'ਨਸ਼ਿਆਂ ਦੀ ਸਮੱਸਿਆ' ਨਾਲ ਜੁਝ ਰਹੇ ਇਸ ਪਿੰਡ ਨੇ ਖੁਦ ਖੋਲ੍ਹਿਆ ਮੋਰਚਾ, ਨਸ਼ੇ ਦੇ ਨੈਟਵਰਕ ਨੂੰ ਜਾਣੋ ਕਿਵੇਂ ਤੋੜਿਆ

ਰਾਮ ਪ੍ਰਸ਼ਾਦ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪਿੰਡ ਦੇ ਸਰਪੰਚ ਰਾਮ ਪ੍ਰਸਾਦ ਤੇ ਸੀਸੀਟੀਵੀ ਦੀ ਫ਼ੁੱਟਏਜ਼
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਹਰਿਆਣਾ ਦੇ ਜੀਂਦ ਦਾ ਪਿੰਡ ਅਸ਼ਰਫ਼ਗੜ੍ਹ ਕਦੇ ਇਲਾਕੇ ਵਿੱਚ ਨਸ਼ੇ ਦੇ ਕਾਰੋਬਾਰ ਲਈ ਜਾਣਿਆ ਜਾਂਦਾ ਸੀ। ਇਲਾਕਾ ਵਾਸੀਆਂ ਦਾ ਦਾਅਵਾ ਸੀ ਕਿ ਇਥੇ ਮਰਦ ਹੀ ਨਹੀਂ ਔਰਤਾਂ ਵੀ ਨਸ਼ੇ ਦੇ ਕਾਰੋਬਾਰ ਵਿੱਚ ਬਰਾਬਰ ਦੀਆਂ ਸ਼ਾਮਲ ਸਨ।

ਪਰ ਪਿੰਡ ਦੇ ਨੌਜਵਾਨਾਂ ਤੇ ਔਰਤਾਂ ਨੇ ਹੀ ਪਿੰਡ ਦਾ ਸੂਰਤੇਹਾਲ ਬਦਲਿਆ। ਦੋਵਾਂ ਨੇ ਨਸ਼ਾ ਤਸਕਰਾਂ ਉੱਤੇ ਨਿਗ੍ਹਾ ਰੱਖਣੀ ਸ਼ੁਰੂ ਕੀਤੀ ਤੇ ਪੰਚਾਇਤ ਨੇ ਵੀ ਇਸ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਵੀ ਮਦਦ ਤੋਂ ਪਿੱਛੇ ਨਹੀਂ ਹਟੇ।

ਸੀਸੀਟੀਵੀ ਕੈਮਰਾ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਸੀਸੀਟੀਵੀ ਕੈਮਰਾ ਦਿਖਾਉਂਦੇ ਹੋਏ ਪਿੰਡ ਵਾਸੀ

ਨਸ਼ਿਆਂ ਦੇ ਕਾਰੋਬਾਰ ਦੀ ਸ਼ੁਰੂਆਤ

ਵੀਡੀਓ ਕੈਪਸ਼ਨ, ਨਸ਼ੇ ਦੇ ਨੈਟਵਰਕ ਨੂੰ ਜਾਣੋ ਕਿਵੇਂ ਤੋੜਿਆ

ਇਸ ਪਿੰਡ ਦੀ ਆਬਾਦੀ ਸੱਤ ਹਜ਼ਾਰ ਦੇ ਕਰੀਬ ਹੈ ਅਤੇ ਇਸ ਵਿੱਚ ਬਹੁਤੇ ਸਿੱਖ ਅਤੇ ਯਾਦਵ ਪਰਿਵਾਰ ਰਹਿੰਦੇ ਹਨ ਪਰ ਪਿੰਡ ਵਿੱਚ ਹੋਰ ਭਾਈਚਾਰਿਆਂ ਦੇ ਲੋਕ ਵੀ ਰਹਿੰਦੇ ਹਨ।

ਪਿੰਡ ਦੇ ਨਸ਼ਿਆਂ ਦਾ ਗੜ੍ਹ ਬਣਨ ਬਾਰੇ ਸ਼ਹੀਦ ਭਗਤ ਸਿੰਘ ਕਲੱਬ ਦੇ ਮੁਖੀ ਗੁਰਜੋਤ ਸਿੰਘ ਸੰਧੂ ਕਹਿੰਦੇ ਹਨ ਕਿ, “ਕਰੋਨਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਨੌਕਰੀ ਚਲੀ ਗਈ ਤੇ ਲੋਕ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਸਨ।”

