ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ‘ਆਪ’ ਲਈ ਪੈਦਾ ਹੋਏ ਸੰਕਟ 'ਚੋਂ ਉਭਰਨਾ ਮੁਸ਼ਕਲ ਕਿਉਂ ਹੈ? ਕੀ ਹਨ ਚੁਣੌਤੀਆਂ ?

ਤਸਵੀਰ ਸਰੋਤ, Getty Images
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਆਮ ਆਦਮੀ ਪਾਰਟੀ ਹੁਣ ਜਦੋਂ ਵੀ ਪ੍ਰੈੱਸ ਕਾਨਫਰੰਸ ਕਰਦੀ ਹੈ ਤਾਂ ਉਸ ਦੇ ਬੁਲਾਰੇ ਪਿੱਛੇ ਲੱਗਾ ਬੋਰਡ ਪਹਿਲਾਂ ਨਾਲੋਂ ਬਦਲਿਆ ਹੋਇਆ ਹੁੰਦਾ ਹੈ।
ਨਵੇਂ ਬੋਰਡ ਵਿੱਚ ਪਾਰਟੀ ਦਾ ਨਾਮ ਤੇ ਉਸ ਦਾ ਚੋਣਾ ਨਿਸ਼ਾਨ ਤਾਂ ਨਜ਼ਰ ਆ ਹੀ ਰਿਹਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਪਿੱਛੇ ਹੋਣ ਦੀ ਤਸਵੀਰ ਵੀ ਨਜ਼ਰ ਆਉਂਦੀ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਇਸ ਵੇਲੇ ਜੇਲ੍ਹ ਵਿੱਚ ਹਨ। ਉਨ੍ਹਾਂ ਉੱਤੇ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਵਿੱਚ ਕਥਿਤ ਘੁਟਾਲੇ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਹਨ ਜਿਸ ਕਰਕੇ ਈਡੀ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਹੈ।
ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੇ ਅਜਿਹੇ ਪੋਸਟਰ ਕਈ ਥਾਵਾਂ ਉੱਤੇ ਲਗਾਏ ਵੀ ਹੋਏ ਹਨ। ਉਨ੍ਹਾਂ ਨੇ ਅਜਿਹੇ ਪੋਸਟਰਾਂ ਦੇ ਨਾਲ ਹਾਲ ਵਿੱਚ ਦਿੱਲੀ ਦੇ ਰਾਜਘਾਟ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਵੀ ਕੀਤੀ ਸੀ।
ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਦੀ ਟਾਪ ਲੀਡਰਸ਼ਿਪ ਜੇਲ੍ਹ ਵਿੱਚ ਹੈ। ਪਾਰਟੀ ਦੇ ਕੁਝ ਮੁੱਖ ਚਿਹਰੇ ਦੂਜੀਆਂ ਪਾਰਟੀਆਂ ਵਿੱਚ ਵੀ ਚਲੇ ਗਏ ਹਨ।
ਦਿੱਲੀ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਚਲਾ ਰਹੀ ਪਾਰਟੀ ਸਾਹਮਣੇ ਲੋਕ ਸਭਾ ਚੋਣਾਂ ਵਿੱਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਵੱਡੀ ਜਿੱਤ ਨੂੰ ਲੋਕ ਸਭਾ ਵਿੱਚ ਦੁਹਰਾਉਣ ਦੀ ਵੱਡੀ ਚੁਣੌਤੀ ਹੈ।
ਸਵਾਲ ਹੈ ਕਿ ਮੌਜੂਦਾ ਮੁਸ਼ਕਲ ਹਾਲਾਤ ਵਿੱਚ ਪਾਰਟੀ ਦੇ ਪਹੁੰਚਣ ਪਿੱਛੇ ਕੀ ਕਾਰਨ ਹਨ ਤੇ ਕੀ ਭਵਿੱਖ ਵਿੱਚ ਪਾਰਟੀ ਦੇ ਰਾਹ ਦੀਆਂ ਔਕੜਾਂ ਘੱਟ ਹੋ ਸਕਣਗੀਆਂ?
