ਰੂਸ-ਯੂਕਰੇਨ: ਰੂਸ ਲਈ ਜੰਗੀ ਬੇੜੇ ਮੋਸਕੋਵਾ ਦਾ ਡੁੱਬਣਾ ਕਿੰਨਾ ਵੱਡਾ ਝਟਕਾ ਹੈ, ਜਾਣੋ ਮੋਸਕੋਵਾ ਕਿੰਨਾ ਮਜ਼ਬੂਤ ਸੀ

'ਮੋਸਕੋਵਾ' ਦੇ ਡੁੱਬਣ ਤੋਂ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਆਖਿਆ ਸੀ ਕਿ ਜਹਾਜ਼ ਗੰਭੀਰ ਰੂਪ ਵਿੱਚ ਨੁਕਸਾਨਿਆ ਗਿਆ ਹੈ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 'ਮੋਸਕੋਵਾ' ਦੇ ਡੁੱਬਣ ਤੋਂ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਆਖਿਆ ਸੀ ਕਿ ਜਹਾਜ਼ ਗੰਭੀਰ ਰੂਪ ਵਿੱਚ ਨੁਕਸਾਨਿਆ ਗਿਆ ਹੈ

ਰੂਸ ਦਾ ਜੰਗੀ ਬੇੜਾ 'ਮੋਸਕੋਵਾ' ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਯੁੱਧ ਦੌਰਾਨ ਡੁੱਬ ਗਿਆ ਹੈ।

ਰੂਸ ਅਤੇ ਯੂਕਰੇਨ ਨੇ ਇਸ ਗੱਲ 'ਤੇ ਸਹਿਮਤ ਹਨ ਕਿ ਇਹ ਜੰਗੀ ਬੇੜਾ ਡੁੱਬ ਗਿਆ ਹੈ ਹਾਲਾਂਕਿ ਇਸ ਦੇ ਕਾਰਨਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਵੱਖ-ਵੱਖ ਦਾਅਵੇ ਹਨ।

ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ ਜੰਗੀ ਬੇੜੇ ਵਿੱਚ ਮੌਜੂਦ ਗੋਲਾ ਬਾਰੂਦ ਵਿਚ ਅੱਗ ਲੱਗਣ ਕਾਰਨ ਨੁਕਸਾਨ ਪਹੁੰਚਿਆ, ਜਿਸ ਤੋਂ ਬਾਅਦ ਕਿਨਾਰੇ 'ਤੇ ਲੈ ਕੇ ਆਉਣ ਸਮੇਂ ਜਹਾਜ਼ ਡੁੱਬ ਗਿਆ।

ਉਧਰ ਯੂਕਰੇਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਨੈਪਚੂਨ ਮਿਜ਼ਾਈਲ ਰਾਹੀਂ ਇਸ ਜੰਗੀ ਬੇੜੇ ਉਪਰ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਇਹ ਜੰਗੀ ਬੇੜਾ ਤਬਾਹ ਹੋਇਆ ਹੈ।

ਅਮਰੀਕੀ ਅਧਿਕਾਰੀਆਂ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ਉਪਰ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਉਹ ਯੂਕਰੇਨ ਦੇ ਦਾਅਵੇ ਉਪਰ ਭਰੋਸਾ ਕਰਦੇ ਹਨ।

ਗੌਰਤਲਬ ਹੈ ਕਿ ਰੂਸ ਦੇ ਇਸ ਜੰਗੀ ਬੇੜੇ ਵਿੱਚ 510 ਨੌਸੈਨਿਕ ਮੌਜੂਦ ਸਨ।

ਸਮੁੰਦਰ ਦੇ ਰਾਹ ਤੋਂ ਯੂਕਰੇਨ ਖ਼ਿਲਾਫ਼ ਜੰਗੀ ਅਭਿਆਨ ਇਸੇ ਬੇੜੇ ਤੋਂ ਚੱਲ ਰਿਹਾ ਸੀ।ਇਸ ਜੰਗੀ ਬੇੜੇ ਨੂੰ ਨਿਸ਼ਾਨਾ ਬਣਾਉਣਾ ਇੱਕ ਅਹਿਮ ਫੌਜੀ ਮਿਸ਼ਨ ਸੀ।

