ਰਿਸ਼ੀ ਸੁਨਕ : ਜਾਣੋ ਕਾਰੋਬਾਰੀ ਤੋਂ ਸਿਆਸੀ ਆਗੂ ਬਣਨ ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਟੌਮ ਐਸਪਿਨਰ ਅਤੇ ਲੂਸੀ ਹੂਕਰ
- ਰੋਲ, ਬੀਬੀਸੀ, ਬਿਜ਼ਨਸ ਰਿਪੋਰਟਰ
ਰਿਸ਼ੀ ਸੁਨਕ ਨਵੇਂ ਬਰਤਾਨਵੀਂ ਪ੍ਰਧਾਨ ਮੰਤਰੀ ਹੋਣਗੇ। ਉਹ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਹੋਣਗੇ ਜੋ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।
ਲਿਜ਼ ਟ੍ਰਸ ਦੇ ਅਸਤੀਫ਼ੇ ਤੋਂ ਬਾਅਦ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੇ ਰੇਸ 'ਚੋਂ ਖ਼ੁਦ ਨੂੰ ਬਾਹਰ ਕਰ ਲਿਆ ਸੀ।
ਬੋਰਿਸ ਜੌਨਸਨ ਦੇ ਇਸ ਫੈਸਲੇ ਤੋਂ ਬਾਅਦ, ਰਿਸ਼ੀ ਸੁਨਕ ਕੋਲ ਇਸ ਸ਼ਕਤੀਸ਼ਾਲੀ ਅਹੁਦੇ 'ਤੇ ਜਾਣ ਦਾ ਮੌਕਾ ਮੁੜ ਤੋਂ ਆਇਆ ਹੈ।
ਸੁਨਕ ਫਰਵਰੀ 2020 ਵਿੱਚ ਚਾਂਸਲਰ ਬਣੇ। ਉਹਨਾਂ ਨੇ ਕੁਝ ਹੀ ਹਫ਼ਤਿਆਂ ਦੇ ਅੰਦਰ ਖੁਦ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਿਸੇ ਵੀ ਚਾਂਸਲਰ ਦੀ ਤੁਲਨਾ ਵਿੱਚ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਦੇਖਿਆ। ਇਹ ਚੁਣੌਤੀ ਸੀ ਮਹਾਂਮਾਰੀ ਦੌਰਾਨ ਬ੍ਰਿਟੇਨ ਦੀ ਆਰਥਵਿਵਸਥਾ ਨੂੰ ਅੱਗੇ ਵਧਾਉਣਾ ਅਤੇ ਲੌਕਡਾਊਨ ਦੀ ਸ਼ੁਰੂਆਤ।
ਸ਼ਰਾਬ ਦੇ ਸੇਵਨ ਤੋਂ ਦੂਰ ਰਹਿਣ ਵਾਲੇ ਇਸ ਸ਼ਖ਼ਸ ਦਾ ਪਹਿਲੇ ਲੌਕਡਾਊਨ ਦੌਰਾਨ 40ਵਾਂ ਜਨਮ ਦਿਨ ਸੀ।
2020 ਦੀ ਬਸੰਤ ਰੁੱਤ ਵਿੱਚ ਮਹਾਮਾਰੀ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਮਦਦ ਕਰਨ ਲਈ "ਜੋ ਕੁਝ ਵੀ ਕਰਨ ਦੀ ਜ਼ਰੂਰਤ ਹੈ'' ਕਰਨ ਦਾ ਵਾਅਦਾ ਕੀਤਾ ਅਤੇ 350 ਬਿਲੀਅਨ ਪੌਂਡ ਦੀ ਸਹਾਇਤਾ ਦੀ ਸ਼ੁਰੂਆਤ ਕੀਤੀ। ਇਸ ਨਾਲ ਉਨ੍ਹਾਂ ਦੀ ਨਿੱਜੀ ਪੋਲ ਰੇਟਿੰਗ ਸਿਖਰ 'ਤੇ ਪੁੱਜ ਗਈ।

ਤਸਵੀਰ ਸਰੋਤ, Getty Images
