ਚਾਂਦੀਪੁਰਾ ਵਾਇਰਸ ਕੀ ਹੈ: ਗੁਜਰਾਤ 'ਚ 6 ਬੱਚਿਆਂ ਦੀ ਮੌਤ, ਲਾਗ ਵਾਲੇ 85 ਫੀਸਦੀ ਬੱਚਿਆਂ ਦੀ ਜਾਨ ਲੈਣ ਵਾਲੇ ਰੋਗ ਦੇ ਕੀ ਹਨ ਲੱਛਣ ਤੇ ਬਚਾਅ

ਚਾਂਦੀਪੁਰ ਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਜਰਾਤ ਵਿੱਚ ਵਾਇਰਸ ਨਾਲ 6 ਬੱਚਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ

ਪਿਛਲੇ ਦੋ ਹਫ਼ਤਿਆਂ ਵਿੱਚ ਗੁਜਰਾਤ ਵਿੱਚ ਸ਼ੱਕੀ ਚਾਂਦੀਪੁਰਾ ਵਾਇਰਸ ਦੇ ਕਾਰਨ ਛੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਗੁਜਰਾਤ ਸਰਕਾਰ ਨੇ ਬੱਚਿਆਂ ਦੇ ਖੂਨ ਦੇ ਨਮੂਨੇ ਟੈਸਟ ਲਈ ਪੂਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰਾਲੌਜੀ ਵਿੱਚ ਭੇਜੇ ਹਨ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਇਨ੍ਹਾਂ ਬੱਚਿਆਂ ਦੀ ਮੌਤ ਚਾਂਦੀਪੁਰਾ ਵਾਇਰਸ ਦੇ ਕਾਰਨ ਹੀ ਹੋਈ ਸੀ।

ਸੈਂਡ ਫਲਾਈਜ਼ (ਰੇਤ ਦੀ ਮੱਖੀ) ਤੋਂ ਫੈਲਣ ਵਾਲੀ ਇਸ ਬੀਮਾਰੀ ਦਾ ਸ਼ਿਕਾਰ ਹੋਣ ਵਾਲੇ ਬੱਚੇ ਦੀ ਮੌਤ 24 ਤੋਂ 48 ਘੰਟਿਆਂ ਦੇ ਅੰਦਰ ਹੋ ਜਾਂਦੀ ਹੈ।

ਸੈਂਡ ਫਲਾਈਜ਼ ਇੱਕ ਮੱਛਰ ਵਰਗਾ ਕੀਟ ਹੈ, ਪਰ ਇਹ ਅਕਾਰ ਪੱਖ਼ੋਂ ਮੱਛਰ ਦੇ ਚੌਥੇ ਹਿੱਸੇ ਜਿੰਨਾ ਹੁੰਦਾ ਹੈ।

ਡਾਕਟਰਾਂ ਦੇ ਮੁਤਾਬਕ, ਇਸ ਬੀਮਾਰੀ ਦੇ ਪੀੜਤ ਬੱਚਿਆਂ ਦੀ ਮੌਤ ਦਰ 85 ਫੀਸਦੀ ਤੱਕ ਹੈ, ਜੋ ਇਸ ਬੀਮਾਰੀ ਦੀ ਬੇਹੱਦ ਗੰਭੀਰਤਾ ਅਤੇ ਖ਼ਤਰੇ ਨੂੰ ਦਰਸਾਉਂਦੀ ਹੈ।

ਮਾਨਸੂਨ ਦੇ ਮੀਂਹ ਅਤੇ ਠੰਢ ਕਈ ਹੋਰ ਬੀਮਾਰੀਆਂ ਦੇ ਫੈਲਣ ਦਾ ਵੀ ਮੌਸਮ ਹੈ। ਇਸ ਮੌਸਮ ਵਿੱਚ ਮੱਛਰ-ਮੱਖੀਆਂ ਅਤੇ ਮਕੜੀਆਂ ਵਰਗੇ ਕੀਟਾਂ ਦਾ ਹਮਲਾ ਵੀ ਵਧ ਜਾਂਦਾ ਹੈ।

