ਆਰਿਫ਼ ਲੋਹਾਰ ਨੇ ਦੱਸੀ 'ਆ ਤੈਨੂੰ ਮੌਜ ਕਰਾਵਾਂ' ਗੀਤ ਬਣਨ ਪਿੱਛੇ ਦੀ ਕਹਾਣੀ

- ਲੇਖਕ, ਨਾਜ਼ਿਸ਼ ਫੈਜ਼
- ਰੋਲ, ਬੀਬੀਸੀ ਉਰਦੂ ਡਾਟ ਕਾਮ, ਇਸਲਾਮਾਬਾਦ
ਮਸ਼ਹੂਰ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਨੇ ਚਿਮਟੇ ਦੀ ਧੁਨ 'ਤੇ ਕਈ ਮਸ਼ਹੂਰ ਗੀਤ ਗਾਏ ਹਨ। ਆਪਣੇ ਗੀਤਾਂ ਰਾਹੀਂ ਪੰਜਾਬ ਦੇ ਸੱਭਿਆਚਾਰ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਆਰਿਫ਼ ਲੋਹਾਰ ਨੇ ਹਾਲ ਹੀ ਵਿੱਚ ਇੱਕ ਗੀਤ 'ਆ ਤੈਨੂੰ ਮੌਜ ਕਰਾਵਾਂ' ਗਾਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਗੀਤ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਚਾਹੇ ਇੰਸਟਾਗ੍ਰਾਮ ਰੀਲ ਹੋਵੇ ਜਾਂ ਟਿਕਟੌਕ ਵੀਡੀਓ, ਇਹ ਗੀਤ ਹਰ ਪਾਸੇ ਸੁਣਿਆ ਜਾਂਦਾ ਹੈ।
ਇਸ ਗੀਤ ਦੀ ਖਾਸੀਅਤ ਇਸ ਦੇ ਬੋਲ ਅਤੇ ਦੋ ਪੰਜਾਬੀ ਗਾਇਕ ਹਨ। ਰੂਚ ਕਿਲਾ ਅਤੇ ਦੀਪ ਜੁੰਡੂ ਕੈਨੇਡੀਅਨ ਪੰਜਾਬੀ ਰੈਪਰ ਹਨ।
ਰੂਚ ਕਿਲਾ ਦਾ ਜਨਮ ਲਿਬੀਆ ਵਿੱਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਪਾਕਿਸਤਾਨੀ ਹਨ ਜਦਕਿ ਦੀਪ ਜੁੰਡੂ ਇੱਕ ਪੰਜਾਬੀ ਨਿਰਮਾਤਾ ਅਤੇ ਰੈਪਰ ਹੈ ਜੋ ਕੈਨੇਡਾ ਦੇ ਰਹਿਣ ਵਾਲੇ ਹਨ।
ਇਸ ਕੋਲੈਬੋਰੇਸ਼ਨ ਅਤੇ ਗੀਤ ਦੀ ਦਿਲਚਸਪ ਕਹਾਣੀ ਦੱਸਦੇ ਹੋਏ ਆਰਿਫ਼ ਲੋਹਾਰ ਨੇ ਕਿਹਾ, 'ਇੱਕ ਦਿਨ ਮੈਂ ਲੰਡਨ ਵਿੱਚ ਸੀ। ਮੈਂ ਅਤੇ ਮੇਰੀ ਟੀਮ ਗੀਤ ਬਣਾ ਰਹੀ ਸੀ ਇਸ ਲਈ ਮੈਂ ਬੱਚਿਆਂ ਨੂੰ ਸਟੋਰ ਤੋਂ ਚਿਪਸ ਲੈ ਕੇ ਆਉਣ ਲਈ ਕਿਹਾ। ਜਦੋਂ ਉਹ ਲੈ ਆਏ ਤਾਂ ਮੈਂ ਉਨ੍ਹਾਂ ਨੂੰ ਕਿਹਾ, 'ਆ ਤੈਨੂੰ ਚਿਪਸ ਖਿਲਾਵਾਂ'।
