ਹੈਪੇਟਾਇਟਸ ਕਿੰਨਾ ਖ਼ਤਰਨਾਕ ਹੈ ਅਤੇ ਇਸ ਤੋਂ ਕਿਵੇਂ ਬਚ ਸਕਦੇ ਹਾਂ?

ਹੈਪੇਟਾਇਟਸ ਇੱਕ ਲੀਵਰ ਨਾਲ ਜੁੜੀ ਬੀਮਾਰੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੈਪੇਟਾਇਟਸ ਇੱਕ ਲੀਵਰ ਨਾਲ ਜੁੜੀ ਬੀਮਾਰੀ ਹੈ

ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅੱਗੇ ਆ ਕੇ ਹੈਪੇਟਾਇਟਸ ਦੀ ਜਾਂਚ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਦੁਨੀਆਂ ਵਿੱਚ ਲੱਖਾਂ ਲੋਕ ਅਨਜਾਣੇ ਵਿੱਚ ਹੀ ਇਹ ਬੀਮਾਰੀ ਢੋਅ ਰਹੇ ਹਨ।

28 ਜੁਲਾਈ ਨੂੰ ਮਨਾਏ ਜਾ ਰਹੇ ਵਿਸ਼ਵ ਹੈਪੇਟਾਇਟਸ ਦਿਵਸ ਦਾ ਇਹੀ ਸੁਨੇਹਾ ਹੈ।

ਹੈਪੇਟਾਇਟਸ ਕਾਰਨ ਹਰ ਸਾਲ ਪੂਰੀ ਦੁਨੀਆਂ ਵਿੱਚ ਦਸ ਲੱਖ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ, ਅਤੇ ਪਿਛਲੇ ਸਾਲਾਂ ਦੌਰਾਨ ਇਸ ਸੰਖਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ।

ਹੈਪੇਟਾਇਟਸ ਕੀ ਹੈ ਅਤੇ ਇਹ ਕਿਉਂ ਇੰਨਾ ਜਾਨਲੇਵਾ ਹੈ?

ਹੈਪੇਟਾਇਟਸ ਵਾਇਰਲ ਲਾਗ ਕਾਰਨ ਹੋਣ ਵਾਲੀ ਲੀਵਰ ਦੀ ਸੋਜਿਸ਼ ਹੈ।

ਇਹ ਅੱਗੇ ਜਾ ਕੇ ਲੀਵਰ ਦੇ ਕੈਂਸਰ ਤੋਂ ਇਲਾਵਾ ਲੀਵਰ ਦੀਆਂ ਹੋਰ ਵੀ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ।

ਹੈਪੇਟਾਇਟਸ ਦੇ ਵਾਇਰਸ ਦੇ ਏ ਤੋਂ ਲੈ ਕੇ ਈ ਤੱਕ ਪੰਜ ਰੂਪ (ਸਟਰੇਨ) ਹਨ।

ਹੈਪੇਟਾਇਟਸ ਬੀ ਅਤੇ ਸੀ ਸਭ ਤੋਂ ਜ਼ਿਆਦਾ ਨੁਕਸਾਨਦੇਹ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਦਾਜ਼ੇ ਮੁਤਾਬਕ ਦੁਨੀਆਂ ਭਰ ਵਿੱਚ 13 ਲੱਖ ਲੋਕ ਇਨ੍ਹਾਂ ਵਾਇਰਸਾਂ ਤੋਂ ਉਪਜੀਆਂ ਬੀਮਾਰੀਆਂ ਕਾਰਨ ਮਾਰੇ ਜਾਂਦੇ ਹਨ।

ਦੂਸਰੇ ਸ਼ਬਦਾਂ ਵਿੱਚ ਹਰ 30 ਸਕਿੰਟਾਂ ਵਿੱਚ ਇੱਕ ਮੌਤ, ਹੈਪੇਟਾਇਟਸ ਕਾਰਨ ਹੁੰਦੀ ਹੈ।

ਹੈਪੇਟਾਇਟਸ ਕਿੰਨਾ ਕੁ ਵਿਆਪਕ ਹੈ?

