'ਪੰਜਾਬ ਸਮਝੌਤਾ' ਜੋ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਬਣਿਆ, ਉਸ ਲਈ ਗੱਲਬਾਤ ਕਿਸ ਨੇ ਕੀਤੀ ਸੀ

ਤਸਵੀਰ ਸਰੋਤ, Getty Images
- ਲੇਖਕ, ਜਗਤਾਰ ਸਿੰਘ
- ਰੋਲ, ਸੀਨੀਅਰ ਪੱਤਰਕਾਰ
ਸੰਤ ਹਰਚੰਦ ਸਿੰਘ ਲੌਂਗੋਵਾਲ ਪੰਥਕ ਧਾਰਾ ਵਿੱਚ ਇੱਕ ਅਜਿਹਾ ਨਾਮ ਹੈ, ਜਿਨ੍ਹਾਂ ਨੇ ਨਾਜ਼ੁਕ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦੋ ਮੋਰਚਿਆਂ ਦੀ ਅਗਵਾਈ ਕੀਤੀ।
ਉਹ ਪਹਿਲੇ ਆਗੂ ਹਨ, ਜਿਨ੍ਹਾਂ ਨੇ ਦੇਸ ਦੇ ਪ੍ਰਧਾਨ ਮੰਤਰੀ ਨਾਲ ਕਿਸੇ ਸਮਝੌਤੇ 'ਤੇ ਦਸਤਖਤ ਕੀਤੇ ਹੋਣ। ਪਰ ਹਾਲੇ ਤੱਕ, ਉਨ੍ਹਾਂ ਦੀ ਵਿਰਾਸਤ ਨੂੰ ਘੱਟ ਹੀ ਪਛਾਣਿਆ ਗਿਆ ਹੈ।
ਉਨ੍ਹਾਂ ਬਾਰੇ ਇੱਕ ਹੋਰ ਖ਼ਾਸੀਅਤ ਸੀ।
ਲੌਂਗੋਵਾਲ, ਉਹ ਆਗੂ ਸਨ, ਜਿਨ੍ਹਾਂ ਨੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਮਾਤ ਦਿੱਤੀ ਸੀ, ਉਹ ਵੀ ਦੋ ਵਾਰ।
ਇੱਕ ਹੋਰ ਪਹਿਲੂ ਨੂੰ ਇਸ ਤੱਥ ਰਾਹੀਂ ਦੱਸਿਆ ਜਾ ਸਕਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਸਾਲਾਂ ਤੱਕ, ਉਨ੍ਹਾਂ ਦੀ ਮੌਤ ਦੀ ਵਰ੍ਹੇਗੰਢ ਮੌਕੇ ਸ਼ਾਮਲ ਨਹੀਂ ਹੋਏ।
ਉਨ੍ਹਾਂ ਦੀ ਮੌਤ ਤੋਂ ਬਾਅਦ, ਕਾਂਗਰਸ ਅਤੇ ਕਮਿਊਨਿਸਟ ਆਗੂਆਂ ਵੱਲੋਂ ਉਨ੍ਹਾਂ ਦੇ ਨਾਮ ਦਾ ਜ਼ਿਕਰ ਵਧੇਰੇ ਹੋਇਆ, ਜਿਨ੍ਹਾਂ ਨੇ ਲੌਂਗੋਵਾਲ ਨੂੰ ਖੂਨ ਨਾਲ ਲਥਪਥ ਪੰਜਾਬ ਅੰਦਰ ਸ਼ਾਂਤੀ ਦੂਤ ਵਜੋਂ ਯਾਦ ਕੀਤਾ।
ਉਸ ਵੇਲੇ ਜਦੋਂ ਉਨ੍ਹਾਂ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਆਖ਼ਰੀ ਸੰਘਰਸ਼ ਸਿਖਰ ’ਤੇ ਸੀ, ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਪਹਿਲੀ ਮੰਜ਼ਿਲ ਸਥਿਤ ਉਨ੍ਹਾਂ ਦੇ ਕਮਰੇ ਵਿੱਚ ਇਕੱਲਿਆਂ ਬੈਠੇ ਦੇਖਿਆ ਜਾ ਸਕਦਾ ਹੁੰਦਾ ਸੀ।
ਇੱਥੋਂ ਤੱਕ ਕਿ ਉਨ੍ਹਾਂ ਦੇ ਸੇਵਾਦਾਰ ਤੋਂ ਵੀ ਬਿਨ੍ਹਾਂ।
ਉਹ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਸੀ ਜਿਨ੍ਹਾਂ ਨੂੰ ਸਿੱਖ ਖਾੜਕੂਆਂ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ।