''ਹੁਣ ਮੈਨੂੰ ਨਹੀਂ ਪਤਾ ਸੀ ਕਿ ਇਹ ਗੀਤ ਬਣ ਜਾਵੇਗਾ। ਫਿਰ ਮੇਰੀ ਟੀਮ ਨੇ ਮੈਨੂੰ ਦੋ ਸਾਲਾਂ ਬਾਅਦ ਯਾਦ ਦਿਵਾਇਆ ਕਿ ਤੁਸੀਂ ਬੱਚਿਆਂ ਦੇ ਨਾਲ ਜੋ ਧੁਨ ਬਣਾਈ ਹੈ, ਉਸਦਾ ਕੁਝ ਕਰਨਾ ਹੈ, ਉਸਦਾ ਗਾਣਾ ਬਣਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਇਹ ਗਾਣਾ ਬਣਿਆ।''
ਆਰਿਫ਼ ਲੋਹਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੀਤ ਦੀ ਪ੍ਰਸਿੱਧੀ ਦਾ ਕੋਈ ਅੰਦਾਜ਼ਾ ਨਹੀਂ ਸੀ।
ਆਰਿਫ਼ ਲੋਹਾਰ ਦਾ ਕਹਿਣਾ ਹੈ ਕਿ ਜਦੋਂ ਕੋਈ ਚੀਜ਼ ਅਚਾਨਕ ਵਾਪਰਦੀ ਹੈ ਤਾਂ ਅਚਾਨਕ ਹੀ ਵਾਪਰ ਜਾਂਦੀ ਹੈ।
ਉਨ੍ਹਾਂ ਨੇ ਆਪਣੇ ਪਿਤਾ ਦੀ ਮਸ਼ਹੂਰ 'ਜੁਗਨੀ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਨਵਾਂ ਸੰਸਕਰਣ ਵੀ ਅਚਾਨਕ ਹੀ ਬਣ ਗਿਆ ਸੀ।
''ਮੈਨੂੰ ਦੱਸਿਆ ਗਿਆ ਸੀ ਕਿ ਗਾਣੇ ਵਿੱਚ ਭਰਨ ਲਈ ਕੁਝ (ਫਿਲਰ) ਚਾਹੀਦਾ ਹੈ।''
ਆਰਿਫ਼ ਕਹਿੰਦੇ ਹਨ, ''ਜੋ ਮੈਂ ਤੁਹਾਨੂੰ ਜੁਗਨੀ ਬਾਰੇ ਦੱਸਿਆ ਸੀ ਉਹ ਇਹ ਸੀ ਕਿ ਉਸਨੇ ਜੋ ਪਹਿਲਾਂ ਕੀਤਾ ਸੀ ਉਸਨੂੰ ਦੁਬਾਰਾ ਬਣਾਇਆ, ਉਸ ਨੂੰ ਉਸੇ ਤਰ੍ਹਾਂ ਦੁਬਾਰਾ ਬੈਠ ਕੇ ਬਣਾ ਲਿਆ।''
‘ਲੋਕ ਕਥਾਵਾਂ, ਲੋਕ ਗੀਤ, ਮੈਂ ਗਾਇਕ ਹਾਂ'

ਆਰਿਫ਼ ਲੋਹਾਰ ਦੇ ਅਤੀਤ 'ਤੇ ਝਾਤ ਮਾਰੀਏ ਤਾਂ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਕਲਾ ਨੂੰ ਸਿਖਰਾਂ 'ਤੇ ਪਹੁੰਚਾਇਆ। ਉਨ੍ਹਾਂ ਨੇ ਸੰਗੀਤ ਦੀ ਦੁਨੀਆ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਨਾਲ ਵੀ ਕਦਮ ਚਾਲ ਮੇਲੀ ਹੈ ਅਤੇ ਰਵਾਇਤਾਂ ਨੂੰ ਵੀ ਹੱਥੋਂ ਨਹੀਂ ਕਿਰਨ ਦਿੱਤਾ।
