ਕੱਟੜਪੰਥੀ ਆਗੂ ਨੂੰ ਹਰਾ ਈਰਾਨ ਦੇ ਰਾਸ਼ਟਰਪਤੀ ਬਣੇ ਮਸੂਦ ਪੇਜ਼ੇਸ਼ਿਕਿਆਨ ਕੌਣ ਹਨ? ਮੌਰਲ ਪੁਲਿਸਿੰਗ ਵਿਰੋਧੀ ਕਿਉਂ ਹਨ

ਤਸਵੀਰ ਸਰੋਤ, ATTA KENARE/AFP VIA GETTY IMAGES
- ਲੇਖਕ, ਕਾਸਰਾ ਨਾਜੀ, ਟੌਮ ਬੈਨੈਟ
- ਰੋਲ, ਬੀਬੀਸੀ ਪੱਤਰਕਾਰ
ਈਰਾਨ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸੁਧਾਰਵਾਦੀ ਆਗੂ ਮਸੂਦ ਪੇਜ਼ੇਸ਼ਿਕਿਆਨ ਨੂੰ ਜਿੱਤ ਮਿਲੀ ਹੈ। ਉਨ੍ਹਾਂ ਨੇ ਕੱਟੜਪੰਥੀ ਆਗੂ ਸਈਦ ਜਲੀਲੀ ਨੂੰ ਹਰਾ ਦਿੱਤਾ ਹੈ।
ਚੋਣ ਨਤੀਜਿਆਂ ਮੁਤਾਬਕ ਪੇਜ਼ੇਸ਼ਿਕਿਆਨ ਨੂੰ 53.3 ਫ਼ੀਸਦੀ ਵੋਟਾਂ ਮਿਲੀਆਂ ਹਨ ਜਦਕਿ ਜਲੀਲੀ ਨੂੰ 44.3 ਫ਼ੀਸਦੀ ਵੋਟਾਂ ਮਿਲੀਆਂ ਹਨ।
28 ਜੂਨ ਨੂੰ ਪਹਿਲੇ ਗੇੜ ਦੀ ਵੋਟਿੰਗ ਵਿੱਚ ਕਿਸੇ ਵੀ ਉਮੀਦਵਾਰ ਨੂੰ ਬਹੁਮਤ ਨਹੀਂ ਮਿਲਿਆ ਸੀ।
ਇਸ ਦੌਰਾਨ ਈਰਾਨ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ 40 ਫ਼ੀਸਦ ਵੋਟਿੰਗ ਹੋਈ ਸੀ।
ਈਰਾਨ ਦੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਮਈ ਮਹੀਨੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਹੀ ਈਰਾਨ ਵਿੱਚ ਨਵੇਂ ਰਾਸ਼ਟਰਪਤੀ ਲਈ ਚੋਣਾਂ ਹੋਈਆਂ ਸਨ।
ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਕਈ ਵੀਡੀਓਜ਼ 'ਚ ਤਹਿਰਾਨ ਅਤੇ ਦੇਸ਼ ਦੇ ਹੋਰ ਸ਼ਹਿਰਾਂ 'ਚ ਲੋਕ ਡਾ ਪੇਜ਼ੇਸ਼ਿਕਿਆਨ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦਿਖਾ ਦੇ ਰਹੇ ਹਨ।
ਇਨ੍ਹਾਂ ਵਿਚ ਉਨ੍ਹਾਂ ਦੇ ਸਮਰਥਕ ਜਿਨ੍ਹਾਂ ਵਿਚ ਵਧੇਰੇ ਨੌਜਵਾਨ ਹਨ, ਨੱਚਦੇ ਅਤੇ ਹਰੇ ਝੰਡੇ ਲਹਿਰਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਕਾਰ ਦੇ ਹਾਰਨ ਵਜਾ ਰਹੇ ਹਨ।
ਕੌਣ ਹਨ ਮਸੂਦ ਪੇਜ਼ੇਸ਼ਿਕਿਆਨ?