ਗੁਰਜੋਤ ਸਿੰਘ ਸੰਧੂ ਨਸ਼ਿਆ ਖ਼ਿਲਾਫ਼ ਸਮਾਜਿਕ ਮੁਹਿੰਮ ਦਾ ਹਿੱਸਾ ਹਨ, ਉਨ੍ਹਾਂ ਦਾ ਕਹਿਣਾ ਹੈ, “ਇਹ ਇੱਕ ਕਾਰਨ ਬਣਿਆ ਕਿ ਲੋਕ ਗ਼ੈਰ-ਕਾਨੂੰਨੀ ਨਸ਼ੇ ਕਰਨ ਲਈ ਮਜਬੂਰ ਹੋ ਗਏ। ਤੇ ਇਸੇ ਤੋਂ ਅੱਗੇ ਇਸ ਦਾ ਕਾਰੋਬਾਰ ਵੱਧਣ ਲੱਗਿਆ।”

ਉਹ ਦਾਅਵਾ ਕਰਦੇ ਹਨ ਕਿ, “ਹਾਲਾਤ ਇਹ ਸਨ ਕਿ ਰਾਤ ਸਮੇਂ ਪਿੰਡ ਵਿੱਚ ਹੋਰ ਥਾਵਾਂ ਤੋਂ ਵੀ ਲੋਕ ਨਸ਼ੇ ਲੈਣ ਲਈ ਆਉਂਦੇ ਸਨ।”

“ਹੌਲੀ-ਹੌਲੀ ਪਿੰਡ ਦੇ ਹੋਰ ਨੌਜਵਾਨ ਵੀ ਨਸ਼ੇ ਅਤੇ ਲੜਾਈ-ਝਗੜੇ ਦੇ ਆਦੀ ਹੋ ਗਏ, ਪਿੰਡ ਵਿੱਚ ਚੋਰੀਆਂ ਵਧਣ ਲੱਗੀਆਂ ਅਤੇ ਨਵੇਂ ਮੁੰਡੇ ਵੱਡੀਆਂ ਕਾਰਾਂ ਲਿਆਉਣ ਲੱਗ ਪਏ।”

“ਪਿੰਡ ਵਿੱਚ ਮਰਦ ਤਾਂ ਨਸ਼ੇ ਦਾ ਕੰਮ ਕਰਦੇ ਹੀ ਸਨ, ਕਈ ਔਰਤਾਂ ਵੀ ਇਸ ਗ਼ੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਹੋ ਗਈਆਂ।”

ਸੰਧੂ ਦੱਸਦੇ ਹਨ ਕਿ, “ਇੱਕ ਦਿਨ ਪਿੰਡ ਦੇ ਮੁਖੀਆਂ ਨੇ ਬੈਠ ਕੇ ਫ਼ੈਸਲਾ ਕੀਤਾ ਕਿ ਬਦਲਾਅ ਦੀ ਲੋੜ ਹੈ। ਕਿਉਂਕਿ ਜੇ ਅਜਿਹਾ ਨਾ ਹੋਇਆ ਤਾਂ ਪਿੰਡ ਦੀ ਤਬਾਹੀ ਨੂੰ ਰੋਕਣਾ ਨਾਮੁਮਕਿਨ ਹੋ ਜਾਂਦਾ।”

ਰਾਮ ਪ੍ਰਸਾਦ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪਿੰਡ ਦੇ ਸਰਪੰਚ ਰਾਮ ਪ੍ਰਸਾਦ ਜੋ ਕਈ ਸਾਲ ਦੁਬਈ ਵਿੱਚ ਰਹਿ ਕੇ ਵਾਪਸ ਪਰਤੇ ਹਨ ਦਾ ਕਹਿਣਾ ਸੀ ਕਿ ਉਹ ਪਿੰਡ ਦੀ ਭਲਾਈ ਲਈ ਵਾਪਸ ਆਏ ਸਨ ਤੇ ਸਮਾਜ ਸੇਵਾ ਦੇ ਕੰਮ ਕਰਨਾ ਚਾਹੁੰਦੇ ਸਨ।

ਤਸਵੀਰ ਬਦਲੀ ਕਿਵੇਂ?

