ਰਿਸ਼ੀ ਸੁਨਕ ਕਿਉਂ ਨਹੀਂ ਬਣ ਸਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ

ਲਿਜ਼ ਟ੍ਰਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 2019 ਵਿੱਚ ਜਦੋਂ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਬਣੇ ਤਾਂ ਲਿਜ਼ ਨੂੰ ਅੰਤਰਰਾਸ਼ਟਰੀ ਵਪਾਰ ਸਕੱਤਰ ਦੇ ਤੌਰ 'ਤੇ ਜਗ੍ਹਾ ਦਿੱਤੀ ਗਈ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕੰਮ ਦੁਨੀਆਂ ਭਰ ਵਿੱਚ ਰਾਜਨੀਤਕ ਅਤੇ ਵਪਾਰ ਨਾਲ ਸਬੰਧਤ ਲੋਕਾਂ ਨੂੰ ਮਿਲਣਾ ਸੀ।
    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਲਿਜ਼ ਟ੍ਰਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਨੂੰ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਦੌੜ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾਇਆ ਹੈ।

ਲਿਜ਼ ਟ੍ਰਸ ਨੂੰ ਕੁੱਲ 81,326 ਵੋਟ ਮਿਲੇ ਹਨ ਜਦਕਿ ਰਿਸ਼ੀ ਸੁਨਕ ਨੂੰ 60,399 ਵੋਟ ਮਿਲੇ ਹਨ। ਇਸ ਚੋਣ ਵਿੱਚ ਕੁੱਲ 82.6% ਵੋਟਿੰਗ ਹੋਈ ਹੈ।

ਬੋਰਿਸ ਜੌਨਸਨ ਦੀ ਕੈਬਨਿਟ ਵਿੱਚ ਯੂਨਾਈਟਿਡ ਕਿੰਗਡਮ ਦੇ ਵਿੱਤ ਮੰਤਰੀ ਦੇ ਰੂਪ ਵਿੱਚ ਰਿਸ਼ੀ ਸੂਨਕ ਦੀ ਸਮਰੱਥਾ ਅਤੇ ਹਰਮਨਪਿਆਰਤਾ ਦੇ ਬਾਵਜੂਦ, ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਅਹਿਮ ਅਹੁਦੇ ਦੀ ਦੌੜ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਸੀ। ਉਨ੍ਹਾਂ ਦੇ ਵਿਰੋਧੀ ਅਤੇ ਦੇਸ਼ ਦੀ ਵਿਦੇਸ਼ ਮੰਤਰੀ ਲਿਜ਼ ਟ੍ਰਸ ਚੋਣਾਂ ਵਿੱਚ ਉਨ੍ਹਾਂ ਤੋਂ ਕਾਫੀ ਅੱਗੇ ਸਨ।

ਇਹ ਅਸਲ ਵਿੱਚ ਇੱਕ ਇਤਿਹਾਸਕ ਪਲ ਹੁੰਦਾ ਜੇਕਰ ਰਿਸ਼ੀ ਸੂਨਕ ਦੌੜ ਜਿੱਤ ਜਾਂਦੇ। ਉਹ ਯੂਨਾਈਟਿਡ ਕਿੰਗਡਮ ਦੇ ਪਹਿਲੇ ਗੈਰ-ਗੋਰੇ ਅਤੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣ ਗਏ ਹੁੰਦੇ।

ਇਹ ਤਕਰੀਬਨ 2008 ਵਿੱਚ ਬਰਾਕ ਓਬਾਮਾ ਦੁਆਰਾ ਬਣਾਏ ਗਏ ਇਤਿਹਾਸ ਦੇ ਲਗਭਗ ਬਰਾਬਰ ਹੁੰਦਾ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਚੁਣੇ ਗਏ ਸਨ।

