ਦਿਲਜੀਤ ਦੋਸਾਂਝ ਨੂੰ ਮਿਲਣ ਪਹੁੰਚੇ ਪੀਐੱਮ ਟਰੂਡੋ, ਕਿਹਾ, 'ਕੈਨੇਡਾ ਇੱਕ ਮਹਾਨ ਦੇਸ਼ ਜਿੱਥੇ ਇੱਕ ਸ਼ਖ਼ਸ ਪੰਜਾਬ ਤੋਂ ਆ ਕੇ ਇਤਿਹਾਸ ਰਚ ਸਕਦਾ'

ਜਸਟਿਨ ਟਰੂਡੋ ਅਤੇ ਦਿਲਜੀਤ ਦੋਸਾਂਝ

ਤਸਵੀਰ ਸਰੋਤ, @JustinTrudeau/X

ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਪਰਫੌਰਮੈਂਸ ਤੋਂ ਪਹਿਲਾਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟੇਜ ’ਤੇ ਪਹੁੰਚੇ ਤਾਂ ਸਾਰੇ ਪਾਸੇ ‘ਦਿਲਜੀਤ, ਦਿਲਜੀਤ’ ਹੋਣ ਲੱਗੀ।

ਦਰਅਸਲ, ਦਿਲਜੀਤ ਅੱਜ ਕੱਲ੍ਹ ਦਿਲ-ਲੁਮੀਨਾਟੀ ਟੂਰ ਕਰ ਰਹੇ ਹਨ, ਜਿਸ ਦੇ ਤਹਿਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਰਫੌਰਮੈਂਸ ਦੇ ਰਹੇ ਹਨ।

ਇਸੇ ਵਿਚਾਲੇ ਉਹ ਕੈਨੇਡਾ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਦੀ ਪਰਫੌਰਮੈਂਸ ਟੋਰੰਟੋ ਦੇ ਰੋਜਰ ਸਟੇਡੀਅਮ ਵਿੱਚ ਰੱਖੀ ਗਈ ਸੀ।

ਜਸਟਿਨ ਟਰੂਡੋ ਅਤੇ ਦਿਲਜੀਤ ਦੋਸਾਂਝ

ਤਸਵੀਰ ਸਰੋਤ, justinpjtrudeau/Insta

ਦਿਲਜੀਤ ਦੋਸਾਂਝ ਦੀ ਪਰਫੌਰਮੈਂਸ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਚ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਦਿਲਜੀਤ ਨਾਲ ਮੁਲਾਕਾਤ ਕੀਤੀ।

ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਐਕਸ ਹੈਂਡਲ ਦੇ ਲਿਖਿਆ, “ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ, ਉਨ੍ਹਾਂ ਨੂੰ ਪੇਸ਼ਕਾਰੀ ਲਈ ਸ਼ੁਭਕਾਮਨਾਵਾਂ ਦੇਣ ਲਈ ਰੋਜਰ ਸੈਂਟਰ ਰੁਕਿਆ।”

ਉਨ੍ਹਾਂ ਨੇ ਅੱਗੇ ਲਿਖਿਆ, “ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਇੱਕ ਸ਼ਖ਼ਸ ਪੰਜਾਬ ਤੋਂ ਆ ਕੇ ਇਤਿਹਾਸ ਰਚ ਸਕਦਾ ਹੈ ਅਤੇ ਸਾਰੇ ਹੀ ਸਟੇਡੀਅਮ ਦੀਆਂ ਟਿਕਟਾਂ ਵਿਕ ਸਕਦੀਆਂ ਹਨ। ਵਿਭਿੰਨਤਾ ਸਿਰਫ਼ ਸਾਡੀ ਤਾਕਤ ਨਹੀਂ ਹੈ ਇਹ ਇੱਕ ਮਹਾਂਸ਼ਕਤੀ ਹੈ।”

