ਚੰਨ ’ਤੇ ਮਿਲੀ ਗੁਫ਼ਾ ਕਿਵੇਂ ਮਨੁੱਖਾਂ ਦਾ ਘਰ ਬਣ ਸਕਦੀ ਹੈ, ਇਸ ਬਾਰੇ ਇਹ ਰੋਮਾਂਚਕ ਤੱਥ ਪਤਾ ਲੱਗੇ

ਤਸਵੀਰ ਸਰੋਤ, NASA
- ਲੇਖਕ, ਜੌਰਜਿਨਾ ਰਨਾਰਡ
- ਰੋਲ, ਵਿਗਿਆਨ ਪੱਤਰਕਾਰ
ਵਿਗਿਆਨੀਆਂ ਨੇ ਪਹਿਲੀ ਵਾਰ ਚੰਦਰਮਾ 'ਤੇ ਇੱਕ ਗੁਫਾ ਦੀ ਖੋਜ ਕੀਤੀ ਹੈ।
ਉਹ ਕਹਿੰਦੇ ਹਨ ਕਿ ਘੱਟੋ-ਘੱਟ 100 ਮੀਟਰ ਡੂੰਘੀ ਇਹ ਗੁਫ਼ਾ ਮਨੁੱਖਾਂ ਦੇ ਚੰਦਰਮਾ ਉੱਤੇ ਇੱਕ ਸਥਾਈ ਅਧਾਰ ਬਣਾਉਣ ਲਈ ਇੱਕ ਆਦਰਸ਼ ਸਥਾਨ ਹੋ ਸਕਦੀ ਹੈ।
ਖੋਜਕਰਤਾਵਾਂ ਦੇ ਮੁਤਾਬਕ, ਧਰਤੀ ’ਤੇ ਖੋਜ ਤੋਂ ਪਰ੍ਹੇ ਲੁਕੀਆਂ ਹੋਈਆਂ ਸੈਂਕੜੇ ਗੁਫਾਵਾਂ ਵਿੱਚੋਂ ਇਹ ਸਿਰਫ਼ ਇੱਕ ਹੈ।
ਧਰਤੀ ’ਤੇ ਵਸੇ ਦੇਸ਼ ਚੰਦਰਮਾ 'ਤੇ ਸਥਾਈ ਮਨੁੱਖੀ ਮੌਜੂਦਗੀ ਸਥਾਪਤ ਕਰਨ ਦੀ ਦੌੜ ਵਿੱਚ ਲੱਗੇ ਹੋਏ ਹਨ। ਪਰ ਪੁਲਾੜ ਯਾਤਰੀਆਂ ਨੂੰ ਰੇਡੀਏਸ਼ਨ, ਵੱਧ ਤਾਪਮਾਨ ਅਤੇ ਪੁਲਾੜ ਦੇ ਮੌਸਮ ਤੋਂ ਬਚਾਉਣ ਦੀ ਜ਼ਰੂਰਤ ਹੋਵੇਗੀ।
ਚੰਨ 'ਤੇ ਮਨੁੱਖ ਅਜਿਹੀਆਂ ਸੁਰੰਗਾਂ 'ਚ ਰਹਿ ਸਕਦੇ?