ਪਿੰਡ ਦੇ ਸਰਪੰਚ ਰਾਮ ਪ੍ਰਸਾਦ ਜੋ ਕਈ ਸਾਲ ਦੁਬਈ ਵਿੱਚ ਰਹਿ ਕੇ ਵਾਪਸ ਪਰਤੇ ਹਨ, ਦਾ ਕਹਿਣਾ ਸੀ ਕਿ ਉਹ ਪਿੰਡ ਦੀ ਭਲਾਈ ਲਈ ਵਾਪਸ ਆਏ ਸਨ ਤੇ ਸਮਾਜ ਸੇਵਾ ਦੇ ਕੰਮ ਕਰਨਾ ਚਾਹੁੰਦੇ ਸਨ।

ਉਹ ਦੱਸਦੇ ਹਨ,“ਇੱਕ ਦਿਨ ਪਿੰਡ ਦੇ ਕਈ ਮੋਹਤਬਰ ਬੰਦੇ ਮੇਰੇ ਕੋਲ ਆਏ। ਉਨ੍ਹਾਂ ਨੇ ਸਮੱਸਿਆ ਦੱਸੀ ਤੇ ਪਿੰਡ ਦੇ ਯੂਥ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਜੇ ਪਿੰਡ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਨਸ਼ਾ ਵੇਚਣ ਅਤੇ ਖਰੀਦਣ ਵਾਲਿਆਂ ਦੀ ਪਹਿਚਾਣ ਕੀਤੀ ਜਾ ਸਕੇਗੀ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕਾਬੂ ਕਰਨਾ ਵੀ ਸੰਭਵ ਹੋ ਸਕੇਗਾ।”

“ਇਸ ਤੋਂ ਬਾਅਦ ਮਿਲ ਕੇ ਸਾਰੇ ਮੁੱਖ ਚੌਕਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਅਤੇ ਇਸ ਦਾ ਕੰਟਰੋਲ ਪਿੰਡ ਦੇ ਯੂਥ ਕਲੱਬ ਦੀ 21 ਮੈਂਬਰੀ ਕਮੇਟੀ ਨੂੰ ਦੇ ਦਿੱਤਾ ਗਿਆ।”

ਉਹ ਦੱਸਦੇ ਹਨ, “ਅਸੀਂ ਪਿੰਡ ਵਿੱਚ ਹੀ ਇੱਕ ਬੈਨਰ ਵੀ ਲਟਕਾਇਆ ਹੈ ਕਿ ਜੇਕਰ ਕੋਈ ਪਿੰਡ ਵਿੱਚ ਨਸ਼ਾ ਵੇਚਦਾ ਜਾਂ ਖਰੀਦਦਾ ਫੜਿਆ ਗਿਆ ਤਾਂ ਉਸ 'ਤੇ ਵਿੱਤੀ ਜ਼ੁਰਮਾਨਾ ਲਗਾਇਆ ਜਾਵੇਗਾ ਅਤੇ ਪੁਲਿਸ ਕਾਰਵਾਈ ਕੀਤੀ ਜਾਵੇਗੀ।”

ਸੀਸੀਟੀਵੀ ਕੈਮਰੇ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪਿੰਡ ਦੇ ਖੰਬਿਆ ਉੱਤੇ ਲੱਗੇ ਸੀਸੀਟੀਵੀ ਕੈਮਰੇ

ਰਾਮ ਪ੍ਰਸਾਦ ਦੱਸਦੇ ਹਨ ਕਿ, “ਪਹਿਲਾਂ ਤਾਂ ਪਿੰਡ ਦੇ ਲੋਕਾਂ ਨੇ ਸਾਡਾ ਵਿਰੋਧ ਕੀਤਾ ਪਰ ਨੌਜਵਾਨਾਂ ਨੇ ਨਸ਼ਿਆਂ ਦੇ ਵਿਰੁੱਧ ਸਾਡਾ ਸਾਥ ਦਿੱਤਾ।”

“ਪੰਚਾਇਤ ਤੇ ਨੌਜਵਾਨ ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।”

