ਬਠਿੰਡਾ: ਪਿੰਡ ਦਾ 'ਬੇਬੇ ਬਾਪੂ ਸਕੂਲ' ਜਿੱਥੇ ਬਜ਼ੁਰਗਾਂ ਨੂੰ ਦਸਤਖ਼ਤ ਅਤੇ ਪਾਠ ਕਰਨਾ ਸਿਖਾ ਰਹੇ ਨੌਜਵਾਨ

ਬੇਬੇ ਬਾਪੂ ਸਕੂਲ
ਤਸਵੀਰ ਕੈਪਸ਼ਨ, ਬਜ਼ੁਰਗਾਂ ਦੀਆਂ ਜਮਾਤਾਂ ਵਿੱਚ ਬੀਬੀਆਂ ਵੀ ਬੜੇ ਹੀ ਚਾਅ ਨਾਲ ਸਕੂਲ ਪੜ੍ਹਨ ਆਉਂਦੀਆਂ ਹਨ
    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਸਹਿਯੋਗੀ

"ਘਰ ਦੀ ਗਰੀਬੀ ਕਾਰਨ ਮਾਂ-ਪਿਓ ਨੇ ਸਕੂਲ ਪੜ੍ਹਨ ਨਹੀਂ ਭੇਜਿਆ। ਬਚਪਨ ਤਾਂ ਮੱਝਾਂ ਚਾਰਨ ਵਿੱਚ ਹੀ ਲੰਘ ਗਿਆ ਸੀ। ਹੁਣ ਜਦੋਂ ਬੁੱਢੇ ਵਾਰੇ ਮੈਂ ਦਸਤਖਖ਼ਤ ਕਰਨ ਲੱਗ ਗਿਆ ਤਾਂ ਮੈਥੋਂ ਚਾਅ ਚੁੱਕਿਆ ਨਹੀਂ ਜਾ ਰਿਹਾ।"

ਇਹ ਬੋਲ 85 ਸਾਲਾਂ ਦੇ ਮਹਿੰਦਰ ਸਿੰਘ ਦੇ ਹਨ, ਜੋ ਇਸ ਉਮਰ ਵਿੱਚ ਪੜ੍ਹਨਾ-ਲਿਖਣਾ ਸਿੱਖ ਰਹੇ ਹਨ।

ਅਸਲ ਵਿੱਚ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਬੱਲ੍ਹੋ ਦੇ ਵਸਨੀਕਾਂ ਨੇ ਅਨਪੜ੍ਹ ਬਜ਼ੁਰਗਾਂ ਨੂੰ ਦਸਤਖ਼ਤ ਕਰਨ ਦੇ ਕਾਬਲ ਬਣਾਉਣ ਲਈ ਪਿੰਡ ਵਿੱਚ 'ਬੇਬੇ ਬਾਪੂ ਸਕੂਲ' ਖੋਲ੍ਹਿਆ ਹੈ।

ਪਿੰਡ ਦੀਆਂ ਦੋ ਕੁੜੀਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰਣ ਲਿਆ ਹੈ ਕਿ ਉਹ ਆਪਣੇ ਪਿੰਡ ਵਿੱਚ ਕਿਸੇ ਵੀ ਬਜ਼ੁਰਗ ਨੂੰ ਅੰਗੂਠਾ ਛਾਪ ਨਹੀਂ ਰਹਿਣ ਦੇਣਗੀਆਂ।

ਪਿੰਡ ਬੱਲ੍ਹੋ ਵਿੱਚ ਬਜ਼ੁਰਗਾਂ ਨੂੰ ਅੱਖਰ ਗਿਆਨ ਦੇਣ ਲਈ ਸ਼ੁਰੂ ਕੀਤਾ ਗਿਆ ਇਹ ਸਕੂਲ ਕਾਫ਼ੀ ਚਰਚਾ ਵਿੱਚ ਹੈ।

