ਇਬਰਾਹਿਮ ਰਈਸੀ ਦੀ ਕਾਲੀ ਪੱਗ ਦਾ ਕੀ ਹੈ ਰਾਜ਼, ਧਾਰਮਿਕ ਆਗੂ ਤੋਂ ਰਾਸ਼ਟਰਪਤੀ ਦੇ ਅਹੁਦੇ ਤੱਕ ਕਿਵੇਂ ਪਹੁੰਚੇ

ਤਸਵੀਰ ਸਰੋਤ, Reuters
ਪੂਰਬੀ ਅਜ਼ਰਬਾਇਜਾਨ ਸੂਬੇ ਵਿੱਚ ਇੱਕ ਡੈਮ ਦਾ ਉਦਘਾਟਨ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ।
ਮੁਲਕ ਦੇ ਵਿਦੇਸ਼ ਮੰਤਰੀ ਸਣੇ ਕਈ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਸਨ, ਉਹ ਵੀ ਨਾਲ ਹੀ ਮਾਰੇ ਗਏ।
ਇਬਰਾਹਿਮ ਰਈਸੀ ਹਮੇਸ਼ਾ ਕਾਲੀ ਪੱਗ ਬੰਨ੍ਹਦੇ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਇਸਲਾਮ ਦੇ ਪੈਗੰਬਰ ਮੁਹੰਮਦ ਦੀ ਵਿਰਾਸਤ ਨਾਲ ਸਿੱਧਾ ਜੁੜੇ ਹੋਏ ਹਨ।
ਇਕ ਧਾਰਮਿਕ ਵਿਦਵਾਨ ਤੋਂ ਵਕੀਲ ਅਤੇ ਫਿਰ ਈਰਾਨ ਦੀ ਕਾਨੂੰਨੀ ਪ੍ਰਣਾਲੀ ਦੇ ਸਿਖ਼ਰ 'ਤੇ ਪਹੁੰਚਣ ਵਾਲੇ ਰਈਸੀ ਦੇਸ ਦੇ ਨੰਬਰ ਦੋ ਦੇ ਧਾਰਮਿਕ ਆਗੂ ਵੀ ਸਨ।

ਤਸਵੀਰ ਸਰੋਤ, Getty Images
ਸ਼ੀਆ ਧਰਮ ਗੁਰੂਆਂ ਦੀ ਲੜੀ ਵਿੱਚ, ਉਨ੍ਹਾਂ ਨੂੰ ਧਾਰਮਿਕ ਆਗੂ ਅਯਾਤੁੱਲ੍ਹਾ ਤੋਂ ਹੇਠਾਂ ਮੰਨਿਆ ਜਾਂਦਾ ਸੀ।
ਜਦੋਂ ਇਬਰਾਹਿਮ ਰਈਸੀ ਨੇ ਜੂਨ 2021 ਵਿੱਚ ਈਰਾਨ ਵਿੱਚ ਸੱਤਾ ਸੰਭਾਲੀ ਤਾਂ ਉਨ੍ਹਾਂ ਦੇ ਸਾਹਮਣੇ ਘਰੇਲੂ ਪੱਧਰ 'ਤੇ ਕਈ ਚੁਣੌਤੀਆਂ ਸਨ।
ਇੱਕ ਪਾਸੇ ਦੇਸ਼ ਦੇ ਸਮਾਜਿਕ ਹਾਲਾਤ ਮੁਸ਼ਕਲ ਸਨ ਤਾਂ ਦੂਜੇ ਪਾਸੇ ਆਪਣੇ ਪ੍ਰਮਾਣੂ ਪ੍ਰੋਗਰਾਮ ਕਾਰਨ ਅਮਰੀਕੀ ਪਾਬੰਦੀਆਂ ਝੱਲ ਕਰ ਰਿਹਾ, ਈਰਾਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ।
ਇਬਰਾਹਿਮ ਰਈਸੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਸਭ ਤੋਂ ਯੋਗ ਉਮੀਦਵਾਰ ਹਨ।
