ਗੁਰਮੀਤ ਬਾਵਾ: ‘ਲੰਬੀ ਹੇਕ ਦੀ ਮਲਿਕਾ’ ਦੀ ਧੀ ਨੂੰ ਕਿਉਂ ਲਾਉਣੀ ਪਈ ਮਦਦ ਦੀ ਗੁਹਾਰ

- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
ਇਸ ਵੇਲੇ ਪੰਜਾਬੀ ਸੰਗੀਤ ਆਪਣੇ ਦੌਰ ਦਾ ਸਭ ਤੋਂ ਸਿਖਰਲਾ ਸਮਾਂ ਹੰਢਾ ਰਿਹਾ ਹੈ, ਪੰਜਾਬੀ ਕਲਾਕਾਰਾਂ ਨੇ ਪਿੰਡਾਂ ਦੇ ਮੇਲਿਆਂ ਤੋਂ ਲੈ ਕੇ ਚਰਚਿਤ ਕੌਮਾਂਤਰੀ ਸਟੇਜਾਂ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ।
ਪਰ ਇਸ ਦੌਰ ਵਿੱਚ ਜਦੋਂ ਮਰਹੂਮ ਪੰਜਾਬੀ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਾੜੀ ਵਿੱਤੀ ਸਥਿਤੀ ਮੀਡੀਆ ਦੀ ਚਰਚਾ ਵਿੱਚ ਆਈ ਤਾਂ ਇਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਗੁਰਮੀਤ ਬਾਵਾ ਪੰਜਾਬੀ ਦੀ ਲੋਕ ਗਾਇਕਾ ਸੀ, ਜਿਨ੍ਹਾਂ ਕਈ ਦਹਾਕੇ ਸਟੇਜੀ ਅਖਾੜਿਆਂ ਤੋ ਲੈ ਕੇ ਫਿਲਮੀ ਦੁਨੀਆਂ ਨੂੰ ਆਪਣੀ ਬੁਲੰਦ ਅਵਾਜ਼ ਨਾਲ ਰੁਸ਼ਨਾਇਆ।
ਉਨ੍ਹਾਂ ਨੂੰ ‘ਲੰਬੀ ਹੇਕ ਦੀ ਮਲਿਕਾ’ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਦਾ ਨਵੰਬਰ 2021 ਵਿੱਚ ਦੇਹਾਂਤ ਹੋ ਗਿਆ ਸੀ।

ਗੁਰਮੀਤ ਬਾਵਾ ਦਾ ਨਾਮ ਪੰਜਾਬੀ ਲੋਕ ਕਲਾ ਨੂੰ ਸੁਰਜੀਤ ਰੱਖਣ ਵਾਲੇ ਮੋਹਰੀ ਗਾਇਕਾਂ ਵਿੱਚ ਆਉਂਦਾ ਹੈ। ਉਹ ਬਿਨਾ ਸਾਹ ਲਏ 45 ਸਕਿੰਟ ਲੰਬੀ ਹੇਕ ਲਾ ਸਕਦੇ ਸਨ।
ਉਨ੍ਹਾਂ ਦੀ ਬੁਲੰਦ ਅਵਾਜ਼ ਵਿੱਚ ਗਾਈ ‘ਜੁਗਨੀ’ ਅੱਜ ਵੀ ਸਰੋਤਿਆਂ ਵੱਲੋਂ ਸੁਣੀ ਜਾਂਦੀ ਹੈ।
ਗੁਰਮੀਤ ਬਾਵਾ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਕਲਾ ਪਰਿਸ਼ਦ ਵੱਲੋਂ ‘ਪੰਜਾਬ ਗੌਰਵ’ ਸਨਮਾਨ ਵੀ ਦਿੱਤਾ ਗਿਆ ਸੀ।
ਉਨ੍ਹਾਂ ਨੂੰ ਸਾਲ 2022 ਵਿੱਚ ਭਾਰਤ ਸਰਕਾਰ ਵੱਲੋਂ ‘ਮਰਨ ਉਪਰੰਤ ਪਦਮ ਭੂਸ਼ਣ ਐਵਾਰਡ ਵੀ ਦਿੱਤਾ ਗਿਆ ਸੀ।
ਗੁਰਮੀਤ ਬਾਵਾ ਦੇ ਪਰਿਵਾਰ ਦੇ ਮੌਜੂਦਾ ਹਾਲਾਤ

