ਈਰਾਨ ਦੇ ਰਾਸ਼ਟਰਪਤੀ ਰਈਸੀ ਦੀ ਮੌਤ ਤੋਂ ਬਾਅਦ ਹੁਣ ਦੇਸ ਵਿੱਚ ਕੀ ਹੋਵੇਗਾ

ਤਸਵੀਰ ਸਰੋਤ, Getty Images
- ਲੇਖਕ, ਲਈਸ ਡਾਓਸੈੱਟ
- ਰੋਲ, ਬੀਬੀਸੀ ਪੱਤਰਕਾਰ
ਇਬਰਾਹਿਮ ਰਈਸੀ ਇਸਲਾਮਿਕ ਗਣਤੰਤਰ ਵਿੱਚ ਤਾਕਤ ਦੇ ਸਿਖ਼ਰ ਦੇ ਬਿਲਕੁਲ ਨਜ਼ਦੀਕ ਸਨ ਅਤੇ ਇਹ ਮੰਨਿਆ ਜਾ ਰਿਹਾ ਸੀ ਉਹ ਈਰਾਨ ਦੇ ਸਭ ਤੋਂ ਵੱਡੇ ਆਗੂ ਬਣ ਜਾਣਗੇ।
ਪਰ ਇੱਕ ਘਟਨਾ ਨੇ ਸਭ ਕੁਝ ਬਦਲ ਦਿੱਤਾ ਹੈ।
ਐਤਵਾਰ ਨੂੰ ਇੱਕ ਹਾਦਸੇ ਵਿੱਚ ਹੋਈ ਉਨ੍ਹਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਅਟਕਲਾਂ 'ਤੇ ਰੋਕ ਲੱਗ ਗਈ ਹੈ ਕਿ 85 ਸਾਲਾ ਸੁਪਰੀਮ ਲੀਡਰ ਦਾ ਬਦਲ ਕੌਣ ਹੋਵੇਗਾ।
ਸੁਪਰੀਮ ਲੀਡਰ ਆਇਤੁੱਲਾਹ ਅਲੀ ਖਾਮਿਨੀ ਦੀ ਸਿਹਤ ਕਾਫੀ ਚਰਚਾ ਵਿੱਚ ਰਹੀ ਹੈ।
ਈਰਾਨ ਦੇ ਕੱਟੜਪੰਥੀ ਰਾਸ਼ਟਰਪਤੀ ਦੀ ਮੌਤ ਮਗਰੋਂ ਈਰਾਨ ਦੀ ਨੀਤੀ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਆਵੇਗਾ ਅਤੇ ਨਾ ਹੀ ਮੁਲਕ ਵਿੱਚ ਕੋਈ ਵੱਡਾ ਬਦਲਾਅ ਹੋਵੇਗਾ।
ਪਰ ਹੁਣ ਇਹ ਉਸ ਪ੍ਰਬੰਧ ਦੀ ਪਰਖ ਕਰੇਗਾ ਜਿਸ ਵਿੱਚ ਕੱਟੜਪੰਥੀ ਆਗੂਆਂ ਦਾ ਸੱਤਾ ਦੀਆਂ ਸਾਰੀਆਂ ਧਾਰਾਵਾਂ ੳੇੁੱਤੇ ਦਬਦਬਾ ਹੈ।
ਡਾ ਸਨਮ ਵਾਕਿਲ, ਚੈਥਮ ਹਾਊਸ ਦੇ ਮਿਡਲ ਈਸਟ ਅਤੇ ਉੱਤਰੀ ਅਫਰੀਕਾ ਪ੍ਰੋਗਰਾਮ ਦੇ ਡਾਇਰੈਕਟਰ ਹਨ, “ਈਰਾਨ ਵਿੱਚ ਹੁਣ ਰਈਸੀ ਦੀ ਮੌਤ ਨੂੰ ਵੱਡਾ ਕਰਕੇ ਵਿਖਾਇਆ ਜਾਵੇਗਾ, ਇਸ ਦੇ ਨਾਲ ਹੀ ਸੰਵਿਧਾਨਕ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ ਉਦੋਂ ਤੱਕ ਜਦੋਂ ਤੱਕ ਕੋਈ ਅਜਿਹਾ ਨਹੀਂ ਮਿਲ ਜਾਂਦਾ ਜੋ ਕੱਟੜਪੰਥੀਆਂ ਦੀ ਏਕਤਾ ਅਤੇ ਖਾਮਿਨੀ ਪ੍ਰਤੀ ਵਫ਼ਾਦਾਰੀ ਬਣਾਈ ਰੱਖੇ।”