ਰਈਸੀ, ਇਸ ਦਿਸ਼ਾ ਵਿੱਚ ਕੁਝ ਖ਼ਾਸ ਕਰਨ ਤੋਂ ਪਹਿਲਾਂ ਹੀ ਹਿਜਾਬ ਨੂੰ ਲੈ ਕੇ ਹੋ ਰਹੇ ਵਿਰੋਧ ਨੇ, ਉਨ੍ਹਾਂ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ।
ਇਜ਼ਰਾਈਲ 'ਤੇ ਹਮਾਸ ਦੇ ਹਮਲੇ ਅਤੇ ਇਸ ਤੋਂ ਬਾਅਦ ਇਜ਼ਰਾਈਲ ਦੇ ਸਖ਼ਤ ਫੌਜੀ ਜਵਾਬ ਨੇ ਈਰਾਨ ਲਈ ਹੋਰ ਮੁਸ਼ਕਲ ਹਾਲਾਤ ਪੈਦਾ ਕਰ ਦਿੱਤੇ।
ਇਸ ਦੌਰਾਨ ਈਰਾਨ ਨੇ ਇਜ਼ਰਾਈਲ ਪ੍ਰਤੀ ਸਖ਼ਤ ਰਵੱਈਆ ਆਪਣਾ ਕੇ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸ਼ੀਆ ਪ੍ਰਧਾਨ ਦੇਸ ਹੁਣ ਮੁਸਲਿਮ ਸੰਸਾਰ ਦੀ ਅਗਵਾਈ ਕਰਨ ਲਈ ਤਿਆਰ ਹੈ।

ਤਸਵੀਰ ਸਰੋਤ, Getty Images
ਇਬਰਾਹਿਮ ਰਈਸੀ ਦਾ ਮੁੱਢਲਾ ਜੀਵਨ
ਇਬਰਾਹਿਮ ਰਈਸੀ ਦਾ ਜਨਮ 1960 ਵਿੱਚ ਉੱਤਰ-ਪੂਰਬੀ ਈਰਾਨ ਦੇ ਪਵਿੱਤਰ ਸ਼ਹਿਰ ਮਸ਼ਹਦ ਵਿੱਚ ਹੋਇਆ ਸੀ।
ਇਸ ਸ਼ਹਿਰ ਵਿੱਚ ਸ਼ੀਆ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਮੰਨੀ ਜਾਂਦੀ ਇੱਕ ਮਸਜਿਦ ਵੀ ਹੈ। ਉਹ ਛੋਟੀ ਉਮਰ ਵਿੱਚ ਹੀ ਉੱਚੇ ਅਹੁਦੇ 'ਤੇ ਪਹੁੰਚ ਗਏ ਸਨ।
ਰਈਸੀ ਦੇ ਪਿਤਾ ਮੌਲਵੀ ਸਨ। ਜਦੋਂ ਰਈਸੀ ਸਿਰਫ਼ ਪੰਜ ਸਾਲ ਦੇ ਸੀ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।
ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ, ਉਨ੍ਹਾਂ ਨੇ 15 ਸਾਲ ਦੀ ਉਮਰ ਵਿੱਚ ਕੋਮ ਸ਼ਹਿਰ ਵਿੱਚ ਸਥਿਤ ਇੱਕ ਸ਼ੀਆ ਸੰਸਥਾ ਵਿੱਚ ਪੜ੍ਹਾਈ ਸ਼ੁਰੂ ਕੀਤੀ।
ਆਪਣੇ ਵਿਦਿਆਰਥੀ ਦਿਨਾਂ ਦੌਰਾਨ, ਉਨ੍ਹਾਂ ਨੇ ਪੱਛਮੀ ਦੇਸਾ ਦੇ ਸਮਰਥਨ ਮੁਹੰਮਦ ਰੇਜ਼ਾ ਸ਼ਾਹ ਦੇ ਵਿਰੁੱਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ।
ਬਾਅਦ ਵਿੱਚ, ਅਯਾਤੁੱਲ੍ਹਾ ਰੂਹੁੱਲਾ ਖਾਮੇਨਈ ਨੇ ਇਸਲਾਮੀ ਕ੍ਰਾਂਤੀ ਦੁਆਰਾ ਸਾਲ 1979 ਵਿੱਚ ਸ਼ਾਹ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ।