ਤਸਵੀਰ ਸਰੋਤ, BBC/Kulveer Namol
ਪੈਪਸੂ ਰਾਜ ਦੇ ਸਾਬਕਾ ਮੁੱਖ ਮੰਤਰੀ ਹਰਾ ਕੇ ਸੁਰਖ਼ੀਆਂ ’ਚ ਆਏ
ਪਹਿਲੀ ਵਾਰ ਸਾਲ 1969 ਵਿੱਚ ਉਹ ਸੁਰਖ਼ੀਆਂ ਵਿੱਚ ਛਾਏ ਸੀ, ਜਦੋਂ ਕਾਂਗਰਸ ਵੱਲੋਂ ਚੋਣ ਲੜ ਰਹੇ ਪੈਪਸੂ ਰਾਜ ਦੇ ਸਾਬਕਾ ਮੁੱਖ ਮੰਤਰੀ ਬ੍ਰਿਸ਼ ਭਾਨ ਨੂੰ ਉਨ੍ਹਾਂ ਨੇ ਲਹਿਰਾਗਾਗਾ ਸੀਟ ਤੋਂ ਹਰਾ ਦਿੱਤਾ ਸੀ।
ਸੰਤ ਲੌਂਗੋਵਾਲ ਨੇ ਰਸਮੀ ਸਿੱਖਿਆ ਤੱਕ ਹਾਸਿਲ ਨਹੀਂ ਕੀਤੀ ਸੀ। ਉਨ੍ਹਾਂ ਨੇ ਇੱਕ ਡੇਰੇ ਵਿੱਚ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਕੀਤੀ ਸੀ।
ਹਰਚੰਦ ਸਿੰਘ ਲੌਂਗੋਵਾਲ ਸੰਗਰੂਰ ਜ਼ਿਲ੍ਹੇ ਦੇ ਗਿੱਦੜਆਣੀ ਪਿੰਡ ਵਿੱਚ 2 ਜਨਵਰੀ, 1932 ਨੂੰ ਇੱਕ ਅਕਾਲੀ ਪਰਿਵਾਰ ਦੇ ਘਰ ਜਨਮੇ ਸੀ।
ਮਾਲਵਾ ਖੇਤਰ ਦਾ ਇਹ ਇਲਾਕਾ ਪੰਜਾਬ ਦੇ ਸਭ ਤੋਂ ਪੱਛੜੇ ਇਲਾਕਿਆਂ ਵਿੱਚੋਂ ਸੀ।
ਪੰਜ ਸਾਲ ਦੀ ਉਮਰ ਵਿੱਚ ਉਹ ਬਠਿੰਡਾ ਦੇ ਸੰਤ ਜੋਧ ਸਿੰਘ ਦੇ ਡੇਰੇ ਵਿੱਚ ਚਲੇ ਗਏ ਸੀ ਅਤੇ ਕਰੀਬ 10 ਸਾਲ ਉੱਥੇ ਗੁਜ਼ਾਰਨ ਤੇ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਕਰਨ ਬਾਅਦ ਸਾਲ 1946 ਵਿੱਚ ਆਪਣੇ ਪਿੰਡ ਪਰਤੇ ਸੀ।
ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ।

ਕੌਣ ਸਨ ਹਰਚੰਦ ਸਿੰਘ ਲੌਂਗੋਵਾਲ:
- ਸੰਤ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਨ।
- ਲੌਂਗੋਵਾਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
- ਉਹ ਪੈਪਸੂ ਰਾਜ ਦੇ ਸਾਬਕਾ ਮੁੱਖ ਮੰਤਰੀ ਬ੍ਰਿਸ਼ ਭਾਨ ਹਰਾ ਕੇ ਸੁਰਖ਼ੀਆਂ ’ਚ ਆਏ ਸਨ।
- ਰਾਜੀਵ ਗਾਂਧੀ ਤੇ ਲੌਂਗੋਵਾਲ ਵਿਚਕਾਰ 24 ਜੁਲਾਈ 1985 ‘ਪੰਜਾਬ ਐਕੌਰਡ’ ਹੋਇਆ ਸੀ।

ਸਰਗਰਮ ਸਿਆਸਤ: ਪਹਿਲੀ ਗ੍ਰਿਫ਼ਤਾਰੀ ਤੇ ਜੇਲ੍ਹ ਜਾਣਾ
ਮਾਰਚ 1953 ਵਿੱਚ ਅਕਾਲੀ ਦਲ ਦੀ ਪੈਪਸੂ ਸਰਕਾਰ ਭੰਗ ਹੋਣ ਦੇ ਸਮੇਂ ਦੌਰਾਨ ਹੀ ਉਹ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਏ।