ਆਰਿਫ਼ ਲੋਹਾਰ, ਹੱਥ ਵਿੱਚ ਚਿਮਟਾ ਅਤੇ ਰਵਾਇਤੀ ਪੰਜਾਬੀ ਕੁੜਤਾ ਚਾਦਰਾ ਪਾ, ਆਧੁਨਿਕ ਸੰਗੀਤ ਅਤੇ ਰਵਾਇਤੀ ਸ਼ੈਲੀ ਦਾ ਸੁਮੇਲ ਹਨ। ਪਹਿਲਾਂ ਉਨ੍ਹਾਂ ਦੀ ਜੁਗਨੀ ਦਾ ਬਿਗਲ ਹਰ ਪਾਸੇ ਸੁਣਾਈ ਦਿੰਦਾ ਸੀ ਪਰ ਅੱਜ ਕੱਲ੍ਹ ਚਰਚਾ 'ਆ ਤੈਨੂੰ ਮੌਜ ਕਰਾਵਾਂ' ਦੀ ਹੈ।
ਆਰਿਫ਼ ਲੁਹਾਰ ਦੀ ਇਹ ਨਵੀਂ ਦਿਖ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਪਰ ਉਹ ਇਹ ਵੀ ਸਮਝਦੇ ਹਨ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੀਆਂ ਤਰਜੀਹਾਂ ਨੂੰ ਦੇਖਦੇ ਹੋਏ ਲੋਕ ਸੰਗੀਤ ਵੱਲ ਘੱਟ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਬਾਰੇ ਆਰਿਫ਼ ਲੁਹਾਰ ਨੇ ਕਿਹਾ, ''ਮੈਂ ਸ਼ੁੱਧ ਲੋਕ ਸੰਗੀਤ, ਲੋਕ ਕਹਾਣੀਆਂ, ਲੋਕ ਗੀਤ, ਗਾਉਣ ਵਾਲਾ ਹਾਂ, ਅਜਿਹਾ ਕੁਝ ਹੋਣਾ ਚਾਹੀਦਾ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਆਵੇ।''
'ਬੱਚਿਆਂ 'ਚ ਗਾਉਣ ਦਾ ਹੁਨਰ ਸੁਭਾਵਿਕ ਸੀ'
ਆਰਿਫ਼ ਲੋਹਾਰ ਦੇ ਤਿੰਨ ਪੁੱਤਰ ਅਲੀ, ਆਮਿਰ ਅਤੇ ਆਲਮ ਹਨ। ਇਨ੍ਹਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਆਲਮ ਨੂੰ ਵੀ ‘ਆਰਿਫ਼ ਲੋਹਾਰ ਜੂਨੀਅਰ’ ਕਿਹਾ ਜਾ ਰਿਹਾ ਹੈ।
ਆਰਿਫ਼ ਲੋਹਾਰ ਦਾ ਕਹਿਣਾ ਹੈ ਕਿ 'ਮੈਂ ਇਨ੍ਹਾਂ ਬੱਚਿਆਂ ਦਾ ਪਿਤਾ ਅਤੇ ਮਾਂ ਦੋਵੇਂ ਹਾਂ।' ਆਰਿਫ਼ ਲੋਹਾਰ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਉਹ ਜਿੱਥੇ ਵੀ ਜਾਂਦੇ ਹਨ ਆਮ ਤੌਰ 'ਤੇ ਆਪਣੇ ਪੁੱਤਰਾਂ ਨੂੰ ਨਾਲ ਲੈ ਜਾਂਦੇ ਹਨ।
