ਕਾਕਰੋਚ ਕਿਵੇਂ ਘਰ ’ਚ ਦਾਖ਼ਲ ਹੁੰਦੇ ਹਨ, ਇਨ੍ਹਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਮੁਰੂਗੇਸ਼
- ਰੋਲ, ਬੀਬੀਸੀ ਪੱਤਰਕਾਰ
ਬਰਸਾਤ ਦਾ ਮੌਸਮ ਨੇੜੇ ਆਉਂਦਿਆਂ ਹੀ ਕਾਕਰੋਚਾਂ ਦੀ ਸਮੱਸਿਆ ਵੱਧ ਜਾਂਦੀ ਹੈ। ਜੇਕਰ ਘਰ ਦੇ ਵਿਹੜੇ ਅਤੇ ਰਸੋਈ ਵਿੱਚ ਥੋੜ੍ਹਾ ਜਿਹਾ ਵੀ ਕੂੜਾ ਵੀ ਹੋਵੇ ਤਾਂ ਉੱਥੇ ਕਾਕਰੋਚ ਰੁੜ-ਰੁੜ ਕੇ ਪਹੁੰਚ ਜਾਂਦੇ ਹਨ।
ਇਸ ਤੋਂ ਬਾਅਦ ਘਰ ਵਿੱਚ ਘੁੰਮਦੇ ਹਨ, ਜਿਸ ਕਾਰਨ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ।
ਇੱਥੇ ਪਿੰਡ ਤੇ ਸ਼ਹਿਰ ਵਿੱਚ ਕੋਈ ਫਰਕ ਨਹੀਂ। ਹਰ ਪਾਸੇ ਇਨ੍ਹਾਂ ਕਾਕਰੋਚਾਂ ਦੀ ਸਮੱਸਿਆ ਦਾ ਇਹੀ ਹਾਲ ਹੈ।

ਤਸਵੀਰ ਸਰੋਤ, Getty Images
ਜੰਗਲਾਤ ਵਾਤਾਵਰਣ ਖੋਜ ਸੰਸਥਾਨ ਵਿੱਚ ਕੰਮ ਕਰਨ ਵਾਲੇ ਕੀਟ-ਵਿਗਿਆਨੀ ਬ੍ਰੋਨੋਏ ਮੁਤਾਬਕ ਕਾਕਰੋਚ ਬਹੁਤ ਜ਼ਿਆਦਾ ਪ੍ਰਦੂਸ਼ਿਤ ਖੇਤਰਾਂ ਵਿੱਚ ਰਹਿੰਦੇ ਹਨ।
ਬ੍ਰੋਨੋਏ ਕਹਿੰਦੇ ਹਨ, “ਬਿਮਾਰੀ ਫੈਲਾਉਣ ਵਾਲੇ ਕਾਕਰੋਚਾਂ ਦਾ ਡਰ ਪ੍ਰਾਚੀਨ ਗ੍ਰੀਸ ਤੋਂ ਤੁਰਿਆ ਆ ਰਿਹਾ ਹੈ। ਪ੍ਰਾਚੀਨ ਯੂਨਾਨੀਆਂ ਦੇ ਵੇਲੇ ਵੀ ਕਾਕਰੋਚਾਂ ਨਾਲ ਫੈਲਣ ਵਾਲੇ ਰੋਗਾਂ ਦਾ ਡਰ ਰਹਿੰਦਾ ਸੀ।“
“ਕਾਕਰੋਚ ਵਿੱਚ ਇੱਕ ਪ੍ਰੋਟੀਨ ਹੁੰਦਾ ਹੈ ਜਿਸਨੂੰ ਟ੍ਰੋਪੋਮਾਇਓਸਿਨ ਕਿਹਾ ਜਾਂਦਾ ਹੈ। ਇਹ ਪ੍ਰੋਟੀਨ, ਕਾਕਰੋਚ ਦੇ ਮਲ, ਚਮੜੀ ਅਤੇ ਸਰੀਰ ਦੇ ਅੰਗਾਂ ਵਿੱਚ ਪਾਇਆ ਜਾਂਦਾ ਹੈ, ਮਨੁੱਖਾਂ ਵਿੱਚ ਐਲਰਜੀ ਪੈਦਾ ਕਰ ਸਕਦਾ ਹੈ।"
ਪ੍ਰਾਚੀਨ ਮਿਸਰੀ ਲੋਕ ਕਾਕਰੋਚਾਂ ਤੋਂ ਬਚਣ ਲਈ ਦੇਵਤਿਆਂ ਦੀ ਪੂਜਾ ਕਰਦੇ ਸਨ। ਡਾਕਟਰੀ ਭਾਸ਼ਾ ਵਿੱਚ ਕਾਕਰੋਚਾਂ ਦੇ ਡਰ ਜਾਂ ਨਫ਼ਰਤ ਨੂੰ ‘ਕੈਟਾਸਕਾਰਿਡਾਫੋਬੀਆ’ ਕਿਹਾ ਜਾਂਦਾ ਹੈ।
ਕਾਕਰੋਚ ਬਿਮਾਰੀਆਂ ਕਿਵੇਂ ਫੈਲਾਉਂਦੇ ਹਨ?
