ਯੂਕੇ: ਖਾਲਿਸਤਾਨ ਤੇ ਕਸ਼ਮੀਰ ਮੁੱਦੇ ਉੱਤੇ ਕੀ ਹੈ ਲੇਬਰ ਪਾਰਟੀ ਅਤੇ ਨਵੇਂ ਪ੍ਰਧਾਨ ਮੰਤਰੀ ਦੀ ਰਾਇ

ਕੀਅਰ ਸਟਾਰਮਰ

ਤਸਵੀਰ ਸਰੋਤ, Tolga Akmen

ਤਸਵੀਰ ਕੈਪਸ਼ਨ, ਲੇਬਰ ਪਾਰਟੀ ਦੇ ਆਗੂ ਕੀਅਰ ਸਟਾਰਮਰ ਨਵੇਂ ਪ੍ਰਧਾਨ ਮੰਤਰੀ ਬਣੇ ਹਨ

ਬ੍ਰਿਟਿਸ਼ ਸੰਸਦ ਲਈ ਹੋਈਆਂ ਚੋਣਾਂ ਦੇ ਨਤੀਜੇ ਸ਼ੁੱਕਰਵਾਰ ਨੂੰ ਆ ਗਏ। ਇਸ ਵਿੱਚ ਲੇਬਰ ਪਾਰਟੀ ਨੇ ਪਿਛਲੇ 14 ਸਾਲਾਂ ਤੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਹੈ।

ਚੋਣਾਂ ਵਿੱਚ ਬ੍ਰਿਟੇਨ ਦੀ 650 ਸੀਟਾਂ ਵਾਲੀ ਸੰਸਦ (ਹਾਊਸ ਆਫ਼ ਕਾਮਨਜ਼) ਵਿੱਚ ਲੇਬਰ ਪਾਰਟੀ ਨੇ 412 ਸੀਟਾਂ ਜਿੱਤੀਆਂ ਹਨ ਅਤੇ ਪਾਰਟੀ ਦੇ ਆਗੂ ਕੀਅਰ ਸਟਾਰਮਰ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ।

ਲੇਬਰ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਭਾਰਤ ਨਾਲ ਉਸਦੇ ਰਿਸ਼ਤਿਆਂ ਬਾਰੇ ਵੱਖੋ-ਵੱਖ ਕਿਆਸ ਲਾਏ ਜਾ ਰਹੇ ਹਨ। ਕਿਉਂਕਿ ਕਸ਼ਮਰੀਰ, ਕਸ਼ਮੀਰ ਵਿੱਚ ਮਨੁੱਖੀ ਹਕੂਕ, ਖਾਲਿਸਤਾਨ ਵਰਗੇ ਕਈ ਮੁੱਦਿਆਂ ਉੱਤੇ ਲੇਬਰ ਅਤੇ ਕੰਜ਼ਰਵੇਟਿਵ ਪਾਰਟੀ ਦੀ ਰਾਇ ਵੱਖੋ-ਵੱਖ ਰਹੀ ਹੈ।

ਉਨ੍ਹਾਂ ਤੋਂ ਪਿਛਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸਰਕਾਰ, ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਕਰ ਰਹੀ ਸੀ। ਉੱਥੇ ਹੀ ਕਸ਼ਮਰ ਮੁੱਦੇ ਉੱਤੇ ਵੀ ਉਨ੍ਹਾਂ ਨੇ ਦਖ਼ਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਬ੍ਰਿਟਿਸ਼ ਸੰਸਦ ਵਿੱਚ ਪਾਕਿਸਤਾਨੀ ਮੂਲ ਦੇ ਲੇਬਰ ਪਾਰਟੀ ਦੇ ਆਗੂ ਇਹ ਮੁੱਦਾ ਪਹਿਲਾਂ ਵੀ ਚੁੱਕਦੇ ਰਹੇ ਹਨ ਅਤੇ ਰਿਸ਼ੀ ਸੁਨਕ ਸਰਕਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਹਿੰਦੇ ਰਹੇ ਹਨ।

ਲੇਕਿਨ ਰਿਸ਼ੀ ਸੁਨਕ ਇਨ੍ਹਾਂ ਸਵਾਲਾਂ ਬਾਰੇ ਸਾਫ਼ ਕਰ ਚੁੱਕੇ ਹਨ ਕਿ ਕਸ਼ਮੀਰ ਦੁਵੱਲਾ ਮਸਲਾ ਹੈ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਦਾ ਦਖ਼ਲ ਸਹੀ ਨਹੀਂ ਹੈ।

ਢਾਈ ਦਹਾਕੇ ਪਹਿਲਾਂ ਤੋਂ ਰਿਹਾ ਹੈ ਸੰਬੰਧਾਂ ਵਿੱਚ ਤਣਾਅ

ਲੇਕਿਨ ਭਾਰਤ ਨਾਲ ਰਿਸ਼ਤਿਆਂ ਬਾਰੇ ਲੇਬਰ ਪਾਰਟੀ ਦਾ ਸਟੈਂਡ ਕੁਝ ਸਮਾਂ ਪਹਿਲਾਂ ਤੱਕ ਵੱਖਰਾ ਰਿਹਾ ਹੈ। ਇਸਦੀ ਮਿਸਾਲ 1997 ਵਿੱਚ ਦੇਖਣ ਨੂੰ ਮਿਲੀ ਜਦੋਂ ਭਾਰਤ ਆਪਣੀ ਅਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ।

ਉਸ ਸਮੇਂ ਮਹਾਰਾਣੀ ਐਲਿਜ਼ਾਬੇਥ ਅਤੇ ਰਾਜਕੁਮਾਰ ਫਿਲਿਪ ਦੇ ਭਾਰਤ ਆਉਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ। ਬ੍ਰਿਟੇਨ ਵਿੱਚ ਉਸ ਸਮੇਂ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਅਗਵਾਈ ਵਿੱਚ ਲੇਬਰ ਪਾਰਟੀ ਦੀ ਸਰਕਾਰ ਸੀ।

