ਯੂਕੇ ਆਮ ਚੋਣਾਂ 2024: ਤੁਹਾਡੇ ਹਰੇਕ ਸਵਾਲ ਦਾ ਜਵਾਬ

ਬ੍ਰਿਟੇਨ ਆਮ ਚੋਣਾਂ 2024 ਬਾਰੇ ਗਰਾਫਿਕਸ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਦੇਸ ਦੀਆਂ ਅਗਲੀਆਂ ਆਮ ਚੋਣਾਂ 4 ਜੁਲਾਈ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ।

ਇਸ ਐਲਾਨ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਚੋਣਾਂ ਅਗਲੇ ਸਾਲ ਜਨਵਰੀ ਵਿੱਚ ਹੋਣਗੀਆਂ।

ਅਸੀਂ ਇਸ ਵਿਸ਼ੇ ’ਤੇ ਤੁਹਾਡੇ ਮਨਾਂ ਅੰਦਰ ਉੱਠ ਰਹੇ ਸਵਾਲਾਂ ਦੇ ਜਵਾਬ ਦੇਵਾਂਗੇ।

ਯੂਕੇ ਦੀਆਂ ਆਮ ਚੋਣਾਂ ਕਦੋਂ ਹਨ?

ਆਮ ਚੋਣਾਂ 4 ਜੁਲਾਈ 2024 ਨੂੰ ਹੋਣੀਆਂ ਹਨ।

ਯੂਕੇ ’ਚ ਇੱਕ ਸਿਆਸੀ ਕਾਰਜਕਾਲ ਪੰਜ ਸਾਲਾਂ ਲਈ ਚੱਲਦਾ ਹੈ ਅਤੇ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਦਸੰਬਰ 2019 ਵਿੱਚ ਪਿਛਲੀਆਂ ਆਮ ਚੋਣਾਂ ਜਿੱਤੀਆਂ ਸਨ, ਇਸ ਲਈ ਹੁਣ ਅਗਲੀਆਂ ਆਮ ਚੋਣਾਂ ਕਾਨੂੰਨ ਮੁਤਾਬਕ ਜਨਵਰੀ 2025 ਤੱਕ ਹੋਣੀਆਂ ਸਨ।

ਬ੍ਰਿਟੇਨ ਨੂੰ 650 ਖੇਤਰਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਚੋਣ ਹਲਕੇ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਹਰੇਕ ਹਲਕੇ ਦੇ ਵੋਟਰ ਹਾਊਸ ਆਫ਼ ਕਾਮਨਜ਼ ਦੇ ਲਈ ਇੱਕ ਸੰਸਦ ਮੈਂਬਰ ਦੀ ਚੋਣ ਕਰਦੇ ਹਨ।

ਜ਼ਿਆਦਾਤਰ ਉਮੀਦਵਾਰ ਕਿਸੇ ਨਾ ਕਿਸੇ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ, ਪਰ ਕੁਝ ਅਜਿਹੇ ਉਮੀਦਵਾਰ ਵੀ ਹੁੰਦੇ ਹਨ ਜੋ ਕਿ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਉਤਰਦੇ ਹਨ।

ਰਿਸ਼ੀ ਸੁਨਕ ਨੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਿਉਂ ਕੀਤਾ?

ਰਿਸ਼ੀ ਸੁਨਕ

ਤਸਵੀਰ ਸਰੋਤ, Reuters

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ 2021 ਤੋਂ ਓਪੀਨੀਅਨ ਪੋਲ ਵਿੱਚ ਥੱਲੇ ਵੱਲ ਜਾ ਰਹੀ ਹੈ।

ਬੀਬੀਸੀ ਦੇ ਸਿਆਸੀ ਸੰਪਾਦਕ ਕ੍ਰਿਸ ਮੇਸਨ ਮੁਤਾਬਕ, “ਪਾਰਟੀ ਵਿੱਚ ਕੁਝ ਆਗੂਆਂ ਨੇ ਮਹਿਸੂਸ ਕੀਤਾ ਹੈ ਕਿ ਚੀਜ਼ਾਂ ਵਿੱਚ ਬਹੁਤਾ ਸੁਧਾਰ ਨਹੀਂ ਹੋਵੇਗਾ ਅਤੇ ਇਸ ਸਥਿਤੀ ਵਿੱਚ ਆਮ ਚੋਣਾਂ ਕੰਜ਼ਰਵੇਟਿਵ ਪਾਰਟੀ ਦੀ ਹਾਰ ਨੂੰ ਹੋਰ ਬਦਤਰ ਕਰਨਗੀਆਂ।”