ਤਸਵੀਰ ਸਰੋਤ, EPA
ਰਈਸੀ ਆਇਤੁੱਲ੍ਹਾ ਅਲੀ ਖਾਮੇਨਈ ਦੇ ਕਰੀਬੀ ਹਨ
ਸਿਰਫ਼ 20 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਤਹਿਰਾਨ ਦੇ ਨੇੜਲੇ ਕਾਰਜ ਸ਼ਹਿਰ ਦਾ ਪ੍ਰੌਸੀਕਿਊਟਰ ਜਨਰਲ ਨਿਯੁਕਤ ਕਰ ਦਿੱਤਾ ਗਿਆ ਸੀ।
ਰਈਸੀ 1989 ਅਤੇ 1994 ਦੇ ਵਿਚਕਾਰ ਤਹਿਰਾਨ ਦੇ ਪ੍ਰੌਸੀਕਿਊਟਰ ਜਨਰਲ ਸਨ ਅਤੇ ਫਿਰ 2004 ਤੋਂ ਅਗਲੇ ਦਹਾਕੇ ਲਈ ਨਿਆਂਇਕ ਅਥਾਰਟੀ ਦੇ ਉਪ ਮੁਖੀ ਰਹੇ ਸਨ।
ਸਾਲ 2014 ਵਿੱਚ ਉਹ ਈਰਾਨ ਦੇ ਪ੍ਰੌਸੀਕਿਊਟਰ ਜਨਰਲ ਬਣ ਗਏ ਸਨ। ਈਰਾਨੀ ਨਿਆਂਪਾਲਿਕਾ ਦੇ ਮੁਖੀ ਰਹੇ ਰਈਸੀ ਦੇ ਸਿਆਸੀ ਵਿਚਾਰਾਂ ਨੂੰ 'ਅਤਿ-ਕੱਟੜਪੰਥੀ' ਮੰਨਿਆ ਜਾਂਦਾ ਹੈ।
ਉਹ ਈਰਾਨ ਦੇ ਕੱਟੜਪੰਥੀ ਆਗੂ ਅਤੇ ਦੇਸ਼ ਦੇ ਸਰਵਉੱਚ ਧਾਰਮਿਕ ਆਗੂ ਆਯਤੁੱਲ੍ਹਾ ਅਲੀ ਖਾਮੇਨਈ ਦੇ ਕਰੀਬੀ ਮੰਨੇ ਜਾਂਦੇ ਹਨ।
ਉਹ ਜੂਨ 2021 ਵਿੱਚ ਉਦਾਰਵਾਦੀ ਹਸਨ ਰੂਹਾਨੀ ਦੀ ਥਾਂ ਇਸਲਾਮਿਕ ਰੀਪਬਲਿਕ ਈਰਾਨ ਦੇ ਰਾਸ਼ਟਰਪਤੀ ਚੁਣੇ ਗਏ ਸਨ।
ਚੋਣ ਪ੍ਰਚਾਰ ਦੌਰਾਨ, ਰਈਸੀ ਨੇ ਖ਼ੁਦ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਪ੍ਰਚਾਰਿਤ ਕੀਤਾ ਸੀ ਕਿ ਰੂਹਾਨੀ ਸ਼ਾਸਨ ਦੌਰਾਨ ਪੈਦਾ ਹੋਏ ਭ੍ਰਿਸ਼ਟਾਚਾਰ ਅਤੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਸਭ ਤੋਂ ਵਧੀਆ ਬਦਲ ਹੈ।
ਸ਼ੀਆ ਪਰੰਪਰਾ ਦੇ ਅਨੁਸਾਰ ਇਬਰਾਹਿਮ ਰਈਸੀ ਇਸੀ ਹਮੇਸ਼ਾ ਇੱਕ ਕਾਲੀ ਪੱਗ ਬੰਨ੍ਹਦੇ ਹਨ। ਜੋ ਇਹ ਦਰਸਾਉਂਦੀ ਹੈ ਕਿ ਉਹ ਪੈਗੰਬਰ ਮੁਹੰਮਦ ਦੇ ਵੰਸ਼ਿਜ ਹਨ।
ਉਨ੍ਹਾਂ ਨੂੰ 'ਹੁੱਜਾਤੁਲਇਸਲਾਮ' ਭਾਵ 'ਇਸਲਾਮ ਦਾ ਸਬੂਤ' ਦਾ ਧਾਰਮਿਕ ਖਿਤਾਬ ਵੀ ਦਿੱਤਾ ਗਿਆ ਹੈ।

ਤਸਵੀਰ ਸਰੋਤ, AFP
'ਡੈੱਥ ਕਮੇਟੀ' ਦੇ ਮੈਂਬਰ
