ਕਰਨ ਔਜਲਾ: 'ਤੌਬਾ ਤੌਬਾ' ਗੀਤ ਦੇ ਪਿੱਛੇ ਕੀ ਹੈ ਕਹਾਣੀ, ਅੱਗੇ ਕੀ ਨਵਾਂ ਕਰਨ ਜਾ ਰਹੇ ਹਨ

ਤਸਵੀਰ ਸਰੋਤ, Getty Images
- ਲੇਖਕ, ਮਨੀਸ਼ ਪਾਂਡੇ
- ਰੋਲ, ਬੀਬੀਸੀ ਨਿਊਜ਼ਬੀਟ
ਜਦੋਂ ਪੰਜਾਬੀ ਗਾਇਕ ਤੇ ਰੈਪਰ ਕਰਨ ਔਜਲਾ ਆਪਣੇ ਹੁਣ ਤੱਕ ਦੇ ਸਫ਼ਰ ਬਾਰੇ ਜਦੋਂ ਸੋਚਦੇ ਹਨ ਤਾਂ ਮੰਨਦੇ ਹਨ ਕਿ ਇਹ ‘ਇੱਕ ਔਖਾ ਪੈਂਡਾ’ ਸੀ।
ਕਰਨ ਦਾ ਜਨਮ ਪੰਜਾਬ ਦੇ ਇੱਕ ਪਿੰਡ ਵਿੱਚ ਹੋਇਆ। ਉਹ ਹਾਲੇ ਬੱਚੇ ਹੀ ਸਨ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ।
ਕਰਨ ਨੂੰ ਲਿਖਣ ਦਾ ਸ਼ੌਕ ਸੀ ਤੇ ਉਨ੍ਹਾਂ ਨੇ ਤੁਕਬੰਦੀ ਵੀ ਛੋਟੀ ਉਮਰੇ ਹੀ ਸ਼ੁਰੂ ਕਰ ਦਿੱਤੀ ਸੀ। ਭੈਣਾਂ ਕੈਨੇਡਾ ਸਨ ਤਾਂ ਉਹ ਵੀ ਉੱਥੇ ਹੀ ਚਲੇ ਗਏ। ਕੈਨੇਡਾ ਜਾਣ ਸਮੇਂ ਕਰਨ ਹਾਲੇ ਲਿਖਦੇ ਹੀ ਸਨ ਉਹ ਆਪਣੇ ਗਾ ਨਹੀਂ ਰਹੇ ਸਨ।
ਮਹਿਜ਼ 27 ਸਾਲਾਂ ਦੇ ਕਰਨ ਨੂੰ ਹੁਣ ਦੁਨੀਆਂ ਭਰ ਦੇ ਪੰਜਾਬੀ ਤੇ ਸੰਗੀਤ ਦੇ ਪ੍ਰਸ਼ੰਸਕ ਜਾਣਦੇ ਹਨ। ਉਹ ਆਉਣ ਵਾਲੇ ਮਹੀਨਿਆਂ ਵਿੱਚ ਯੂਕੇ ਅਤੇ ਕੈਨੇਡਾ ਦਾ ਦੌਰਾ ਕਰ ਰਹੇ ਹਨ। ਕਰਨ ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਗੀਤ ‘ਤੌਬਾ-ਤੌਬਾ’ ਨਾਲ ਚਰਚਾ ਵਿੱਚ ਹਨ। ਇਹ ਪਹਿਲੀ ਵਾਰ ਜਦੋਂ ਕਰਨ ਨੇ ਕਿਸੇ ਬਾਲੀਵੁੱਡ ਦੀ ਫ਼ਿਲਮ ਲਈ ਗੀਤ ਗਾਇਆ ਹੈ।
ਇਹ ਗੀਤ ਕਰਨ ਦੀ ਆਵਾਜ਼ ਤੇ ਮਿਊਜ਼ਿਕ ਦੇ ਨਾਲ-ਨਾਲ ਫ਼ਿਲਮ ‘ਬੈਡ ਨਿਊਜ਼’ ਵਿੱਚ ਅਦਾਕਾਰ ਵਿੱਕੀ ਕੌਸ਼ਲ ਵੱਲੋਂ ਕੀਤੇ ਗਏ ਡਾਂਸ ਲਈ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ।

ਤਸਵੀਰ ਸਰੋਤ, Getty Images
ਬੀਬੀਸੀ ਏਸ਼ੀਅਨ ਦੇ ਪ੍ਰੀਜੈਂਟਰ ਹਾਰੂਨ ਰਾਸ਼ਿਦ ਨਾਲ ਗੱਲ ਕਰਦਿਆਂ ਕਰਨ ਨੇ ਕਿਹਾ ਸੀ, “ਮੈਂ ਖ਼ੁਸ਼-