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਿਉਂ ਹੋਈ

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਵੀ ਇਸੇ ਕਥਿਤ ਸ਼ਰਾਬ ਘੁਟਾਲੇ ਦੇ ਇਲਜ਼ਾਮ ਹੇਠ ਜੇਲ੍ਹ ਵਿੱਚ ਹਨ।
ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰਦੇ ਹਨ। ਉਨ੍ਹਾਂ ਮੁਤਾਬਕ ਸ਼ਰਾਬ ਨੀਤੀ ਦਾ ਘੁਟਾਲਾ ਹੋਇਆ ਹੀ ਨਹੀਂ ਹੈ।
ਅਰਵਿੰਦ ਕੇਜਰੀਵਾਲ ਆਪਣੀ ਗ੍ਰਿਫਤਾਰੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਵੀ ਦੇ ਚੁੱਕੇ ਹਨ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ ਹੈ।
‘ਪਾਰਟੀ ਦਾ ਸੰਗਠਨ ਵਜੋਂ ਵਿਕਾਸ ਨਹੀਂ ਹੋਇਆ’

ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਸਾਲ 2012 ਵਿੱਚ ਬਣੀ। ਉਸ ਵੇਲੇ ਪਾਰਟੀ ਦੇ ਨਾਲ ਕਈ ਵੱਡੇ ਚਿਹਰੇ ਸਨ ਜਿਵੇਂ ਪ੍ਰਸ਼ਾਂਤ ਭੂਸ਼ਣ, ਅਨੰਤ ਕੁਮਾਰ, ਯੋਗੇਂਦਰ ਯਾਦਵ, ਧਰਮਵੀਰ ਗਾਂਧੀ, ਆਸ਼ੂਤੋਸ਼ ਕੁਮਾਰ ਅਤੇ ਕੁਮਾਰ ਵਿਸ਼ਵਾਸ।
ਸਾਲ 2024 ਵਿੱਚ ਇਨ੍ਹਾਂ ਚਿਹਰਿਆਂ ਵਿੱਚੋਂ ਕੋਈ ਵੀ ਚਿਹਰਾ ਪਾਰਟੀ ਵਿੱਚ ਨਹੀਂ ਹੈ। ਪਾਰਟੀ ਵਿੱਚ ਅਰਵਿੰਦ ਕੇਜਰੀਵਾਲ ਦੀ ਗ਼ੈਰ-ਮੌਜੂਦਗੀ ਦੌਰਾਨ ਉਨ੍ਹਾਂ ਦੇ ਕੱਦ ਦਾ ਕੋਈ ਨੇਤਾ ਨਜ਼ਰ ਨਹੀਂ ਆ ਰਿਹਾ ਹੈ।
ਪੰਜਾਬ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਅਜਿਹਾ ਕੋਈ ਆਗੂ ਨਹੀਂ ਹੈ ਜੋ ਪਾਰਟੀ ਦੀ ਟਾਪ ਲੀਡਰਸ਼ਿਪ ਵਿੱਚ ਸ਼ਾਮਿਲ ਹੋ ਸਕੇ। ਪਾਰਟੀ ਵਿੱਚ ਲੀਡਰਸ਼ਿਪ ਤਿਆਰ ਕਿਉਂ ਨਹੀਂ ਹੋ ਸਕੀ ਜੋ ਪਾਰਟੀ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਵਿੱਚ ਮਦਦ ਕਰ ਸਕੇ?