ਇਸ ਸਕੂਲ ਦੀ ਦਿਲਚਸਪ ਗੱਲ ਇਹ ਵੀ ਹੈ ਕੇ ਜਿਹੜਾ ਵੀ ਬਜ਼ੁਰਗ ਦਸਤਖ਼ਤ ਕਰਨੇ ਸਿੱਖ ਜਾਂਦਾ ਹੈ, ਉਸ ਨੂੰ 100 ਰੁਪਏ ਸਨਮਾਨ ਵਜੋਂ ਦਿੱਤੇ ਜਾਂਦੇ ਹਨ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮਹਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਦਸਤਖ਼ਤ ਕਰਨੇ ਸਿੱਖੇ ਅਤੇ ਹੁਣ ਉਹ ਅਖ਼ਬਾਰ ਵਿੱਚ ਛਪੀਆਂ ਖਬਰਾਂ ਦੀਆਂ ਸੁਰਖੀਆਂ ਪੜ੍ਹਨ ਦੇ ਕਾਬਲ ਹੋ ਗਏ ਹਨ।

"ਇਸ ਤੋਂ ਇਲਾਵਾ ਮੈਂ 100 ਤੱਕ ਦੀ ਗਿਣਤੀ ਸਿੱਖ ਗਿਆ ਹਾਂ ਅਤੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਵੀ ਅੱਖਰ ਦੇਖ ਕੇ ਪੜ੍ਹ ਲੈਂਦਾ ਹਾਂ।"

"ਪਿੰਡ ਦੇ ਕੁਝ ਲੋਕ ਮੇਹਣੇ ਵੀ ਮਾਰਦੇ ਹਨ ਕਿ ਬੁੱਢੀ ਉਮਰੇ ਹੁਣ ਇਨ੍ਹਾਂ ਨੂੰ ਪੜ੍ਹਾਈ ਦਾ ਚਾਅ ਚੜ੍ਹਿਆ ਹੈ।

ਪਰ ਮੈਂ ਇਨ੍ਹਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਕਰਦਾ ਅਤੇ ਹੋਰ ਸਿੱਖਣ ਵਿੱਚ ਆਪਣੀ ਦਿਲਚਸਪੀ ਵਧਾ ਰਿਹਾ ਹਾਂ।"

ਭੁਪਿੰਦਰ ਸਿੰਘ
ਤਸਵੀਰ ਕੈਪਸ਼ਨ, ਭੁਪਿੰਦਰ ਸਿੰਘ 'ਬੱਲ੍ਹੋ ਸੇਵਾ ਸੁਸਾਇਟੀ' ਦੇ ਪ੍ਰਧਾਨ ਹਨ

ਪਿੰਡ ਵਾਸੀਆਂ ਨੇ ਸਾਂਝੇ ਕਾਰਜਾਂ ਲਈ 'ਬੱਲ੍ਹੋ ਸੇਵਾ ਸੁਸਾਇਟੀ' ਬਣਾਈ ਹੋਈ ਹੈ। ਭੁਪਿੰਦਰ ਸਿੰਘ ਇਸ ਸੁਸਾਇਟੀ ਦੇ ਆਗੂਆਂ ਵਿੱਚੋਂ ਇੱਕ ਹਨ।

ਉਨ੍ਹਾਂ ਦੱਸਿਆ ਕਿ 'ਬੇਬੇ ਬਾਪੂ ਸਕੂਲ' ਵਿੱਚ ਇਸ ਵੇਲੇ 80 ਦੇ ਕਰੀਬ ਬਜ਼ੁਰਗ ਵਿਅਕਤੀ ਅਤੇ ਔਰਤਾਂ ਪੜ੍ਹਨ ਲਈ ਆ ਰਹੀਆਂ ਹਨ।

"ਜਦੋਂ ਪਿੰਡ ਵਾਸੀਆਂ ਨੇ ਇਸ ਸਕੂਲ ਦੀ ਸ਼ੁਰੂਆਤ ਕਰਨ ਬਾਰੇ ਸੋਚਿਆ ਸੀ ਤਾਂ ਉਸ ਵੇਲੇ ਇਹ ਆਸ ਨਹੀਂ ਸੀ ਕੇ ਸਾਡੇ ਬਜ਼ੁਰਗ ਅਤੇ ਮਾਵਾਂ ਪੜ੍ਹਾਈ ਵਿੱਚ ਇੰਨੀ ਦਿਲਚਸਪੀ ਲੈਣਗੀਆਂ।"