ਬ੍ਰਿਟੇਨ ਦਾ ਤਬਾਹਕੁੰਨ ਆਰਥਿਕ ਸਥਿਤੀ ਨਾਲ ਜੂਝਣਾ ਜਾਰੀ ਰਿਹਾ। ਜੂਨ 2020 ਵਿੱਚ ਡਾਉਨਿੰਗ ਸਟ੍ਰੀਟ ਵਿੱਚ ਲੌਕਡਾਊਨ ਦੇ ਨਿਯਮਾਂ ਨੂੰ ਤੋੜਨ ਲਈ ਬੋਰਿਸ ਜੌਨਸਨ ਦੇ ਨਾਲ ਸੁਨਕ ਨੂੰ ਖੁ਼ਦ ਪੁਲਿਸ ਦੁਆਰਾ ਜੁਰਮਾਨੇ ਕੀਤੇ ਜਾਣ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ।
ਪਤਨੀ ਦੇ ਟੈਕਸ ਨਾ ਭਰਨ ਸਬੰਧੀ ਵਿਵਾਦ
ਇਸ ਸਾਲ ਅਪ੍ਰੈਲ ਵਿੱਚ ਕੁਝ ਕੰਜ਼ਰਵੇਟਿਵ ਆਲੋਚਕਾਂ ਨੇ ਸਵਾਲ ਕੀਤਾ ਕਿ ਕੀ ਕਰੋੜਪਤੀ ਨੇ ਆਰਥਿਕ ਤੰਗੀ 'ਚੋਂ ਗੁਜ਼ਰ ਰਹੇ ਪਰਿਵਾਰਾਂ ਦੀਆਂ ਮੁਸ਼ਕਲਾਂ ਦੇ ਪੈਮਾਨੇ ਨੂੰ ਸਮਝ ਲਿਆ ਹੈ।
ਉਸ ਮਹੀਨੇ ਸੁਨਕ ਅਤੇ ਉਸ ਦੇ ਪਰਿਵਾਰ ਦੇ ਵਿੱਤ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੀ ਉਤਰਾਧਿਕਾਰੀ ਪਤਨੀ ਅਕਸ਼ਤਾ ਮੂਰਤੀ ਦੇ ਟੈਕਸ ਮਾਮਲਿਆਂ ਨੂੰ ਸੁਰਖੀਆਂ ਵਿੱਚ ਰੱਖਿਆ ਗਿਆ।
ਇਹ ਵੀ ਪੜ੍ਹੋ:
ਅਕਸ਼ਤਾ ਮੂਰਤੀ ਨੇ ਬਾਅਦ ਵਿੱਚ ਘੋਸ਼ਣਾ ਕੀਤੀ ਕਿ ਉਹ ਆਪਣੇ ਪਤੀ ਉਪਰ ਰਾਜਨੀਤਿਕ ਦਬਾਅ ਹਟਾਉਣ ਲਈ ਆਪਣੀ ਵਿਦੇਸ਼ੀ ਕਮਾਈ 'ਤੇ ਬ੍ਰਿਟੇਨ ਟੈਕਸ ਦਾ ਭੁਗਤਾਨ ਕਰਨਾ ਸ਼ੁਰੂ ਕਰਨਗੇ।
ਲੇਬਰ ਪਾਰਟੀ ਨੇ ਉਹਨਾਂ ਦੇ ਵਿੱਤ ਬਾਰੇ ਕਈ ਸਵਾਲ ਖੜ੍ਹੇ ਕੀਤੇ ਜਿਸ ਵਿੱਚ ਪੁੱਛਿਆ ਗਿਆ ਕਿ ਕੀ ਸੁਨਕ ਨੂੰ ਕਦੇ ਟੈਕਸ ਹੈਵਨ ਦੀ ਵਰਤੋਂ ਤੋਂ ਲਾਭ ਹੋਇਆ ਹੈ?
ਦਿ ਇੰਡੀਪੈਂਡੈਂਟ ਨੇ ਸੁਝਾਇਆ ਕਿ ਉਸ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 2020 ਵਿੱਚ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਅਤੇ ਕੇਮੈਨ ਆਈਲੈਂਡਜ਼ ਵਿੱਚ ਟੈਕਸ ਹੈਵਨ ਟਰੱਸਟਾਂ ਦੇ ਲਾਭਪਾਤਰੀ ਵਜੋਂ ਸੂਚੀਬੱਧ ਕੀਤਾ ਗਿਆ ਸੀ। ਸੁਨਕ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਹਨਾਂ ਦਾਅਵਿਆਂ ਨੂੰ "ਮਾਨਤਾ ਨਹੀਂ" ਦਿੰਦੇ।

ਤਾਂ ਅਸੀਂ ਰਿਸ਼ੀ ਸੁਨਕ ਬਾਰੇ ਕੀ ਜਾਣਦੇ ਹਾਂ?
