ਯੂਕੇ ਚੋਣਾਂ: 14 ਸਾਲਾਂ ਬਾਅਦ ਲੇਬਰ ਪਾਰਟੀ ਨੇ ਹਾਸਲ ਕੀਤਾ ਬਹੁਮਤ, ਕੀਅਰ ਸਟਾਰਮਰ ਹੋਣਗੇ ਬ੍ਰਿਟੇਨ ਦੇ ਅਗਲੇ ਪੀਐੱਮ

ਤਸਵੀਰ ਸਰੋਤ, Reuters
ਇਹ ਖ਼ਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ।
ਲੇਬਰ ਪਾਰਟੀ ਦੀ ਜਿੱਤ ਅਧਿਕਾਰਤ ਹੋ ਜਾਣ ਤੋਂ ਬਾਅਦ ਅਗਲੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਕੇਂਦਰੀ ਲੰਡਨ ਵਿੱਚ ਆਪਣੇ ਇਕੱਠ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈ ਲਈ ਹੈ। ਹਾਲਾਂਕਿ ਉਨ੍ਹਾਂ ਨੇ ਆਪਣੀ ਸੀਟ ਦੂਜੀ ਵਾਰ ਵੀ ਜਿੱਤ ਲਈ ਹੈ ਉਨ੍ਹਾਂ ਨੇ ਇਸ ਲਈ ਵੋਟਰਾਂ ਦਾ ਧੰਨਵਾਦ ਕੀਤਾ।
ਲੇਬਰ ਪਾਰਟੀ ਨੇ 326 ਸੀਟਾਂ ਜਿੱਤ ਲਈਆਂ ਹਨ।
ਕੀਅਰ ਸਟਾਰਮਰ ਨੇ ਹਮਾਇਤੀਆਂ ਦੇ ਸ਼ੋਰ ਵਿੱਚ ਕਿਹਾ, “ਇਮਾਨਦਾਰੀ ਨਾਲ ਕਹਾਂ ਤਾਂ ਇਹ ਵਧੀਆ ਲਗਦਾ ਹੈ”।
ਉਨ੍ਹਾਂ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਦੇਸ ਬਦਲ ਦਿੱਤਾ ਹੈ। ਅਜਿਹਾ ਮੈਨਡੇਟ ਵੱਡੀ ਜ਼ਿੰਮੇਵਾਰੀ ਨਾਲ ਆਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਲੇਬਰ ਪਾਰਟੀ ਦੇ ਅੱਗੇ ਉਨ੍ਹਾਂ ਆਦਰਸ਼ਾਂ ਨੂੰ ਮੁੜ ਸੁਰਜੀਤ ਕਰਨ ਦੀ ਚੁਣੌਤੀ ਹੈ ਜੋ ਸਾਨੂੰ ਜੋੜੀ ਰੱਖਦੇ ਹਨ।
“ਸਾਨੂੰ ਸਿਆਸਤ ਨੂੰ ਮੁੜ ਲੋਕ ਸੇਵਾ ਵੱਲ ਮੋੜਨਾ ਪਵੇਗਾ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ “ਦਿਖਾਵੇਗੀ ਕਿ ਇਹ ਚੰਗਿਆਈ ਲਈ ਤਾਕਤ ਹੋ ਸਕਦੀ ਹੈ।”
ਦੂਜੇ ਪਾਸੇ ਜਾ ਰਹੇ ਪ੍ਰਧਾਨ ਮੰਤਰੀ ਨੇ ਕਿਹਾ, “ਇਸ ਮੁਸ਼ਕਿਲ ਰਾਤ ਨੂੰ ਮੈਂ ਰਿਚਮੰਡ ਅਤੇ ਨੌਰਥੈਲਟਰਨ ਹਲਕੇ ਦੇ ਵੋਟਰਾਂ ਦਾ ਤੁਹਾਡੀ ਹਮਾਇਤ ਲਈ ਧੰਨਵਾਦ ਕਰਨਾ ਚਾਹਾਂਗਾ।”