ਜਸਟਿਨ ਟਰੂਡੋ ਅਤੇ ਦਿਲਜੀਤ ਦੋਸਾਂਝ

ਤਸਵੀਰ ਸਰੋਤ, @JustinTrudeau/X

ਹਾਲਾਂਕਿ, ਦਿਲਜੀਤ ਦੋਸਾਂਝ ਨੇ ਵੀ ਇੱਕ ਵੀਡੀਓ ਸ਼ੇਅਰ ਕਰਦਿਆਂ ਆਪਣੇ ਐਕਸ ਅਕਾਊਂਟ ’ਤੇ ਲਿਖਿਆ ਹੈ, “ਵਿਭਿੰਨਤਾ ਕੈਨੇਡਾ ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਬਣਦਿਆਂ ਦੇਖਣ ਆਏ ਹਨ। ਅਸੀਂ ਰੋਜਰ ਸੈਂਟਰ ਦੀਆਂ ਸਾਰੀਆਂ ਟਿਕਟਾਂ ਵੇਚ ਦਿੱਤੀਆਂ।”

ਜਿਸ ਤੋਂ ਬਾਅਦ ਦਿਲਜੀਤ ਵੱਲੋਂ ਪਾਈ ਗਈ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਦੇ ਅਖ਼ੀਰ ’ਤੇ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੇ ਗਰੁੱਪ ਨਾਲ ਕਹਿੰਦੇ ਹਨ, ‘ਪੰਜਾਬੀ ਆ ਗਏ ਓਏ’।

ਜਸਟਿਨ ਟਰੂਡੋ ਅਤੇ ਦਿਲਜੀਤ ਦੋਸਾਂਝ

ਤਸਵੀਰ ਸਰੋਤ, @diljitdosanjh/X

ਦਿਲਜੀਤ ਦੋਸਾਂਝ ਦਾ ਗਾਇਕੀ ਦਾ ਸਫ਼ਰ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਫਿਲਹਾਲ ਪੰਜਾਬੀ ਮਨੋਰੰਜਨ ਜਗਤ ਦੇ ਮਾਊਂਟ ਐਵਰੈਸਟ ਉੱਤੇ ਚੌਂਕੜੀ ਮਾਰ ਕੇ ਬੈਠੇ ਹਨ।

ਦੋਸਾਂਝ ਕਲਾਂ ਵਿੱਚ ਜਨਮੇ ਦਿਲਜੀਤ ਨੇ ਆਪਣਾ ਗਾਇਕੀ ਦਾ ਸਫ਼ਰ ਸਥਾਨਕ ਗੁਰਦੁਆਰੇ ਵਿੱਚ ਕੀਰਤਨ ਨਾਲ ਸ਼ੁਰੂ ਕੀਤਾ। ਜੋ ਲੋਕ ਉਨ੍ਹਾਂ ਨੂੰ ਉਦੋਂ ਤੋਂ ਜਾਣਦੇ ਹਨ, ਉਹ ਦੱਸਦੇ ਹਨ ਕਿ ਉਨ੍ਹਾਂ ਦੇ “ਮਸਾਂ ਹੀ ਕੋਈ ਦਾੜ੍ਹੀ ਹੁੰਦੀ ਸੀ ਪਰ ਉਨ੍ਹਾਂ ਵਿੱਚ ਲੈਅ ਸੀ, ਭੰਗੜਾ ਸੋਹਣਾ ਪਾਉਂਦੇ ਸਨ ਅਤੇ ਬਹੁਤ ਸੋਹਣੀ ਪੱਗ ਬੰਨ੍ਹਦੇ ਸਨ।”