ਉਨ੍ਹਾਂ ਤੋਂ ਪਹਿਲਾਂ ਕਈ ਦੱਖਣੀ ਏਸ਼ੀਆ ਮੂਲ ਦੇ ਨੇਤਾ ਮੰਤਰੀਆਂ ਅਤੇ ਮੇਅਰਾਂ ਦੇ ਅਹੁਦਿਆਂ 'ਤੇ ਪਹੁੰਚ ਚੁੱਕੇ ਹਨ, ਜਿਵੇਂ ਕਿ ਪ੍ਰੀਤੀ ਪਟੇਲ ਦੇਸ਼ ਦੀ ਗ੍ਰਹਿ ਮੰਤਰੀ ਹਨ ਅਤੇ ਸਾਦਿਕ ਖ਼ਾਨ ਲੰਡਨ ਦੇ ਮੇਅਰ ਹਨ। ਜਦੋਂ ਉਨ੍ਹਾਂ ਨੂੰ 2020 ਵਿੱਚ ਖਜ਼ਾਨੇ ਦੇ ਚਾਂਸਲਰ ਜਾਂ ਵਿੱਤ ਮੰਤਰੀ ਦੇ ਅਹੁਦੇ ਲਈ ਪਦਉਨਤ ਕੀਤਾ ਗਿਆ ਸੀ, ਤਾਂ ਉਹ ਖੁਦ ਦੇਸ਼ ਦੇ ਦੂਜੇ ਸਭ ਤੋਂ ਮਹੱਤਵਪੂਰਨ ਨੇਤਾ ਬਣ ਗਏ ਸਨ।

ਪਰ ਹੁਣ ਤੱਕ ਨਸਲੀ ਘੱਟ ਗਿਣਤੀ ਭਾਈਚਾਰਿਆਂ ਵਿੱਚੋਂ ਕੋਈ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਨਹੀਂ ਰਿਹਾ ਸੀ।

ਰਿਸ਼ੀ ਸੂਨਕ ਦੀ ‘ਵੱਖਰੀ’ ਨਸਲੀ ਪੱਛਾਣ

ਰਿਸ਼ੀ ਸੂਨਕ

ਤਸਵੀਰ ਸਰੋਤ, Reuters

ਡਾ. ਨੀਲਮ ਰੈਨਾ ਮਿਡਲਸੈਕਸ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਹੈ। ਉਹ ਕਹਿੰਦੇ ਹਨ, "ਇਸ ਦੇਸ਼ ਦੀ ਸੰਸਦ ਵਿੱਚ ਧਾਰਮਿਕ ਅਤੇ ਨਸਲੀ ਘੱਟ-ਗਿਣਤੀ ਭਾਈਚਾਰਿਆਂ ਦੀ ਨੁਮਾਇੰਦਗੀ ਭਾਰਤ ਤੋਂ ਬਹੁਤ ਜ਼ਿਆਦਾ ਹੈ, ਪਰ ਰਿਸ਼ੀ ਦੀ ਚੋਣ ਇਤਿਹਾਸਕ ਹੋਣੀ ਸੀ ਕਿਉਂਕਿ ਉਨ੍ਹਾਂ ਦੀ ਨਸਲੀ ਪਛਾਣ ਵੱਖਰੀ ਸੀ।"

ਯੂਨਾਈਟਿਡ ਕਿੰਗਡਮ ਤੋਂ ਬਾਹਰ, ਦੁਨੀਆ ਭਰ ਵਿੱਚ ਭਾਰਤੀ ਮੂਲ ਦੇ ਨੇਤਾਵਾਂ ਦੀ ਇੱਕ ਲੰਬੀ ਸੂਚੀ ਹੈ ਜੋ ਆਪਣੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਰਹੇ ਹਨ ਜਾਂ ਅਜੇ ਵੀ ਹਨ। ਇਨ੍ਹਾਂ ਵਿੱਚੋਂ ਕੁਝ ਦੇਸ਼ ਮਾਰੀਸ਼ਸ, ਗੁਆਨਾ, ਆਇਰਲੈਂਡ, ਪੁਰਤਗਾਲ ਜਾਂ ਫਿਜ਼ੀ ਹਨ।

ਭਾਰਤ ਤੋਂ ਇਲਾਵਾ ਦੁਨੀਆ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੈ ਜਿਸ ਦਾ ਡਾਇਸਪੋਰਾ ਜਾਂ ਤਾਂ ਸ਼ਾਸਨ ਕਰਦਾ ਹੈ ਜਾਂ 30 ਤੋਂ ਵੱਧ ਦੇਸ਼ਾਂ 'ਤੇ ਸ਼ਾਸਨ ਕਰ ਚੁੱਕਿਆ ਹੈ।