ਸ਼ੋਅ ਕਰਦੇ ਸਮੇਂ ਵੀ ਉਹ ਆਪਣੇ ਬੱਚਿਆਂ ਨੂੰ ਕੋਲ ਰੱਖਣਾ ਪਸੰਦ ਕਰਦੇ ਹਨ। ਇਸ ਵਜ੍ਹਾ ਨਾਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਉਨ੍ਹਾਂ ਦੇ ਤਿੰਨ ਬੇਟੇ ਉਨ੍ਹਾਂ ਨਾਲ ਕੌਂਸਰਟ ਅਤੇ ਕਈ ਇਵੈਂਟਸ ਵਿੱਚ ਨਜ਼ਰ ਆ ਰਹੇ ਹਨ।
ਜਦੋਂ ਬੀਬੀਸੀ ਦੀ ਟੀਮ ਆਰਿਫ਼ ਲੋਹਾਰ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੇ ਤਿੰਨੇ ਪੁੱਤਰ ਵੀ ਮੌਜੂਦ ਸਨ।
ਛੋਟੇ ਬੇਟੇ ਆਲਮ ਲੋਹਾਰ ਨੇ ਕਿਹਾ ਕਿ ਬਾਬਾ ਨੇ ਮੈਨੂੰ ਕਦੇ ਗਾਉਣ ਲਈ ਨਹੀਂ ਕਿਹਾ। ਇਹ ਜਨੂੰਨ ਮੇਰੇ ਅੰਦਰ ਹੀ ਸੀ। ਸਾਨੂੰ ਬਾਬਾ ਦੀ ਗਾਇਕੀ ਦਾ ਅੰਦਾਜ਼ ਪਸੰਦ ਹੈ।
ਉਨ੍ਹਾਂ ਦੇ ਬੇਟੇ ਆਮਿਰ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਸੰਗੀਤ ਵੱਲ ਵੀ ਬਰਾਬਰ ਧਿਆਨ ਦਿੰਦਾ ਹੈ।
ਆਰਿਫ਼ ਲੋਹਾਰ ਆਪਣੇ ਬੱਚਿਆਂ ਬਾਰੇ ਬਹੁਤ ਭਾਵੁਕ ਸਨ ਅਤੇ ਉਨ੍ਹਾਂ ਕਿਹਾ, ''ਇਹ ਤਿੰਨ ਬੱਚੇ ਹਨ ਅਤੇ ਇਹ ਮੇਰੇ ਦਿਲ ਦੇ ਸਭ ਤੋਂ ਕਰੀਬੀ ਹਨ। ਮੈਂ ਇਨ੍ਹਾਂ ਨੂੰ ਐਦਾਂ ਕਰਨ ਜਾਂ ਓਦਾਂ ਕਰਨ ਲਈ ਕਦੇ ਨਹੀਂ ਕਿਹਾ। ਗਾਉਣ ਦਾ ਹੁਨਰ ਉਨ੍ਹਾਂ ਵਿੱਚ ਕੁਦਰਤੀ ਹੀ ਸੀ।"
'ਮੈਂ ਆਪਣੇ ਪਿਤਾ ਦਾ ਆਸ਼ਕ ਹਾਂ'

ਤਸਵੀਰ ਸਰੋਤ, MANDEEP SINGH SIDHU
ਆਰਿਫ਼ ਲੁਹਾਰ ਦੇ ਬੱਚੇ ਵੀ ਆਪਣੇ ਪਿਤਾ ਵਾਂਗ ਚਿਮਟਾ ਵਜਾਉਣਾ ਹੀ ਨਹੀਂ ਜਾਣਦੇ, ਸਗੋਂ ਸੰਗੀਤਕ ਸਾਜ਼ ਬਣਾਉਣ ਵਿੱਚ ਵੀ ਨਿਪੁੰਨ ਹਨ।
ਆਰਿਫ਼ ਲੋਹਾਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਗਾਇਕੀ ਦਾ ਸ਼ੌਕ ਹੈ, ਪਰ ਉਨ੍ਹਾਂ ਨੇ ਕਦੇ ਵੀ ਆਪਣੀ ਇੱਛਾ ਉਨ੍ਹਾਂ 'ਤੇ ਮੜ੍ਹੀ ਨਹੀਂ।
“ਮੈਨੂੰ ਉਮੀਦ ਹੈ ਕਿ ਉਹ ਆਪਣੇ ਪਿਉ-ਦਾਦੇ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ।”
ਆਰਿਫ਼ ਲੋਹਾਰ ਦੇ ਪਿਤਾ ਆਲਮ ਲੋਹਾਰ ਦੀ ਪ੍ਰਸਿੱਧੀ ਵੀ ਹੱਦਾਂ ਤੋਂ ਪਾਰ ਸੀ। ਆਲਮ ਲੋਹਾਰ ਦੀ ਗਾਇਕੀ ਦਾ ਅੰਦਾਜ਼ ਵਿਲੱਖਣ ਸੀ, ਇਸੇ ਕਰਕੇ ਉਰਦੂ ਜਾਂ ਪੰਜਾਬੀ ਨਾ ਸਮਝਣ ਵਾਲੇ ਲੋਕ ਵੀ ਉਨ੍ਹਾਂ ਦੀਆਂ ਧੁਨਾਂ ਤੋਂ ਕੀਲੇ ਜਾਂਦੇ ਸਨ।
ਉਨ੍ਹਾਂ ਨੂੰ ‘ਜੁਗਨੀ ਦਾ ਕਰਤਾ’ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਦੀ ਆਵਾਜ਼ ਵਿੱਚ ਗਾਏ ਪੰਜਾਬੀ ਗੀਤ ਅੱਜ ਵੀ ਪ੍ਰਸਿੱਧ ਹਨ।
ਆਪਣੇ ਪਿਤਾ ਦਾ ਜ਼ਿਕਰ ਕਰਦਿਆਂ ਆਰਿਫ਼ ਲੋਹਾਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਪਿਤਾ ਤੋਂ ਗਾਉਣਾ ਨਹੀਂ ਸਿੱਖਿਆ।
''ਮੈਂ ਆਪਣੇ ਪਿਤਾ ਦਾ ਆਸ਼ਿਕ ਹਾਂ, ਜਿਵੇਂ ਮੇਰੇ ਬੱਚਿਆਂ ਨੇ ਮੈਥੋਂ ਨਹੀਂ ਸਿੱਖਿਆ, ਮੈਂ ਵੀ ਨਹੀਂ ਸਿੱਖਿਆ, ਮੈਂ ਤਾਂ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਸੀ।''
ਆਪਣੇ ਪਿਤਾ ਦੀਆਂ ਕੁਝ ਯਾਦਾਂ ਸਾਂਝੀਆਂ ਕਰਦੇ ਹੋਏ ਆਰਿਫ ਲੋਹਾਰ ਨੇ ਕਿਹਾ, “ਮੈਂ ਆਪਣੇ ਪਿਤਾ ਕਰਕੇ ਜਾਣਿਆ ਜਾਂਦਾ ਹਾਂ, ਇਹ ਮੇਰਾ ਮਾਣ ਹੈ। ਉਨ੍ਹਾਂ ਦਾ ਨਾਮ ਮੇਰੀ ਸੱਚੀ ਵਿਰਾਸਤ ਹੈ। ਉੱਪਰ ਵਾਲੇ ਨੇ ਹਰ ਵਿਅਕਤੀ ਨੂੰ ਕੁਝ ਵਿਸ਼ੇਸ਼ ਕਾਬਲੀਅਤਾਂ ਦੇ ਨਾਲ ਸੰਸਾਰ ਵਿੱਚ ਭੇਜਿਆ ਹੈ, ਉਹ ਉਨ੍ਹਾਂ ਦੇ ਅਧਾਰ ’ਤੇ ਅੱਗੇ ਵਧਦਾ ਹੈ।”