ਹੈਪੇਟਾਇਟਸ ਵਾਇਰਸ

ਤਸਵੀਰ ਸਰੋਤ, Getty Images

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਦੁਨੀਆਂ ਭਰ ਵਿੱਚ 25.4 ਕਰੋੜ ਲੋਕ ਗੰਭੀਰ ਹੈਪੇਟਾਇਟਸ-ਬੀ ਨਾਲ ਅਤੇ ਪੰਜ ਕਰੋੜ ਹੈਪੇਟਾਇਟਸ-ਸੀ ਨਾਲ ਪੀੜਤ ਹਨ।

ਸੰਗਠਨ ਦਾ ਕਹਿਣਾ ਹੈ ਕਿ ਹਰ ਸਾਲ 20 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ।

ਹੈਪੇਟਾਇਟਸ-ਬੀ ਦੇ ਮੁੱਖ ਪ੍ਰਭਾਵ ਇਸ ਤਰ੍ਹਾਂ ਹਨ—

ਵਿਸ਼ਵ ਸਿਹਤ ਸੰਗਠਨ ਦੇ ਵੈਸਟਰਨ ਪੈਸਿਫਿਕ ਖੇਤਰ (ਜਿਸ ਵਿੱਚ ਚੀਨ, ਜਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ।) ਵਿੱਚ 97 ਮਿਲੀਅਨ ਲੋਕ ਹੈਪੇਟਾਇਟਸ-ਬੀ ਤੋਂ ਗੰਭੀਰ ਰੂਪ ਵਿੱਚ ਪੀੜਤ ਹਨ।

ਅਫਰੀਕਾ ਵਿੱਚ ਹੈਪੇਟਾਇਟਸ-ਬੀ ਦੇ 65 ਮਿਲੀਅਨ ਮਰੀਜ਼ ਹਨ।

ਵਿਸ਼ਵ ਸਿਹਤ ਸੰਗਠਨ ਦੇ ਦੱਖਣ-ਪੂਰਬੀ ਖੇਤਰ (ਜਿਸ ਵਿੱਚ ਭਾਰਤ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ।) ਵਿੱਚ 61 ਮਿਲੀਅਨ ਲੋਕ ਹੈਪੇਟਾਇਟਸ-ਬੀ ਤੋਂ ਪੀੜਤ ਹਨ।

ਸੰਗਠਨ ਦਾ ਕਹਿਣਾ ਹੈ ਕਿ ਹੈਪੇਟਾਇਟਸ-ਈ ਹਰ ਸਾਲ 20 ਮੀਲੀਅਨ ਲੋਕਾਂ ਨੂੰ ਲਾਗ ਲਾਉਂਦਾ ਹੈ ਅਤੇ ਸਾਲ 2-25 ਵਿੱਚ ਇਸ ਕਾਰਨ 44,000 ਮੌਤਾਂ ਹੋਈਆਂ ਸਨ। ਦੱਖਣੀ ਅਤੇ ਪੂਰਬੀ ਏਸ਼ੀਆ ਵਿੱਚ ਸਭ ਤੋਂ ਆਮ ਪਾਇਆ ਜਾਂਦਾ ਹੈ।

ਹੈਪੇਟਾਇਟਸ ਕਿਵੇਂ ਹੁੰਦਾ ਹੈ?