ਰਈਸੀ ਦੇ ਵਿਰੋਧੀ ਇਸ ਗੱਲ ਦੀ ਖੁਸ਼ੀ ਮਨਾਉਣਗੇ ਕਿ 1980ਵਿਆਂ ਵਿੱਚ ਸਿਆਸੀ ਕੈਦੀਆਂ ਨੂੰ ਵੱਡੇ ਪੱਧਰ ਉੱਤੇ ਮਾਰੇ ਜਾਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਹੁਣ ਨਹੀਂ ਰਿਹਾ। ਰਈਸੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ।
'ਉਨ੍ਹਾਂ ਨੂੰ ਪਤਾ ਹੈ ਕਿ ਦੁਨੀਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹਨ'

ਤਸਵੀਰ ਸਰੋਤ, Getty Images
ਵਿਰੋਧੀ ਇਹ ਉਮੀਦ ਕਰਨਗੇ ਕਿ ਇਸ ਨਾਲ ਇਹ ਰਾਜ ਖ਼ਤਮ ਹੋ ਜਾਵੇਗਾ।
ਈਰਾਨ ਵਿਚ ਸੱਤਾਧਾਰੀ ਕੱਟੜਪੰਥੀਆਂ ਲਈ ਰਈਸੀ ਦੀਆਂ ਸਰਕਾਰੀ ਅੰਤਮ ਰਸਮਾਂ ਭਾਵਨਾਵਾਂ ਨਾਲ ਲੱਦੀਆਂ ਹੋਣਗੀਆਂ, ਇਹ ਈਰਾਨ ਵਿੱਚ ਰਾਜ ਦੇ ਇਸੇ ਤਰ੍ਹਾਂ ਚੱਲਣ ਦਾ ਇੱਕ ਚਿੰਨ੍ਹ ਹੋਵੇਗਾ।
ਉਨ੍ਹਾਂ ਨੂੰ ਪਤਾ ਹੈ ਕਿ ਦੁਨੀਆਂ ਦੀਆਂ ਨਜ਼ਰਾਂ ਉਨ੍ਹਾਂ ਉੱਤੇ ਹਨ।
ਤਹਿਰਾਨ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਮੁਹੰਮਦ ਮਰਾਂਦੀ ਨੇ ਬੀਬੀਸੀ ਨੂੰ ਦੱਸਿਆ ਕਿ, “ਪਿਛਲੇ 40 ਸਾਲਾਂ ਦੀਆਂ ਪੱਛਮੀ ਧਾਰਨਾਂਵਾਂ ਦੇ ਮੁਤਾਬਕ ਈਰਾਨ ਦਾ ਖ਼ਤਮ ਹੋਣਾ ਤੈਅ ਸੀ, ਪਰ ਕਿਸੇ ਵੀ ਤਰੀਕੇ, ਕਰਾਮਾਤ ਕਾਰਨ, ਇਹ ਹਾਲੇ ਵੀ ਇੱਥੇ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਆਉਂਦੇ ਸਾਲਾਂ ਤੱਕ ਇੱਥੇ ਹੀ ਰਹੇਗਾ।”
ਇੱਕ ਹੋਰ ਜ਼ਰੂਰੀ ਅਹੁਦਾ ਜਿਸ ਨੂੰ ਭਰਿਆ ਜਾਣਾ ਜ਼ਰੂਰੀ ਹੈ ਉਹ ਹੈ ਅਸੈਂਬਲੀ ਆਫ ਐਕਸਪਰਟਸ ਵਜੋਂ ਜਾਣੀ ਜਾਂਦੇ ਸੰਗਠਨ ਵਿੱਚ ਮੱਧ ਵਾਲਾ ਅਹੁਦਾ।
