ਨੁਸਰਤ ਫ਼ਤਿਹ ਅਲੀ ਖ਼ਾਨ: 34 ਸਾਲ ਪਹਿਲਾਂ ਰਿਕਾਰਡ ਕੀਤੀਆਂ 4 ਕਵਾਲੀਆਂ ਅਚਾਨਕ ਮਿਲਣ ਦੀ ਰੋਚਕ ਕਹਾਣੀ

ਨੁਸਰਤ ਫ਼ਤਿਹ ਅਲੀ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਚਾਹੁਣ ਵਾਲੇ ਹਨ
    • ਲੇਖਕ, ਈਮਾਦ ਖ਼ਾਲਿਕ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਅਤੇ ਭਾਰਤ ਸਣੇ ਪੂਰੀ ਦੁਨੀਆਂ ਵਿੱਚ ਮਕਬੂਲ ਗਾਇਕ ਅਤੇ ਕਵਾਲ ਨੁਸਰਤ ਫ਼ਤਿਹ ਅਲੀ ਖ਼ਾਨ ਦੀ 1990ਵੇਂ ਦਹਾਕੇ ਦੀ ਇੱਕ ਐਲਬਮ ਉਨ੍ਹਾਂ ਦੀ ਮੌਤ ਤੋਂ 27 ਸਾਲ ਬਾਅਦ ਰਿਲੀਜ਼ ਕੀਤੀ ਜਾ ਰਹੀ ਹੈ |

ਇਹ ਐਲਬਮ ਲੰਡਨ ਦੇ ਇੱਕ ਸਟੂਡੀਓ ਦੇ ਕਿਸੇ ਸਟੋਰ ਰੂਮ ਵਿੱਚ 34 ਸਾਲ ਪਹਿਲਾਂ ਰੱਖੀ ਗਈ ਸੀ, ਜਿਸ ਨੂੰ ਰੀਅਲ ਵਰਲਡ ਰਿਕਾਰਡਜ਼ ਨੇ 'ਚੇਨ ਆਫ਼ ਲਾਈਟ' ਦਾ ਨਾਮ ਦਿੱਤਾ ਹੈ।

ਕੰਪਨੀ ਦੇ ਮੁਤਾਬਕ ਇਸ ਵਿੱਚ ਚਾਰ ਕਵਾਲੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅੱਜ ਤੱਕ ਕਦੇ ਰਿਲੀਜ਼ ਨਹੀਂ ਹੋਈ ਸੀ |

ਇਸ ਐਲਬਮ ਦੇ ਦੁਬਾਰਾ ਮਿਲਣ ਦੀ ਕਹਾਣੀ ਬਹੁਤ ਰੋਚਕ ਹੈ ਅਤੇ ਜੇਕਰ ਸਾਲ 2021 ਵਿੱਚ ਰੀਅਲ ਵਰਲਡ ਸਟੂਡੀਓਜ਼ ਨੂੰ ਆਪਣੀਆਂ ਪੁਰਾਣੀਆਂ ਰਿਕਾਰਡਿੰਗਜ਼ ਨੂੰ ਕਿਸੇ ਦੂਜੀ ਥਾਂ ਲੈ ਜਾਣ ਦੀ ਲੋੜ ਨਾ ਪੈਂਦੀ ਤਾਂ ਸ਼ਾਇਦ ਇਹ ਐਲਬਮ ਹਾਲੇ ਵੀ ਕਈ ਸਾਲਾਂ ਤੱਕ ਪ੍ਰਸ਼ੰਸਕਾਂ ਤੱਕ ਪਹੁੰਚ ਨਾ ਪਾਉਂਦੀ।

ਪਰ ਹੁਣ ਇਸ ਖ਼ਬਰ ਤੋਂ ਬਾਅਦ ਦੁਨੀਆਂ ਭਰ ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਚਾਹੁਣ ਵਾਲੇ ਇਸ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ |

ਨੁਸਰਤ ਦੀ ਅਵਾਜ਼ ਦਾ ਜਾਦੂ ਅਜਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹੁਣੇ ਹੀ 20 ਸਤੰਬਰ ਦੀ ਤਰੀਖ਼ ਆਪਣੇ ਕੋਲ ਨੋਟ ਕਰਕੇ ਰੱਖ ਲਈ ਹੈ, ਮਤਲਬ ਉਹ ਤਰੀਖ਼ ਜਦੋਂ ਇਹ ਰਿਕਾਰਡਿੰਗਜ਼ ਰਿਲੀਜ਼ ਕੀਤੀਆਂ ਜਾਣਗੀਆਂ |