"ਅਸੀਂ ਬਜ਼ੁਰਗਾਂ ਨੂੰ ਪੜ੍ਹਾਉਣ ਲਈ ਤਿੰਨ ਸ਼ਿਫਟਾਂ ਵਿੱਚ ਕਲਾਸਾਂ ਲਾਉਂਦੇ ਹਾਂ। ਇਹ ਕਲਾਸਾਂ ਸਵੇਰ, ਦੁਪਹਿਰ ਅਤੇ ਸ਼ਾਮ ਨੂੰ ਲੱਗਦੀਆਂ ਹਨ। ਸਾਨੂੰ ਹੈਰਾਨੀ ਹੁੰਦੀ ਹੈ ਕਿ ਸਿੱਖਣ ਲਈ ਆਉਣ ਵਾਲੇ ਬਜ਼ੁਰਗ ਗਰਮੀ ਅਤੇ ਠੰਡ ਦੀ ਵੀ ਪਰਵਾਹ ਨਹੀਂ ਕਰਦੇ।"

ਵੀਡੀਓ ਕੈਪਸ਼ਨ, ਬਠਿੰਡਾ: ਇਸ ‘ਬੇਬੇ ਬਾਪੂ ਸਕੂਲ’ ਵਿੱਚ ਬਜ਼ੁਰਗ ਪੜ੍ਹਨ ਆਉਂਦੇ ਹਨ

ਭੁਪਿੰਦਰ ਸਿੰਘ ਦੱਸਦੇ ਹਨ, "ਅਸੀਂ ਪਿੰਡ ਵਾਲਿਆਂ ਨੇ ਇਹ ਤਹੱਈਆ ਕੀਤਾ ਹੈ ਕਿ ਅਸੀਂ ਪਿੰਡ ਵਿੱਚ ਕਿਸੇ ਵੀ ਵਿਅਕਤੀ ਨੂੰ ਅੰਗੂਠਾ ਛਾਪ ਨਹੀਂ ਰਹਿਣ ਦੇਵਾਂਗੇ। ਜਿਹੜੇ ਵੀ ਬਜ਼ੁਰਗ ਆਪਣੇ ਦਸਤਖਖ਼ਤ ਕਰਨੇ ਸਿੱਖ ਜਾਂਦੇ ਹਨ, ਉਨਾਂ ਨੂੰ ਅਸੀਂ ਸਨਮਾਨ ਵਜੋਂ 100 ਰੁਪਏ ਭੇਂਟ ਕਰਦੇ ਹਾਂ।"

"ਜਦੋਂ ਇੱਕ ਸਾਲ ਪਹਿਲਾਂ ਅਸੀਂ ਇਸ ਸਕੂਲ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਦੂਰ-ਦੁਰਾਡੇ ਪਿੰਡਾਂ ਦੇ ਲੋਕ ਇਸ ਸਕੂਲ ਨੂੰ ਦੇਖਣ ਲਈ ਆਉਂਦੇ-ਜਾਂਦੇ ਰਹਿੰਦੇ ਹਨ।"

ਜਸਵਿੰਦਰ ਕੌਰ
ਤਸਵੀਰ ਕੈਪਸ਼ਨ, ਜਸਵਿੰਦਰ ਕੌਰ ਦੀ ਉਮਰ 75 ਸਾਲ ਦੇ ਕਰੀਬ ਹੈ

75 ਸਾਲਾਂ ਦੀ ਬੇਬੇ ਨੂੰ ਚਾਅ

ਪਿੰਡ ਬੱਲ੍ਹੋ ਦੇ ਵਸਨੀਕ ਜਸਵਿੰਦਰ ਕੌਰ ਦੀ ਉਮਰ 75 ਸਾਲ ਦੇ ਕਰੀਬ ਹੈ। ਉਹ ਵੀ 'ਬੇਬੇ ਬਾਪੂ ਸਕੂਲ' ਵਿੱਚ ਸਿੱਖਣ ਲਈ ਆਉਂਦੇ ਹਨ।

ਉਹ ਕਹਿੰਦੇ ਹਨ ਕਿ ਬਚਪਨ ਵਿੱਚ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਸਕੂਲ ਪੜ੍ਹਨ ਲਈ ਨਹੀਂ ਭੇਜਿਆ ਸੀ।