ਕਿਸਤਮ ਹਾਂ।"
“ਇੰਨੇ ਛੋਟੇ ਜਿਹੇ ਪਿੰਡ ਤੋਂ ਆਉਣਾ ਅਤੇ ਫ਼ਿਰ ਦੁਨੀਆਂ ਭਰ ਵਿੱਚ ਉਸ ਪਿੰਡ ਦਾ ਨਾਮ ਕਰਨਾ, ਹੈਰਾਨ ਕਰਨ ਵਾਲਾ ਹੈ। ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਮੈਂ ਦੁਨੀਆਂ ਭਰ ਦੀ ਸੈਰ ਕਰ ਰਿਹਾ ਹਾਂ।”
"ਉਨ੍ਹਾਂ ਚੀਜ਼ਾਂ ਦੇ ਰੂਬਰੂ ਹੋ ਰਿਹਾ ਹਾਂ, ਜਿਨ੍ਹਾਂ ਦੀ ਹੋਂਦ ਬਾਰੇ ਜਾਣਦਾ ਵੀ ਨਹੀਂ ਸੀ।"
ਕਰਨ ਦੇ ਹਿੱਟ ਗੀਤਾਂ ਵਿੱਚ ‘ਸੌਫਟਲੀ, ਡੋਂਟ ਲੁੱਕ, ਰੈੱਡ ਆਈਜ਼ ਅਤੇ ਆਨ ਟੌਪ’ ਨੇ ਅਧਿਕਾਰਤ ਏਸ਼ੀਅਨ ਮਿਊਜ਼ਿਕ ਚਾਰਟ ਉੱਤੇ ਕਈ ਹਫ਼ਤਿਆਂ ਤੱਕ ਜਗ੍ਹਾ ਬਣਾਈ। ਉਨ੍ਹਾਂ ਦੇ ਇਹ ਗੀਤ ਸਪੌਟੀਫ਼ਾਈ ਉੱਤੇ 1.3 ਕਰੋੜ ਤੋਂ ਵੱਧ ਸਰੋਤਿਆਂ ਵੱਲੋਂ ਸੁਣੇ ਜਾ ਚੁੱਕੇ ਹਨ।
ਕਰਨ ਔਜਲਾ, ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਾਂਗ ਪੰਜਾਬੀ ਮਿਊਜ਼ਿਕ ਨੂੰ ਗਲੋਬਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।

‘ਮੈਂ ਕਦੇ ਵੀ ਯੋਜਨਾ ਨਹੀਂ ਬਣਾਉਂਦਾ’
ਕਰਨ ਨੇ ਪਹਿਲਾਂ ਬਾਲੀਵੁੱਡ ਆਫ਼ਰ ਹੋਣ ਬਾਰੇ ਗੱਲ ਕੀਤੀ, ਉਨ੍ਹਾਂ ਕਿਹਾ ਕਿ ਉਹ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ।
"ਇਹ ਸਭ ਬਹੁਤ ਜਲਦੀ ਹੋਇਆ, ਅਸੀਂ ਫ਼ੈਸਲਾ ਲਿਆ ਕਿ ਇਸ ਫ਼ਿਲਮ ਲਈ ਗੀਤ ਤਿਆਰ ਕਰਦੇ ਹਾਂ। ਮੈਂ ਉਨ੍ਹਾਂ ਨੂੰ ਗਾਣੇ ਲਈ ਦੋ ਆਈਡੀਆਜ਼ ਭੇਜੇ। ਉਨ੍ਹਾਂ ਨੂੰ ਇੱਕ ਪਸੰਦ ਆ ਗਿਆ ਤੇ ਇਹ ਚੁਣਿਆ ਗਿਆ।"
"ਅਤੇ ਮੈਂ ਖੁਸ਼ ਹਾਂ ਕਿ ਉਨ੍ਹਾਂ ਨੇ ਮੇਰਾ ਗੀਤ ਪਸੰਦ ਕੀਤਾ। ਇਹ ਫ਼ਿਲਮ ਦੀ ਸੁਰ ਨਾਲ ਮੇਲ ਖਾਂਦਾ ਹੈ।”