ਪੈਪਸੂ ਅਕਾਲੀ ਦਲ ਨੇ ਇਸ ਖ਼ਿਲਾਫ਼ ਮੋਰਚਾ ਸ਼ੁਰੂ ਕੀਤਾ ਅਤੇ ਇਸ ਮੋਰਚੇ ਦੌਰਾਨ ਹਰਚੰਦ ਸਿੰਘ ਨੇ ਵੀ ਗ੍ਰਿਫ਼ਤਾਰੀ ਦਿੱਤੀ।
ਉਹ ਮੋਰਚੇ ਅਧੀਨ ਤਿੰਨ ਮਹੀਨੇ ਤੱਕ ਫਰੀਦਕੋਟ ਜੇਲ੍ਹ ਵਿੱਚ ਰਹੇ।
ਉਹ ਪੈਪਸੂ ਰਾਜ ਵਿੱਚ ਕਮਿਊਨਿਸਟਾਂ ਵੱਲੋਂ ਚਲਾਏ ਗਏ ਮੁਜ਼ਾਰਾ ਅੰਦੋਲਨ ਵਿੱਚ ਵੀ ਸਰਗਰਮ ਰਹੇ। ਸਾਲ 1957 ਵਿੱਚ ਰਸਮੀ ਤੌਰ ’ਤੇ ਉਹ ਅਕਾਲੀ ਦਲ ਦੇ ਮੈਂਬਰ ਬਣ ਗਏ।
ਸਾਲ 1953 ਵਿੱਚ ਉਹ ਲੌਂਗੋਵਾਲ ਪਿੰਡ ਆ ਗਏ ਸੀ, ਜੋ ਕਿ ਸਿੱਖ ਸ਼ਹੀਦ ਭਾਈ ਮਨੀ ਸਿੰਘ ਦਾ ਜੱਦੀ ਪਿੰਡ ਸੀ। ਜਿੱਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਰਹੀ ਸੀ।
ਭਾਈ ਮਨੀ ਸਿੰਘ ਨੂੰ 1724 ਵਿਚ ਮੁਗਲ ਹਕੂਮਤ ਨੇ ਜਦੋਂ 'ਸ਼ਹੀਦ' ਕੀਤਾ ਗਿਆ ਤਾਂ ਉਸ ਵੇਲੇ ਉਹ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸੀ।
ਭਾਈ ਮਨੀ ਸਿੰਘ ਦੀ ਯਾਦ ਵਿਚ ਬਣੇ ਰਹੇ ਗੁਰਦੁਆਰੇ ਦੀ ਉਸਾਰੀ ਦੇ ਕਾਰਜ ਨੂੰ ਫਿਰ ਹਰਚੰਦ ਸਿੰਘ ਨੇ ਸਾਂਭ ਲਿਆ।
ਇੱਥੇ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਨਾਮ ਹਰਚੰਦ ਸਿੰਘ ਲੌਂਗੋਵਾਲ ਬਣ ਗਿਆ ਅਤੇ ਉਹ ਗੁਰਦੁਆਰਾ ਸਾਹਿਬ ਉਨ੍ਹਾਂ ਦਾ ਪੱਕਾ ਘਰ ਬਣ ਗਿਆ।
ਹਰਚੰਦ ਸਿੰਘ ਲੌਂਗੋਵਾਲ ਦੀ ਅਕਾਲੀ ਆਗੂ ਵਜੋਂ ਦੂਜੀ ਗ੍ਰਿਫਤਾਰੀ 1955 ਵਿੱਚ ਪੰਜਾਬੀ ਸੂਬੇ ਦੇ ਪਹਿਲੇ ਮੋਰਚੇ ਦੌਰਾਨ ਹੋਈ ਸੀ।
ਹੁਣ ਉਹ ਸਰਗਰਮ ਪੰਥਕ ਧਰਮ-ਸਿਆਸਤ ਧਾਰਾ ਵਿੱਚ ਸ਼ਾਮਲ ਹੋ ਚੁੱਕੇ ਸੀ।
ਉਹ ਫਿਰ ਸਾਲ 1960 ਵਿੱਚ ਚਲਾਏ ਗਏ ਪੰਜਾਬੀ ਸੂਬੇ ਦੇ ਦੂਜੇ ਮੋਰਚੇ ਦੌਰਾਨ ਵੀ ਜੇਲ੍ਹ ਗਏ।
‘ਮੁਜ਼ਾਰਾ ਅੰਦੋਲਨ’ ਦੀ ਤਰ੍ਹਾਂ, ਕਮਿਉਨਿਸਟਾਂ ਵੱਲੋਂ ਪ੍ਰਤਾਪ ਸਿੰਘ ਕੈਰੋਂ ਸਰਕਾਰ ਵੱਲੋਂ ਲਗਾਏ ਗਏ ‘ਖੁਸ਼ ਹੈਸਿਅਤੀ ਟੈਕਸ’ ਖ਼ਿਲਾਫ਼ ਚਲਾਏ ਅੰਦੋਲਨ ਵਿੱਚ ਵੀ ਸੰਤ ਲੌਂਗੋਵਾਲ ਸ਼ਾਮਲ ਹੋਏ।

ਤਸਵੀਰ ਸਰੋਤ, BBC/Kulveer Namol
ਤਖਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ
ਅਕਾਲੀ ਦਲ ਨੇ ਪਹਿਲੀ ਵਾਰ ਉਨ੍ਹਾਂ ਨੂੰ 1960 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਲਈ ਚੋਣ ਲੜਨ ਲਈ ਕਿਹਾ, ਪਰ ਉਨ੍ਹਾਂ ਨੇ ਸਨਮਾਨ ਸਹਿਤ ਮਨ੍ਹਾ ਕਰ ਦਿੱਤਾ।
ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਕਿਹਾ, “ਮੇਰਾ ਮੰਤਵ ਪੰਥ ਦੀ ਸੇਵਾ ਕਰਨਾ ਹੈ, ਚੋਣ ਲੜਣਾ ਨਹੀਂ। ਪਰ ਲਾਜ਼ਮੀ ਤੌਰ ‘ਤੇ ਮੈਂ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਵਾਂਗਾ।”
ਸਾਲ 1963 ਵਿੱਚ ਵਿਸਾਖੀ ਦੇ ਦਿਨ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਪੰਜਵੇਂ ਤਖ਼ਤ ਵਜੋਂ ਮੰਨਿਆ ਗਿਆ, ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਉੱਥੋਂ ਦੇ ਪਹਿਲੇ ਜਥੇਦਾਰ ਬਣਾਇਆ ਗਿਆ।
ਉਹ ਇੱਕ ਸਾਲ ਤੋਂ ਵਧ ਦਾ ਸਮਾਂ ਇਸ ਅਹੁਦੇ ’ਤੇ ਰਹੇ।
ਇਸ ਦੌਰਾਨ ਉਨ੍ਹਾਂ ਨੇ ਆਪਣੀ ਰਿਹਾਇਸ਼ ਲੌਂਗੋਵਾਲ ਹੀ ਰੱਖੀ ਅਤੇ ਹਫ਼ਤੇ ਵਿੱਚ ਦੋ ਵਾਰ ਦਮਦਮਾ ਸਾਹਿਬ ਵਿਖੇ ਜਾਂਦੇ ਸੀ।
ਜਦੋਂ ਪਾਰਟੀ ਨੇ ਮਈ 1964 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਪੁਲਿਸ ਵੱਲੋਂ ਗੋਲੀ ਚਲਾਉਣ ਖ਼ਿਲਾਫ਼ ਮੋਰਚੇ ਦਾ ਐਲਾਨ ਕੀਤਾ ਤਾਂ ਲੌਂਗੋਵਾਲ ਨੇ ਜਥੇਦਾਰ ਅਹੁਦੇ ਤੋਂ ਅਸਤੀਫ਼ਾ ਦਿੱਤਾ।

ਇਹ ਵੀ ਪੜ੍ਹੋ:

ਲਹਿਰਾਗਾਗਾ ਸੀਟ ’ਤੇ ਸਿਆਸਤ
ਲੌਂਗੋਵਾਲ ਨੂੰ 1965 ਵਿੱਚ ਅਕਾਲੀ ਦਲ ਦੀ ਸੰਗਰੂਰ ਇਕਾਈ ਦਾ ਪ੍ਰਧਾਨ ਬਣਾਇਆ ਗਿਆ।
ਫਿਰ 1969 ਅਸੈਂਬਲੀ ਚੋਣ ਦੌਰਾਨ ਉਹ ਵਿਧਾਨ ਸਭਾ ਦੇ ਪਿੜ ਵਿੱਚ ਆਏ।
ਪਾਰਟੀ ਨੇ ਉਨ੍ਹਾਂ ਨੂੰ ਕਾਂਗਰਸ ਵੱਲੋਂ ਚੋਣ ਲੜ ਰਹੇ ਸਾਬਕਾ ਪੈਪਸੂ ਮੁੱਖ ਮੰਤਰੀ ਬ੍ਰਿਸ਼ ਭਾਨ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਅਤੇ ਉਹ ਜਿੱਤ ਗਏ।
ਹਾਲਾਂਕਿ, ਕਿਸੇ ਹੋਰ ਉਮੀਦਵਾਰ ਦੇ ਕਾਗਜ਼ ਰੱਦ ਹੋਣ ਸਬੰਧੀ ਤਕਨੀਕੀ ਬਿੰਦੂਆਂ 'ਤੇ ਪਾਈ ਗਈ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਲਹਿਰਾਗਾਗਾ ਤੋਂ ਇਸ ਚੋਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ।