ਇਹ ਵੀ ਪੜ੍ਹੋ:

ਰੂਸ ਨੇ ਯੂਕਰੇਨ ਉਪਰ ਜਦੋਂ 24 ਫਰਵਰੀ ਨੂੰ ਹਮਲਾ ਕੀਤਾ ਸੀ ਤਾਂ ਉਸੇ ਦਿਨ ਤੋਂ ਇਹ ਜੰਗੀ ਬੇੜਾ ਚਰਚਾ ਵਿੱਚ ਆ ਗਿਆ ਸੀ।

'ਮੋਸਕੋਵਾ' ਰਾਹੀਂ ਰੂਸ ਨੇ 'ਬਲੈਕ ਸੀ' ਸਥਿਤ 'ਸਨੇਕ' ਟਾਪੂਆਂ ਦੀ ਰੱਖਿਆ ਵਿੱਚ ਲੱਗੇ ਯੂਕਰੇਨ ਯੂਕਰੇਨ ਦੇ ਫ਼ੌਜੀਆਂ ਨੂੰ ਆਤਮਸਮਰਪਣ ਵਾਸਤੇ ਆਖਿਆ ਸੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। (link)

ਬਾਰੂਦ ਵਿੱਚ ਵਿਸਫੋਟ ਜਾਂ ਮਿਜ਼ਾਈਲੀ ਹਮਲਾ

'ਮੋਸਕੋਵਾ' ਦੇ ਡੁੱਬਣ ਤੋਂ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਆਖਿਆ ਸੀ ਕਿ "ਜਹਾਜ਼ ਗੰਭੀਰ ਰੂਪ ਵਿੱਚ ਨੁਕਸਾਨਿਆ ਗਿਆ ਹੈ ਅਤੇ ਸਾਰੇ ਨੌਸੈਨਿਕਾਂ ਨੂੰ ਬਚਾ ਲਿਆ ਗਿਆ ਹੈ।"

ਵੀਰਵਾਰ ਦੁਪਹਿਰੇ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਜਹਾਜ਼ ਵਿੱਚ ਅੱਗ ਲੱਗ ਗਈ ਸੀ ਜਿਸ ਉੱਤੇ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਜਹਾਜ਼ ਬੰਦਰਗਾਹ ਵੱਲ ਲਿਜਾਇਆ ਜਾ ਰਿਹਾ ਹੈ।

ਇਸ ਬਿਆਨ ਤੋਂ ਬਾਅਦ ਇੱਕ ਹੋਰ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਸਮੁੰਦਰ ਵਿੱਚ ਤੂਫ਼ਾਨ ਵਰਗੇ ਹਾਲਾਤ ਪੈਦਾ ਹੋਣ ਕਾਰਨ ਜਹਾਜ਼ ਡੁੱਬ ਗਿਆ। ਇਹ ਵੀ ਆਖਿਆ ਗਿਆ ਸੀ ਕਿ "ਬੰਦਰਗਾਹ ਉੱਪਰ ਜਹਾਜ਼ ਨੂੰ ਵਾਪਸ ਲੈ ਕੇ ਜਾਂਦੇ ਸਮੇਂ ਜਹਾਜ਼ ਦੇ ਢਾਂਚੇ ਨੂੰ ਨੁਕਸਾਨ ਪਹੁੰਚਣ ਕਾਰਨ ਸੰਤੁਲਨ ਵਿਗੜ ਗਿਆ।"