ਰਿਸ਼ੀ ਦਾ ਉਭਾਰ
ਰਿਸ਼ੀ ਸੁਨਕ ਦੇ ਮਾਤਾ-ਪਿਤਾ ਪੂਰਬੀ ਅਫ਼ਰੀਕਾ ਤੋਂ ਬ੍ਰਿਟੇਨ ਆਏ ਸਨ ਅਤੇ ਦੋਵੇਂ ਭਾਰਤੀ ਮੂਲ ਦੇ ਹਨ।
ਉਨ੍ਹਾਂ ਦਾ ਜਨਮ 1980 ਵਿੱਚ ਸਾਉਥੈਂਪਟਨ ਵਿੱਚ ਹੋਇਆ ਸੀ ਜਿੱਥੇ ਉਨ੍ਹਾਂ ਦੇ ਪਿਤਾ ਜੀਪੀ ਸਨ ਅਤੇ ਮਾਂ ਆਪਣੀ ਫਾਰਮੇਸੀ ਚਲਾਉਂਦੀ ਸੀ।

ਤਸਵੀਰ ਸਰੋਤ, Getty Images
ਸੁਨਕ ਨੇ ਕਿਹਾ ਹੈ ਕਿ ਉਹ ਸਮਾਜ ਦੀ ਸੇਵਾ ਕਰਨ ਲਈ ਆਪਣੇ ਪਿਤਾ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਾ ਹੈ। ਉਹਨਾਂ ਦੀ ਮਾਂ ਨੂੰ ਫਾਰਮੇਸੀ ਵਿੱਚ ਮਦਦ ਕਰਨ ਨੇ ਰਿਸ਼ੀ ਨੂੰ ਕਾਰੋਬਾਰ ਵਿੱਚ ਪਹਿਲਾ ਸਬਕ ਸਿਖਾਇਆ।
ਉਨ੍ਹਾਂ ਨੇ ਇੱਕ ਨਿੱਜੀ ਸਕੂਲ ਵਿਨਚੈਸਟਰ ਕਾਲਜ ਵਿੱਚ ਪੜ੍ਹਾਈ ਕੀਤੀ। ਉਹਨਾਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਾਊਥੈਂਪਟਨ ਵਿੱਚ ਇੱਕ ਕਰੀ ਹਾਊਸ ਵਿੱਚ ਵੇਟਰ ਵਜੋਂ ਕੰਮ ਕੀਤਾ। ਫਿਰ ਉਹ ਫਿਲਾਸਫੀ, ਰਾਜਨੀਤੀ ਅਤੇ ਅਰਥ ਸ਼ਾਸਤਰ ਦਾ ਅਧਿਐਨ ਕਰਨ ਲਈ ਆਕਸਫੋਰਡ ਚਲੇ ਗਏ।
ਸਟੈਨਫੋਰਡ ਯੂਨੀਵਰਸਿਟੀ ਵਿੱਚ ਐੱਮਬੀਏ ਦੀ ਪੜ੍ਹਾਈ ਦੌਰਾਨ ਉਨ੍ਹਾਂ ਦੀ ਮੁਲਾਕਾਤ ਭਾਰਤੀ ਅਰਬਪਤੀ ਅਤੇ ਆਈਟੀ ਸੇਵਾਵਾਂ ਦੀ ਦਿੱਗਜ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਹੋਈ। ਹੁਣ ਇਹਨਾਂ ਦੀਆਂ ਦੋ ਬੇਟੀਆਂ ਹਨ।
2001 ਤੋਂ 2004 ਤੱਕ ਸੁਨਕ ਨਿਵੇਸ਼ ਬੈਂਕ, ਗੋਲਡਮੈਨ ਸਾਕਸ ਲਈ ਵਿਸ਼ਲੇਸ਼ਕ ਸਨ ਅਤੇ ਬਾਅਦ ਵਿੱਚ ਦੋ ਹੈਜ ਫੰਡਾਂ ਵਿੱਚ ਹਿੱਸੇਦਾਰ ਸਨ।

ਤਸਵੀਰ ਸਰੋਤ, Getty Images
ਉਨ੍ਹਾਂ ਨੂੰ ਸਭ ਤੋਂ ਅਮੀਰ ਸੰਸਦ ਮੈਂਬਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਦਿ ਟਾਈਮਜ਼ ਦੇ ਅਨੁਸਾਰ, ਉਹ "ਵੀਹਵਿਆਂ ਦੇ ਅੱਧ ਵਿੱਚ ਕਰੋੜਪਤੀ" ਸਨ ਪਰ ਉਨ੍ਹਾਂ ਨੇ ਜਨਤਕ ਤੌਰ 'ਤੇ ਇਸ ਗੱਲ 'ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਉਨ੍ਹਾਂ ਦੀ ਕੁੱਲ ਸੰਪਤੀ ਕਿੰਨੀ ਹੈ।