ਤਸਵੀਰ ਸਰੋਤ, SHUTTERSTOCK
ਪੇਜ਼ੇਸ਼ਕੀਅਨ ਪੇਸ਼ੇ ਤੋਂ ਦਿਲ ਦਾ ਸਰਜਨ ਹੈ। ਸੁਧਾਰਵਾਦੀ ਮੰਨੇ ਜਾਣ ਵਾਲੇ ਪੇਜ਼ੇਸ਼ਿਕਿਆਨ ਦੇਸ਼ ਵਿੱਚ 'ਨੈਤਿਕ ਪੁਲਿਸਿੰਗ' (ਮੌਰਲ ਪੁਲਿਸਿੰਗ) ਦੇ ਸਖ਼ਤ ਆਲੋਚਕ ਰਹੇ ਹਨ।
ਉਨ੍ਹਾਂ ਨੇ ਈਰਾਨ ਵਿੱਚ 'ਏਕਤਾ ਅਤੇ ਸਦਭਾਵਨਾ' ਲਿਆਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਦੁਨੀਆਂ ਵਿੱਚ ਈਰਾਨ ਦੀ ਇਕੱਲਤਾ ਨੂੰ ਖ਼ਤਮ ਕਰਨਗੇ।
ਇਸ ਤੋਂ ਬਾਅਦ ਹੀ ਈਰਾਨ ਦੇ ਲੋਕਾਂ ਦਾ ਉਨ੍ਹਾਂ ਵੱਲ ਝੁਕਾਅ ਵਧਣਾ ਸ਼ੁਰੂ ਹੋਇਆ।
ਪੇਜ਼ੇਸ਼ਿਕਿਆਨ ਨੇ 2015 ਦੇ ਅਸਫ਼ਲ ਪ੍ਰਮਾਣੂ ਸਮਝੌਤੇ ਨੂੰ ਨਵਿਆਉਣ 'ਤੇ ਪੱਛਮੀ ਦੇਸ਼ਾਂ ਨਾਲ "ਰਚਨਾਤਮਕ ਗੱਲਬਾਤ" ਦੀ ਮੰਗ ਵੀ ਕੀਤੀ।
ਇਸ ਸਮਝੌਤੇ ਮੁਤਾਬਕ ਈਰਾਨ ਨੇ ਪੱਛਮੀ ਪਾਬੰਦੀਆਂ 'ਚ ਢਿੱਲ ਦੇਣ ਦੇ ਬਦਲੇ ਆਪਣੇ ਪਰਮਾਣੂ ਪ੍ਰੋਗਰਾਮ 'ਤੇ ਰੋਕ ਲਗਾਉਣ ਲਈ ਸਹਿਮਤੀ ਦਿੱਤੀ ਸੀ।

ਜਦੋਂ ਕਿ ਪੇਜ਼ੇਸ਼ਿਕਿਆਨ ਦੇ ਵਿਰੋਧੀ, ਕੱਟੜਪੰਥੀ ਸਈਦ ਜਲੀਲੀ, ਸਥਿਤੀ ਦੇ ਹੱਕ ਵਿੱਚ ਸਨ। ਜਲੀਲੀ ਇੱਕ ਪ੍ਰਮਾਣੂ ਵਾਰਤਾਕਾਰ (ਨਿਊਕਲੀਅਰ ਨੈਗੋਸ਼ੀਏਟਰ) ਰਹਿ ਚੁੱਕੇ ਹਨ ਅਤੇ ਇਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਧਾਰਮਿਕ ਭਾਈਚਾਰਿਆਂ ਵਿੱਚ ਮਜ਼ਬੂਤ ਸਮਰਥਨ ਪ੍ਰਾਪਤ ਕਰਦਾ ਹੈ।
ਜਲੀਲੀ ਪੱਛਮ ਵਿਰੋਧੀ ਰਹੇ ਹਨ। ਉਹ ਪਰਮਾਣੂ ਸਮਝੌਤੇ ਨੂੰ ਬਹਾਲ ਕਰਨ ਦੇ ਵੀ ਖਿਲਾਫ਼ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸਮਝੌਤਾ ਈਰਾਨ ਦੀ 'ਸੀਮਾ' ਨੂੰ ਪਾਰ ਕਰ ਗਿਆ ਹੈ।
ਈਰਾਨ 'ਚ ਚੋਣਾਂ ਦੇ ਪਹਿਲੇ ਗੇੜ 'ਚ ਘੱਟ ਵੋਟਿੰਗ ਹੋਈ ਪਰ ਦੂਜੇ ਗੇੜ 'ਚ ਜ਼ਿਆਦਾ ਲੋਕਾਂ ਨੇ ਵੋਟਿੰਗ ਕੀਤੀ। ਪਹਿਲੇ ਦੌਰ ਵਿੱਚ 1979 ਵਿੱਚ ਇਸਲਾਮਿਕ ਇਨਕਲਾਬ ਤੋਂ ਬਾਅਦ ਸਭ ਤੋਂ ਘੱਟ ਵੋਟਿੰਗ ਹੋਈ ਸੀ।
ਜਿਨ੍ਹਾਂ ਲੋਕਾਂ ਨੇ ਪਹਿਲੇ ਗੇੜ ਵਿੱਚ ਵੋਟ ਨਹੀਂ ਪਾਈ ਸੀ, ਉਨ੍ਹਾਂ ਨੂੰ ਜਲੀਲੀ ਨੂੰ ਪ੍ਰਧਾਨ ਬਣਨ ਤੋਂ ਰੋਕਣ ਲਈ ਦੂਜੇ ਗੇੜ ਵਿੱਚ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ।