ਨੁਸਰਤ ਫ਼ਤਿਹ ਅਲੀ ਖ਼ਾਨ ਸਾਲ 1997 ਵਿੱਚ ਸਿਰਫ 48 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਸ਼ਾਇਦ ਇਹ ਰਿਕਾਰਡਿੰਗਜ਼ ਉਨ੍ਹਾਂ ਪੀੜੀਆਂ ਦੇ ਲਈ ਵੀ ਨੁਸਰਤ ਦੀ ਗਾਇਕੀ ਤੋਂ ਜਾਣੂ ਹੋਣ ਦਾ ਜ਼ਰੀਆ ਬਣਨਗੀਆਂ, ਜਿਨ੍ਹਾਂ ਨੇ ਇਸ ਸਦੀ ਵਿੱਚ ਹੋਸ਼ ਸੰਭਾਲਿਆ ਹੈ |

ਪਰ 34 ਸਾਲ ਪਹਿਲਾਂ ਰਿਕਾਰਡ ਕੀਤਾ ਗਿਆ ਗੀਤ ਹੁਣ ਇੰਨੇ ਸਾਲਾਂ ਬਾਅਦ ਸਾਹਮਣੇ ਕਿਵੇਂ ਆਇਆ? ਇਸ ਬਾਰੇ ਅਸੀਂ ਰੀਅਲ ਵਰਡਲ ਸਟੂਡੀਓਜ਼ ਨਾਲ ਈਮੇਲ ਦੇ ਜ਼ਰੀਏ ਗੱਲ ਕੀਤੀ ਹੈ |

ਨੁਸਰਤ ਫ਼ਤਿਹ ਅਲੀ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੁਸਰਤ ਫ਼ਤਿਹ ਅਲੀ ਖ਼ਾਨ ਦੀ 48 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ

“ਜਦੋਂ ਸਾਨੂੰ ਇਹ ਟੇਪ ਮਿਲੀ ਤਾਂ ਬਹੁਤ ਖੁਸ਼ੀ ਹੋਈ”

ਉਂਝ ਤਾਂ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਅਵਾਜ਼ ਵਿੱਚ ਗਾਈ ਗਈ ਗ਼ਜ਼ਲ ‘ਆਫ਼ਰੀਨ’ ਦੇ ਮੁਤਾਬਕ ਹੁਸਨ-ਏ-ਜਾਨਾਂ ਦੀ ਤਾਰੀਫ਼ ਮੁਮਕਿਨ ਨਹੀਂ , ਪਰ ਫਿਰ ਵੀ ਨੁਸਰਤ ਦੇ ਕਦਰਦਾਨ ਅਤੇ ਗਾਇਕੀ ਵਿੱਚ ਉਨ੍ਹਾਂ ਦਾ ਸਾਥ ਨਿਭਾਉਣ ਵਾਲੇ ਅਮਰੀਕੀ ਗਾਇਕ ਜੇਫ਼ ਬਕਲੀ ਨੇ ਉਨ੍ਹਾਂ ਦੀ ਤਰੀਫ਼ ਕੀਤੀ ਹੈ।

ਉਨ੍ਹਾਂ ਕਿਹਾ, “ਨੁਸਰਤ ਵਿੱਚ ਬੁੱਧ ਵੀ ਹੈ, ਭੂਤ ਵੀ ਅਤੇ ਇੱਕ ਪਾਗਲ ਫ਼ਰਿਸ਼ਤਾ ਵੀ ਹੈ...ਉਨ੍ਹਾਂ ਦੀ ਅਵਾਜ਼ ਮਖ਼ਮਲੀ ਅੱਗ ਵਰਗੀ ਹੈ, ਜਿਸ ਦਾ ਕੋਈ ਜੋੜ ਨਹੀਂ |”

ਇਹ ਰਿਕਾਰਡਿੰਗਜ਼ ਇੱਕ ਵਿਦੇਸ਼ੀ ਲੇਬਲ ਦੇ ਵੱਲੋਂ ਰਿਲੀਜ਼ ਕਰਨ ਦੇ ਐਲਾਨ ਤੋਂ ਬਾਅਦ ਇੱਕ ਸਵਾਲ ਅਕਸਰ ਲੋਕਾਂ ਨੇ ਪੁੱਛਿਆ ਕਿ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਵਿਦੇਸ਼ੀ ਪ੍ਰਸ਼ੰਸਕ ਕਦੋਂ ਅਤੇ ਕਿਵੇਂ ਬਣੇ?