“ਜੇ ਕਿਤੇ ਨਸ਼ਿਆ ਦਾ ਕੋਈ ਲੈਣ-ਦੇਣ ਹੁੰਦਾ ਤਾਂ ਪਿੰਡ ਵਾਸੀ ਉਸੇ ਵੇਲੇ ਪੁਲਿਸ ਨੂੰ ਬੁਲਾ ਕੇ ਛਾਪੇਮਾਰੀ ਕਰਵਾਉਂਦੇ, ਜਿਸ ਨਾਲ ਨਸ਼ੇੜੀਆਂ ਦਾ ਹੌਸਲਾ ਟੁੱਟ ਗਿਆ ਅਤੇ ਪਿੰਡ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ।”

ਨਸ਼ਿਆ ਤੋਂ ਪਿੰਡ ਦੇ ਬਚਾਅ ਲਈ ਕੰਮ ਕਰਨ ਵਾਲੇ ਮਾਜਰਾ ਖਾਪ ਦੇ ਮੁਖੀ ਗੁਰਵਿੰਦਰ ਸਿੰਘ ਸੰਧੂ ਦੱਸਦੇ ਹਨ ਕਿ, “ਅਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੋਂ ਮਦਦ ਮੰਗੀ ਸੀ। ਉਨ੍ਹਾਂ ਨੇ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਹਰ ਪ੍ਰਮੁੱਖ ਸਥਾਨ 'ਤੇ ਨਾਈਟ ਵਿਜ਼ਨ ਵਾਲੇ 20 ਸੀਸੀਟੀਵੀ ਕੈਮਰੇ ਲਗਵਾਏ।”

“ਅਸੀਂ ਘਰ- ਘਰ ਜਾ ਕੇ ਲੋਕਾਂ ਨੂੰ ਨਸ਼ੇ ਵੇਚਣ ਜਾਂ ਸੇਵਨ ਕਰਨ ਤੋਂ ਦੂਰ ਰਹਿਣ ਜਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ ਹੈ।”

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੰਧੂ ਦਾ ਕਹਿਣਾ ਹੈ, “ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਸਾਡੇ ਵਿਚਾਰਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਮਹਿੰਗੀਆਂ ਵੱਡੀਆ ਗੱਡੀਆਂ ਵਿੱਚ ਸਾਡੇ ਪਿੰਡ ਆਉਣ ਵਾਲੇ ਲੋਕ ਅਤੇ ਨੌਜਵਾਨ ਹੌਲੀ-ਹੌਲੀ ਇਸ ਇਲਾਕੇ ਵਿੱਚ ਆਉਣੇ ਬੰਦ ਹੋ ਗਏ।”

“ਅਸੀਂ ਪਿੰਡ ਵਿੱਚ ਆਉਣ ਵਾਲੇ ਕਿਸੇ ਵੀ ਅਣਪਛਾਤੇ ਵਿਅਕਤੀ ਦਾ ਆਧਾਰ ਕਾਰਡ ਚੈੱਕ ਕਰਦੇ ਸੀ ਅਤੇ ਜੇਕਰ ਉਹ ਨਸ਼ੇ ਦਾ ਸੰਭਾਵੀ ਖਰੀਦਦਾਰ ਲੱਗੇ ਤਾਂ ਉਸ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੰਦੇ।”

“ਇਸੇ ਤਰ੍ਹਾਂ, ਅਸੀਂ ਪਿੰਡ ਵਿੱਚ ਸ਼ੱਕੀ ਵਿਕਰੇਤਾਵਾਂ ਦੇ ਘਰਾਂ ’ਤੇ ਛਾਪੇ ਮਾਰੇ ਅਤੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ। ਅਸੀਂ ਚਿੰਤਤ ਸਾਂ ਕਿਉਂਕਿ ਸਾਡੇ ਪਿੰਡ ਦੇ ਨੌਜਵਾਨ ਨਸ਼ਿਆਂ ਦਾ ਸੇਵਨ ਕਰਨ ਲੱਗੇ ਸਨ।”

ਸੰਧੂ ਕਹਿੰਦੇ ਹਨ ਕਿ ਪਿੰਡ ਵਾਲਿਆਂ ਦੀਆਂ ਕੋਸ਼ਿਸ਼ਾਂ ਨੇ ਰੰਗ ਲਿਆਦਾਂ ਹੈ ਤੇ ਹੁਣ ਪਿੰਡ ਵਿੱਚ ਨਸ਼ੇ ਬਹੁਤ ਘੱਟ ਗਏ ਹਨ।