ਇਸ ਸੂਚੀ ਵਿੱਚ 42 ਸਾਲਾ ਰਿਸ਼ੀ ਸੂਨਕ ਦਾ ਨਾਂ ਸ਼ਾਮਲ ਹੋ ਸਕਦਾ ਸੀ। ਰਿਸ਼ੀ ਨੇ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਲੋਕਾਂ ਵਿੱਚ ਆਪਣੀ ਸਾਖ਼ ਅਤੇ ਹਰਮਨਪਿਆਰਤਾ ਬਣਾਈ ਸੀ ਜਦੋਂ ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਆਰਥਿਕ ਪ੍ਰਭਾਵ ਨੂੰ ਚੰਗੀ ਤਰ੍ਹਾਂ ਨਾਲ ਨਜਿੱਠਿਆ ਸੀ।

ਜੇ ਉਹ ਜਿੱਤ ਗਏ ਹੁੰਦੇ, ਤਾਂ ਇਹ ਸ਼ਾਇਦ ਵਿਆਪਕ ਤੌਰ 'ਤੇ ਪ੍ਰਚੱਲਿਤ ਦ੍ਰਿਸ਼ਟੀਕੋਣ ਨੂੰ ਵੀ ਮਜ਼ਬੂਤ ਕਰਦਾ ਕਿ ਬ੍ਰਿਟਿਸ਼ ਸਮਾਜ ਵਿਭਿੰਨਤਾ ਦੀ ਇੱਕ ਮਹਾਨ ਉਦਾਹਰਨ ਹੈ।

ਬੀਬੀਸੀ

ਰਿਸ਼ੀ ਸੁਨਕ ਦਾ ਪਿਛੋਕੜ

  • 2 ਮਈ, 1980 ਨੂੰ ਜਨਮੇ ਰਿਸ਼ੀ ਸੁਨਕ ਸਾਊਥੈਂਪਟਨ ਸ਼ਹਿਰ ਦੇ ਜੰਮ-ਪਲ ਹਨ।
  • ਉਨ੍ਹਾਂ ਦੇ ਪਿਤਾ ਡਾਕਟਰ ਹਨ ਅਤੇ ਮਾਂ ਕੁਝ ਸਮਾਂ ਪਹਿਲਾਂ ਕੈਮਿਸਟ ਦੀ ਦੁਕਾਨ ਚਲਾਉਂਦੇ ਸੀ।
  • ਰਿਸ਼ੀ ਦਾ ਪਰਿਵਾਰ ਪੂਰਬੀ ਅਫ਼ਰੀਕਾ ਤੋਂ ਆ ਕੇ ਸਾਊਥੈਂਪਟਨ ਵਿੱਚ ਵਸਿਆ ਹੈ।
  • ਰਿਸ਼ੀ ਇੱਕ ਅਭਿਆਸੀ ਹਿੰਦੂ ਹਨ ਅਤੇ ਵੈਦਿਕ ਸੁਸਾਇਟੀ ਹਿੰਦੂ ਮੰਦਰ ਨਾਲ ਜੁੜੇ ਹਨ।
  • ਜੁਲਾਈ ਵਿੱਚ, ਬੋਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
  • ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੇ ਪਹਿਲੇ ਦੌਰ ਵਿੱਚ ਅੱਠ ਉਮੀਦਵਾਰ ਸਾਹਮਣੇ ਆਏ ਸਨ।
ਬੀਬੀਸੀ

ਰਿਸ਼ੀ ਸੂਨਕ ਇੱਕ ਸਵੈ-ਘੋਸ਼ਿਤ ਹਿੰਦੂ ਹਨ ਅਤੇ ਜਨਤਕ ਤੌਰ 'ਤੇ ਕਈ ਧਾਰਮਿਕ ਰੀਤੀ ਰਿਵਾਜ਼ਾਂ ਦੀ ਪਾਲਣਾ ਕਰਦੇ ਹਨ। 2015 'ਚ ਪਹਿਲੀ ਵਾਰ ਸੰਸਦ ਲਈ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਭਗਵਦ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ।

ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਲੋਕ ਉਨ੍ਹਾਂ ਦੀ ਜਿੱਤ ਲਈ ਪ੍ਰਾਰਥਨਾ ਸਭਾ ਕਰ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਰਿਸ਼ੀ ਦੇ ਜੱਦੀ ਸ਼ਹਿਰ ਸਾਊਥੈਂਪਟਨ ਦਾ ਵਸਨੀਕ 75 ਸਾਲਾ ਨਰੇਸ਼ ਸੋਨਚਤਲਾ ਸੀ, ਜੋ ਬਚਪਨ ਤੋਂ ਇਸ ਨੇਤਾ ਨੂੰ ਜਾਣਦਾ ਹੈ।

ਰਿਸ਼ੀ ਸੂਨਕ ਤੋਂ ਭਾਰਤੀਆਂ ਨੂੰ ਉਮੀਦਾਂ

ਰਿਸ਼ੀ ਸੂਨਕ

ਤਸਵੀਰ ਸਰੋਤ, Reuters

ਨਰੇਸ਼ ਸੋਨਚਤਲਾ ਨੇ ਕਿਹਾ, "ਮੈਂ ਸੋਚਿਆ ਸੀ ਕਿ ਰਿਸ਼ੀ ਪ੍ਰਧਾਨ ਮੰਤਰੀ ਬਣ ਜਾਣਗੇ। ਪਰ ਅਜਿਹਾ ਨਹੀਂ ਹੋ ਸਕਿਆ। ਮੈਨੂੰ ਲੱਗਦਾ ਹੈ ਕਿ ਇਸ ਦਾ ਕਾਰਨ ਉਨ੍ਹਾਂ ਦੀ ਚਮੜੀ ਦਾ ਰੰਗ ਹੋ ਸਕਦਾ ਹੈ।"

ਪਿਛਲੇ ਮਹੀਨੇ, ਬੀਬੀਸੀ ਇੰਡੀਆ ਦੀ ਟੀਮ ਨੂੰ ਯੂਕੇ ਦੀ ਯਾਤਰਾ ਕਰਦੇ ਹੋਏ ਪਤਾ ਲਗਿਆ ਕਿ ਨਰੇਸ਼ ਸੋਨਚਤਲਾ ਵਰਗੇ ਏਸ਼ੀਆਈ ਮੂਲ ਦੇ ਲੋਕਾਂ ਨੂੰ ਇੱਕ ਆਮ ਡਰ ਸੀ ਕਿ ਉਨ੍ਹਾਂ ਦੀ ਚਮੜੀ ਦਾ ਰੰਗ ਰਿਸ਼ੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਸਕਦਾ ਹੈ।

ਇਸ ਡਰ ਦੇ ਪਿੱਛੇ ਕੰਜ਼ਰਵੇਟਿਵ ਪਾਰਟੀ ਦੀ ਰਚਨਾ ਨਜ਼ਰ ਆਈ। ਪਾਰਟੀ ਦੇ 1,60,000 ਤੋਂ ਵੱਧ ਪੇਡ ਮੈਂਬਰਾਂ ਨੇ ਰਿਸ਼ੀ ਸੂਨਕ ਅਤੇ ਲੀਜ਼ ਟ੍ਰਸ ਦੇ ਵਿਚਕਾਰ ਆਪਣਾ ਨੇਤਾ ਚੁਣਨ ਲਈ ਆਪਣੀ ਵੋਟ ਪਾਈ।

ਪਾਰਟੀ ਦੇ ਕਰੀਬ 97 ਫੀਸਦੀ ਮੈਂਬਰ ਗੋਰੇ ਅਤੇ 50 ਫੀਸਦੀ ਤੋਂ ਵੱਧ ਪੁਰਸ਼ ਹਨ। ਕੁੱਲ ਮੈਂਬਰਾਂ ਵਿੱਚੋਂ 44 ਫੀਸਦੀ 65 ਸਾਲ ਤੋਂ ਵੱਧ ਉਮਰ ਦੇ ਹਨ। ਪਾਰਟੀ ਦੀ ਨੌਜਵਾਨ ਪੀੜ੍ਹੀ ਰਿਸ਼ੀ ਦੇ ਹੱਕ ਵਿੱਚ ਜਾਪਦੀ ਹੈ, ਪਰ ਸੀਨੀਅਰ ਮੈਂਬਰਾਂ ਦਾ ਝੁਕਾਅ ਲਿਜ਼ ਟ੍ਰਸ ਵੱਲ ਹੈ।

