਵੀ ਜਾਂਦਾ ਹੈ, ਪਰ ਡੁੱਬਣ ਨਾਲ ਦਿਮਾਗ ਨੂੰ ਨੁਕਸਾਨ ਪਹੁੰਚਣ ਸਮੇਤ ਜੀਵਨ 'ਚ ਤਬਦੀਲੀ ਲਿਆਉਣ ਵਾਲੀਆਂ ਸੱਟਾਂ ਵੀ ਲੱਗ ਸਕਦੀਆਂ ਹਨ।
ਡਬਲਯੂਐਚਓ ਦੇ ਅਨੁਸਾਰ, ਦੁਨੀਆਂ ਭਰ ਵਿੱਚ ਡੁੱਬਣ ਨਾਲ ਹੋਣ ਵਾਲੀਆਂ 90% ਤੋਂ ਵੱਧ ਮੌਤਾਂ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ ਹੁੰਦੀਆਂ ਹਨ, 60% ਤੋਂ ਵੱਧ ਪੱਛਮੀ ਪ੍ਰਸ਼ਾਂਤ ਖੇਤਰ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਹੁੰਦੀਆਂ ਹਨ।
ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਬੱਚਿਆਂ ਨੂੰ ਤੈਰਨਾ ਸਿਖਾਉਣ ਲਈ ਬਿਹਤਰ ਸਿੱਖਿਆ ਪ੍ਰਣਾਲੀਆਂ ਅਤੇ ਸਹੂਲਤਾਂ ਹਨ।
ਦੇਸ਼ਾਂ ਵਿੱਚ ਵੱਡੇ ਅੰਤਰ ਦੇ ਬਾਵਜੂਦ, ਵਿਸ਼ਵਵਿਆਪੀ ਘਾਤਕ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦਾ ਦਰ ਦਹਾਕਿਆਂ ਤੋਂ ਲਗਾਤਾਰ ਘੱਟ ਰਿਹਾ ਹੈ।
ਡਾ. ਮੇਡਿੰਗਜ਼ ਦਾ ਕਹਿਣਾ ਹੈ ਕਿ, ਇਸ ਵਿੱਚ ਆਰਥਿਕ ਵਿਕਾਸ, ਬਿਹਤਰ ਤਕਨਾਲੋਜੀ, ਬਿਹਤਰ ਬੁਨਿਆਦੀ ਢਾਂਚਾ, ਬਿਹਤਰ ਕਾਰਜਪ੍ਰਣਾਲੀ ਅਤੇ ਸੁਧਾਰੇ ਹੋਏ ਨਿਯਮ ਸਭ ਮਦਦ ਕਰਦੇ ਹਨ।
'ਜਾਗਰੂਕਤਾ ਦੀ ਘਾਟ'
ਡਾ. ਮੇਡਿੰਗਜ਼ ਦਾ ਕਹਿਣਾ ਹੈ ਕਿ, ਇੱਕ ਵਾਰ ਜੇ ਸਰਕਾਰਾਂ ਡੁੱਬਣ ਦੀਆਂ ਦਰਾਂ ਨੂੰ ਘਟਾਉਣ ਦਾ ਸੰਕਲਪ ਲੈ ਲੈਣ, ਤਾਂ ਇਸ ਨਾਲ ਨਜਿੱਠਣਾ ਔਖਾ ਨਹੀਂ ਹੋਵੇਗਾ, ਸਭ ਤੋਂ ਵੱਡੀ ਰੁਕਾਵਟ "ਜਾਗਰੂਕਤਾ ਦੀ ਘਾਟ" ਹੈ।
