ਯੂਕੇ ਚੋਣ ਨਤੀਜੇ: ਕੀਅਰ ਸਟਾਰਮਰ ਕੌਣ ਹਨ ਜਿਨ੍ਹਾਂ ਨੇ ਦਿੱਤੀ ਰਿਸ਼ੀ ਸੁਨਕ ਨੂੰ ਮਾਤ

ਕੀਅਰ ਸਟਾਰਮਰ

ਬ੍ਰਿਟੇਨ ਚੋਣਾਂ ਵਿੱਚ ਲੇਬਰ ਪਾਰਟੀ ਦੀ ਜਿੱਤ ਤੋਂ ਬਾਅਦ ਕੀਅਰ ਸਟਾਰਮਰ ਦਾ ਪ੍ਰਧਾਨ ਮੰਤਰੀ ਬਣਨਾ ਹੁਣ ਤੈਅ ਹੈ। ਇਸ ਜਿੱਤ ਨਾਲ ਲੇਬਰ ਪਾਰਟੀ 14 ਸਾਲ ਬਾਅਦ ਸਰਕਾਰ ਵਿੱਚ ਵਾਪਸੀ ਕਰ ਰਹੀ ਹੈ।

ਲੇਬਰ ਪਾਰਟੀ ਹੁਣ ਤੱਕ 387 ਸੀਟਾਂ ਜਿੱਤ ਚੁੱਕੀ ਹੈ ਅਤੇ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੇ 94 ਸੀਟਾਂ ਹਾਸਲ ਕੀਤੀਆਂ ਹਨ। ਬ੍ਰਿਟੇਨ ਵਿੱਚ 650 ਸੀਟਾਂ ਵਿੱਚੋਂ ਸਰਕਾਰ ਬਣਾਉਣ ਲਈ 326 ਸੀਟਾਂ ਦੀ ਸੰਖਿਆ ਪਾਰ ਕਰਨੀ ਹੁੰਦੀ ਹੈ, ਮਤਲਬ ਕਿ ਲੇਬਰ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ।

ਹਾਲਾਂਕਿ ਐਗਜ਼ਿਟ ਪੋਲ ਵਿੱਚ ਲੇਬਰ ਪਾਰਟੀ ਨੂੰ 410 ਸੀਟਾਂ ਅਤੇ ਕੰਜ਼ਰਵੇਟਿਵ ਪਾਰਟੀ ਨੂੰ 131 ਸੀਟਾਂ ਦੀ ਪੇਸ਼ੀਨਗੋਈ ਕੀਤੀ ਗਈ ਸੀ। ਜੇ ਅਜਿਹਾ ਹੋ ਜਾਂਦਾ ਤਾਂ ਇਹ 1997 ਵਿੱਚ ਟੋਨੀ ਬਲੇਅਰ ਦੀ ਜਿੱਤ ਤੋਂ ਬਾਅਦ ਦੂਜੀ ਵੱਡੀ ਜਿੱਤ ਹੋਣੀ ਸੀ।

ਚੋਣ ਨਤੀਜਿਆਂ ਦੇ ਲਿਹਾਜ਼ ਨਾਲ ਲੇਬਰ ਪਾਰਟੀ 2010 ਤੋਂ ਬਾਅਦ ਸਰਕਾਰ ਵਿੱਚ ਵਾਪਸੀ ਕਰ ਰਹੀ ਹੈ।

ਲੇਬਰ ਪਾਰਟੀ ਨੂੰ ਇਸ ਇਤਿਹਾਸਕ ਜਿੱਤ ਤੱਕ ਪਹੁੰਚਾਉਣ ਵਾਲੇ ਹਨ— ਕੀਅਰ ਸਟਾਰਮਰ

ਪਰਿਵਾਰ ਅਤੇ ਸਿੱਖਿਆ

ਸਾਲ 2015 ਤੋਂ ਕੀਅਰ ਸਟਾਰਮਰ ਦਾ ਸੰਸਦੀ ਹਲਕਾ ਹੌਲਬੋਰਨ ਅਤੇ ਸੈਂਟ ਪੈਂਕਰਸ ਹੈ। ਉਹ ਆਪਣੇ ਆਪ ਨੂੰ “ਵਰਕਿੰਗ ਕਲਾਸ ਦੇ ਪਿਛੋਕੜ” ਤੋਂ ਦੱਸਦੇ ਹਨ।

