ਲਾਪਤਾ ਪਤਨੀ ਦੀ ਖੋਜ 'ਚ ਚੀਰਿਆ ਅਜਗਰ ਦਾ ਢਿੱਡ ਤਾਂ ਅੰਦਰੋਂ ਮਿਲੀ ਲਾਸ਼, ਅਜਗਰ ਇਨਸਾਨ ਨੂੰ ਕਿਵੇਂ ਖਾ ਸਕਦਾ ਹੈ?

ਤਸਵੀਰ ਸਰੋਤ, LUWU POLICE STATION
ਇੰਡੋਨੇਸ਼ੀਆ ਵਿੱਚ ਇੱਕ ਔਰਤ ਦੀ ਲਾਸ਼ ਅਜਗਰ ਦੇ ਢਿੱਡ ਵਿੱਚੋਂ ਮਿਲੀ ਹੈ। ਹਾਲਾਂਕਿ, ਸੱਪਾਂ ਦੇ ਇਨਸਾਨਾਂ ਨੂੰ ਖਾਣ ਦੇ ਮਾਮਲੇ ਘੱਟ ਹੀ ਨਜ਼ਰ ਆਉਂਦੇ ਹਨ ਪਰ ਇੰਡੋਨੇਸ਼ੀਆ ਵਿੱਚ ਇਹ ਇਸ ਤਰ੍ਹਾਂ ਦਾ ਦੂਜਾ ਮਾਮਲਾ ਹੈ।
ਤਾਜ਼ਾ ਮਾਮਲਾ ਦੱਖਣੀ ਸੁਲੇਵੇਸੀ ਸੂਬੇ ਦੇ ਸਿਤੇਬਾ ਪਿੰਡ ਦਾ ਹੈ।
ਇੰਡੋਨੇਸ਼ੀਆਈ ਪੁਲਿਸ ਦੇ ਮੁਤਾਬਕ ਮੰਗਲਵਾਰ ਨੂੰ ਸਿਰਿਆਤੀ ਨਾਮ ਦੀ 36 ਸਾਲ ਦੀ ਇੱਕ ਔਰਤ ਆਪਣੇ ਬੱਚੇ ਨੂੰ ਜਨਮ ਦੇਣ ਲਈ ਘਰੋਂ ਨਿਕਲੀ ਸੀ, ਪਰੰਤੂ ਉਹ ਲਾਪਤਾ ਹੋ ਗਈ।
ਬਾਅਦ ਵਿੱਚ ਔਰਤ ਦੇ ਪਤੀ ਆਦਿਯਾਂਸਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਪਿੰਡ ਵਿੱਚ ਆਪਣੇ ਘਰ ਤੋਂ 500 ਮੀਟਰ ਦੂਰ ਸਿਰਿਆਤੀ ਦੀਆਂ ਚੱਪਲਾਂ ਅਤੇ ਹੋਰ ਕੱਪੜੇ ਮਿਲੇ ਹਨ।
ਬੀਬੀਸੀ ਇੰਡੋਨੇਸ਼ੀਆ ਸੇਵਾ ਨਾਲ ਗੱਲ ਕਰਦੇ ਹੋਏ ਸਥਾਨਕ ਪੁਲਿਸ ਮੁਖੀ ਇਦੁਲ ਨੇ ਕਿਹਾ ਕਿ ਪਤੀ ਆਦਿਯਾਂਸਾ ਨੂੰ ਇੱਕ ਜਿਉਂਦਾ ਅਜਗਰ ਮਿਲਿਆ, ਜਿਸ ਦਾ ਉਨ੍ਹਾਂ ਨੇ ਸਿਰ ਕੱਟ ਦਿੱਤਾ।
ਅਜਗਰ ਦਾ ਫੁੱਲਿਆ ਹੋਇਆ ਢਿੱਡ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਅਜਗਰ ਦਾ ਢਿੱਡ ਵੀ ਚੀਰ ਦਿੱਤਾ।
ਅਜਗਰ ਦੇ ਢਿੱਡ ਵਿੱਚ ਉਨ੍ਹਾਂ ਨੂੰ ਆਪਣੀ ਪਤੀ ਦੀ ਲਾਸ਼ ਨਜ਼ਰ ਆਈ।
ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਆਮ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਅਜਗਰ ਦਾ ਅਜਿਹਾ ਹਮਲਾ ਹਮਲਾ ਫਿਰ ਤੋਂ ਹੋ ਸਕਦਾ ਹੈ। ਅਜਿਹੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਆਪਣੇ ਕੋਲ ਹਮੇਸ਼ਾ ਇੱਕ ਚਾਕੂ ਰੱਖਣ।
ਅਜਗਰਾਂ ਦੇ ਮਨੁੱਖਾਂ ਉੱਤੇ ਹਮਲੇ ਕਿਉਂ ਵਧ ਰਹੇ ਹਨ?