“ਦੂਜੇ ਸ਼ਬਦਾਂ ਵਿੱਚ, ਜਾਂ ਤਾਂ ਹੁਣੇ ਕਰੋ ਨਹੀਂ ਤਾਂ ਇਹ ਹੋਰ ਬਦਤਰ ਹੋ ਸਕਦਾ ਹੈ”

“ਪ੍ਰਧਾਨ ਮੰਤਰੀ ਘੱਟੋ-ਘੱਟ ਆਪਣੇ ਕੁਝ ਉਦੇਸ਼ਾਂ ਦੀ ਪੂਰਤੀ ਤਾਂ ਗਿਣਾ ਸਕਦੇ ਹਨ, ਜਾਂ ਫਿਰ ਪ੍ਰਤੀਤ ਹੁੰਦਾ ਕਿ ਉਹ ਕੰਮ ਨੇਪਰੇ ਚਾੜ੍ਹਨ ਦੇ ਰਾਹ ਵਿੱਚ ਹਨ।”

“ਅੱਜ ਦੇ ਮਹਿੰਗਾਈ ਅੰਕੜਿਆਂ ਨੂੰ ਸਫਲਤਾ ਵਜੋਂ ਵੇਖਿਆ ਜਾ ਸਕਦਾ ਹੈ। ਬੇਸ਼ੱਕ ਇਹ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਕੰਮਾਂ ’ਤੇ ਨਿਰਭਰ ਨਹੀਂ ਹੈ, ਪਰ ਜਦੋਂ ਇਹ ਅੰਕੜੇ ਸਿਖਰ ਵੱਲ ਵਧਦੇ ਹਨ ਤਾਂ ਸਰਕਾਰਾਂ ਨੂੰ ਮੁਜਰਮ ਜ਼ਰੂਰ ਠਹਿਰਾਇਆ ਜਾਂਦਾ ਹੈ। ਇਸ ਲਈ ਇਹ ਉਮੀਦ ਕਰਨਾ ਸਹੀ ਹੈ ਕਿ ਜਿਸ ਸਮੇਂ ਮਹਿੰਗਾਈ ਦਰ ’ਚ ਗਿਰਾਵਟ ਆਵੇਗੀ ਤਾਂ ਸਰਕਾਰ ਵੀ ਉਸ ਦਾ ਸਿਹਰਾ ਲੈਣ ਦਾ ਯਤਨ ਕਰੇਗੀ – ਅਤੇ ਅਜਿਹਾ ਹੁੰਦਾ ਵੀ ਹੈ।

ਇਸ ਸਮੇਂ “ਵਿਆਪਕ ਆਰਥਿਕ ਤਸਵੀਰ ਵੀ ਕੁਝ ਚਮਕਦਾਰ ਵਿਖਾਈ ਦਿੰਦੀ ਹੈ।”

ਚੋਣਾਂ ਵਿੱਚ ਪਾਰਟੀਆਂ ਦੀ ਤੁਲਨਾ ਕਿਵੇਂ ਹੁੰਦੀ ਹੈ?

ਤਾਜ਼ਾ ਓਪੀਨੀਅਨ ਪੋਲ ਤੋਂ ਪਤਾ ਲੱਗਦਾ ਹੈ ਕਿ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਆਪਣੀ ਮੁੱਖ ਵਿਰੋਧੀ ਪਾਰਟੀ, ਲੇਬਰ ਪਾਰਟੀ ਤੋਂ ਬਹੁਤ ਪਿਛੜ ਕੇ ਚੋਣ ਪ੍ਰਚਾਰ ਸ਼ੁਰੂ ਕਰ ਰਹੀ ਹੈ।

ਅਸਲ ਵਿੱਚ ਪਿਛਲੇ 12 ਮਹੀਨਿਆਂ ਤੋਂ ਇਹੀ ਸਥਿਤੀ ਚੱਲ ਰਹੀ ਹੈ ਕਿ ਲੇਬਰ ਪਾਰਟੀ ਨੇ ਲਗਾਤਾਰ 40% ਤੋਂ ਉੱਪਰ ਪੋਲਿੰਗ ਦਰਜ ਕੀਤੀ ਹੈ।