ਉਸ ਸਮੇਂ ਭਾਰਤ ਪਹੁੰਚਣ ਤੋਂ ਪਹਿਲਾਂ ਮਹਾਰਾਣੀ ਪਾਕਿਸਤਾਨ ਵਿੱਚ ਉੱਤਰੇ ਅਤੇ ਉੱਥੇ ਕਸ਼ਮੀਰ ਮੁੱਦੇ ਉੱਤੇ ਬਿਆਨ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਦੋਵਾ ਮੁਲਕਾਂ ਨੂੰ ਆਪਸੀ ਗੱਲਬਾਤ ਰਾਹੀਂ ਇਹ ਮੁੱਦਾ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਦੇ ਨਾਲ ਗਏ ਵਿਦੇਸ਼ ਮੰਤਰੀ ਰਾਬਿਨ ਕੁੱਕ ਨੇ ਸਾਲਸੀ ਦੀ ਤਜਵੀਜ਼ ਵੀ ਦੇ ਦਿੱਤੀ।

ਭਾਰਤ ਨੇ ਇਸ ਉੱਤੇ ਤਿੱਖੀ ਟਿੱਪਣੀ ਕੀਤੀ ਅਤੇ ਕਿਹਾ “ਲਗਦਾ ਹੈ ਕਿ ਬ੍ਰਿਟੇਨ ਆਪਣੇ ਸਾਮਰਾਜਵਾਦੀ ਇਤਿਹਾਸ ਨੂੰ ਭੁੱਲ ਨਹੀਂ ਸਕਿਆ ਹੈ।”

ਬਾਅਦ ਵਿੱਚ ਟੋਨੀ ਬਲੇਅਰ ਨੇ ਭਰੋਸਾ ਦਿੱਤਾ, “ਕਸ਼ਮੀਰ ਬਾਰੇ ਬ੍ਰਿਟੇਨ ਦੀ ਨੀਤੀ ਦਾ ਸਾਰ ਇਹੀ ਹੈ ਕਿ ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।”

ਕਸ਼ਮੀਰ ਮੁੱਦੇ ਬਾਰੇ ਲੇਬਰ ਪਾਰਟੀ ਦੀ ਰੁਖ਼

11 ਅਗਸਤ 2019 ਨੂੰ ਲੇਬਰ ਪਾਰਟੀ ਦੇ ਪ੍ਰਧਾਨ ਰਹੇ ਜੇਰਿਮੀ ਕੌਰਬਿਨ ਨੇ ਇੱਕ ਟਵੀਟ ਕਰਕੇ ਕਿਹਾ ਕਿ ਕਸ਼ਮੀਰ ਵਿੱਚ ਸਥਿਤੀ “ਪਰੇਸ਼ਾਨ ਕਰਨ ਵਾਲੀ ਹੈ”।

ਉਨ੍ਹਾਂ ਨੇ ਭਾਰਤ ਨੂੰ ਅਪੀਲ ਕੀਤੀ ਕਿ ਇੱਥੇ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਖ਼ਤਮ ਹੋਵੇ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੇ ਤਹਿਤ ਮਾਮਲੇ ਦਾ ਹੱਲ ਲੱਭਿਆ ਜਾਵੇ।

ਉਨ੍ਹਾਂ ਦਾ ਇਹ ਟਵੀਟ ਭਾਰਤ ਵੱਲੋਂ ਜੰਮੂ-ਕਸ਼ਮੀਰ ਨੂੰ ਖਾਸ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਨੂੰ ਹਟਾਏ ਜਾਣ ਦੇ ਫੈਸਲੇ ਤੋਂ ਬਾਅਦ ਆਇਆ ਸੀ।

ਭਾਰਤ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ।

ਕੌਰਬਿਨ ਦਾ ਟਵੀਟ ਕਸ਼ਮੀਰ ਮੁੱਦੇ ਉੱਤੇ ਲੇਬਰ ਪਾਰਟੀ ਦੇ ਮੁਤਾਬਕ ਹੀ ਸੀ, ਜਿਸਦੇ ਅਨੁਸਾਰ ਜੰਮੂ-ਕਸ਼ਮੀਰ ਦੇ ਮੁੱਦੇ ਦਾ ਹੱਲ ਸੰਯੁਕਤ ਰਾਸ਼ਟਰ ਦੇ ਮਾਮਲੇ ਦਾ ਹੱਲ ਮਤਿਆਂ ਦੇ ਤਹਿਤ ਹੋ ਸਕਦਾ ਹੈ।

ਇਸ ਤੋਂ ਬਾਅਦ ਕਰੀਬ 100 ਭਾਰਤੀ ਮੂਲ ਦੇ ਬ੍ਰਿਟਿਸ਼ ਲੋਕਾਂ ਨੇ ਕੌਰਬਿਨ ਨੂੰ ਚਿੱਠੀ ਲਿਖ ਕੇ ਇਸ ਉੱਤੇ ਇਤਰਾਜ਼ ਜ਼ਾਹਰ ਕੀਤਾ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਤੋਂ ਬਾਅਦ 25 ਸਤੰਬਰ ਨੂੰ ਲੇਬਰ ਪਾਰਟੀ ਦੇ ਸਲਾਨਾ ਸਮਾਗਮ ਹੋਇਆ, ਜਿਸ ਵਿੱਚ ਇੱਕ ਹੰਗਾਮੀ ਮਤਾ ਪਾਸ ਕੀਤਾ ਗਿਆ।

ਇਸ ਵਿੱਚ ਕਿਹਾ ਗਿਆ, “ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਹੋ ਰਹੀ ਹੈ।” ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਕੌਮਾਂਤਰੀ ਅਬਜ਼ਰਵਰਾਂ ਨੂੰ “ਕਸ਼ਮੀਰ ਜਾਣ ਦੀ ਇਜਾਜ਼ਤ” ਦਿੱਤੀ ਜਾਵੇ। ਕਸ਼ਮੀਰ ਦੇ ਲੋਕਾਂ ਨੂੰ ਆਪਣੇ ਲਈ ਫੈਸਲਾ ਲੈਣ ਦਾ ਹੱਕ ਦਿੱਤਾ ਜਾਵੇ।