ਕੀਟ ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਸੇਲਵਾਮੁਥੁਕੁਮਾਰਨ ਦਾ ਕਹਿਣਾ ਹੈ ਕਿ ਕਾਕਰੋਚ ਸਿੱਧੇ ਤੌਰ 'ਤੇ ਮਨੁੱਖਾਂ ਵਿੱਚ ਕੋਈ ਬਿਮਾਰੀ ਨਹੀਂ ਫੈਲਾਉਂਦੇ।
ਉਹ ਕਹਿੰਦੇ ਹਨ, “ਮਲੇਰੀਆ, ਡੇਂਗੂ ਅਤੇ ਹੋਰ ਬਿਮਾਰੀਆਂ ਮੱਛਰਾਂ ਤੋਂ ਫੈਲਦੀਆਂ ਹਨ। ਹੈਜ਼ਾ ਮੱਖੀਆਂ ਨਾਲ ਫੈਲਦਾ ਹੈ। ਪਰ ਕਾਕਰੋਚ ਸਿੱਧੇ ਤੌਰ 'ਤੇ ਮਨੁੱਖਾਂ ਵਿੱਚ ਕੋਈ ਬਿਮਾਰੀ ਨਹੀਂ ਫੈਲਾਉਂਦੇ।”
“ਹਾਲਾਂਕਿ, ਕਾਕਰੋਚ ਜੋ ਸੜਨ-ਗਲਣ ਵਾਲਾ ਪਦਾਰਥ ਖਾਂਦੇ ਹਨ, ਉਸ ਵਿੱਚ ਸੂਖ਼ਮ ਜੀਵ ਹੁੰਦੇ ਹਨ। ਇਨ੍ਹਾਂ ਨੂੰ ਖਾਣ ਤੋਂ ਬਾਅਦ, ਜਦੋਂ ਕਾਕਰੋਚ ਸਾਡੇ ਭੋਜਨ 'ਤੇ ਚੜ੍ਹਦੇ ਹਨ, ਤਾਂ ਇਹ ਸੂਖ਼ਮ ਜੀਵ ਸਾਡੇ ਭੋਜਨ ਵਿੱਚ ਰਲ਼ ਜਾਂਦੇ ਹਨ ਅਤੇ ਜਿਸ ਕਾਰਨ ਬਿਮਾਰੀਆਂ ਲੱਗਦੀਆਂ ਹਨ।”

ਇਨ੍ਹਾਂ ਨੂੰ ਘਰ ਵਿੱਚ ਦਾਖ਼ਲ ਹੋਣ ਤੋਂ ਕਿਵੇਂ ਰੋਕਿਆ ਜਾਵੇ?