ਇਨ੍ਹਾਂ ਕੀੜਿਆਂ ਦੇ ਕੱਟਣ ਨਾਲ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਵੈਕਟਰ ਤੋ ਪੈਦਾ ਹੋਣ ਵਾਲੇ ਰੋਗ ਕਿਹਾ ਜਾਂਦਾ ਹੈ।

ਚਾਂਦੀਪੁਰਾ ਵਾਇਰਸ ਵੇਕਟਰ ( ਬਿਮਾਰੀਆਂ ਪੈਦਾ ਕਰਨ ਵਾਲੇ ਕੀਟ) ਤੋਂ ਪੈਦਾ ਹੋਣ ਵਾਲੀ ਅਜਿਹੀ ਬੀਮਾਰੀ ਹੈ, ਜੋ ਸੈਂਡ ਫਲਾਈਜ਼ (ਰੇਤ ਦੀ ਮੱਖੀ) ਦੇ ਕੱਟਣ ਕਾਰਨ ਫੈਲਦੀ ਹੈ।

ਗੁਜਰਾਤ ਦੇ ਅਰਵਾਲੀ ਅਤੇ ਸਾਬਰਕਾਂਠਾ ਜ਼ਿਲ੍ਹਿਆਂ ਵਿੱਚ ਦੇਖੇ ਗਏ ਮਾਮਲਿਆਂ ਵਿੱਚ ਡਾਕਟਰਾਂ ਨੂੰ ਸ਼ੁਰੂਆਤੀ ਦੌਰ ਵਿੱਚ ਬੱਚਿਆਂ ਵਿੱਚ ਚਾਂਦੀਪੁਰ ਵਾਇਰਸ ਦੇ ਲੱਛਣ ਮਿਲੇ ਸਨ।

ਚਾਂਦੀਪੁਰਾ ਵਾਇਰਸ ਕੀ ਹੈ? ਇਹ ਕਿਵੇਂ ਫੈਲਦਾ ਹੈ?

ਚਾਂਦੀਪੁਰ ਵਾਇਰਸ

ਤਸਵੀਰ ਸਰੋਤ, ANKIT CHAUHAN

ਤਸਵੀਰ ਕੈਪਸ਼ਨ, ਇਹ ਵਾਇਰਸ ਆਮ ਕਰਕੇ ਗਰਮ, ਸਿੱਲੀਆਂ ਅਤੇ ਹਨ੍ਹੇਰੇ ਵਾਲੀਆਂ ਥਾਵਾਂ ਉੱਤੇ ਮਿਲਦਾ ਹੈ

ਮਰਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਇਸ ਬੀਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਹਾਲਾਂਕਿ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਹਿੰਮਤਨਗਰ ਸਿਵਲ ਹਸਪਤਾਲ ਦੇ ਬਾਲ ਰੋਗ ਮਾਹਰ ਅਤੇ ਵਿਭਾਗ ਦੇ ਮੁਖੀ ਡਾ਼ ਅਸ਼ੀਸ਼ ਜੈਨ ਨੇ ਇਨ੍ਹਾਂ ਬੱਚਿਆਂ ਵਿੱਚ ਚਾਂਦੀਪੁਰਾ ਵਾਇਰਸ ਦਾ ਸ਼ੱਕ ਜ਼ਾਹਰ ਕੀਤਾ ਸੀ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ, “ਸਾਡੇ ਹਸਪਤਾਲ ਵਿੱਚ ਪਹਿਲਾ ਬੱਚਾ ਤੇਜ਼ ਬੁਖਾਰ, ਦਸਤਾਂ, ਉਲਟੀਆਂ ਦੀ ਸ਼ਿਕਾਇਤ ਨਾਲ ਲਿਆਂਦਾ ਗਿਆ ਸੀ।