ਆਰਐੱਨਐੱਲਆਈ ਦੀ ਕੇਟ ਈਅਰਡਲੇ ਦਾ ਕਹਿਣਾ ਹੈ ਕਿ ਬਹੁਤ ਸਾਰੇ ਆਗੂਆਂ ਨੂੰ ਨਹੀਂ ਪਤਾ ਕਿ ਡੁੱਬਣਾ ਕਿੰਨਾ ਪ੍ਰਚਲਿਤ ਹੈ।
ਉਹ ਕਹਿੰਦੇ ਹਨ ਕਿ, "ਜ਼ਿਆਦਾਤਰ ਜਦ ਅਸੀਂ ਕਿਸੇ ਰਾਜਦੂਤ ਜਾਂ ਡਿਪਟੀ ਨਾਲ ਮੀਟਿੰਗ ਵਿੱਚ ਜਾਂਦੇ ਹਾਂ ਤਾਂ ਉਹ ਉਥੇ ਕਹਿਣਗੇ 'ਸਾਨੂੰ ਸੱਚ ਪਤਾ ਨਹੀਂ ਕਿ ਤੁਸੀਂ ਇੱਥੇ ਕਿਉਂ ਹੋ, ਡੁੱਬਣਾ ਕੋਈ ਮੁੱਦਾ ਨਹੀਂ ਹੈ'।"
ਅਤੇ ਅੱਧੇ ਘੰਟੇ ਦੇ ਅੰਤ ਵਿੱਚ ਉਹ ਕਹਿ ਰਹੇ ਹੋਣਗੇ, ਅਸੀਂ ਇਸ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹਾਂ? ਅਸੀਂ ਇਸ ਵਿੱਚ ਤੁਹਾਡਾ ਸਮਰਥਨ ਕਿਵੇਂ ਕਰ ਸਕਦੇ ਹਾਂ?''
ਡਾ. ਮੇਡਿੰਗਸ ਦਾ ਮੰਨਣਾ ਹੈ ਕਿ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਖਾਸ ਦਿਨ ਦੀ ਸ਼ੁਰੂਆਤ ਕਰਨ ਨਾਲ ਪਹਿਲਾਂ ਹੀ ਪ੍ਰਭਾਵ ਪਿਆ ਹੈ।
ਉਦਾਹਰਣ ਵਜੋਂ, ਤਨਜ਼ਾਨੀਆ ਵਿੱਚ ਸਰਕਾਰ ਨੇ ਪਹਿਲੇ ਵਿਸ਼ਵ ਡੁੱਬਣ ਰੋਕਥਾਮ ਦਿਵਸ ਦੀ ਘੋਸ਼ਣਾ ਕੀਤੇ ਜਾਣ ਤੋਂ ਤੁਰੰਤ ਬਾਅਦ ਡੁੱਬਣ ਦੇ ਮਾਮਲੇ ਘਟਾਉਣ ਲਈ ਇੱਕ ਨਵੀਂ ਪਹੁੰਚ ਲਿਆਉਣ ਦਾ ਫੈਸਲਾ ਕੀਤਾ।
ਇਸ ਨਵੇਂ ਦਿਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਡੁੱਬਣ ਦੇ ਰੋਕਥਾਮ 'ਤੇ ਇੱਕ ਗਲੋਬਲ ਸਟੇਟਸ ਰਿਪੋਰਟ ਤਿਆਰ ਕਰਨ ਦੇ ਯੋਗ ਬਣਾਇਆ ਹੈ, ਜਿਸ ਨੂੰ ਸਾਲ ਦੇ ਅੰਤ ਤੋਂ ਪਹਿਲਾਂ ਪ੍ਰਕਾਸ਼ਿਤ ਕੀਤੇ ਜਾਣ ਦੀ ਉਮੀਦ ਹੈ।
ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕਿਵੇਂ ਘਟਾਇਆ ਜਾਵੇ ?