ਯੂਕਰੇਨ ਨਾਲ ਚੱਲ ਰਹੇ ਯੁੱਧ ਵਿੱਚ ਇਸ ਜੰਗੀ ਬੇੜੇ ਨੂੰ ਯੂਕਰੇਨ ਦੇ ਦੱਖਣੀ ਸ਼ਹਿਰ ਮਾਈਕੋਲਾਈਵ ਕੋਲ ਤਾਇਨਾਤ ਕੀਤਾ ਗਿਆ ਸੀ।

ਤਸਵੀਰ ਸਰੋਤ, MAX DELANY/AFP

ਤਸਵੀਰ ਕੈਪਸ਼ਨ, ਯੂਕਰੇਨ ਨਾਲ ਚੱਲ ਰਹੇ ਯੁੱਧ ਵਿੱਚ ਇਸ ਜੰਗੀ ਬੇੜੇ ਨੂੰ ਯੂਕਰੇਨ ਦੇ ਦੱਖਣੀ ਸ਼ਹਿਰ ਮਾਈਕੋਲਾਈਵ ਕੋਲ ਤਾਇਨਾਤ ਕੀਤਾ ਗਿਆ ਸੀ।

ਆਖ਼ਿਰ ਵਿੱਚ ਰੂਸ ਨੇ ਜਹਾਜ਼ ਇਸ ਦੇ ਡੁੱਬਣ ਲਈ ਇਸ 'ਤੇ ਮੌਜੂਦ ਗੋਲਾ ਬਰੂਦ ਵਿੱਚ ਲੱਗੀ ਅੱਗ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਸੇ ਮਿਜ਼ਾਈਲ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ।

ਯੂਕਰੇਨ ਨੇ ਆਖਿਆ ਹੈ ਕਿ ਇਸ ਜੰਗੀ ਬੇੜੇ ਨੂੰ ਯੂਕਰੇਨ ਵਿੱਚ ਬਣਾਏ ਗਈ ਨੈਪਚੂਨ ਮਿਜ਼ਾਈਲ ਰਾਹੀਂ ਨਿਸ਼ਾਨਾ ਬਣਾਇਆ ਗਿਆ।

ਜਹਾਜ਼ ਦੇ ਡੁੱਬਣ ਤੋਂ ਪਹਿਲਾਂ ਯੂਕਰੇਨੀ ਅਧਿਕਾਰੀਆਂ ਨੇ ਫੇਸਬੁੱਕ ਉਪਰ ਪੋਸਟ ਵਿੱਚ ਆਖਿਆ ਸੀ ਕਿ 'ਮੋਸਕੋਵਾ' ਉੱਪਰ ਹੋ ਰਹੇ ਧਮਾਕਿਆਂ ਤੇ ਖ਼ਰਾਬ ਮੌਸਮ ਦੇ ਕਾਰਨ ਰੂਸੀ ਫ਼ੌਜੀਆਂ ਨੂੰ ਨਿਕਲਣ ਵਿੱਚ ਮੁਸ਼ਕਿਲ ਆਈ ਹੈ।

ਵੀਡੀਓ ਕੈਪਸ਼ਨ, ਯੂਕਰੇਨ-ਰੂਸ ਦੀ ਲੜਾਈ ਦੇ ਹਵਾਲੇ ਨਾਲ ਸਮਝੋ ਜੰਗੀ ਅਪਰਾਧ ਕੀ ਹੁੰਦੇ ਹਨ?

ਬੀਤੇ ਸ਼ੁੱਕਰਵਾਰ ਅਮਰੀਕੀ ਅਧਿਕਾਰੀਆਂ ਨੇ ਵੀ ਆਖਿਆ ਸੀ ਕਿ ਯੂਕਰੇਨ ਦੀਆਂ ਮਿਜ਼ਾਈਲਾਂ ਨੇ ਜਹਾਜ਼ ਨੂੰ ਨੁਕਸਾਨਿਆ ਅਤੇ ਕਈ ਨੋਸੈਨਿਕਾਂ ਦੀ ਮੌਤ ਵੀ ਹੋਈ ਹੈ।

ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਰੂਸ ਨੇ ਕਿਸੇ ਵੀ ਮੌਤ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।

ਸ਼ਨੀਵਾਰ ਨੂੰ ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਅਤੇ ਦੱਸਿਆ ਕਿ ਇਸ ਜੰਗੀ ਬੇੜੇ ਤੋਂ ਉਨ੍ਹਾਂ ਦੇ ਨੌਸੈਨਿਕ ਸੁਰੱਖਿਅਤ ਵਾਪਸ ਆਏ ਹਨ। ਰੂਸ ਵੱਲੋਂ ਸੈਨਿਕਾਂ ਦੀ ਪਰੇਡ ਦੀ ਵੀਡੀਓ ਵਿੱਚ ਦਿਖਾਈ ਗਈ।

'ਮੋਸਕੋਵਾ' ਦਾ ਇਤਿਹਾਸ

ਇਹ ਜੰਗੀ ਬੇੜਾ ਮੂਲ ਤੌਰ 'ਤੇ ਸੋਵੀਅਤ ਸੰਘ ਦੇ ਜ਼ਮਾਨੇ ਵਿੱਚ ਬਣਿਆ ਸੀ ਅਤੇ 80 ਦੇ ਦਹਾਕੇ ਵਿੱਚ ਆਪਣੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।

ਇਸ ਜੰਗੀ ਬੇੜੇ ਨੂੰ ਯੂਕਰੇਨ ਵਿੱਚ ਹੀ ਬਣਾਇਆ ਸੀ। ਉਸ ਸਮੇਂ ਅੱਜ ਦੇ ਯੂਕਰੇਨ ਦੀ ਧਰਤੀ ਸੋਵੀਅਤ ਸੰਘ ਦਾ ਹਿੱਸਾ ਸੀ।

ਸਾਲ 2000 ਤੋਂ ਹੀ ਜੰਗੀ ਬੇੜਾ ਸਮੁੰਦਰ ਵਿੱਚ ਮੌਜੂਦ ਸੀ।

2014 ਵਿੱਚ ਕ੍ਰੀਮੀਆ ਉੱਪਰ ਕਬਜ਼ੇ ਤੋਂ ਬਾਅਦ ਸਮੁੰਦਰ ਵਿੱਚ ਰੂਸੀ ਫ਼ੌਜ ਦਾ ਦਬਦਬਾ ਰਿਹਾ ਹੈ।

ਮੌਜੂਦਾ ਸੰਘਰਸ਼ ਸਮੇਂ ਵੀ ਸਮੁੰਦਰ ਵਿੱਚ ਮੌਜੂਦ ਇਸ ਜੰਗੀ ਬੇੜੇ ਰਾਹੀਂ ਯੂਕਰੇਨ ਵਿੱਚ ਕਿਤੇ ਵੀ ਮਿਜ਼ਾਈਲ ਦਾਗੀ ਜਾ ਸਕਦੀ ਸੀ। ਬੰਦਰਗਾਹ ਉਤੇ ਮੌਜੂਦ ਸ਼ਹਿਰ ਮਾਰਿਓਪੋਲ ਉੱਪਰ ਕਬਜ਼ੇ ਦੀ ਕੋਸ਼ਿਸ਼ ਦੌਰਾਨ ਵੀ ਇਸ ਜੰਗੀ ਬੇੜੇ ਦਾ ਮਹੱਤਵ ਰਿਹਾ ਹੈ।

2014 ਵਿੱਚ ਮਾਸਕੋਵਾ ਤੋਂ ਜਾਇਜ਼ਾ ਲੈਂਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Sputnik