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰੀਅਲ ਰਿਕਾਰਡਜ਼ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਮੁਤਾਬਕ, ਪੀਟਰ ਗੈਬਰੀਅਲ ਅਤੇ ਰੀਅਲ ਵਰਡਲ ਰਿਕਾਰਡਜ਼ ਨਾਲ ਨੁਸਰਤ ਫ਼ਤਿਹ ਅਲੀ ਖ਼ਾਨ ਦਾ ਰਿਸ਼ਤਾ ਸਾਲ 1985 ਦੇ 'ਵੋਮੈਡ' ਫੈਸਟੀਵਲ ਵਿੱਚ ਉਨ੍ਹਾਂ ਦੀ ਪੇਸ਼ਕਾਰੀ ਦੇ ਬਾਅਦ ਡੂੰਘਾ ਹੋਇਆ |

ਇਹ ਪਹਿਲਾ ਮੌਕਾ ਸੀ ਜਦੋਂ ਨੁਸਰਤ ਨੇ ਪੂਰੀ ਤਰ੍ਹਾਂ ਪੱਛਮੀ ਪ੍ਰਸ਼ੰਸਕਾਂ ਦੇ ਸਾਹਮਣੇ ਪੇਸ਼ਕਾਰੀ ਦਿੱਤੀ ਸੀ|

ਉਹ ਆਪਣੇ ਨਾਲ 9 ਲੋਕਾਂ ਵਾਲੀ ਕੱਵਾਲ ਪਾਰਟੀ ਵੀ ਲਿਆਏ ਸਨ ਅਤੇ ਉਹ ਪੇਸ਼ਕਾਰੀ ਅਸੈਕਸ ਵਿੱਚ ਛੋਟੇ ਜਿਹੇ ਇਲਾਕੇ ਮੇਰੀਸਾ ਆਈਲੈਂਡ ’ਤੇ ਹੋਈ ਸੀ, ਫੈਸਟੀਵਲ ਵਿੱਚ ਆਉਣ ਵਾਲੇ ਲੋਕਾਂ ਨੇ ਦੇਰ ਰਾਤ ਤੱਕ ਚੱਲਣ ਵਾਲਾ ਇਹ ਸ਼ੋਅ ਦੇਖਿਆ-ਸੁਣਿਆ ਜੋ ਇਤਿਹਾਸਕ ਸੀ|

ਇਸ ਇਤਿਹਾਸਕ ਫ਼ੈਸਟੀਵਲ ਦੇ ਫੌਰਨ ਬਾਅਦ ਉਨ੍ਹਾਂ ਨੂੰ ਇਸ ਲੇਬਲ ਦੇ ਲਈ ਸਾਈਨ ਕਰ ਲਿਆ ਗਿਆ ਅਤੇ ਇੱਥੋਂ ਉਨ੍ਹਾਂ ਦੀ ਕੌਮਾਂਤਰੀ ਸਾਖ਼ ਵਿੱਚ ਇਜ਼ਾਫਾ ਹੋਣ ਲੱਗਿਆ, ਉਨ੍ਹਾਂ ਨੇ ਗੈਬਰੀਅਲ ਦੇ ਨਾਲ 1989 ਵਿੱਚ ਉਨ੍ਹਾਂ ਦੀ ਐਲਬਮ ‘ਪੈਸ਼ਨ’ ਵਿੱਚ ਵੀ ਗਾਇਆ ਜੋ ਫਿਲਮ ‘ਦਾ ਲਾਸਟ ਟੈਂਪਟੇਸ਼ਨ ਆਫ ਕ੍ਰਾਈਸਟ’ ਵਿੱਚ ਲਈ ਗਈ ਸੀ|

ਨੁਸਰਤ ਫ਼ਤਿਹ ਅਲੀ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਭ ਤੋਂ ਮਹਾਨ ਗਾਇਕ ਮੇਰੇ ਸਮੇਂ ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਸਨ -ਗੈਬਰੀਅਲ

ਪੀਟਰ ਗੈਬਰੀਅਲ ਕਹਿੰਦੇ ਹਨ, “ਮੈਂ ਦੁਨੀਆਂ ਭਰ ਦੇ ਕਈ ਸੰਗੀਤਕਾਰਾਂ ਦੇ ਨਾਲ ਕੰਮ ਕੀਤਾ ਹੈ ਪਰ ਸ਼ਾਇਦ ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਗਾਇਕ ਮੇਰੇ ਸਮੇਂ ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਸਨ, ਜੋ ਉਹ ਆਪਣੀ ਅਵਾਜ਼ ਨਾਲ ਕਰ ਸਕਦੇ ਸੀ ਅਤੇ ਤੁਹਾਨੂੰ ਮਹਿਸੂਸ ਕਰਵਾ ਸਕਦੇ ਸਨ ਉਹ ਅਸਧਾਰਣ ਅਹਿਸਾਸ ਸੀ|"