ਤਸਵੀਰ ਸਰੋਤ, Getty Images
ਬੱਚਿਆਂ ਦਾ ਪਾਣੀ ਵਿੱਚ ਡਿੱਗਣਾ, ਡੁੱਬਣ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦਾ ਇੱਕ ਤਰੀਕਾ ਹੈ ਕਿ ਸਕੂਲੀ ਉਮਰ ਦੇ ਬੱਚਿਆਂ ਨੂੰ ਮੁਢਲੀ ਤੈਰਾਕੀ, ਪਾਣੀ ਦੀ ਸੁਰੱਖਿਆ ਅਤੇ ਬਚਾਅ ਦੇ ਹੁਨਰ ਸਿਖਾਏ ਜਾਣ।
ਸੰਗਠਨ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ 2050 ਤੱਕ 238,000 ਮੌਤਾਂ ਅਤੇ 549,000 ਗੈਰ-ਘਾਤਕ ਡੁੱਬਣ ਦੇ ਮਾਮਲਿਆਂ 'ਤੇ ਰੋਕ ਲਗਾਈ ਜਾ ਸਕਦੀ ਹੈ।
ਦੱਖਣੀ ਅਫ਼ਰੀਕਾ ਵਿੱਚ ਨੈਸ਼ਨਲ ਸੀ ਰੈਸਕਿਊ ਇੰਸਟੀਚਿਊਟ (ਐਨਐਸਆਰਆਈ) ਸਰਵਾਈਵਲ ਸਵਿਮਿੰਗ ਪ੍ਰੋਗਰਾਮ ਨੇ ਪਿਛਲੇ ਸਾਲ 900,000 ਤੋਂ ਵੱਧ ਬੱਚਿਆਂ ਨੂੰ ਪਾਣੀ ਦੀ ਸੁਰੱਖਿਆ ਬਾਰੇ ਸਿੱਖਿਆ ਦਿੱਤੀ।
ਐਨਐਸਆਰਆਈ ਦੇ ਐਂਡਰਿਊ ਇਨਗ੍ਰਾਮ ਦਾ ਕਹਿਣਾ ਹੈ ਕਿ, ਦੋ ਵਾਰ ਤਾਂ ਜਿਨ੍ਹਾਂ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ, ਉਨ੍ਹਾਂ ਨੇ ਦੂਜੇ ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ, ਤੈਰਾਕੀ ਕਰਦੇ ਸਮੇਂ ਜਾਂ ਪਾਣੀ ਦੇ ਆਲੇ-ਦੁਆਲੇ ਲਗਾਤਾਰ ਬੱਚਿਆਂ 'ਤੇ ਦੇਖ-ਰੇਖ ਦੀ ਲੋੜ ਹੁੰਦੀ ਹੈ ਕਿਉਂਕਿ ਜਦੋਂ ਉਹ ਇਕੱਲੇ ਰਹਿ ਜਾਂਦੇ ਹਨ, ਤਾਂ ਉਹ ਡੁੱਬਣ ਨਾਲ ਮਿੰਟਾਂ ਵਿੱਚ ਮਰ ਸਕਦੇ ਹਨ।
ਪਰ ਪੇਂਡੂ ਖੇਤਰਾਂ ਵਿੱਚ ਰਹਿੰਦੇ ਕੰਮਕਾਜੀ ਮਾਪੇ ਸਾਰਾ ਦਿਨ ਆਪਣੇ ਬੱਚਿਆਂ ਦੀ ਦੇਖ-ਰੇਖ ਕਰਨ ਵਿੱਚ ਅਸਫ਼ਲ ਹੁੰਦੇ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ, ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ, ਬੱਚਿਆਂ ਦਾ ਡੁੱਬਣਾ ਨਿਗਰਾਨੀ ਵਿੱਚ ਕਮੀ ਹੋਣ ਨਾਲ ਜੁੜਿਆ ਹੋਇਆ ਹੈ।