ਸੀਸੀਟੀਵੀ ਕੈਮਰਿਆਂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪਿੰਡ ਦੇ ਨੌਜਵਾਨਾਂ ਦੀ ਸੀਸੀਟੀਵੀ ਕੈਮਰਿਆਂ ਉੱਤੇ 24 ਘੰਟੇ ਨਜ਼ਰ ਰੱਖਣ ਲਈ ਜ਼ਿੰਮੇਵਾਰੀ ਲਾਈ ਗਈ

ਯੂਥ ਕਲੱਬ ਬਣਾਉਣਾ

ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਮੁਖੀ ਗੁਰਜੋਤ ਦਾ ਕਹਿਣਾ ਹੈ, “ਅਸੀਂ ਕਮੇਟੀ ਵਿੱਚ ਸੇਵਾਮੁਕਤ ਫੌਜੀ, ਬੁੱਧੀਜੀਵੀ, ਸਮਾਜ ਸੇਵੀ, ਵੱਖ-ਵੱਖ ਵਿਭਾਗਾਂ ਤੋਂ ਸੇਵਾਮੁਕਤ ਵਿਅਕਤੀਆਂ ਅਤੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਹੈ।”

“ਸਾਡੇ ਕੋਲ ਸਾਰੇ ਸੀਸੀਟੀਵੀ ਕੈਮਰਿਆਂ ਤੱਕ ਆਨਲਾਈਨ ਪਹੁੰਚ ਸੀ ਅਤੇ ਅਸੀਂ ਪਿੰਡ ਵਿੱਚ ਹੋ ਰਹੀਆਂ ਗਤੀਵਿਧੀਆਂ 'ਤੇ 24 ਘੰਟੇ ਨਜ਼ਰ ਰੱਖਣ ਦੇ ਨਾਲ-ਨਾਲ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਤੇ ਟੀਮ ਦੇ ਸਾਰੇ ਮੈਂਬਰਾਂ ਨੂੰ ਸੁਚੇਤ ਕਰਨ ਲਈ ਇੱਕ ਵੱਟਸਐਪ ਗਰੁੱਪ ਵੀ ਬਣਾਇਆ ਸੀ।”

“ਅਸੀਂ ਚਾਰ ਵਿਅਕਤੀਆਂ ਨੂੰ ਫੜ ਕੇ 60,000 ਰੁਪਏ ਦੇ ਕਰੀਬ ਜੁਰਮਾਨਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਦੁਬਾਰਾ ਨਸ਼ਾ ਵੇਚਦੇ ਜਾਂ ਖਰੀਦਦੇ ਫ਼ੜੇ ਗਏ ਤਾਂ ਉਨ੍ਹਾਂ ਨੂੰ ਦੁੱਗਣੀ ਰਕਮ ਅਦਾ ਕਰਨੀ ਪਵੇਗੀ।”

ਸੰਧੂ ਦੱਸਦੇ ਹਨ ਕਿ, “ਜੁਰਮਾਨੇ ਦੀ ਰਕਮ ਨਾਲ ਅਸੀਂ ਪੰਜ ਹੋਰ ਸੀਸੀਟੀਵੀ ਕੈਮਰੇ ਖਰੀਦੇ ਅਤੇ ਕੁਝ ਪੈਸੇ ਪਿੰਡ ਦੇ ਹੋਰ ਵਿਕਾਸ ’ਤੇ ਲਾਏ। ਪਿੰਡ ਵਿੱਚ ਜਿਸ ਉੱਤੇ ਵੀ ਥੋੜ੍ਹਾ-ਬਹੁਤ ਸ਼ੱਕ ਸੀ ਅਸੀਂ ਕੋਸ਼ਿਸ਼ ਕੀਤੀ ਕਿ ਉਸ ਦੇ ਘਰ ਦੇ ਮੂਹਰੇ ਖੰਬੇ ਉੱਤੇ ਕੈਮਰਾ ਲਾਇਆ ਜਾਵੇ।”

“ਇਸ ਕਾਰਵਾਈ ਵਿੱਚ ਪਿੰਡ ਵਾਸੀਆਂ ਨੇ ਸਾਡਾ ਪੂਰਾ ਸਾਥ ਦਿੱਤਾ ਅਤੇ ਨੌਜਵਾਨਾਂ ਨੇ ਵੀ ਅਜਿਹੇ ਮਾੜੇ ਅਨਸਰਾਂ ਜਾਂ ਗਤੀਵਿਧੀਆਂ ਤੋਂ ਦੂਰੀ ਬਣਾਈ ਰੱਖਣੀ ਸ਼ੁਰੂ ਕਰ ਦਿੱਤੀ ਹੈ।”