ਹੈਪੇਟਾਇਟਸ-ਏ, ਮਲ ਨਾਲ ਦੂਸ਼ਿਤ ਖਾਣੇ-ਪੀਣੇ ਜਾਂ ਪੀੜਤ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਸਿੱਧੇ ਸੰਪਰਕ ਵਿੱਚ ਆਉਣ ਕਾਰਨ ਹੁੰਦਾ ਹੈ।

ਇਹ ਦਰਮਿਆਨੇ ਅਤੇ ਘੱਟ ਆਮਦਨ ਵਰਗ ਦੀਆਂ ਅਬਾਦੀਆਂ ਜਿੱਥੇ ਸਾਫ਼-ਸਫ਼ਾਈ ਦਾ ਜ਼ਿਆਦਾ ਨਹੀਂ ਹੁੰਦੀ, ਆਮ ਪਾਇਆ ਜਾਂਦਾ ਹੈ।

ਇਸ ਦੇ ਲੱਛਣ ਜਲਦੀ ਹੀ ਚਲੇ ਜਾਂਦੇ ਹਨ ਅਤੇ ਲਗਭਗ ਹਰ ਮਰੀਜ਼ ਹੀ ਇਸ ਤੋਂ ਠੀਕ ਹੋ ਜਾਂਦਾ ਹੈ। ਲੇਕਿਨ ਇਸ ਕਾਰਨ ਲੀਵਰ ਫ਼ੇਲ੍ਹ ਹੋ ਜਾਂਦਾ ਹੈ ਜੋ ਜਾਨਲੇਵਾ ਸਾਬਤ ਹੋ ਸਕਦਾ ਹੈ।

ਹੈਪੇਟਾਇਟਸ-ਏ ਦੂਸ਼ਿਤ ਪਾਣੀ ਅਤੇ ਖਾਣੇ ਵਾਲੇ ਇਲਾਕਿਆਂ ਵਿੱਚ ਸਥਾਨਕ ਬੀਮਾਰੀ ਵਜੋਂ ਫੈਲਦਾ ਹੈ। ਜਿਵੇਂ ਕਿ ਚੀਨ ਦਾ ਸ਼ਿੰਘਾਈ ਇਲਾਕੇ ਵਿੱਚ ਸਾਲ 1998 ਵਿੱਚ ਫੈਲਿਆ ਸੀ ਅਤੇ ਤਿੰਨ ਲੱਖ ਲੋਕ ਪ੍ਰਭਾਵਿਤ ਹੋਏ ਸਨ।

ਇਸ ਤੋਂ ਬਾਅਦ ਚੀਨ ਨੇ ਆਪਣੇ ਇੱਥੇ ਹੈਪੇਟਾਇਟਸ-ਏ ਦੇ ਖਿਲਾਫ਼ ਵਿਆਪਕ ਟੀਕਾਕਰਨ ਸ਼ੁਰੂ ਕੀਤਾ।

ਹੈਪੇਟਾਇਟਸ-ਬੀ

ਇਹ ਬਹੁਤ ਅਕਸਰ ਹੇਠ ਲਿਖੇ ਕਾਰਨਾਂ ਕਰਕੇ ਫ਼ੈਲਦਾ ਹੈ—

  • ਜਣੇਪੇ ਦੌਰਾਨ ਮਾਂ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ
  • ਬੱਚਿਆਂ ਦੇ ਆਪਸੀ ਸੰਪਰਕ ਕਾਰਨ
  • ਦੂਸ਼ਿਤ ਸੂਈਆਂ ਅਤੇ ਸਰਿੰਜਾਂ ਤੋਂ, ਟੈਟੂ ਬਣਾਉਣ ਦੀਆਂ ਮਸ਼ੀਨਾਂ ਤੋਂ, ਸਰੀਰ ਦੇ ਅੰਗ ਵਿੰਨ੍ਹਵਾਉਣ ਵਾਲੀਆਂ ਮਸ਼ੀਨਾਂ, ਲਾਗ ਵਾਲੇ ਸਰੀਰ ਦੇ ਤਰਲ (ਮਿਸਾਲ ਵਜੋਂ ਸੰਭੋਗ ਦੈਰਾਨ)।