ਸੇਲਵਾਮੁਥੁਕੁਮਾਰਨ ਦੱਸਦੇ ਹਨ ਕਿ ਕਾਕਰੋਚ ਉੱਥੇ ਪਨਪਦੇ ਹਨ ਜਿੱਥੇ ਭੋਜਨ ਅਤੇ ਨਮੀ ਹੁੰਦੀ ਹੈ, ਅਤੇ ਜੇਕਰ ਸਫਾਈ ਕਾਇਮ ਰੱਖੀ ਜਾਂਦੀ ਹੈ, ਤਾਂ ਉਹ ਨਹੀਂ ਆਉਣਗੇ।
ਖਾਣਾ ਖਾਣ ਮਗਰੋਂ ਭਾਂਡੇ ਤੁਰੰਤ ਧੋ ਦੇਣੇ ਚਾਹੀਦੇ ਹਨ ਅਤੇ ਬਚਿਆ ਹੋਇਆ ਭੋਜਨ ਤੁਰੰਤ ਸੁੱਟ ਦੇਣਾ ਚਾਹੀਦਾ ਹੈ।
ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਘਰ ਵਿੱਚ ਕੂੜਾ ਇਕੱਠਾ ਨਾ ਹੋਵੇ। ਤੁਸੀਂ ਜੋ ਕੂੜੇਦਾਨ ਵਰਤਦੇ ਹੋ, ਉਹ ਬੰਦ ਹੋਣ ਚਾਹੀਦੇ ਹਨ। ਕੂੜੇਦਾਨਾਂ ਨੂੰ ਰਾਤ ਨੂੰ ਘਰ ਦੇ ਬਾਹਰ ਰੱਖਿਆ ਜਾਣਾ ਚਾਹੀਦਾ ਹੈ।
ਕਾਕਰੋਚ ਦਰਵਾਜ਼ਿਆਂ ਅਤੇ ਖਿੜਕੀਆਂ ਰਾਹੀਂ ਘਰ ਦੇ ਅੰਦਰ ਆ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਲੋੜ ਵੇਲੇ ਹੀ ਖੋਲ੍ਹਿਆ ਜਾਣਾ ਚਾਹੀਦਾ ਹੈ, ਜੇਕਰ ਜ਼ਰੂਰਤ ਹੋਵੇ ਤਾਂ ਦਰਵਾਜ਼ੇ ਤੇ ਖਿੜਕੀਆਂ ਨੂੰ ਬੰਦ ਕਰ ਕੇ ਰੱਖੋ।

ਤਸਵੀਰ ਸਰੋਤ, Getty Images
ਘਰ ਵਿੱਚ ਪਏ ਗੱਤੇ ਦੇ ਡੱਬਿਆਂ ’ਤੇ ਵਿਸ਼ੇਸ਼ ਧਿਆਨ ਦਿਓ। ਇਹ ਡੱਬੇ ਲੱਕੜੀ ਦੇ ਚੂਰੇ ਦੇ ਬਣੇ ਹੁੰਦੇ ਹਨ ਅਤੇ ਇਹ ਕਾਕਰੋਚਾਂ ਦੇ ਖਾਣੇ ਲਈ ਬਹੁਤ ਵਧੀਆ ਖਾਣਾ ਮੰਨਿਆ ਜਾਂਦਾ ਹੈ।
ਜ਼ਿਆਦਾਤਰ ਕਾਕਰੋਚ ਭਾਂਡੇ ਧੋਣ ਵਾਲੀ ਸਿੰਕ ਰਾਹੀਂ ਘਰ ਵਿੱਚ ਦਾਖ਼ਲ ਹੁੰਦੇ ਹਨ। ਇਸ ਲਈ ਬਿਹਤਰ ਹੋਵੇਗਾ ਕਿ ਇਨ੍ਹਾਂ ਨੂੰ ਰਾਤ ਵੇਲੇ ਥੋੜ੍ਹੇ ਸਮੇਂ ਲਈ ਢਕ ਕੇ ਰੱਖਿਆ ਜਾਵੇ।
ਸਪਰੇਅ ਅਤੇ ਜੈੱਲ ਦੀ ਵਰਤੋਂ ਘਰ ਦੇ ਅੰਦਰੋਂ ਕਾਕਰੋਚਾਂ ਨੂੰ ਭਜਾਉਣ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਐਰੋਸੋਲ ਦੀ ਵਰਤੋਂ ਮਨੁੱਖਾਂ ਲਈ ਨੁਕਸਾਨਦੇਹ ਵੀ ਹੋ ਸਕਦੀ ਹੈ।