ਤਸਵੀਰ ਕੈਪਸ਼ਨ, 2014 ਵਿੱਚ ਮਾਸਕੋਵਾ ਤੋਂ ਜਾਇਜ਼ਾ ਲੈਂਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਯੂਕਰੇਨ ਨਾਲ ਚੱਲ ਰਹੇ ਯੁੱਧ ਵਿੱਚ ਇਸ ਜੰਗੀ ਬੇੜੇ ਨੂੰ ਯੂਕਰੇਨ ਦੇ ਦੱਖਣੀ ਸ਼ਹਿਰ ਮਾਈਕੋਲਾਈਵ ਕੋਲ ਤਾਇਨਾਤ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਇਸ ਜੰਗੀ ਬੇੜੇ ਰਾਹੀਂ ਰੂਸ ਨੇ ਸ਼ਹਿਰ ਉੱਤੇ ਕਾਫੀ ਬੰਬਾਰੀ ਕੀਤੀ ਸੀ।

ਇਸ ਤੋਂ ਪਹਿਲਾਂ ਰੂਸ ਨੇ ਇਸ ਜੰਗੀ ਬੇੜੇ ਨੂੰ ਸੀਰੀਆ ਵਿੱਚ ਜਾਰੀ ਸੰਘਰਸ਼ ਦੌਰਾਨ ਵੀ ਵਰਤਿਆ ਸੀ।

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਜੇਕਰ ਇਸ ਜੰਗੀ ਬੇੜੇ ਪਰ ਯੂਕਰੇਨ ਦੇ ਹਮਲੇ ਦੀ ਪੁਸ਼ਟੀ ਹੋ ਸਕੀ ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਸ਼ਮਨ ਦੇ ਹਮਲੇ ਵਿਚ ਡੁੱਬਣ ਵਾਲਾ ਇਹ ਸਭ ਤੋਂ ਵੱਡਾ ਜੰਗੀ ਜਹਾਜ਼ ਹੋਵੇਗਾ।

ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

'ਮੋਸਕੋਵਾ' ਦਾ ਵਜ਼ਨ 12000 ਟਨ ਤੋਂ ਵੱਧ ਦੱਸਿਆ ਜਾਂਦਾ ਹੈ।

ਦਾਅਵਾ ਕੀਤਾ ਜਾਂਦਾ ਹੈ ਕਿ ਇਸ ਜੰਗੀ ਬੇੜੇ ਉਤੇ ਕਥਿਤ ਤੌਰ ਤੇ 16 ਵਲਕਨ ਐਂਟੀ ਸ਼ਿਪ ਮਿਜ਼ਾਈਲਾਂ ਦੇ ਇਲਾਵਾ ਕਈ ਐਂਟੀ ਸਬਮਰੀਨ ਅਤੇ ਮਾਈਨ ਟਾਰਪੀਡੋ ਵਰਗੇ ਹਥਿਆਰ ਵੀ ਮੌਜੂਦ ਸਨ।

ਯੂਕਰੇਨ ਉਪਰ ਹਮਲਾ ਕਰਨ ਤੋਂ ਬਾਅਦ ਰੂਸ ਨੇ ਹੀ ਆਪਣਾ ਦੂਜਾ ਵੱਡਾ ਜਹਾਜ਼ ਗਵਾਇਆ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਯੂਕਰੇਨ ਦੇ ਹਮਲੇ ਨਾਲ ਸੈਰਾਟਵ ਲੈਂਡਿੰਗ ਜਹਾਜ਼ ਇਕ ਬੰਦਰਗਾਹ ਵਿਖੇ ਬਰਬਾਦ ਹੋ ਗਿਆ ਸੀ।

ਕਿੰਨਾ ਮਜ਼ਬੂਤ ਸੀ 'ਮੋਸਕੋਵਾ'

ਬੀਬੀਸੀ ਨਾਲ ਗੱਲ ਕਰਦੇ ਹੋਏ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟਰੈਟਜਿਕ ਸਟੱਡੀਜ਼ ਨਾਲ ਜੁੜੇ ਜਾਨਾਥਨ ਬੈਂਥਮ ਨੇ ਦੱਸਿਆ ਕਿ 'ਮੋਸਕੋਵਾ' ਰੂਸ ਦਾ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਣ ਵਾਲਾ ਜੰਗੀ ਜਹਾਜ਼ ਸੀ।