“ਲੇਬਰ ਪਾਰਟੀ ਨੇ ਚੋਣਾਂ ਜਿੱਤ ਲਈਆਂ ਹਨ ਅਤੇ ਮੈਂ ਕੀਅਰ ਸਟਾਰਮਰ ਨੂੰ ਉਨ੍ਹਾਂ ਦੀ ਜਿੱਤ ਦੀ ਵਧਾਈ ਦੇ ਦਿੱਤੀ ਹੈ।”
“ਅੱਜ ਸ਼ਾਂਤੀਪੂਰਬਕ ਅਤੇ ਕਾਇਦੇ ਅਤੇ ਦੋਵਾਂ ਪਾਸੇ ਨੇਕ ਨੀਤੀ ਦੇ ਨਾਲ ਸੱਤਾ ਹੱਥ ਬਦਲ ਲਵੇਗੀ। ਇਹ ਕੁਝ ਅਜਿਹਾ ਹੈ ਜਿਸ ਨੂੰ ਸਾਡੇ ਦੇਸ ਸਥਿਰਤਾ ਅਤੇ ਭਵਿੱਖ ਵਿੱਚ ਭਰੋਸਾ ਦੇਣਾ ਚਾਹੀਦਾ ਹੈ।“
“ਬ੍ਰਿਟੇਨ ਦੇ ਲੋਕਾਂ ਨੇ ਅੱਜ ਸੋਬਰ ਕਰਨ ਵਾਲਾ ਫੈਸਲਾ ਦਿੱਤਾ ਹੈ। ਬਹੁਤ ਕੁਝ ਸਿੱਖਣ ਵਾਲਾ ਹੈ... ਅਤੇ ਮੈਂ ਹਾਰ ਲਈ ਜ਼ਿੰਮੇਵਾਰੀ ਲੈਂਦਾ ਹਾਂ।“
“ਬਹੁਤ ਸਾਰੇ ਨੇਕ,ਮਿਹਨਤੀ ਕੰਜ਼ਰਵੇਟਿਵ ਉਮੀਦਵਾਰ ਜੋ ਅੱਜ ਆਪਣੇ ਅਣਥੱਕ ਯਤਨਾਂ, ਸਥਾਨਕ ਰਿਕਾਰਡ ਅਤੇ ਵਾਅਦੇ ਪੂਰੇ ਕਰਨ ਅਤੇ ਭਾਈਚਾਰਿਆਂ ਪ੍ਰਤੀ ਸਮਰਪਣ ਦੇ ਬਾਵਜੂਦ ਹਾਰ ਗਏ ਹਨ, ਮੈਂ ਮਾਫੀ ਚਾਹੁੰਦਾ ਹਾਂ।”
ਐਗਜ਼ਟ ਪੋਲ ਵਿੱਚ ਕੀਤੀ ਗਈ ਸੀ ਪੇਸ਼ੀਨਗੋਈ
ਬ੍ਰਿਟੇਨ ਦੀਆਂ ਆਮ ਚੋਣਾਂ ਚਾਰ ਜੁਲਾਈ ਨੂੰ ਮੁਕੰਮਲ ਹੋਈਆਂ ਅਤੇ ਉਸ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਲੇਬਰ ਪਾਰਟੀ ਹੂੰਝਾਫੇਰ ਜਿੱਤ ਤੋਂ ਬਾਅਦ ਸਰਕਾਰ ਬਣਾ ਸਕਦੀ ਹੈ।
ਅਸਲੀ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਲੇਬਰ ਪਾਰਟੀ ਹੀ ਅੱਗੇ ਚੱਲ ਰਹੀ ਹੈ।
ਬ੍ਰਿਟੇਨ ਦੀ ਸੰਸਦ ਵਿੱਚ 560 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਪਾਰਟੀ ਨੂੰ 326 ਜਾਂ ਉਸ ਤੋਂ ਜ਼ਿਆਦਾ ਸੀਟਾਂ ਦੀ ਲੋੜ ਹੁੰਦੀ ਹੈ।
ਜੇ ਲੇਬਰ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕੀਅਰ ਸਟਰੈਮਰ ਯੂਕੇ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ।
ਐਗਜ਼ਿਟ ਪੋਲ ਮੁਤਾਬਕ ਲੇਬਰ ਪਾਰਟੀ ਨੂੰ 410 ਸੀਟਾਂ ਅਤੇ ਕੰਜ਼ਰਵੇਟਿਵ ਪਾਰਟੀ ਨੂੰ 131 ਸੀਟਾਂ ਮਿਲਣ ਦੀ ਉਮੀਦ ਹੈ।