"ਪਿੰਡ ਵਿੱਚ ਸਾਡਾ ਸਕੂਲ ਖੁੱਲ੍ਹਣ ਤੋਂ ਪਹਿਲਾਂ ਜਦੋਂ ਮੈਂ ਪੈਨਸ਼ਨ ਲੈਣ ਲਈ ਬੈਂਕ ਜਾਂਦੀ ਸੀ ਤਾਂ ਉੱਥੇ ਲੋਕਾਂ ਨੂੰ ਦਸਤਖ਼ਤ ਕਰਦੇ ਦੇਖ ਕੇ ਮੇਰਾ ਮਨ ਝੂਰਦਾ ਸੀ।"

"ਪਰ ਹੁਣ ਕੁੜੀਆਂ ਨੇ ਮੈਨੂੰ ਦਸਤਖ਼ਤ ਕਰਨੇ ਸਿਖਾ ਦਿੱਤੇ ਹਨ। ਮੈਂ ਊੜਾ-ਆੜਾ ਵੀ ਸਿੱਖ ਲਿਆ ਹੈ ਅਤੇ ਮੈਨੂੰ 20 ਤੱਕ ਗਿਣਤੀ ਵੀ ਆਉਂਦੀ ਹੈ। ਹੁਣ ਤਾਂ ਦਿਲ ਕਰਦਾ ਹੈ ਕਿ ਮੈਂ ਜਲਦੀ-ਜਲਦੀ ਸਿੱਖ ਕੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਪੜ੍ਹਨ ਲੱਗ ਜਾਵਾਂ।"

'ਬੇਬੇ ਬਾਪੂ ਸਕੂਲ' ਵਿੱਚ ਕਲਾਸ ਲੱਗਣ ਦਾ ਸਮਾਂ ਸਵੇਰੇ 9 ਤੋਂ 12 ਤੇ ਫਿਰ 12 ਤੋਂ 3 ਅਤੇ ਆਖ਼ਰੀ ਕਲਾਸ 3 ਤੋਂ 6 ਵਜੇ ਤੱਕ ਲਗਾਈ ਜਾਂਦੀ ਹੈ।

ਇਨ੍ਹਾਂ ਬਜ਼ੁਰਗਾਂ ਨੂੰ ਪੜ੍ਹਾਉਣ ਵਾਲਿਆਂ ਵਿੱਚੋਂ ਇੱਕ ਰਾਜਵਿੰਦਰ ਕੌਰ ਹਨ।

ਉਹ ਪਿੰਡ ਵਿੱਚ ਬਣੀ ਇੱਕ ਸਾਂਝੀ ਲਾਇਬ੍ਰੇਰੀ ਦਾ ਕੰਮ ਵੀ ਸੰਭਾਲਦੇ ਹਨ ਅਤੇ ਬਜ਼ੁਰਗਾਂ ਨੂੰ ਪੜਾਉਣ ਲਈ ਸਮਾਂ ਵੀ ਕੱਢਦੇ ਹਨ।

ਇਸ ਲਾਇਬ੍ਰੇਰੀ ਦੇ ਉੱਪਰ ਇੱਕ ਹਾਲ ਬਣਾਇਆ ਗਿਆ ਹੈ, ਜਿਸ ਵਿੱਚ ਆਧੁਨਿਕ ਕਿਸਮ ਦੇ ਬੈਂਚ ਲਗਾ ਕੇ ਬਜ਼ੁਰਗਾਂ ਨੂੰ ਪੜ੍ਹਾਇਆ ਜਾਂਦਾ ਹੈ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਪੜ੍ਹਾਉਣ ਲਈ ਗੁਰਮੁਖੀ ਦੇ ਕਾਇਦੇ ਅਤੇ ਕਾਪੀਆਂ-ਪੈਨਸਲਾਂ 'ਬੱਲ੍ਹੋ ਸੇਵਾ ਸੁਸਾਇਟੀ' ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਨੌਜਵਾਨ ਕੁੜੀਆਂ ਸਿਰ ਬਜ਼ੁਰਗਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ

ਬੇਬੇ ਬਾਪੂ ਸਕੂਲ
ਤਸਵੀਰ ਕੈਪਸ਼ਨ, ਬਜ਼ੁਰਗਾਂ ਨੂੰ ਪੜ੍ਹਾਉਣ ਵਾਲੀ ਰਾਜਵਿੰਦਰ ਕੌਰ ਤੇ ਉਨ੍ਹਾਂ ਦੀ ਸਾਥੀ

ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਇੱਕ ਸਹਿਯੋਗੀ ਨਾਲ ਇਨ੍ਹਾਂ ਬਜ਼ੁਰਗਾਂ ਨੂੰ ਪੜ੍ਹਾਉਣ ਦਾ ਕੰਮ ਕਰਦੇ ਹਨ।

ਉਹ ਕਹਿੰਦੇ ਹਨ, "ਸਾਡੇ ਪਿੰਡ ਵੱਲੋਂ ਜੋ ਹਰ ਬਜ਼ੁਰਗ ਨੂੰ ਪੜ੍ਹਾਉਣ ਦਾ ਟੀਚਾ ਮਿੱਥਿਆ ਗਿਆ ਹੈ, ਉਸ ਨੂੰ ਅਸੀਂ ਹਰ ਹਾਲਤ ਵਿੱਚ ਪੂਰਾ ਕਰਨਾ ਹੈ।"

"ਪਹਿਲਾਂ ਅਸੀਂ ਟੀਮਾਂ ਬਣਾ ਕੇ ਘਰ ਘਰ ਵਿੱਚ ਜਾ ਕੇ ਉਨ੍ਹਾਂ ਬਜ਼ੁਰਗਾਂ ਦੀ ਸ਼ਨਾਖਤ ਕੀਤੀ, ਜੋ ਦਸਤਖਖ਼ਤ ਕਰਨ ਤੋਂ ਅਸਮਰੱਥ ਸਨ। ਪਹਿਲਾਂ-ਪਹਿਲ ਥੋੜ੍ਹਾ ਮੁਸ਼ਕਿਲ ਆਈ ਪਰ ਬਾਅਦ ਵਿੱਚ ਬਜ਼ੁਰਗ ਵਿਅਕਤੀਆਂ ਅਤੇ ਔਰਤਾਂ ਨੇ ਪੜ੍ਹਨ ਵਿੱਚ ਖੁਦ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ।"

ਬੇਬੇ ਬਾਪੂ ਸਕੂਲ

ਰਾਜਵਿੰਦਰ ਦੱਸਦੇ ਹਨ, "ਸਾਡੇ ਸਕੂਲ ਵਿੱਚ 80 ਬਜ਼ੁਰਗਾਂ ਦੇ ਦਾਖ਼ਲਾ ਲਿਆ ਹੋਇਆ ਹੈ।''

''ਪਿਛਲੇ 6 ਮਹੀਨਿਆਂ ਦੌਰਾਨ ਬਜ਼ੁਰਗਾਂ ਦੀ ਦਿਲਚਸਪੀ ਅਤੇ ਸਾਡੀ ਮਿਹਨਤ ਸਦਕਾ 50 ਤੋਂ ਵੱਧ ਬਜ਼ੁਰਗ ਅੰਗੂਠਾ ਲਗਾਉਣਾ ਛੱਡ ਕੇ ਦਸਤਖ਼ਤ ਕਰਨ ਲੱਗ ਪਏ ਹਨ।"

ਰਾਜਵਿੰਦਰ ਕੌਰ ਨੇ ਦੱਸਿਆ, "ਸਾਡੇ ਕੋਲ ਪੜ੍ਹਨ ਲਿਖਣ ਲਈ ਆਉਣ ਵਾਲੀਆਂ ਬਜ਼ੁਰਗ ਔਰਤਾਂ ਵਿੱਚੋਂ 12 ਅਜਿਹੀਆਂ ਬਿਰਧ ਔਰਤਾਂ ਹਨ, ਜੋ ਅੱਖਰ ਜੋੜ ਕੇ ਪੰਜਾਬੀ ਦਾ ਕਾਇਦਾ ਪੜ੍ਹਨ ਲੱਗ ਪਈਆਂ ਹਨ।"