ਸੁਰੱਖਿਆ ਲਈ ਇਸ ਉੱਪਰ ਤਿੰਨ ਪਰਤਾਂ ਮੌਜੂਦ ਸਨ ਜਿਸ ਦਾ ਮਤਲਬ ਹੈ ਕਿ ਇਸ ਨੂੰ ਠੀਕ ਢੰਗ ਨਾਲ ਵਰਤੇ ਜਾਣ 'ਤੇ ਮਿਜ਼ਾਈਲਾਂ ਤੋਂ ਬਚਣ ਦੇ ਤਿੰਨ ਮੌਕੇ ਸਨ।

ਜਾਨਾਥਨ ਬੈਂਥਮ ਮੁਤਾਬਕ 'ਮੋਸਕੋਵਾ' 'ਤੇ 360 ਡਿਗਰੀ ਐਂਟੀ ਏਅਰ ਡਿਫੈਂਸ ਕਵਰੇਜ ਹੋਣੀ ਚਾਹੀਦੀ ਸੀ।

'ਮੋਸਕੋਵਾ' ਦਾ ਵਜ਼ਨ 12000 ਟਨ ਤੋਂ ਵੱਧ ਦੱਸਿਆ ਜਾਂਦਾ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 'ਮੋਸਕੋਵਾ' ਦਾ ਵਜ਼ਨ 12000 ਟਨ ਤੋਂ ਵੱਧ ਦੱਸਿਆ ਜਾਂਦਾ ਹੈ।

ਜਾਨਾਥਨ ਬੈਂਥਮ ਆਖਦੇ ਹਨ,"ਇਸ ਜਹਾਜ਼ ਵਿੱਚ ਮੌਜੂਦ ਹਥਿਆਰ ਇੱਕ ਮਿੰਟ ਵਿੱਚ ਪੰਜ ਹਜ਼ਾਰ ਰਾਊਂਡ ਫਾਇਰ ਕਰ ਸਕਦਾ ਹੈ ਜੋ ਕਿ ਇਸ ਜੰਗੀ ਬੇੜੇ ਨੂੰ ਚਾਰੇ ਪਾਸਿਓਂ ਸੁਰੱਖਿਅਤ ਰੱਖਦਾ ਹੈ।"

ਉਹ ਅੱਗੇ ਆਖਦੇ ਹਨ,"ਜੇਕਰ ਇਹ ਹਮਲਾ ਮਿਸਾਈਲ ਨਾਲ ਕੀਤਾ ਗਿਆ ਹੈ ਤਾਂ ਰੂਸੀ ਆਧੁਨਿਕੀਕਰਨ ਦੀ ਸਮਰੱਥਾ ਉੱਪਰ ਸਵਾਲ ਉੱਠਦੇ ਹਨ। ਕੀ ਇਸ ਜਹਾਜ਼ ਉਤੇ ਲੋੜੀਂਦਾ ਗੋਲਾ ਬਾਰੂਦ ਮੌਜੂਦ ਸੀ ਜਾਂ ਇੰਜਨੀਅਰਿੰਗ ਨਾਲ ਜੁੜੀਆਂ ਖਾਮੀਆਂ ਸਨ। ਤਿੰਨ ਸੁਰੱਖਿਆ ਪਰਤ ਹੋਣ ਤੋਂ ਬਾਅਦ ਕਿਸੇ ਜੰਗੀ ਬੇੜੇ ਦਾ ਹਮਲੇ ਦਾ ਸ਼ਿਕਾਰ ਹੋਣਾ ਬੇਹੱਦ ਮੁਸ਼ਕਲ ਹੁੰਦਾ ਹੈ।"