ਪਾਰਟੀ ਦੇ ਸਲਾਨਾ ਸਮਾਗਮ ਵਿੱਚ ਇਹ ਮਤਾ ਪਾਸ ਹੋ ਗਿਆ ਲੇਕਿਨ ਮਾਮਲਾ ਇੱਥੋਂ ਹੀ ਹੱਥ ਵਿੱਚੋਂ ਤਿਲਕਣ ਲੱਗਿਆ। ਲੇਬਰ ਪਾਰਟੀ ਦੇ ਮਤੇ ਬਾਰੇ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕਾਂ ਨੇ ਪਾਰਟੀ ਦੇ ਵਿਰੋਧ ਵਿੱਚ ਅਵਾਜ਼ ਚੁੱਕਣੀ ਸ਼ੁਰੂ ਕੀਤੀ।

ਉਨ੍ਹਾਂ ਨੇ ਕੌਰਬਿਨ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਲੇਬਰ ਪਾਰਟੀ ਦਾ ਵਤੀਰਾ ਭਾਰਤ ਵਿਰੋਧੀ ਹੈ ਅਤੇ ਉਹ ਇਸ ਤੋਂ ਨਰਾਜ਼ ਹਨ।

ਜੇਰਿਮੀ ਕੌਰਬਿਨ
ਤਸਵੀਰ ਕੈਪਸ਼ਨ, ਜੇਰਿਮੀ ਕੌਰਬਿਨ ਨੇ ਕਸ਼ਮੀਰ ਵਿੱਚ ਮਨੁੱਖੀ ਹਕੂਕਾਂ ਦੀ ਉਲੰਘਣਾਂ ਦਾ ਮੁੱਦਾ ਚੁੱਕਿਆ ਸੀ

ਕਸ਼ਮੀਰ ਮੁੱਦੇ ਉੱਤੇ ਲੇਬਰ ਪਾਰਟੀ ਦਾ ਯੂ-ਟਰਨ

ਵਧਦੇ ਵਿਰੋਧ ਕਾਰਨ ਲੇਬਰ ਪਾਰਟੀ ਦੀ ਚਿੰਤਾ ਵਧਣ ਲੱਗੀ ਕਿਉਂਕਿ ਇਸਦੇ ਸਮਰਥਕਾਂ ਵਿੱਚ ਭਾਰਤੀ ਮੂਲ ਦੇ ਲੋਕ ਵੱਡੀ ਸੰਖਿਆ ਵਿੱਚ ਸ਼ਾਮਲ ਹਨ।

ਲੇਬਰ ਪਾਰਟੀ ਦੇ ਚੇਅਰਮੈਨ ਇਆਨ ਲੇਵਰੀ ਨੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਚਿੱਠੀ ਲਿਖ ਕੇ ਕਿਹਾ, “ਲੇਬਰ ਪਾਰਟੀ ਕਿਸੇ ਵੀ ਦੇਸ ਦੇ ਸਿਆਸੀ ਮਾਮਲਿਆਂ ਵਿੱਚ ਬਾਹਰੀ ਮੁਲਕ ਦੇ ਦਖ਼ਲ ਦਾ ਵਿਰੋਧ ਕਰਦੀ ਹੈ।”

ਉਨ੍ਹਾਂ ਨੇ ਲਿਖਿਆ, “ਅਸੀਂ ਮੰਨਦੇ ਹਾਂ ਕਿ ਆਪਣੇ ਭਵਿੱਖ ਲਈ ਕਸ਼ਮੀਰੀਆਂ ਦੇ ਆਪਣੇ ਹੱਕ ਹਨ, ਪਰ ਕਸ਼ਮੀਰ ਇੱਕ ਦੁਵੱਲਾ ਮਸਲਾ ਹੈ ਜਿਸ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਹੱਲ ਕਰਨਾ ਚਾਹੀਦਾ ਹੈ।”

ਉਨ੍ਹਾਂ ਨੇ ਸਾਫ਼ ਕੀਤਾ,“ਕਸ਼ਮੀਰ ਮਸਲੇ ਉੱਤੇ ਲੇਬਰ ਪਾਰਟੀ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਦਾ ਸਮਰਥਨ ਕਰਦੀ ਹੈ।”

ਹਾਲਾਂਕਿ ਮੰਨਿਆ ਜਾਂਦਾ ਹੈ ਕਿ 2019 ਦੀ ਘਟਨਾ ਤੋਂ ਬਾਅਦ ਲੇਬਰ ਪਾਰਟੀ ਨੂੰ ਭਾਰਤ ਵਿਰੋਧੀ ਦੇ ਰੂਪ ਵਿੱਚ ਦੇਖਿਆ ਜਾਣ ਲੱਗਿਆ।

ਜੇਰਿਮੀ ਕੌਰਬਿਨ ਦੀ ਅਗਵਾਈ ਵਿੱਚ ਪਾਸ ਹੋਏ ਕਸ਼ਮੀਰ ਮਤੇ ਦੇ ਕਾਰਨ ਲੇਬਰ ਪਾਰਟੀ ਨੂੰ ਉੱਥੇ ਰਹਿਣ ਵਾਲੇ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦਾ ਉਨਾਂ ਸਮਰਥਨ ਨਹੀਂ ਮਿਲ ਸਕਿਆ ਅਤੇ ਪਾਰਟੀ ਨੂੰ ਚੋਣਾਂ ਵਿੱਚ 59 ਸੀਟਾਂ ਦਾ ਨੁਕਸਾਨ ਹੋਇਆ।

2019 ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 365 ਸੀਟਾਂ ਮਿਲੀਆਂ ਸਨ ਜਦਕਿ ਲੇਬਰ ਪਾਰਟੀ ਦੇ ਖਾਤੇ ਵਿੱਚ 203 ਸੀਟਾਂ ਆਈਆਂ। ਕੰਜ਼ਰਵੇਟਿਵ ਪਾਰਟੀ ਨੂੰ 47 ਸੀਟਾਂ ਦਾ ਫਾਇਦਾ ਹੋਇਆ ਸੀ।