ਇਸ ਬਾਰੇ ਸਿਆਸੀ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਆਸ਼ੁਤੋਸ਼ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਦਾ ਸੰਗਠਨ ਵਜੋਂ ਵਿਕਾਸ ਨਹੀਂ ਹੋ ਸਕਿਆ ਹੈ।

ਤਸਵੀਰ ਸਰੋਤ, Getty Images
ਆਸੁਤੋਸ਼ ਕਹਿੰਦੇ ਹਨ, “ਜਿੱਥੇ ਕਾਂਗਰਸ ਤੇ ਭਾਜਪਾ ਵਰਗੀਆਂ ਪਾਰਟੀਆਂ ਕੋਲ ਇੱਕ ਮਜ਼ਬੂਤ ਸੰਗਠਨ ਹੈ, ਉੱਥੇ ਆਮ ਆਦਮੀ ਪਾਰਟੀ ਵਿੱਚ ਮਜ਼ਬੂਤ ਸੰਗਠਨ ਬਣਾਉਣ ਵੱਲ ਕੰਮ ਹੀ ਨਹੀਂ ਹੋਇਆ।”
ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਡਾ. ਜਗਰੂਪ ਸਿੰਘ ਸੇਖੋਂ ਵੀ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਕੋਲ ਜ਼ਰੂਰੀ ਢਾਂਚਾ ਹੀ ਨਹੀਂ ਹੈ।
ਉਹ ਕਹਿੰਦੇ ਹਨ, “ਪਾਰਲੀਮਾਨੀ ਨਿਜ਼ਾਮ ਵਿੱਚ ਲੜਨ ਲਈ ਪਾਰਟੀ ਦਾ ਤਗੜਾ ਹੋਣਾ ਬਹੁਤ ਜ਼ਰੂਰੀ ਹੈ। ਪਾਰਟੀ ਨੇ ਜੋ ਮਜ਼ਬੂਤ ਹਮਾਇਤ ਦਾ ਵੱਡਾ ਬੇਸ ਬਣਾਇਆ ਸੀ, ਉਸ ਨੂੰ ਪਾਰਟੀ ਸਾਂਭ ਨਹੀਂ ਸਕੀ।”
“ਇਸ ਬਾਰੇ ਪਾਰਟੀ ਨੂੰ ਚੇਤਾਵਨੀ ਮਿਲੀ ਸੀ ਜਦੋਂ ਉਹ ਸੰਗਰੂਰ ਦੀ ਜ਼ਿਮਨੀ ਚੋਣ ਹਾਰੇ ਸੀ। ਜਲੰਧਰ ਦੀ ਜ਼ਿਮਨੀ ਚੋਣ ਵਿੱਚ ਕਿਸੇ ਤਰੀਕੇ ਨਾਲ ਉਹ ਸੀਟ ਬਚਾ ਸਕੇ ਸਨ ਪਰ ਉਸ ਸੀਟ ਤੋਂ ਜਿੱਤੇ ਸੁਸ਼ੀਲ ਕੁਮਾਰ ਰਿੰਕੂ ਵੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।”
‘ਸੀਨੀਅਰ ਸਿਆਸੀ ਆਗੂ ਪਾਰਟੀ ’ਚ ਨਹੀਂ ਰਹੇ’

ਇਹ ਕਿਹਾ ਜਾ ਰਿਹਾ ਕਿ ਹੁਣ ਪਾਰਟੀ ਲੋਕ ਸਿਆਸੀ ਤਜ਼ਰਬੇ ਵਾਲੇ ਆਗੂਆਂ ਦੀ ਘਾਟ ਹੈ ਕਿਉਂਕਿ ਸ਼ੁਰੁਆਤੀ ਦੌਰ ਵਾਲੇ ਆਗੂ ਹੁਣ 'ਆਪ' ਨਾਲ ਨਹੀਂ ਹਨ।
ਡਾ. ਜਗਰੂਪ ਕਹਿੰਦੇ ਹਨ, “ਪਾਰਟੀ ਵਿੱਚ ਲੀਡਰਸ਼ਿਪ ਦਾ ਕੇਂਦਰੀਕਰਨ ਜ਼ਰੂਰਤ ਤੋਂ ਜ਼ਿਆਦਾ ਹੈ। ਪੰਜਾਬ ਵਿੱਚ ਵੀ ਸਾਰੀ ਤਾਕਤ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ। ਇਸ ਨਾਲ ਜੋ ਵਰਕਰ ਜੁੜੇ ਸੀ, ਉਹ ਖੁਦ ਨੂੰ ਪਾਰਟੀ ਤੋਂ ਟੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ।”