ਇਸਲਾਮੀ ਕ੍ਰਾਂਤੀ ਤੋਂ ਬਾਅਦ, ਉਨ੍ਹਾਂ ਨੇ ਨਿਆਂਪਾਲਿਕਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕਈ ਸ਼ਹਿਰਾਂ ਵਿੱਚ ਵਕੀਲ ਵਜੋਂ ਕੰਮ ਕੀਤਾ।
ਇਸ ਦੌਰਾਨ, ਉਹ ਈਰਾਨੀ ਗਣਰਾਜ ਦੇ ਸੰਸਥਾਪਕ ਅਤੇ 1981 ਵਿੱਚ ਈਰਾਨ ਦੇ ਰਾਸ਼ਟਰਪਤੀ ਬਣੇ ਅਯਾਤੁੱਲ੍ਹਾ ਰੂਹੁੱਲਾ ਖੁਮੈਨੀ ਤੋਂ ਸਿਖਲਾਈ ਵੀ ਮਿਲ ਰਹੀ ਸੀ।
ਜਦੋਂ ਰਈਸੀ ਸਿਰਫ਼ 25 ਸਾਲਾਂ ਦੇ ਸਨ, ਉਹ ਈਰਾਨ ਦੇ ਡਿਪਟੀ ਪ੍ਰੌਸੀਕਿਊਟਰ (ਸਰਕਾਰ ਦੇ ਦੂਜੇ ਦਰਜੇ ਦੇ ਵਕੀਲ) ਬਣ ਗਏ ਸਨ। ਬਾਅਦ ਵਿਚ ਉਹ ਜੱਜ ਬਣੇ ਅਤੇ 1988 ਵਿੱਚ ਬਣੇ ਖ਼ੁਫ਼ੀਆ ਟ੍ਰਿਬਿਊਨਲ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ 'ਡੈੱਥ ਕਮੇਟੀ' ਵਜੋਂ ਜਾਣਿਆ ਜਾਂਦਾ ਹੈ।
ਇਨ੍ਹਾਂ ਟ੍ਰਿਬਿਊਨਲਾਂ ਨੇ ਉਨ੍ਹਾਂ ਹਜ਼ਾਰਾਂ ਸਿਆਸੀ ਕੈਦੀਆਂ 'ਤੇ 'ਮੁੜ ਮੁਕੱਦਮਾ' ਚਲਾਇਆ, ਜੋ ਪਹਿਲਾਂ ਹੀ ਆਪਣੀਆਂ ਸਿਆਸੀ ਗਤੀਵਿਧੀਆਂ ਲਈ ਜੇਲ੍ਹ ਦੀ ਸਜ਼ਾ ਕੱਟ ਰਹੇ ਸਨ।
ਇਨ੍ਹਾਂ ਸਿਆਸੀ ਕੈਦੀਆਂ ਵਿੱਚੋਂ ਜ਼ਿਆਦਾਤਰ ਲੋਕ ਈਰਾਨ ਵਿੱਚ ਖੱਬੇਪੱਖੀ ਅਤੇ ਵਿਰੋਧੀ ਸਮੂਹ ਮੁਜਾਹਿਦੀਨ-ਏ-ਖ਼ਲਕਾ (ਐੱਮਈਕੇ) ਜਾਂ ਪੀਪੁਲਜ਼ ਮੁਜਾਹਿਦੀਨ ਆਰਗੇਨਾਈਜੇਸ਼ਨ ਆਫ ਈਰਾਨ (ਪੀਐੱਮਓਆਈ) ਦੇ ਮੈਂਬਰ ਸਨ।
ਇਨ੍ਹਾਂ ਟ੍ਰਿਬਿਊਨਲਾਂ ਨੇ ਕੁੱਲ ਕਿੰਨੇ ਸਿਆਸੀ ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ, ਇਸ ਬਾਰੇ ਠੀਕ-ਠਾਕ ਪਤਾ ਨਹੀਂ ਹੈ ਪਰ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਲਗਭਗ 5,000 ਮਰਦ ਅਤੇ ਔਰਤਾਂ ਸ਼ਾਮਲ ਸਨ।
ਫਾਂਸੀ ਦੇਣ ਤੋਂ ਬਾਅਦ, ਉਨ੍ਹਾਂ ਸਾਰਿਆਂ ਨੂੰ ਅਣਪਛਾਤੀਆਂ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਗਿਆ ਸੀ। ਮਨੁੱਖੀ ਅਧਿਕਾਰ ਕਾਰਕੁਨ ਇਸ ਘਟਨਾ ਨੂੰ ਮਨੁੱਖਤਾ ਵਿਰੁੱਧ ਅਪਰਾਧ ਦੱਸਦੇ ਹਨ।