ਇੱਥੇ ਹੋਈ ਜ਼ਿਮਨੀ ਚੋਣ ਵਿੱਚ ਪਾਰਟੀ ਨੇ ਦੁਬਾਰਾ ਲੌਂਗੋਵਾਲ ਨੂੰ ਮੈਦਾਨ ਵਿੱਚ ਉਤਾਰਿਆ, ਕਾਂਗਰਸ ਵੱਲੋਂ ਫਿਰ ਬ੍ਰਿਸ਼ ਭਾਨ ਉਨ੍ਹਾਂ ਦੇ ਖ਼ਿਲਾਫ਼ ਸੀ।
ਇਸ ਚੋਣ ਵਿੱਚ ਵੀ ਲੌਂਗੋਵਾਲ ਵੱਡੇ ਫਰਕ ਨਾਲ ਜੇਤੂ ਰਹੇ।
ਦਿਲਚਸਪ ਗੱਲ ਇਹ ਰਹੀ ਕਿ ਕੁਝ ਸਮਾਂ ਬਾਅਦ ਹੀ ਉਨ੍ਹਾਂ ਨੂੰ ਇਹ ਸੀਟ ਛੱਡਣ ਲਈ ਕਿਹਾ ਗਿਆ।
ਅਕਾਲੀ ਦਲ ਪ੍ਰਧਾਨ ਸੰਤ ਫ਼ਤਿਹ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਨੂੰ ਵਿਧਾਨ ਸਭਾ ਵਿੱਚ ਲਿਆਉਣ ਲਈ ਸੀਟ ਚਾਹੀਦੀ ਸੀ।
ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪਾਰਟੀ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਸੌਂਪਿਆ।
ਹਾਲਾਂਕਿ, ਕੁਝ ਹੋਰ ਘਟਨਾਵਾਂ ਬਾਅਦ ਪਾਰਟੀ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਲੌਂਗੋਵਾਲ ਉੱਥੋਂ ਵਿਧਾਨ ਸਭਾ ਦੇ ਮੈਂਬਰ ਬਣੇ ਰਹੇ।
ਸੰਤ ਲੌਂਗੋਵਾਲ ਮਾਰਚ 1972 ਵਿੱਚ ਲਹਿਰਾਗਾਗਾ ਦੀ ਚੋਣ ਬ੍ਰਿਸ਼ ਭਾਨ ਨੂੰ ਹਾਰ ਗਏ ਜਦੋਂ ਕਾਂਗਰਸ ਸੂਬੇ ਅੰਦਰ ਸੱਤਾ ਵਿੱਚ ਆਈ ਸੀ ਅਤੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ ਸੀ।
'ਦਮਨਕਾਰੀ ਕਾਰਵਾਈਆਂ' ਖ਼ਿਲਾਫ਼ ਮੋਰਚੇ ਦੀ ਆਗਵਾਈ
ਜਦੋਂ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਲ 1975 ਵਿੱਚ ਐਮਰਜੈਂਸੀ ਐਲਾਨੀ, ਉਸ ਵੇਲੇ ਅਕਾਲੀ ਸਿਆਸਤ ਨਵੇਂ ਪੜ੍ਹਾਅ ਅੰਦਰ ਦਾਖਲ ਹੋਈ।
'ਦਮਨਕਾਰੀ ਕਾਰਵਾਈਆਂ' ਖ਼ਿਲਾਫ਼ ਅਕਾਲੀ ਦਲ ਨੇ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ, ਹਾਲਾਂਕਿ ਉਦੋਂ ਤੱਕ ਕਿਸੇ ਅਕਾਲੀ ਲੀਡਰ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਉਸ ਵੇਲੇ ਮੋਹਨ ਸਿੰਘ ਤੁੜ ਪਾਰਟੀ ਪ੍ਰਧਾਨ ਸਨ।
ਇਸ ਮੋਰਚੇ ਅਧੀਨ ਅਦਾਲਤ ਸਾਹਮਣੇ ਗ੍ਰਿਫ਼ਤਾਰੀਆਂ ਦੇਣ ਵਾਲੇ ਪਹਿਲੇ ਪੰਜ ਲੀਡਰਾਂ ਵਿੱਚ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਤਲਵੰਡੀ, ਆਤਮਾ ਸਿੰਘ ਅਤੇ ਬਸੰਤ ਸਿੰਘ ਖ਼ਾਲਸਾ ਸਨ।