ਸੰਗਠਨ ਦਾ ਕਹਿਣਾ ਹੈ ਕਿ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਦਾ ਇਕ ਹੋਰ ਤਰੀਕਾ ਪ੍ਰੀ-ਸਕੂਲ ਬੱਚਿਆਂ ਲਈ ਸੁਰੱਖਿਅਤ ਸਥਾਨ ਪ੍ਰਦਾਨ ਕਰਨਾ ਹੈ।
ਸੰਸਥਾ ਦਾ ਕਹਿਣਾ ਹੈ ਕਿ 2050 ਤੱਕ, ਇਹ ਲਗਭਗ 536,000 ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਅਤੇ 444,000 ਗੈਰ-ਘਾਤਕ ਡੁੱਬਣ ਦੇ ਮਾਮਲਿਆਂ ਨੂੰ ਰੋਕ ਸਕਦਾ ਹੈ।

ਤਸਵੀਰ ਸਰੋਤ, RNLI/Syed Naem
ਬੰਗਲਾਦੇਸ਼ ਦੇ ਪੇਂਡੂ ਖੇਤਰ ਵਿੱਚ, ਸੈਂਟਰ ਫਾਰ ਇੰਜਰੀ ਪ੍ਰੀਵੈਨਸ਼ਨ ਐਂਡ ਰਿਸਰਚ ਨੇ ਆਰਐੱਨਐੱਲਆਈ ਦੇ ਨਾਲ ਸਾਂਝੇਦਾਰੀ ਕਰਕੇ, ਡੁੱਬਣ ਦੇ ਸਭ ਤੋਂ ਆਮ ਸਮੇਂ ਵਿੱਚ ਕੰਮ ਕਰਨ ਵਾਲੇ ਪਿੰਡਾਂ ਦੇ ਕ੍ਰੇਚ ਸਥਾਪਤ ਕਰਨ ਵਿੱਚ ਮਦਦ ਕੀਤੀ।
ਕੇਟ ਈਅਰਡਲੇ ਦਾ ਕਹਿਣਾ ਹੈ ਕਿ, ਇਹ ਪ੍ਰੋਜੈਕਟ ਖੋਜ ਤੋਂ ਪ੍ਰੇਰਿਤ ਸੀ, ਜਿਸ ਮੁਤਾਬਕ ਬੱਚੇ ਅਕਸਰ ਆਪਣੇ ਘਰਾਂ ਤੋਂ 20 ਮੀਟਰ ਤੋਂ ਘੱਟ ਦੀ ਦੂਰੀ ਅਤੇ ਖਾਸ ਕਰਕੇ ਦੁਪਹਿਰ ਦੇ ਆਲੇ-ਦੁਆਲੇ, ਜਦੋਂ ਉਨ੍ਹਾਂ ਦੇ ਮਾਪੇ ਕੰਮਕਾਜ ਵਿੱਚ ਰੁੱਝੇ ਹੁੰਦੇ ਹਨ, ਉਦੋਂ ਡੁੱਬ ਜਾਂਦੇ ਹਨ।
ਬੰਗਲਾਦੇਸ਼ ਦੀ ਇੱਕ ਕਰੈਚ ਸੁਪਰਵਾਈਜ਼ਰ ਝੋਰਨਾ ਬੇਗਮ ਨੇ ਆਰਐਨਐਲਆਈ ਨੂੰ ਦੱਸਿਆ ਕਿ ਉਸ ਦੇ ਪੁੱਤਰ ਯਾਸੀਨ ਨੂੰ ਪਾਣੀ ਵਿੱਚ ਬੇਹੋਸ਼ ਪਾਏ ਜਾਣ ਤੋਂ ਬਾਅਦ, ਉਸ ਨੂੰ ਦਿੱਤੀ ਗਈ ਵਿਸ਼ੇਸ਼ ਸਿਖਲਾਈ ਦੇ ਕਾਰਨ ਹੀ ਉਹ ਉਸ ਦੀ ਜਾਨ ਬਚਾਉਣ ਵਿੱਚ ਕਾਮਯਾਬ ਰਹੀ।
ਕੇਟ ਈਅਰਡਲੇ ਦਾ ਕਹਿਣਾ ਹੈ ਕਿ ਕਰੈਚ ਮਾਡਲ ਨੂੰ ਕੰਮ ਕਰਦੇ ਦੇਖਣ ਤੋਂ ਬਾਅਦ, ਬੰਗਲਾਦੇਸ਼ ਦੀ ਸਰਕਾਰ ਨੇ ਦੇਸ਼ ਦੇ ਇੱਕ ਚੌਥਾਈ ਹਿੱਸੇ ਵਿੱਚ 32 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਯਕੀਨ ਦਿਵਾਇਆ ਹੈ।