ਹੈਪੇਟਾਇਟਸ-ਸੀ ਅਤੇ ਡੀ ਵੀ ਦੂਸ਼ਿਤ ਖੂਨ ਦੇ ਸੰਪਰਕ ਵਿੱਚ ਆਉਣ ਤੋਂ ਫੈਲਦੇ ਹਨ। ਜਿਵੇਂ ਕਿ ਸੂਈਆਂ ਅਤੇ ਸਰਿੰਜਾਂ ਸਾਂਝੀਆਂ ਕਰਨ ਨਾਲ, ਦੂਸ਼ਿਤ ਖੂਨ ਲੱਗ ਜਾਣ ਕਾਰਨ।

ਸਿਰਫ਼ ਹੈਪੇਟਾਇਟਸ-ਬੀ ਤੋਂ ਪੀੜਤ ਵਿਅਕਤੀਆਂ ਨੂੰ ਹੀ ਹੈਪੇਟਾਇਟਸ-ਡੀ ਦੀ ਲਾਗ ਹੋ ਸਕਦੀ ਹੈ। ਹੈਪੇਟਾਇਟਸ-ਬੀ ਦੇ ਗੰਭੀਰ ਮਰੀਜ਼ਾਂ ਵਿੱਚੋਂ ਪੰਜ ਫੀਸਦੀ ਨਾਲ ਅਜਿਹਾ ਵਾਪਰਦਾ ਹੈ। ਇਹ ਦੂਜੀ ਲਾਗ ਅਕਸਰ ਵਿਸ਼ੇਸ਼ ਤੌਰ ਉੱਤੇ ਗੰਭੀਰ ਹੁੰਦੀ ਹੈ।

ਹੈਪੇਟਾਇਟਸ-ਈ ਦੂਸ਼ਿਤ ਖਾਣਾ ਅਤੇ ਪਾਣੀ ਪੀਣ ਨਾਲ ਹੁੰਦਾ ਹੈ। ਇਹ ਦੱਖਣੀ ਅਤੇ ਪੂਰਬੀ ਏਸ਼ੀਆ ਦੇ ਅੰਦਰ ਆਮ ਹੈ ਅਤੇ ਗਰਭਵਤੀ ਔਰਤਾਂ ਲਈ ਖਾਸ ਤੌਰ ਉੱਤੇ ਘਾਤਕ ਸਾਬਤ ਹੋ ਸਕਦਾ ਹੈ।

ਹੈਪੇਟਾਇਟਸ ਦੀ ਪਛਾਣ ਕਿਵੇਂ ਹੋਵੇ?

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵਿਸ਼ਵ ਸਿਹਤ ਸੰਗਠਨ ਮੁਤਾਬਕ ਹੈਪੇਟਾਇਟਸ ਦੇ ਲੱਛਣਾਂ ਵਿੱਚ ਸ਼ਾਮਲ ਹਨ—

  • ਬੁਖਾਰ
  • ਥਕਾਨ
  • ਭੁੱਖ ਦਾ ਮਰ ਜਾਣਾ
  • ਦਸਤ
  • ਜੀ ਕੱਚਾ ਹੋਣਾ
  • ਢਿੱਡ ਦੇ ਆਸ-ਪਾਸ ਦਰਦ
  • ਗੂੜ੍ਹੇ ਰੰਗ ਦਾ ਪਿਸ਼ਾਬ ਅਤੇ ਪੀਲਾ ਮਲ
  • ਪੀਲੀਆ

ਹਾਲਾਂਕਿ ਕਈ ਲੋਕਾਂ ਨੂੰ ਹੈਪੇਟਾਇਟਸ ਦੇ ਬਹੁਤ ਹਲਕੇ ਲੱਛਣ ਹੁੰਦੇ ਹਨ ਜਾਂ ਬਿਲਕੁਲ ਵੀ ਨਹੀਂ ਹੁੰਦੇ।