ਅਕਾਲੀ ਦਲ ਦੀ ਰਵਾਇਤ ਮੁਤਾਬਕ ਤੁੜ ਨੂੰ ਮੋਰਚੇ ਦੇ ਕਰਤਾ-ਧਰਤਾ ਨਿਯੁਕਤ ਕੀਤਾ ਗਿਆ ਸੀ।
ਤੁੜ ਵੀ ਅਦਾਲਤ ਸਾਹਮਣੇ ਗ੍ਰਿਫ਼ਤਾਰੀ ਦੇਣਾ ਚਾਹੁੰਦੇ ਸੀ ਅਤੇ ਇਸ ਲਈ ਕਿਸੇ ਹੋਰ ਲੀਡਰ ਨੂੰ ਮੋਰਚੇ ਦਾ ਕਰਤਾ ਧਰਤਾ ਵਜੋਂ ਨਿਯੁਕਤ ਕੀਤਾ ਜਾਣਾ ਸੀ।
ਟੌਹੜਾ ਨੇ ਲੌਂਗੋਵਾਲ ਨੂੰ ਸੰਦੇਸ਼ ਭੇਜਿਆ ਅਤੇ ਫ਼ਿਰੋਜ਼ਪੁਰ ਜੇਲ੍ਹ(ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ) ਵਿੱਚ ਆ ਕੇ ਮਿਲਣ ਲਈ ਕਿਹਾ।
ਟੌਹੜਾ ਨੇ ਪ੍ਰਸਤਾਵ ਦਿੱਤਾ ਕਿ ਲੌਂਗੋਵਾਲ ਇਸ ਮੋਰਚੇ ਦੀ ਕਮਾਂਡ ਸਾਂਭਣ, ਬਾਕੀ ਆਗੂ ਵੀ ਇਸ ਪ੍ਰਸਤਾਵ ’ਤੇ ਸਹਿਮਤ ਹੋ ਗਏ।
ਤੁੜ ਨੇ ਗ੍ਰਿਫ਼ਤਾਰੀ ਦੇ ਦਿੱਤੀ ਅਤੇ ਲੌਂਗੋਵਾਲ ਦੀ ਅਗਵਾਈ ਹੇਠ ਮੋਰਚਾ ਚੱਲਿਆ।
ਮੋਰਚਾ ਕਮਾਂਡ ਕਰਨ ਵਾਲੇ ਨੂੰ ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਰਹਿਣਾ ਪੈਣਾ ਸੀ।
ਐਮਰਜੈਂਸੀ ਚੁੱਕੇ ਜਾਣ ਬਾਅਦ 1977 ਵਿੱਚ ਇਹ ਮੋਰਚਾ ਖਤਮ ਹੋਇਆ।
ਸਾਰੇ ਸੀਨੀਅਰ ਆਗੂਆਂ ਨੂੰ ਲੋਕ ਸਭਾ ਚੋਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਤੋਂ ਜਿੱਤ ਗਏ।
ਮੋਰਾਰਜੀ ਦੇਸਾਈ ਸਰਕਾਰ ਵਿੱਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ।
ਹਾਲਾਂਕਿ, ਉਹ ਵਾਪਸ ਸੂਬੇ ਦੀ ਸਿਆਸਤ ਵਿੱਚ ਆਉਣ ਦੇ ਇੱਛੁੱਕ ਸੀ ਅਤੇ ਵਿਧਾਨ ਸਭਾ ਚੋਣ ਲੜਣਾ ਚਾਹੁੰਦੇ ਸੀ।
ਬਾਦਲ ਨੇ ਮੁੱਖ ਮੰਤਰੀ ਬਣਨ ਲਈ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ।
ਪਾਰਟੀ ਲੌਂਗੋਵਾਲ ਨੂੰ ਲੋਕ ਸਭਾ ਲਈ ਫਰੀਦਕੋਟ ਦੀ ਜ਼ਿਮਨੀ ਚੋਣ ਲੜਾਉਣਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, BBC/Kulveer Namol
ਪਾਰਟੀ ਪ੍ਰਧਾਨ ਚੁਣੇ ਜਾਣਾ
ਧੜੇਬੰਦੀ ਵਿਚਕਾਰ ਲੌਂਗੋਵਾਲ ਨੂੰ 20 ਅਗਸਤ, 1980 ਨੂੰ ਪਾਰਟੀ ਪ੍ਰਧਾਨ ਚੁਣ ਲਿਆ ਗਿਆ ਅਤੇ ਫਿਰ 17 ਮਈ 1981 ਨੂੰ ਨਵੇਂ ਡੈਲੀਗੇਟ ਹਾਊਸ ਵਜੋਂ ਚੁਣੇ ਗਏ।
ਪਾਰਟੀ ਨੇ 15 ਨੁਕਤੀ ਡਿਮਾਂਡ ਚਾਰਟਰ ਲਈ 4 ਅਗਸਤ, 1982 ਤੋਂ ਧਰਮ ਯੁੱਧ ਮੋਰਚਾ ਲੜਣ ਦਾ ਐਲਾਨ ਕੀਤਾ।