ਬੇਸ਼ੱਕ ਓਪੀਨੀਅਨ ਪੋਲ ਵੀ ਗਲਤ ਹੋ ਸਕਦੇ ਹਨ ਅਤੇ ਪੀਐੱਮ ਸੁਨਕ ਉਮੀਦ ਕਰ ਰਹੇ ਹੋਣਗੇ ਕਿ ਹਾਲ ਫਿਲਹਾਲ ਦੌਰਾਨ ਮਹਿੰਗਾਈ ਵਿੱਚ ਆਈ ਗਿਰਾਵਟ ਅਤੇ ਨੀਤੀਗਤ ਮਾਮਲਿਆਂ ਵਿੱਚ ਪਾਰਟੀ ਵੱਲੋਂ ਦਿੱਤੇ ਧਿਆਨ ਕਾਰਨ ਕੰਜ਼ਰਵੇਟਿਵ ਪਾਰਟੀ ਨੂੰ ਚੋਣਾਂ ਵਿੱਚ ਮਦਦ ਮਿਲੇਗੀ।

ਜਿਵੇਂ ਕਿ ਸਥਿਤੀ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਲੇਬਰ ਪਾਰਟੀ ਅਜੇ ਚੋਣ ਪ੍ਰਚਾਰ ਵਿੱਚ ਬਹੁਤ ਅੱਗੇ ਹੈ।

ਰਿਫਾਰਮ ਯੂਕੇ – ਇੱਕ ਇਮੀਗ੍ਰੇਸ਼ਨ ਵਿਰੋਧੀ ਸੱਜੇ-ਪੱਖੀ ਪਾਰਟੀ ਤੀਜੇ ਸਥਾਨ ’ਤੇ ਹੈ। ਭਾਵੇਂ ਕਿ ਉਨ੍ਹਾਂ ਦਾ ਸਮਰਥਨ ਦੇਸ਼ ਭਰ ’ਚ ਬਰਾਬਰ ਫੈਲਿਆ ਹੋਇਆ ਹੈ, ਪਰ ਉਸ ਹਮਾਇਤ ਨਾਲ ਸੰਸਦ ਵਿੱਚ ਸੀਟਾਂ ਹਾਸਲ ਕਰਨੀਆਂ ਮੁਸ਼ਕਲ ਹੋ ਸਕਦੀਆਂ ਹਨ।

ਲਿਬਰਲ ਡੈਮੋਕਰੇਟਸ, ਜੋ ਕਿ ਪਹਿਲਾਂ ਦੇਸ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਸੀ, ਉਹ ਔਸਤਨ ਲਗਭਗ 10% ’ਤੇ ਕਾਇਮ ਹੈ।

ਹਾਲਾਂਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਿਹੜੀਆਂ ਸੀਟਾਂ ਉੱਤੇ ਉਨ੍ਹਾਂ ਨੇ ਟੀਚਾ ਰੱਖਿਆ ਹੈ, ਉਨ੍ਹਾਂ ਉੱਤੇ ਧਿਆਨ ਦੇ ਕੇ ਉਹ ਚੋਣਾਂ ਵਿੱਚ ਫਾਇਦਾ ਚੁੱਕ ਸਕਦੇ ਹਨ।

ਰਿਸ਼ੀ ਸੁਨਕ ਦੀ ਰਵਾਂਡਾ ਯੋਜਨਾ ਦਾ ਕੀ ਹੋਵੇਗਾ ?

ਗਰਾਫਿਕਸ

ਰਿਸ਼ੀ ਸੁਨਕ ਨੇ ਪਹਿਲਾਂ ਆਮ ਚੋਣਾਂ ਤੋਂ ਪਹਿਲਾਂ ਕੁਝ ਸ਼ਰਨ ਮੰਗਣ ਵਾਲੇ ਲੋਕਾਂ ਨੂੰ ਰਵਾਂਡਾ ਭੇਜਣ ਦਾ ਵਾਅਦਾ ਕੀਤਾ ਸੀ।

ਉਨ੍ਹਾਂ ਨੇ ਇਸ ਨੀਤੀ ਨੂੰ ਲਾਗੂ ਕਰਨਾ ਆਪਣੇ ਕਾਰਜ ਕਾਲ ਦੀ ਮੁੱਖ ਤਰਜੀਹ ਦੱਸਦੇ ਹੋਏ ਦਲੀਲ ਦਿੱਤੀ ਸੀ ਕਿ ਇਹ ਲੋਕਾਂ ਨੂੰ ਛੋਟੀਆਂ ਕਿਸ਼ਤੀਆਂ ਜ਼ਰੀਏ ਇੰਗਲਿਸ਼ ਚੈਨਲ ਨੂੰ ਪਾਰ ਕਰਨ ਤੋਂ ਰੋਕੇਗੀ।

