ਜਦੋਂ ਇੱਕ ਕਾਲੇ ਰਿੱਛ ਦੇ ਕਾਰਨ ਦੁਨੀਆ ਤਬਾਹੀ ਦੇ ਕੰਢੇ ਪਹੁੰਚ ਗਈ ਸੀ

ਕੰਪਿਊਟਰ ਚਿੱਪ

ਤਸਵੀਰ ਸਰੋਤ, Getty Images

    • ਲੇਖਕ, ਜ਼ਾਰੀਆ ਗੋਰਵੇਟ
    • ਰੋਲ, ਬੀਬੀਸੀ ਫਿਊਚਰ

ਜਾਨਵਰਾਂ ਦੇ ਅੰਦਰ ਵੜ੍ਹ ਆਉਣ ਤੋਂ ਲੈ ਕੇ ਇੱਕ ਡਾਲਰ ਤੋਂ ਵੀ ਘੱਟ ਕੀਮਤ ਵਾਲੀ ਕੰਪਿਊਟਰ ਚਿੱਪ ਦੇ ਖ਼ਰਾਬ ਹੋਣ ਵਰਗੀਆਂ ਗਲਤੀਆਂ, ਉਸ ਲੰਮੀ ਸੂਚੀ 'ਚ ਸ਼ਾਮਲ ਹਨ, ਜੋ ਕਿ ਪਰਮਾਣੂ ਯੁੱਧ ਦੇ ਸ਼ੂਰੂ ਹੋਣ ਦਾ ਸੰਕਟ ਪੈਦਾ ਹੋਇਆ ਹੈ।

ਇਸ 'ਤੇ ਯਕੀਨ ਕਰਨਾ ਸੌਖਾ ਨਹੀਂ ਹੈ, ਪਰ ਅਜਿਹਾ ਹੋਇਆ ਹੈ। ਜਦੋਂ ਛੋਟੀਆ-ਮੋਟੀਆਂ ਗਲਤੀਆਂ ਦੇ ਕਾਰਨ ਪਰਮਾਣੂ ਯੁੱਧ ਦਾ ਸੰਕਟ ਪੈਦਾ ਹੋ ਗਿਆ ਸੀ।

ਉਹ ਅਕਤੂਬਰ, 1962 ਦੀ ਅੱਧੀ ਰਾਤ ਸੀ ਅਤੇ ਵਿਸਕਾਨਸਿਨ 'ਚ ਇੱਕ ਟਰੱਕ ਰਨਵੇ 'ਤੇ ਜਹਾਜ਼ ਨੂੰ ਰੋਕਣ ਲਈ ਦੌੜ ਰਿਹਾ ਸੀ।

ਇੱਕ ਉਡਾਣ ਨੂੰ ਰੋਕਣ ਲਈ ਸਿਰਫ਼ ਕੁਝ ਹੀ ਪਲ ਸਨ।

ਇਸ ਤੋਂ ਕੁਝ ਮਿੰਟ ਪਹਿਲਾਂ, ਡੁਲਥ ਸੈਕਟਰ ਡਾਇਰੈਕਸ਼ਨ ਕੇਂਦਰ ਦੇ ਇੱਕ ਗਾਰਡ ਨੇ ਸੈਂਟਰ ਦੀ ਵਾੜ 'ਤੇ ਚੜ੍ਹਨ ਦਾ ਯਤਨ ਕਰਦੇ ਹੋਏ ਇੱਕ ਪਰਛਾਵੇਂ ਨੂੰ ਵੇਖ ਕੇ ਗੋਲੀ ਚਲਾਈ ਅਤੇ ਨਾਲ ਹੀ ਅਲਰਟ ਦਾ ਐਲਾਨ ਕਰ ਦਿੱਤਾ।

ਉਸ ਨੂੰ ਡਰ ਸੀ ਕਿ ਇਹ ਸੋਵੀਅਤ ਸੰਘ ਅਤੇ ਕਿਊਬਾ ਦਾ ਸਾਂਝਾ ਮਿਜ਼ਾਇਲ ਹਮਲਾ ਹੋ ਸਕਦਾ ਹੈ।

ਅਜਿਹਾ ਲੱਗਿਆ ਜਿਵੇਂ ਕਿ ਉਹ ਇੱਕ ਹਮਲਾ ਹੀ ਸੀ। ਇਲਾਕੇ ਦੇ ਸਾਰੇ ਹਵਾਈ ਅੱਡਿਆਂ 'ਤੇ ਅਲਾਰਮ ਵੱਜ ਰਹੇ ਸਨ। ਲੋਕ ਤੇਜ਼ੀ ਨਾਲ ਚੌਕਸ ਹੋ ਰਹੇ ਸਨ।

ਨਜ਼ਦੀਕੀ ਵੋਲਕ ਫੀਲਡ ਏਅਰਬੇਸ ਦੇ ਹਵਾਈ ਅੱਡੇ 'ਤੇ ਕਿਸੇ ਨੇ ਗਲਤੀ ਨਾਲ ਗਲਤ ਬਟਨ ਦਬਾ ਦਿੱਤਾ ਅਤੇ ਇਸ ਦੇ ਕਾਰਨ ਪਾਇਲਟਾਂ ਨੂੰ ਮਿਆਰੀ ਸੁਰੱਖਿਆ ਚੇਤਾਵਨੀ ਦੀ ਬਜਾਏ ਐਮਰਜੈਂਸੀ ਸਾਇਰਨ ਸੁਣਾਈ ਦੇਣ ਲੱਗ ਪਿਆ ਸੀ, ਜਿਵੇਂ ਕਿ ਉਨ੍ਹਾਂ ਨੂੰ ਜੰਗ ਲਈ ਤਿਆਰ ਹੋਣ ਲਈ ਕਿਹਾ ਜਾ ਰਿਹਾ ਸੀ।

ਇਹ ਵੀ ਪੜ੍ਹੋ:

ਫਿਰ ਮਿੰਟਾਂ-ਸਕਿੰਟਾਂ 'ਚ ਉਹ ਆਪਣੇ ਜਹਾਜ਼ਾਂ 'ਚ ਸਨ ਅਤੇ ਪਰਮਾਣੂ ਹਥਿਆਰਾਂ ਨਾਲ ਭਰੇ ਜਹਾਜ਼ਾਂ ਨੂੰ ਹਵਾ 'ਚ ਉਡਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਏ ਸਨ।

ਇਹ ਉਹ ਸਮਾਂ ਸੀ ਜਦੋਂ ਹਰ ਕੋਈ ਚੌਕਸ ਸੀ ।ਇਸ ਤੋਂ ਠੀਕ 11 ਦਿਨ ਪਹਿਲਾਂ ਇੱਕ ਖੁਫੀਆ ਜਹਾਜ਼ ਨੇ ਕਿਊਬਾ 'ਚ ਗੁਪਤ ਰੂਪ 'ਚ ਰੱਖੇ ਲਾਂਚਰ, ਮਿਜ਼ਾਇਲ ਅਤੇ ਟਰੱਕ ਦੀਆਂ ਤਸਵੀਆਂ ਲਈਆਂ ਸਨ।

ਇਸ ਨਾਲ ਇਹ ਸ਼ੱਕ ਅਤੇ ਡਰ ਪੈਦਾ ਹੋ ਗਿਆ ਸੀ ਕਿ ਸੋਵੀਅਤ ਸੰਘ, ਅਮਰੀਕਾ 'ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਵਿਸ਼ਵ ਭਰ ਦੇ ਦੇਸ਼ਾਂ ਨੂੰ ਪਤਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਗੋਲੀ ਵੀ ਸਥਿਤੀ ਨੂੰ ਵਿਗਾੜ ਸਕਦੀ ਹੈ।

ਪਰ ਗਾਰਡ ਨੂੰ ਜਿਸ ਦਾ ਪਰਛਾਵਾਂ ਵਿਖਾਈ ਦਿੱਤਾ ਸੀ, ਉਹ ਮਨੁੱਖ ਨਹੀਂ ਸੀ। ਉਹ ਇੱਕ ਵੱਡਾ ਕਾਲੇ ਰੰਗ ਦਾ ਰਿੱਛ ਸੀ ਅਤੇ ਗਾਰਡ ਨੇ ਉਸ ਦੀ ਪਛਾਣ ਕਰਨ 'ਚ ਗਲਤੀ ਹੋ ਗਈ ਸੀ।

ਪਰ ਵੋਲਕ ਫੀਲਡ 'ਚ ਸਕੁਐਡਰਨ ਅਜੇ ਵੀ ਇਸ ਤੱਥ ਤੋਂ ਅਣਜਾਣ ਸਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਹ ਕੋਈ ਅਭਿਆਸ ਡਰਿੱਲ ਨਹੀਂ ਹੈ। ਜਦੋਂ ਉਹ ਆਪੋ ਆਪਣੇ ਜਹਾਜ਼ਾਂ 'ਚ ਚੜ੍ਹ ਰਹੇ ਸੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਹੈ।

ਵੱਡਾ ਕਾਲੇ ਰੰਗ ਦਾ ਰਿੱਛ ਸੀ ਅਤੇ ਗਾਰਡ ਨੇ ਉਸ ਦੀ ਪਛਾਣ ਕਰਨ 'ਚ ਗਲਤੀ ਹੋ ਗਈ ਸੀ

ਤਸਵੀਰ ਸਰੋਤ, Getty Images

ਬਹਿਰਹਾਲ, ਬੇਸ ਕਮਾਂਡਰ ਨੂੰ ਪਤਾ ਲੱਗਿਆ ਕਿ ਕੀ ਹੋਇਆ ਸੀ। ਇੱਕ ਤੇਜ਼ ਰੌਬ ਵਾਲੇ ਅਧਿਕਾਰੀ ਨੇ ਪਾਇਲਟਾਂ ਨੂੰ ਉਡਾਣ ਭਰਨ ਤੋਂ ਰੋਕਿਆ। ਉਸ ਅਧਿਕਾਰੀ ਨੇ ਇੰਜਣ ਚਾਲੂ ਕਰ ਚੁੱਕੇ ਜਹਾਜ਼ਾਂ ਨੂੰ ਰੋਕਣ ਲਈ ਰਨਵੇਅ 'ਤੇ ਟਰੱਕ ਦੌੜਾਇਆ।