ਸਾਲ 2015 ਤੋਂ ਬਾਅਦ ਉਹ ਯੌਰਕਸ਼ਾਇਰ ਵਿੱਚ ਰਿਚਮੰਡ ਲਈ ਕੰਜ਼ਰਵੇਟਿਵ ਸਾਂਸਦ ਰਹੇ ਹਨ। ਉਹ ਨੌਰਥਲਰਟਨ ਸ਼ਹਿਰ ਦੇ ਬਿਲਕੁਲ ਬਾਹਰ ਕਿਰਬੀ ਸਿਗਸਟਨ ਵਿੱਚ ਰਹਿੰਦੇ ਹਨ।
ਉਹ ਸਾਬਕਾ ਪ੍ਰਧਾਨ ਮੰਤਰੀ ਟੈਰੀਜ਼ ਮੇਅ ਦੀ ਸਰਕਾਰ ਵਿੱਚ ਜੂਨੀਅਰ ਮੰਤਰੀ ਬਣੇ ਸਨ।
ਬੋਰਿਸ ਜੌਨਸਨ ਨਾਲ ਨੇੜਤਾ ਅਤੇ ਅਸਤੀਫ਼ਾ
ਫਰਵਰੀ 2020 ਵਿੱਚ ਚਾਂਸਲਰ ਦੇ ਰੂਪ ਵਿੱਚ ਪਦਉੱਨਤ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਬੋਰਿਸ ਜੌਨਸਨ ਦੁਆਰਾ ਖਜ਼ਾਨੇ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ।
ਸੁਨਕ ਪਹਿਲਾਂ ਜੌਨਸਨ ਦੇ ਮੁੱਖ ਸਮਰਥਕ ਸਨ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਆਰਥਿਕਤਾ ਪ੍ਰਤੀ ਉਨ੍ਹਾਂ ਦੀ ਪਹੁੰਚ ਜੌਨਸਨ ਨਾਲੋਂ "ਬੁਨਿਆਦੀ ਤੌਰ 'ਤੇ ਬਹੁਤ ਵੱਖਰੀ" ਹੈ।

ਤਸਵੀਰ ਸਰੋਤ, Getty Images
ਰਿਸ਼ੀ ਸੁਨਕ ਨੇ ਯੂਰਪੀ ਸੰਘ ਦੇ ਜਨਮਤ ਸੰਗ੍ਰਹਿ ਵਿੱਚ ਇਸ ਤੋਂ ਬਾਹਰ ਆਉਣ ਲਈ ਉਤਸ਼ਾਹ ਨਾਲ ਮੁਹਿੰਮ ਚਲਾਈ। ਉਨ੍ਹਾਂ ਨੇ ਯੌਰਕਸ਼ਾਇਰ ਪੋਸਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਬ੍ਰਿਟੇਨ ਨੂੰ 'ਆਜ਼ਾਦ, ਨਿਰਪੱਖ ਅਤੇ ਵਧੇਰੇ ਖੁਸ਼ਹਾਲ' ਬਣਾਏਗਾ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਬ੍ਰਸੇਲਜ਼ ਤੋਂ ਲਾਲਫੀਤਾਸ਼ਾਹੀ ਨਾਲ ਬ੍ਰਿਟੇਨ ਦੇ ਕਾਰੋਬਾਰ ਨੂੰ "ਦਬਾਇਆ" ਗਿਆ ਸੀ ਪਰ ਉਹ ਆਸ਼ਾਵਾਦੀ ਸਨ ਕਿ ਬ੍ਰੈਗਜ਼ਿਟ ਤੋਂ ਬਾਅਦ ਈਯੂ ਨਾਲ ਇੱਕ ਮੁਕਤ ਵਪਾਰ ਸੌਦੇ 'ਤੇ ਸਹਿਮਤੀ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲਣਾ ਉਨ੍ਹਾਂ ਵੱਲੋਂ ਅਹੁਦਾ ਛੱਡਣ ਦਾ ਇੱਕ ਹੋਰ ਮੁੱਖ ਕਾਰਨ ਸੀ।