ਇਬਰਾਹਿਮ ਰਈਸੀ ਨੇ ਇਸ ਕੇਸ ਵਿੱਚ ਕਿਸੇ ਵੀ ਭੂਮਿਕਾ ਤੋਂ ਲਗਾਤਾਰ ਇਨਕਾਰ ਕੀਤਾ ਹੈ, ਪਰ ਉਨ੍ਹਾਂ ਨੇ ਇੱਕ ਵਾਰ ਇਹ ਵੀ ਕਿਹਾ ਸੀ ਕਿ ਈਰਾਨ ਦੇ ਸਾਬਕਾ ਸੁਪਰੀਮ ਨੇਤਾ ਅਯਾਤੁੱਲ੍ਹਾ ਖੁਮੈਨੀ ਦੇ ਫ਼ਤਵੇ ਦੇ ਅਨੁਸਾਰ ਸਜ਼ਾ "ਉਚਿਤ" ਸੀ।

ਤਸਵੀਰ ਸਰੋਤ, Getty Images
ਇਜ਼ਰਾਈਲ 'ਤੇ ਸਿੱਧਾ ਹਮਲਾ
ਇਜ਼ਰਾਈਲ ਅਤੇ ਈਰਾਨ, ਦੋਵੇਂ 1979 ਤੱਕ ਇੱਕ ਦੂਜੇ ਦੇ ਸਹਿਯੋਗੀ ਹੁੰਦੇ ਸਨ। ਇਸੇ ਸਾਲ ਈਰਾਨ ਵਿਚ ਇਸਲਾਮਿਕ ਕ੍ਰਾਂਤੀ ਹੋਈ ਅਤੇ ਦੇਸ਼ ਵਿੱਚ ਇੱਕ ਅਜਿਹੀ ਸਰਕਾਰ ਸੱਤਾ ਵਿੱਚ ਆਈ ਜੋ ਵਿਚਾਰਧਾਰਕ ਪੱਧਰ 'ਤੇ ਇਜ਼ਰਾਈਲ ਦਾ ਸਖ਼ਤ ਵਿਰੋਧ ਕਰਦੀ ਸੀ।
ਹੁਣ ਈਰਾਨ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਅਤੇ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਵਕਾਲਤ ਕਰਦਾ ਹੈ।
ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮੇਨਈ ਕਹਿੰਦੇ ਰਹੇ ਹਨ ਕਿ ਇਜ਼ਰਾਈਲ ਇੱਕ 'ਕੈਂਸਰ ਦਾ ਟਿਊਮਰ' ਹੈ ਅਤੇ ਇਹ ਬਿਨਾਂ ਸ਼ੱਕ 'ਉਖਾੜ ਕੇ ਸੁੱਟਿਆ ਜਾਵੇਗਾ ਅਤੇ ਬਰਬਾਦ ਕਰ ਦਿੱਤਾ ਜਾਵੇਗਾ।‘
ਇਜ਼ਰਾਈਲ ਦਾ ਕਹਿਣਾ ਹੈ ਕਿ ਈਰਾਨ ਉਸ ਦੀ ਹੋਂਦ ਲਈ ਖ਼ਤਰਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਈਰਾਨ ਫ਼ਲਸਤੀਨੀ ਹਥਿਆਰਬੰਦ ਸਮੂਹਾਂ ਅਤੇ ਲਿਬਨਾਨ ਵਿੱਚ ਸ਼ੀਆ ਸਮੂਹ ਹਿਜ਼ਬੁੱਲ੍ਹਾ ਨੂੰ ਫੰਡ ਦਿੰਦਾ ਹੈ।
ਦੋਵਾਂ ਦੇਸ਼ਾਂ ਵਿਚਾਲੇ ਇਹ ਦੁਸ਼ਮਣੀ ਗਾਜ਼ਾ ਯੁੱਧ ਤੋਂ ਬਾਅਦ ਹੋਰ ਵਧ ਗਈ। ਅਪ੍ਰੈਲ ਵਿੱਚ, ਕਥਿਤ ਤੌਰ ‘ਤੇ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਈਰਾਨ ਦੇ ਵਣਜ ਦੂਤਘਰ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਸੀ।