ਉਸ ਤੋਂ 24 ਘੰਟਿਆਂ ਦੇ ਅੰਦਰ ਬੱਚੇ ਦੇ ਦਿਮਾਗ ਉੱਤੇ ਹਮਲਾ ਸ਼ੁਰੂ ਹੋ ਗਿਆ ਅਤੇ ਗੁਰਦੇ ਅਤੇ ਦਿਲ ਉੱਤੇ ਤੇਜ਼ੀ ਨਾਲ ਅਸਰ ਪਿਆ।

ਇਸ ਲਈ ਸਾਨੂੰ ਇਹ ਸ਼ੱਕ ਸੀ ਕਿ ਇਹ ਬੀਮਾਰੀ ਜਪਾਨੀ ਇਨਫਲਾਈਟਿਸ ਜਾਂ ਚਾਂਦੀਪੁਰਾ ਵਾਇਰਸ ਹੋ ਸਕਦੀ ਹੈ।”

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਨੇ ਅੱਗੇ ਕਿਹਾ, “ਪਿਛਲੇ ਸਾਲ ਸਾਡੇ ਕੋਲ ਚਾਂਦੀਪੁਰਾ ਵਾਇਰਸ ਦਾ ਪੌਜ਼ਿਟਿਵ ਕੇਸ ਆਇਆ ਸੀ। ਇਹ ਮਾਨਸੂਨ ਦਾ ਮੌਸਮ ਵੀ ਹੈ। ਇਸ ਮੌਸਮ ਵਿੱਚ ਚਾਂਦੀਪੁਰਾ ਦੇ ਮਾਮਲੇ ਦੇਖੇ ਜਾਂਦੇ ਹਨ।”

“ਜੂਨ ਦੇ ਅੰਤ ਤੋਂ ਅਕਤੂਬਰ ਤੱਕ ਮਾਮਲੇ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਲ਼ਈ ਅਸੀਂ ਬੱਚਿਆਂ ਦੇ ਖੂਨ ਦੇ ਨਮੂਨੇ ਪੂਣੇ ਦੀ ਪ੍ਰਯੋਗਸ਼ਾਲਾ ਵਿੱਚ ਭੇਜੇ ਹਨ। ਨਤੀਜੇ ਮੰਗਲਵਾਰ ਜਾਂ ਬੁੱਧਵਾਰ ਤੱਕ ਆਉਣ ਦੀ ਉਮੀਦ ਹੈ।”

ਕਿਵੇਂ ਹੁੰਦਾ ਹੈ ਇਹ ਰੋਗ? ਕੀ ਇਹ ਲਾਗ ਦੀ ਬੀਮਾਰੀ ਹੈ?

ਚਾਂਦੀਪੁਰ ਵਾਇਰਸ

ਤਸਵੀਰ ਸਰੋਤ, ANKIT CHAUHAN

ਤਸਵੀਰ ਕੈਪਸ਼ਨ, ਚਾਂਦੀਪੁਰਾ ਵਾਇਰਸ ਮੱਛਰ ਵਰਗਾ ਹੁੰਦਾ ਹੈ, ਪਰ ਇਸ ਦਾ ਅਕਾਰ ਮੱਛਰ ਦਾ ਚੌਥਾ ਹਿੱਸਾ ਹੁੰਦਾ ਹੈ

ਇਸ ਬੀਮਾਰੀ ਦੇ ਫੈਲਣ ਦਾ ਜ਼ਿਕਰ ਕਰਦੇ ਹੋਏ ਡਾ਼ ਅਸ਼ੀਸ਼ ਜੈਨ ਕਹਿੰਦੇ ਹਨ, “ਚਾਂਦੀਪੁਰਾ ਵਾਇਰਸ ਆਮ ਤੌਰ ਉੱਤੇ ਰੇਤ ਮੱਖੀਆਂ (ਸੈਂਡ ਫਲਾਈਜ਼) ਅਤੇ ਕਦੇ-ਕਦੇ ਮੱਛਰਾਂ ਦੁਆਰਾ ਫੈਲਦਾ ਹੈ। ਇਹ ਰੇਤ ਮੱਖੀਆਂ ਛੱਪਰ ਵਾਲੇ ਘਰਾਂ ਵਿੱਚ ਜਾਂ ਮਿੱਟੀ ਦੇ ਘਰਾਂ ਦੀਆਂ ਤਰੇੜਾਂ ਵਿੱਚ ਪਾਈਆਂ ਜਾਂਦੀਆਂ ਹਨ।”