ਉਨ੍ਹਾਂ ਦਾ ਕਹਿਣਾ ਹੈ, "ਸਾਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਪੇਸ਼ ਕਰਨ ਵਿੱਚ ਭੂਮਿਕਾ ਅਦਾ ਕਰ ਸਕੇ, ਜਦੋਂ ਸਾਨੂੰ ਇਹ ਟੇਪ ਮਿਲੀ ਤਾਂ ਸਾਨੂੰ ਬਹੁਤ ਖੁਸ਼ੀ ਹੋਈ, ਇਸ ਐਲਬਮ ਵਿੱਚ ਉਹ ਆਪਣੇ ਹੁਨਰ ਦੀਆਂ ਬੁਲੰਦੀਆਂ ’ਤੇ ਨਜ਼ਰ ਆਉਂਦੇ ਹਨ|”

ਨੁਸਰਤ ਦੇ ਲੰਬੇ ਸਮੇਂ ਤੱਕ ਕੌਮਾਂਤਰੀ ਮੈਨੇਜਰ ਰਹਿਣ ਵਾਲੇ ਰਾਸ਼ਿਦ ਅਹਿਮਦ ਦੀਨ ਕਹਿੰਦੇ ਹਨ, “ਸਾਲ 1990 ਨੁਸਰਤ ਦੇ ਕਰੀਅਰ ਦਾ ਅਹਿਮ ਮੋੜ ਸੀ, ਉਸ ਦੌਰਾਨ ਉਹ ਪੱਛਮੀ ਦੇਸ਼ਾਂ ਵਿੱਚ ਆਪਣੇ ਕਦਮ ਜਮਾ ਰਹੇ ਸੀ, ਉਨ੍ਹਾਂ ਦੇ ਲਈ ਸਭ ਕੁਝ ਜਿਵੇਂ ਖ਼ੁਦ-ਬ-ਖ਼ੁਦ ਹੋ ਰਿਹਾ ਸੀ, ਉਹ ਹਮੇਸ਼ਾ ਤੋਂ ਚਾਹੁੰਦੇ ਸਨ ਕਿ ਉਹ ਤਜ਼ਰਬੇ ਕਰਨ ਅਤੇ ਖ਼ੁਦ ਨੂੰ ਇੱਕ ਹੀ ਤਰ੍ਹਾਂ ਦੇ ਸੰਗੀਤ ਤੱਕ ਸੀਮਤ ਨਾ ਕਰਨ ਅਤੇ ਰਿਕਾਰਡਿੰਗਜ਼ ਵਿੱਚ ਇਹ ਬਹੁਤ ਸਾਫ਼ ਦਿਖਦਾ ਹੈ |”

ਨੁਸਰਤ ਫ਼ਤਿਹ ਅਲੀ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲਿਆਸ ਹੁਸੈਨ ਨੁਸਰਤ ਦੀ ਜਵਾਨੀ ਤੋਂ ਉਨ੍ਹਾਂ ਦੇ ਚੇਲੇ ਸਨ

ਇਲਿਆਸ ਹੁਸੈਨ ਨੁਸਰਤ ਦੀ ਜਵਾਨੀ ਤੋਂ ਉਨ੍ਹਾਂ ਦੇ ਚੇਲੇ ਸਨ ਅਤੇ ਉਨ੍ਹਾਂ ਦੀ ਕੱਵਾਲ ਪਾਰਟੀ ਵਿੱਚ ਬਤੌਰ ਪ੍ਰੋਮੋਟਰ ਸੇਵਾ ਦਿੰਦੇ ਆਏ ਸਨ।

ਉਨ੍ਹਾਂ ਨੇ ਬੀਬੀਸੀ ਨਾਲ ਸਤੰਬਰ 2020 ਵਿੱਚ ਗੱਲ ਕਰਦੇ ਹੋਏ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਅਤੇ ਪੱਛਮੀ ਪ੍ਰਸ਼ੰਸਕਾਂ ਦੇ ਬਾਰੇ ਦੱਸਿਆ ਸੀ।