ਕਰਨ ਕਹਿੰਦੇ ਹਨ, "ਮੈਂ ਕਦੇ ਵੀ ਫ਼ਿਲਮ ’ਚ ਗਾਣੇ ਦੀ ਸ਼ੂਟਿੰਗ ਦੌਰਾਨ ਓਪਰਾ ਮਹਿਸੂਸ ਨਹੀਂ ਕੀਤਾ, ਪੂਰੀ ਟੀਮ ਨੇ ਮੈਨੂੰ ਬਹੁਤ ਪਿਆਰ ਦਿੱਤਾ।"
ਕਈ ਵਾਰ ਆਲੋਚਨਾ ਵੀ ਹੁੰਦੀ ਹੈ ਕਿ ਬਾਲੀਵੁੱਡ ਵਿੱਚ ਫਿੱਟ ਹੋਣ ਲਈ ਕਲਾਕਾਰਾਂ ਨੂੰ ਆਪਣੀ ਸ਼ੈਲੀ ਬਦਲਣੀ ਪੈਂਦੀ ਹੈ।
ਇਸ ਗੀਤ ਬਾਰੇ ਕਰਨ ਕਹਿੰਦੇ ਹਨ, “ਮੈਨੂੰ ਪਹਿਲਾਂ ਖ਼ਿਆਲ ਆਇਆ ਕਿ ਥੋੜ੍ਹੀ ਬਹੁਤ ਹਿੰਦੀ ਵੀ ਲਿਆਉਣੀ ਚਾਹੀਦੀ ਹੈ। ਫ਼ਿਰ ਮੈਨੂੰ ਲੱਗਾ ਕਿ ਠੀਕ ਹੈ ਇਸ ਤਰ੍ਹਾਂ, ਹਿੰਦੀ ਵਾਲਾ ਮੈਂ ਨਹੀਂ ਹਾਂ।"
"ਫ਼ਿਰ ਫ਼ੈਸਲਾ ਹੋਇਆ ਕਿ ਆਵਾਜ਼ ਕਿਸ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ, ਤੇ ਇਹ ਇਸ ਤਰ੍ਹਾਂ ਹੋਇਆ ਜਿਵੇਂ ਤੁਹਾਡੇ ਸਾਹਮਣੇ ਹੈ।"

ਤਸਵੀਰ ਸਰੋਤ, Getty Images
ਆਪਣੇ ਸੰਗੀਤ ਤੇ ਭਾਸ਼ਾ ’ਤੇ ਭਰੋਸਾ
ਕਰਨ ਦਾ ਕਹਿਣਾ ਹੈ ਕਿ ਉਹ ਸੁਚੇਤ ਹਨ ਕਿ ਆਪਣੇ-ਆਪ ਵਿੱਚ ਜਿਸ ਤਰ੍ਹਾਂ ਦੇ ਹਨ, ਉਸੇ ਤਰ੍ਹਾਂ ਦੇ ਰਹਿਣ ਪਰ ਵੱਖ-ਵੱਖ ਦਰਸ਼ਕਾਂ ਲਈ ਸੰਗੀਤ ਪੇਸ਼ ਕਰਦੇ ਰਹਿਣ।
ਗੀਤ ਦੇ ਪਿੱਛੇ ਪ੍ਰੇਰਨਾ ਇੱਕ ਦੋਸਤ ਸੀ, ਜੋ ਪੰਜਾਬੀ ਸੰਗੀਤ ਜਗਤ ਨਾਲ ਜੁੜਿਆ ਹੋਇਆ ਹੈ ਅਤੇ ਇਹ ਗੀਤ ‘ਪੰਜਾਬੀ ਸੰਗੀਤ ਲਈ ਪਿਆਰ’ ਹੀ ਪੇਸ਼ ਕਰਦਾ ਹੈ।
“ਮੈਂ ਅਸਲ ਵਿੱਚ ਚਾਹੁੰਦਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਵੀ ਇਸ ਨੂੰ ਸਮਝ ਸਕਣ। ਪਰ ਮੈਂ ਨਾਲ ਹੀ ਚਾਹੁੰਦਾ ਸੀ ਕਿ ਇਹ ਪੰਜਾਬੀ ਹੀ ਰਹੇ ਬਾਲੀਵੁੱਡ ਵਰਗਾ ਨਾ ਹੋਵੇ।”
ਉਹ ਕਹਿੰਦੇ ਹਨ, "ਮੈਂ ਆਪਣੀ ਧੁਨ ਨੂੰ ਅਸਲੀ ਰੱਖਣਾ ਚਾਹੁੰਦਾ ਹਾਂ।"
"ਮੈਨੂੰ ਇਹ ਸੋਚ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਗੀਤ ਦਾ ਮਾਮਲੇ ਵਿੱਚ ਭਾਸ਼ਾ ਕੋਈ ਰੁਕਾਵਟ ਨਹੀਂ ਬਣੀ ਅਤੇ ਇਹ ਸੰਗੀਤ ਹੈ ਜੋ ਸਭ ਨੂੰ ਪਸੰਦ ਆਇਆ।”