ਸੋਲਾਂ ਸਾਲ ਦੀ ਉਮਰ ਵਿੱਚ ਦਿਲਜੀਤ ਨੇ ਪਹਿਲੀ ਐਲਬਮ ਜਾਰੀ ਕੀਤੀ। ਗੀਤ ਨਾਈਟ ਕਲੱਬਾਂ ਦੀ ਥਾਂ ਵਿਆਹਾਂ ਦੀ ਸ਼ੋਭਾ ਜ਼ਿਆਦਾ ਬਣੇ, ਜਿੱਥੇ ਉਨ੍ਹਾਂ ਦੇ ਭੋਲੇਪਨ ਅਤੇ ਰੂਹ ਤੋਂ ਨਿਕਲੀ ਅਵਾਜ਼ ਨੇ ਉਨ੍ਹਾਂ ਨੂੰ ਝੱਟ ਹੀ ਮਸ਼ਹੂਰ ਕਰ ਦਿੱਤਾ। ਜਲਦੀ ਹੀ ਉਨ੍ਹਾਂ ਨੂੰ ਲਗਭਗ ਹਰ ਰੋਜ਼ ਹੀ ਸ਼ੋਅ ਮਿਲਣ ਲੱਗ ਪਏ।

ਦਿਲਜੀਤ ਦੋਸਾਂਝ

ਤਸਵੀਰ ਸਰੋਤ, FB/DILJIT DOSANJH

ਤਸਵੀਰ ਕੈਪਸ਼ਨ, ਦਿਲਜੀਤ ਦੋਸਾਂਝ ਨੇ ਜਿਵੇਂ ਕਾਮਯਾਬੀ ਦੀਆਂ ਨਵੀਆਂ ਪੈੜਾਂ ਪਾਉਣ ਨਾਲ ਸਹਿਜੇ ਹੀ ਰਿਸ਼ਤਾ ਜੋੜ ਲਿਆ ਹੈ

ਕੁਝ ਸਾਲਾਂ ਬਾਅਦ ਉਨ੍ਹਾਂ ਦੇ ਪਿਤਾ ਨੇ ਮਾਮੇ ਨਾਲ ਲੁਧਿਆਣੇ ਸ਼ਹਿਰ ਵਿੱਚ ਸਿੱਖਣ ਅਤੇ ਰਹਿਣ ਲਈ ਭੇਜ ਦਿੱਤਾ। ਉਹ ਇੱਕ ਸਥਾਨਕ ਸੰਗੀਤਕਾਰ ਸਨ।

ਉਸ ਸਮੇਂ ਪੰਜਾਬੀ ਗਾਇਕੀ ਵਿੱਚ ਖੇਤਰੀ ਕਲਾਕਾਰ ਪੌਪ ਸੰਗੀਤ ਨਾਲ ਪ੍ਰਯੋਗ ਕਰ ਰਹੇ ਸਨ ਅਤੇ ਦਲੇਰ ਮਹਿੰਦੀ ਦਾ ਸਮਾਂ ਸੀ।

ਦਿਲਜੀਤ ਦੋਸਾਂਝ ਇੱਕ ਅਜਿਹੀ ਪੀੜ੍ਹੀ ਦੀ ਨੁਮਾਇੰਦਗੀ ਕਰ ਰਹੇ ਹਰ ਜੋ ਪੰਜਾਬੀ ਸੰਗੀਤ ਅਤੇ ਗਾਇਕੀ ਨੂੰ ਰੈਪ ਅਤੇ ਹਿਪ-ਹੌਪ ਨਾਲ ਮਿਲਾ ਕੇ ਗਾ ਰਹੀ ਹੈ।

ਦਿਲਜੀਤ ਦੋਸਾਂਝ ਨੇ ਜਿਵੇਂ ਕਾਮਯਾਬੀ ਦੀਆਂ ਨਵੀਆਂ ਪੈੜਾਂ ਪਾਉਣ ਨਾਲ ਸਹਿਜੇ ਹੀ ਰਿਸ਼ਤਾ ਜੋੜ ਲਿਆ ਹੈ, ਤਾਂ ਹੀ ਤਾਂ ਆਏ ਦਿਨ ਉਨ੍ਹਾਂ ਦੇ ਚਰਚੇ ਹੁੰਦੇ ਰਹਿੰਦੇ ਹਨ।