ਹੁਣ ਲੋਕ 1960 ਦੇ ਦੌਰ ਦੇ ਪਰਮਾਣੂ ਯੁੱਧ ਦੀ ਚਿੰਤਾ ਨੂੰ ਲਗਭਗ ਭੁੱਲ ਚੁੱਕੇ ਹਨ । ਪਰ ਹੁਣ ਇੱਕ ਵਾਰ ਫਿਰ ਪਰਮਾਣੂ ਯੁੱਧ ਦਾ ਖ਼ਤਰਾ ਮੰਡਰਾ ਰਿਹਾ ਹੈ।

ਹੁਣ ਕੁਝ ਕੁ ਦੇਸ਼ਾਂ ਦੇ ਕੋਲ ਹੀ ਪਰਮਾਣੂ ਹਥਿਆਰਾਂ ਦੇ ਅੱਡੇ ਹਨ ਅਤੇ ਮਨੁੱਖ ਨੂੰ ਜਲਵਾਯੂ ਪਰਿਵਰਤਨ ਵਰਗੀਆਂ ਹੋਰ ਆਲਮੀ ਚਿੰਤਾਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰਣਨੀਤਕ ਤੌਰ 'ਤੇ ਅਹਿਮ ਹਥਿਆਰਾਂ ਨੂੰ ਤੈਨਾਤ ਕਰਨ ਦੇ ਬਿਆਨ ਤੋਂ ਬਾਅਦ ਪਰਮਾਣੂ ਯੁੱਧ ਸਬੰਧੀ ਚਿੰਤਾ ਵੱਧ ਗਈ ਹੈ।

ਕਰੀਬੀ ਮਾਮਲਾ

ਅਸੀਂ ਲੋਕ ਬਹੁਤ ਹੀ ਆਸਾਨੀ ਨਾਲ ਭੁੱਲ ਜਾਂਦੇ ਹਾਂ ਕਿ ਦੁਨੀਆ ਭਰ 'ਚ ਲਗਭਗ 14 ਹਜ਼ਾਰ ਪਰਮਾਣੂ ਹਥਿਆਰ ਹਨ, ਜਿੰਨਾਂ ਦੀ ਸੰਯੁਕਤ ਤਾਕਤ ਧਰਤੀ 'ਤੇ ਵਸੇ ਤਕਰੀਬਨ 3 ਅਰਬ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ, ਭਾਵ ਜੇਕਰ ਇਹ ਜੰਗ ਸ਼ੁਰੂ ਹੁੰਦੀ ਹੈ ਤਾਂ ਸਮੁੱਚੀ ਮਾਨਵ ਜਾਤੀ ਵੀ ਤਬਾਹ ਹੋ ਸਕਦੀ ਹੈ।

ਅਸੀਂ ਇਹ ਜਾਣਦੇ ਹਾਂ ਕਿ ਕਿਸੇ ਵੀ ਆਗੂ ਵੱਲੋਂ ਜਾਣਬੁੱਝ ਕੇ ਪਰਮਾਣੂ ਧਮਾਕੇ ਦੀ ਸੰਭਾਵਨਾ ਦੂਰ-ਦੂਰ ਤੱਕ ਵੀ ਨਹੀਂ ਹੈ। ਪਰ ਸਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਪਰਮਾਣੂ ਯੁੱਧ ਕਿਸੇ ਦੁਰਘਟਨਾ ਦੇ ਕਾਰਨ ਵੀ ਸ਼ੂਰੂ ਹੋ ਸਕਦਾ ਹੈ।

ਹੁਣ ਤੱਕ ਦੁਨੀਆ ਦੇ ਇਤਿਹਾਸ 'ਚ ਘੱਟ ਤੋਂ ਘੱਟ 22 ਅਜਿਹੇ ਮੌਕੇ ਆਏ ਹਨ, ਜਦੋਂ ਪਰਮਾਣੂ ਹਥਿਆਰਾਂ ਦੀ ਵਰਤੋਂ ਹੁੰਦੇ-ਹੁੰਦੇ ਬਚੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅਜਿਹਾ ਬਹੁਤ ਹੀ ਘੱਟ ਹੋਇਆ ਹੈ ਜਦੋਂ ਸਾਨੂੰ ਉੱਡਣ ਵਾਲੇ ਹੰਸਾਂ, ਚੰਦਰਮਾ, ਕੰਪਿਊਟਰ ਦੀਆਂ ਮਾਮੂਲੀ ਸਮੱਸਿਆਵਾਂ ਅਤੇ ਪੁਲਾੜ ਦੇ ਅਸਧਾਰਨ ਮੌਸਮ ਵਰਗੀਆਂ ਘਟਨਾਵਾਂ ਦੇ ਕਾਰਨ ਪਰਮਾਣੂ ਯੁੱਧ ਦੀ ਕਗਾਰ 'ਤੇ ਪਹੁੰਚਾ ਦਿੱਤਾ ਹੋਵੇ।

ਦੁਨੀਆ ਭਰ 'ਚ ਲਗਭਗ 14 ਹਜ਼ਾਰ ਪਰਮਾਣੂ ਹਥਿਆਰ ਹਨ, ਜਿੰਨਾਂ ਦੀ ਸੰਯੁਕਤ ਤਾਕਤ ਧਰਤੀ 'ਤੇ ਵਸੇ ਤਕਰੀਬਨ 3 ਅਰਬ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ,

ਤਸਵੀਰ ਸਰੋਤ, NEOSIAM/GETTY CREATIVE

ਤਸਵੀਰ ਕੈਪਸ਼ਨ, ਦੁਨੀਆ ਭਰ 'ਚ ਲਗਭਗ 14 ਹਜ਼ਾਰ ਪਰਮਾਣੂ ਹਥਿਆਰ ਹਨ, ਜਿੰਨਾਂ ਦੀ ਸੰਯੁਕਤ ਤਾਕਤ ਧਰਤੀ 'ਤੇ ਵਸੇ ਤਕਰੀਬਨ 3 ਅਰਬ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ,

1958 'ਚ ਇੱਕ ਜਹਾਜ਼ ਨੇ ਗਲਤੀ ਨਾਲ ਇੱਕ ਘਰ ਦੇ ਪਿੱਛੇ ਇੱਕ ਬਗ਼ੀਚੇ 'ਚ ਇੱਕ ਪਰਮਾਣੂ ਬੰਬ ਸੁੱਟ ਦਿੱਤਾ ਸੀ। ਭਾਵੇਂ ਕਿ ਇਸ ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ ਸੀ ਪਰ ਪਰਿਵਾਰ ਦੀਆਂ ਮੁਰਗੀਆਂ ਮਰ ਗਈਆਂ ਸਨ।

ਅਜਿਹਾ ਹੀ ਇੱਕ ਹੋਰ ਹਾਦਸਾ ਸਾਲ 2010 'ਚ ਵੀ ਵਾਪਰਿਆ ਸੀ ਜਦੋਂ ਅਮਰੀਕੀ ਹਵਾਈ ਸੈਨਾ ਦਾ ਲਗਭਗ 50 ਪਰਮਾਣੂ ਮਿਜ਼ਾਇਲਾਂ ਨਾਲ ਅਸਥਾਈ ਤੌਰ 'ਤੇ ਸੰਪਰਕ ਟੁੱਟ ਗਿਆ ਸੀ। ਇਸ ਦਾ ਮਤਲਬ ਇਹ ਸੀ ਕਿ ਜੇਕਰ ਉਸ ਸਮੇਂ ਕੋਈ ਵੀ ਮਿਜ਼ਾਇਲ ਆਪਣੇ ਆਪ ਲਾਂਚ ਹੋ ਜਾਂਦੀ ਤਾਂ ਨਾ ਤਾਂ ਮਿਜ਼ਾਇਲ ਦਾ ਪਤਾ ਲੱਗਦਾ ਅਤੇ ਨਾ ਹੀ ਉਸ ਨੂੰ ਰੋਕ ਪਾਉਣਾ ਸੰਭਵ ਹੋ ਸਕਦਾ ਸੀ।

ਆਧੁਨਿਕ ਪਰਮਾਣੂ ਹਥਿਆਰਾਂ ਦੀ ਹੈਰਾਨ ਕਰਨ ਵਾਲੀ ਲਾਗਤ ਅਤੇ ਤਕਨੀਕੀ ਤਰੱਕੀ ਦੇ ਬਾਵਜੂਦ ਅਮਰੀਕਾ 201 ਤੋਂ 2028 ਦੇ ਅਰਸੇ ਦੌਰਾਨ ਆਪਣੀਆਂ ਪਰਮਾਣੂ ਸਹੂਲਤਾਂ ਨੂੰ ਬਿਹਤਰ ਕਰਨ ਲਈ 497 ਅਰਬ ਡਾਲਰ ਖਰਚ ਕਰ ਰਿਹਾ ਹੈ। ਇਸ ਇਤਿਹਾਸਕ ਖਰਚੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਨੁੱਖੀ ਗਲਤੀਆਂ ਅਤੇ ਜਾਂ ਫਿਰ ਜੀਵ-ਜੰਤੂਆਂ ਦੀਆਂ ਕਾਰਵਾਈਆਂ ਕਾਰਨ ਹਾਦਸਿਆਂ ਦੀ ਸੰਭਾਵਨਾ ਆਉਣ ਵਾਲੇ ਸਮੇਂ 'ਚ ਵੀ ਰਹਿ ਸਕਦੀ ਹੈ।

ਯੈਲਤਸਿਨ ਦੀ ਗਲਤੀ

25 ਜਨਵਰੀ, 1995 ਨੂੰ ਤਤਕਾਲੀ ਰੂਸੀ ਰਾਸ਼ਟਰਪਤੀ ਬੋਰਿਸ ਯੇਲਤਸਿਨ " ਪਰਮਾਣੂ ਬ੍ਰੀਫਕੇਸ" ਨੂੰ ਸਰਗਰਮ ਕਰਨ ਵਾਲੇ ਇਤਿਹਾਸ ਦੇ ਪਹਿਲੇ ਆਗੂ ਬਣੇ ਸਨ। ਪਰਮਾਣੂ ਬ੍ਰੀਫੇਕਸ ਇੱਕ ਅਜਿਹਾ ਬ੍ਰੀਫਕੇਸ ਹੁੰਦਾ ਹੈ, ਜਿਸ 'ਚ ਪਰਮਾਣੂ ਬੰਬ ਨੂੰ ਵਿਸਫੋਟ ਕਰਨ ਦੀਆਂ ਹਿਦਾਇਤਾਂ ਅਤੇ ਤਕਨੀਕਾਂ ਸ਼ਾਮਲ ਹੁੰਦੀਆਂ ਹਨ।