ਵਿਸ਼ਵ ਸਿਹਤ ਸੰਗਠਨ ਦੇ ਸਾਲ 2022 ਦੇ ਡੇਟਾ ਮੁਤਾਬਕ ਪੂਰੀ ਦੁਨੀਆਂ ਵਿੱਚ ਸਿਰਫ਼ 13% ਲੋਕਾਂ ਦੀ ਹੀ ਗੰਭੀਰ ਹੈਪੇਟਾਇਟਸ-ਬੀ ਅਤੇ ਸਿਰਫ਼ 36% ਲੋਕਾਂ ਦੀ ਗੰਭੀਰ ਕਿਸਮ ਦੇ ਹੈਪੇਟਾਇਟਸ-ਸੀ ਲਈ ਜਾਂਚ ਹੁੰਦੀ ਹੈ।

ਇਸ ਤੋਂ ਖ਼ਤਰਾ ਇਹ ਹੈ ਕਿ ਇਹ ਲੋਕ ਅਨਜਾਣੇ ਵਿੱਚ ਹੀ ਹੈਪੇਟਾਇਟਸ ਦੀ ਲਾਗ ਦੂਜਿਆਂ ਤੱਕ ਫੈਲਾਅ ਸਕਦੇ ਹਨ। ਇਸੇ ਕਾਰਨ ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਖੇਤਰ ਨਾਲ ਜੁੜੀਆਂ ਹੋਰ ਸੰਸਥਾਵਾਂ ਵੀ ਲੋਕਾਂ ਨੂੰ ਅੱਗੇ ਆ ਕੇ ਹੈਪੇਟਾਇਟਸ ਦੀ ਜਾਂਚ ਕਰਵਾਉਣ ਦਾ ਸੱਦਾ ਦੇ ਰਹੀਆਂ ਹਨ।

ਹੈਪੇਟਾਇਟਸ ਦੀ ਕੀ ਜਾਂਚ ਅਤੇ ਕਿਹੜੇ ਇਲਾਜ ਹੋ ਸਕਦੇ ਹਨ?

ਦਵਾਈਆਂ ਖਾ ਰਹੀ ਬੀਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਸੀਂ ਹੈਪੇਟਾਇਟਸ-ਏ, ਬੀ ਅਤੇ ਸੀ ਲਈ ਖੂਨ ਦੀ ਜਾਂਚ ਕਰਵਾ ਸਕਦੇ ਹੋ।

ਤੁਸੀਂ ਹੈਪੇਟਾਇਟਸ-ਏ, ਬੀ ਅਤੇ ਸੀ ਲਈ ਖੂਨ ਦੀ ਜਾਂਚ ਕਰਵਾ ਸਕਦੇ ਹੋ।

ਹੈਪੇਟਾਇਟਸ-ਏ ਦਾ ਕੋਈ ਵਿਸ਼ੇਸ਼ ਇਲਾਜ ਨਹੀਂ ਹੈ। ਹਾਲਾਂਕਿ ਇਸ ਤੋਂ ਪੀੜਤ ਜ਼ਿਆਦਾਤਰ ਲੋਕ ਜਲਦੀ ਹੀ ਠੀਕ ਹੋ ਜਾਂਦੇ ਹਨ।

ਗੰਭੀਰ ਹੈਪੇਟਾਇਟਸ-ਬੀ ਅਤੇ ਹੈਪੇਟਾਇਟਸ-ਸੀ ਦੋਵਾਂ ਦਾ ਇਲਾਜ ਐਂਟੀਵਾਇਰਲ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ। ਇਹ ਦਵਾਈਆਂ ਸਾਇਰੋਸਿਸ ਦੇ ਫੈਲਣ ਦੀ ਗਤੀ ਨੂੰ ਧੀਮਾ ਕਰਕੇ ਲੀਵਰ ਕੈਂਸਰ ਹੋਣ ਦੀ ਸੰਭਾਵਨਾ ਨੂੰ ਘਟਾਉਂਦੀਆਂ ਹਨ।