ਉਹ ਪੰਜਾਬੀ ਸੰਗੀਤ ਬਾਰੇ ਕਹਿੰਦੇ ਹਨ, "ਇਹ ਗਲੋਬਲ ਹੋ ਰਿਹਾ ਹੈ।"
ਕਰਨ ਦਾ ਕਹਿਣਾ ਹੈ ਕਿ ਉਹ ਸੰਗੀਤ ਬਣਾਉਣ ਲਈ ਸਹਿਜ ਰਹਿਣ ਨੂੰ ਤਰਜ਼ੀਹ ਦਿੰਦੇ ਹਨ ਅਤੇ ਕਿਸੇ ਵੀ ਕਿਸਮ ਦੀ ਵਾਧੂ ਸੋਚ ਵਿੱਚ ਨਹੀਂ ਪੈਂਦੇ।
“ਜਦੋਂ ਵੀ ਮੈਂ ਸਟੂਡੀਓ ਵਿੱਚ ਜਾਂਦਾ ਹਾਂ, ਮੈਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਿਸ ਬਾਰੇ ਲਿਖਣ ਜਾ ਰਿਹਾ ਹਾਂ।”
“ਮੈਂ ਉੱਥੇ ਬੈਠਦਾ ਹਾਂ, ਬੀਟਾਂ ਸੁਣਦਾ ਹਾਂ, ਧੁਨਾਂ ਬਣਾਉਂਦਾ ਹਾਂ ਅਤੇ ਇਹ ਲਿਖਿਆ ਜਾਂਦਾ ਹੈ।”
"ਮੈਨੂੰ ਸੱਚਮੁੱਚ ਇਸ 'ਤੇ ਮਾਣ ਹੈ, ਕਿਉਂਕਿ ਮੈਂ ਆਪਣਾ ਸਫ਼ਰ ਇੱਕ ਲੇਖਕ ਵਜੋਂ ਹੀ ਸ਼ੁਰੂ ਕੀਤਾ ਸੀ।"

ਤਸਵੀਰ ਸਰੋਤ, Getty Images
ਸਫ਼ਲਤਾ ਤੇ ਦੋਸਤਾਂ ਦਾ ਸਾਥ
ਲਗਾਤਾਰ ਮਿਲ ਰਹੀ ਸਫ਼ਲਤਾ ਬਾਰੇ ਕਰਨ ਦਾ ਕਹਿਣਾ ਹੈ ਕਿ, “ਮੈਨੂੰ ਕਦੇ ਵੀ ਕਿਸੇ ਕਿਸਮ ਦੀ ‘ਘਬਰਾਹਟ’ ਨਹੀਂ ਹੋਈ, ਪਰ ਹਾਂ ਇੱਕ ਅਲੱਗ ਜਿਹੀ ਭਾਵਨਾ ਜ਼ਰੂਰ ਹੈ।”
"ਕਈ ਵਾਰ ਤੁਹਾਨੂੰ ਹੀ ਨਹੀਂ ਹੁੰਦਾ ਕਿ ਜਦੋਂ ਤੁਸੀਂ ਇਨ੍ਹਾਂ ਕਮਰਿਆਂ (ਸਟੂਡੀਓ) ਵਿੱਚ ਦਾਖਲ ਹੁੰਦੇ ਹੋ ਤਾਂ ਕੀ ਹੋਵੇਗੀ।”
"ਪਰ ਜੇਕਰ ਤੁਸੀਂ ਚੰਗੇ ਹੋ ਤਾਂ ਹਰ ਕੋਈ ਤੁਹਾਡੀ ਪ੍ਰਤਿਭਾ ਨੂੰ ਪਿਆਰ ਕਰਦਾ ਹੈ।"
“ਇੱਕ ਚੀਜ਼ ਜੋ ਮਦਦ ਕਰਦੀ ਹੈ ਉਹ ਹੈ ਤੁਹਾਡੇ ਆਲੇ ਦੁਆਲੇ ਦੇ ਲੋਕ।”
ਕਰਨ ਦਾ ਕਹਿਣਾ ਹੈ ਕਿ ਉਹ ਇਸ ਇੰਡਸਟਰੀ ਵਿੱਚ ‘ਭਾਈਚਾਰਾ’ ਬਣਾਉਣ ਲਈ ਚੰਗੇ ਹਨ।
"ਇਹ ਮੇਰੇ ਲਈ ਸੱਚਮੁੱਚ ਅਹਿਮ ਹੈ ਕਿਉਂਕਿ ਮੈਂ ਭਰਾਵਾਂ ਦੇ ਨਾਲ ਹੀ ਅੱਗੇ ਵਧਿਆ ਹਾਂ ਅਤੇ ਮੇਰੇ ਕਰੀਅਰ ਵਿੱਚ ਦੋਸਤੀ ਦੀ ਵੱਡੀ ਭੂਮਿਕਾ ਰਹੀ ਹੈ।"

ਤਸਵੀਰ ਸਰੋਤ, Karan Aujla/Insta