ਲੇਕਿਨ ਹੁਣ ਆਮ ਚੋਣਾਂ ਜਲਦੀ ਕਰਵਾਉਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਹ 4 ਜੁਲਾਈ ਨੂੰ ਮੁੜ ਚੁਣੇ ਜਾਂਦੇ ਹਨ ਤਾਂ ਇਹ ਯੋਜਨਾ ਸ਼ੁਰੂ ਹੋ ਜਾਵੇਗੀ।

ਦੂਜੇ ਪਾਸੇ ਲੇਬਰ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਇਸ ਯੋਜਨਾ ਨੂੰ ਰੱਦ ਕਰ ਦੇਵੇਗੀ।

ਇਨ੍ਹਾਂ ਵਿਰੋਧੀ ਐਲਾਨਾਂ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਆਖਰ ਚੋਣਾਂ ਤੋਂ ਬਾਅਦ ਕਿਸੇ ਨੂੰ ਕਦੇ ਰਵਾਂਡਾ ਭੇਜਿਆ ਵੀ ਜਾਵੇਗਾ, ਜਾਂ ਨਹੀਂ।

ਇਹ ਯੋਜਨਾ , ਜਿਸ ਦੀ ਪਹਿਲਾਂ ਹੀ 240 ਮਿਲੀਅਨ ਪੌਂਡ (305 ਮਿਲੀਅਨ ਡਾਲਰ ) ਖਰਚੇ ਜਾ ਚੁੱਕੇ ਹਨ, ਹੁਣ 6 ਹਫ਼ਤਿਆ ਦੀ ਚੋਣ ਮੁਹਿੰਮ ਦੌਰਾਨ ਦੋ ਮੁੱਖ ਪਾਰਟੀਆਂ ਵਿਚਾਲੇ ਇੱਕ ਸਪਸ਼ਟ ਵਿਚਾਰਧਾਰਕ ਲਾਈਨ ਦਾ ਕੰਮ ਕਰੇਗੀ।

ਰਿਸ਼ੀ ਸੁਨਕ (44) ਅਤੇ ਸਰ ਕੀਰ ਸਟਾਰਮਰ (61)

ਤਸਵੀਰ ਸਰੋਤ, Reuters/ PA

ਤਸਵੀਰ ਕੈਪਸ਼ਨ, ਰਿਸ਼ੀ ਸੁਨਕ (44) ਅਤੇ ਸਰ ਕੀਰ ਸਟਾਰਮਰ (61) ਦੋ ਮੁੱਖ ਉਮੀਦਵਾਰ ਹਨ

ਮੁੱਖ ਉਮੀਦਵਾਰ ਕੌਣ ਹਨ?

ਫਿਲਹਾਲ ਜਿਨ੍ਹਾਂ ਦੋ ਪਾਰਟੀਆਂ ਨੂੰ ਸਭ ਤੋਂ ਵੱਧ ਵੋਟਾਂ ਮਿਲਣ ਦੀ ਉਮੀਦ ਹੈ, ਉਹ ਹਨ- ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ।

44 ਸਾਲਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰ ਰਹੇ ਹਨ। ਸਾਲ 2022 ਵਿੱਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਹ 42 ਸਾਲ ਦੇ ਸਨ।

ਉਹ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਅਤੇ ਬ੍ਰਿਟਿਸ -ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਵੀ ਹਨ।

ਦੂਜੇ ਪਾਸੇ 61 ਸਾਲਾ ਸਰ ਕੀਰ ਸਟਾਰਮਰ ਲੇਬਰ ਪਾਰਟੀ ਦੇ ਆਗੂ ਹਨ। ਸਾਲ 2020 ’ਚ ਜੇਰੇਮੀ ਕੋਰਬੀਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੇ ਆਗੂ ਵੱਜੋਂ ਚੁਣਿਆ ਗਿਆ ਸੀ।

ਇਸ ਤੋਂ ਪਹਿਲਾਂ ਉਹ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਮੁੱਖੀ ਅਤੇ ਪਬਲਿਕ ਪ੍ਰੋਸੀਕਿਊਸ਼ਨਸ ਦੇ ਡਾਇਰੈਕਟਰ ਰਹੇ ਹਨ।

ਚੋਣਾਂ ਤੋਂ ਪਹਿਲਾਂ ਸੰਸਦ ਅਤੇ ਸੰਸਦ ਮੈਂਬਰਾਂ ਦਾ ਕੀ ਹੁੰਦਾ ਹੈ ?