ਹੈਪੇਟਾਇਟਸ-ਏ ਅਤੇ ਬੀ ਨੂੰ ਰੋਕਣ ਲਈ ਟਾਕੇ ਉਪਲਭਦ ਹਨ। ਜੇ ਜਨਮ ਸਮੇਂ ਹੀ ਬੱਚਿਆਂ ਨੂੰ ਹੈਪੇਟਾਇਟਸ-ਬੀ ਦਾ ਟੀਕਾ ਲਾਇਆ ਜਾਵੇ ਤਾਂ ਬੱਚੇ ਨੂੰ ਮਾਂ ਤੋਂ ਹੋਣ ਵਾਲੀ ਲਾਗ ਤੋਂ ਬਚਾਇਆ ਜਾ ਸਕਦਾ ਹੈ। ਇਹ ਟੀਕਾ ਹੈਪੇਟਾਇਟਸ-ਬੀ ਤੋਂ ਵੀ ਰਾਖੀ ਕਰ ਸਕਦਾ ਹੈ।

ਹੈਪੇਟਾਇਟਸ -ਸੀ ਤੋਂ ਬਚਾਅ ਲਈ ਕੋਈ ਟੀਕਾ ਉਪਲਭਦ ਨਹੀਂ ਹੈ ਅਤੇ ਹੈਪੇਟਾਇਟਸ-ਈ ਦਾ ਟੀਕਾ ਅਜੇ ਆਮ ਨਹੀਂ ਮਿਲਦਾ ਹੈ।

ਹੈਪੇਟਾਇਟਸ ਤੋਂ ਕਿਵੇਂ ਬਚੀਏ?

ਹੈਪੇਟਾਇਟਸ-ਈ ਤੋਂ ਬਚਣ ਲਈ ਜਾਨਵਰਾਂ ਦੇ ਲੀਵਰ ਦੇ ਪਕਵਾਨ ਚੰਗੀ ਤਰ੍ਹਾਂ ਪਕਾਉਣੇ ਚਾਹੀਦੇ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਹੈਪੇਟਾਇਟਸ-ਏ ਦਾ ਫੈਲਣਾ ਰੋਕਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ—

  • ਪਖਾਨੇ ਜਾਣ ਅਤੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ।
  • ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾ ਕੇ
  • ਸੀਵਰੇਜ ਦੇ ਸੁਚੱਜੇ ਪ੍ਰਬੰਧ ਰਾਹੀਂ

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਹੈਪੇਟਾਇਟਸ-ਬੀ, ਸੀ ਅਤੇ ਡੀ ਤੋਂ ਬਚਣ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ—

  • ਸੁਰੱਖਿਅਤ ਸੰਭੋਗ ਰਾਹੀਂ- ਸਰੀਰਕ ਸੰਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਕਰਕੇ ਅਤੇ ਜਿਣਸੀ ਸਾਥੀਆਂ ਦੀ ਗਿਣਤੀ ਸੀਮਤ ਕਰਕੇ।
  • ਟੈਟੂ ਬਣਾਉਣ, ਅੰਗ ਵਿਨ੍ਹਾਉਣ ਅਤੇ ਟੀਕੇ ਲਾਉਣ ਲਈ ਸੂਈਆਂ ਅਤੇ ਸਰਿੰਜਾਂ ਵਾਰ-ਵਾਰ ਨਾ ਵਰਜੀਆਂ ਜਾਣ।

ਹੈਪੇਟਾਇਟਸ-ਬੀ ਲਈ ਖੂਨ, ਸਰੀਰ ਦੇ ਤਰਲਾਂ ਅਤੇ ਦੂਸ਼ਿਤ ਸਤਿਹ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ।

ਹੈਪੇਟਾਇਟਸ-ਬੀ ਲਈ ਟੀਕਾ ਲਵਾਇਆ ਜਾ ਸਕਦਾ ਹੈ ਜੋ ਕਿ ਜਨਮ ਸਮੇਂ ਲਾਇਆ ਜਾਂਦਾ ਹੈ ਅਤੇ ਇਸਦਾ ਅਸਰ ਆਉਣ ਵਾਲੇ 20 ਸਾਲਾਂ ਤੱਕ ਰਹਿੰਦਾ ਹੈ।