ਇਨ੍ਹਾਂ ਮੰਗਾਂ ਵਿੱਚ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਣ, ਪਾਣੀਆਂ ਦੇ ਮਸਲੇ ਦਾ ਹੱਲ ਅਤੇ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਨ ਦੀਆਂ ਮੰਗਾਂ ਸੀ।
ਉਦੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਦ੍ਰਿਸ਼ ਵਿੱਚ ਆ ਚੁੱਕੇ ਸੀ।
ਪੰਜਾਬ ਦੀ ਧਰਤੀ ’ਤੇ ਹਿੰਸਾ ਦਾ ਦਾਖਲਾ ਹੋ ਚੁੱਕਿਆ ਸੀ।
ਸਾਲ 1983 ਦੇ ਅੰਤ ਦੌਰਾਨ ਭਿੰਡਰਾਂਵਾਲੇ ਅਤੇ ਲੌਂਗੋਵਾਲ ਵਿਚਕਾਰ ਤਣਾਅ ਵਧਣਾ ਸ਼ੁਰੂ ਹੋ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਸੰਤ ਲੌਂਗੋਵਾਲ ਇਕੱਲੇ ਪੈ ਰਹੇ ਸੀ।
ਕਈ ਵੇਲੇ, ਉਹ ਆਪਣੇ ਕਮਰੇ ਵਿੱਚ ਇਕੱਲੇ ਹੁੰਦੇ ਸੀ, ਕਿਸੇ ਮੋਰਚੇ ਦੌਰਾਨ ਇਹ ਹੋਣਾ ਸਧਾਰਨ ਗੱਲ ਨਹੀਂ ਸੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕੇਸ ਵਿੱਚ ਅਜਿਹਾ ਨਹੀਂ ਸੀ, ਜੋ ਕਿ ਮੰਜੀ ਸਾਹਿਬ ਹਾਲ ਵਿਖੇ ਅਕਾਲੀ ਵਲੰਟੀਅਰਾਂ ਨੂੰ ਸੰਬੋਧਨ ਕਰਿਆ ਕਰਦੇ ਸੀ।
ਜੂਨ 1984 ਵਿੱਚ ਦਰਬਾਰ ਸਾਹਿਬ ’ਤੇ ਫ਼ੌਜੀ ਕਾਰਵਾਈ ਹੋਈ ਜਿਸ ਨੂੰ ਅਪਰੇਸ਼ਨ ਬਲੂ ਸਟਾਰ ਕਿਹਾ ਗਿਆ। ਸੰਤ ਲੌਂਗੋਵਾਲ ਅਤੇ ਟੌਹੜਾ ਨੂੰ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ।
ਅਪ੍ਰੈਲ ਅਤੇ ਮਈ 1985 ਵਿੱਚ ਸੀਨੀਅਰ ਅਕਾਲੀ ਆਗੂਆਂ ਦੀ ਜੇਲ੍ਹ ਤੋਂ ਰਿਹਾਈ ਬਾਅਦ ਨਵਾਂ ਅਧਿਆਇ ਸ਼ੁਰੂ ਹੋਇਆ।
ਅਪਰੇਸ਼ਨ ਬਲੂ ਸਟਾਰ ਦੇ ਬਦਲੇ ਤਹਿਤ 31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ।
‘ਪੰਜਾਬ ਸਮਝੌਤੇ’ ’ਤੇ ਦਸਤਖਤ
ਕਾਂਗਰਸ ਨੂੰ ਦਸੰਬਰ 1984 ਦੀਆਂ ਲੋਕ ਸਭਾ ਚੋਣਾਂ ਵਿੱਚ ਬੇਮਿਸਾਲ ਬਹੁਮਤ ਹਾਸਿਲ ਹੋਇਆ।
ਰਾਜੀਵ ਗਾਂਧੀ ਨੇ ਅਕਾਲੀ ਦਲ ਨਾਲ ਗੱਲਬਾਤ ਦਾ ਰਾਹ ਖੋਲ੍ਹਿਆ ਅਤੇ ਨਤੀਜੇ ਵਜੋਂ 24 ਜੁਲਾਈ 1985 ‘ਪੰਜਾਬ ਸਮਝੌਤੇ’ ’ਤੇ ਦਸਤਖਤ ਹੋਏ।
ਇਹ ਪਹਿਲੀ ਵਾਰ ਸੀ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕਿਸੇ ਪਾਰਟੀ ਦੇ ਪ੍ਰਧਾਨ ਵਿਚਕਾਰ ਅਜਿਹਾ ਕੋਈ ਸਮਝੌਤਾ ਹੋਇਆ ਹੋਵੇ।