ਜ਼ੀਂਦ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪਿੰਡ ਦੀਆਂ ਔਰਤਾਂ ਨੇ ਵੀ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ

ਸੌਖੀ ਨਹੀਂ ਸੀ ਨਸ਼ਾ ਵਿਰੋਧੀ ਮੁਹਿੰਮ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਪਿੰਡ ਦਾ ਇਸ ਤਰ੍ਹਾਂ ਦਾ ਹਿੱਸਾ ਬਣ ਚੁੱਕੇ ਸਨ ਕਿ ਇਨ੍ਹਾਂ ਨੂੰ ਅਸ਼ਰਫ਼ਗੜ੍ਹ ਵਿੱਚੋਂ ਕੱਢਣਾ ਸੰਭਵ ਨਹੀਂ ਸੀ ਲੱਗਦਾ।

ਪਿੰਡ ਦੀ ਰਹਿਣ ਵਾਲੀ ਕਰੀਬ 45 ਸਾਲਾਂ ਦੀ ਮੰਜੇਸ਼ ਦੇਵੀ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਕਾਮਯਾਬੀ ਇੰਨੀ ਸੌਖੀ ਇਸ ਲਈ ਨਹੀਂ ਸੀ ਕਿਉਂਕਿ ਨਸ਼ਿਆ ਦੇ ਕਾਰੋਬਾਰ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਲ ਸਨ।

ਉਹ ਦੱਸਦੇ ਹਨ, “ਮੇਰਾ ਪਤੀ ਵੀ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਮੇਰੇ ਘਰ ਦਾ ਬਹੁਤ ਨੁਕਸਾਨ ਹੋ ਗਿਆ ਸੀ, ਫਿਰ ਮੈਨੂੰ ਨਸ਼ਿਆਂ ਦੇ ਮਾੜੇ ਪਾਸੇ ਬਾਰੇ ਪਤਾ ਲੱਗਾ।”

“ਇਸ ਲਈ ਮੈਂ ਪਿੰਡ ਦੇ ਨੌਜਵਾਨਾਂ ਦੀ ਟੀਮ ਦੇ ਨਾਲ-ਨਾਲ ਇੱਕ ਹੋਰ ਟੀਮ ਬਣਾਈ ਔਰਤਾਂ ਦੀ। ਸਾਡੀ ਔਰਤਾਂ ਦੀ ਟੀਮ ਨਸ਼ੇ ਵੇਚਣ ਵਾਲੀਆਂ ਔਰਤਾਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਸੀ।”

ਰੋਹਤਾਸ਼ ਢੁੱਲ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਜੀਂਦ ਪੁਲਿਸ ਦੇ ਡੀਐੱਸਪੀ ਰੋਹਤਾਸ਼ ਢੁੱਲ ਨੇ ਕਿਹਾ ਕਿ ਕਿਸੇ ਸਮੇਂ ਇਸ ਪਿੰਡ ਦੇ ਹਾਲਾਤ ਚਿੰਤਾਜਨਕ ਸਨ।

ਪੁਲਿਸ ਵੀ ਪਿੰਡ ਵਾਲਿਆਂ ਦਾ ਕਾਇਲ

ਪਿੰਡ ਅਸਰਫ਼ਗੜ੍ਹ ਦੇ ਨੌਜਵਾਨਾਂ ਦੀ ਤਾਰੀਫ਼ ਕਰਦਿਆਂ ਜੀਂਦ ਪੁਲਿਸ ਦੇ ਡੀਐੱਸਪੀ ਰੋਹਤਾਸ਼ ਢੁੱਲ ਨੇ ਕਿਹਾ ਕਿ ਕਿਸੇ ਸਮੇਂ ਇਸ ਪਿੰਡ ਦੇ ਹਾਲਾਤ ਚਿੰਤਾਜਨਕ ਸਨ।

“ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਅਤੇ ਨਸ਼ੇ ਵੇਚਣ ਅਤੇ ਖਰੀਦਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਸਨ। ਪੁਲਿਸ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਸਫਲਤਾ ਉਦੋਂ ਹੀ ਮਿਲੀ ਜਦੋਂ ਪਿੰਡ ਵਾਸੀਆਂ ਨੇ ਖ਼ੁਦ ਹੀ ਚੌਰਾਹੇ 'ਤੇ ਕੈਮਰੇ ਲਗਾ ਦਿੱਤੇ ਅਤੇ ਅੱਗੇ ਆ ਕੇ ਪੁਲਿਸ ਦਾ ਸਾਥ ਦਿੱਤਾ।”

ਢੁੱਲ ਦੱਸਦੇ ਹਨ, “ਇਸ ਪਿੰਡ ਵਿੱਚ ਪਹਿਲਾਂ ਨਸ਼ੇ ਦਾ ਕਾਰੋਬਾਰ ਹੁੰਦਾ ਸੀ ਪਰ ਅੱਜ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਇਹ ਪੂਰ੍ਹੀ ਤਰ੍ਹਾਂ ਬੰਦ ਹੋ ਗਿਆ ਹੈ ਜੋ ਕਿ ਆਪਣੇ ਆਪ ਵਿੱਚ ਵੱਡੀ ਗੱਲ ਹੈ। ਇਹ ਪਿੰਡ ਹੋਰ ਪਿੰਡਾਂ ਲਈ ਵੀ ਮਿਸਾਲ ਬਣਿਆ ਹੈ।"

ਨੌਜਵਾਨ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪੰਚਾਇਤ ਨੂੰ ਖ਼ੁਸ਼ੀ ਹੈ ਕਿ ਪਿੰਡ ਦੇ ਨੌਜਵਾਨ ਬਿਹਤਰ ਜ਼ਿੰਦਗੀ ਵੱਲ ਜਾ ਰਹੇ ਹਨ

ਹਰਿਆਣਾ ਵਿੱਚ ਨਸ਼ਿਆਂ ਬਾਰੇ ਅੰਕੜੇ

ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਵਿੱਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦੇ 7769 ਲੋਕਾਂ ਨੂੰ ਫੜਿਆ ਹੈ ਅਤੇ ਕਰੀਬ 5400 ਲੋਕਾਂ ਖ਼ਿਲਾਫ਼ ਐੱਨਡੀਪੀਐੱਸ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ।

ਕਪੂਰ ਦਾ ਕਹਿਣਾ ਹੈ ਕਿ ਪੁਲਿਸ ਜ਼ਮੀਨੀ ਪੱਧਰ 'ਤੇ ਜਾ ਕੇ ਲੋਕਾਂ ਦੀ ਮਦਦ ਲੈ ਕੇ ਪੂਰੀ ਤਰ੍ਹਾਂ ਆਪਣੀ ਭੂਮਿਕਾ ਨਿਭਾ ਰਹੀ ਹੈ, ਜਿਸ ਕਾਰਨ ਇਸ ਸਾਲ ਅੰਕੜਿਆਂ ਵਿੱਚ ਕੁਝ ਕਮੀ ਆਈ ਹੈ।

ਪੀਜੀਆਈਐੱਮਐੱਸ ਰੋਹਤਕ ਮੈਡੀਕਲ ਕਾਲਜ ਦੇ ਮੁਤਾਬਕ, ਨਸ਼ਾ ਛੁਡਾਉਣ ਲਈ ਆਉਣ ਵਾਲੇ ਮਰੀਜ਼ਾਂ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ।

“ਪਿਛਲੇ ਪੰਜ ਸਾਲਾਂ ਵਿੱਚ 8630 ਮਰੀਜ਼ ਇਲਾਜ ਲਈ ਆਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ।”

ਸਿਰਸਾ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਪੰਕਜ ਸ਼ਰਮਾ ਦਾ ਦਾਅਵਾ ਹੈ ਕਿ ਨਸ਼ਿਆਂ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਛੋਟੇ ਬੱਚੇ ਵੀ ਇਸ ਦਾ ਸ਼ਿਕਾਰ ਹੋਣ ਲੱਗ ਪਏ ਹਨ ਅਤੇ ਸਿੰਥੈਟਿਕ ਨਸ਼ਿਆਂ ਦੀ ਤਸਕਰੀ ਇਸ ਹੱਦ ਤੱਕ ਵਧਦੀ ਨਜ਼ਰ ਆ ਰਹੀ ਹੈ ਕਿ ਸਥਿਤੀ ਚਿੰਤਾਜਨਕ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)