ਯੇਲਤਸਿਨ ਦੇ ਰਡਾਰ ਅਪਰੇਟਰਾਂ ਨੇ ਉਸ ਸਮੇਂ ਵੇਖਿਆ ਸੀ ਕਿ ਨਾਰਵੇ ਦੇ ਤੱਟ ਤੋਂ ਇੱਕ ਰਾਕੇਟ ਲਾਂਚ ਕੀਤਾ ਗਿਆ ਸੀ ਅਤੇ ਉਹ ਰਾਕੇਟ ਨੂੰ ਅਸਮਾਨ ਵੱਲ ਵੱਧਦਾ ਹੋਇਆ ਵੇਖ ਰਹੇ ਸਨ।

ਉਹ ਇਸ ਗੱਲ ਤੋਂ ਅਣਜਾਣ ਸਨ ਕਿ ਇਹ ਰਾਕੇਟ ਕਿਸ ਦਿਸ਼ਾ ਵੱਲ ਜਾ ਰਿਹਾ ਸੀ ਜਾਂ ਉਸ ਦੇ ਨਿਸ਼ਾਨੇ 'ਤੇ ਕੌਣ ਸੀ।

ਰੂਸੀ ਰਾਸ਼ਟਰਪਤੀ ਬੋਰਿਸ ਯੇਲਤਸਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਰੂਸੀ ਰਾਸ਼ਟਰਪਤੀ ਬੋਰਿਸ ਯੇਲਤਸਿਨ

ਯੇਲਤਸਿਨ , ਜਿਸ ਨੇ ਕਿ ਆਪਣੇ ਹੱਥਾਂ 'ਚ ਪਰਮਾਣੂ ਬ੍ਰੀਫਕੇਸ ਫੜਿਆ ਹੋਇਆ ਸੀ, ਉਨ੍ਹਾਂ ਨੇ ਆਪਣੇ ਉੱਚ ਸਲਾਹਕਾਰਾਂ ਨਾਲ ਇਸ ਬਾਰੇ ਗੱਲ ਕੀਤੀ ਕਿ ਕੀ ਜਵਾਬੀ ਕਾਰਵਾਈ ਕੀਤੀ ਜਾਵੇ। ਜਦੋਂ ਉਹ ਕੁਝ ਹੀ ਮਿੰਟਾਂ 'ਚ ਫੈਸਲਾ ਲੈਣ ਵਾਲੇ ਸਨ ਤਾਂ ਉਸ ਸਮੇਂ ਉਨ੍ਹਾਂ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਰਾਕੇਟ ਸਮੁੰਦਰ ਵੱਲ ਜਾ ਰਿਹਾ ਹੈ ਅਤੇ ਇਸ ਤੋਂ ਖ਼ਤਰਾ ਨਹੀਂ ਹੈ।

ਬਾਅਧ 'ਚ ਪਤਾ ਲੱਗਿਆ ਕਿ ਇਹ ਕੋਈ ਪਰਮਾਣੂ ਹਮਲਾ ਨਹੀਂ ਸੀ, ਸਗੋਂ ਇੱਕ ਵਿਿਗਆਨਕ ਜਾਂਚ ਸੀ, ਜਿਸ ਨੂੰ ਕਿ ਉੱਤਰੀ ਲਾਈਟਾਂ ਦੀ ਜਾਂਚ ਲਈ ਭੇਜਿਆ ਗਿਆ ਸੀ। ਨਾਰਵੇ ਦੇ ਅਧਿਕਾਰੀ ਇਸ ਗੱਲ ਤੋਂ ਹੈਰਾਨ ਸਨ ਕਿ ਇਸ 'ਤੇ ਅਜਿਹਾ ਹੰਗਾਮਾ ਕਿਉਂ ਹੋਇਆ ਸੀ ਕਿਉਂਕਿ ਇੱਕ ਮਹੀਨਾ ਪਹਿਲਾਂ ਹੀ ਇਸ ਰਾਕੇਟ ਨੂੰ ਲਾਂਚ ਕਰਨ ਦਾ ਜਨਤਕ ਐਲਾਨ ਕੀਤਾ ਗਿਆ ਸੀ।

ਵਾਪਸੀ ਦਾ ਕੋਈ ਰਾਹ ਨਹੀ

ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਰਮਾਣੂ ਹਮਲਾ ਕਿਸੇ ਗਲਤਫਹਿਮੀ ਨਾਲ ਸ਼ੁਰੂ ਹੋਇਆ ਸੀ ਜਾਂ ਫਿਰ ਕਿਸੇ ਅਸਲ ਖ਼ਤਰੇ ਦੇ ਕਾਰਨ- ਕਿਉਂਕਿ ਹਮਲੇ ਰਾਕੇਟ ਭੇਜਣ ਤੋਂ ਬਾਅਦ ਵਾਪਸੀ ਦਾ ਕੋਈ ਰਾਹ ਨਹੀਂ ਹੈ।

ਪਰਮਾਣੂ ਬ੍ਰੀਫਕੇਸ

ਤਸਵੀਰ ਸਰੋਤ, STANISLAV KOZLOVSKIY

ਤਸਵੀਰ ਕੈਪਸ਼ਨ, ਪਰਮਾਣੂ ਬ੍ਰੀਫਕੇਸ

ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਪ੍ਰਸ਼ਾਸਨ ਕਾਲ 'ਚ ਰੱਖਿਆ ਮੰਤਰੀ ਅਤੇ ਜਿਮੀ ਕਾਰਟਰ ਦੇ ਪ੍ਰਸ਼ਾਸਨ 'ਚ ਬਤੌਰ ਉਪ ਰੱਖਿਆ ਮੰਤਰੀ ਸੇਵਾਵਾਂ ਨਿਭਾ ਚੁੱਕੇ ਵਿਲੀਅਮ ਪੇਰੀ ਦਾ ਕਹਿਣਾ ਹੈ , " ਜੇਕਰ ਰਾਸ਼ਟਰਪਤੀ ਨੇ ਕਿਸੇ ਗਲਤ ਜਾਂ ਝੂਠੇ ਅਲਾਰਮ 'ਦੇ ਦਿੱਤੀ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਪਰਮਾਣੂ ਯੁੱਧ ਸ਼ੁਰੂ ਕਰ ਦਿੱਤਾ। ਉਹ ਇਸ ਤੋਂ ਬਾਅਧ ਕੁਝ ਨਹੀਂ ਕਰ ਸਕਦੇ ਹਨ। ਮਿਜ਼ਾਇਲ ਨੂੰ ਨਾ ਤਾਂ ਵਾਪਸ ਬੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਨਸ਼ਟ ਕੀਤਾ ਜਾਂ ਸਕਦਾ ਹੈ।"

ਅਜਿਹੇ 'ਚ ਇਹ ਜਾਣਨਾ ਦਿਲਚਸਪ ਹੈ ਕਿ ਕਦੋਂ-ਕਦੋਂ ਦੁਨੀਆ ਪਰਮਾਣੂ ਯੁੱਧ ਦੇ ਕੰਢੇ ਪਹੁੰਚ ਗਈ ਸੀ ਅਤੇ ਭਵਿੱਖ 'ਚ ਅਜਿਹੀ ਸਥਿਤੀ ਫਿਰ ਨਾ ਆਵੇ ਇਸ ਲਈ ਕੀ ਕੀਤਾ ਜਾ ਸਕਦਾ ਹੈ।

ਪਰਮਾਣੂ ਹਮਲੇ ਕਿਵੇਂ ਹੁੰਦੇ ਹਨ?

ਹਥਿਆਰਾਂ ਸਬੰਧੀ ਗਲਤੀਆਂ ਦੇ ਮੂਲ 'ਚ ਉਹ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਹੈ ਜੋ ਕਿ ਸ਼ੀਤ ਯੁੱਧ ਦੌਰਾਨ ਬਣਾਈ ਗਈ ਸੀ।

ਅਸਲ 'ਚ ਪਰਮਾਣੂ ਮਿਜ਼ਾਇਲਾਂ ਵੱਲੋਂ ਆਪਣੇ ਟੀਚੇ 'ਤੇ ਹਮਲਾ ਕੀਤੇ ਜਾਣ ਨਾਲ ਯੁੱਧ ਦੀ ਪੁਸ਼ਟੀ ਹੋ ਜਾਂਦੀ । ਪਰ ਹੁਣ ਅਜਿਹੀ ਤਕਨੀਕ ਉਪਲਬਧ ਹੈ ਜਿਸ ਦੇ ਜ਼ਰੀਏ ਹਮਲਾ ਕੀਤੇ ਜਾਣ ਤੋਂ ਪਹਿਲਾਂ ਹੀ ਮਿਜ਼ਾਇਲ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਹਮਲੇ ਤੋਂ ਪਹਿਲਾਂ ਹੀ ਜਵਾਬੀ ਹਮਲਾ ਕੀਤਾ ਜਾ ਸਕਦਾ ਹੈ।

ਜਵਾਬੀ ਹਮਲਾ ਜਲਦੀ ਕਰਨ ਦੀ ਕੋਸ਼ਿਸ਼ ਕਰਨ ਕਾਰਨ ਹੀ ਗਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਜਾਣਕਾਰੀ ਨੂੰ ਹਾਸਲ ਕਰਨ ਲਈ ਤੁਹਾਨੂੰ ਡੇਟਾ ਦੀ ਲੋੜ ਹੁੰਦੀ ਹੈ।

ਪਰਮਾਣੂ ਹਮਲੇ

ਤਸਵੀਰ ਸਰੋਤ, Getty Images

ਕਈ ਅਮਰੀਕੀਆਂ ਤੋਂ ਅਣਜਾਣ, ਅਮਰੀਕਾ ਦੇ ਕੋਲ ਇਸ ਸਮੇਂ ਕਈ ਉਪਗ੍ਰਹਿ ਹਨ ਜੋ ਕਿ ਹਰ ਸਮੇਂ ਚੁੱਪਚਾਪ ਦੁਨੀਆ ਭਰ 'ਚ ਇਸ ਤਰ੍ਹਾਂ ਦੀ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਨ।