ਸੰਤ ਲੌਂਗੋਵਾਲ ਦੇ ਪੱਖ ਤੋਂ ਬਲਵੰਤ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਨੇ ਪ੍ਰਧਾਨ ਮੰਤਰੀ ਨਾਲ ਸਮਝੌਤੇ ’ਤੇ ਪਹੁੰਚਣ ਲਈ ਗੱਲਬਾਤ ਕੀਤੀ।
ਸੰਤ ਲੌਂਗੋਵਾਲ ਸਿਰਫ਼ ਇਸ ਸਮਝੌਤੇ ’ਤੇ ਦਸਤਖਤ ਕਰਨ ਲਈ ਦਿੱਲੀ ਗਏ ਜਿਸ ਦੀ ਬਾਅਦ ਵਿੱਚ ਲੋਕ ਸਭਾ ਵਿੱਚ ਪੁਸ਼ਟੀ ਕੀਤੀ ਗਈ।
ਹਾਲਾਂਕਿ, ਇਹ ਸਮਝੌਤਾ ਇਤਿਹਾਸ ਵਿੱਚ ਇੱਕ ਡੱਬੇ ਵਿੱਚ ਬੰਦ ਰਿਹਾ।
ਸੰਤ ਲੌਂਗੋਵਾਲ ’ਤੇ ਪੰਜਾਬ ਨਾਲ ਧੋਖਾ ਕਰਨ ਦੇ ਇਲਜ਼ਾਮ ਲੱਗੇ, ਇੱਥੋਂ ਤੱਕ ਕਿ ਉਨ੍ਹਾਂ ਦੀ ਪਾਰਟੀ ਦੇ ਲੀਡਰਾਂ ਨੇ ਵੀ ਇਲਜ਼ਾਮ ਲਗਾਏ।
ਗੋਲੀਆਂ ਮਾਰ ਕੇ ਕਤਲ
ਸਮਝੌਤੇ ’ਤੇ ਦਸਤਖਤ ਕਰਨ ਤੋਂ ਇੱਕ ਮਹੀਨੇ ਦੇ ਅੰਦਰ 20 ਅਗਸਤ, 1985 ਨੂੰ ਲੌਂਗੋਵਾਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਲੌਂਗੋਵਾਲ ਨੇ ਸਗੋਂ, ਆਪਣੇ ਡੈੱਥ ਵਾਰੰਟ ’ਤੇ ਦਸਤਖਤ ਕਰ ਦਿੱਤੇ ਸੀ, ਕਿਉਂਕਿ ਇਹ ਸਮਝੌਤਾ ਬਿਨ੍ਹਾਂ ਸ਼ਰਤਾਂ ਤੋਂ ਸੀ।
ਗੱਲਬਾਤ ਦਾ ਰਾਹ ਤਿਆਰ ਕਰਨ ਲਈ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੂੰ 2 ਜੂਨ ਨੂੰ ਲਿਖੇ ਖ਼ਤ ਤੋਂ ਬਾਅਦ 6 ਜੂਨ 1985 ਦੇ ਖ਼ਤ ਵਿੱਚ ਲਿਖਿਆ ਸੀ, “ ਮੈਂ ਆਪਣੇ ਖ਼ਤ ਵਿੱਚ ਜਿਨ੍ਹਾਂ ਮਸਲਿਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਬਾਰੇ ਪਹਿਲਾਂ ਤੋਂ ਸ਼ਰਤਾਂ ਲਾਏ ਜਾਣਾ ਸਹੀ ਸੰਦਰਭ ਵਿੱਚ ਨਹੀਂ ਹੋਵੇਗਾ।”
ਮੌਤ ਤੋਂ ਬਾਅਦ ਸਾਲਾਂ ਤੱਕ, ਸੀਨੀਅਰ ਅਕਾਲੀ ਲੀਡਰਾਂ ਦੇ ਇੱਕ ਧੜੇ ਨੇ ਉਨ੍ਹਾਂ ਨੂੰ ਨਹੀਂ ਅਪਣਾਇਆ, ਇਨ੍ਹਾਂ ਲੀਡਰਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹਨ ਜੋ ਸਾਲਾਂ ਤੱਕ ਉਨ੍ਹਾਂ ਦੀ ਮੌਤ ਦੇ ਵਰ੍ਹੇਗੰਢ ਦੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਏ।
‘ਪੰਜਾਬ ਅਕੌਰਡ’ ਯਾਨੀ ਪੰਜਾਬ ਸਮਝੌਤੇ ’ਤੇ ਦਸਤਖਤ ਉਨ੍ਹਾਂ ਲਈ ਆਤਮਘਾਤੀ ਸਾਬਿਤ ਹੋਇਆ।