ਪਿਛਲੇ ਮਹੀਨੇ ਕੁਝ ਪੁਰਾਣੇ ਮੈਂਬਰਾਂ ਨੇ ਬੀਬੀਸੀ ਇੰਡੀਆ ਟੀਮ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਰਿਸ਼ੀ ਨੂੰ ਪਸੰਦ ਜ਼ਰੂਰ ਕਰਦੇ ਹਨ, ਪਰ ਉਨ੍ਹਾਂ ਦੀ ਵੋਟ ਲਿਜ਼ ਟ੍ਰਸ ਨੂੰ ਜਾਵੇਗੀ।

ਆਬਜ਼ਰਵਰਾਂ ਦਾ ਕਹਿਣਾ ਹੈ ਕਿ ਇਸ ਚੋਣ ਦੇ ਨਤੀਜੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੰਜ਼ਰਵੇਟਿਵ ਪਾਰਟੀ ਅਜੇ ਕਿਸੇ ਗੈਰ-ਗੋਰੇ ਪ੍ਰਧਾਨ ਮੰਤਰੀ ਨੂੰ ਚੁਣਨ ਲਈ ਤਿਆਰ ਨਹੀਂ ਹੈ।

ਪਰ ਨਸਲੀ ਪਿਛੋਕੜ ਹੀ ਉਨ੍ਹਾਂ ਦੀ ਹਾਰ ਦਾ ਇਕਲੌਤਾ ਕਾਰਨ ਨਹੀਂ ਹੋ ਸਕਦਾ। ਸੰਜੇ ਸਕਸੈਨਾ ਲੰਡਨ ਸਥਿਤ ਬਾਰਕਲੇਜ਼ ਬੈਂਕ ਦੇ ਸੀਨੀਅਰ ਅਧਿਕਾਰੀ ਹਨ, ਜਿਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਲੋਕਾਂ ਨੇ ਦੋਵਾਂ ਨੇਤਾਵਾਂ ਦੀਆਂ ਆਰਥਿਕ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਦੇਖ ਕੇ ਹੀ ਆਪਣੀ ਵੋਟ ਪਾਈ ਹੋਵੇਗੀ।

ਉਹ ਕਹਿੰਦੇ ਹਨ, "ਮੈਂ ਇਸ ਦੇਸ਼ ਵਿੱਚ ਪਿਛਲੇ 20 ਸਾਲਾਂ ਤੋਂ ਰਹਿ ਰਿਹਾ ਹਾਂ। ਮੈਂ ਵਿਭਿੰਨਤਾ ਨੂੰ ਦੇਖਿਆ ਅਤੇ ਅਨੁਭਵ ਕੀਤਾ ਹੈ। ਮੈਂ ਭਾਰਤੀ ਮੂਲ ਦੇ ਲੋਕਾਂ ਨੂੰ ਵੱਡੇ ਅਹੁਦਿਆਂ 'ਤੇ ਜਾਂਦੇ ਦੇਖਿਆ ਹੈ। ਮੈਨੂੰ ਨਹੀਂ ਲੱਗਦਾ ਕਿ ਰਿਸ਼ੀ ਦੀ ਹਾਰ ਉਨ੍ਹਾਂ ਦੀ ਚਮੜੀ ਦੇ ਰੰਗ ਕਾਰਨ ਹੋਈ ਹੈ।"

''ਪ੍ਰਧਾਨ ਮੰਤਰੀ ਬਣਨ 'ਤੇ ਤੁਰੰਤ ਟੈਕਸ ਕਟੌਤੀ ਦਾ ਲਿਜ਼ ਦਾ ਵਾਅਦਾ ਆਮ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਸੀ ਅਤੇ ਪਾਰਟੀ ਦੇ ਵੋਟਰ ਉਹ ਸਨ ਜੋ ਟੈਕਸ ਵਾਧੇ ਤੋਂ ਜ਼ਿਆਦਾ ਪ੍ਰਭਾਵਿਤ ਹੋਏ, ਕਿਉਂਕਿ ਉਹ ਜ਼ਿਆਦਾਤਰ ਮੱਧ ਵਰਗ ਦੇ ਹਨ।''