ਲੇਬਰ ਪਾਰਟੀ ਦੇ ਚੇਅਰਮੈਨ ਇਆਨ ਲੇਵਰੀ

ਤਸਵੀਰ ਸਰੋਤ, ANTHONY DEVLIN/BLOOMBERG VIA GETTY IMAGES

ਤਸਵੀਰ ਕੈਪਸ਼ਨ, ਲੇਬਰ ਪਾਰਟੀ ਦੇ ਚੇਅਰਮੈਨ ਇਆਨ ਲੇਵਰੀ

ਇਸ ਤੋਂ ਕੁਝ ਮਹੀਨੇ ਬਾਅਦ 30 ਅਪ੍ਰੈਲ 2020 ਨੂੰ ਕੀਅਰ ਸਮਾਰਟਰ ਨੇ ਲੇਬਰ ਫਰੈਂਡਸ ਆਫ ਇੰਡੀਆ ਗਰੁੱਪ ਵਾਲਿਆਂ ਨਾਲ ਮੁਲਾਕਾਤ ਕੀਤੀ

ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਭਾਰਤ ਨਾਲ ਜੁੜੇ ਸਾਰੇ ਸੰਵਿਧਾਨਕ ਮਸਲੇ, ਭਾਰਤੀ ਸੰਸਦ ਦੇ ਮਸਲੇ ਹਨ ਅਤੇ ਕਸ਼ਮੀਰ ਦੁਵੱਲਾ ਮਸਲਾ ਹੈ, ਜਿਸ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਪੁਰ ਅਮਨ ਤਰੀਕੇ ਨਾਲ ਹੱਲ ਕਰਨਾ ਚਾਹੀਦਾ ਹੈ। ਲੇਬਰ ਪਾਰਟੀ ਇੱਕ ਇੰਟਰਨੈਸ਼ਨਲਿਸਟ ਪਾਰਟੀ ਹੈ ਅਤੇ ਮਨੁੱਖੀ ਹੱਕਾਂ ਲਈ ਹਮੇਸ਼ਾ ਖੜ੍ਹੀ ਹੈ।”

ਉਨ੍ਹਾਂ ਨੇ ਇਸ ਦੌਰਾਨ ਕਿਹਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਭਾਰਤ ਦੇ ਨਾਲ ਹੋਰ ਵੀ ਮਜ਼ਬੂਤ ਵਪਾਰਕ ਰਿਸ਼ਤੇ ਬਣਾਉਣਗੇ ਅਤੇ ਪੌਣ-ਪਾਣੀ ਦੀ ਤਬਦੀਲੀ ਵਰਗੇ ਮਸਲਿਆਂ ਉੱਤੇ ਕੌਮਾਂਤਰੀ ਮੰਚਾਂ ਉੱਤੇ ਮਿਲ ਕੇ ਕੰਮ ਕਰਨਗੇ।

ਲੇਕਿਨ ਇਸ ਬਿਆਨ ਨਾਲ ਵਿਵਾਦ ਰੁਕਿਆ ਨਹੀਂ। ਮੁਸਲਿਮ ਕਾਊਂਸਲ ਆਫ ਬ੍ਰਿਟੇਨ ਨੇ ਉਨ੍ਹਾਂ ਦੇ ਇਸ ਬਿਆਨ ਦੇ ਬਾਰੇ ਸਪੱਸ਼ਟੀਕਰਨ ਮੰਗਿਆ।

ਜਵਾਬ ਵਿੱਚ ਕੀਅਰ ਸਟਾਰਮਰ ਨੇ ਲਿਖਿਆ, “ਕਸ਼ਮੀਰ ਵਿੱਚ ਸਾਡਾ ਵਤੀਰਾ ਨਹੀਂ ਬਦਲਿਆ ਹੈ। ਅਸੀਂ ਕਸ਼ਮੀਰੀ ਲੋਕਾਂ ਦੇ ਹੱਕਾਂ ਉੱਤੇ ਸੰਯੁਕਤ ਰਾਸ਼ਟਰ ਦੇ ਪਿਛਲੇ ਮਤਿਆਂ ਦੀ ਹਮਾਇਤ ਕਰਦੇ ਹਾਂ ਅਤੇ ਉਨ੍ਹਾਂ ਨੂੰ ਮਾਨਤਾ ਦਿੰਦੇ ਹਾਂ। ਲੇਕਿਨ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਸੰਘਰਸ਼ ਦੇ ਅੰਤ ਲਈ ਸਥਾਈ ਹੱਲ ਵੀ ਤਾਂ ਹੀ ਮਿਲ ਸਕੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਅਤੇ ਕਸ਼ਮੀਰ ਦੇ ਲੋਕ ਇਕੱਠੇ ਮਿਲ ਕੇ ਕੰਮ ਕਰ ਸਕਣ।”

ਯੂਕੇ, ਲੇਬਰ ਅਤੇ ਖਾਲਿਸਤਾਨ ਦਾ ਮੁੱਦਾ

ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਮੁਜ਼ਾਹਰਾ

ਤਸਵੀਰ ਸਰੋਤ, GAGGAN SABHERWAL

ਤਸਵੀਰ ਕੈਪਸ਼ਨ, ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਮੁਜ਼ਾਹਰਾ

ਬ੍ਰਿਟੇਨ ਵਿੱਚ ਖਾਲਿਸਤਾਨ ਦਾ ਮੁੱਦਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿਛਲੇ ਸਾਲ ਮਾਰਚ ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਮੁਜ਼ਾਹਰਾਕਾਰੀਆਂ ਨੇ ਇੱਕ ਵੱਡੇ ਸਮੂਹ ਨੇ ਮੁਜ਼ਾਹਰਾ ਕੀਤਾ। ਇਸ ਵਿੱਚ ਬ੍ਰਿਟੇਨ ਦੇ ਸਿੱਖ ਭਾਈਚਾਰੇ ਦੇ ਕਈ ਲੋਕ ਸ਼ਾਮਲ ਸਨ।

ਇਨ੍ਹਾਂ ਵਿੱਚੋਂ ਕਈ ਜਣਿਆਂ ਨੇ ਹੱਥਾਂ ਵਿੱਚ ਖਾਲਿਸਤਾਨ ਪੱਖੀ ਝੰਡੇ ਚੁੱਕੇ ਹੋਏ ਸਨ। ਕਈ ਲੋਕ ਵਾਰਿਸ ਪੰਜਾਬ ਦੇ ਸੰਗਠਨ ਦੇ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਖਿਲਾਫ ਹੋ ਰਹੀ ਕਨੂੰਨੀ ਕਾਰਵਾਈ ਨੂੰ ਰੋਕਣ ਦੀ ਮੰਗ ਕਰ ਰਹੇ ਸਨ।