ਤਸਵੀਰ ਸਰੋਤ, Ravinder Singh Robin/BBC
ਦਰਅਸਲ ਹਾਲ ਹੀ ਵਿੱਚ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਮੀਡੀਆ ਸਾਹਮਣੇ ਆਪਣੇ ਪਰਿਵਾਰ ਦੀ ਮਾੜੀ ਵਿੱਤੀ ਹਾਲਤ ਬਾਰੇ ਦੱਸਿਆ ਸੀ।
ਗੁਰਮੀਤ ਕੌਰ ਬਾਵਾ ਦੀਆਂ ਦੋਵੇਂ ਕੁੜੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਵੀ ਉਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਤੋਰ ਰਹੀਆਂ ਸਨ। ਲਾਚੀ ਬਾਵਾ ਅਤੇ ਗਲੋਰੀ ਬਾਵਾ ਦੀ ਜੋੜੀ ਸੀ।
ਲਾਚੀ ਬਾਵਾ ਦੀ ਸਾਲ 2020 ਵਿੱਚ ਕੈਂਸਰ ਕਾਰਨ ਮੌਤ ਹੋ ਗਈ ਸੀ। ਗਲੋਰੀ ਬਾਵਾ ਦੱਸਦੇ ਹਨ ਕਿ ਲਾਚੀ ਬਾਵਾ ਦੀ ਮੌਤ ਤੋਂ ਬਾਅਦ ਗੁਰਮੀਤ ਬਾਵਾ ਕਾਫੀ ਨਿਰਾਸ਼ ਹੋ ਗਏ ਸਨ।
ਗੁਰਮੀਤ ਬਾਵਾ ਦੀ ਸਾਲ 2021 ਵਿੱਚ ਮੌਤ ਹੋ ਗਈ ਸੀ।

ਗਲੋਰੀ ਦੱਸਦੇ ਹਨ, “ਲਾਚੀ ਅਤੇ ਗੁਰਮੀਤ ਬਾਵਾ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਉੱਜੜ ਗਏ ਸਨ।”
ਉਹ ਦੱਸਦੇ ਹਨ ਕਿ ਗੁਰਮੀਤ ਬਾਵਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਵਿੱਤੀ ਸਥਿਤੀ ਬਦਲਣੀ ਸ਼ੁਰੂ ਹੋ ਗਈ। ਉਹ ਦੱਸਦੇ ਹਨ ਕਿ ਗੁਰਮੀਤ ਬਾਵਾ ਦੇ ਨਾਮ ਉੱਤੇ ਹੀ ਉਨ੍ਹਾਂ ਦੇ ਘਰ ਵਿੱਚ ਬਹਾਰ ਸੀ ਅਤੇ ਸ਼ੋਅ ਆਉਂਦੇ ਸਨ।
ਉਨ੍ਹਾਂ ਦੇ ਪਿਤਾ ਕਿਰਪਾਲ ਬਾਵਾ ਦੀ ਵੀ 11 ਮਾਰਚ ਨੂੰ ਮੌਤ ਹੋ ਗਈ ਸੀ।
ਲੋਕ ਗਾਇਕੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਮੀਤ ਬਾਵਾ ਅਤੇ ਕਿਰਪਾਲ ਬਾਵਾ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ, ਦੋਵਾਂ ਨੇ ਸਰਕਾਰੀ ਨੌਕਰੀ ਛੱਡ ਕੇ ਗਾਇਕੀ ਚੁਣੀ ਅਤੇ ਸਫ਼ਤਲਤਾ ਦੀਆਂ ਸਿਖਰਾਂ ਨੂੰ ਮਾਣਿਆ।
ਗੁਰਮੀਤ ਬਾਵਾ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣੇ ਪਤੀ ਨਾਲ ਪਿੰਡ-ਪਿੰਡ ਜਾ ਕੇ ਬਜ਼ੁਰਗ ਬੀਬੀਆਂ ਕੋਲੋਂ ਪੁਰਾਣੇ ਲੋਕ ਗੀਤ ਇਕੱਠੇ ਕਰਿਆ ਕਰਦੇ ਸਨ।