ਇਸ ਸੰਸਥਾਂ ਕੋਲ ਨਵਾਂ ਸੁਪਰੀਮ ਲੀਡਰ ਚੁਣਨ ਦੀ ਤਾਕਤ ਹੈ।ਇਹ ਇੱਕ ਵੱਡਾ ਬਦਲਾਅ ਹੋਵੇਗਾ।
ਡਾ ਵਾਕਿਲ ਸੁਪਰੀਮ ਲੀਡਰ ਨੂੰ ਚੁਣੇ ਜਾਣ ਦੀ ਗੈਰ ਪਾਰਦਰਸ਼ੀ ਪ੍ਰਕਿਰਿਆ ਬਾਰੇ ਕਹਿੰਦੇ ਹਨ, “ਰਈਸੀ ਸੰਭਾਵਿਤ ਤੌਰ ਤੇ ਅਗਲੇ ਸੁਪਰੀਮ ਲੀਡਰ ਹੋਣੇ ਸਨ ਕਿਉਂਕਿ ਖਾਮਿਨੀ ਜਦੋਂ ਆਪ ਸੁਪਰੀਮ ਲੀਡਰ ਬਣੇ ਸਨ ਉਹ ਵੀ ਮੁਕਾਬਲਤਨ ਨੌਜਵਾਨ ਸਨ, ਵਫ਼ਾਦਾਰ ਸਨ ਅਤੇ ਇੱਕ ਵਿਚਾਰਧਾਰਕ ਆਗੂ ਸਨ ਜਿਸਦੇ ਨਾਮ ਦੀ ਪਛਾਣ ਹੈ।”
ਰਈਸੀ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਹੋਣ ਤੋਂ ਪਹਿਲਾਂ ਆਇਤੁੱਲਾਹ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ।
“ਈਰਾਨੀ ਲੋਕਾਂ ਨੂੰ ਫ਼ਿਕਰ ਨਹੀਂ ਕਰਨੀ ਚਾਹੀਦੀ, ਮੁਲਕ ਦੇ ਕਾਰ-ਵਿਹਾਰ ਉੱਤੇ ਕੋਈ ਅਸਰ ਨਹੀਂ ਹੋਵੇਗਾ।”
ਰਾਸ਼ਟਰਪਤੀ ਚੋਣਾਂ

ਤਸਵੀਰ ਸਰੋਤ, EPA
ਹੋਰ ਨਜ਼ਦੀਕ ਸਿਆਸੀ ਚੁਣੌਤੀ ਹੋਵੇਗੀ -ਸਮੇਂ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਕਰਵਾਉਣਾ।
ਸੱਤਾ ਉਪ ਰਾਸ਼ਟਰਪਤੀ ਮੁਹੰਮਦ ਮੋਖਬਰ ਨੂੰ ਸੌਂਪ ਦਿੱਤੀ ਗਈ ਹੈ। ਨਵੀਆਂ ਚੋਣਾਂ 50 ਦਿਨਾਂ ਦੇ ਅੰਦਰ-ਅੰਦਰ ਹੋਣੀਆਂ ਚਾਹੀਦੀਆਂ ਹਨ।
ਇਹ ਚੋਣਾਂ ਮਾਰਚ ਵਿੱਚ ਹੋਈਆਂ ਸੰਸਦੀ ਚੋਣਾਂ ਤੋਂ ਕੁਝ ਹੀ ਮਹੀਨਿਆਂ ਬਾਅਦ ਹੋਣਗੀਆਂ ਜਦੋਂ ਰਿਕਾਰਡ ਪੱਧਰ ’ਤੇ ਘੱਟ ਲੋਕ ਵੋਟਾਂ ਪਾਉਣ ਆਏ। ਇੱਕ ਸਮਾਂ ਸੀ ਜਦੋਂ ਈਰਾਨ ਆਪਣੇ ਲੋਕਤੰਤਰ ਉੱਤੇ ਮਾਣ ਕਰਦਾ ਸੀ।