ਹਾਊਸ ਆਫ਼ ਕਾਮਨਜ਼

ਤਸਵੀਰ ਸਰੋਤ, HOUSES OF PARLIAMENT RESTORATION & RENEWAL

ਪ੍ਰਧਾਨ ਮੰਤਰੀ ਨੇ ਰਸਮੀ ਤੌਰ ’ਤੇ ਰਾਜਾ ਨੂੰ ਸੰਸਦ ‘ਭੰਗ’ ਕਰਨ ਲਈ ਕਹਿ ਦਿੱਤਾ ਹੈ।

ਇਸ ਤਰ੍ਹਾਂ ਵੀਰਵਾਰ 30 ਮਈ ਨੂੰ ਸੰਸਦ ਭੰਗ ਕਰ ਦਿੱਤੀ ਜਾਵੇਗੀ।

ਸੰਸਦ ਮੈਂਬਰ ਆਪਣਾ ਰੁਤਬਾ ਗੁਆ ਲੈਂਦੇ ਹਨ ਅਤੇ ਜੇਕਰ ਉਹ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਚੋਣਾਂ ਜਿੱਤਣੀਆਂ ਪੈਣਗੀਆਂ।

100 ਤੋਂ ਵੀ ਵੱਧ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਉਹ ਅਗਾਮੀ ਚੋਣਾਂ ਵਿੱਚ ਨਹੀਂ ਉਤਰਨਗੇ।

ਸਰਕਾਰ ਵੀ ਚੋਣਾਂ ਤੋਂ ਪਹਿਲੇ ਸਮੇਂ ਵਿੱਚ ਦਾਖਲ ਹੋ ਜਾਵੇਗੀ ਅਤੇ ਇਸ ਦੌਰਾਨ ਉਨ੍ਹਾਂ, ਦੀਆਂ ਮੰਤਰੀ ਮੰਡਲ ਅਤੇ ਵਿਭਾਗੀ ਗਤੀਵਿਧੀਆਂ ਸੀਮਤ ਹੋ ਜਾਣਗੀਆਂ

ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੀ ਹੋਵੇਗਾ?

ਗਰਾਫਿਕਸ

ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ, ਕਿੰਗ ਸਭ ਤੋਂ ਜ਼ਿਆਦਾ ਸੰਸਦ ਮੈਂਬਰਾਂ ਵਾਲੀ ਪਾਰਟੀ ਦੇ ਆਗੂ ਨੂੰ ਪ੍ਰਧਾਨ ਮੰਤਰੀ ਬਣਨ ਅਤੇ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ।

ਸੰਸਦ ਮੈਂਬਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਦਾ ਆਗੂ ਵਿਰੋਧੀ ਧਿਰ ਦਾ ਆਗੂ ਬਣ ਜਾਂਦਾ ਹੈ।

ਜੇਕਰ ਕਿਸੇ ਵੀ ਪਾਰਟੀ ਨੂੰ ਸੰਸਦ ਵਿੱਚ ਬਹੁਮਤ ਹਾਸਲ ਨਹੀਂ ਹੁੰਦਾ ਹੈ ਭਾਵ ਕਿ ਉਹ ਸਿਰਫ ਆਪਣੇ ਸੰਸਦ ਮੈਂਬਰਾਂ ਨਾਲ ਕਾਨੂੰਨ ਪਾਸ ਨਹੀਂ ਕਰ ਸਕਦੀ ਹੈ ਤਾਂ ਇਸ ਦੇ ਨਤੀਜੇ ਵੱਜੋਂ ਨਵੀਂ ਸੰਸਦ ਦੇ ਕਾਇਮ ਕਰਨ ਦੀ ਕਾਰਵਾਈ ਮੁਲਤਵੀ ਹੋ ਜਾਂਦੀ ਹੈ।

ਅਜਿਹੀ ਸਥਿਤੀ ਵਿੱਚ ਦੇਸ ਦੀ ਸਭ ਤੋਂ ਵੱਡੀ ਪਾਰਟੀ ਕਿਸੇ ਵੀ ਕਾਨੂੰਨ ਨੂੰ ਪਾਸ ਕਰਨ ਲਈ ਦੂਜੀਆਂ ਪਾਰਟੀਆਂ ਦੀਆਂ ਵੋਟਾਂ ਉੱਤੇ ਨਿਰਭਰ ਕਰਦੀ ਹੈ। ਉਹ ਕਿਸੇ ਹੋਰ ਪਾਰਟੀ ਨਾਲ ਗਠਜੋੜ ਵਾਲੀ ਸਰਕਾਰ ਬਣਾਉਣ ਜਾਂ ਅਲਪਮਤ ਸਰਕਾਰ ਵਜੋਂ ਕੰਮ ਕਰਨ ਦਾ ਫੈਸਲਾ ਕਰ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)