ਸੋਸ਼ਲ ਮੀਡੀਆ ਪੋਸਟ ਉੱਤੇ ਸਟਾਰਮਰ ਨੇ ਲਿਖਿਆ,“ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਲਈ ਵੋਟ ਕੀਤਾ ਅਤੇ ਸਾਡੀ ਬਦਲੀ ਹੋਈ ਲੇਬਰ ਪਾਰਟੀ ਵਿੱਚ ਆਪਣਾ ਭਰੋਸਾ ਦਿਖਾਇਆ।”
ਜਦਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੈਕੋਬ ਰੀਸ-ਮੌਗ ਨੇ ਇਸ ਨੂੰ ਪਾਰਟੀ ਲਈ ਭਿਆਨਕ ਰਾਤ ਕਿਹਾ ਹੈ।
ਯੂਕੇ ਵਿੱਚ ਲੇਬਰ ਅਤੇ ਕੰਜ਼ਰਵੇਟਿਵ ਦੋ ਮੁੱਖ ਪਾਰਟੀਆਂ ਹਨ। ਲੇਕਿਨ ਇਨ੍ਹਾਂ ਤੋਂ ਇਲਾਵਾ ਲਿਬਰਲ ਡੈਮੋਕਰੈਟਸ, ਸਕੌਟਿਸ਼ ਨੈਸ਼ਨਲ ਪਾਰਟੀ (ਐੱਸਐੱਨਪੀ), ਡੈਮੋਕਰੈਟਿਕ ਯੂਨੀਅਨਿਸਟ ਪਾਰਟੀ (ਡੀਯੂਪੀ), ਸਿਨ ਫਿਏਨ, ਪਲੇਡ ਸਾਇਮਰੂ, ਗ੍ਰੀਨ ਪਾਰਟੀ, ਐੈੱਸਡੀਐੱਲਪੀ, ਰਿਫਾਰਮ ਪਾਰਟੀਆਂ ਵੀ ਚੋਣ ਮੈਦਾਨ ਵਿੱਚ ਹਨ। ਕਈ ਅਜ਼ਾਦ ਉਮੀਦਵਾਰ ਵੀ ਆਪਣਾ ਸਿਆਸੀ ਭਵਿੱਖ ਅਜ਼ਮਾ ਰਹੇ ਹਨ।
ਮੁੱਖ ਉਮੀਦਵਾਰ ਕੌਣ ਹਨ?

ਫਿਲਹਾਲ ਜਿਨ੍ਹਾਂ ਦੋ ਪਾਰਟੀਆਂ ਨੂੰ ਸਭ ਤੋਂ ਵੱਧ ਵੋਟਾਂ ਮਿਲਣ ਦੀ ਉਮੀਦ ਹੈ, ਉਹ ਹਨ- ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ।
44 ਸਾਲਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰ ਰਹੇ ਹਨ। ਸਾਲ 2022 ਵਿੱਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਹ 42 ਸਾਲ ਦੇ ਸਨ।
ਉਹ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਅਤੇ ਬ੍ਰਿਟਿਸ -ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਵੀ ਹਨ।
ਦੂਜੇ ਪਾਸੇ 61 ਸਾਲਾ ਕੀਅਰ ਸਟਾਰਮਰ ਲੇਬਰ ਪਾਰਟੀ ਦੇ ਆਗੂ ਹਨ। ਸਾਲ 2020 ’ਚ ਜੇਰੇਮੀ ਕੋਰਬੀਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੇ ਆਗੂ ਵੱਜੋਂ ਚੁਣਿਆ ਗਿਆ ਸੀ।