ਹੈਪੇਟਾਇਟਸ-ਈ ਤੋਂ ਚੰਗੀ ਸਾਫ਼-ਸਫਾਈ ਦੀਆਂ ਆਦਤਾਂ ਅਪਣਾ ਕੇ ਬਚਿਆ ਜਾ ਸਕਦਾ ਹੈ ਅਤੇ ਜਾਨਵਰਾਂ ਦੇ ਲੀਵਰ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਕਾ ਲੈਣਾ ਚਾਹੀਦਾ ਹੈ। ਖਾਸ ਕਰਕੇ ਸੂਰ ਦੇ ਲੀਵਰ ਨੂੰ।

ਸਿਹਤ ਪ੍ਰਸ਼ਾਸਨ ਹੈਪੇਟਾਇਟਸ ਨੂੰ ਖਤਮ ਕਰਨ ਲਈ ਕੀ ਕੋਸ਼ਿਸ਼ਾਂ ਕਰ ਰਹੇ ਹਨ?

ਵਿਸ਼ਵ ਸਿਹਤ ਸੰਗਠ ਨੇ ਕਿਹਾ ਹੈ ਕਿ 2030 ਤੱਕ ਉਹ ਹੈਪੇਟਾਇਟਸ-ਬੀ ਅਤੇ ਸੀ ਦੇ ਮਰੀਜ਼ਾਂ ਦੀ ਗਿਣਤੀ 90 ਫੀਸਦੀ ਤੱਕ ਘੱਟ ਕਰਨਾ ਚਾਹੁੰਦਾ ਹੈ ਜਦਕਿ ਇਸ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 65% ਤੱਕ ਦੀ ਕਮੀ ਕਰਨਾ ਚਾਹੁੰਦਾ ਹੈ।

ਹਾਲਾਂਕਿ ਸੰਗਠਨ ਦਾ ਕਹਿਣਾ ਹੈ ਕਿ ਹੈਪੇਟਾਇਟਸ ਦੇ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਾਲ 2019 ਤੋਂ ਬਾਅਦ ਲਗਾਤਾਰ ਵਧ ਰਹੀਆਂ ਹਨ। ਸਾਲ 2019 ਵਿੱਚ ਜਿੱਥੇ ਇਸ ਕਾਰਨ 11 ਲੱਖ ਮੌਤਾਂ ਹੋਈਆਂ ਸਨ ਉੱਥੇ ਹੀ ਸਾਲ 2022 ਵਿੱਚ ਇਹ ਵਾਇਰਸ 13 ਲੱਖ ਜਾਨਾਂ ਜਾਣ ਦੀ ਵਜ੍ਹਾ ਬਣਿਆ ਹੈ।

ਸੰਗਠਨ ਦਾ ਕਹਿਣਾ ਹੈ ਕਿ ਸੈਂਕੜੇ ਲੱਖ ਲੋਕਾਂ ਨੂੰ ਅਜੇ ਵੀ ਹੈਪੇਟਾਇਟਸ ਦੀ ਜਾਂਚ ਕਰਵਾਉਣ ਵਿੱਚ ਮੁਸ਼ਕਿਲ ਆਉਂਦੀ ਹੈ। ਕਿਉਂਕਿ ਦੁਨੀਆਂ ਦੇ ਸਿਰਫ਼ ਲਗਭਗ 60% ਦੇਸਾਂ ਵਿੱਚ ਹੈਪੇਟਾਇਟਸ ਦੀ ਜਾਂਚ ਜਾਂ ਇਲਾਜ ਮੁਫ਼ਤ ਹੁੰਦੀ ਹੈ ਜਾਂ ਇਸ ਉੱਤੇ ਸਬਸਿਡੀ ਮਿਲਦੀ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਅਫਰੀਕਾ ਦੇ ਤਿੰਨ ਫੀਸਦੀ ਦੇਸ ਹੀ ਹੀ ਇਹ ਸਹੂਲਤਾਂ ਦਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)