ਵੀਅਤਨਾਮ ਦੀ ਇਸ ਅਰਬਪਤੀ ਔਰਤ ਨੂੰ ਸਜ਼ਾ-ਏ-ਮੌਤ ਕਿਉਂ ਸੁਣਾਈ ਗਈ, ਅਜਿਹਾ ਕੀ ਅਪਰਾਧ ਕੀਤਾ ?

ਤਸਵੀਰ ਸਰੋਤ, EPA
- ਲੇਖਕ, ਜੌਨਥਨ ਹੈਡ ਅਤੇ ਥੂ ਬੁਈ
- ਰੋਲ, ਬੈਂਕਾਕ ਵਿੱਚ
ਵੀਅਤਨਾਮ ਦੇ ਇੱਕ ਬੈਂਕ ਘਪਲੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਸਨ। ਹੋਣ ਵੀ ਕਿਉਂ ਨਾ ਇਹ ਦੁਨੀਆਂ ਦਾ ਸਭ ਤੋਂ ਵੱਡਾ ਬੈਂਕ ਘਪਲਾ ਹੈ। ਆਖਰ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਜਾਇਦਾਦ ਵਿਕਾਸਕਾਰ 67 ਸਾਲਾ ਟਰੌਂਗ ਮਾਈ ਲੈਨ ਨੂੰ ਸਜ਼ਾ-ਏ-ਮੌਤ ਸੁਣਾਈ ਹੈ। ਉਨ੍ਹਾਂ ਉੱਤੇ 11 ਸਾਲਾਂ ਦੌਰਾਨ ਦੇਸ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਤੋਂ ਹੈਰਾਨ ਕਰਨ ਵਾਲੀ ਰਕਮ ਲੁੱਟਣ ਦੇ ਇਲਜ਼ਾਮ ਸਨ।
ਮੁਕੱਦਮੇ ਦੀ ਸੁਣਵਾਈ ਹੋ ਚੀ ਮਿਨ ਸ਼ਹਿਰ ਦੀ ਬਸਤੀਵਾਦੀ ਸ਼ਾਸਨ ਦੌਰਾਨ ਬਣੀ ਅਦਾਲਤ ਦੇ ਇੱਕ ਕਮਰੇ ਵਿੱਚ ਚੱਲੀ।
ਉਨ੍ਹਾਂ ਉੱਪਰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਬੈਂਕ ਤੋਂ ਕਰਜ਼ ਲੈਣਾ ਅਤੇ ਇਸ ਲਈ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਵਰਗੇ ਇਲਜ਼ਾਮ ਸਨ।
44 ਬਿਲੀਅਨ ਡਾਲਰ ਦੇਸ ਦੇ ਘਰੇਲੂ ਉਤਪਾਦ ਦਾ ਮਹੱਤਵਪੂਰਨ ਅੰਸ਼ ਹੈ। ਕਿਹਾ ਜਾ ਰਿਹਾ ਹੈ ਕਿ ਇੰਨੇ ਵੱਡੇ ਘਾਟੇ ਤੋਂ ਬਾਅਦ ਬੈਂਕ ਲਈ ਖੁਦ ਨੂੰ ਕਾਇਮ ਰੱਖ ਸਕਣਾ ਮੁਸ਼ਕਿਲ ਹੋ ਜਾਵੇਗਾ।
ਆਮ ਕਰਕੇ ਔਰਤਾਂ ਨੂੰ ਵੀਅਤਨਾਮ ਵਿੱਚ ਮੌਤ ਦੀ ਸਜ਼ਾ ਨਹੀਂ ਸੁਣਾਈ ਜਾਂਦੀ ਪਰ ਇਹ ਮਾਮਲਾ ਦੇਸ ਦੀ ਆਰਥਿਕਤਾ ਨੂੰ ਪਹੁੰਚਾਏ ਨਾ ਪੂਰਾ ਹੋਣ ਵਾਲੇ ਨੁਕਸਾਨ ਕਾਰਨ ਖਾਸ ਹੈ।