ਡੁੱਬਣ ਦੇ ਮਾਮਲਿਆਂ ਨੂੰ ਘਟਾਉਣ ਲਈ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫਾਰਸ਼ ਕੀਤੀਆਂ ਗਈਆਂ ਹੋਰ ਕਾਰਵਾਈਆਂ ਵਿੱਚ ਸੁਰੱਖਿਅਤ ਕਿਸ਼ਤੀ ਅਤੇ ਕਿਸ਼ਤੀ ਨਿਯਮਾਂ ਨੂੰ ਸਥਾਪਤ ਕਰਨਾ ਅਤੇ ਲਾਗੂ ਕਰਨਾ ਅਤੇ ਹੜ੍ਹਾਂ ਦੇ ਜੋਖਮ ਪ੍ਰਬੰਧਨ ਵਿੱਚ ਸੁਧਾਰ ਕਰਨਾ ਸ਼ਾਮਲ ਹੈ।
ਡੁੱਬਣ ਦੇ ਮਾਮਲਿਆਂ ਕਰਕੇ ਸਾਲਾਨਾ ਜੀਡੀਪੀ 'ਤੇ ਅਸਰ
ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਕੁਝ ਦੇਸ਼ ਘਾਤਕ ਅਤੇ ਗੈਰ-ਘਾਤਕ ਡੁੱਬਣ ਦੇ ਮਾਮਲਿਆਂ ਨਾਲ ਆਪਣੇ ਸਾਲਾਨਾ ਜੀਡੀਪੀ ਦਾ ਲਗਭਗ 3% ਦੇ ਬਰਾਬਰ ਹਿੱਸਾ ਗੁਆ ਰਹੇ ਹਨ।
ਸੰਗਠਨ ਦਾ ਕਹਿਣਾ ਹੈ ਕਿ, ਜੇਕਰ ਡੁੱਬਣ ਦੀ ਰੋਕਥਾਮ ਲਈ ਨਿਵੇਸ਼ ਮੌਜੂਦਾ ਪੱਧਰਾਂ 'ਤੇ ਜਾਰੀ ਰਿਹਾ, ਤਾਂ 2050 ਤੱਕ 7.2 ਮਿਲੀਅਨ ਤੋਂ ਵੱਧ ਲੋਕ, ਜ਼ਿਆਦਾਤਰ ਬੱਚੇ ਮਰ ਸਕਦੇ ਹਨ ਅਤੇ ਹੋਰ 3.4 ਮਿਲੀਅਨ ਲੋਕਾਂ ਨੂੰ ਲੰਬੇ ਸਮੇਂ ਦੀ ਅਪਾਹਜਤਾ ਨਾਲ ਰਹਿਣਾ ਪੈ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਕੁੱਲ ਆਰਥਿਕ ਨੁਕਸਾਨ ਵਿਸ਼ਵ ਪੱਧਰ 'ਤੇ 4 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ।
ਹਾਲਾਂਕਿ, 50 ਵੱਧ-ਜੋਖਮ ਵਾਲੇ ਦੇਸ਼ਾਂ ਵਿੱਚ ਅੱਧੇ ਬੱਚਿਆਂ ਨੂੰ ਕਵਰ ਕਰਨ ਵਾਲੀ ਯੋਜਨਾ ਵਿੱਚ, ਡੇ-ਕੇਅਰ ਲਈ ਰੋਕਥਾਮ ਉਪਾਵਾਂ ਦੀ ਲਾਗਤ 33 ਬਿਲੀਅਨ ਡਾਲਰ ਅਤੇ ਮੁਢਲੀ ਤੈਰਾਕੀ ਅਤੇ ਪਾਣੀ ਦੀ ਸੁਰੱਖਿਆ ਦੇ ਹੁਨਰ ਸਿਖਾਉਣ ਲਈ 17 ਬਿਲੀਅਨ ਡਾਲਰ ਹੋਵੇਗੀ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਡੁੱਬਣ ਦੀ ਰੋਕਥਾਮ ਵਿੱਚ ਸਿਰਫ਼ ਇੱਕ ਡਾਲਰ ਦਾ ਨਿਵੇਸ਼ ਕਰਨ ਨਾਲ ਨੌਂ ਡਾਲਰ ਦੇ ਬਰਾਬਰ ਦੀ ਬਚਤ ਹੁੰਦੀ ਹੈ।

ਤਸਵੀਰ ਸਰੋਤ, Getty Images
ਪਾਣੀ ਦੇ ਆਲੇ-ਦੁਆਲੇ ਸੁਰੱਖਿਅਤ ਕਿਵੇਂ ਰਹੀਏ ?