"ਮੇਰਾ ਮੰਨਣਾ ਹੈ ਕਿ ਉਚਿਤ ਇਮੀਗ੍ਰੇਸ਼ਨ ਸਾਡੇ ਦੇਸ਼ ਨੂੰ ਲਾਭ ਪਹੁੰਚਾ ਸਕਦੀ ਹੈ। ਪਰ ਸਾਨੂੰ ਆਪਣੀਆਂ ਸਰਹੱਦਾਂ 'ਤੇ ਨਿਯੰਤਰਣ ਰੱਖਣਾ ਚਾਹੀਦਾ ਹੈ।"
ਉਨ੍ਹਾਂ ਨੇ ਟੈਰੀਜ਼ਾ ਮੇਅ ਦੇ ਬ੍ਰੈਗਜ਼ਿਟ ਡੀਲ ਲਈ ਸਾਰੇ ਤਿੰਨੋਂ ਮੌਕਿਆਂ 'ਤੇ ਵੋਟ ਦਿੱਤੀ ਜਦੋਂ ਇਸ ਨੂੰ ਸੰਸਦ ਵਿੱਚ ਰੱਖਿਆ ਗਿਆ ਸੀ ਪਰ ਉਹ ਬੋਰਿਸ ਜੌਨਸਨ ਦੇ ਇੱਕ ਸ਼ੁਰੂਆਤੀ ਸਮਰਥਕ ਵੀ ਸਨ। ਇਸ ਲਈ ਉਨ੍ਹਾਂ ਨੂੰ ਜੁਲਾਈ 2019 ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਤੋਂ ਮੁੱਖ ਸਕੱਤਰ ਖਜ਼ਾਨਾ ਵਜੋਂ ਤਰੱਕੀ ਦੇ ਨਾਲ ਸਨਮਾਨਤ ਕੀਤਾ ਗਿਆ ਸੀ।

ਤਸਵੀਰ ਸਰੋਤ, PRESS ASSOCIATION
ਫਰਵਰੀ 2020 ਵਿੱਚ ਸਾਜਿਦ ਜਾਵੇਦ ਨੇ ਨੰਬਰ 10 (ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼) ਦੇ ਨਾਲ ਸੱਤਾ ਦੇ ਸੰਘਰਸ਼ ਤੋਂ ਬਾਅਦ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਿਸ਼ੀ ਸੁਨਕ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਿਆ।
'ਪਛਾਣ ਮਾਇਨੇ ਰੱਖਦੀ ਹੈ'
ਜਾਵੇਦ ਦੀ ਤਰ੍ਹਾਂ ਰਿਸ਼ੀ ਸੁਨਕ ਬ੍ਰਿਟੇਨ ਵਿੱਚ ਪੈਦਾ ਹੋਈ ਪੀੜ੍ਹੀ ਹੈ। ਪਰ ਮੂਲ ਰੂਪ ਵਿੱਚ ਉਹ ਕਿਸੇ ਹੋਰ ਥਾਂ ਤੋਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਛਾਣ ਉਹਨਾਂ ਲਈ ਮਾਇਨੇ ਰੱਖਦੀ ਹੈ।
ਰਿਸ਼ੀ ਸੁਨਕ ਨੇ 2019 ਵਿੱਚ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਕਿਹਾ, "ਮੇਰੇ ਮਾਤਾ-ਪਿਤਾ ਇੱਥੇ ਪਰਵਾਸ ਕਰ ਕੇ ਆਏ ਸਨ। ਇਸ ਲਈ ਤੁਹਾਨੂੰ ਲੋਕਾਂ ਦੀ ਇਹ ਪੀੜ੍ਹੀ ਮਿਲੀ ਹੈ ਜੋ ਇੱਥੇ ਪੈਦਾ ਹੋਏ ਹਨ, ਉਨ੍ਹਾਂ ਦੇ ਮਾਤਾ-ਪਿਤਾ ਇੱਥੇ ਪੈਦਾ ਨਹੀਂ ਹੋਏ ਸਨ ਅਤੇ ਉਹ ਇਸ ਦੇਸ਼ ਵਿੱਚ ਆਪਣਾ ਜੀਵਨ ਨਿਰਵਾਹ ਕਰਨ ਲਈ ਆਏ ਹਨ।"