ਰਾਜਵਿੰਦਰ ਕੌਰ
ਤਸਵੀਰ ਕੈਪਸ਼ਨ, ਰਾਜਵਿੰਦਰ ਕੌਰ ਮੁਤਾਬਕ 12 ਬੀਬੀਆਂ ਅੱਖਰ ਜੋੜ ਕੇ ਪੰਜਾਬੀ ਪੜ੍ਹਨ ਲੱਗੀਆਂ ਹਨ

"ਸਾਡੀ ਇਸ ਕਾਮਯਾਬੀ ਦਾ ਰਾਜ ਇੱਕ ਇਹ ਵੀ ਹੈ ਕਿ ਪਿੰਡ ਦਾ ਹਰ ਵਿਅਕਤੀ ਸਾਡਾ ਇਸ ਖੇਤਰ ਵਿੱਚ ਡਟਵਾਂ ਸਹਿਯੋਗ ਕਰ ਰਿਹਾ ਹੈ।"

"ਹਾਂ, ਇੱਕ ਗੱਲ ਜ਼ਰੂਰ ਹੈ ਕੇ ਬੱਚਿਆਂ ਨੂੰ ਪੜ੍ਹਾਉਣ ਦੇ ਮੁਕਾਬਲੇ ਬਜ਼ੁਰਗਾਂ ਨੂੰ ਪੜ੍ਹਾਉਣ ਕੁਝ ਔਖਾ ਅਤੇ ਵੱਖਰਾ ਹੈ। ਬੱਚਿਆਂ ਨੂੰ ਸਿਖਾਉਣ ਲਈ ਉਨਾਂ ਨੂੰ ਕਈ ਵਾਰ ਅਸੀਂ ਘੂਰ ਵੀ ਸਕਦੇ ਹਾਂ ਪਰ ਬਜ਼ੁਰਗਾਂ ਨਾਲ ਅਜਿਹਾ ਵਰਤਾਰਾ ਨਹੀਂ ਕੀਤਾ ਜਾ ਸਕਦਾ।"

ਰਾਜਵਿੰਦਰ ਕੌਰ ਕਹਿੰਦੇ ਹਨ, "ਅਸੀਂ ਜਿੰਨਾ ਪਿਆਰ ਨਾਲ ਅੱਖ਼ਰ ਗਿਆਨ ਬਜ਼ੁਰਗਾਂ ਨੂੰ ਦਿੰਦੇ ਹਾਂ, ਉਹ ਪੜ੍ਹਾਈ ਲਿਖਾਈ ਉੱਤੇ ਉੱਨੀ ਹੀ ਵੱਧ ਪਕੜ ਬਣਾ ਰਹੇ ਹਨ। ਸਾਨੂੰ ਆਸ ਹੀ ਨਹੀਂ ਸਗੋਂ ਪੂਰਾ ਵਿਸ਼ਵਾਸ ਹੈ ਕੇ ਅਸੀਂ ਪਿੰਡ ਦੇ ਹਰ ਵਿਅਕਤੀ ਨੂੰ ਸਾਖ਼ਰ ਬਣਾ ਦੇਵਾਂਗੇ।"

ਬੀਬੀਸੀ
ਤਸਵੀਰ ਕੈਪਸ਼ਨ, ਬਠਿੰਡਾ ਦੇ ਪਿੰਡ ਬੱਲ੍ਹੋਂ ਵਿੱਚ ਬਜ਼ੁਰਗਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਲਈ 'ਬੇਬੇ ਬਾਪੂ ਸਕੂਲ' ਖੋਲ੍ਹਿਆ ਗਿਆ ਹੈ

ਰਾਜਵਿੰਦਰ ਕੌਰ ਕੋਲ ਪੜ੍ਹਨ ਆਉਣ ਵਾਲਿਆਂ ਵਿੱਚ ਪਿੰਡ ਬੱਲ੍ਹੋ ਦੇ ਵਸਨੀਕ 70 ਸਾਲ ਦੇ ਬਲਵਿੰਦਰ ਕੌਰ ਵੀ ਹਨ।