ਦਿਲਜੀਤ ਦੋਸਾਂਝ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੀ ਛਾਪ ਛੱਡੀ ਹੈ। ਜਿੱਥੇ ਬੌਲੀਵੁੱਡ ਦਿਲਜੀਤ ਦਾ ਫੈਨ ਹੋ ਗਿਆ ਹੈ, ਇੱਥੇ ਵਿਦੇਸ਼ਾਂ ਦੀ ਖ਼ਾਸ ਮੰਨੀਆਂ ਜਾਂਦੀਆਂ ਸਟੇਜਾਂ ਵਿੱਚ ਦਿਲਜੀਤ ਲਈ ਰਸਤਾ ਤੱਕਦੀਆਂ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੋਚੇਲਾ ਤੋਂ ਜਿੰਮੀ ਫੈਲਨ ਦੇ ਸ਼ੋਅ ਤੱਕ ਦਿਲਜੀਤ ਦੇ ਚਰਚੇ

ਬੀਤੇ ਸਾਲ ਅਪ੍ਰੈਲ 2023 ਵਿੱਚ ਦਿਲਜੀਤ ਦੋਸਾਂਝ ਨੇ ‘ਕੋਚੇਲਾ ਸੰਗੀਤ ਫੈਸਟੀਵਲ’ ਵਿੱਚ ਪੇਸ਼ਕਾਰੀ ਦਿੱਤੀ ਸੀ। ਇਸ ਫੈਸਟੀਵਲ ਵਿੱਚ ਗਾਉਣ ਵਾਲੇ ਉਹ ਪਹਿਲੇ ਪੰਜਾਬ ਕਲਾਕਾਰ ਬਣ ਗਏ ਸਨ।

ਉਨ੍ਹਾਂ ਨੇ ਕਾਲਾ ਕੁੜਤਾ ਚਾਦਰਾ ਪਾ ਕੇ ਇਸ ਵਿੱਚ ਪਰਫਾਰਮ ਕੀਤਾ ਸੀ।

ਕੋਚੇਲਾ ਨੂੰ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫ਼ੈਸਟੀਵਲ ਕਿਹਾ ਜਾਂਦਾ ਹੈ।

ਇਸ ਈਵੈਂਟ ਦਾ ਮਕਸਦ ਸੰਗੀਤ ਅਤੇ ਕਲਾ ਦਾ ਜਸ਼ਨ ਮਨਾਉਣਾ ਹੈ। 1999 ਵਿੱਚ ਇਸ ਦੀ ਸ਼ੁਰੂਆਤ ਹੋਈ ਸੀ।

ਦਿਲਜੀਤ ਨਾਲ ਗਾਉਣ ਮਗਰੋਂ ਐੱਡ ਸ਼ੀਰਨ ਨੇ ਇੰਸਟਾ 'ਤੇ ਲਿਖਿਆ ਸੀ, “ਮੈਨੂੰ ਦਿਲਜੀਤ ਨਾਲ ਮੁੰਬਈ ਵਿੱਚ ਗਾਉਣ ਦਾ ਮੌਕਾ ਮਿਲਿਆ ਅਤੇ ਪਹਿਲੀ ਵਾਰ ਪੰਜਾਬੀ ਵਿੱਚ... ਮੇਰਾ ਭਾਰਤ ਵਿੱਚ ਬਹੁਤ ਚੰਗਾ ਸਮਾਂ ਲੰਘਿਆ ਹੈ ਅਤੇ ਅਗਲਾ ਵੀ ਚੰਗਾ ਹੋਵੇਗਾ।”