"ਸੱਭਿਆਚਾਰਕ ਪਾਲਣ ਪੋਸ਼ਣ ਦੇ ਸੰਦਰਭ ਵਿੱਚ, ਮੈਂ ਹਫ਼ਤੇ ਦੇ ਅੰਤ ਵਿੱਚ ਮੰਦਰ ਵਿੱਚ ਹੁੰਦਾ ਹਾਂ। ਮੈਂ ਇੱਕ ਹਿੰਦੂ ਹਾਂ ਪਰ ਮੈਂ ਸ਼ਨਿਚਰਵਾਰ ਨੂੰ [ਸਾਊਥੈਂਪਟਨ ਫੁੱਟਬਾਲ ਕਲੱਬ] ਸੰਤਾਂ ਦੀ ਖੇਡ ਵਿੱਚ ਵੀ ਸ਼ਾਮਿਲ ਹੁੰਦਾ ਹਾਂ। ਤੁਸੀਂ ਸਭ ਕੁਝ ਕਰਦੇ ਹੋ ਅਤੇ ਤੁਸੀਂ ਦੋਵੇਂ ਚੀਜਾਂ ਕਰੋ।"

ਤਸਵੀਰ ਸਰੋਤ, HM TREASURY
ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਸੀ ਕਿ ਉਹ ਵਧਦੇ ਹੋਏ ਬਹੁਤ ਸਾਰੇ ਨਸਲਵਾਦ ਨੂੰ ਸਹਿਣ ਨਹੀਂ ਕਰ ਸਕਿਆ ਪਰ ਇੱਕ ਘਟਨਾ ਸੀ ਜੋ ਉਸ ਦੇ ਮਨ ਵਿੱਚ ਹਮੇਸ਼ਾ ਰਹੀ।
"ਮੈਂ ਆਪਣੇ ਛੋਟੇ ਭਰਾ ਅਤੇ ਛੋਟੀ ਭੈਣ ਨਾਲ ਬਾਹਰ ਸੀ ਅਤੇ ਮੈਨੂੰ ਲੱਗਦਾ ਹੈ ਸ਼ਾਇਦ ਮੈਂ ਬਹੁਤ ਛੋਟਾ ਸੀ। ਮੈਂ ਸ਼ਾਇਦ ਅਰਧ-ਕਿਸ਼ੋਰ ਅਵਸਥਾ ਵਿੱਚ ਸੀ ਅਤੇ ਅਸੀਂ ਇੱਕ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਸੀ। ਮੈਂ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਸੀ। ਆਸ-ਪਾਸ ਲੋਕ ਬੈਠੇ ਸਨ ਅਤੇ ਇਹ ਪਹਿਲੀ ਵਾਰ ਸੀ ਜਦੋਂ ਮੈਂ ਇਸ ਦਾ ਅਨੁਭਵ ਕੀਤਾ ਸੀ। ਉਹ ਸਾਨੂੰ ਬਹੁਤ ਹੀ ਕੋਝੀਆਂ ਗੱਲਾਂ ਕਹਿ ਰਹੇ ਸਨ।"
"ਇਹ ਮੈਨੂੰ ਡੰਗ ਮਾਰਦਾ ਹੈ। ਮੈਨੂੰ ਅੱਜ ਵੀ ਇਹ ਯਾਦ ਹੈ। ਇਹ ਮੇਰੀ ਯਾਦ ਵਿੱਚ ਜੰਮ ਗਿਆ ਹੈ। ਤੁਹਾਨੂੰ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਬੇਇੱਜ਼ਤ ਕੀਤਾ ਜਾ ਸਕਦਾ ਹੈ।"
ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਬ੍ਰਿਟੇਨ ਵਿੱਚ "ਅੱਜ ਅਜਿਹਾ ਹੋਣ ਦੀ ਕਲਪਨਾ ਨਹੀਂ ਕਰ ਸਕਦਾ"।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