ਬਲਵਿੰਦਰ ਕੌਰ ਪਿਛਲੇ ਚਾਰ ਮਹੀਨਿਆਂ ਤੋਂ 'ਬੇਬੇ ਬਾਪੂ ਸਕੂਲ' ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ।

ਉਹ ਦੱਸਦੇ ਹਨ ਕਿ ਉਨਾਂ ਦੇ ਬਚਪਨ ਵਿੱਚ ਉਨ੍ਹਾਂ ਦੇ ਘਰ ਵਿੱਚ ਪੜ੍ਹਾਈ-ਲਿਖਾਈ ਵਾਲਾ ਕੋਈ ਮਾਹੌਲ ਨਹੀਂ ਸੀ।

"ਸਾਡੇ ਘਰ ਵਿੱਚ ਕੋਈ ਵੀ ਪੜ੍ਹਿਆ-ਲਿਖਿਆ ਬੰਦਾ ਨਹੀਂ ਸੀ। ਸਾਡੇ ਸਮੇਂ ਜ਼ਿਆਦਾਤਰ ਮਾਪੇ ਕੁੜੀਆਂ ਨੂੰ ਸਕੂਲ ਭੇਜਣ ਤੋਂ ਗੁਰੇਜ਼ ਹੀ ਕਰਦੇ ਸਨ। ਇਹੀ ਕਾਰਨ ਰਿਹਾ ਕਿ ਮੈਂ ਬਚਪਨ ਵਿੱਚ ਪੜ੍ਹ- ਲਿਖ ਨਹੀਂ ਸਕੀ ਸੀ।"

ਆਪਣੀ ਗੱਲ ਜਾਰੀ ਰੱਖਦੇ ਹੋਏ ਬਲਵਿੰਦਰ ਕੌਰ ਕਹਿੰਦੇ ਹਨ, "ਮਨ ਵਿੱਚ ਇਸ ਗੱਲ ਦਾ ਮਲਾਲ ਜ਼ਰੂਰ ਰਹਿੰਦਾ ਸੀ ਕਿ ਜੇਕਰ ਕਿਤੇ ਚਾਰ ਅੱਖਰ ਸਿੱਖੇ ਹੁੰਦੇ ਤਾਂ ਹੁਣ ਪੋਥੀ ਤੋਂ ਪੜ੍ਹ ਕੇ ਪਾਠ ਤਾਂ ਕਰ ਹੀ ਸਕਦੀ ਸੀ।"

"ਆਖਰ ਗੁਰੂ ਦੀ ਮਿਹਰ ਹੋ ਗਈ।ਸਾਡੇ ਪਿੰਡ ਵਾਲਿਆਂ ਨੇ ਸੋਚ ਲਿਆ ਕੇ ਹਰ ਬੰਦੇ ਨੂੰ ਅੱਖਰ ਗਿਆਨ ਦੇਣਾ ਹੈ। ਜਦੋਂ ਬਜ਼ੁਰਗਾਂ ਨੂੰ ਪੜ੍ਹਾਉਣ ਸਬੰਧੀ ਗੁਰਦੁਆਰੇ ਵਿੱਚੋਂ ਹੋਕਾ ਆਇਆ ਤਾਂ ਮੈਨੂੰ ਚਾਅ ਚੜ੍ਹ ਗਿਆ ਸੀ।"

"ਮੈਂ ਵੀ 'ਬੇਬੇ ਬਾਪੂ' ਸਕੂਲ ਵਿੱਚ ਆਪਣਾ ਨਾਮ ਦਰਜ ਕਰਵਾਇਆ ਤੇ ਅੱਜ ਮੈਂ ਦਸਤਖ਼ਤ ਕਰਨ ਜੋਗੀ ਹੋ ਗਈ ਹਾਂ। ਮੈਨੂੰ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਮੈਂ ਪੋਥੀ ਤੋਂ ਗੁਰਬਾਣੀ ਪੜ੍ਹਨ ਦੇ ਕਾਬਲ ਹੋ ਜਾਵਾਂਗੀ।"

ਪਿੰਡ ਬੱਲ੍ਹੋ ਦਾ ਇਹ 'ਬੇਬੇ ਬਾਪੂ ਸਕੂਲ' ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)