ਦੱਖਣ ਸੁਲਾਵੇਸੀ ਵਾਤਾਵਰਣ ਸੰਸਥਾ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਜੰਗਲਾਂ ਦੀ ਕਟਾਈ ਅਤੇ ਜਾਨਵਰਾਂ ਦੇ ਹਮਲਿਆਂ ਵਿਚਕਾਰ ਮਜ਼ਬੂਤ ਸੰਬੰਧ ਹੈ।
ਸੰਸਥਾ ਦੇ ਨਿਰਦੇਸ਼ਕ, ਮੁਹੰਮਦ ਅਲ ਅਮੀਨ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਖਣਨ ਅਤੇ ਖੇਤੀ ਲਈ ਜ਼ਮੀਨ ਤੋਂ ਦਰਖ਼ਤਾਂ ਦੀ ਕਟਾਈ ਦਾ ਰੁਝਾਨ ਕਾਫ਼ੀ ਵਧ ਗਿਆ ਹੈ।

ਤਸਵੀਰ ਸਰੋਤ, LUWU POLICE STATION
ਉਨ੍ਹਾਂ ਨੇ ਕਿਹਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਜਾਨਵਰਾਂ ਕੋਲ ਖਾਣ ਦੇ ਵਿਕਲਪ ਘੱਟ ਹੋਣ ਲਗਦੇ ਹਨ। ਸ਼ਿਕਾਰ ਦੀ ਭਾਲ ਵਿੱਚ ਇਹ ਇਨਸਾਨੀ ਅਬਾਦੀ ਵਾਲੇ ਇਲਾਕਿਆਂ ਵਿੱਚ ਆ ਜਾਂਦੇ ਹਨ, ਇੱਥੋਂ ਤੱਕ ਕਿ ਉਹ ਇਨਸਾਨਾਂ ਉੱਤੇ ਸਿੱਧਾ ਹਮਲਾ ਵੀ ਕਰ ਦਿੰਦੇ ਹਨ।
ਪੁਲਿਸ ਮੁਖੀ ਇਦੁਲ ਨੇ ਕਿਹਾ ਕਿ ਲੋਕਾਂ ਨੂੰ ਸ਼ੱਕ ਹੈ ਕਿ ਜੰਗਲੀ ਸੂਰਾਂ ਦੇ ਕਾਰਨ ਅਜਗਰ ਰਸਤੇ ਵਿੱਚ ਘਾਤ ਲਾਈ ਬੈਠਾ ਸੀ।
ਅਜਗਰ ਜੰਗਲੀ ਸੂਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਹਾਲਾਂਕਿ ਹੁਣ ਉੱਥੋਂ ਦੇ ਜੰਗਲਾਂ ਵਿੱਚ ਸੂਰਾਂ ਦੀ ਸੰਖਿਆ ਘੱਟ ਹੋ ਰਹੀ ਹੈ।
ਪੁਲਿਸ ਮੁਖੀ ਇਦੁਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੰਗਲਾ ਦੇ ਨਜ਼ਦੀਕੀ ਇਲਾਕਿਆਂ ਵਿੱਚ ਇਕੱਲੇ ਜਾਣ ਤੋਂ ਬਚਣ।

ਅਜਗਰ ਇਨਸਾਨ ਨੂੰ ਕਿਵੇਂ ਖਾ ਸਕਦਾ ਹੈ?