ਇਸ ਤੋਂ ਪਹਿਲਾਂ ਉਹ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਮੁੱਖੀ ਅਤੇ ਪਬਲਿਕ ਪ੍ਰੋਸੀਕਿਊਸ਼ਨਸ ਦੇ ਡਾਇਰੈਕਟਰ ਰਹੇ ਹਨ।
ਕੀਅਰ ਸਟਾਰਮਰ ਦੀ ਹੋਈ ਜਿੱਤ

ਕੀਅਰ ਸਟਾਰਮਰ ਲੰਡਨ ਵਿੱਚ ਆਪਣੀ ਸੀਟ ਹੌਲਬੋਰਨ ਅਤੇ ਸੈਂਟ ਪੈਂਕਰਸ ਜਿੱਤ ਚੁੱਕੇ ਹਨ।
ਕੀਅਰ ਨੂੰ 18,884 ਵੋਟਾਂ ਪਈਆਂ ਜਦਕਿ ਫਲਸਤੀਨ ਪੱਖੀ ਕਾਰਕੁਨ ਅਤੇ ਅਜ਼ਾਦ ਉਮੀਦਵਾਰ ਐਂਡਰਿਊ ਫਿਨਸਟੀਨ ਦੂਜੇ ਨੰਬਰ ਉੱਤੇ ਰਹੇ। ਹਾਲਾਂਕਿ 2019 ਦੀਆਂ ਚੋਣਾਂ ਦੇ ਮੁਕਾਬਲੇ ਉਨ੍ਹਾਂ ਦੀ ਜਿੱਤ ਦਾ ਫਰਕ ਘਟਿਆ ਹੈ ਜਦੋਂ ਉਹ 22,766 ਵੋਟਾਂ ਨਾਲ ਜਿੱਤੇ ਸਨ ਜਦਕਿ ਇਸ ਵਾਰ ਉਹ 11,572 ਵੋਟਾਂ ਦੇ ਫਰਕ ਨਾਲ ਜਿੱਤੇ ਹਨ।
ਜਿੱਤ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਅਤੇ ਪਰਿਵਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀ ਸੀਟ ਤੋਂ ਦੁਬਾਰਾ ਚੁਣੇ ਜਾਣ ਨੂੰ ਵੀ ਆਪਣੀ ਖੁਸ਼ਕਿਸਮਤੀ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਭਾਵੇਂ ‘ਕਿਸੇ ਨੇ ਉਨ੍ਹਾਂ ਨੂੰ ਵੋਟ ਪਾਇਆ ਜਾਂ ਨਹੀਂ ਪਰ ਉਹ “ਸਾਰਿਆਂ ਦੀ ਸੇਵਾ ਕਰਨਗੇ”।
“ਲੋਕਾਂ ਨੇ ਵੋਟ ਕਰ ਦਿੱਤੀ ਹੈ ਹੁਣ ਸਾਡਾ ਕੰਮ ਹੈ ਕਿ ਕੰਮ ਕਰੀਏ”।
ਉਨ੍ਹਾਂ ਨੇ ਆਪਣੇ ਚੋਣ ਹਲਕੇ ਬਾਰੇ ਕਿਹਾ ਕਿ “ਜਿੱਥੇ ਮੇਰੇ ਬੱਚੇ ਵੱਡੇ ਹੋਏ ਹਨ, ਜਿੱਥੇ ਮੇਰੀ ਪਤਨੀ ਦਾ ਜਨਮ ਹੋਇਆ ਸੀ”।
ਉਨ੍ਹਾਂ ਨੇ ਕਿਹਾ,” ਲੋਕਾਂ ਨੇ ਪਰਫਾਰਮੈਂਸ ਦੀ ਸਿਆਸਤ ਨੂੰ ਖ਼ਤਮ ਕਰਨ ਲਈ ਵੋਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਦਲਾਅ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਕਿਉਂਕਿ ਇਹ ਤੁਹਾਡਾ ਲੋਕਤੰਤਰ ਹੈ, ਤੁਹਾਡੀ ਕਮਿਊਨਿਟੀ, ਤੁਹਾਡਾ ਭਵਿੱਖ ਹੈ।”