“ਜੇ ਆਲੇ-ਦੁਆਲੇ ਚਿੱਕੜ ਅਤੇ ਗੰਦਗੀ ਦਾ ਖੇਤਰ ਹੋਵੇ ਤਾਂ ਸੀਮੈਂਟ ਦੀ ਛੱਤ ਵਾਲੇ ਘਰਾਂ ਦੀਆਂ ਤਰੇੜਾਂ ਵਿੱਚ ਵੀ ਮਿੱਟੀ ਦੀ ਮੱਖੀ ਦਾ ਹਮਲਾ ਹੋ ਸਕਦਾ ਹੈ। ਇਸ ਦਾ ਪ੍ਰਜਨਣ ਘੱਟ ਰੌਸ਼ਨੀ ਵਾਲੇ ਜਾਂ ਘੱਟ ਧੁੱਪ ਵਾਲੇ ਹਨੇਰੇ ਕਮਰਿਆਂ ਵਿੱਚ ਹੋ ਸਕਦਾ ਹੈ। ਫਿਲਹਾਲ ਕਿਸੇ ਖਾਸ ਪਿੰਡ ਜਾਂ ਇਲਕੇ ਵਿੱਚ ਜ਼ਿਆਦਾ ਮਾਮਲੇ ਨਹੀਂ ਦੇਖੇ ਗਏ ਹਨ। ਵੱਖ-ਵੱਖ ਥਾਵਾਂ ਤੋਂ ਮਾਮਲੇ ਆ ਰਹੇ ਹਨ।”

ਬੀਮਾਰੀ ਦੀ ਗੰਭੀਰਤਾ ਬਾਰੇ ਦੱਸਦਿਆਂ ਡਾ਼ ਅਸ਼ੀਸ ਜੈਨ ਨੇ ਕਿਹਾ, “ਇਸ ਬੀਮਾਰੀ ਤੋਂ ਪ੍ਰਭਾਵਿਤ ਬੱਚਿਆਂ ਵਿੱਚ ਮੌਤ ਦਰ ਲਗਭਗ 85 ਫੀਸਦੀ ਹੈ। ਇਸਦਾ ਮਤਲਬ ਹੈ ਕਿ ਚਾਂਦੀਪੁਰਾ ਵਾਇਰਸ ਨਾਲ ਪੀੜਤ 100 ਵਿੱਚੋਂ ਸਿਰਫ਼ 15 ਬੱਚਿਆਂ ਨੂੰ ਹੀ ਬਚਾਇਆ ਜਾ ਸਕਦਾ ਹੈ।”

“ਮਿੱਟੀ ਦੇ ਘਰਾਂ ਜਾਂ ਗੰਦੇ ਇਲਾਕਿਆਂ ਵਿੱਚ ਰਹਿਣ ਵਾਲੇ ਨੌਂ ਤੋਂ 14 ਸਾਲ ਦੇ ਬੱਚਿਆਂ ਵਿੱਚ ਦੂਜਿਆਂ ਦੀ ਤੁਲਨਾ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ। ਇਸ ਕਾਰਨ ਉਹ ਬੀਮਾਰੀ ਨਾਲ ਲੜਨ ਦੇ ਘੱਟ ਸਮਰੱਥ ਹੁੰਦੇ ਹਨ।”

ਇਸ ਬੀਮਾਰੀ ਦੇ ਲੱਛਣ ਕੀ ਹਨ?