ਦੇਸ਼ ਵਿਚ ਇਹ ਖਦਸ਼ਾ ਸੀ ਕਿ ਜੇ ਜਲੀਲੀ ਜਿੱਤ ਜਾਂਦੇ ਹਨ ਤਾਂ ਪੱਛਮੀ ਦੁਨੀਆ ਨਾਲ ਈਰਾਨ ਦਾ ਟਕਰਾਅ ਹੋਰ ਵਧ ਜਾਵੇਗਾ।
ਉਨ੍ਹਾਂ ਦੀਆਂ ਨੀਤੀਆਂ ਈਰਾਨ ਨੂੰ ਹੋਰ ਪਾਬੰਦੀਆਂ ਅਤੇ ਇਕੱਲਤਾ ਤੋਂ ਇਲਾਵਾ ਹੋਰ ਕੁਝ ਨਹੀਂ ਲਿਆਉਣਗੀਆਂ।
ਘੱਟ ਵੋਟਿੰਗ 'ਤੇ ਚਿੰਤਾ

ਤਸਵੀਰ ਸਰੋਤ, GETTY IMAGES
ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਦੋਵਾਂ ਉਮੀਦਵਾਰਾਂ ਨੂੰ ਈਰਾਨ ਦੀ ਗਾਰਡੀਅਨ ਕੌਂਸਲ ਦੀ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ।
ਇਸ ਵਿੱਚ ਇਰਾਨ ਵਿੱਚ ਕਾਫ਼ੀ ਪ੍ਰਭਾਵ ਰੱਖਣ ਵਾਲੇ 12 ਮੌਲਵੀ ਅਤੇ ਕਾਨੂੰਨਦਾਨ ਸ਼ਾਮਲ ਹਨ।
ਇਸ ਪ੍ਰਕਿਰਿਆ ਦੌਰਾਨ 74 ਹੋਰ ਉਮੀਦਵਾਰਾਂ ਨੂੰ ਛਾਂਟਿਆ ਗਿਆ ਸੀ। ਇਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਸਨ।
ਮਨੁੱਖੀ ਅਧਿਕਾਰ ਸਮੂਹਾਂ ਨੇ ਵੀ ਗਾਰਡੀਅਨ ਕੌਂਸਲ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਨੇ ਉਨ੍ਹਾਂ ਉਮੀਦਵਾਰਾਂ ਦੇ ਨਾਂ ਹਟਾ ਦਿੱਤੇ ਹਨ ਜਿਨ੍ਹਾਂ ਨੂੰ ਸੱਤਾ ਪ੍ਰਤੀ ਵਫ਼ਾਦਾਰ ਨਹੀਂ ਮੰਨਿਆ ਜਾਂਦਾ ਸੀ।
ਈਰਾਨ 'ਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਅਸ਼ਾਂਤੀ ਚੱਲ ਰਹੀ ਹੈ। ਈਰਾਨ ਵਿਚ ਨਾਗਰਿਕਾਂ ਵੱਲੋਂ ਪ੍ਰਦਰਸ਼ਨ ਹੁੰਦੇ ਰਹੇ ਹਨ, ਪਰ ਸਾਲ 2022-23 ਵਿੱਚ ਵੱਡੇ ਪੱਧਰ ਉੱਤੇ ਮੁਜ਼ਾਹਰੇ ਹੋਏ।
ਈਰਾਨ ਦੇ ਨੌਜਵਾਨਾਂ ਅਤੇ ਮੱਧ ਵਰਗ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਦਿਖੀ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕ ਪਿਛਲੀਆਂ ਚੋਣਾਂ ਵਿੱਚ ਵੋਟਾਂ ਤੋਂ ਦੂਰੀ ਬਣਾਉਂਦੇ ਵੀ ਦੇਖੇ ਗਏ।
ਈਰਾਨੀ ਸੋਸ਼ਲ ਮੀਡੀਆ 'ਤੇ ਫਾਰਸੀ ਹੈਸ਼ਟੈਗ 'ਗੱਦਾਰ ਘੱਟ ਗਿਣਤੀ' ਵਾਇਰਲ ਹੋ ਗਿਆ ਹੈ।