ਇੰਨ੍ਹਾਂ 'ਚੋਂ ਚਾਰ ਉਪਗ੍ਰਹਿ ਧਰਤੀ ਤੋਂ 35,400 ਕਿਲੋਮੀਟਰ ਦੀ ਉਚਾਈ ਤੋਂ ਕੰਮ ਕਰ ਰਹੇ ਹਨ। ਉਹ ' ਜਿਓਸਿੰਕ੍ਰੋਨਸ ਓਰਬਿਟ' 'ਚ ਹਨ, ਭਾਵ ਕਿ ਇੱਕ ਅਜਿਹੇ ਸਥਾਨ 'ਤੇ ਸਥਿਤ ਹਨ, ਜਿੱਥੋਂ ਉਹ ਧਰਤੀ ਦੇ ਪ੍ਰਤੀ ਆਪਣੀ ਸਥਿਤੀ ਕਦੇ ਨਹੀਂ ਬਦਲਦੇ ਹਨ।

ਇਸ ਦਾ ਮਤਲਬ ਇਹ ਹੈ ਕਿ ਉਹ ਇੱਕ ਹੀ ਖੇਤਰ 'ਤੇ ਲਗਾਤਾਰ ਨਿਗਰਾਨੀ ਰੱਖਣ ਦੇ ਯੋਗ ਹਨ, ਭਾਵ ਇਹ ਹਫ਼ਤੇ ਦੇ ਸੱਤੇ ਦਿਨ, ਦਿਨ ਦੇ 24 ਘੰਟਿਆਂ 'ਚ ਕਿਸੇ ਵੀ ਸੰਭਾਵੀ ਪਰਮਾਣੂ ਖਤਰੇ ਦਾ ਪਤਾ ਲਗਾ ਸਕਦੇ ਹਨ। ਪਰ ਲਾਂਚ ਤੋਂ ਬਾਅਦ ਸੈਟੇਲਾਈਟ ਮਿਜ਼ਾਇਲ 'ਤੇ ਨਜ਼ਰ ਨਹੀਂ ਰੱਖ ਪਾਉਣਗੇ।

ਅਜਿਹੀ ਸਥਿਤੀ 'ਚ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਅਮਰੀਕਾ ਕੋਲ ਕਈ ਰਡਾਰ ਸਟੇਸ਼ਨ ਮੌਜੁਦ ਹਨ।

ਪਰਮਾਣੂ ਹਮਲੇ

ਤਸਵੀਰ ਸਰੋਤ, Getty Images

ਇਹ ਰਡਾਰ ਸਟੇਸ਼ਨ ਮਿਜ਼ਾਇਲ ਦੀ ਸਥਿਤੀ, ਉਸ ਦੀ ਗਤੀ ਅਤੇ ਉਹ ਕਿੰਨੀ ਦੂਰੀ 'ਤੇ ਜਾ ਕੇ ਡਿੱਗੇਗੀ, ਇਸ ਸਭ ਦਾ ਮੁਲਾਂਕਣ ਕਰ ਸਕਦੇ ਹਨ।

ਇੱਕ ਵਾਰ ਹਮਲੇ ਦੇ ਪੁਖਤਾ ਸੰਕੇਤ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਜਾਂਦਾ ਹੈ। ਵਿਲੀਅਮ ਪੇਰੀ ਦੱਸਦੇ ਹਨ, " ਮਿਜ਼ਾਇਲ ਦਾਗੇ ਜਾਣ ਤੋਂ ਪੰਜ ਤੋਂ 10 ਮਿੰਟ ਦੇ ਅੰਦਰ-ਅੰਦਰ ਰਾਸ਼ਟਰਪਤੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।"

ਇਸ ਤੋਂ ਬਾਅਦ ਸਭ ਤੋਂ ਅਹਿਮ ਅਤੇ ਮੁਸ਼ਕਲ ਫੈਸਲਾ ਲੈਣਾ ਹੁੰਦਾ ਹੈ ਕਿ ਕੀ ਜਵਾਬੀ ਹਮਲਾ ਕੀਤਾ ਜਾਵੇ ਜਾਂ ਫਿਰ ਨਹੀਂ ? ਪੇਰੀ ਅੱਗੇ ਦੱਸਦੇ ਹਨ ਕਿ " ਇਹ ਇੱਕ ਗੁੰਝਲਦਾਰ ਪ੍ਰਣਾਲੀ ਹੈ, ਜੋ ਕਿ ਹਰ ਸਮੇਂ ਕੰਮ ਕਰਦੀ ਹੈ। ਹਾਲਾਂਕਿ ਇਸ ਸਮੇਂ ਅਸੀਂ ਅਜਿਹੀ ਗੱਲ ਕਰ ਰਹੇ ਹਨ ਜਿਸਦੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਉਸ ਦਾ ਨਤੀਜਾ ਗੰਭੀਰ ਹੋਵੇਗਾ।"

ਅਤੇ ਬੇਸ਼ੱਕ ਦੁਨੀਆ ਨੂੰ ਖ਼ਤਮ ਕਰਨ ਲਈ ਅਜਿਹਾ ਸਿਰਫ ਇੱਕ ਵਾਰ ਹੋਣਾ ਹੀ ਕਾਫੀ ਹੋਵੇਗਾ।

ਤਕਨਾਲੋਜੀ 'ਤੇ ਸਵਾਲ

ਇਸ ਤਰ੍ਹਾਂ ਦੇ ਮਾਮਲਿਆਂ 'ਚ ਅਜਿਹੀ ਝੂਠੀ ਚੇਤਾਵਨੀ, ਦੋ ਗਲਤੀਆਂ ਦੇ ਕਾਰਨ ਜਾਰੀ ਹੋ ਸਕਦੀ ਹੈ- ਇੱਕ ਤਾਂ ਤਕਨੀਕੀ ਗਲਤੀ ਅਤੇ ਦੂਜੀ ਮਨੁੱਖੀ ਗਲਤੀ। ਅਤੇ ਜੇਕਰ ਕਿਸਮਤ ਖਰਾਬ ਹੋਈ ਤਾਂ ਦੋਵੇਂ ਗਲਤੀਆਂ ਇੱਕਠੀਆਂ ਵੀ ਹੋ ਸਕਦੀਆਂ ਹਨ।

ਇਸ ਦੀ ਸਭ ਤੋਂ ਵਧੀਆਂ ਮਿਸਾਲ, ਪਹਿਲੀ ਵਾਰ 1980 'ਚ ਉਸ ਸਮੇਂ ਸਾਹਮਣੇ ਆਈ ਸੀ ਜਦੋਂ ਵਿਲੀਅਮ ਪੇਰੀ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਦੇ ਪ੍ਰਸ਼ਾਸਨ 'ਚ ਉਪ ਰੱਖਿਆ ਮੰਤਰੀ ਸਨ। ਉਹ ਯਾਦ ਕਰਦੇ ਹੋਏ ਕਹਿੰਦੇ ਹਨ, " ਇਹ ਕਿਸੇ ਸਦਮੇ ਨਾਲੋਂ ਘੱਟ ਨਹੀਂ ਸੀ।"

ਇਸ ਦੀ ਸ਼ੁਰੂਆਤ ਰਾਤ ਦੇ ਤਿੰਨ ਵਜੇ ਇੱਕ ਫੋਨ ਕਾਲ ਨਾਲ ਹੋਈ ਸੀ।

ਅਮਰੀਕੀ ਹਵਾਈ ਸੁਰੱਖਿਆ ਕਮਾਂਡ ਦੇ ਨਿਗਰਾਨੀ ਦਫ਼ਤਰ ਨੇ ਪੇਰੀ ਨੂੰ ਦੱਸਿਆ ਕਿ ਨਿਗਰਾਨੀ ਕੰਪਿਊਟਰਾਂ ਦੇ ਅਨੁਸਾਰ ਸੋਵੀਅਤ ਸੰਘ ਤੋਂ ਲਗਭਗ 200 ਮਿਜ਼ਾਇਲਾਂ ਸਿੱਧੇ ਅਮਰੀਕਾ ਵੱਲ ਆ ਰਹੀਆਂ ਹਨ।

ਪਰਮਾਣੂ ਹਮਲੇ

ਤਸਵੀਰ ਸਰੋਤ, Reuters

ਹਾਲਾਂਕਿ ਉਦੋਂ ਤੱਕ ਉਨ੍ਹਾਂ ਨੇ ਪਤਾ ਲਗਾ ਲਿਆ ਸੀ ਕਿ ਇਹ ਅਸਲ ਖਤਰਾ ਨਹੀਂ ਸੀ ਬਲਕਿ ਕੰਪਿਊਟਰ ਨੇ ਕਿਸੇ ਤਕਨੀਕੀ ਗੜਬੜੀ ਦੇ ਚੱਲਦਿਆਂ ਇਹ ਜਾਣਕਾਰੀ ਦਿੱਤੀ ਸੀ।

ਪੇਰੀ ਨੇ ਅੱਗੇ ਦੱਸਿਆ, " ਉਨ੍ਹਾਂ ਨੇ ਮੈਨੂੰ ਫੋਨ ਕਰਨ ਤੋਂ ਪਹਿਲਾਂ ਵ੍ਹਾਈਟ ਹਾਊਸ ਫੋਨ ਕਰ ਦਿੱਤਾ ਸੀ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਸੀ। ਉਨ੍ਹਾਂ ਨੂੰ ਉਸ ਸਮੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ਰੀਏ ਫੋਨ ਕੀਤਾ ਗਿਆ ਸੀ।"

ਖੁਸ਼ਕਿਸਮਤੀ ਸੀ ਕਿ ਕਾਰਟਰ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਉਨ੍ਹਾਂ ਨੂੰ ਜਗਾਉਣ 'ਚ ਕੁਝ ਮਿੰਟਾਂ ਦੀ ਦੇਰੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਇਹ ਸੂਚਨਾ ਮਿਲ ਗਈ ਸੀ ਕਿ ਇਹ ਜਾਣਕਾਰੀ ਗਲਤ ਹੈ।