ਗਲੋਰੀ ਬਾਵਾ ਨੇ ਮਦਦ ਦੀ ਗੁਹਾਰ ਲਗਾਉਂਦਿਆਂ ਇਹ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਕੰਮ ਦਿੱਤਾ ਜਾਵੇ।
ਉਹ ਕਹਿੰਦੇ ਹਨ ਕਿ ਪਰਿਵਾਰ ਦੀਆਂ ਦੁਕਾਨਾਂ ਕਿਰਾਏ ਉੱਤੇ ਦਿੱਤੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਕਬਜ਼ਾ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵਿਗੜਦੀ ਚਲੀ ਗਈ।
ਉਨ੍ਹਾਂ ਦੱਸਿਆ ਕਿ ਉਹ ਲਾਚੀ ਬਾਵਾ ਅਤੇ ਆਪਣੀਆਂ ਧੀਆਂ ਨਾਲ ਰਹਿੰਦੇ ਹਨ।
ਉਹ ਦੱਸਦੇ ਹਨ ਕਿ ਹਾਲਾਤ ਇੰਨੇ ਖ਼ਰਾਬ ਹੋ ਗਏ ਸਨ ਕਿ ਉਨ੍ਹਾਂ ਦੇ ਬੱਚਿਆਂ ਉੱਤੇ ਵੀ ਮਾਨਸਿਕ ਅਸਰ ਪੈਣਾ ਸ਼ੁਰੂ ਹੋ ਗਿਆ ਸੀ।

ਅਕਸ਼ੈ ਕੁਮਾਰ ਨੇ ਕੀਤੀ ਪਰਿਵਾਰ ਦੀ ਮਦਦ
ਗਲੋਰੀ ਦੱਸਦੇ ਹਨ ਕਿ ਉਨ੍ਹਾਂ ਨੂੰ ਬਾਲੀਵੁੱਡ ਕਲਾਕਾਰ ਅਕਸ਼ੈ ਕੁਮਾਰ ਵੱਲੋਂ 25 ਲੱਖ ਰੁਪਏ ਆਰਥਿਕ ਸਹਾਇਤਾ ਵਜੋਂ ਦਿੱਤੇ ਗਏ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੈਂਕ ਮੈਨੇਜਰ ਤੋਂ ਪਤਾ ਲੱਗਾ ਸੀ ਕਿ ਅਕਸ਼ੈ ਕੁਮਾਰ ਨੇ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ ਇੱਕ ਨੋਟ ਵੀ ਭੇਜਿਆ, “ਇਹ ਵੱਡੇ ਭਰਾ ਵੱਲੋਂ ਛੋਟੀ ਭੈਣ ਨੂੰ ਪਿਆਰ ਹੈ, ਮਦਦ ਨਹੀਂ।”
ਗਲੋਰੀ ਬਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਸਥਿਤੀ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਸਹਿਯੋਗ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਆ ਰਹੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਅਜਿਹੇ ਫੋਨ ਵੀ ਆ ਰਹੇ ਹਨ, ਜਿਸ ਵਿੱਚ ਉਨ੍ਹਾਂ ਨੂੰ ਸ਼ੋਅਜ਼ ਉੱਤੇ ਗਾਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਉਹ ਦੱਸਦੇ ਹਨ ਕਿ ਉਹ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਸੁਣੇ ਗੀਤ ਹੀ ਆਪਣੇ ਸ਼ੋਅਜ਼ ਵਿੱਚ ਗਾਉਂਦੇ ਹਨ।