ਪਿਛਲੀਆਂ ਚੋਣਾਂ ਦੇ ਨਾਲ ਨਾਲ 2021 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਨਰਮ ਅਤੇ ਸੁਧਾਰ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਨਜ਼ਰਸਾਨੀ ਸੰਸਥਾ ਵੱਲੋਂ ਬਾਹਰ ਕਰ ਦਿੱਤਾ ਸੀ।
ਮੁਹੰਮਦ ਅਲੀ ਸ਼ਬਾਨੀ ਲੰਡਨ ਅਧਾਰਤ ਖ਼ਬਰ ਵੈਬਸਾਈਟ ਐਮਵਾਜ ਡਾਟ ਮੀਡੀਆ ਦੇ ਸੰਪਾਦਕ ਹਨ। ਉਹ ਕਹਿੰਦੇ ਹਨ, “ਤੈਅ ਸਮੇਂ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਖਾਮਿਨੀ ਸਟੇਟ ਦੇ ਵੱਡੇ ਆਗੂਆਂ ਨੂੰ ਇੱਕ ਮੌਕਾ ਦੇਵੇਗਾ ਕਿ ਉਹ ਵੋਟਰਾਂ ਨੂੰ ਸਿਆਸੀ ਪ੍ਰਕਿਰਿਆ ਵਿੱਚ ਮੁੜ ਸ਼ਾਮਲ ਕਰਨ।”
“ਪਰ ਇਹ ਬਦਕਿਸਮਤੀ ਨਾਲ ਹੁਣ ਤੱਕ ਅਜਿਹਾ ਕੋਈ ਵੀ ਸੰਕੇਤ ਨਹੀਂ ਮਿਲਿਆ ਹੈ ਕਿ ਸਟੇਟ ਅਜਿਹਾ ਕਦਮ ਚੁੱਕਣ ਲਈ ਤਿਆਰ ਹੈ।”
ਪਰ ਰਈਸੀ ਦੇ ਸਾਥੀਆਂ ਵਿੱਚੋਂ ਵੀ ਕੋਈ ਉਨ੍ਹਾਂ ਦਾ ਸਪਸ਼ਟ ਬਦਲ ਨਹੀਂ ਲੱਗ ਰਿਹਾ।
ਹਾਮੀਦਰੇਜ਼ਾ ਅਜ਼ੀਜ਼ੀ ਬਰਲਿਨ ਵਿਚਲੇ ਐੱਸਡਬਲਿਊਪੀ ਥਿੰਕ ਟੈਂਕ ਵਿੱਚ ਵਿਜ਼ਿਟਿੰਗ ਫੈਲੋ ਹਨ। ਉਹ ਕਹਿੰਦੇ ਹਨ, “ਕੱਟੜਪੰਥੀ ਸਮੂਹਾਂ ਵਿੱਚ ਵੀ ਵੱਖਰੇ-ਵੱਖਰੇ ਧੜੇ ਹਨ, ਇਨ੍ਹਾਂ ਵਿੱਚੋਂ ਕੁਝ ਵੱਧ ਕੱਟੜਪੰਥੀ ਅਤੇ ਕੁਝ ਵੱਧ ਵਿਹਾਰਕ ਹਨ।”
ਉਹ ਮੰਨਦੇ ਹਨ ਕਿ ਇਹ ਪਾਰਲੀਮੈਂਟ ਅਤੇ ਸਥਾਨਕ ਪੱਧਰ ਉੱਤੇ ਇਹ ਇਸ ਅਹੁਦੇ ਲਈ ਚੱਲ ਰਹੇ ਸੰਘਰਸ਼ ਨੂੰ ਵਧਾ ਦੇਵੇਗਾ।

ਤਸਵੀਰ ਸਰੋਤ, Getty Images
ਜਿਹੜਾ ਵੀ ਰਈਸੀ ਦਾ ਅਹੁਦਾ ਲਏਗਾ ਉਸ ਕੋਲ ਇੱਕ ਅਣਸੁਖਾਵਾਂ ਏਜੰਡਾ ਹੋਵੇਗਾ ਅਤੇ ਸੀਮਤ ਤਾਕਤ ਹੋਵੇਗੀ।
ਈਰਾਨ ਵਿੱਚ ਆਖ਼ਰੀ ਫ਼ੈਸਲਾ ਲੈਣ ਦੀ ਤਾਕਤ ਸੁਪਰੀਮ ਲੀਡਰ ਕੋਲ ਹੁੰਦੀ ਹੈ।