ਪੁਲਾੜ ਦੀ ਯਾਤਰਾ ਕਰਨ ਵਾਲੀ ਪਹਿਲੀ ਬਰਤਾਨਵੀਂ ਪੁਲਾੜ ਯਾਤਰੀ ਹੈਲਨ ਸ਼ਰਮਨ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਨਵੀਂ ਖੋਜੀ ਗਈ ਗੁਫਾ ਬੇਸ ਲਈ ਚੰਗੀ ਜਗ੍ਹਾ ਵਜੋਂ ਦੇਖੀ ਜਾ ਰਹੀ ਹੈ ਅਤੇ ਸਲਾਹ ਦਿੱਤੀ ਜਾ ਰਹੀ ਹੈ ਕਿ ਮਨੁੱਖ ਸੰਭਾਵਤ ਤੌਰ 'ਤੇ 20-30 ਸਾਲਾਂ ਵਿੱਚ ਚੰਦਰਮਾ ’ਤੇ ਮੌਜੂਦ ਅਜਿਹੀਆਂ ਸੁਰੰਗਾ ਜਾਂ ਟੋਇਆਂ ਵਿੱਚ ਰਹਿ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਹ ਗੁਫਾ ਇੰਨੀ ਡੂੰਘੀ ਹੈ ਕਿ ਪੁਲਾੜ ਯਾਤਰੀਆਂ ਨੂੰ ਬਾਹਰ ਨਿਕਲਣ ਲਈ ֲ‘ਜੈੱਟ ਪੈਕ ਜਾਂ ਲਿਫਟ’ ਦੀ ਵਰਤੋਂ ਕਰਨੀ ਪੈ ਸਕਦੀ ਹੈ।
ਇਟਲੀ ਦੀ ਟਰੈਂਟੋ ਯੂਨੀਵਰਸਿਟੀ ਦੇ ਲੋਰੇਂਜ਼ੋ ਬਰੂਜ਼ੋਨ ਅਤੇ ਲਿਓਨਾਰਡੋ ਕੈਰਰ ਨੇ ਮਾਰੇ ਟ੍ਰੈਨਕਿਊਲੀਟੀਸ ਨਾਮਕ ਇੱਕ ਚਟਾਨੀ ਮੈਦਾਨ ਵਿੱਚ ਇੱਕ ਗੁਫ਼ਾ ਦੀ ਖੋਜ ਰਾਡਾਰ ਦੀ ਵਰਤੋਂ ਨਾਲ ਕੀਤੀ ਹੈ।
ਇਹ ਧਰਤੀ ਤੋਂ ਨੰਗੀ ਅੱਖ ਨਾਲ ਦਿਖਾਈ ਦਿੰਦਾ ਹੈ ਅਤੇ ਉਸੇ ਜਗ੍ਹਾ ਉੱਤੇ ਹੈ, ਜਿੱਥੇ 1969 ਵਿੱਚ ਅਪੋਲੋ 11 ਉਤਰਿਆ ਸੀ।

ਗੁਫਾ ਵਿੱਚ ਚੰਨ ਦੀ ਸਤ੍ਹਾ 'ਤੇ ਇੱਕ ਸਕਾਈਲਾਈਟ ਹੈ, ਜੋ ਕਿ ਹੇਠਾਂ ਖੜ੍ਹੀਆਂ ਅਤੇ ਲਟਕਦੀਆਂ ਕੰਧਾਂ ਵੱਲ ਲੈ ਜਾਂਦੀ ਹੈ। ਇਸ ਦੇ ਨਾਲ ਹੀ ਇੱਕ ਢਲਾਣ ਵਾਲਾ ਫਰਸ਼ ਜੋ ਹੋਰ ਡੂੰਘਾ ਹੋ ਸਕਦਾ ਹੈ।
ਇਹ ਲੱਖਾਂ ਜਾਂ ਅਰਬਾਂ ਸਾਲ ਪਹਿਲਾਂ ਬਣਾਇਆ ਗਿਆ ਸੀ ਜਦੋਂ ਲਾਵਾ ਚੰਦਰਮਾ 'ਤੇ ਵਹਿੰਦਾ ਸੀ ਤੇ ਚੱਟਾਨ ਤੋਂ ਸੁਰੰਗ ਬਣ ਜਾਂਦੀ ਸੀ।
ਪ੍ਰੋਫ਼ੈਸਰ ਕੈਰਰ ਦੱਸਦੇ ਹਨ ਕਿ ਧਰਤੀ 'ਤੇ ਸਭ ਤੋਂ ਨਜ਼ਦੀਕੀ ਜਿਹੜੀਆਂ ਜਵਾਲਾਮੁਖੀ ਗੁਫ਼ਾਵਾਂ ਹੋਣਗੀਆਂ ਉਹ ਲੈਂਜ਼ਾਰੋਟ ਵਿੱਚ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਖੋਜਕਰਤਾਵਾਂ ਨੇ ਆਪਣੇ ਕੰਮ ਦੇ ਹਿੱਸੇ ਵਜੋਂ ਉਨ੍ਹਾਂ ਗੁਫਾਵਾਂ ਦਾ ਦੌਰਾ ਕੀਤਾ।