ਉਹ ਕਹਿੰਦੇ ਹਨ ਕਿ ਉਹ ਕੋਸ਼ਿਸ਼ ਕਰਦੇ ਹਨ ਕਿ ਉਹ ਸਰੋਤਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਅਸਲ ਰੰਗ ਨਾਲ ਜੋੜ ਸਕਣ।
ਉਹ ਦੱਸਦੇ ਹਨ ਕਿ ਹਾਲਾਂਕਿ ਸਰੋਤਿਆਂ ਦਾ ਸੰਗੀਤ ਪ੍ਰਤੀ ਟੇਸਟ ਬਦਲ ਗਿਆ ਹੈ ਲੋਕ ਘੋੜੀ, ਟੱਪੇ ਜਾਂ ਸੁੁਹਾਗ ਨਹੀਂ ਸੁਣਦੇ।
ਪਰਿਵਾਰ ਦੀ ਮਦਦ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੀ ਉਨ੍ਹਾਂ ਦੇ ਘਰ ਗਏ ਸਨ ਅਤੇ ਇੱਕ ਲੱਖ ਰੁਪਏ ਦਾ ਚੈੱਕ ਮਦਦ ਵਜੋਂ ਦਿੱਤਾ ਸੀ।

ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਕਾਰਨ ਕਈ ਸੁਰੀਲੇ ਕਲਾਕਾਰ ਕੰਮ ਤੋਂ ਵਾਂਝੇ ਹੋ ਗਏ ਹਨ।
ਬੀਬੀਸੀ ਨਾਲ ਆਪਣੇ ਇੰਟਰਵਿਊ ਵਿੱਚ ਗਲੋਰੀ ਬਾਵਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਾਤਾ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਹੈ 'ਥੋੜ੍ਹਾ ਗਾਓ ਪਰ ਸੋਹਣਾ ਗਾਓ'।
ਉਹ ਉਲਾਭਾ ਦਿੰਦੇ ਹੋਏ ਕਹਿੰਦੇ ਹਨ ਕਿ ਪੰਜਾਬੀ ਗਾਇਕੀ ਵਿੱਚ ਸਭਿਆਚਾਰ ਸਿਰਫ ਸਟੇਜ ਉੱਤੇ ਚਰਖੇ ਅਤੇ ਫੁਲਕਾਰੀ ਤੱਕ ਸੀਮਤ ਰਹਿ ਗਈ ਹੈ।
ਗਲੋਰੀ ਕਹਿੰਦੇ ਹਨ ਕਿ ਲੋਕਾਂ ਦੀ ਮਦਦ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ ਤੇ ਉਹ ਆਪਣੀ ਮਾਂ ਨਾਲ ਪੰਜਾਬੀ ਸਭਿਆਚਾਰ ਨੂੰ ਅੱਗੇ ਤੋਰਨ ਦਾ ਵਾਅਦਾ ਪੂਰਾ ਕਰਨਗੇ।
ਉਹ ਕਹਿੰਦੇ ਹਨ ਕਿ ਸਬੱਬੀ ਹੀ ਗੁਰਮੀਤ ਬਾਵਾ ਜੀ ਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਗੁਰਮੀਤ ਬਾਵਾ ਕੋਲੋਂ ਉਨ੍ਹਾਂ ਦੀ ਹੇਕ ਦੇ ਗੁਰ ਬਾਰੇ ਜਾਣਿਆ ਸੀ ਤੇ ਉਹ ਇਹ ਗੁਰ ਸਟੇਜਾਂ ਉੱਤੇ ਪੇਸ਼ਕਾਰੀ ਦੇਣ ਵੇਲੇ ਵਰਤਦੇ ਹਨ।