ਲੇਬਰ ਪਾਰਟੀ ਨੇ ਕੁਝ ਆਗੂਆਂ ਉੱਤੇ ਖਾਲਿਸਤਾਨ ਦੀ ਹਮਾਇਤ ਦਾ ਇਲਜ਼ਾਮ ਵੀ ਲਾਇਆ ਜਾਂਦਾ ਰਿਹਾ ਹੈ।

ਬਕਿੰਘਮ ਅਜਬੈਸਟਨ ਤੋਂ ਜਿੱਤ ਕੇ ਹਾਊਸ ਆਫ ਕਾਮਨਜ਼ ਪਹੁੰਚੇ ਪ੍ਰੀਤ ਕੌਰ ਗਿੱਲ ਨੂੰ ਖਾਲਿਸਾਨ ਹਮਾਇਤੀ ਮੰਨਿਆ ਜਾਂਦਾ ਹੈ। ਇਸ ਸਾਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਨਾਲ ਉਨ੍ਹਾਂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਆਪ ਪਾਰਟੀ ਨੂੰ ਘੇਰਿਆ ਸੀ।

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਤਸਵੀਰ ਟਵੀਟ ਕਰਦਿਆਂ ਲਿਖਿਆ, “ਰਾਘਵ ਚੱਢਾ ਅਤੇ ਪ੍ਰੀਤ ਕੌਰ ਗਿੱਲ, ਇੱਕਠੇ ਕੀ ਕਰ ਰਹੇ ਹਨ। ਜੋ ਖੁੱਲ੍ਹੇਆਮ ਵੱਖਵਾਦ ਦੀ ਹਮਾਇਤ ਕਰਦੇ ਹਨ। ਬ੍ਰਿਟੇਨ ਵਿੱਚ ਕੇ ਲਈ ਧਨ ਜੁਟਾਉਂਦੇ ਹਨ, ਲੰਡਨ ਵਿੱਚ ਇੰਡੀਆ ਹਾਊਸ ਦੇ ਬਾਹਰ ਹਿੰਸਕ ਮੁਜ਼ਾਹਰੇ ਨੂੰ ਫੰਡ ਦਿੰਦੇ ਹਨ। ਆਪਣੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਭਾਰਤ ਵਿਰੋਧੀ, ਮੋਦੀ ਵਿਰੋਧੀ, ਹਿੰਦੂ ਵਿਰੋਧੀ ਸਮਗੱਰੀ ਪੋਸਟ ਕਰਦੇ ਹਨ।”

ਪ੍ਰੀਤ ਕੌਰ ਗਿੱਲ ਨੇ ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਹਾਊਸ ਆਫ ਕਾਮਨਜ਼ ਵਿੱਚ ਇਲਜ਼ਾਮ ਲਾਇਆ ਸੀ ਕਿ ਭਾਰਤ ਨਾਲ ਸੰਬੰਧਿਤ ਏਜੰਟ ਯੂਕੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਇਸ ਸਿਲਸਿਲੇ ਵਿੱਚ ਬ੍ਰਿਟੇਨ ਦੇ ਰੱਖਿਆ ਮੰਤਰੀ ਤੋਂ ਜਵਾਬ ਮੰਗਿਆ ਸੀ।

ਪ੍ਰੀਤ ਕੌਰ ਗਿੱਲ

ਤਸਵੀਰ ਸਰੋਤ, UK PARLIAMENT

ਤਸਵੀਰ ਕੈਪਸ਼ਨ, ਪ੍ਰੀਤ ਕੌਰ ਗਿੱਲ, ਯੂਕੇ ਦੀ ਸੰਸਦ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਹਨ

ਇਸ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ (ਜੱਗੀ ਜੌਹਲ) ਦੀ ਰਿਹਾਈ ਦੀ ਮੰਗ ਕੀਤੀ ਸੀ। ਕਤਲ ਦੇ ਕਥਿਤ ਮਾਮਲਿਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਜਗਤਾਰ ਸਿੰਘ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।

ਲੇਬਰ ਪਾਰਟੀ ਦੀ ਇੱਕ ਹੋਰ ਕਾਊਂਸਲਰ ਪਰਬਿੰਦਰ ਕੌਰ ਨੇ ਖ਼ਾਲਿਸਤਾਨ ਦੀ ਹਮਾਇਤ ਕਰ ਰਹੇ ਬੱਬਰ ਖ਼ਾਲਸਾ ਕਾਰਕੁਨ ਨੂੰ ਸੋਸ਼ਲ ਮੀਡੀਆ ਉੱਤੇ ਸ਼ਰਧਾਂਜਲੀ ਦਿੱਤੀ ਸੀ ਜਿਸ ਲਈ ਪਾਰਟੀ ਨੇ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕੀਤੀ ਸੀ।

ਬੱਬਰ ਖ਼ਾਲਸਾ ਜਥੇਬੰਦੀ ਨੂੰ 1985 ਵਿੱਚ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਬੰਬ ਨਾਲ ਉਡਾਉਣ ਲਈ ਜਾਣਿਆ ਜਾਂਦਾ ਹੈ। ਇਸ ਦੌਰਾਨ 329 ਜਣਿਆਂ ਦੀ ਮੌਤ ਹੋ ਗਈ ਸੀ।

ਇਸ ਤੋਂ ਪਹਿਲਾਂ 2022 ਵਿੱਚ ਉਨ੍ਹਾਂ ਨੇ ਦਿਲਾਵਰ ਸਿੰਘ ਬੱਬਰ ਨਾਮ ਦੇ ਇੱਕ ਪੁਲਿਸ ਅਫ਼ਸਰ ਨੂੰ ਸ਼ਹੀਦ ਕਿਹਾ ਸੀ।

ਦਿਲਾਵਰ ਸਿੰਘ ਨੇ ਖੁਦਕੁਸ਼ ਹਮਲੇ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਿਆ ਸੀ।

ਉੱਥੇ ਹੀ ਸਲੋਹ ਤੋਂ ਲੇਬਰ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਵੀ ਜੰਮੂ-ਕਸ਼ਮੀਰ ਤੋਂ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਗਲਤ ਦੱਸਿਆ ਸੀ।