ਪ੍ਰੋਫੈਸਰ ਕੈਰਰ ਨੇ ਕਿਹਾ, “ਇਹ ਸੱਚਮੁੱਚ ਰੋਮਾਂਚਕ ਹੈ। ਜਦੋਂ ਤੁਸੀਂ ਇਹ ਖੋਜਾਂ ਕਰਦੇ ਹੋ ਅਤੇ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਮਨੁੱਖਤਾ ਦੇ ਇਤਿਹਾਸ ਵਿੱਚ ਇਸ ਨੂੰ ਦੇਖਣ ਵਾਲੇ ਪਹਿਲੇ ਵਿਅਕਤੀ ਹੋ।”
ਜਦੋਂ ਪ੍ਰੋਫੈਸਰ ਬਰੂਜ਼ੋਨ ਅਤੇ ਪ੍ਰੋਫੈਸਰ ਕੈਰਰ ਨੂੰ ਇਹ ਸਮਝ ਲੱਗ ਗਈ ਸੀ ਕਿ ਗੁਫਾ ਕਿੰਨੀ ਵੱਡੀ ਹੈ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਚੰਦਰਮਾ ਦੇ ਅਧਾਰ ਲਈ ਇੱਕ ਵਧੀਆ ਸਥਾਨ ਹੋ ਸਕਦਾ ਹੈ।
ਪ੍ਰੋਫੈਸਰ ਕੈਰਰ ਕਹਿੰਦੇ ਹਨ, "ਆਖਰਕਾਰ, ਧਰਤੀ 'ਤੇ ਜੀਵਨ ਗੁਫਾਵਾਂ ਵਿੱਚ ਸ਼ੁਰੂ ਹੋਇਆ, ਇਸੇ ਲਈ ਇਹ ਨਜ਼ਰ ਆਉਂਦਾ ਹੈ ਕਿ ਮਨੁੱਖ ਚੰਦਰਮਾ 'ਤੇ ਇਨ੍ਹਾਂ ਗੁਫ਼ਾਵਾਂ ਦੇ ਅੰਦਰ ਰਹਿ ਸਕਦੇ ਹਨ।"
ਇਨ੍ਹਾਂ ਸੁਰੰਗਾਂ ਨੂੰ ਸਮਝਣ ਲਈ ਅਜੇ ਹੋਰ ਖੋਜ ਦੀ ਲੋੜ

ਤਸਵੀਰ ਸਰੋਤ, Getty Images
ਗੁਫ਼ਾ ਦੀ ਅਜੇ ਪੂਰੀ ਤਰ੍ਹਾਂ ਖੋਜ ਕੀਤੀ ਜਾਣੀ ਬਾਕੀ ਹੈ। ਪਰ ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਸ ਬਾਰੇ ਪੂਰੀ ਤਰ੍ਹਾਂ ਜਾਣਨ ਲਈ ਜ਼ਮੀਨ 'ਤੇ ਪ੍ਰਵੇਸ਼ ਕਰਨ ਵਾਲੇ ਰਡਾਰ, ਕੈਮਰੇ ਜਾਂ ਇੱਥੋਂ ਤੱਕ ਕਿ ਰੋਬੋਟ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਕਰੀਬ 50 ਸਾਲ ਪਹਿਲਾਂ ਵਿਗਿਆਨੀਆਂ ਨੂੰ ਇਹ ਸਮਝ ਆਈ ਸੀ ਕਿ ਚੰਨ ਉੱਤੇ ਗੁਫ਼ਾਵਾਂ ਵੀ ਹੋ ਸਕਦੀਆਂ ਹਨ।
ਫ਼ਿਰ 2010 ਵਿੱਚ ਲੂਨਰ ਰੀਕੋਨਸਾਈਸਸ ਓਰਬੀਟਰ ਨੇ ਅਜਿਹੇ ਨਿਸ਼ਾਨ ਦੇਖੇ ਜਿਹੜੇ ਵਿਗਿਆਨੀਆਂ ਦੀ ਸਮਝ ਮੁਤਾਬਤ ਸੁਰੰਗਾਂ ਅੰਦਰ ਜਾਣ ਦਾ ਰਾਹ ਹੋ ਸਕਦਾ ਸੀ।
ਪਰ ਖੋਜਕਰਤਾਵਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਸੁਰੰਗਾਂ ਕਿੰਨੀਆਂ ਡੂੰਘੀਆਂ ਹੋ ਸਕਦੀਆਂ ਹਨ ਤੇ ਕੀ ਇਹ ਢਹਿ-ਢੇਰੀ ਵੀ ਹੋ ਸਕਦੀਆਂ ਹਨ।