ਨੈਪਚੂਨ ਮਿਜ਼ਾਈਲਾਂ ਦੀ ਖਾਸੀਅਤ

ਯੂਕਰੇਨ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦੋ ਨੈਪਚੂਨ ਮਿਜ਼ਾਈਲਾਂ ਦੀ ਸਹਾਇਤਾ ਨਾਲ ਰੂਸ ਦੇ ਪ੍ਰਮੁੱਖ ਜੰਗੀ ਬੇੜੇ ਨੂੰ ਨਿਸ਼ਾਨਾ ਬਣਾਇਆ ਹੈ।

2014 ਵਿੱਚ ਰੂਸ ਵੱਲੋਂ ਕਰੀਮੀਆ ਉਪਰ ਕਬਜ਼ਾ ਕਰਨ ਤੋਂ ਬਾਅਦ ਸਮੁੰਦਰ ਵਿੱਚ ਰੂਸ ਦੇ ਵਧ ਰਹੇ ਖਤਰੇ ਦੇ ਜਵਾਬ ਵਿੱਚ ਕੀਵ ਦੇ ਇੰਜੀਨੀਅਰਾਂ ਨੇ ਇਸ ਮਿਜ਼ਾਈਲ ਸਿਸਟਮ ਨੂੰ ਤਿਆਰ ਕੀਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀਵ ਪੋਸਟ ਮੁਤਾਬਕ ਪਿਛਲੇ ਸਾਲ ਮਾਰਚ ਵਿੱਚ ਯੂਕਰੇਨ ਦੀ ਨੌਸੈਨਾ ਨੇ 300 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਪਹਿਲੀ ਖੇਪ ਹਾਸਲ ਕੀਤੀ ਸੀ।

ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਨੂੰ ਪੱਛਮੀ ਦੇਸ਼ਾਂ ਤੋਂ ਹਥਿਆਰ ਅਤੇ ਸਹਾਇਤਾ ਮਿਲ ਰਹੀ ਹੈ।

ਸਮੁੰਦਰ ਵਿੱਚ ਰੂਸ ਦੀ ਤਾਕਤ

'ਮੋਸਕੋਵਾ' ਰੂਸ ਵਿੱਚ ਸਮੁੰਦਰ ਦੀ ਤਾਕਤ ਦਾ ਇੱਕ ਚਿੰਨ੍ਹ ਸੀ।

ਇਸ ਜੰਗੀ ਬੇੜੇ ਕਰਕੇ ਰੂਸ ਸਮੁੰਦਰ ਵਿੱਚ ਮਜ਼ਬੂਤ ਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਜੰਗੀ ਬੇੜੇ ਕਰਕੇ ਰੂਸ ਸਮੁੰਦਰ ਵਿੱਚ ਮਜ਼ਬੂਤ ਸੀ

ਰਸ਼ੀਆ ਮੈਰੀਟਾਈਮ ਸਟੱਡੀਜ਼ ਇੰਸਟੀਚਿਊਟ ਦੇ ਮਾਈਕਲ ਪੀਟਰਸਨ ਬੀਬੀਸੀ ਨੂੰ ਦੱਸਦੇ ਹਨ," ਮੋਸਕੋਵਾ ਯੁੱਧ ਦੀ ਸ਼ੁਰੂਆਤ ਤੋਂ ਹੀ ਯੂਕਰੇਨ ਦੀ ਮੁਸੀਬਤ ਬਣਿਆ ਹੋਇਆ ਸੀ। ਇਸ ਨੂੰ ਤਬਾਹ ਹੋਣ ਨਾਲ ਯੂਕਰੇਨ ਦੇ ਹੌਸਲੇ ਬੁਲੰਦ ਹੋ ਗਏ ਹਨ।"