ਐੱਡ ਸ਼ੀਰਨ ਦੇ ਦਿਲਜੀਤ ਦੋਸਾਂਝ ਦਾ ਗੀਤ ਪੰਜਾਬੀ ਵਿੱਚ ਵੀ ਗਾਇਆ ਸੀ।

ਐੱਡ ਸ਼ੀਰਨ ਤੇ ਦਿਲਜੀਤ ਦੋਸਾਂਝ

ਤਸਵੀਰ ਸਰੋਤ, INSTAGRAM/TEDDYSPHOTOS

ਤਸਵੀਰ ਕੈਪਸ਼ਨ, ਐੱਡ ਸ਼ੀਰਨ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਮੁੰਬਈ ਵਿੱਚ ਆਪਣੇ ਸ਼ੋਅ ਦੌਰਾਨ ਪੰਜਾਬੀ ਭਾਸ਼ਾ ਵਿੱਚ ਗੀਤ ਗਾਇਆ

'ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ' ਨੈਸ਼ਨਲ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ।

ਐੱਨਬੀਸੀ ਦੀ ਵੈੱਬਸਾਈਟ ਮੁਤਾਬਕ ‘ਦਿ ਟੂਨਾਇਟ ਸ਼ੋਅ’ ਅਮਰੀਕੀ ਟੈਲੀਵਿਜ਼ਨ ਜਗਤ ਵਿੱਚ ਇੱਕ ਵੱਡਾ ਨਾਮ ਰਿਹਾ ਹੈ, ਜਿਸ ਵਿੱਚ ਵੱਡੇ ਸੈਲੀਬ੍ਰਿਟੀ, ਗਾਇਕ ਅਤੇ ਕਾਮੇਡੀਅਨ ਆ ਚੁੱਕੇ ਹਨ।

ਜਿੰਮੀ ਫੈਲਨ ਅਤੇ ਦਿਲਜੀਤ ਦੋਸਾਂਝ

ਤਸਵੀਰ ਸਰੋਤ, INSTAGRAM/JIMMY FALLON

ਤਸਵੀਰ ਕੈਪਸ਼ਨ, ਇਸ ਸ਼ੋਅ ਉੱਤੇ ਦਿਲਜੀਤ ਦੋਸਾਂਝ ਦੀ ਚਿੱਟੇ ਕੁੜਤੇ-ਚਾਦਰੇ ਅਤੇ ਤੁਰਲੇ ਵਾਲੀ ਪੱਗ ਵਿੱਚ ਦਿੱਤੀ ਪਰਫਾਰਮੈਂਸ ਦੀ ਪੰਜ ਮਿੰਟ ਦੀ ਵੀਡੀਓ ਵੀ ਯੂਟਿਊਬ ਉੱਤੇ ਟ੍ਰੈਂਡਿੰਗ ਵੀਡੀਓਜ਼ 'ਚ ਹੈ

‘ਦਿ ਟੂਨਾਈਟ ਸ਼ੋਅ’ ਦੇ ਜਿੱਥੇ ਯੂਟਿਊਬ ਉੱਤੇ ਕਰੀਬ 31.6 ਮਿਲੀਅਨ ਫੋਲੌਅਰ ਹਨ ਉੱਥੇ ਹੀ ਇੰਸਟਾਗ੍ਰਾਮ ਉੱਤੇ ਇਸ ਦੇ 16.1 ਮਿਲੀਅਨ ਫੋਲੋਅਰ ਹਨ।

ਹਾਲ ਹੀ ਵਿੱਚ ਦਿਲਜੀਤ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਚਮਕੀਲਾ ਵੀ ਨੈੱਟਫਲਿਕਸ ਉੱਤੇ ਰਿਲੀਜ਼ ਹੋਈ ਹੈ।

ਇਹ ਫ਼ਿਲਮ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਜੋੜੀ ਉੱਤੇ ਸੀ। ਇਸ ਵਿੱਚ ਦਿਲਜੀਤ ਦੀ ਐਕਟਿੰਗ ਨੂੰ ਕਾਫੀ ਸਰਾਹਿਆ ਗਿਆ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)