ਈਰਾਨ ਦੀ ਵਿਦੇਸ਼ ਨੀਤੀ ਇਸਲਾਮਿਕ ਰਿਵੋਲੂਸ਼ਨ ਗਾਰਡ ਕੋਰਪਸ ਦੇ ਕੋਲ ਹੈ।
ਜਦੋਂ ਕੁਝ ਮਹੀਨਿਆਂ ਪਹਿਲੇ ਈਰਾਨ ਅਤੇ ਇਸ ਦੇ ਦੁਸ਼ਮਣ ਇਜ਼ਰਾਇਲ ਵਿਚਾਲੇ ਇਜ਼ਰਾਈਲ ਗਾਜ਼ਾ ਯੂੱਧ ਦੇ ਚਲਦਿਆਂ ਤਜ਼ਾਅ ਵਧਿਆ ਤਾਂ ਇਸ ਬਾਰੇ ਫ਼ੈਸਲਾ ਰਾਸ਼ਟਰਪਤੀ ਨੇ ਨਹੀਂ ਲਿਆ।
ਇਸ ਨੇ ਪੂਰੀ ਦੁਨੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਕਿ ਇਹ ਤਣਾਅ ਹੋਰ ਵੱਡਾ ਰੂਪ ਧਾਰਨ ਨਾ ਕਰ ਲਵੇ।ਇਸ ਦਾ ਅਸਰ ਤਹਿਰਾਨ ਵਿੱਚ ਵੀ ਹੋਇਆ।
ਪਰ ਰਾਸ਼ਟਪਰਤੀ ਜਿੱਥੇ ਰੋਜ਼ਾਨਾ ਦੇ ਕਾਰ ਵਿਹਾਰ ਦੀ ਦੇਖ ਰੇਖ ਕਰਦਾ ਰਿਹਾ। ਈਰਾਨੀ ਲੋਕ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਨਾਲ ਨਜਿੱਠਦੇ ਰਹੇ। ਇਹ ਸੰਕਟ ਕੌਮਾਂਤਰੀ ਬੰਦਿਸ਼ਾਂ ਅਤੇ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ।
ਮਹਿੰਗਾਈ 40 ਫ਼ੀਸਦ ਵੱਧ ਗਈ ਅਤੇ ਈਰਾਨ ਰਿਆਲ ਦਾ ਮੁੱਲ ਡਿੱਗ ਗਿਆ।
ਰਈਸੀ ਦੇ ਰਾਸ਼ਟਰਪਤੀ ਹੁੰਦਿਆਂ ਹੀ ਈਰਾਨ ਵਿੱਚ ਸਤੰਬਰ 2022 ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਹਿਰਾਸ ਵਿੱਚ ਹੋਈ ਮੌਤ ਤੋਂ ਬਾਅਦ ਵੱਡੇ ਪੱਧਰ ਉੱਤੇ ਰੋਸ ਮੁਜ਼ਾਹਰੇ ਹੋਏ ਸਨ।
ਮਾਹਸਾ ਅਮਿਨੀ ਨੂੰ ਮੌਰਾਲਿਟੀ ਪੁਲਿਸ ਵੱਲੋਂ ਕਥਿਤ ਤੌਰ ਉੱਤੇ ਈਰਾਨ ਦੇ ਪੌਸ਼ਾਕ ਸਬੰਧੀ ਸਖ਼ਤ ਨਿਯਮਾਂ ਨੂੰ ਤੋੜਨ ਕਰਕੇ ਹਿਰਾਸਤ ਵਿੱਚ ਲਿਆ ਗਿਆ ਸੀ।
ਇਨ੍ਹਾਂ ਮੁਜ਼ਾਹਰਿਆਂ ਤੋਂ ਕੁਝ ਹਫ਼ਤੇ ਪਹਿਲਾਂ ਰਈਸੀ ਨੇ ਈਰਾਨ ਦੇ ‘ਹਿਜਾਬ ਅਤੇ ਚੈਸਟੀ ਕਾਨੂੰਨ ਨੂੰ ਸਖ਼ਤ ਕਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਕਾਨੂੰਨਾਂ ਮੁਤਾਬਕ ਔਰਤਾਂ ਦਾ ਇੱਕ ਇੱਕ ਖਾਸ ਕਿਸਮ ਦਾ ਵਿਵਹਾਰ ਕਰਨ ਅਤੇ ਸਿਰ ਉੱਤੇ ਸਕਾਰਫ ਦੇ ਨਾਲ-ਨਾਲ ਸਾਦੇ ਕੱਪੜੇ ਪਾਉਣ।