ਇਸ ਜੰਗੀ ਬੇੜੇ ਕਰਕੇ ਰੂਸ ਸਮੁੰਦਰ ਵਿੱਚ ਮਜ਼ਬੂਤ ਸੀ ਅਤੇ ਇਹੀ ਮੌਜੂਦਾ ਯੁੱਗ ਦੌਰਾਨ ਰੂਸ ਦੀਆਂ ਫ਼ੌਜਾਂ ਨੂੰ ਗੋਲਾ ਬਾਰੂਦ ਸਪਲਾਈ ਕਰਨ ਵਿੱਚ ਸਹਾਇਤਾ ਕਰ ਰਿਹਾ ਸੀ।

ਸਨੇਕ ਟਾਪੂ ਦੀ ਕਹਾਣੀ

ਰੂਸ ਦੇ ਯੂਕਰੇਨ ਉਪਰ ਹਮਲੇ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਜੰਗੀ ਬੇੜੇ ਨੇ ਦੁਨੀਆਂ ਭਰ ਵਿੱਚ ਸੁਰਖੀਆਂ ਬਟੋਰੀਆਂ ਸਨ। ਦਰਅਸਲ ਇਸ ਜੰਗੀ ਬੇੜੇ ਰਾਹੀਂ ਰੂਸ ਦੀ ਫ਼ੌਜ ਨੇ ਉਸ ਇਲਾਕੇ ਵਿੱਚ ਮੌਜੂਦ ਯੂਕਰੇਨੀ ਫੌਜੀਆਂ ਨੂੰ ਆਤਮ ਸਮਰਪਣ ਲਈ ਆਖਿਆ ਸੀ।

ਜਦੋਂ ਯੂਕਰੇਨ ਦੇ ਫ਼ੌਜੀਆਂ ਨੇ ਆਤਮ ਸਮਰਪਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਮੰਨਿਆ ਗਿਆ ਕਿ ਸ਼ਾਇਦ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਅਸਲ ਵਿੱਚ ਇਨ੍ਹਾਂ ਯੂਕਰੇਨੀ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਸੀ।

ਦੇਸ਼ ਵਲੋਂ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਜਿਸ ਵਿੱਚ ਮਾਸਕੋਵਾ ਦਾ ਸਾਹਮਣਾ ਕਰਦੇ ਯੂਕਰੇਨੀ ਫੌਜੀ ਨੂੰ ਦਿਖਾਇਆ ਗਿਆ ਹੈ।

ਤਸਵੀਰ ਸਰੋਤ, Ukraine postal dept

ਤਸਵੀਰ ਕੈਪਸ਼ਨ, ਯੂਕਰੇਨ ਵਲੋਂ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਜਿਸ ਵਿੱਚ ਮਾਸਕੋਵਾ ਦਾ ਸਾਹਮਣਾ ਕਰਦੇ ਯੂਕਰੇਨੀ ਫੌਜੀ ਨੂੰ ਦਿਖਾਇਆ ਗਿਆ ਹੈ।

ਇਨ੍ਹਾਂ ਫ਼ੌਜੀਆਂ ਨੂੰ ਬਾਅਦ ਵਿੱਚ ਰੂਸ ਵੱਲੋਂ ਛੱਡ ਦਿੱਤਾ ਗਿਆ ਸੀ ਅਤੇ ਇਸ ਟੁਕੜੀ ਦੇ ਮੁਖੀ ਨੂੰ ਯੂਕਰੇਨੀ ਫੌਜ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।

ਇਨ੍ਹਾਂ ਫ਼ੌਜੀਆਂ ਦੀ ਬਹਾਦੁਰੀ ਨੇ ਯੂਕਰੇਨ ਦਾ ਆਤਮ ਬਲ ਵਧਾਇਆ ਅਤੇ ਫ਼ੌਜੀਆਂ ਦੇ ਸਨਮਾਨ ਵਿੱਚ ਦੇਸ਼ ਵਲੋਂ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਜਿਸ ਵਿੱਚ ਮਾਸਕੋਵਾ ਦਾ ਸਾਹਮਣਾ ਕਰਦੇ ਯੂਕਰੇਨੀ ਫੌਜੀ ਨੂੰ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)