ਇੰਡੋਨੇਸ਼ੀਆ ਵਿੱਚ ਲੋਕਾਂ ਦੀ ਜਾਨ ਲੈਣ ਵਾਲੇ ਅਜਗਰ, ਜਾਲੀਦਾਰ ਹਨ। ਇਹ ਅਜਗਰ ਬਹੁਤ ਲੰਬੇ ਹੁੰਦੇ ਹਨ। ਇਨ੍ਹਾਂ ਦੀ ਲੰਬਾਈ 10 ਮੀਟਰ ਤੋਂ ਜ਼ਿਆਦਾ ਹੋ ਸਕਦੀ ਹੈ।
ਇਨ੍ਹਾਂ ਅਜਗਰਾਂ ਦੀ ਤਾਕਤ ਦੀ ਤੁਲਨਾ ਇਨਸਾਨਾਂ ਨਾਲ ਨਹੀਂ ਕੀਤੀ ਜਾ ਸਕਦੀ, ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ।
ਇਹ ਅਜਗਰ ਘਾਤ ਲਾ ਕੇ ਹਮਲਾ ਕਰਦੇ ਹਨ। ਇਹ ਪਹਿਲਾਂ ਆਪਣੇ ਸ਼ਿਕਾਰ ਨੂੰ ਚਾਰੇ ਪਾਸਿਆਂ ਤੋਂ ਵਲੇਟਾ ਪਾ ਲੈਂਦੇ ਹਨ ਅਤੇ ਉਸ ਨੂੰ ਘੁੱਟ ਕੇ ਮਾਰ ਦਿੰਦੇ ਹਨ।

ਤਸਵੀਰ ਸਰੋਤ, LUWU POLICE STATION
ਚਾਰੇ ਪਾਸੇ ਤੋਂ ਘੁੱਟ ਜਾਣ ਕਾਰਨ ਸ਼ਿਕਾਰ ਦਾ ਸਾਹ ਘੁੱਟਿਆ ਜਾਂਦਾ ਹੈ ਅਤੇ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ। ਇਸ ਤੋਂ ਬਾਅਦ ਅਜਗਰ ਉਸ ਨੂੰ ਢਿੱਲਾ ਕਰਦੇ ਹਨ ਅਤੇ ਹੌਲੀ-ਹੌਲੀ ਉਸ ਨੂੰ ਪੂਰਾ ਹੀ ਨਿਗਲ ਜਾਂਦੇ ਹਨ।
ਅਜਗਰ ਦਾ ਜਬੜਾ ਬਹੁਤ ਲਚਕੀਲਾ ਹੁੰਦਾ ਹੈ। ਇਸ ਲਈ ਉਸ ਵਿੱਚ ਵੱਡਾ ਸ਼ਿਕਾਰ ਵੀ ਸੌਖਿਆਂ ਹੀ ਸਮਾ ਜਾਂਦਾ ਹੈ।
ਮੈਰੀ-ਰੂਥ ਲੋ ਅਜਗਰਾਂ ਦੇ ਮਾਹਰ ਹਨ ਅਤੇ ਸਿੰਗਾਪੁਰ ਵਣਜੀਵ ਰੱਖਿਆ ਵਿੱਚ ਸੁਰੱਖਿਆ ਅਤੇ ਖੋਜ ਅਫ਼ਸਰ ਹਨ
ਉਨ੍ਹਾਂ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਜਗਰ ਦੇ ਲਈ ਸ਼ਿਕਾਰ ਨੂੰ ਖਾਣ ਵਿੱਚ ਹੱਡੀਆਂ ਦਿੱਕਤ ਬਣਦੀਆਂ ਹਨ।
ਉਹ ਕਹਿੰਦੇ ਹਨ, “ਅਜਗਰ ਸਤਨਧਾਰੀ ਜੀਵਾਂ ਦਾ ਸ਼ਿਕਾਰ ਕਰ ਸਕਦੇ ਹਨ। ਉਹ ਕਦੇ-ਕਦੇ ਮਗਰਮੱਛਾਂ ਅਤੇ ਰੀਂਗਣ ਵਾਲੇ ਜੀਵਾਂ ਦਾ ਵੀ ਸ਼ਿਕਾਰ ਕਰਦੇ ਹਨ। ਆਮ ਤੌਰ ਉੱਤੇ ਉਹ ਚੂਹੇ ਅਤੇ ਹੋਰ ਛੋਟੇ ਜਾਨਵਰ ਖਾਂਦੇ ਹਨ।“
“ਲੇਕਿਨ ਜਦੋਂ ਉਹ ਇੱਕ ਨਿਸ਼ਚਿਤ ਲੰਬਾਈ ਦੇ ਹੋ ਜਾਂਦੇ ਹਨ ਤਾਂ ਚੂਹਿਆਂ ਨਾਲ ਉਨ੍ਹਾਂ ਦਾ ਕੰਮ ਨਹੀਂ ਚਲ ਸਕਦਾ। ਉਹ ਆਪਣੇ ਬਰਾਬਰ ਦੇ ਸ਼ਿਕਾਰ ਨੂੰ ਵੀ ਖਾ ਸਕਦੇ ਹਨ। ਇਸ ਵਿੱਚ ਸੂਰ ਅਤੇ ਗਾਂ ਵਰਗੇ ਜਾਨਵਰ ਵੀ ਹੋ ਸਕਦੇ ਹਨ।”