ਇਸ ਹੈਸ਼ਟੈਗ ਨਾਲ ਲੋਕਾਂ ਨੂੰ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਅਜਿਹਾ ਕਰਨ ਵਾਲੇ ਨੂੰ ‘ਗੱਦਾਰ’ ਮੰਨਿਆ ਜਾਵੇਗਾ।
ਘੱਟ ਵੋਟਿੰਗ 'ਤੇ ਖਾਮੇਨੀ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਦੇਸ਼ ਦੇ ਸੁਪਰੀਮ ਆਗੂ ਆਯਤੁੱਲਾਹ ਅਲੀ ਖਮੇਨੀ ਨੇ ਕਿਹਾ ਹੈ ਕਿ ਘੱਟ ਵੋਟਿੰਗ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਉਨ੍ਹਾਂ ਦੀ ਸ਼ਕਤੀ ਨੂੰ ਖਾਰਿਜ ਕਰ ਰਹੇ ਹਨ।
ਉਨ੍ਹਾਂ ਕਿਹਾ, "ਘੱਟ ਵੋਟਿੰਗ ਦੇ ਕਾਰਨ ਹਨ।ਸਿਆਸੀ ਆਗੂ ਅਤੇ ਸਮਾਜ ਸ਼ਾਸਤਰੀ ਇਸ ਦੀ ਜਾਂਚ ਕਰਨਗੇ ਪਰ ਜਿਹੜੇ ਲੋਕ ਇਹ ਸੋਚਦੇ ਹਨ ਕਿ ਵੋਟ ਨਾ ਪਾਉਣ ਵਾਲੇ ਲੋਕ ਸਰਕਾਰ ਦੇ ਖਿਲਾਫ ਹਨ, ਉਹ ਸਪੱਸ਼ਟ ਤੌਰ 'ਤੇ ਗਲਤ ਹਨ।
ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕੁਝ ਈਰਾਨੀ ਲੋਕ ਮੌਜੂਦਾ ਸ਼ਾਸਨ ਨੂੰ ਪਸੰਦ ਨਹੀਂ ਕਰਦੇ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਦੁਰਲੱਭ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ, “ਅਸੀਂ ਅਜਿਹੇ ਲੋਕਾਂ ਨੂੰ ਸੁਣਦੇ ਹਾਂ, ਅਸੀਂ ਜਾਣਦੇ ਹਾਂ ਕਿ ਉਹ ਕੀ ਕਹਿ ਰਹੇ ਹਨ। ਅਜਿਹਾ ਨਹੀਂ ਹੈ ਕਿ ਇਹ ਲੋਕ ਸਾਡੀ ਨਜ਼ਰ ਤੋਂ ਬਾਹਰ ਹਨ ਅਤੇ ਦਿਖਾਈ ਨਹੀਂ ਦੇ ਰਹੇ ਹਨ।"
ਪਹਿਲੇ ਗੇੜ ਵਿੱਚ ਘੱਟ ਵੋਟਿੰਗ ਤੋਂ ਬਾਅਦ, ਈਰਾਨ ਵਿੱਚ ਸਥਾਨਕ ਮੀਡੀਆ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਸੀ।
ਸੁਧਾਰਵਾਦੀ ਅਖਬਾਰ 'ਸਾਜ਼ੇਂਦਗੀ' ਨੇ ਲਿਖਿਆ, "ਭਵਿੱਖ ਤੁਹਾਡੀ ਵੋਟ 'ਤੇ ਨਿਰਭਰ ਕਰਦਾ ਹੈ," ਜਦਕਿ ਹਮਿਹਨ ਅਖ਼ਬਾਰ ਨੇ ਲਿਖਿਆ, "ਹੁਣ ਤੁਹਾਡੀ ਵਾਰੀ ਹੈ।"
ਉੱਥੇ ਹੀ ਤਹਿਰਾਨ ਮਿਊਂਸੀਪਲ ਕਾਰਪੋਰੇਸ਼ਨ ਦੇ ਅਖ਼ਬਾਰ ਹਮਸ਼ਹਿਰੀ ਨੇ ਵੋਟ ਪਾਉਣ ਦੇ 100 ਕਾਰਨ ਗਿਣਵਾਏ।
ਸਰਕਾਰੀ ਅਖਬਾਰ ਜਾਮ-ਏ-ਜਮ ਨੇ ਲਿਖਿਆ "ਲੋਕਾਂ ਦੀ ਉਡੀਕ"...