ਪਰ ਈਰਾਨ ਦੀਆਂ ਨਵੀਂ ਪੀੜ੍ਹੀ ਦੀਆਂ ਔਰਤਾਂ ਦੀ ਅਗਵਾਈ ਵਿੱਚ ਉਨ੍ਹਾਂ ਦੀ ਜ਼ਿੰਦਗੀ ਉੱਤੇ ਲਾਈਆਂ ਗਈਆਂ ਰੋਕਾਂ ਦੇ ਵਿਰੋਧ ਵਿੱਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਨੇ ਸੁਪਰੀਮ ਲੀਡਰ ਅਤੇ ਸਿਸਟਮ ਉੱਤੇ ਧਿਆਨ ਕੇਂਦਰਤ ਕੀਤਾ।
ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ ਮੁਜ਼ਾਹਰਾਕਾਰੀਆਂ ਉੱਤੇ ਕਾਰਵਾਈ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਸ਼ਾਬਾਨੀ ਰਿਫਾਰਮਿਸਟ ਲੀਡਰ ਹਸਨ ਰੂਹਾਨੀ ਬਾਰੇ ਗੱਲ ਕਰਦਿਆਂ ਕਹਿੰਦੇ ਹਨ, "ਈਰਾਨ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਵੋਟਾਂ ਨਾਲ ਰਾਸ਼ਟਰਪਤੀ ਬਣਨ ਵਾਲੇ ਰਈਸੀ ਕੋਲ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਰੂਹਾਨੀ ਜਿੰਨਾ ਜਨ ਅਧਾਰ ਨਹੀਂ ਸੀ।"
ਰੂਹਾਨੀ ਦੀ ਪ੍ਰਸਿੱਧੀ ਵਿੱਚ 2015 ਦਾ ਪ੍ਰਮਾਣੂ ਸਮਝੌਤਾ ਵੀ ਕਾਰਨ ਸੀ ਇਹ ਸਮਝੌਤਾ ਉਦੋਂ ਖਿੰਡ ਗਿਆ ਜਦੋਂ ਤਿੰਨ ਸਾਲਾਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਨੂੰ ਇਸ ਵਿੱਚੋਂ ਬਾਹਰ ਕੱਢ ਲਿਆ।
ਰਾਸ਼ਟਰਪਤੀ ਬਾਈਡਨ ਅਤੇ ਰਈਸੀ ਦੀ ਟੀਮ ਵਿਚਾਲੇ ਅਣਅਧਿਕਾਰਤ ਗੱਲਬਾਤ ਬਹੁਤੀ ਅੱਗੇ ਨਹੀਂ ਵਧੀ।
ਸ਼ਬਾਨੀ ਦੱਸਦੇ ਹਨ, "ਉਨ੍ਹਾਂ ਨੇ ਰੂਹਾਨੀ ਵੱਲ ਈਰਾਨ ਦੇ ਵਿਰੋਧੀਆਂ ਦੇ ਗੁੱਸੇ ਤੋਂ ਆਪਣਾ ਇਸ ਕਰਕੇ ਬਚਾਅ ਕਰ ਲਿਆ ਕਿਉਂਕਿ ਉਨ੍ਹਾਂ ਨੂੰ ਘੱਟ ਪ੍ਰਭਾਵਸ਼ਾਲੀ ਵਜੋਂ ਦੇਖਿਆ ਜਾਂਦਾ ਸੀ।"