ਜੇਕਰ ਸਲਾਹਕਾਰ ਨੇ ਕੁਝ ਮਿੰਟਾਂ ਲਈ ਇੰਤਜ਼ਾਰ ਨਾ ਕੀਤਾ ਹੁੰਦਾ ਅਤੇ ਤੁਰੰਤ ਰਾਸ਼ਟਰਪਤੀ ਨੂੰ ਜਗਾ ਕੇ ਇਸ ਦੀ ਜਾਣਕਾਰੀ ਦੇ ਦਿੱਤੀ ਹੁੰਦੀ ਤਾਂ ਸ਼ਾਇਦ ਉਸ ਦਿਨ ਦੁਨੀਆ ਹੀ ਬਦਲ ਜਾਂਦੀ।

ਪੇਰੀ ਦੱਸਦੇ ਹਨ, " ਜੇਕਰ ਰਾਸ਼ਟਰਪਤੀ ਨੂੰ ਸਿੱਧਾ ਫੋਨ ਚਲਾ ਜਾਂਦਾ ਅਤੇ ਉਨ੍ਹਾਂ ਕੋਲ ਫੈਸਲਾ ਲੈਣ ਲਈ ਸਿਰਫ ਪੰਜ ਮਿੰਟ ਹੁੰਦੇ ਤਾਂ ਫਿਰ ਕੀ ਹੁੰਦਾ ? ਅੱਧੀ ਰਾਤ ਸ਼ਾਇਦ ਹੀ ਉਹ ਕਿਸੇ ਨਾਲ ਸਲਾਹ ਮਸ਼ਵਰਾ ਕਰਦੇ।"

ਪਰਮਾਣੂ ਯੁੱਧ ਸ਼ੁਰੂ ਹੋਣ ਦੀ ਗੱਲ ਨੂੰ ਕਦੇ ਵੀ ਇੱਕ ਸਿਧਾਂਤਕ ਸਮੱਸਿਆ ਨਹੀਂ ਮੰਨਿਆ।

ਤਸਵੀਰ ਸਰੋਤ, Getty Images

ਇਸ ਘਟਨਾ ਤੋਂ ਬਾਅਦ ਪੇਰੀ ਨੇ ਗਲਤੀ ਨਾਲ ਪਰਮਾਣੂ ਯੁੱਧ ਸ਼ੁਰੂ ਹੋਣ ਦੀ ਗੱਲ ਨੂੰ ਕਦੇ ਵੀ ਇੱਕ ਸਿਧਾਂਤਕ ਸਮੱਸਿਆ ਨਹੀਂ ਮੰਨਿਆ। ਉਨ੍ਹਾਂ ਲਈ ਇਹ ਇੱਕ ਅਸਲ ਸਮੱਸਿਆ ਬਣ ਗਈ ਜੋ ਕਿ ਅਚਾਨਕ ਸੱਚ ਸਾਬਤ ਹੋ ਸਕਦੀ ਸੀ।

ਪੇਰੀ ਕਹਿੰਦੇ ਹਨ, " ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਉਸ ਦਿਨ ਦੁਨੀਆ ਪਰਮਾਣੂ ਯੁੱਧ ਦੀ ਕਗਾਰ 'ਤੇ ਪਹੁੰਚ ਗਈ ਸੀ।"

ਹਾਲਾਂਕਿ, ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਸਥਿਤੀ ਚੇਤਾਵਨੀ ਪ੍ਰਣਾਲੀ ਵਾਲੇ ਕੰਪਿਊਟਰ ਦੀ ਖਰਾਬ ਚਿੱਪ ਦੇ ਕਾਰਨ ਪੈਦਾ ਹੋਈ ਸੀ ਅਤੇ ਉਹ ਖਰਾਬ ਚਿੱਪ ਇੱਕ ਡਾਲਰ ਤੋਂ ਵੀ ਘੱਟ ਕੀਮਤ 'ਚ ਬਦਲੀ ਗਈ ਸੀ।

ਇਸ ਘਟਨਾ ਤੋਂ ਇੱਕ ਸਾਲ ਪਹਿਲਾਂ, ਪੇਰੀ ਨੇ ਇੱਕ ਹੋਰ ਨਜ਼ਦੀਕੀ ਮਾਮਲੇ ਦਾ ਅਨੁਭਵ ਕੀਤਾ ਸੀ, ਜਦੋਂ ਇੱਕ ਟੈਕਨੀਸ਼ੀਅਨ ਨੇ ਅਣਜਾਣੇ 'ਚ ਇੱਕ ਕੰਪਿਊਟਰ 'ਤੇ ਸਿਖਲਾਈ ਟੇਪ ਲੋਡ ਕਰ ਦਿੱਤੀ ਸੀ।

ਵੀਡੀਓ ਕੈਪਸ਼ਨ, ਰੂਸ, ਅਮਰੀਕਾ, ਚੀਨ ਅਤੇ ਬ੍ਰਿਟੇਨ ਦੇ ਉਹ ਲੋਕ ਜਿਨ੍ਹਾਂ ਦੇ ਹੱਥ ਵਿੱਚ ਹੁੰਦਾ ਹੈ ਪਰਮਾਣੂ ਹਮਲੇ ਦਾ ਬਟਨ

ਜਿਸ ਨਾਲ ਗਲਤੀ ਨਾਲ ਇੱਕ ਮਿਜ਼ਾਇਲ ਲਾਂਚ ਕਰਨ ਦੇ ਵੇਰਵਿਆਂ ਨੂੰ ਮੁੱਖ ਚੇਤਾਵਨੀ ਕੇਂਦਰਾਂ 'ਤੇ ਪ੍ਰਸਾਰਿਤ ਕਰ ਦਿੱਤਾ ਗਿਆ ਸੀ।

ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਸ਼ਹਿਰਾਂ ਨੂੰ ਬਰਾਬਰ ਕਰਨ ਦੀ ਤਾਕਤ ਰੱਖਣ ਵਾਲੇ ਇੰਨ੍ਹਾਂ ਹਥਿਆਰਾਂ ਦੀ ਸੁਰੱਖਿਆ ਅਤੇ ਵਰਤੋਂ ਦਾ ਮੁੱਦਾ ਲਗਾਤਾਰ ਉਭਰਦਾ ਰਹਿੰਦਾ ਹੈ।

ਆਪਣੇ ਕੰਮ 'ਚ ਨਿਪੁੰਨ ਨਾ ਹੋਣ ਵਾਲੇ ਟੈਕਨੀਸ਼ੀਅਨਾਂ ਤੋਂ ਇਲਾਵਾ ਸਾਡੀ ਚਿੰਤਾ ਦਾ ਮੁੱਖ ਕੇਂਦਰ ਉਹ ਆਲਮੀ ਆਗੂ ਵੀ ਹਨ ਜੋ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਅਸਲ ਅਧਿਕਾਰ ਰੱਖਦੇ ਹਨ।

ਸਭ ਤੋਂ ਵੱਡਾ ਜੋਖਮ

ਪੇਰੀ ਕਹਿੰਦੇ ਹਨ, " ਅਮਰੀਕੀ ਰਾਸ਼ਟਰਪਤੀ ਕੋਲ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਪੂਰਾ ਅਧਿਕਾਰ ਹੈ ਅਤੇ ਇੱਕਲੇ ਅਜਿਹੇ ਵਿਅਕਤੀ ਹਨ ਜੋ ਕਿ ਅਜਿਹਾ ਕਰਨ ਦਾ ਅਧਿਕਾਰ ਰੱਖਦੇ ਹਨ।"

ਇਰਹ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਦੇ ਦਿਨਾਂ ਤੋਂ ਸੱਚ ਹੈ। ਸ਼ੀਤ ਯੁੱਧ ਦੇ ਦੌਰਾਨ, ਇਹ ਫੈਸਲਾ ਫੌਜੀ ਕਮਾਂਡਰਾਂ ਨੂੰ ਸੌਂਪ ਦਿੱਤਾ ਗਿਆ ਸੀ। ਪਰ ਟਰੂਮੈਨ ਦਾ ਮੰਨਣਾ ਸੀ ਕਿ ਪਰਮਾਣੂ ਹਥਿਆਰ ਇੱਕ ਰਾਜਨੀਤਿਕ ਹਥਿਆਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਇੱਕ ਸਿਆਸਤਦਾਨ ਦੇ ਕੰਟਰੋਲ ਹੇਠ ਹੀ ਹੋਣਾ ਚਾਹੀਦਾ ਹੈ।

ਜਾਪਾਨ ਦੇ ਹੀਰੋਸ਼ੀਮਾ ਉਪਰ ਪਹਿਲੀ ਵਾਰ ਪਰਮਾਣੂ ਹਮਲਾ ਹੋਇਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਪਾਨ ਦੇ ਹੀਰੋਸ਼ੀਮਾ ਉਪਰ ਪਹਿਲੀ ਵਾਰ ਪਰਮਾਣੂ ਹਮਲਾ ਹੋਇਆ ਸੀ

ਆਪਣੇ ਤੋਂ ਪਹਿਲੇ ਰਾਸ਼ਟਰਪਤੀਆਂ ਦੀ ਤਰ੍ਹਾਂ ਹੀ ਡੋਨਲਡ ਟਰੰਪ ਵੀ ਜਿੱਥੇ ਕਿਤੇ ਜਾਂਦੇ ਆਪਣੇ ਨਾਲ ਸਹਿਯੋਗੀ ਨਿਊਕਲੀਅਰ ਫੁੱਟਬਾਲ ਲੈ ਕੇ ਜਾਂਦੇ ਸਨ, ਜਿਸ 'ਚ ਰਾਸ਼ਟਰ ਦੇ ਸਾਰੇ ਪਰਮਾਣੂ ਹਥਿਆਰਾਂ ਦੇ ਲਾਂਚ ਕੋਡ ਹੁੰਦੇ ਹਨ। ਇਹੀ ਸਥਿਤੀ ਜੋਅ ਬਾਇਡਨ ਨਾਲ ਵੀ ਹੈ।