ਇਲਿਆਸ ਹੁਸੈਨ ਦੇ ਮੁਤਾਬਕ, “ਯੂਰਪ ਦੇ ਦੌਰੇ ’ਤੇ ਜਦੋਂ ਉਨ੍ਹਾਂ ਨੇ ‘ਅੱਲਾ ਹੂ ਅੱਲਾ ਹੂ’ ਗਾਇਆ ਤਾਂ ਗੋਰਿਆਂ ਨੂੰ ਸਮਝ ਨਹੀਂ ਆਉਂਦਾ ਸੀ ਪਰ ਉਹ ਦੀਵਾਨੇ ਹੋ ਕੇ ਨੱਚਦੇ ਰਹਿੰਦੇ ਸਨ, ਉਨ੍ਹਾਂ ਨੂੰ ਫਰਾਂਸ ਵਿੱਚ ਲੋਕਾਂ ਨੇ ਮਿਸਟਰ ‘ਅੱਲਾ ਹੂ' ਦਾ ਖ਼ਿਤਾਬ ਦਿੱਤਾ|”

ਇਲਿਆਸ ਹੁਸੈਨ ਦੇ ਅਨੁਸਾਰ, ਉਹ ਯੂਰਪ ਵਿੱਚ ਜਿੱਥੇ ਵੀ ਜਾਂਦੇ ਲੋਕ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ‘ਮਿਸਟਰ ਅੱਲਾ ਹੂ' ਕਹਿ ਕੇ ਬੁਲਾਉਂਦੇ|

ਜਪਾਨ ਵਿੱਚ ਜਦੋਂ ਫ਼ੋਕੋਹਾਕੋ ਵਿੱਚ ਉਨ੍ਹਾਂ ਨੇ ਮਿਊਜ਼ਿਕ ਮੇਲੇ ਵਿੱਚ ਪੇਸ਼ਕਾਰੀ ਦਿੱਤੀ ਤਾਂ ਜਪਾਨੀ ਜਨਤਾ ਨੇ ਉਨ੍ਹਾਂ ਦੇ ਸੁਰ ਅਤੇ ਗਾਇਕੀ ਕਰਕੇ ਉਨ੍ਹਾਂ ਨੂੰ ‘ਸਿੰਗਿੰਗ ਬੁੱਧਾ’ ਕਿਹਾ |

ਇਲਿਆਸ ਹੁਸੈਨ ਦੱਸਦੇ ਹਨ ਕਿ ਜਦੋਂ ਵੀ ਜਪਾਨ ਕਿਸੇ ਸ਼ੋਅ ਲਈ ਜਾਂਦੇ ਤਾਂ ਉਨ੍ਹਾਂ ਦੇ ਹਾਲ ਵਿੱਚ ਆਉਂਦਿਆਂ ਹੀ ਸਾਰੇ ਲੋਕ ਆਪਣੀਆਂ ਸੀਟਾਂ ਤੋਂ ਉੱਠ ਖੜੇ ਹੁੰਦੇ ਅਤੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਨਮਾਨ ਵਿੱਚ ਘੱਟੋ-ਘੱਟ ਇੱਕ ਮਿੰਟ ਦਾ ਮੌਨ ਧਾਰਨ ਕਰਦੇ |

ਇਲਿਆਸ ਹੁਸੈਨ ਦੇ ਅਨੁਸਾਰ ਯੂਰਪ ਵਿੱਚ ਉਨ੍ਹਾਂ ਦੇ ਬਹੁਤ ਸ਼ਗਿਰਦ ਸਨ|

ਨੁਸਰਤ ਫ਼ਤਿਹ ਅਲੀ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੁਸਰਤ ਫ਼ਤਿਹ ਅਲੀ ਖ਼ਾਨ ਰੀਅਲ ਵਰਲਡ ਸਟੂਡੀਓਜ਼ ਵਿੱਚ ਕਈ ਵਾਰ ਰਿਕਾਰਡਿੰਗ ਕਰ ਚੁੱਕੇ ਸਨ

ਗਵਾਚੀ ਹੋਈ ਐਲਬਮ ਕਿੱਥੋਂ ਲੱਭੀ?

ਰੀਅਲ ਵਰਡਲ ਰਿਕਾਰਡ ਤੋਂ ਜਦੋਂ ਅਸੀਂ ਇਹੀ ਸਵਾਲ ਪੁੱਛਿਆ ਕਿ ਆਖ਼ਿਰ ਇਹ ਰਿਕਾਰਡਿੰਗਜ਼ ਇੰਨੇ ਸਮੇਂ ਬਾਅਦ ਕਿਵੇਂ ਮਿਲੀਆਂ ਤਾਂ ਉਨ੍ਹਾਂ ਨੇ ਈਮੇਲ ਵਿੱਚ ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ |

“90 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਰੀਅਲ ਵਰਲਡ ਸਟੂਡੀਓਜ਼ ਵਿੱਚ ਕਈ ਵਾਰ ਰਿਕਾਰਡਿੰਗ ਕਰ ਚੁੱਕੇ ਸਨ, ਜਿਨ੍ਹਾਂ ਵਿੱਚ ਰਿਵਾਇਤੀ ਕੱਵਾਲੀ, ਮਾਈਕਲ ਬਰੂਕ ਅਤੇ ਪੀਟਰ ਗੈਬਰੀਅਲ ਦੇ ਨਾਲ ਸੈਸ਼ਨ ਵੀ ਸ਼ਾਮਿਲ ਸੀ।”

“ਉਨ੍ਹਾਂ ਵਿੱਚੋਂ ਇੱਕ ਲਾਈਵ ਸੈਸ਼ਨ ਦੀ ਰਿਕਾਰਡਿੰਗ ਰਿਲੀਜ਼ ਨਹੀਂ ਕੀਤੀ ਗਈ ਸੀ ਅਤੇ ਉਸ ਨੂੰ ਰੀਅਲ ਵਰਡਲ ਟੇਪ ਆਰਕਾਈਵ ਵਿੱਚ ਸੁਰੱਖਿਅਤ ਰੱਖ ਦਿੱਤਾ ਗਿਆ ਸੀ ਜਿੱਥੇ ਇਹ ਕਈ ਸਾਲਾਂ ਤੱਕ ਇਓਂ ਹੀ ਪਈ ਰਹੀ।”

“ਕੁਝ ਸਾਲਾਂ ਤੋਂ ਅਸੀਂ ਆਪਣੀ ਟੇਪ ਕਲੈਕਸ਼ਨ ਨੂੰ ਦੂਜੀ ਥਾਂ ’ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਇਸ ਦੌਰਾਨ ਸਾਨੂੰ ਇੱਕ ਅਜਿਹਾ ਟੇਪ ਬੌਕਸ ਮਿਲਿਆ ਜਿਸ ਉੱਤੇ ਲਿਖਿਆ ਹੋਇਆ ਸੀ ਕਿ ਇਹ ਨੁਸਰਤ ਫ਼ਤਿਹ ਅਲੀ ਖ਼ਾਨ ਦੀਆਂ ਰਿਕਾਰਡਿੰਗਜ਼ ਹਨ ਪਰ ਉਨ੍ਹਾਂ ਵਿੱਚ ਮੌਜੂਦ ਗੀਤ ਪਹਿਲਾਂ ਰਿਲੀਜ਼ ਨਹੀਂ ਹੋਏ ਸਨ ਅਤੇ ਇਹ ਦੇਖ ਕੇ ਅਸੀਂ ਬਹੁਤ ਖੁਸ਼ ਹੋਏ|”

ਨੁਸਰਤ ਫ਼ਤਿਹ ਅਲੀ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੁਸਰਤ ਫ਼ਤਿਹ ਅਲੀ ਖ਼ਾਨ ਦੀਆਂ ਚਾਰ ਕੱਵਾਲੀਆਂ 34 ਸਾਲ ਪਹਿਲਾਂ ਰਿਕਾਰਡ ਹੋਈਆਂ ਸਨ

ਉਹ ਦੱਸਦੇ ਹਨ, ''ਪੁਰਾਣੀ ਐਨਾਲੌਗ ਟੇਪ ਦਾ ਇਸਤੇਮਾਲ ਬਹੁਤ ਸਾਵਧਾਨੀ ਨਾਲ ਕਰਨਾ ਸੀ, ਜਦੋਂ ਉਸ ਨੂੰ ਡਿਜੀਟਲ ਫਾਰਮੇਟ ਵਿੱਚ ਲਿਆਉਣ ਤੋਂ ਬਾਅਦ ਰੀਅਲ ਵਰਡਲ ਦੇ ਸਟੂਡਿਓਜ਼ ਵਿੱਚ ਉਨ੍ਹਾਂ ਦਾ ਇੱਕ ਮਿਕਸ ਬਣਾਇਆ ਗਿਆ ਤਾਂ ਇਸ ਦੀ ਪੁਸ਼ਟੀ ਹੋ ਸਕੀ ਕਿ ਇਹ ਇਸ ਤੋਂ ਪਹਿਲਾਂ ਕਦੇ ਨਹੀਂ ਸੁਣੀ ਗਈ ਅਤੇ ਨਾ ਹੀ ਇਨ੍ਹਾਂ ਕੱਵਾਲੀਆਂ ਨੂੰ ਪਹਿਲਾਂ ਰਿਲੀਜ਼ ਕੀਤਾ ਗਿਆ|”