ਪ੍ਰੋਫੈਸਰ ਆਸ਼ੂਤੋਸ਼ ਮੰਨਦੇ ਹਨ, “ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ 2012 ਤੋਂ 2014-15 ਤੱਕ ਸੀ, ਉਹ ਹੁਣ ਉਨ੍ਹਾਂ ਤੋਂ ਦੂਰ ਹੋ ਚੁੱਕੀ ਹੈ ਤੇ ਕੇਵਲ ਅਰਵਿੰਦ ਕੇਜਰੀਵਾਲ ਦੇ ਖਾਸ ਵਿਸ਼ਵਾਸ ਪਾਤਰ ਆਗੂ ਹੀ ਹੁਣ ਪਾਰਟੀ ਵਿੱਚ ਰਹਿ ਗਏ ਹਨ। ਭਾਵੇਂ ਮਨੀਸ਼ ਸਿਸੋਦੀਆ ਹੋਣ, ਸੰਜੇ ਸਿੰਘ ਹੋਣ ਜਾਂ ਸੰਦੀਪ ਪਾਠਕ ਹੋਣ।”

ਤਸਵੀਰ ਸਰੋਤ, AAP SOCIAL MEDIA
ਡਾ. ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿੱਚ ਅਸਲ ਮਾਅਨੇ ਵਿੱਚ ਕੋਈ ਸਿਆਸੀ ਵਿਅਕਤੀ ਨਹੀਂ ਹੈ। ਜੋ ਲੋਕ ਸਨ ਉਹ ਪਾਰਟੀ ਵਿੱਚੋਂ ਸ਼ੁਰੂਆਤ ਦੌਰਾਨ ਹੀ ਹਟਾ ਦਿੱਤੇ ਗਏ ਸਨ।
ਉਹ ਕਹਿੰਦੇ ਹਨ, “ਪਾਰਟੀ ਸਵਰਾਜ ਦੀ ਗੱਲ ਲੈ ਕੇ ਚੱਲੀ ਸੀ, ਹੁਣ ਉਹ ਸਵਰਾਜ ਕਿੱਥੇ ਹੈ? ਕੇਵਲ ਪੀਲੀਆਂ ਪੱਗਾਂ ਬੰਨਣ ਨਾਲ ਸਵਰਾਜ ਨਹੀਂ ਹੈ।”
“ਇੱਕ ਪਾਸੇ ਭਗਤ ਸਿੰਘ ਤੇ ਦੂਜੇ ਪਾਸੇ ਡਾ. ਅੰਬੇਡਕਰ ਦੀ ਫੋਟੋ ਲਾਈ ਹੈ ਪਰ ਜਦੋਂ ਅਮਲ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਨਜ਼ਰ ਨਹੀਂ ਆਉਂਦਾ।”
“ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ 10 ਮੈਂਬਰ ਹਨ। ਉਨ੍ਹਾਂ ਵਿੱਚੋਂ ਕੋਈ ਵੀ ਦਲਿਤ ਜਾਂ ਓਬੀਸੀ ਭਾਈਚਾਰੇ ਵਿੱਚੋਂ ਨਹੀਂ ਹੈ। ਪੰਜਾਬ ਵਿੱਚੋਂ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਕੋਈ ਜੱਟ ਭਾਈਚਾਰੇ ਵਿੱਚੋਂ ਵੀ ਨਹੀਂ ਹੈ।”
ਪਾਰਟੀ ਦੇ ਮੌਜੂਦਾ ਸੰਕਟ ਵਿਚਾਲੇ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੀ ਜਾਂ ਤਾਂ ਗੈਰ-ਮੌਜੂਦਗੀ ਜਾਂ ਚੁੱਪੀ ਵੀ ਸਵਾਲ ਖੜ੍ਹੇ ਕਰ ਰਹੀ ਹੈ।
ਡਾ.ਆਸ਼ੂਤੋਸ਼ ਮੁਤਾਬਕ ਕਾਂਗਰਸ ਜਾਂ ਭਾਜਪਾ ਵਰਗੀਆਂ ਪਾਰਟੀਆਂ ਵਿੱਚ ਅਜਿਹਾ ਸੰਭਵ ਨਹੀਂ ਹੈ ਕਿ ਪਾਰਟੀ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੀ ਹੋਵੇ ਤੇ ਪਾਰਟੀ ਦੇ ਨੁਮਾਇੰਦੇ ਇਸ ਤਰ੍ਹਾਂ ਚੁੱਪ ਧਾਰ ਲੈਣ।