ਤਸਵੀਰ ਸਰੋਤ, Getty Images
ਹੈਲੀਕਾਪਟਰ ਹਾਦਸੇ ਨੇ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਦੀ ਜਾਨ ਵੀ ਲੈ ਲਈ ।ਉਨ੍ਹਾਂ ਨੇ ਤਹਿਰਾਨ ਦੇ ਕੇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਅਤੇ ਇਸ ਉੱਤੇ ਲੱਗੀਆਂ ਪਾਬੰਦੀਆਂ ਦੇ ਅਸਰ ਨੂੰ ਘਟਾਉਣ ਬਾਰੇ ਕੰਮ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ।
ਇਜ਼ਰਾਈਲ-ਗਾਜ਼ਾ ਯੁੱਧ ਦੇ ਚਲਦਿਆਂ ਲੋੜੀਂਦੀ ਕੂਟਨੀਤੀ ਦੇ ਦੌਰਾਨ ਉਹ ਈਰਾਨ ਦੇ ਸਹਿਯੋਗੀਆਂ ਦੇ ਨਾਲ-ਨਾਲ ਅਰਬ ਅਤੇ ਪੱਛਮੀ ਵਿਦੇਸ਼ ਮੰਤਰੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਈਰਾਨ ਦਾ ਚਿਹਰਾ ਸਨ।
ਇੱਕ ਸੀਨੀਅਰ ਪੱਛਮੀ ਕੂਟਨੀਤਕ ਸਰੋਤ ਨੇ ਟਿੱਪਣੀ ਕਰਦਿਆਂ ਕਿਹਾ, "ਉਹ ਸੁਨੇਹੇ ਅੱਗੇ ਭੇਜਣ ਲਈ ਇੱਕ ਉਪਯੋਗੀ ਜ਼ਰੀਆ ਸੀ, ਪਰ ਇਹ ਕਾਫ਼ੀ ਰਸਮੀ ਸੀ ਕਿਉਂਕਿ ਵਿਦੇਸ਼ ਮੰਤਰਾਲੇ ਕੋਲ ਤਾਕਤ ਨਹੀਂ ਸੀ।"
ਬੌਰਸ ਐਂਡ ਬਾਜ਼ਾਰ ਥਿੰਕ ਟੈਂਕ ਦੇ ਸੀਈਓ ਐਸਫਾਂਦਿਆਰ ਬਾਟਮਾਂਘੇਲਦਿਜ ਕਹਿੰਦੇ ਹਨ, "ਰਾਸ਼ਟਰਪਤੀ ਦੀ ਅਚਾਨਕ ਮੌਤ ਹੋਣਾ ਆਮ ਤੌਰ 'ਤੇ ਇੱਕ ਵੱਡੀ ਘਟਨਾ ਹੁੰਦੀ ਹੈ ਪਰ ਸੰਭਾਵਤ ਸੁਪਰੀਮ ਲੀਡਰ ਦੇ ਰੂਪ ਵਿੱਚ ਵੇਖੇ ਜਾਣ ਦੇ ਬਾਵਜੂਦ ਉਨ੍ਹਾਂ ਕੋਲ ਸਿਆਸੀ ਸਮਰਥਨ ਨਹੀਂ ਸੀ ਅਤੇ ਸਪੱਸ਼ਟ ਸਿਆਸੀ ਵਿਜ਼ਨ ਦੀ ਵੀ ਘਾਟ ਸੀ।"
ਉਹ ਕਹਿੰਦੇ ਹਨ ਕਿ ਪਰ ਸਿਆਸਤ ਨੂੰ ਚਲਾਉਣ ਵਾਲੇ ਉਨ੍ਹਾਂ ਤੋਂ ਬਿਨਾ ਹੀ ਅੱਗੇ ਵਧਣਗੇ।