ਜੇ ਐਗਜ਼ਿਟ ਪੋਲ ਦੇ ਨਤੀਜੇ ਸੱਚ ਸਾਬਤ ਹੁੰਦੇ ਹਨ ਤਾਂ ਕੀਅਰ ਸਟਾਰਮਰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।

ਐਗਜ਼ਿਟ ਪੋਲ ਦੀ ਭਵਿੱਖਬਾਣੀ ਵਿੱਚ ਕੀ ਕਿਹਾ ਗਿਆ

ਯੂਕੇ ਚੋਣਾਂ ਲਈ ਐਗਜ਼ਿਟ ਪੋਲ ਇਪਸੋ ਵੱਲੋਂ ਕੀਤਾ ਗਿਆ ਸੀ। ਇਹ ਐਗਜ਼ਿਟ ਪੋਲ ਬੀਬੀਸੀ ਨਿਊਜ਼, ਆਈ ਟੀਵੀ ਨਿਊਜ਼ ਅਤੇ ਸਕਾਈ ਨਿਊਜ਼ ਲਈ ਸਾਂਝੇ ਤੌਰ ਉੱਤੇ ਕੀਤਾ ਗਿਆ।
ਇਸ ਵਿੱਚ 410 ਸੀਟਾਂ ਦੀ ਜਿੱਤ ਨਾਲ ਲੇਬਰ ਪਾਰਟੀ ਨੂੰ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ।
ਜਦਕਿ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਦੱਸੀਆਂ ਗਈਆਂ।
ਇਸੇ ਤਰ੍ਹਾਂ ਲਿਬਰਲ ਡੈਮੋਕਰੇਟ ਨੂੰ 58, ਐੱਸਐੱਨਪੀ-8 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ।
ਜਦਕਿ ਪਲੇਇਡ ਸਿਮਰੂ-4, ਰਿਫਾਰਮ-4, ਗਰੀਨ-2 ਅਤੇ ਹੋਰਾਂ ਨੂੰ 20 ਸੀਟਾਂ ਦਿੱਤੀਆਂ ਗਈਆਂ।
ਜੇ ਇਹ ਨਤੀਜੇ ਸਹੀ ਸਾਬਤ ਹੁੰਦੇ ਹਨ ਜਿਵੇਂ ਕਿ ਸ਼ੁਰੂਆਤੀ ਨਤੀਜਿਆਂ ਅਤੇ ਰੁਝਾਨਾਂ ਤੋਂ ਲੱਗ ਰਿਹਾ ਹੈ, ਲੇਬਰ ਪਾਰਟੀ ਬਹੁਮਤ ਹਾਸਲ ਕਰਕੇ ਕੀਅਰ ਸਟਾਰਮਰ ਦੀ ਅਗਵਾਈ ਵਿੱਚ ਸਰਕਾਰ ਬਣਾ ਸਕਦੀ ਹੈ।
ਬ੍ਰਿਟੇਨ ਵਿੱਚ ਵੋਟਿੰਗ ਰਾਤ 10 ਵਜੇ (ਸਥਾਨਕ ਸਮੇਂ ਮੁਤਾਬਕ) ਖਤਮ ਹੋਈ ਅਤੇ ਮਤ ਪੇਟੀਆਂ ਨੂੰ ਤੁਰੰਤ ਹੀ ਗਿਣਤੀ ਕੇਂਦਰਾਂ ਵਿੱਚ ਲਿਜਾਇਆ ਗਿਆ। ਜਿੱਥੇ ਤੁਰੰਤ ਹੀ ਗਿਣਤੀ ਸ਼ੁਰੂ ਹੋ ਗਈ।
ਪਹਿਲੇ ਨਤੀਜੇ ਰਾਤ ਗਿਆਰਾਂ ਵਜੇ (ਸਥਾਨਕ ਸਮੇਂ ਮੁਤਾਬਕ) ਤੱਕ ਆਉਣੇ ਸ਼ੁਰੂ ਹੋ ਗਏ ਸਨ। ਜ਼ਿਆਦਾਤਰ ਨਤੀਜੇ ਸ਼ੁੱਕਰਵਾਰ ਸਵੇਰ ਨੌਂ ਵਜੇ (ਸਥਾਨਕ ਸਮੇਂ ਮੁਤਾਬਕ) ਐਲਾਨੇ ਜਾਣ ਦੀ ਉਮੀਦ ਹੈ।