ਚਾਂਦੀਪੁਰ ਵਾਇਰਸ

ਤਸਵੀਰ ਸਰੋਤ, ANKIT CHAUHAN

ਤਸਵੀਰ ਕੈਪਸ਼ਨ, ਮਿੱਟੀ ਦੇ ਘਰਾਂ ਵਿੱਚ ਰਹਿਣ ਵਾਲੇ ਬੱਚਿਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ।
  • ਬਹੁਤ ਤੇਜ਼ ਬੁਖਾਰ
  • ਦਸਤ
  • ਉਲਟੀਆਂ
  • ਉਨੀਂਦਰਾ
  • ਅਰਧ ਬੇਹੋਸ਼ੀ
  • ਕੁਝ ਹੀ ਘੰਟਿਆਂ ਵਿੱਚ ਕੋਮਾ ਵਿੱਚ ਚਲੇ ਜਾਣਾ
  • ਚਮੜੀ ਉੱਤੇ ਉੱਭਰਦੇ ਹੋਏ ਨਿਸ਼ਾਨ

ਇਸ ਬੀਮਾਰ ਦਾ ਇਲਾਜ ਕੀ ਹੈ ?

ਚਾਂਦੀਪੁਰ ਵਾਇਰਸ

ਤਸਵੀਰ ਸਰੋਤ, ANKIT CHAUHAN

ਡਾਕਟਰਾਂ ਮੁਤਾਬਕ ਇਸ ਬੀਮਾਰੀ ਦਾ ਕੋਈ ਖਾਸ ਇਲਾਜ ਨਹੀਂ ਹੈ। ਇਸ ਵਾਇਰਸ ਦਾ ਇਲਾਜ ਲੱਛਣਾਂ ਮੁਤਾਬਕ ਕੀਤਾ ਜਾਂਦਾ ਹੈ। ਇਸ ਦਾ ਕੋਈ ਟੀਕਾ ਵੀ ਅਜੇ ਤੱਕ ਨਹੀਂ ਖੋਜਿਆ ਜਾ ਸਕਿਆ ਹੈ।

ਹਿੰਮਤ ਨਗਰ ਸਿਵਲ ਹਸਪਤਾਲ ਦੇ ਮੁਖੀ ਡਾ਼ ਪਰੇਸ਼ ਸ਼ਿਲਾਦਰਿਆ ਨੇ ਕਿਹਾ, ''27 ਜੂਨ ਨੂੰ ਪਹਿਲਾ ਸ਼ੱਕੀ ਵਾਇਰਸ ਵਾਲਾ ਬੱਚਾ ਸਾਡੇ ਹਸਪਤਾਲ ਵਿੱਚ ਆਇਆ। ਬੱਚੇ ਵਿੱਚ ਫਲੂ ਵਰਗੇ ਲੱਛਣ ਸਨ। ਨਾਲ ਹੀ, ਬੱਚੇ ਦੀ ਮਲੇਰੀਆ ਰਿਪੋਰਟ ਨੈਗਿਟਿਵ ਸੀ। ਇਸ ਲਈ ਸਾਡੇ ਬਾਲ ਰੋਗ ਮਾਹਰ ਨੂੰ ਸ਼ੱਕ ਹੋਇਆ ਕਿ ਬੱਚੇ ਚਾਂਦੀਪੁਰ ਵਾਇਰਸ ਦੇ ਪੀੜਤ ਹੋ ਸਕਦੇ ਹਨ। ਇਸ ਲਈ ਬੱਚਿਆਂ ਦੇ ਖੂਨ ਦੇ ਨਮੂਨੇ ਪੁਣੇ ਪ੍ਰਯੋਗਸ਼ਾਲਾ ਨੂੰ ਭੇਜੇ ਗਏ ਹਨ।

ਅਰਾਵਲੀ ਜ਼ਿਲ੍ਹੇ ਦੇ ਮੁੱਖ ਸਿਹਤ ਅਧਿਕਾਰੀ ਐੱਮ. ਏ. ਸਿੱਦੀਕੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਅਰਵਾਲੀ ਜ਼ਿਲ੍ਹੇ ਵਿੱਚ ਪਹਿਲਾ ਮਾਮਲਾ ਤਿੰਨ ਜੁਲਾਈ ਨੂੰ ਸਾਹਮਣੇ ਆਇਆ ਸੀ। ਭਿਲੋੜਾ ਬਲਾਕ ਦੇ ਇੱਕ ਬੱਚੇ ਨੂੰ ਬੁਖਾਰ ਦੇ ਨਾਲ ਸ਼ਾਮਲ ਜੀ ਭਾਈਚਾਰਕ ਸਿਹਤ ਕੇਂਦਰ (ਸੀਐੱਚਸੀ) ਲਿਆਂਦਾ ਗਿਆ।”