ਭਾਵੇਂ ਉਹ ਪਹਾੜੀ ਯਾਤਰਾ 'ਤੇ ਹੋਣ ਜਾਂ ਹੈਲੀਕਾਪਟਰ ਦੀ ਸਵਾਰੀ ਕਰ ਰਹੇ ਹੋਣ ਜਾਂ ਫਿਰ ਸਮੁੰਦਰੀ ਜਹਾਜ਼ 'ਚ ਹੋਣ, ਅਮਰੀਕੀ ਰਾਸ਼ਟਰਪਤੀ ਕਿਸੇ ਵੀ ਸਮੇਂ ਪਰਮਾਣੂ ਹਮਲਾ ਕਰਨ ਦੇ ਸਮਰੱਥ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਸਿਰਫ ਹੁਕਮ ਦੇਣ ਦੀ ਲੋੜ ਹੁੰਦੀ ਹੈ ਅਤੇ ਕੁਝ ਹੱਦ ਤੱਕ ਤਬਾਹੀ ਲਈ ਤਿਆਰ ਰਹਿਣਾ ਪੈਂਦਾ ਹੈ ਕਿਉਂਕਿ ਇਹ ਇੱਕ ਅਜਿਹਾ ਹਮਲਾ ਹੈ ਜਿਸ 'ਚ ਹਮਲਾ ਕਰਨ ਵਾਲੇ ਅਤੇ ਜਿਸ 'ਤੇ ਹਮਲਾ ਕੀਤਾ ਗਿਆ ਹੈ, ਦੋਵਾਂ ਦੀ ਤਬਾਹੀ ਕੁਝ ਹੀ ਮਿੰਟਾਂ 'ਚ ਤੈਅ ਹੁੰਦੀ ਹੈ।

ਕਈ ਸੰਗਠਨਾਂ , ਸੰਸਥਾਵਾਂ ਅਤੇ ਮਾਹਰਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਇਸ ਤਾਕਤ ਦਾ ਇੱਕ ਹੀ ਵਿਅਕਤੀ ਦੇ ਹੱਥ 'ਚ ਰਹਿਣਾ ਕਿਸੇ ਵੱਡੇ ਜੋਖਮ ਨਾਲੋਂ ਘੱਟ ਨਹੀਂ ਹੈ।

ਸ਼ਰਾਬ, ਨਸ਼ੇ ਅਤੇ ਭਾਵਨਾਤਮਕ ਅਸਥਿਰਤਾ

ਪੇਰੀ ਕਹਿੰਦੇ ਹਨ , " ਅਜਿਹਾ ਕਈ ਵਾਰ ਹੋਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਸ਼ਰਾਬ ਦੀ ਲਤ ਲੱਗੀ ਹੋਵੇ ਜਾਂ ਉਹ ਕੋਈ ਨਸ਼ਾ ਕਰ ਰਹੇ ਹੋਣ। ਜਾਂ ਫਿਰ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਹੋਣ। ਇਹ ਸਭ ਕੁਝ ਅਤੀਤ 'ਚ ਵਾਪਰਿਆ ਹੈ।"

" ਜਿੰਨ੍ਹਾਂ ਵਧੇਰੇ ਤੁਸੀਂ ਇਸ ਬਾਰੇ ਸੋਚਦੇ ਹੋ, ਓਨੀਆਂ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ ਸੰਭਾਵਨਾਵਾਂ ਸਾਹਮਣੇ ਆਉਂਦੀਆਂ ਹਨ। ਫਿਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਰਾਸ਼ਟਰਪਤੀ ਰਾਤ ਨੂੰ ਸੌਂ ਜਾਂਦੇ ਹਨ ? ਕੀ ਕਰਨਾ ਹੈ ਜਦੋਂ ਇਹ ਫੈਸਲਾ ਮਿੰਟਾਂ ਸਕਿੰਟਾਂ 'ਚ ਲੈਣਾ ਪਵੇ ? ਨੀਂਦ 'ਚ ਉੱਠ ਕੇ ਸੋਚਣ ਸਮਝਨ ਦੀ ਸਥਿਤੀ 'ਚ ਆਉਣ 'ਚ ਕਿੰਨਾ ਸਮਾਂ ਲੱਗੇਗਾ। ਉਹ ਇੱਕ ਕੱਪ ਕਾਫ਼ੀ ਨਾਲ ਆਪਣੇ ਆਪ ਨੂੰ ਤਰੋਤਾਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਅਜਿਹਾ ਲੱਗਦਾ ਨਹੀਂ ਹੈ ਕਿ ਉਹ ਉਸ ਸਮੇਂ ਆਪਣੇ ਉੱਚ ਪੱਧਰ 'ਤੇ ਕੰਮ ਕਰਨਗੇ।"

ਅਗਸਤ 1974 'ਚ ਜਦੋਂ ਅਮਰੀਕੀਰਾਸ਼ਟਰਪਤੀ ਰਿਚਰਡ ਨਿਕਸਨ ਵਾਟਰਗੇਟ ਇੱਕ ਮਾਮਲੇ 'ਚ ਫਸ ਗਏ ਸਨ ਅਤੇ ਉਹ ਅਸਤੀਫਾ ਦੇਣ ਦੀ ਕਗਾਰ 'ਤੇ ਸਨ, ਉਸ ਸਮੇਂ ਉਹ ਮੈਡੀਕਲ ਅਨੁਸਾਰ ਡਿਪਰੈਸ਼ਨ 'ਚ ਸਨ ਅਤੇ ਉਨ੍ਹਾਂ ਦਾ ਵਿਵਹਾਰ, ਰਵੱਈਆ ਅਸਥਿਰ ਹੋ ਗਿਆ ਸੀ।

ਪਰਮਾਣੂ ਪਣਡੁੱਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਮਾਣੂ ਪਣਡੁੱਬੀ

ਉਨ੍ਹਾਂ ਬਾਰੇ ਇਹ ਅਫ਼ਵਾਹ ਵੀ ਸੀ ਕਿਮ ਉਹ ਜਲਦੀ ਹੀ ਥੱਕ ਜਾਂਦੇ ਸਨ ਅਤੇ ਨਿਯਮਿਤ ਤੌਰ 'ਤੇ ਸ਼ਰਾਬ ਵੀ ਪੀਂਦੇ ਸਨ ਅਤੇ ਆਮ ਤੌਰ 'ਤੇ ਅਜੀਬੋ ਗਰੀਬ ਵਿਵਹਾਰ ਵੀ ਕਰਦੇ ਸਨ।ਇੱਕ ਵਾਰ ਸੀਕਰੇਟ ਸਰਵਿਸ ਏਜੰਟ ਨੇ ਉਨ੍ਹਾਂ ਨੂੰ ਕੁੱਤੇ ਦਾ ਬਿਸਕੁਟ ਖਾਂਦੇ ਵੇਖਿਆ ਸੀ।

ਕਥਿਤ ਤੌਰ 'ਤੇ ਨਿਕਸਨ ਹਮੇਸ਼ਾਂ ਹੀ ਗੁੱਸਾ ਕਰਨ, ਸ਼ਰਾਬ ਪੀਣ ਅਤੇ ਸੈਕਸ ਸਮਰੱਥਾ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਰਾਸ਼ਟਰਪਤੀ ਸਨ। ਪਰ ਇਸ ਸਭ ਤੋਂ ਗੰਭੀਰ ਗੱਲ ਇਹ ਸੀ ਕਿ ਉਨ੍ਹਾਂ ਕੋਲ ਪਰਮਾਣੂ ਹਥਿਆਰ੍ਰ ਦੀ ਵਰਤੋਂ ਕਰਨ ਦਾ ਅਧਿਕਾਰ ਸੀ।

ਅਮਰੀਕਾ 'ਚ ਪਰਮਾਣੂ ਹਥਿਆਰਾਂ ਦੀ ਰਾਖੀ ਕਰਨ ਵਾਲੇ ਫੌਜੀ ਮੁਲਾਜ਼ਮਾਂ 'ਚ ਨਸ਼ਾਖੋਰੀ ਵੀ ਇੱਕ ਵੱਡੀ ਸਮੱਸਿਆ ਹੈ। ਸਾਲ 2016 'ਚ ਮਿਜ਼ਾਇਲ ਬੇਸ 'ਤੇ ਕੰਮ ਕਰਨ ਵਾਲੇ ਕਈ ਅਮਰੀਕੀ ਏਅਰ ਕ੍ਰੂ ਨੇ ਕੋਕੀਨ ਅਤੇ ਐਲਐਸਡੀ ਸਮੇਤ ਨਸ਼ੀਲੇ ਪਦਾਰਥ ਲੈਣ ਦੀ ਗੱਲ ਸਵੀਕਾਰ ਕੀਤੀ ਸੀ ਅਤੇ ਬਾਅਧ 'ਚ ਚਾਰ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਸੀ।

ਭਿਆਨਕ ਹਾਦਸੇ ਤੋਂ ਕਿਵੇਂ ਬਚਿਆ ਜਾਵੇ

ਇੰਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ, ਪੇਰੀ ਨੇ ਪਰਮਾਣੂ ਗੈਰ ਪ੍ਰਸਾਰ ਚੈਰਿਟੀ ਪਲੋਸ਼ੇਅਰਜ਼ ਫੰਡ ਦੀ ਨੀਤੀ ਨਿਰਦੇਸ਼ਕ ਟੌਮ ਕੋਲੀਨਾ ਦੇ ਨਾਲ ਸਹਿ ਲੇਖਕ ਵੱਜੋਂ ਇੱਕ ਕਿਤਾਬ 'ਦ ਬਟਨ: ਦ ਨਿਊ ਨਿਊਕਲੀਅਰ ਆਰਮਜ਼ ਰੇਸ ਐਂਡ ਪ੍ਰੈਜ਼ੀਡੈਂਸੀਅਲ ਪਾਵਰ ਫਰਾਮ ਟਰੂਮੈਨ ਟੂ ਟਰੰਪ' ਲਿਖੀ ਹੈ। ਇਸ ਕਿਤਾਬ 'ਚ ਦੋਵੇਂ ਲੇਖਕ ਸਾਡੇ ਮੌਜੂਦਾ ਪਰਮਾਣੂ ਸੁਰੱਖਿਆ ਉਪਾਵਾਂ ਦੀ ਅਨਿਸ਼ਚਿਤਤਾ ਦੀ ਰੂਪ ਰੇਖਾ ਦੱਸਦੇ ਹਨ ਅਤੇ ਕੁਝ ਸੰਭਾਵਿਤ ਹੱਲ ਵੀ ਸੁਝਾਉਂਦੇ ਹਨ।