ਉਨ੍ਹਾਂ ਦੇ ਪਿਤਾ ਔਜ਼ਾਰ ਬਣਾਉਣ ਦਾ ਕੰਮ ਕਰਦੇ ਸਨ ਜਦਕਿ ਉਨ੍ਹਾਂ ਦੀ ਮਾਂ ਇੱਕ ਨਰਸ ਸੀ।

ਉਨ੍ਹਾਂ ਦੀ ਮਾਂ ਨੂੰ ਇੱਕ ਦੁਰਲਭ ਆਟੋਇਮਿਊਨ ਬਿਮਾਰੀ— ਸਿਲਟਰ ਰੋਗ ਸੀ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਨੇ ਰੀਗੇਟ ਗਰਾਮਰ ਸਕੂਲ ਵਿੱਚ ਪੜ੍ਹਾਈ ਕੀਤੀ ਹੈ। ਉਨ੍ਹਾਂ ਦੇ ਦਾਖਲਾ ਲੈਣ ਤੋਂ ਦੋ ਸਾਲ ਬਾਅਦ ਇਹ ਇੱਕ ਨਿੱਜੀ ਸਕੂਲ ਬਣ ਗਿਆ।

16 ਸਾਲ ਦੀ ਉਮਰ ਤੱਕ ਉਨ੍ਹਾਂ ਦੀ ਫੀਸ ਸਥਾਨਕ ਪਰਿਸ਼ਦ ਵੱਲੋਂ ਭਰੀ ਜਾਂਦੀ ਸੀ। ਸਕੂਲ ਤੋਂ ਬਾਅਦ ਯੂਨੀਵਰਸਿਟੀ ਜਾਣ ਵਾਲੇ ਉਹ ਆਪਣੇ ਪਰਿਵਾਰ ਦੇ ਪਹਿਲੇ ਮੈਂਬਰ ਬਣੇ ਅਤੇ ਲੀਡਸ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਬਾਅਦ ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਕਨੂੰਨ ਦੀ ਪੜ੍ਹਾਈ ਕੀਤੀ।

ਸੰਨ 1987 ਵਿੱਚ ਉਹ ਬੈਰਿਸਟਰ ਅਤੇ ਮਨੁੱਖੀ ਹੱਕਾਂ ਵਿੱਚ ਉਨ੍ਹਾਂ ਦੀ ਮੁਹਾਰਤ ਹੈ। ਆਪਣੇ ਕੰਮ ਦੇ ਸਿਲਸਿਲੇ ਵਿੱਚ ਉਹ ਕੈਰੀਬੀਆ ਅਤੇ ਅਫਰੀਕਾ ਵਿੱਚ ਰਹੇ, ਜਿੱਥੇ ਉਨ੍ਹਾਂ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਹਹੇ ਕੈਦੀਆਂ ਦੇ ਕੇਸ ਲੜੇ।

ਸਾਲ 1990 ਦੇ ਦਹਾਕੇ ਦੇ ਅੰਤ ਵਿੱਚ ਉਨ੍ਹਾਂ ਨੇ ਕਥਿਤ ਮੈਕਲਿਬੇਲ ਕਾਰਕੁਨਾਂ ਦਾ ਕੇਸ ਮੁਫ਼ਤ ਲੜਿਆ।

ਕੀਅਰ ਸਟਾਰਮਰ ਆਪਣੀ ਪਤਨੀ ਵਿਕਟੋਰੀਆ ਸਟਾਰਮਰ ਦੇ ਨਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੀਅਰ ਸਟਾਰਮਰ ਆਪਣੀ ਪਤਨੀ ਵਿਕਟੋਰੀਆ ਸਟਾਰਮਰ ਦੇ ਨਾਲ ਵੋਟਾਂ ਦੇ ਗਿਣਤੀ ਕੇਂਦਰ ਉੱਤੇ ਤਸਵੀਰ ਖਿਚਵਾਉਂਦੇ ਹੋਏ