“ਸਾਨੂੰ ਇਹ ਐਲਬਮ ਲੱਭ ਕੇ ਬਹੁਤ ਖੁਸ਼ੀ ਹੋਈ ਪਰ ਹੁਣ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਨਹੀਂ ਲੱਗਦੀ ਹੈ ਕਿ ਇਹ ਟੇਪ ਸਾਡੇ ਕੋਲ ਸੀ, 90 ਦੇ ਦਹਾਕੇ ਵਿੱਚ ਅਸੀਂ ਨੁਸਰਤ ਦੀ ਐਲਬਮ ਰਿਲੀਜ਼ ਕਰਨ ਦੇ ਸਿਲਸਿਲੇ ਵਿੱਚ ਬਹੁਤ ਚੌਕੰਨੇ ਰਹਿੰਦੇ ਸੀ, ਕਿਉਂਕਿ ਸਾਡੇ ਕੋਲ ਉਨ੍ਹਾਂ ਦੇ ਸੰਗੀਤ ਨੂੰ ਪ੍ਰਮੋਟ ਕਰਨ ਦੇ ਲਈ ਵੇਲਾ ਵੀ ਸੀ ਅਤੇ ਥਾਂ ਵੀ।”

ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਅਸੀਂ ਸਿਰਫ਼ ਸੀਡੀ ਅਤੇ ਐੱਲਪੀ ਦੇ ਜ਼ਰੀਏ ਹੀ ਉਨ੍ਹਾਂ ਦੀ ਰਿਕਾਰਡਿੰਗਜ਼ ਰਿਲੀਜ਼ ਕਰ ਸਕਦੇ ਸੀ ਕਿਉਂਕਿ ਉਸ ਸਮੇਂ ਵਿੱਚ ਕੋਈ ਡਿਜੀਟਲ ਪਲੇਟਫਾਰਮ ਮੌਜੂਦ ਨਹੀਂ ਸੀ।

"ਇਸ ਲਈ ਅਸੀਂ ਆਪਣੀ ਰਿਲੀਜ਼ ਦਾ ਕੰਮ ਬਹੁਤਾ ਰੁਝੇਵਿਆਂ ਭਰਿਆ ਨਹੀਂ ਰੱਖਣਾ ਚਾਹੁੰਦੇ ਸੀ। ਅਸੀਂ ਨਹੀਂ ਚਾਹੁੰਦੇ ਸੀ ਕਿ ਇੱਕ ਹੀ ਸਮੇਂ ਵਿੱਚ ਸਾਰੀਆਂ ਐਲਬਮਜ਼ ਰਿਲੀਜ਼ ਕਰ ਦੇਈਏ। ਇਸ ਲਈ ਕੁਝ ਗੀਤਾਂ ਨੂੰ ਬਾਅਦ ਵਿੱਚ ਰਿਲੀਜ਼ ਕਰਨ ਲਈ ਇੱਕ ਪਾਸੇ ਰੱਖ ਦੇਣਾ ਕੁਝ ਨਵਾਂ ਨਹੀਂ ਸੀ।"

"ਪਰ ਉਨ੍ਹਾਂ ਟੇਪਸ ਨੂੰ ਅਸੀਂ ਸਮਾਂ ਗੁਜ਼ਰਨ ਦੇ ਨਾਲ ਭੁੱਲ ਚੁਕੇ ਸੀ। ਹੁਣ ਕਈ ਸਾਲਾਂ ਬਾਅਦ ਅਸੀਂ ਉਨ੍ਹਾਂ ਨੂੰ ਦੁਬਾਰਾ ਲੱਭ ਪਾਏ ਹਾਂ।"

ਨੁਸਰਤ ਫ਼ਤਿਹ ਅਲੀ ਖਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲਬਮ ਵਿੱਚ ਚਾਰ ਕੱਵਾਲੀਆਂ ਕੁੱਲ 42 ਮਿੰਟ ਦੀਆਂ ਹਨ

ਰਿਕਾਰਡਿੰਗਜ਼ ਰਿਲੀਜ਼ ਕਰਨ ਵਿੱਚ ਇੰਨਾਂ ਸਮਾਂ ਕਿਉਂ ਲੱਗਿਆ ?