ਟੂਰ ਦੀ ਤਿਆਰੀ
ਇਸ ਗੱਲਬਾਤ ਦੌਰਾਨ ਕਰਨ ਭਵਿੱਖ ਦੀਆਂ ਯੋਜਨਾਵਾਂ ਬਾਰੇ ਸੋਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਤੋਂ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸ਼ੌਅ ਲਈ ਸੱਦਾ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕੇ ਪਿਛਲੇ ਟੂਰ ਦੇ ਮੁਕਾਬਲੇ ਹੁਣ ਹੋਣ ਵਾਲੇ ਟੂਰ ਦਾ ਰੰਗ ਕੁਝ ਅਲੱਗ ਹੋਵੇਗਾ, ਇਸ ਵਿੱਚ ਵਧੇਰੇ ਪ੍ਰੋਡਕਸ਼ਨ ਹੋਵੇਗੀ।
“ਇਸ ਵਾਰ ਮੈਂ ਇੱਕ ਨਵਾਂ ਬੈਂਡ ਲੈ ਕੇ ਆ ਰਿਹਾ ਹਾਂ ਅਤੇ ਇਨ੍ਹਾਂ ਵਿੱਚ ਕੋਈ ਵੀ ਪੰਜਾਬੀ ਨਹੀਂ ਹੈ।
"ਭਾਵੇਂ ਮੈਨੂੰ ਆਪਣੀ ਜੇਬ ਵਿੱਚੋਂ ਪੈਸਾ ਕੱਢਣਾ ਪਵੇ, ਪਰ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਮੈਨੂੰ ਸੁਣਨ ਆਏ ਲੋਕਾਂ ਦੀ ਜ਼ਿੰਦਗੀ ਦਾ ਇਹ ਸਭ ਤੋਂ ਬਿਹਤਰੀਨ ਸਮਾਂ ਹੋਵੇ।"
ਉਹ ਹੱਸਦਿਆਂ ਕਹਿੰਦੇ ਹਨ, "ਮੈਂ ਕੁਝ ਦਿਲਚਸਪ ਚੀਜ਼ਾਂ ਕਰ ਰਿਹਾ ਹਾਂ।"
ਹਾਲਾਂਕਿ ਆਪਣੇ ਸੰਗੀਤ ਬਾਰੇ ਕਰਨ ਕਹਿੰਦੇ ਹਨ ਕਿ ਉਹ ਸਿਰਫ਼ ‘ਪ੍ਰਵਾਹ’ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਨ।
ਕਰਨ ਔਜਲਾ ਦਾ ਮੰਨਣਾ ਹੈ ਕਿ ਬਰਨਾ ਬੁਆਏ ਅਤੇ ਵਿਜ਼ਕਿਡ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦੀ ਗਾਇਕੀ ਬਹੁਤ ਸਾਫ਼ ਸੁਰ ਦੀ ਹੈ।
ਪਰ ਕਹਿੰਦੇ ਹਨ ਕਿ ਉਨ੍ਹਾਂ ਦੀ ਪਹੁੰਚ ਸਹਿਜ ਹੀ ਰਹੇਗੀ।
"ਮੈਂ ਕਦੇ ਵੀ ਕੋਈ ਯੋਜਨਾ ਨਹੀਂ ਬਣਾਵਾਂਗਾ, ਬਸ ਜਿਸ ਤਰ੍ਹਾਂ ਸਭ ਘਟ ਰਿਹਾ ਹੈ, ਉਸ ਦੇ ਨਾਲ ਚੱਲਾਂਗਾ।”
"ਜ਼ਿੰਦਗੀ ਵਿੱਚ ਕੁਝ ਵੀ ਕਰਨ ਦਾ ਇਹ ਸਭ ਤੋਂ ਬਿਹਤਰੀਨ ਤਰੀਕਾ ਹੈ।"