ਪ੍ਰੋਫ਼ੈਸਰ ਬਰੂਜ਼ੋਨ ਤੇ ਕੈਰਰ ਦੇ ਕੰਮ ਨੇ ਹੁਣ ਇੰਨਾਂ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਹਾਲਾਂਕਿ ਇਨ੍ਹਾਂ ਸੁਰੰਗਾਂ ਬਾਰੇ ਸਮਝਣ ਲਈ ਹਾਲੇ ਮਨੁੱਖਾਂ ਨੂੰ ਹੋਰ ਖੋਜ ਕਰਨ ਦੀ ਲੋੜ ਹੈ।
ਯੂਰਪੀਅਨ ਸਪੇਸ ਏਜੰਸੀ ਦੀ ਟੋਪੀਕਲ ਟੀਮ ਪਲੈਂਨਟਰੀ ਕੇਵਜ਼ ਦੇ ਕੁਆਰਡੀਨੇਟਰ ਫ਼ਰਾਂਸੈਸਕੋ ਸਾਓਰੋ ਨੇ ਬੀਬੀਸੀ ਨੂੰ ਦੱਸਿਆ,“ਸਾਡੇ ਕੋਲ ਧਰਾਤਲ ਦੀਆਂ ਬਹੁਤ ਚੰਗੀਆਂ ਤਸਵੀਰਾਂ ਹਨ। ਕਰੀਬ 25 ਸੈਂਟੀਮੀਟਰ ਰੈਜ਼ੂਲਿਊਸ਼ਨ ਦੀਆਂ। ਅਸੀਂ ਅਪੋਲੋ ਲੈਂਡਿੰਗ ਵਾਲੀਆਂ ਥਾਵਾਂ ਦੇਖ ਸਕਦੇ ਹਾਂ। ਪਰ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਧਰਾਤਲ ਦੇ ਹੇਠਾਂ ਕੀ ਹੈ। ਇਸ ਬਾਰੇ ਖੋਜ ਕਰਨ ਦੇ ਵੱਡੇ ਮੌਕੇ ਹਨ।"

ਉਹ ਕਹਿੰਦੇ ਹਨ ਕਿ ਇਹ ਖੋਜ ਭਵਿੱਖ ਵਿੱਚ ਮੰਗਲ 'ਤੇ ਸੁਰੰਗਾਂ ਦੀ ਖੋਜ ਕਰਨ ਵਿੱਚ ਸਾਡੀ ਮਦਦ ਕਰ ਸਕਦੀ ਹੈ।
ਇਹ ਮੰਗਲ 'ਤੇ ਜੀਵਨ ਦੇ ਸਬੂਤ ਲੱਭਣ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ, ਕਿਉਂਕਿ ਜੇ ਇਹ ਮੌਜੂਦ ਹੈ, ਤਾਂ ਇਹ ਤਕਰੀਬਨ ਨਿਸ਼ਚਿਤ ਤੌਰ 'ਤੇ ਗ੍ਰਹਿ ਦੀ ਸਤ੍ਹਾ 'ਤੇ ਤੱਤਾਂ ਤੋਂ ਸੁਰੱਖਿਅਤ ਸੁਰੰਗਾਂ ਦੇ ਅੰਦਰ ਹੁੰਦਾ।
ਚੰਦਰਮਾ ਦੀ ਗੁਫਾ ਮਨੁੱਖਾਂ ਲਈ ਲਾਭਦਾਇਕ ਹੋ ਸਕਦੀ ਹੈ, ਪਰ ਵਿਗਿਆਨੀ ਇਸ ਗੱਲ 'ਤੇ ਵੀ ਜ਼ੋਰ ਦਿੰਦੇ ਹਨ ਕਿ ਇਹ ਖੋਜ ਚੰਦਰਮਾ ਦੇ ਇਤਿਹਾਸ ਅਤੇ ਇੱਥੋਂ ਤੱਕ ਕਿ ਸਾਡੇ ਸੂਰਜੀ ਸਿਸਟਮ ਬਾਰੇ ਬੁਨਿਆਦੀ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰ ਸਕਦੀ ਹੈ।
ਗੁਫਾ ਦੇ ਅੰਦਰ ਦੀਆਂ ਚੱਟਾਨਾਂ ਪੁਲਾੜ ਦੇ ਮੌਸਮ ਵਲੋਂ ਨੁਕਸਾਨੀਆਂ ਜਾਣ ਵਾਲੀਆਂ ਨਹੀਂ ਹੋਣਗੀਆਂ, ਇਸ ਲਈ ਉਹ ਅਰਬਾਂ ਸਾਲ ਪਹਿਲਾਂ ਦਾ ਇੱਕ ਵਿਆਪਕ ਭੂ-ਵਿਗਿਆਨਕ ਰਿਕਾਰਡ ਪ੍ਰਦਾਨ ਕਰ ਸਕਦੀਆਂ ਹਨ।
ਇਹ ਖੋਜ ਵਿਗਿਆਨਕ ਮੈਗਜ਼ਿਨ ਨੇਚਰ ਐਸਟ੍ਰੋਨੋਮੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।