ਜਵਾਬ ਵਿੱਚ, ਕੁਝ ਦਿਨਾਂ ਬਾਅਦ, ਈਰਾਨ ਨੇ ਇਜ਼ਰਾਈਲ 'ਤੇ ਬੇਮਿਸਾਲ ਅਤੇ ਅਚਾਨਕ ਮਿਜ਼ਾਈਲ ਹਮਲਾ ਕੀਤਾ।
ਇਹ ਪਹਿਲੀ ਵਾਰ ਸੀ ਜਦੋਂ ਈਰਾਨ ਨੇ ਇਜ਼ਰਾਈਲ 'ਤੇ ਸਿੱਧਾ ਹਮਲਾ ਕੀਤਾ ਸੀ।
ਅਤੀਤ ਵਿੱਚ ਈਰਾਨ ਅਤੇ ਇਜ਼ਰਾਈਲ ਨੇ ਇੱਕ-ਦੂਜੇ ਦੇ ਵਿਰੁੱਧ ਅਸਿੱਧੇ ਹਮਲੇ ਤਕਦੇ ਰਹੇ ਹਨ। ਇਨ੍ਹਾਂ ਹਮਲਿਆਂ ਵਿੱਚ ਇੱਕ ਦੂਜੇ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ। ਦੋਵੇਂ ਕਦੇ ਵੀ ਅਜਿਹੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਕਰਦੇ ਸਨ।

ਤਸਵੀਰ ਸਰੋਤ, Reuters
ਫਲਸਤੀਨੀ ਲੋਕਾਂ ਦਾ ਸਮਰਥਨ
ਈਰਾਨ ਵਿੱਚ 1979 ਵਿੱਚ ਹੋਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਫ਼ਲਸਤੀਨੀ ਲੋਕਾਂ ਲਈ ਸਮਰਥਨ ਈਰਾਨ ਦੀ ਵਿਦੇਸ਼ ਨੀਤੀ ਦੇ ਕੇਂਦਰ ਵਿੱਚ ਰਹਿੰਦਾ ਹੈ।
ਇਜ਼ਰਾਈਲ-ਗਾਜ਼ਾ ਸੰਘਰਸ਼ ਵਿੱਚ ਖੁੱਲ੍ਹ ਕੇ ਈਰਾਨ ਫ਼ਲਸਤੀਨੀਆਂ ਦਾ ਸਮਰਥਨ ਦੇ ਰਿਹਾ ਹੈ।
ਐਤਵਾਰ, 19 ਮਈ ਨੂੰ ਡੈਮ ਦੇ ਉਦਘਾਟਨ ਤੋਂ ਬਾਅਦ ਇੱਕ ਭਾਸ਼ਣ ਵਿੱਚ, ਰਈਸੀ ਨੇ ਫ਼ਲਸਤੀਨੀ ਲੋਕਾਂ ਲਈ ਈਰਾਨ ਦੇ ਲਗਾਤਾਰ ਸਮਰਥਨ 'ਤੇ ਜ਼ੋਰ ਦਿੱਤਾ ਸੀ।
ਆਪਣੇ ਭਾਸ਼ਣ ਵਿੱਚ, ਰਈਸੀ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਫ਼ਲਸਤੀਨ ਮੁਸਲਿਮ ਸੰਸਾਰ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਹੈ ਅਤੇ ਅਸੀਂ ਇਸ ਗੱਲ ਨੂੰ ਲੈ ਕੇ ਨਿਸ਼ਚਿਤ ਹੈ ਕਿ ਈਰਾਨ ਤੇ ਅਜ਼ਰਬਾਇਜਾਨ ਦੇ ਲੋਕ ਹਮੇਸ਼ਾ ਫ਼ਲਸਤੀਨ ਤੇ ਗਾਜ਼ਾ ਦੇ ਲੋਕਾਂ ਦਾ ਸਮਰਥਨ ਕਰਦੇ ਹਨ ਤੇ ਇਜ਼ਰਾਈਲ ਦੇ ਯਹੂਦੀਵਾਦੀ ਸ਼ਾਸਨ ਨਾਲ ਨਫ਼ਰਤ ਕਰਦੇ ਹਨ।