11 ਅਗਸਤ 2019 ਨੂੰ ਜੇਰਿਮੀ ਕੌਰਬਿਨ ਦੇ ਟਵੀਟ ਨੂੰ ਉਨ੍ਹਾਂ ਨੇ ਰੀਟਵੀਟ ਕੀਤਾ ਸੀ। ਉਹ ਕਈ ਵਾਰ ਬ੍ਰਿਟੇਨ ਦੀ ਸੰਸਦ ਵਿੱਚ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਮੁੱਦਾ ਚੁੱਕਦੇ ਰਹੇ ਹਨ।

ਭਾਰਤ ਵਿੱਚ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਹੋਏ ਇਤਿਾਹਸਕ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਵਾਲਿਆਂ ਵਿੱਚ ਤਨਮਨਜੀਤ ਸਿੰਘ ਢੇਸੀ ਦਾ ਨਾਂ ਮੋਹਰੀ ਸੀ।

ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਦੀ ਸੋਸ਼ਲ ਮੀਡੀਆ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ। ਇੱਥੋਂ ਤੱਕ ਕਿ ਜਦੋਂ ਉਹ ਭਾਰਤ ਆਏ ਤਾਂ ਉਨ੍ਹਾਂ ਨੂੰ ਏਅਰ ਪੋਰਟ ਉੱਤੇ ਕਈ ਘੰਟੇ ਰੋਕੀ ਰੱਖਿਆ ਗਿਆ ਸੀ।

ਚੋਣਾਂ ਤੋਂ ਪਹਿਲਾਂ ਕੱਟੜਵਾਦੀ ਵਿਚਾਰਧਾਰਾ ਤੋਂ ਕਿਨਾਰਾ

ਚੋਣ ਪ੍ਰਚਾਰ ਦੌਰਾਨ ਕੀਅਰ ਸਟਰਾਮਰ

ਤਸਵੀਰ ਸਰੋਤ, JEFF J MITCHELL/GETTY IMAGES

ਤਸਵੀਰ ਕੈਪਸ਼ਨ, ਚੋਣ ਪ੍ਰਚਾਰ ਦੌਰਾਨ ਕੀਅਰ ਸਟਰਾਮਰ

ਮਾਮਲਾ ਇੰਨਾ ਹੀ ਹੈ, ਅਜਿਹਾ ਨਹੀਂ ਹੈ। 2019 ਦੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਲੇਬਰ ਪਾਰਟੀ ਪਹਿਲਾਂ ਹੀ ਆਪਣੀ ਵਿਗੜਦੇ ਅਕਸ ਤੋਂ ਫਿਕਰਮੰਦ ਸੀ।

ਸਾਲ 2021 ਵਿੱਚ ਜ਼ਿਮਨੀ ਚੋਣਾਂ ਦੇ ਦੌਰਾਨ ਉੱਤਰੀ ਇੰਗਲੈਂਡ ਵਿੱਚ ਇੱਕ ਪਰਚੇ ਦੀ ਵਰਤੋਂ ਕੀਤੀ ਗਈ, ਜਿਸ ਵਿੱਚ ਸਾਬਕਾ ਪੀਐੱਮ ਬੋਰਿਸ ਜੌਹਨਸਨ ਭਾਰਤੀ ਪੀਐੱਮ ਨਰਿੰਦਰ ਮੋਦੀ ਨਾਲ ਹੱਥ ਮਿਲਾ ਰਹੇ ਹਨ। ਪਰਚੇ ਵਿੱਚ ਲਿਖਿਆ ਸੀ, “ਅਜਿਹੇ ਟੋਰੀ ਦੀ ਨੇਤਾ ਦਾ ਭਰੋਸਾ ਨਾ ਕਰੋ ਜੋ ਤੁਹਾਡੇ ਪੱਖ ਵਿੱਚ ਨਾ ਹੋਵੇ।”

ਇਸਦਾ ਜ਼ਬਰਦਸਤ ਵਿਰੋਧ ਹੋਇਆ। ਕੰਜ਼ਰਵੇਟਿਵ ਪਾਰਟੀ ਦੇ ਇੱਕ ਆਗੂ ਰਿਚਰਡ ਹੋਲਡਨ ਨੇ ਸਵਾਲ ਕੀਤਾ, “ਕੀ ਇਸਦਾ ਮਤਲਬ ਹੈ ਕਿ ਕੀਅਰ ਸਟਾਰਮਰ ਕਦੇ ਵੀ ਭਾਰਤੀ ਪੀਐੱਮ ਨਾਲ ਹੱਥ ਨਹੀਂ ਮਿਲਾਉਂਦੇ ਦਿਸਣਗੇ।”

ਇਨ੍ਹਾਂ ਸਾਰੀਆਂ ਘਟਨਾਵਾਂ ਦੇ ਦੌਰਾਨ ਲੇਬਰ ਪਾਰਟੀ ਨੇ 2024 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਪਣੇ ਅਕਸ ਉੱਤੇ ਜ਼ਿਆਦਾ ਧਿਆਨ ਦਿੱਤਾ। ਇਸ ਸਾਲ ਚੋਣਾਂ ਹੋਣ ਤੋਂ ਠੀਕ ਪਹਿਲਾਂ ਲੇਬਰ ਪਾਰਟੀ ਨੇ ਕਿਹਾ ਕਿ ਉਹ ਪਾਰਟੀ ਦੇ ਅੰਦਰ ਭਾਰਤ ਵਿਰੋਧੀ ਭਾਵਨਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਦ੍ਰਿੜ ਹੈ ਅਤੇ ਪਾਰਟੀ ਭਾਰਤ ਦੇ ਨਾਲ ਮਜ਼ਬੂਤ ਕਾਰੋਬਾਰੀ ਰਿਸ਼ਤੇ ਬਣਾਏਗੀ।