ਕੁਝ ਮਾਹਰਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਟ੍ਰਸ ਦੁਆਰਾ ਕੀਤੇ ਗਏ ਵਾਅਦੇ, ਜਿਵੇਂ ਕਿ ਨੈਸ਼ਨਲ ਇੰਸ਼ੋਰੈਂਸ ਨੂੰ ਘਟਾਉਣਾ, ਆਮ ਲੋਕਾਂ ਲਈ ਲੁਭਾਉਣ ਵਾਲੇ ਸਨ। ਲਿਜ਼ ਟ੍ਰਸ, ਜੋ ਦੇਸ਼ ਦੀ ਵਿਦੇਸ਼ ਮੰਤਰੀ ਵੀ ਹੈ, ਨੇ ਪਰਿਵਾਰਾਂ ਦੀ ਮਦਦ ਕਰਨ ਦੇ ਇਰਾਦੇ ਨਾਲ ਕਾਰਪੋਰੇਸ਼ਨ ਟੈਕਸ ਵਿੱਚ ਯੋਜਨਾਬੱਧ ਵਾਧੇ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ।

ਰਿਸ਼ੀ ਸੂਨਕ ਨੇ ਵਿੱਤ ਮੰਤਰੀ ਦੇ ਰੂਪ 'ਚ ਅਪ੍ਰੈਲ 'ਚ ਨੈਸ਼ਨਲ ਇੰਸ਼ੋਰੈਂਸ ਵਧਾਇਆ ਸੀ। ਲਿਜ਼ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਵਾਧੇ ਨੂੰ ਵਾਪਸ ਲੈ ਲਵੇਗੀ। ਉਨ੍ਹਾਂ ਦਾ ਤਰਕ ਸੀ ਕਿ ਜ਼ਿਆਦਾ ਟੈਕਸ "ਸੰਭਾਵੀ ਤੌਰ 'ਤੇ ਆਰਥਿਕ ਵਿਕਾਸ ਨੂੰ ਰੋਕ ਰਹੇ ਸਨ।"

ਰਿਸ਼ੀ ਸੂਨਕ ਦਾ ਵਾਅਦਾ ਸੀ ਕਿ ਉਹ 'ਤੁਰੰਤ ਰਾਹਤ' ਦੇਣ ਦੀ ਬਜਾਏ ਪਹਿਲਾਂ ਆਰਥਿਕਤਾ ਨੂੰ ਮਜ਼ਬੂਤ ਕਰਨਗੇ, ਜਿਸ ਕਾਰਨ ਟੈਕਸ 'ਚ ਫੌਰੀ ਕਟੌਤੀ ਸੰਭਵ ਨਹੀਂ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਰਿਸ਼ੀ ਸੂਨਕ ਨੇ ਕਿਹਾ ਕਿ ਉਹ ਝੂਠੇ ਵਾਅਦੇ ਕਰਕੇ ਜਨਤਾ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਕਈ ਵਾਰ ਕਿਹਾ ਕਿ ਉਹ ਹਾਰ ਮੰਨ ਲੈਣਗੇ, ਪਰ ਜਨਤਾ ਨਾਲ ਬੇਈਮਾਨੀ ਨਹੀਂ ਕਰਨਗੇ।

ਬਰਤਾਨੀਆ ਵਿੱਚ ਆਮ ਧਾਰਨਾ ਇਹ ਹੈ ਕਿ ਰਿਸ਼ੀ ਸੂਨਕ ਬਹੁਤ ਅਮੀਰ ਹਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਉਨ੍ਹਾਂ ਦੀ ਠਾਠ-ਬਾਠ ਰੁਕਾਵਟ ਹੈ।

ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਅਨੁਸਾਰ ਉਨ੍ਹਾਂ ਦੀ ਗਿਣਤੀ ਬਰਤਾਨੀਆ ਦੇ 250 ਸਭ ਤੋਂ ਅਮੀਰ ਪਰਿਵਾਰਾਂ ਵਿੱਚ ਹੁੰਦੀ ਹੈ। ਪਰ ਕੀ ਉਹ ਅਮੀਰ ਪੈਦਾ ਹੋਏ ਸਨ? ਸ਼ਾਇਦ ਨਹੀਂ।

ਉਨ੍ਹਾਂ ਦਾ ਜਨਮ ਸਾਉਥੈਂਪਟਨ ਵਿੱਚ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਡਾਕਟਰ ਅਤੇ ਮਾਂ ਕੈਮਿਸਟ ਸੀ।