“ਉੱਥੇ ਬੱਚੇ ਨੂੰ ਅਚਾਨਕ ਅਕੜਾਅ ਹੋਣ ਲੱਗਿਆ। ਇਸ ਲਈ ਹਾਜ਼ਰ ਡਾਕਟਰ ਨੇ ਤੁਰੰਤ ਬੱਚੇ ਨੂੰ ਹਿੰਮਤ ਨਗਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ 5 ਜੁਲਾਈ ਨੂੰ 48 ਘੰਟਿਆਂ ਦੇ ਅੰਦਰ ਹੀ ਬੱਚੇ ਦੀ ਮੌਤ ਹੋ ਗਈ।”

ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਖੇਤਰ ਵਿੱਚ ਕੁੱਲ ਦੋ ਬੱਚਿਆਂ ਦੀ ਮੌਤ ਹੋਈ ਹੈ। ਇਕ ਭਿਲੋੜਾ ਬਲਾਕ ਵਿੱਚ ਅਤੇ ਇੱਕ ਆਰਵਾਲੀ ਜ਼ਿਲ੍ਹੇ ਦੇ ਮੇਘਰਾਜ ਬਲਾਕ ਵਿੱਚ। ਅਸੀਂ ਇਸ ਬੀਮਾਰੀ ਨੂੰ ਰੋਕਣ ਦੇ ਲਈ ਉਪਾਅ ਕਰ ਰਹੇ ਹਾਂ। ਹਰ ਮੁੱਢਲੇ ਸਿਹਤ ਕੇਂਦਰ ਵੱਲੋਂ ਪਿੰਡ ਦੇ ਬੱਚਿਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾ ਰਿਹਾ ਹੈ।”

ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਚਾਂਦੀਪੁਰ ਵਾਇਰਸ

ਤਸਵੀਰ ਸਰੋਤ, ANKIT CHAUHAN

ਤਸਵੀਰ ਕੈਪਸ਼ਨ, ਮੱਛਰ ਅਤੇ ਮੱਖੀਆਂ ਦੀ ਲਾਗ ਤੋਂ ਬਚਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ

ਘਰ ਅਤੇ ਆਸ ਪਾਸ ਸਫ਼ਾਈ ਰੱਖਣੀ ਚਾਹੀਦੀ ਹੈ

ਕੂੜੇ ਨੂੰ ਪਿੰਡ ਤੋਂ ਦੂਰ ਰੱਖਿਆ ਜਾਵੇ

ਮੱਛਰਦਾਨੀ ਵਿੱਚ ਸੌਣਾ ਚਾਹੀਦਾ ਹੈ

ਪਾਣੀ ਨਾ ਰੁਕਣ ਦਿੱਤਾ ਜਾਵੇ

ਮੱਛਰ ਅਤੇ ਮੱਖੀਆਂ ਦੀ ਲਾਗ ਤੋਂ ਬਚਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ

ਗੁਜਰਾਤ ਸਰਕਾਰ ਕੀ ਕਰ ਰਹੀ ਹੈ?

ਚਾਂਦੀਪੁਰ ਵਾਇਰਸ

ਤਸਵੀਰ ਸਰੋਤ, ANKIT CHAUHAN

ਤਸਵੀਰ ਕੈਪਸ਼ਨ, 1965 ਵਿੱਚ ਮਹਾਰਾਸ਼ਟਰ ਦੇ ਚਾਂਦੀਪੁਰ ਜ਼ਿਲ੍ਹੇ ਵਿੱਚ ਜਵਰ ਦੇ ਲੱਛਣਾਂ ਦੇ ਨਾਲ ਚਾਂਦੀਪੁਰਾ ਵਾਇਰਸ ਦੀ ਮਹਾਮਾਰੀ ਸਾਹਮਣੇ ਆਈ ਸੀ

ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਵੀ ਮੀਡੀਆ ਨੂੰ ਇਸ ਬੀਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਚਾਂਦੀਪੁਰਾ ਵਾਇਰਲ ਇੰਸੈਫਿਲਾਈਟਿਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸਗੋਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਇਹ ਕੋਈ ਬੀਮਾਰੀ ਨਹੀਂ ਹੈ।

ਉਨ੍ਹਾਂ ਨੇ ਕਿਹਾ, “1965 ਵਿੱਚ ਮਹਾਰਾਸ਼ਟਰ ਦੇ ਚਾਂਦੀਪੁਰ ਜ਼ਿਲ੍ਹੇ ਵਿੱਚ ਜਵਰ ਦੇ ਲੱਛਣਾਂ ਦੇ ਨਾਲ ਚਾਂਦੀਪੁਰ ਵਾਇਰਸ (ਸੀਐੱਚਵੀਪੀ) ਦੀ ਮਹਾਮਾਰੀ ਸਾਹਮਣੇ ਆਈ ਸੀ। ਬਾਅਦ ਵਿੱਚ ਇਹ ਮਹਾਮਾਰੀ ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਸਮੇਤ ਹੋਰ ਸੂਬਿਆਂ ਵਿੱਚ ਵੀ ਸਾਹਮਣੇ ਆਈ।”

“ਇਹ ਵਾਇਰਸ ਵੇਸਕੁਲੋਵਾਇਰਸ ਪਰਿਵਾਰ ਦਾ ਹੈ। ਇਸ ਬੀਮਾਰੀ ਦੇ ਮਾਮਲੇ ਗੁਜਰਾਤ ਵਿੱਚ ਹਰ ਸਾਲ ਦੇਖੇ ਜਾਂਦੇ ਹਨ। ਖਾਸ ਕਰਕੇ ਉੱਤਰ-ਮੱਧ ਗੁਜਰਾਤ ਦੇ ਜ਼ਿਲ੍ਹਿਆਂ ਵਿੱਚ, ਇਹ ਬੀਮਾਰੀ ਮੀਂਹ ਦੇ ਮੌਸਮ ਵਿੱਚ ਅਤੇ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਆਮ ਹੈ।”

ਉਨ੍ਹਾਂ ਅੱਗੇ ਕਿਹਾ, “ਸੂਬੇ ਵਿੱਚ ਹੁਣ ਤੱਕ ਚਾਂਦੀਪੁਰਾ ਦੇ 12 ਸ਼ੱਕੀ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਛੇ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।”

“ਇਸ ਤੋਂ ਇਲਾਵਾ ਵਰਤਮਾਨ ਵਿੱਚ 6 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਾਬਰਕੰਠਾ ਵਿੱਚ ਚਾਰ, ਅਰਾਵਲੀ ਵਿੱਚ ਤਿੰਨ, ਮਹਿਸਾਗਰ ਅਤੇ ਖੇੜਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸ਼ੱਕੀ ਮਾਮਲੇ ਸਾਹਮਣੇ ਆਏ ਹਨ।”

ਉਨ੍ਹਾਂ ਅੱਗੇ ਕਿਹਾ,“ਰਾਜਸਥਾਨ ਵਿੱਚ ਦੋ ਅਤੇ ਮੱਧ ਪ੍ਰਦੇਸ਼ ਦੇ ਇੱਕ ਮਰੀਜ਼ ਦਾ ਗੁਜਰਾਤ ਵਿੱਚ ਇਲਾਜ ਚੱਲ ਰਿਹਾ ਹੈ। ਸੈਂਪਲ ਦੇ ਨਤੀਜੇ ਆਉਣ ਤੋਂ ਬਾਅਦ ਹੀ ਪੁਸ਼ਟੀ ਹੋ ਸਕੇਗੀ ਕਿ ਇਹ ਚਾਂਦੀਪੁਰਾ ਬੀਮਾਰੀ ਦੇ ਮਾਮਲੇ ਹਨ ਜਾਂ ਨਹੀਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)