ਚੋਣਾਂ ਤੋਂ ਪਹਿਲਾਂ ਬ੍ਰਿਟੇਨ ਦੇ ਲੰਡਨ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੋਏ ਲੇਬਰ ਪਾਰਟੀ ਦੀ ਚੇਅਰ ਐਨਲੀਜ਼ ਡਾਰਡਸ ਨੇ ਦਾਅਵਾ ਕੀਤਾ, “ਕੀਅਰ ਸਾਟਰਮਰ ਦੀ ਅਗਵਾਈ ਵਿੱਚ ਪਾਰਟੀ ਨੂੰ ਭਰੋਸਾ ਹੈ ਕਿ ਪਾਰਟੀ ਦੇ ਸਾਰੇ ਮੈਂਬਰ ਹੁਣ ਕੱਟੜ ਵਿਚਾਰਧਾਰਾ ਤੋਂ ਦੂਰ ਹਨ।”

ਉਨ੍ਹਾਂ ਨੇ ਕਿਹਾ,“ਜੇ ਇਸ ਬਾਰੇ (ਭਾਰਤ ਵਿਰੋਧੀ ਭਾਵਨਾ ਬਾਰੇ) ਕੋਈ ਸਬੂਤ ਮਿਲਦੇ ਹਨ ਤਾਂ ਉਹ ਭਾਵੇਂ ਕਿਸੇ ਵੀ ਸਮੂਹ ਦੇ ਲੋਕ ਹੋਣ, ਮੈਂ ਇਸ ਬਾਰੇ ਕੁਝ ਨਾ ਕੁਝ ਕਰਾਂਗੀ।”

ਉਨ੍ਹਾਂ ਨੇ ਪਰਵਾਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਕਿਸੇ ਵੀ ਆਗੂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇ ਸਕਦੇ ਹਨ ਜੋ ਉਨ੍ਹਾਂ ਦੀ ਰਾਇ ਵਿੱਚ ਭਵਿੱਖ ਵਿੱਚ ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਦੌਰਾਨ ਭਾਰਤ ਅਤੇ ਬ੍ਰਿਟੇਨ ਦੇ ਨਜ਼ਦੀਕੀ ਸੰਬੰਧਾਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ।

ਭਾਰਤ-ਬ੍ਰਿਟੇਨ ਰਿਸ਼ਤੇ ਆਉਣ ਵਾਲੇ ਸਮੇਂ ਵਿੱਚ ਕਿਹੋ-ਜਿਹੇ ਹੋਣਗੇ

ਨਰਿੰਦ ਮੋਦੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸਾਲ 2015 ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕੇ ਫੇਰੀ ਦੌਰਾਨ, ਉਸ ਸਮੇਂ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਸਰਕਾਰ ਸੀ

ਰੁਚੀ ਘਨਸ਼ਾਮ ਨਵੰਬਰ 2018 ਤੋਂ ਜੂਨ 2020 ਤੱਕ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਰਹੇ ਸਨ. ਉਨ੍ਹਾਂ ਨੇ ਬੀਬੀਸੀ ਪੱਤਰਕਾਰ ਮੁਹੰਮਦ ਸ਼ਾਹਿਦ ਨੂੰ ਦੱਸਿਆ, “ਉਸ ਸਮੇਂ (5 ਅਗਸਤ 2019 ਤੋਂ ਬਾਅਦ) ਬ੍ਰਿਟੇਨ ਵਿੱਚ ਵਿਰੋਧ ਮੁਜ਼ਾਹਰੇ ਹੋਏ। ਭਾਰਤ ਦੇ ਵਿਰੋਧ ਵਿੱਚ ਲੰਡਨ ਹੀ ਨਹੀਂ ਸਗੋਂ ਦੁਨੀਆਂ ਦੇ ਕੁਝ ਹੋਰ ਦੇਸਾਂ ਵਿੱਚ ਵੀ ਭਾਰਤ ਵਿਰੋਧੀ ਮੁਜ਼ਾਹਰੇ ਹੋਏ ਸਨ। ਇਸ ਵਿੱਚ ਲੇਬਰ ਪਾਰਟੀ ਪੱਖੀ ਸ਼ਾਮਲ ਸਨ।”

“ਲੇਕਿਨ ਹੁਣ ਲੇਬਰ ਪਾਰਟੀ ਖ਼ੁਦ ਕਹਿ ਰਹੀ ਹੈ ਕਿ ਉਹ ਪਹਿਲਾਂ ਵਾਲੀ ਪਾਰਟੀ ਨਹੀਂ ਹੈ। ਅਸੀਂ ਦੇਖ ਸਕਦੇ ਹਾਂ ਕਿ ਇਹ ਇੱਕ ਮੱਧ ਮਾਰਗੀ ਪਾਰਟੀ ਹੈ, ਜਿਸ ਵਿੱਚ ਹੁਣ ਕੱਟੜ ਵਿਚਾਰ ਨਹੀਂ ਹਨ।”

ਉਹ ਕਹਿੰਦੇ ਹਨ, “ਕੀਅਰ ਸਟਾਰਮਰ ਨੇ ਚੋਣ ਅਭਿਆਨ ਦੇ ਸਮੇਂ ਇਹ ਸਪੱਸ਼ਟ ਕਿਹਾ ਹੈ ਕਿ ਉਹ ਭਾਰਤ ਦੇ ਨਾਲ ਚੰਗੇ ਸੰਬੰਧ ਚਾਹੁੰਦੇ ਹਨ। ਮੁਕਤ ਵਪਾਰ ਸਮਝੌਤੇ ਉੱਤੇ ਗੱਲਬਾਤ ਅੱਗੇ ਵਧਾਉਣਾ ਚਾਹੁੰਦੇ ਹਨ। ਅਜਿਹੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤਿਆਂ ਵਿੱਚ ਫਰਕ ਆਉਣਾ ਚਾਹੀਦਾ ਹੈ।”

“ਜੇ ਫਰਕ ਆਏਗਾ ਤਾਂ ਸਰਕਾਰ ਸਪੱਸ਼ਟ ਬਹੁਮਤ ਦੇ ਨਾਲ ਹੈ, ਇਸ ਲਈ ਬ੍ਰੈਗਜ਼ਿਟ ਅਤੇ ਕੋਵਿਡ ਵਰਗੇ ਮੁੱਦਿਆਂ ਉੱਤੇ ਯੂਕੇ ਦੇ ਅੰਦਰ ਵੀ ਮਤਭੇਦ ਸਨ, ਹੁਣ ਉਹ ਨਹੀਂ ਹੋਵੇਗਾ।”