ਇੱਕ ਬੱਚੇ ਦੇ ਰੂਪ ਵਿੱਚ, ਉਹ ਸਾਊਥੈਂਪਟਨ ਵਿੱਚ ਇੱਕ ਮੰਦਰ ਜਾਂਦੇ ਸਨ ਜਿੱਥੇ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇੱਕ ਸਧਾਰਨ ਪਰਿਵਾਰ ਤੋਂ ਆਏ ਹਨ ਅਤੇ ਸਿੱਖਿਆ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਜੇਕਰ ਉਹ ਅਮੀਰ ਬਣੇ ਹਨ ਤਾਂ ਇਹ ਉਨ੍ਹਾਂ ਦੀ ਮਿਹਨਤ ਸਦਕਾ ਹੈ।

ਰਿਸ਼ੀ ਆਪਣੀ ਵੈੱਬਸਾਈਟ 'ਤੇ ਲਿਖਦੇ ਹਨ, "ਮੇਰੇ ਮਾਤਾ-ਪਿਤਾ ਨੇ ਬਹੁਤ ਕੁਰਬਾਨੀਆਂ ਕੀਤੀਆਂ ਤਾਂ ਕਿ ਮੈਂ ਇੱਕ ਚੰਗੇ ਸਕੂਲ ਵਿੱਚ ਜਾ ਸਕਾਂ। ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਮੈਨੂੰ ਵਿਨਚੈਸਟਰ ਕਾਲਜ, ਆਕਸਫੋਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲਿਆ।"

ਰਿਸ਼ੀ ਨੇ 2009 ਵਿੱਚ ਬੰਗਲੌਰ ਵਿੱਚ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਵਿਆਹ ਕੀਤਾ। ਹੁਣ ਉਨ੍ਹਾਂ ਦੇ ਦੋ ਬੱਚੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਪਤਨੀ ਦੀ ਘੋਸ਼ਿਤ ਸੰਪਤੀ 730 ਮਿਲੀਅਨ ਪੌਂਡ ਹੈ।

ਰਿਸ਼ੀ ਸੂਨਕ ਤੋਂ ਨਾਰਾਜ਼ਗੀ

ਬੋਰਿਸ ਜੌਨਸਨ

ਰਿਸ਼ੀ ਸਵੈ-ਨਿਰਮਤ ਹਨ, ਉਹ ਆਪਣੀ ਵੈੱਬਸਾਈਟ ਵਿੱਚ ਕਹਿੰਦੇ ਹਨ: "ਮੈਂ ਇੱਕ ਸਫਲ ਕਾਰੋਬਾਰੀ ਕਰੀਅਰ ਦਾ ਆਨੰਦ ਲੈਣ ਲਈ ਕਾਫ਼ੀ ਕਿਸਮਤ ਵਾਲਾ ਰਿਹਾ ਹਾਂ। ਮੈਂ ਸਿਲੀਕਾਨ ਵੈਲੀ ਤੋਂ ਬੰਗਲੌਰ ਤੱਕ ਦੀਆਂ ਕੰਪਨੀਆਂ ਦੇ ਨਾਲ ਇੱਕ ਵੱਡੀ ਨਿਵੇਸ਼ ਫਰਮ ਦੀ ਸਹਿ-ਸਥਾਪਨਾ ਕੀਤੀ ਹੈ। ਮੈਂ ਕੰਮ ਕਰ ਰਿਹਾ ਹਾਂ।"

ਕਈਆਂ ਦਾ ਇਹ ਵੀ ਕਹਿਣਾ ਹੈ ਕਿ ਬੋਰਿਸ ਜੌਨਸਨ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਪਾਰਟੀ ਦੇ ਕਈ ਮੈਂਬਰ ਰਿਸ਼ੀ ਤੋਂ ਨਾਰਾਜ਼ ਹਨ। ਇਸ ਸਾਲ ਜੁਲਾਈ 'ਚ ਰਿਸ਼ੀ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੀ ਕਈ ਮੰਤਰੀ ਬੋਰਿਸ ਜੌਨਸਨ ਦੀ ਕੈਬਨਿਟ ਛੱਡ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਅਸਤੀਫਾ ਦੇਣਾ ਪਿਆ ਸੀ।