ਪਾਰਟੀ ਦੀ ਵਿਚਾਰਧਾਰਾ ’ਤੇ ਸਵਾਲ
ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਹੀ ਹੋਂਦ ਵਿੱਚ ਆਈ ਸੀ। ਪਾਰਟੀ ਬਣਾਉਣ ਤੋਂ ਹੀ ਅਰਵਿੰਦ ਕੇਜਰੀਵਾਲ ਵਿਰੋਧੀ ਪਾਰਟੀਆਂ ਉੱਤੇ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਰਹੇ ਹਨ।
ਭਾਵੇਂ ਇਨ੍ਹਾਂ ਵਿੱਚੋਂ ਕਈ ਇਲਜ਼ਾਮ ਲਗਾਉਣ ਲਈ ਉਨ੍ਹਾਂ ਉੱਤੇ ਮਾਣਹਾਣੀ ਦੇ ਕੇਸ ਵੀ ਦਰਜ ਹੋਏ ਤੇ ਕੁਝ ਕੇਸਾਂ ਵਿੱਚ ਤਾਂ ਉਨ੍ਹਾਂ ਨੇ ਆਪਣੇ ਬਿਆਨਾਂ ਲਈ ਮਾਫੀ ਵੀ ਮੰਗੀ।
ਭ੍ਰਿਸ਼ਟਾਚਾਰ ਦੇ ਜਿਸ ਮੁੱਦੇ ਉੱਤੇ ਪਾਰਟੀ ਦਾ ਗਠਨ ਹੋਇਆ, ਉਸੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਪਾਰਟੀ ਦੀ ਟਾਪ ਲੀਡਰਸ਼ਿਪ ਜੇਲ੍ਹ ਵਿੱਚ ਹੈ।

ਤਸਵੀਰ ਸਰੋਤ, Getty Images
ਪ੍ਰੋਫੈਸਰ ਆਸ਼ਤੋਸ਼ ਮੰਨਦੇ ਹਨ ਕਿ ਕੇਵਲ ਇੱਕ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਪਾਰਟੀ ਖੜ੍ਹੀ ਨਹੀਂ ਹੋ ਸਕਦੀ ਹੈ। ਪਾਰਟੀ ਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੈ।
ਡਾ. ਸੇਖੋਂ ਕਹਿੰਦੇ ਹਨ, “ਸਿਰਫ ਭ੍ਰਿਸ਼ਟਾਚਾਰ ਦੂਰ ਕਰਨਾ ਵਿਚਾਰਧਾਰਾ ਨਹੀਂ ਹੋ ਸਕਦੀ ਹੈ। ਪਾਣੀ ਤੇ ਬਿਜਲੀ ਦੀ ਸਹੂਲਤ ਦੇਣਾ ਵੱਖਰੀ ਗੱਲ ਹੈ। ਵਿਚਾਰਧਾਰਾ ਸਿਆਸੀ ਹੋਣੀ ਚਾਹੀਦੀ ਹੈ।”
ਆਮ ਆਦਮੀ ਪਾਰਟੀ ਕਾਂਗਰਸ ਦੇ 'ਇੰਡੀਆ' ਗਠਜੋੜ ਦਾ ਹਿੱਸਾ ਹੈ। ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜ ਰਹੀਆਂ ਹਨ ਪਰ ਦੂਜੇ ਪਾਸੇ ਪੰਜਾਬ ਵਿੱਚ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਸਾਹਮਣੇ ਹੋ ਕੇ ਚੋਣ ਲੜ ਰਹੀਆਂ ਹਨ।
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੰਡੀਆ ਗਠਜੋੜ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੇਜਰੀਵਾਲ ਦੇ ਹੱਕ ਵਿੱਚ ਵੱਡੀ ਰੈਲੀ ਵੀ ਕੀਤੀ ਸੀ।
ਕੀ ਇੰਡੀਆ ਗਠਜੋੜ ਵਿੱਚ ਸ਼ਮੂਲੀਅਤ ਪਾਰਟੀ ਨੂੰ ਕੋਈ ਅਧਾਰ ਦੇ ਸਕਦੀ ਹੈ?