ਕੰਪਨੀ ਨੂੰ ਇਹ ਰਿਕਾਰਡਿੰਗਜ਼ ਸਾਲ 2021 ਵਿੱਚ ਮਿਲ ਗਈਆਂ ਸਨ ਉਨ੍ਹਾਂ ਨੂੰ ਰਿਲੀਜ਼ ਕਰਨ ਵਿੱਚ ਕੰਪਨੀ ਨੂੰ ਇੰਨਾ ਲੰਬਾ ਸਮਾਂ ਕਿਉਂ ਲੱਗਿਆਂ ਤਾਂ ਇਸ ਦੇ ਜਵਾਬ ਵਿੱਚ ਰੀਅਲ ਵਰਡਲ ਰਿਕਾਰਡਸ ਦਾ ਕਹਿਣਾ ਹੈ ਕਿ “ਸਾਨੂੰ ਇਸ ਟੇਪ ਨੂੰ ਸਹੀ ਹਾਲਤ ਵਿੱਚ ਲਿਆਉਣ ਵਿੱਚ ਸਮਾਂ ਲੱਗਿਆ, ਅਸੀਂ ਇਹ ਤਸੱਲੀ ਕਰਨਾ ਚਾਹੁੰਦੇ ਸੀ ਕਿ ਅਸੀਂ ਇਸ ਬੇਹੱਦ ਖ਼ਾਸ ਐਲਬਮ ਨੂੰ ਵਧੀਆ ਅੰਦਾਜ਼ ਵਿੱਚ ਰਿਲੀਜ਼ ਕਰੀਏ|”

ਕੰਪਨੀ ਦਾ ਕਹਿਣਾ ਹੈ ਕਿ ਇਸ ਐਲਬਮ ਵਿੱਚ ਚਾਰ ਕੱਵਾਲੀਆਂ ਕੁੱਲ 42 ਮਿੰਟ ਦੀਆਂ ਹਨ ਅਤੇ ਸਾਰੇ ਸੈਸ਼ਨ ਰਿਲੀਜ਼ ਕੀਤੇ ਜਾ ਰਹੇ ਹਨ।

ਰੀਅਲ ਵਰਡਲ ਰਿਕਾਰਡਸ ਦਾ ਕਹਿਣਾ ਹੈ, “ਅਸੀਂ ਇਸ ਬਾਰੇ ਨੁਸਰਤ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਹਮੇਸ਼ਾਂ ਹੀ ਉਨ੍ਹਾਂ ਨਾਲ ਰਾਬਤੇ ਵਿੱਚ ਰਹੇ ਹਾਂ।”

“ਰੀਅਲ ਵਰਡਲ ਰਿਕਾਰਡਸ ਦੇ ਕੋਲ ਭੂਤਕਾਲ ਵਿੱਚ ਵੀ ਨੁਸਰਤ ਦੀਆਂ ਕਈ ਐਲਬਮਜ਼ ਰਹੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਰਿਲੀਜ਼ ਕਰਨ ਬਾਰੇ ਵੀ ਕੰਮ ਕਰਦੇ ਰਹੇ ਹਾਂ, ਇਸ ਲਈ ਕੋਈ ਅਜਿਹਾ ਵੇਲਾ ਨਹੀਂ ਰਿਹਾ ਜਦੋਂ ਅਸੀਂ ਉਨ੍ਹਾਂ ਦੇ ਸੰਪਰਕ ਵਿੱਚ ਨਾ ਹੋਈਏ|”

“ਪਰ ਸਾਡੇ ਲਈ ਉਹ ਇੱਕ ਖ਼ਾਸ ਪਲ ਸੀ ਜਦੋਂ ਅਸੀਂ ਉਨ੍ਹਾਂ ਨੂੰ ਇਹ ਦੱਸਿਆ ਕਿ ਅਸੀਂ ਇੱਕ ਬਿਹਤਰੀਨ ਰਿਕਾਰਡਿੰਗ ਹਾਸਿਲ ਕੀਤੀ ਹੈ।”

ਉਨ੍ਹਾਂ ਦਾ ਕਹਿਣਾ ਸੀ, “ਸਾਨੂੰ ਉਮੀਦ ਹੈ ਕਿ ਕਿਸੇ ਵੀ ਦੂਜੀ ਚੀਜ਼ ਤੋਂ ਜ਼ਿਆਦਾ ਇਹ ਰਿਕਾਰਡਿੰਗ ਅਤੇ ਇਸ ਦੇ ਰਿਲੀਜ਼ ਹੋਣ ਦੀ ਉਤਸੁਕਤਾ ਗਾਇਕ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਵਿਰਾਸਤ ਨੂੰ ਜਿਉਂਦਾ ਰੱਖੇਗੀ।”

“ਉਨ੍ਹਾਂ ਦਾ ਸੰਗੀਤ ਹਰ ਦੌਰ ਵਿੱਚ ਜਿਉਂਦਾ ਰਹੇਗਾ ਅਤੇ ਉਨ੍ਹਾਂ ਦੀ ਖਿੱਚ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਰਹੇਗੀ, ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਅਹਿਮਤੀਅਤ ਅੱਜ ਵੀ ਬੁਹਤ ਜ਼ਿਆਦਾ ਹੈ|”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)