“ਰਹੀ ਮੁਕਤ ਵਪਾਰ ਸਮਝੌਤੇ ਦੀ ਗੱਲ ਤਾਂ, ਦੋਵਾਂ ਪਾਸਿਆਂ ਤੋਂ ਇਸ ਬਾਰੇ ਫਿਲਹਾਲ ਹਾਂਮੁਖੀ ਰਵੱਈਆ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਅੱਗੇ ਵੀ ਕਾਇਮ ਰਹੇਗਾ। ਜਿਵੇਂ ਮੈਨੂੰ ਦਿਸਦਾ ਹੈ ਇਹ ਅੱਗੇ ਦੇਖਣ ਵਾਲੀ ਸਰਕਾਰ ਹੈ ਤਾਂ ਭਾਰਤ ਦੇ ਨਾਲ ਹੋਰ ਮਸਲਿਆਂ ਉੱਤੇ ਵੀ ਗੱਲ ਅੱਗੇ ਵਧ ਸਕਦੀ ਹੈ।”

ਲੇਬਰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਭਾਰਤ ਬਾਰੇ ਕੀ ਹੈ

ਲੇਬਰ ਪਾਰਟੀ

ਤਸਵੀਰ ਸਰੋਤ, Labour Party

ਤਸਵੀਰ ਕੈਪਸ਼ਨ, ਲੇਬਰ ਪਾਰਟੀ ਦੇ ਮੈਨੀਫੈਸਟੋ ਦਾ ਪਹਿਲਾ ਪੰਨਾ

142 ਪੰਨਿਆਂ ਦੇ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਲੇਬਰ ਪਾਰਟੀ ਨੇ ਲਿਖਿਆ ਹੈ, “ਪਾਰਟੀ ਆਪਣੇ ਸਹਿਯੋਗੀਆਂ ਅਤੇ ਖੇਤਰੀ ਤਾਕਤਾਂ ਦੇ ਨਾਲ ਆਧੁਨਿਕ ਸਾਂਝੇਦਾਰੀਆਂ ਬਣਾਏਗੀ ਅਤੇ ਉਨ੍ਹਾਂ ਨੂੰ ਮਜ਼ਬੂਤ ਕਰੇਗੀ।”

ਭਾਰਤ ਦਾ ਜ਼ਿਕਰ 126 ਨੰਬਰ ਸਫ਼ੇ ਉੱਤੇ ਹੈ। ਇਸ ਵਿੱਚ ਲਿਖਿਆ ਗਿਆ ਹੈ, “ਅਸੀਂ ਭਾਰਤ ਦੇ ਨਾਲ ਇੱਕ ਨਵੀਂ ਰਣਨੀਤਿਕ ਸਾਂਝ ਬਣਾਉਣਾ ਚਾਹੁੰਦੇ ਹਾਂ, ਜਿਸ ਵਿੱਚ ਮੁਕਤ ਵਪਾਰ ਸਮਝੌਤੇ ਦੇ ਨਾਲੋ-ਨਾਲ ਸੁਰੱਖਿਆ, ਸਿੱਖਿਆ, ਤਕਨੀਕ ਅਤੇ ਪੌਣ-ਪਾਣੀ ਦੀ ਤਬਦੀਲੀ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨਾ ਸ਼ਾਮਲ ਹੋਵੇਗਾ।”

ਮੈਨੀਫ਼ੈਸਟੋ ਵਿੱਚ ਪਾਕਿਸਤਾਨ ਦਾ ਜ਼ਿਕਰ ਉਸ ਹਿੱਸੇ ਵਿੱਚ ਹੈ, ਜਿੱਥੇ ਪੌਣ-ਪਾਣੀ ਤਬਦੀਲੀ ਦੀ ਗੱਲ ਕੀਤੀ ਗਈ ਹੈ। ਇਸ ਵਿੱਚ ਲਿਖਿਆ ਗਿਆ ਹੈ,“ਅਸੀਂ ਆਪਣੇ ਕੌਮਾਂਤਰੀ ਸਹਿਯੋਗੀਆਂ, ਖਾਸ ਕਰਕੇ ਜਲਵਾਯੂ ਤਬਦੀਲੀ ਦਾ ਅਸਰ ਝੱਲ ਰਹੇ ਸਹਿਯੋਗੀਆਂ ਨਾਲ ਮਿਲ ਕੇ ਤੇਜ਼ੀ ਨਾਲ ਅੱਗੇ ਵਧਾਂਗੇ। ਜਿਸ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਸ਼ਾਮਲ ਹਨ।”

ਉੱਥੇ ਹੀ ਚੀਨ ਬਾਰੇ ਲਿਖਿਆ ਗਿਆ ਹੈ ਪਿਛਲੇ 14 ਸਾਲਾਂ ਵਿੱਚ ਕੰਜ਼ਰਵੇਟਿਵ ਅਸੰਗਤੀ ਦੇ ਕਾਰਨ ਚੀਨ ਦੇ ਨਾਲ ਰਿਸ਼ਤਿਆਂ ਉੱਤੇ ਅਸਰ ਪਿਆ ਹੈ। ਲੇਬਰ ਪਾਰਟੀ ਰਿਸ਼ਤਿਆਂ ਨੂੰ ਮੈਨਜ ਕਰਨ ਲਈ ਇੱਕ ਲੰਬਾ ਅਤੇ ਰਣਨੀਤਿਕ ਨਜ਼ਰੀਆ ਲਿਆਵੇਗੀ।

ਮੈਨੀਫ਼ੈਸਟੋ ਵਿੱਚ ਲਿਖਿਆ ਹੈ, “ਅਸੀਂ ਜਿੱਥੇ ਸੰਭਵ ਹੋਵੇਗਾ ਉੱਥੇ ਸਹਿਯੋਗ ਕਰਾਂਗੇ, ਜਿੱਥੇ ਜ਼ਰੂਰਤ ਹੋਵੇਗੀ ਉੱਥੇ ਮੁਕਾਬਲਾ ਕਰਾਂਗੇ ਅਤੇ ਜਿੱਥੇ ਚੁਣੌਤੀ ਹੋਵੇਗੀ ਚੁਣੌਤੀ ਦੇਵਾਂਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)