ਇਸ ਬਾਰੇ ਡਾ. ਜਗਰੂਪ ਕਹਿੰਦੇ ਹਨ ਕਿ ਦੋਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਹਨ। ਇੱਥੇ ਦੁਸ਼ਮਣ ਦਾ ਦੁਸ਼ਮਣ ਦੋਸਤ ਹੋਣ ਵਾਲੀ ਗੱਲ ਹੈ। ਪਾਰਟੀ ਕੋਲ ਖਾਸ ਸਰੋਤ ਵੀ ਨਹੀਂ ਹਨ ਤੇ ਗਠਜੋੜ ਵਿੱਚ ਸ਼ਾਮਿਲ ਹੋਣਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ।
ਪੰਜਾਬ ਵਿੱਚ ਕੀ ਚੁਣੌਤੀਆਂ ਹਨ

ਤਸਵੀਰ ਸਰੋਤ, BHAGWANT MANN/TWITTER
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਜੋ ਉਮੀਦਵਾਰ ਪੰਜਾਬ ਵਿੱਚ ਐਲਾਨੇ ਉਨ੍ਹਾਂ ਵਿੱਚ 5 ਉਮੀਦਵਾਰ ਪੰਜਾਬ ਕੈਬਨਿਟ ਵਿੱਚ ਮੰਤਰੀ ਹਨ। ਮਾਹਿਰ ਮੰਨਦੇ ਹਨ ਕਿ ਪੰਜਾਬ ਵਿੱਚ ਪਾਰਟੀ ਨੂੰ ਯੋਗ ਉਮੀਦਵਾਰ ਲੱਭਣ ਵਿੱਚ ਦਿੱਕਤ ਮਹਿਸੂਸ ਹੋਈ ਹੈ।
ਪੰਜਾਬ ਵਿੱਚ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਬਹੁਮਤ ਨਾਲ ਜਿੱਤ ਹਾਸਲ ਹੋਈ ਸੀ। ਇਸ ਵਾਰ ਦੀਆਂ ਚੋਣਾਂ ਲਈ ਪਾਰਟੀ ਸਾਹਮਣੇ ਉਸ ਕਾਮਯਾਬੀ ਨੂੰ ਕਾਇਮ ਰੱਖਣ ਦਾ ਵੱਡਾ ਟੀਚਾ ਹੈ।
ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਦੋ ਸਾਲ ਤੋਂ ਉੱਤੇ ਦਾ ਵਕਤ ਹੋ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਮੁਫ਼ਤ ਬਿਜਲੀ ਤੇ ਘਰ-ਘਰ ਰਾਸ਼ਣ ਦੀ ਸਕੀਮ ਵਰਗੀਆਂ ਸਹੂਲਤਾਂ ਨੂੰ ਲੈ ਕੇ ਵੋਟ ਮੰਗ ਸਕਦੀ ਹੈ।
2022 ਦੀਆਂ ਚੋਣਾਂ ਵਿੱਚ ਪਾਰਟੀ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਨਾਲ ਆਈ ਸੀ ਪਰ ਬੀਤੇ ਦੋ ਸਾਲਾਂ ਦੌਰਾਨ ਸੂਬੇ ਉੱਤੇ ਕਰਜ਼ ਵਿੱਚ ਕਾਫੀ ਵਾਧਾ ਹੋਇਆ ਹੈ। ਮਾਹਿਰ ਇਸ ਵਾਧੇ ਪਿੱਛੇ ਮੁਫ਼ਤ ਸਹੂਲਤਾਂ ਨੂੰ ਵੱਡੀ ਵਜ੍ਹਾ ਮੰਨ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਕੇਸਰ ਸਿੰਘ ਭੰਗੂ ਕਹਿੰਦੇ ਹਨ, “ਅਕਾਲੀ ਦਲ ਤੇ ਕਾਂਗਰਸ ਸਰਕਾਰ ਵੇਲੇ ਕਰਜ਼ੇ ਵਿੱਚ ਹਰ ਸਾਲ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੁੰਦਾ ਸੀ।”
“ਮੌਜੂਦਾ ਸਰਕਾਰ ਵੇਲੇ ਹਰ ਸਾਲ ਕਰੀਬ 31 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵਧ ਰਿਹਾ ਹੈ। ਇਸ ਹਿਸਾਬ ਨਾਲ ਇਸ ਸਰਕਾਰ ਦੇ ਕਾਰਜਕਾਲ ਪੂਰੇ ਹੋਣ ਤੱਕ ਸੂਬੇ ਉੱਤੇ ਕੁੱਲ ਕਰਜ਼ਾ 4.5 ਲੱਖ ਕਰੋੜ ਤੱਕ ਪਹੁੰਚ ਜਾਵੇਗਾ।”
ਮੁਫ਼ਤ ਸਹੂਲਤਾਂ ਨੂੰ ਸੂਬੇ ਉੱਤੇ ਵਧਦੇ ਕਰਜ਼ ਦੀ ਵਜ੍ਹਾ ਦੱਸਦੇ ਹੋਏ ਡਾ. ਕੇਸਰ ਕਹਿੰਦੇ ਹਨ, “ਪੰਜ ਕਿਸਮ ਦੀਆਂ ਸਬਸਿਡੀਆਂ ਉੱਤੇ ਸੂਬੇ ਦਾ ਸਾਲ ਵਿੱਚ 20-21 ਹਜ਼ਾਰ ਕਰੋੜ ਰੁਪਏ ਖਰਚ ਹੁੰਦਾ ਹੈ। ਪੰਜਾਬ ਨੂੰ ਜੀਐੱਸਟੀ ਨਾਲ 20-21 ਹਜ਼ਾਰ ਕਰੋੜ ਰੁਪਏ ਸਾਲਾਨਾ ਮਿਲਦਾ ਹੈ। ਯਾਨੀ ਇੱਕ ਹਿਸਾਬ ਨਾਲ ਜੀਐੱਸਟੀ ਦਾ ਪੈਸਾ ਸਬਸਿਡੀ ਦੇਣ ਵਿੱਚ ਲਗ ਜਾਂਦਾ ਹੈ।”
“ਪੰਜਾਬ ਸਰਕਾਰ ਇੱਕ ਅਪ੍ਰੈਲ ਤੋਂ ਸ਼ੁਰੂ ਹੋਏ ਬਜਟ ਵਿੱਚ ਕਹਿੰਦੀ ਹੈ ਕਿ ਉਸ ਦਾ 2 ਲੱਖ ਚਾਰ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਜਦਕਿ ਸਰਕਾਰ ਦੀ ਆਮਦਨ ਇੱਕ ਲੱਖ ਤਿੰਨ ਹਜ਼ਾਰ ਕਰੋੜ ਹੈ ਤੇ ਇੱਕ ਲੱਖ ਇੱਕ ਹਜ਼ਾਰ ਕਰੋੜ ਕਰਜ਼ਾ ਲੈ ਕੇ ਖਰਚਾ ਕਰਨਾ ਹੈ।”
ਡਾ. ਕੇਸਰ ਸਿੰਘ ਭੰਗੂ ਕਹਿੰਦੇ ਹਨ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਸਾਰੀਆਂ ਪਾਰਟੀਆਂ ਨੂੰ ਮੁਫ਼ਤ ਸਹੂਲਤਾਂ ਦੇ ਰਾਹ ਨੂੰ ਛੱਡਣਾ ਪਵੇਗਾ ਨਹੀਂ ਤਾਂ ਪੰਜਾਬ ਕਰਜ਼ੇ ਵਿੱਚ ਡੁੱਬ ਸਕਦਾ ਹੈ।