ਮੈਕਡਾਨਲਡ ਕਾਰਪੋਰੇਸ਼ਨ ਬਨਾਮ ਸਟੀਲ ਐਂਡ ਮੌਰਿਸ 1997 ਕੇਸ ਨੂੰ “ਮੈਕਲਿਬੇਲ ਕੇਸ” ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸਾਲ 2008 ਵਿੱਚ ਕੀਅਰ ਡਾਇਰੈਕਰਟਰ ਆਫ ਪਬਲਿਕ ਪ੍ਰਾਸੀਕਿਊਸ਼ਨ ਚੁਣੇ ਗਏ। ਇਹ ਇੰਗਲੈਂਡ ਅਤੇ ਵੇਲਜ਼ ਵਿੱਚ ਸਭ ਤੋਂ ਸੀਨੀਅਰ ਕਰਿਮੀਨਲ ਪ੍ਰਾਸੀਕਿਊਟਰ ਦਾ ਅਹੁਦਾ ਹੈ।

ਸਿਆਸਤ ਵਿੱਚ ਕਦੋਂ ਆਏ

ਸਾਲ 2015 ਵਿੱਚ ਉਹ ਹੌਲਬੋਰਨ ਅਤੇ ਸੈਂਟ ਪੈਂਕਰਸ ਤੋਂ ਸੰਸਦ ਲਈ ਚੁਣੇ ਗਏ।

ਉਨ੍ਹਾਂ ਨੇ ਸਾਬਕਾ ਲੇਬਰ ਆਗੂ ਜੈਰਿਮੀ ਕੌਰਬਿਨ ਦੀ ਫਰੰਟਬੇਂਚ ਟੀਮ ਵਿੱਚ ਉਨ੍ਹਾਂ ਦੇ ਬ੍ਰੈਗਜ਼ਿਟ ਸਕੱਤਰ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਦੂਸਰੇ ਬ੍ਰੈਗਜ਼ਿਟ ਰਫਰੈਂਡਮ ਉੱਤੇ ਵਿਚਾਰ ਕਰਨ ਦੀ ਗੱਲ ਕਹੀ ਸੀ। ਬ੍ਰੈਗਜ਼ਿਟ ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਪ੍ਰਕਿਰਿਆ ਸੀ।

ਸਾਲ 2019 ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਹਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਲੇਬਰ ਨੇਤਾ ਦੇ ਅਹੁਦੇ ਦੀਆਂ ਚੋਣਾਂ ਲੜੀਆਂ ਅਤੇ 2020 ਵਿੱਚ ਪਾਰਟੀ ਦੇ ਆਗੂ ਬਣ ਗਏ। ਜਿੱਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਲੇਬਰ ਨੂੰ “ਵਿਸ਼ਵਾਸ ਅਤੇ ਉਮੀਦ ਦੇ ਨਾਲ ਇੱਕ ਨਵੇਂ ਯੁੱਗ ਵਿੱਚ ਲੈ ਜਾਣਗੇ।”

ਕੀਅਰ ਸਟਾਰਮਰ

ਕੀਅਰ ਸਟਾਰਮਰ ਦੇ ਚੋਣ ਵਾਅਦੇ ਕੀ ਸਨ

ਸਿਹਤ ਸੇਵਾ— ਬ੍ਰਿਟੇਨ ਦੀ ਸਿਹਤ ਸੇਵਾ ਐੱਨਐੱਚਐੱਸ ਵਿੱਚ ਮਰੀਜ਼ਾਂ ਲਈ ਵੇਟਿੰਗ ਲਿਸਟ ਘੱਟ ਕਰਨਾ। ਹਰ ਹਫ਼ਤੇ ਐੱਨਐੱਚਐੱਸ ਨੂੰ 40000 ਤੋਂ ਜ਼ਿਆਦਾ ਨਿਯੁਕਤੀਆਂ ਮਿਲਣਗੀਆਂ। ਅਜਿਹਾ ਇਸਦੀ ਪੈਂਡਿੰਗ ਟੈਕਸ ਦੀ ਚੋਰੀ ਨਾਲ ਨਜਿੱਠ ਕੇ ਅਤੇ ਟੈਕਸ ਕਮਜ਼ੋਰੀਆਂ ਨੂੰ ਦੂਰ ਕਰਕੇ ਕੀਤਾ ਜਾਵੇਗਾ।