ਇਸ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਲਈ ਚੋਣ ਦੇ ਪਹਿਲੇ ਦੌਰ ਵਿੱਚ ਅੱਠ ਉਮੀਦਵਾਰ ਸਾਹਮਣੇ ਆਏ। ਆਖ਼ਰੀ ਦੌਰ ਤੋਂ ਪਹਿਲਾਂ ਸਿਰਫ਼ ਪਾਰਟੀ ਦੇ ਸੰਸਦ ਮੈਂਬਰ ਹੀ ਵੋਟ ਪਾ ਸਕਦੇ ਸਨ, ਪਾਰਟੀ ਦੇ ਮੈਂਬਰ ਨਹੀਂ।

ਸੰਸਦ ਮੈਂਬਰਾਂ ਨੇ ਆਖਰੀ ਦੌਰ ਲਈ ਰਿਸ਼ੀ ਸੂਨਕ ਅਤੇ ਲਿਜ਼ ਟ੍ਰਸ ਨੂੰ ਚੁਣਿਆ। ਆਖਰੀ ਗੇੜ ਵਿੱਚ ਸੰਸਦ ਮੈਂਬਰਾਂ ਨੂੰ ਨਹੀਂ ਬਲਕਿ ਪਾਰਟੀ ਦੇ ਮੈਂਬਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਲੋਕਾਂ ਦਾ ਕਹਿਣਾ ਹੈ ਕਿ ਬੋਰਿਸ ਜੌਨਸਨ ਨੇ ਰਿਸ਼ੀ ਦੇ ਸਿਆਸੀ ਕਰੀਅਰ ਨੂੰ ਅੱਗੇ ਵਧਾਉਣ 'ਚ ਕਾਫੀ ਮਦਦ ਕੀਤੀ। ਕਿਹਾ ਜਾਂਦਾ ਹੈ ਕਿ ਉਹ ਅਸਲ ਵਿੱਚ ਰਿਸ਼ੀ ਤੋਂ ਨਾਰਾਜ਼ ਸਨ।

ਪਿਛਲੇ ਹਫਤੇ, ਰਿਸ਼ੀ ਨੇ ਪੱਤਰਕਾਰਾਂ ਅੱਗੇ ਕਬੂਲ ਕੀਤਾ ਸੀ ਕਿ ਬੋਰਿਸ ਜੌਨਸਨ ਤੱਕ ਪਹੁੰਚਣ ਦੀਆਂ ਉਨ੍ਹਾਂ ਦੀਆਂ ਕਾਲਾਂ ਨੂੰ ਅਣਸੁਣਿਆ ਕੀਤਾ ਗਿਆ।

ਭਾਵੇਂ ਕੰਜ਼ਰਵੇਟਿਵ ਪਾਰਟੀ ਅਜੇ ਤੱਕ ਕਿਸੇ ਗੈਰ-ਗੋਰੇ ਪ੍ਰਧਾਨ ਮੰਤਰੀ ਨੂੰ ਚੁਣਨ ਲਈ ਤਿਆਰ ਨਹੀਂ ਹੈ, ਪਰ ਦੇਸ਼ ਦੇ ਲੋਕ ਇਸ ਲਈ ਤਿਆਰ ਦਿਖਾਈ ਦਿੰਦੇ ਹਨ। ਦੇਸ਼ ਭਰ ਵਿੱਚ ਰਿਸ਼ੀ ਸੂਨਕ ਦੀ ਪ੍ਰਸਿੱਧੀ ਲਿਜ਼ ਟ੍ਰਸ ਦੇ ਮੁਕਾਬਲੇ ਕਿਤੇ ਜ਼ਿਆਦਾ ਮਜ਼ਬੂਤ ਮਹਿਸੂਸ ਕੀਤੀ ਜਾਂਦੀ ਹੈ।

ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਆਮ ਚੋਣਾਂ ਹੁੰਦੀਆਂ ਤਾਂ ਰਿਸ਼ੀ ਸੂਨਕ ਆਸਾਨੀ ਨਾਲ ਜਿੱਤ ਜਾਂਦੇ। ਸ਼ਾਇਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ 2024 ਦੀਆਂ ਆਮ ਚੋਣਾਂ ਦਾ ਇੰਤਜ਼ਾਰ ਕਰਨਾ ਪਵੇਗਾ।

ਇਹ ਵੀ ਪੜ੍ਹੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।