ਇਹ ਕਹਿਣਾ ਮੁਸ਼ਕਿਲ ਹੈ ਕਿ ਅਸੀਂ ਕਦੋਂ ਦੱਸ ਸਕਾਂਗੇ ਕਿ ਹਾਊਸ ਆਫ ਕਾਮਨਜ਼ ਕਿਹੜੀ ਪਾਰਟੀ ਨੂੰ ਬਹੁਮਤ ਮਿਲਿਆ ਹੈ। ਇਹ ਤਾਂ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਮੁਕਾਬਲਾ ਕਿੰਨਾ ਕੁ ਫਸਵਾਂ ਹੁੰਦਾ ਹੈ ਲੇਕਿਨ ਸਵੇਰੇ ਤਿੰਨ (ਸਥਾਨਕ ਸਮੇਂ ਮੁਤਾਬਕ) ਵਜੇ ਦੇ ਆਸ ਪਾਸ ਸਥਿਤੀ ਸਾਫ਼ ਹੋ ਜਾਣੀ ਚਾਹੀਦੀ ਹੈ।
ਪਿਛਲੇ 50 ਸਾਲਾਂ ਤੋਂ ਇਹ ਘਰ ਬਣ ਰਿਹਾ ਹੈ ਪੋਲਿੰਗ ਸਟੇਸ਼ਨ

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਸੇ ਗੱਲ ਤੋਂ ਜਾਣੂ ਹਨ ਕਿ ਵੋਟਾਂ ਜਨਤਕ ਥਾਵਾਂ, ਸਕੂਲਾਂ ਜਾਂ ਚਰਚ ਵਗੈਰਾ ਵਿੱਚ ਪੈਂਦੀਆਂ ਹਨ ਪਰ ਘਰ ਬਾਰੇ ਕੀ ਖਿਆਲ ਹੈ।
ਪਿਛਲੇ 50 ਸਾਲ ਤੋਂ ਜੂਨ ਥੌਮਸ ਦਾ ਵਿਨਵਿਕ, ਨੌਰਥੈਂਪਟਨਸ਼ਾਇਰ ਵਿੱਚ ਘਰ ਯੂਕੇ ਦੇ ਸਭ ਤੋਂ ਫਟਾਫਟ ਬਣਨ ਵਾਲੇ ਪੋਲਿੰਗ ਸਟੇਸ਼ਨਾਂ ਵਿੱਚ ਹੈ।

ਵੋਟਰ ਆਪਣੀ ਵੋਟ ਹਾਲਵੇ ਵਿੱਚ ਪੌੜ੍ਹੀਆਂ ਦੇ ਥੱਲੇ ਪਾਉਂਦੇ ਹਨ।
ਹਾਲਾਂਕਿ 80 ਸਾਲਾ ਥੌਮਸ ਨੂੰ ਆਪਣੀ ਵੋਟ ਪਾਉਣ ਲਈ ਕੁਝ ਦੂਰ ਜਾਣਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀ ਵੋਟ 300 ਗਜ਼ ਦੂਰ ਪਿੰਡ ਦੇ ਡਾਕ ਬਕਸੇ ਵਿੱਚ ਪਾਉਣ ਜਾਣਾ ਪੈਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਾਲ ਪਹਿਲਾਂ ਪੋਸਟਲ ਬੈਲਟ ਦਿੱਤਾ ਗਿਆ ਸੀ ਜਦੋਂ ਉਹ ਸਥਾਨਕ ਕਾਊਂਸਲ ਵਿੱਚ ਪੋਲਿੰਗ ਸਟੇਸ਼ਨ ਕਲਰਕ ਵਜੋਂ ਕੰਮ ਕਰਦੇ ਹੁੰਦੇ ਸਨ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਘਰ ਹੀ ਪੋਲਿੰਗ ਸਟੇਸ਼ਨ ਬਣ ਗਿਆ ਹੈ ਪਰ ਉਨ੍ਹਾਂ ਨੇ ਕਦੇ ਵੀ ਇੱਥੇ ਵੋਟ ਨਹੀਂ ਪਾਈ।