ਅਵੈਧ ਪਰਵਾਸੀ— ਬਾਰਡਰ ਸਕਿਊਰਿਟੀ ਕਮਾਂਡ ਲਾਂਚ ਕੀਤੇ ਜਾਣਗੇ ਤਾਂਕਿ ਛੋਟੀਆਂ ਅਤੇ ਖ਼ਤਰਨਾਕ ਕਿਸ਼ਤੀਆਂ ਜ਼ਰੀਏ ਹੋਣ ਵਾਲੀ ਮਨੁੱਖੀ ਤਸਕਰੀ ਨੂੰ ਠੱਲ੍ਹ ਪਾਈ ਜਾ ਸਕੇ।

ਅਵਾਸ— 15 ਲੱਖ ਨਵੇਂ ਘਰ ਬਣਾਏ ਜਾਣਗੇ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਪਹਿਲਾ ਹੱਕ ਯੋਜਨਾ ਦੀ ਸ਼ੁਰੂਆਤ ਕਰਨਗੇ।

ਸਿੱਖਿਆ— 6500 ਅਧਿਆਪਕਾਂ ਦੀ ਭਰਤੀ ਹੋਵੇਗੀ ਅਤੇ ਇਸਦਾ ਖਰਚ ਨਿੱਜੀ ਸਕੂਲਾਂ ਨੂੰ ਜੋ ਟੈਕਸ ਬਰੇਕ ਮਿਲ ਰਿਹਾ ਹੈ, ਉਸ ਨੂੰ ਰੋਕ ਕੇ ਕੀਤਾ ਜਾਵੇਗਾ।

ਲੇਬਰ ਪਾਰਟੀ ਦਾ ਹਾਲ ਕੀ ਸੀ

ਸਾਲ 2023 ਵਿੱਚ ਜਿੰਨੇ ਪੋਲ ਹੋ ਰਹੇ ਸਨ, ਉਨ੍ਹਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 20 ਫੀਸਦੀ ਅੱਗੇ ਦਿਖਾਇਆ ਜਾ ਰਿਹਾ ਸੀ।

ਕੀਅਰ ਦੀ ਅਗਵਾਈ ਦੇ ਮੁੱਢਲੇ ਸਾਲਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਲੋਕਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਫੀ ਮੁਸ਼ਕਿਲ ਆਈ ਸੀ।

ਸਾਲ 2021 ਦੀਆਂ ਜ਼ਿਮਨੀ ਚੋਣਾਂ ਵਿੱਤ ਲੇਬਰ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਦਾ ਧਿਆਨ ਸੀ ਕਿ ਉਹ ਰੇਡ ਵਾਲ ਨੂੰ ਦੋਬਾਰਾ ਜਿੱਤਣ ਰੇਡ ਵਾਲ ਮਤਲਬ ਇੰਗਲੈਂਡ ਅਤੇ ਮਿਡਲੈਂਡ ਦੀਆਂ ਉਹ ਸੀਟਾਂ ਜੋ ਅਤੀਤ ਵਿੱਚ ਲੇਬਰ ਪਾਰਟੀ ਦੀਆਂ ਰਹੀਆਂ ਸਨ।

ਜਦਕਿ 2019 ਦੀਆਂ ਚੋਣਾਂ ਵਿੱਚ ਇਨ੍ਹਾਂ ਸੀਟਾਂ ਉੱਤੇ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੋਈ ਸੀ।

ਕੀਅਰ ਸਾਟਰਮਰ ਨੇ ਪਾਰਟੀ ਦੀਆਂ ਨੀਤੀਆਂ ਨੂੰ ਦੋਬਾਰਾ ਵਿਚਾਰਿਆਂ ਅਤੇ ਯੂਨੀਵਰਸਿਟੀ ਵਿੱਚ ਟਿਊਸ਼ਨ ਫੀਸ ਖਤਮ ਕਰਨ ਅਤੇ ਪਾਣੀ-ਬਿਜਲੀ ਦੇ ਕੌਮੀਕਰਨ ਦਾ ਵਾਅਦਾ ਛੱਡਣਾ ਪਿਆ।

ਸਾਲ 2019 ਦੇ ਚੋਣਾਂ ਵਿੱਚ ਲੇਬਰ ਕੋਲ 205 ਸਾਂਸਦ ਸਨ, ਬਹੁਮਤ ਹਾਸਲ ਕਰਨ ਲਈ ਉਨ੍ਹਾਂ ਨੂੰ 326 ਸੀਟਾਂ ਚਾਹੀਦੀਆਂ ਹੁੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)