ਸਭ ਤੋਂ ਪਹਿਲਾਂ ਉਹ ਪਰਮਾਣੂ ਹਥਿਆਰ ਦੀ ਵਰਤੋਂ 'ਤੇ ਇੱਕਲੇ ਅਧਿਕਾਰ ਦਾ ਅੰਤ ਵੇਖਣਾ ਚਾਹੁੰਦੇ ਹਨ ਤਾਂ ਜੋ ਸਮੂਹਿਕ ਤਬਾਹੀ ਦੀ ਤਾਕਤ ਰੱਖਣ ਵਾਲੇ ਇੰਨ੍ਹਾਂ ਹਥਿਆਰਾਂ ਨੂੰ ਦਾਗਣ ਸਬੰਧੀ ਫੈਸਲਾ ਲੋਕਤੰਤਰੀ ਢੰਗ ਨਾਲ ਲਿਆ ਜਾਵੇ ਅਤੇ ਫੈਸਲੇ 'ਤੇ ਕਿਸੇ ਵੀ ਮਾਨਸਿਕ ਕਮਜ਼ੋਰੀ ਦਾ ਪ੍ਰਭਾਵ ਘੱਟ ਤੋਂ ਘੱਟ ਹੋਵੇ। ਅਮਰੀਕਾ 'ਚ ਇਸ ਦਾ ਮਤਲਬ ਇਹ ਹੋਵੇਗਾ ਕਿ ਇਸ ਦਾ ਫੈਸਲਾ ਕਾਂਗਰਸ 'ਚ ਮਤਦਾਨ ਕਰਕੇ ਲਿਆ ਜਾਵੇਗਾ।

ਪਰਮਾਣੂ ਹਥਿਆਰ

ਤਸਵੀਰ ਸਰੋਤ, Reuters

ਪੇਰੀ ਕਹਿੰਦੇ ਹਨ, " ਅਜਿਹਾ ਕਰਨ ਨਾਲ ਲਾਂਚ ਕਰਨ ਦੇ ਫੈਸਲੇ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।"

ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਪਰਮਾਣੂ ਹਮਲੇ ਦੀ ਜਵਾਬੀ ਕਾਰਵਾਈ ਤੇਜ਼ੀ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਵਾਬੀ ਹਮਲਾ ਕਰਨ ਦੀ ਸਮਰੱਥਾ ਖਤਮ ਨਾ ਹੋ ਜਾਵੇ। ਪਰ ਇਸ ਤਰ੍ਹਾਂ ਦੇ ਹਮਲੇ ਦੀ ਸੂਰਤ 'ਚ ਜੇਕਰ ਅਮਰੀਕਾ ਦੇ ਕਈ ਸ਼ਹਿਰਾਂ ਅਤੇ ਸਾਰੀਆਂ ਜ਼ਮੀਨ ਅਧਾਰਤ ਮਿਜ਼ਾਇਲਾਂ ਨੂੰ ਪਰਮਾਣੂ ਹਥਿਆਰਾਂ ਨਾਲ ਖਤਮ ਕਰ ਦਿੱਤਾ ਜਾਵੇ ਤਾਂ ਵੀ ਸਰਕਾਰ ਕੋਲ ਫੌਜੀ ਪਣਡੁੱਬੀਆਂ ਜ਼ਰੀਏ ਹਨਲਾ ਕਰਨ ਦੀ ਸ਼ਕਤੀ ਹੋਵੇਗੀ।

ਕੋਲੀਨਾ ਦੱਸਦੀ ਹੈ, " ਤੁਹਾਨੂੰ ਉਦੋਂ ਹੀ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ ਜਦੋਂ ਤੁਹਾਨੂੰ ਇਸ ਗੱਲ ਦਾ ਯਕੀਨ ਹੋ ਜਾਵੇ ਕਿ ਹਮਲਾ ਤੁਹਾਡੇ 'ਤੇ ਹੀ ਹੋ ਰਿਹਾ ਹੈ।

ਪਰਮਾਣੂ ਯੁੱਧ ਦੀ ਚੇਤਾਵਨੀ 'ਚ ਗੜਬੜੀ ਦੀ ਸੰਭਾਵਨਾ ਵਧੇਰੇ ਨਹੀਂ ਹੁੰਦੀ ਹੈ

ਤਸਵੀਰ ਸਰੋਤ, JOHN MACDOUGALL/AFP VIA GETTY IMAGES

ਸਾਨੂੰ ਅਜਿਹੇ ਕਿਸੇ ਵੀ ਅਲਾਰਮ 'ਤੇ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ ਹੈ, ਜੋ ਕਿ ਗਲਤ ਹੋ ਸਕਦਾ ਹੈ। ਹਮਲਾ ਅਸਲੀ ਹੈ ਜਾਂ ਨਹੀਂ ਇਹ ਉਦੋਂ ਹੀ ਪਤਾ ਲੱਗ ਸਕਦਾ ਹੈ ਜਦੋਂ ਕਿਸੇ ਇਮਾਰਤ ਜਾਂ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ।"

ਜੇਕਰ ਅਜਿਹੀਆਂ ਚੇਤਾਵਨੀਆਂ 'ਤੇ ਹੌਲੀ-ਹੌਲੀ ਅੱਗੇ ਵਧਿਆ ਜਾਵੇ ਤਾਂਤਬਾਹੀ ਤੋਂ ਬਚਿਆ ਜਾ ਸਕਦਾ ਹੈ। ਪਰਮਾਣੂ ਯੁੱਧ ਦੀ ਚੇਤਾਵਨੀ 'ਚ ਗੜਬੜੀ ਦੀ ਸੰਭਾਵਨਾ ਵਧੇਰੇ ਨਹੀਂ ਹੁੰਦੀ ਹੈ ਪਰ ਅਸੀਂ ਕਹਾਣੀ ਦੀ ਸ਼ੁਰੂਆਤ 'ਚ ਵੇਖਿਆ ਹੈ ਕਿ ਇੱਕ ਰਿੱਛ ਨੂੰ ਲੈ ਕੇ ਗਾਰਡ ਦੀ ਗਲਤਫਹਿਮੀ ਨਾਲ ਕੀ ਸਥਿਤੀ ਬਣ ਸਕਦੀ ਹੈ।

ਪਹਿਲਾਂ ਵਰਤੋਂ ਨਹੀਂ ਕਰਨੀ

ਇਸ ਤੋਂ ਇਲਾਵਾ ਪੇਰੀ ਅਤੇ ਕੋਲੀਨਾ ਨੇ ਪਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਇੰਨ੍ਹਾਂ ਦੀ ਵਰਤੋਂ ਜਵਾਬੀ ਕਾਰਵਾਈ ਦੌਰਾਨ ਹੀ ਕਰਨ, ਪਹਿਲ ਨਾ ਕਰਨ।

ਕੋਲੀਨਾ ਦੱਸਦੀ ਹੈ, " ਚੀਨ ਇੱਕ ਦਿਲਚਸਪ ਉਦਾਹਰਣ ਹੈ। ਉਹ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਨੂੰ ਲਾਗੂ ਕਰ ਚੁੱਕੇ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਸੰਕਟ ਦੇ ਸਮੇਂ ਪਰਮਾਣੂ ਹਥਿਆਰਾਂ ਦੀ ਵਰਤੋਂ ਪਹਿਲਾਂ ਨਹੀਂ ਕਰਨਗੇ। ਚੀਨ ਵੱਲੋਂ ਕੀਤੇ ਗਏ ਇਸ ਐਲਾਨ 'ਚ ਕੁਝ ਕੁ ਭਰੋਸੇਯੋਗਤਾ ਵਿਖਾਈ ਦਿੰਦੀ ਹੈ ਕਿਉਂਕਿ ਉਸ ਨੇ ਪਰਮਾਣੂ ਹਥਿਆਰਾਂ ਨੂੰ ਮਿਜ਼ਾਇਲ ਸਪਾਲਈ ਪ੍ਰਣਾਲੀ ਤੋਂ ਵੱਖ ਰੱਖਿਆ ਹੈ।"

ਚੀਨ ਨੂੰ ਪਰਮਾਣੂ ਹਮਲਾ ਕਰਨ ਤੋਂ ਪਹਿਲਾਂ , ਪਰਮਾਣੂ ਹਥਿਆਰ ਅਤੇ ਮਿਜ਼ਾਇਲਾਂ ਨੂੰ ਇੱਕ ਜਗ੍ਹਾ 'ਤੇ ਲਿਆਉਣਾ ਹੋਵੇਗਾ

ਤਸਵੀਰ ਸਰੋਤ, CHUNG SUNG-JUN/GETTY IMAGES

ਤਸਵੀਰ ਕੈਪਸ਼ਨ, ਚੀਨ ਨੂੰ ਪਰਮਾਣੂ ਹਮਲਾ ਕਰਨ ਤੋਂ ਪਹਿਲਾਂ , ਪਰਮਾਣੂ ਹਥਿਆਰ ਅਤੇ ਮਿਜ਼ਾਇਲਾਂ ਨੂੰ ਇੱਕ ਜਗ੍ਹਾ 'ਤੇ ਲਿਆਉਣਾ ਹੋਵੇਗਾ

ਇਸ ਦਾ ਮਤਲਬ ਇਹ ਹੈ ਕਿ ਚੀਨ ਨੂੰ ਪਰਮਾਣੂ ਹਮਲਾ ਕਰਨ ਤੋਂ ਪਹਿਲਾਂ , ਪਰਮਾਣੂ ਹਥਿਆਰ ਅਤੇ ਮਿਜ਼ਾਇਲਾਂ ਨੂੰ ਇੱਕ ਜਗ੍ਹਾ 'ਤੇ ਲਿਆਉਣਾ ਹੋਵੇਗਾ ਅਤੇ ਜਦੋਂ ਇੰਨ੍ਹੇ ਸਾਰੇ ਸੈਟੇਲਾਈਟ ਨਜ਼ਰ ਰੱਖ ਰਹੇ ਹੋਣ ਤਾਂ ਕੋਈ ਨਾ ਕੋਈ ਤਾਂ ਇਸ ਨੂੰ ਟਰੈਕ ਕਰ ਹੀ ਲਵੇਗਾ।

ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਰੂਸ ਅਤੇ ਅਮਰੀਕਾ ਕੋਲ ਅਜਿਹੀ ਕੋਈ ਨੀਤੀ ਨਹੀਂ ਹੈ। ਪਰਮਾਣੂ ਹਥਿਆਰਾਂ ਦੀ ਵਰਤੋਂ ਕਦੋਂ ਅਤੇ ਕਿੱਥੇ ਕਰਨੀ ਹੈ, ਇਸ ਦਾ ਅਧਿਕਾਰ ਉਨ੍ਹਾਂ ਕੋਲ ਹੀ ਹੈ ਅਤੇ ਉਹ ਪਰੰਪਰਾਗਤ ਯੁੱਧ 'ਚ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਓਬਾਮਾ ਪ੍ਰਸ਼ਾਸਨ ਨੇ ਪਰਮਾਣੂ ਹਥਿਆਰ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ 'ਤੇ ਵਿਚਾਰ ਕੀਤਾ ਸੀ ਪਰ ਉਹ ਕਿਸੇ ਨਤੀਜੇ 'ਤੇ ਨਾ ਪਹੁੰਚ ਸਕੇ।

ਪੇਰੀ ਅਤੇ ਕੋਲੀਨਾ ਦਾ ਮੰਨਣਾ ਹੈ ਕਿ ਦੇਸ਼ਾਂ ਨੂੰ ਜ਼ਮੀਨ ਅਧਾਰਤ ਇੰਟਰਕੌਂਟੀਨੈਂਟਲ ਬੈਲਾਸਟਿਕ ਮਿਜ਼ਾਇਲ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦੇਣਾ ਚਾਹੀਦਾ ਹੈ, ਕਿਉਂਕਿ ਕਿਸੇ ਵੀ ਪਰਮਾਣੂ ਹਮਲੇ 'ਚ ਇਹ ਤਬਾਹ ਹੋ ਜਾਣਗੇ ਅਤੇ ਸੰਭਾਵਿਤ ਹਮਲੇ 'ਚ ਇਸ ਮਿਜ਼ਾਇਲ ਜ਼ਰੀਏ ਹਮਲਾ ਕੀਤਾ ਜਾਵੇਗਾ।

ਪਰਮਾਣੂ ਹਮਲੇ ਨੂੰ ਨਾਕਾਮ ਕਰਨਾ

ਕੀ ਪਰਮਾਣੂ ਹਥਿਆਰ ਵਾਲੀਆਂ ਮਿਜ਼ਾਇਲਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ ? ਜੇਕਰ ਚੇਤਾਵਨੀ ਗਲਤ ਜਾਂ ਝੂਠੀ ਨਿਕਲਦੀ ਹੈ ਤਾਂ ਕੀ ਹਮਲੇ ਨੂੰ ਅੱਧ ਵਿਚਾਲੇ ਹੀ ਨਾਕਾਮ ਕੀਤਾ ਜਾ ਸਕਦਾ ਹੈ।

ਕੋਲੀਨਾ ਦੱਸਦੀ ਹੈ, " ਇਹ ਇੱਕ ਦਿਲਚਸਪ ਸਵਾਲ ਹੈ। ਜਦੋਂ ਅਸੀਂ ਮਿਜ਼ਾਇਲ ਪ੍ਰੀਖਣ ਕਰਦੇ ਹਾਂ ਤਾਂ ਅਸੀਂ ਅਜਿਹਾ ਕਰਦੇ ਹਾਂ। ਜੇਕਰ ਉਹ ਆਪਣੇ ਟੀਚੇ ਤੋਂ ਪਰਾਂ ਚੱਲੇ ਜਾਵੇ ਤਾਂ ਉਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਪਰ ਅਸੀਂ ਚਾਲੂ, ਸਰਗਰਮ ਮਿਜ਼ਾਇਲਾਂ ਨਾਲ ਅਜਿਹਾ ਨਹੀਂ ਕਰ ਸਕਦੇ ਹਾਂ ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਕੋਈ ਵਿਰੋਧੀ ਕਿਸੇ ਤਰ੍ਹਾਂ ਰਿਮੋਟ ਕੰਟਰੋਲ ਹਾਸਲ ਕਰ ਲਵੇਗਾ ਅਤੇ ਉਨ੍ਹਾਂ ਨੂੰ ਨਾਕਾਮ ਕਰ ਦੇਵੇਗਾ।"

ਅਜਿਹੇ ਹੋਰ ਵੀ ਕਈ ਤਰੀਕੇ ਹਨ, ਜਿੰਨ੍ਹਾਂ ਦੇ ਰਾਹੀਂ ਕਿਸੇ ਦੇਸ਼ ਨੂੰ ਉਸ ਦੀ ਹੀ ਤਕਨੀਕ ਦੀ ਵਰਤੋਂ ਕਰਕੇ ਉਸ ਨੂੰ ਤਬਾਹ ਕੀਤਾ ਜਾ ਸਕਦਾ ਹੈ।

ਜਿਵੇਂ-ਜਿਵੇਂ ਅਸੀਂ ਅਤਿ-ਆਧੁਨਿਕ ਕੰਪਿਊਟਰਾਂ 'ਤੇ ਵਧੇਰੇ ਨਿਰਭਰ ਹੋ ਰਹੇ ਹਾਂ,ਇਹ ਚਿੰਤਾ ਵੱਧਦੀ ਹੀ ਜਾ ਰਹੀ ਹੈ ਕਿ ਹੈਕਰ, ਵਾਇਰਸ ਜਾਂ ਨਕਲੀ ਖੁਫੀਆ ਬੌਟ, ਪਰਮਾਣੂ ਯੁੱਧ ਸ਼ੁਰੂ ਕਰ ਸਕਦੇ ਹਨ।

ਪਰਮਾਣੂ ਹਥਿਆਰ

ਤਸਵੀਰ ਸਰੋਤ, PUNIT PARANJPE/AFP VIA GETTY IMAGES

ਤਸਵੀਰ ਕੈਪਸ਼ਨ, ਪਰਮਾਣੂ ਹਥਿਆਰ

ਕੋਲੀਨਾ ਅੱਗੇ ਕਹਿੰਦੀ ਹੈ, " ਅਸੀਂ ਮੰਨਦੇ ਹਾਂ ਕਿ ਸਾਈਬਰ ਹਮਲਿਆਂ ਦੇ ਵੱਧਦੇ ਖ਼ਤਰੇ ਦੇ ਨਾਲ ਝੂਠੇ ਅਲਾਰਮ ਦੀ ਸੰਭਾਵਨਾ ਵੀ ਵੱਧ ਗਈ ਹੈ।"

ਉਹ ਕਹਿੰਦੇ ਹਨ ਕਿ ਇੱਕ ਕੰਟਰੋਲ ਪ੍ਰਣਾਲੀ ਨੂੰ ਇਹ ਸੋਚ ਕੇ ਧੋਖਾ ਦਿੱਤਾ ਜਾ ਸਕਦਾ ਹੈ ਕਿ ਮਿਜ਼ਾਇਲ ਹਮਲੇ ਲਈ ਆ ਰਹੀ ਹੈ, ਇਸ ਦਾ ਮਤਲਬ ਇਹ ਹੋਇਆ ਹੈ ਕਿ ਇੱਕ ਰਾਸ਼ਟਰਪਤੀ ਨੂੰ ਜਵਾਬੀ ਹਮਲੇ ਲਈ ਧੋਖਾ ਦਿੱਤਾ ਜਾ ਸਕਦਾ ਹੈ।

ਹਾਲਾਂਕਿ ਵੱਡੀ ਸਮੱਸਿਆ ਇਹ ਹੈ ਕਿ ਰਾਸ਼ਟਰ ਚਾਹੁੰਦੇ ਹਨ ਕਿ ਪਰਮਾਣੂ ਹਥਿਆਰ ਘੱਟ ਤੋਂ ਘੱਟ ਸਮੇਂ 'ਚ ਜਵਾਬ ਦੇਣ ਅਤੇ ਵਰਤਣ 'ਚ ਆਸਾਨ ਹੋਣ, ਮਤਲਬ ਕਿ ਇੱਕ ਬਟਨ ਦਬਾਉਣ 'ਤੇ ਉਪਲਬਧ ਹੋ ਜਾਣ।

ਇਹ ਲਾਜ਼ਮੀ ਤੌਰ 'ਤੇ ਉਨ੍ਹਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਦੇ ਯਤਨਾਂ ਨੂੰ ਮੁਸ਼ਕਲ ਬਣਾਉਂਦਾ ਹੈ।

ਹਾਲਾਂਕਿ ਸ਼ੀਤ ਯੁੱਧ ਨੂੰ ਖਤਮ ਹੋਇਆਂ ਲੰਮਾ ਸਮਾਂ ਗੁਜ਼ਰ ਚੁੱਕਾ ਹੈ। ਕੋਲੀਨਾ ਦੱਸਦੀ ਹੈ ਕਿ ਅਸੀਂ ਅਜੇ ਵੀ ਬਿਨ੍ਹਾਂ ਕਿਸੇ ਕਾਰਨ ਦੇ ਹਮਲੇ ਦੀ ਤਿਆਰੀ ਕਰ ਰਹੇ ਹਾਂ, ਜਦਕਿ ਅਸਲ 'ਚ ਅਸੀਂ ਸਾਰੇ ਇੱਕ ਵੱਖਰੀ ਹੀ ਦੁਨੀਆ 'ਚ ਰਹਿ ਰਹੇ ਹਾਂ।

ਦੁੱਖ ਦੀ ਗੱਲ ਇਹ ਕਿ ਕੋਈ ਵੀ ਮਾਹਰ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਮਨੁੱਖ ਜਾਤੀ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਖਤਰਾ ਉਨ੍ਹਾਂ ਲਾਂਚ ਪ੍ਰਣਾਲੀਆਂ ਤੋਂ ਪੈਦਾ ਹੋ ਰਿਹਾ ਹੈ, ਜਿੰਨ੍ਹਾਂ ਦੇ ਬਾਰੇ 'ਚ ਮੰਨਿਆਂ ਜਾਂਦਾ ਹੈ ਕਿ ਉਹ ਮਨੁੱਖ ਦੀ ਰੱਖਿਆ ਲਈ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)