ਯੂਕੇ ਦੀ ਰਾਇਲ ਲਾਈਫਸੇਵਿੰਗ ਸੋਸਾਇਟੀ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਉਹ ਕਦੇ ਵੀ ਪਾਣੀ ਦੇ ਨੇੜੇ ਇਕੱਲੇ ਨਾ ਜਾਣ ਅਤੇ ਸਿਰਫ ਦੋਸਤਾਂ ਜਾਂ ਪਰਿਵਾਰ ਨਾਲ ਜਾਣ ਅਤੇ ਲਾਈਫਗਾਰਡ ਦੇ ਨਾਲ ਹੀ ਤੈਰਾਕੀ ਕਰਨ।
ਬੱਚਿਆਂ ਨੂੰ ਪਾਣੀ ਦੇ ਨੇੜੇ ਬਾਲਗਾਂ ਦੀ ਨਿਰੰਤਰ ਨਿਗਰਾਨੀ ਹੇਠ ਰੱਖਣਾ ਵੀ ਮਹੱਤਵਪੂਰਨ ਹੈ।
ਯੂਕੇ ਚੈਰਿਟੀ ਸਲਾਹ ਦਿੰਦੀ ਹੈ ਕਿ ਜੇਕਰ ਲੋਕ ਪਾਣੀ ਵਿੱਚ ਡਿੱਗ ਜਾਂਦੇ ਹਨ ਜਾਂ ਤੈਰਾਕੀ ਕਰਦੇ ਸਮੇਂ ਥੱਕ ਜਾਂਦੇ ਹਨ ਤਾਂ ਮਦਦ ਲਈ ਬੁਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਆਪਣੀ ਪਿੱਠ ਦੇ ਭਾਰ 'ਤੇ ਤੈਰਨਾ ਚਾਹੀਦਾ ਹੈ।
ਜੇਕਰ ਤੁਸੀਂ ਕਿਸੇ ਨੂੰ ਅਜਿਹਾ ਕਰਦੇ ਹੋਏ ਦੇਖਦੇ ਹੋ, ਤਾਂ ਤੁਹਾਨੂੰ ਕੋਈ ਅਜਿਹੀ ਚੀਜ਼ ਸੁੱਟਣੀ ਚਾਹੀਦੀ ਹੈ ਜੋ ਉਸ ਵੱਲ ਤੈਰਦੀ ਜਾਵੇ।
ਚੈਰਿਟੀ ਇਹ ਵੀ ਸਿਫ਼ਾਰਸ਼ ਕਰਦੀ ਹੈ ਕਿ ਲੋਕ ਕਿਨਾਰਿਆਂ 'ਤੇ ਬਹੁਤ ਦੂਰ ਨਾ ਜਾਣ, ਪਾਣੀ ਵਿੱਚ ਖੜ੍ਹੇ ਰਹਿਣ ਦੀ ਡੂੰਘਾਈ ਤੱਕ ਰਹਿਣ ਅਤੇ ਬੀਚ ਦੇ ਸਮਾਨਾਂਤਰ ਹੀ ਤੈਰਾਕੀ ਕਰਨ।