ਜਾਇਦਾਦ ਵਿਕਾਸਕਾਰ ਟਰੌਂਗ ਮਾਈ ਲੈਨ ਨੇ ਵੀਅਤਨਾਮ ਦੇ ਸਾਇਗਨ ਕਮਰਸ਼ੀਅਲ ਬੈਂਕ ਤੋਂ 44 ਬਿਲੀਅਨ ਡਾਲਰ ਕਰਜ਼ ਦੇ ਰੁਪ ਵਿੱਚ ਲਏ ਸਨ। ਸਰਕਾਰੀ ਪੱਖ ਦਾ ਕਹਿਣਾ ਸੀ ਕਿ ਇਸ ਵਿੱਚੋਂ 27 ਬਿਲੀਅਨ ਡਾਲਰ ਕਦੇ ਵੀ ਵਸੂਲੇ ਨਹੀਂ ਜਾ ਸਕਣਗੇ।

ਤਸਵੀਰ ਸਰੋਤ, Getty Images
ਅਦਾਲਤ ਨੇ ਆਪਣੇ ਫੈਸਲੇ ਵਿੱਚ ਲੈਨ ਨੂੰ 27 ਬਿਲੀਅਨ ਡਾਲਰ ਮੋੜਨ ਦੇ ਹੁਕਮ ਦਿੱਤੇ ਹਨ। ਜਦਕਿ ਕੁਝ ਲੋਕਾਂ ਦੀ ਰਾਇ ਹੈ ਕਿ ਸਜ਼ਾ-ਏ-ਮੌਤ ਅਦਾਲਤ ਦਾ ਇੱਕ ਤਰੀਕਾ ਹੈ ਲੈਨ ਨੂੰ ਜਿੰਨਾ ਹੋ ਸਕੇ ਵਧ ਤੋਂ ਵੱਧ ਪੈਸਾ ਮੋੜਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਲੁਕਵੇਂ ਢੰਗ ਨਾਲ ਕੰਮ ਕਰਨ ਲਈ ਜਾਣੇ ਜਾਂਦੇ ਕਮਿਊਨਿਸਟ ਅਧਿਕਾਰੀ ਪੰਜ ਹਫਤਿਆਂ ਦੀ ਸੁਣਵਾਈ ਦੌਰਾਨ ਇਸ ਮਾਮਲੇ ਦੇ ਛੋਟੇ-ਛੋਟੇ ਵੇਰਵੇ ਵੀ ਪ੍ਰੈੱਸ ਨੂੰ ਦੱਸ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਗਵਾਹੀ ਲਈ 2,700 ਲੋਕਾਂ ਨੂੰ ਸੱਦਿਆ ਗਿਆ। ਕੇਸ ਵਿੱਚ 10 ਸਰਕਾਰੀ ਵਕੀਲ ਅਤੇ 200 ਵਕੀਲਾਂ ਦੀ ਟੀਮ ਲੱਗੀ ਸੀ।
ਸਬੂਤ ਵਜੋਂ 104 ਬਕਸੇ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਕੇਸ ਵਿੱਚ ਟਰੌਂਗ ਮਾਈ ਦੇ ਨੇਲ 85 ਹੋਰ ਮੁਲਜ਼ਮ ਹਨ ਜੋ ਆਪਣੇ ਉੱਪਰ ਲਗਾਏ ਗਏ ਇਲਜ਼ਾਮਾਂ ਤੋਂ ਇਨਕਾਰੀ ਹਨ। ਟਰੋਂਗ ਸਮੇਤ 13 ਹੋਰ ਜਣਿਆਂ ਨੂੰ ਇਸ ਕੇਸ ਵਿੱਚ ਸਜ਼ਾਏ ਮੌਤ ਸੁਣਾਈ ਜਾ ਸਕਦੀ ਹੈ।
ਵੀਅਤਨਾਮ ਦੇ ਮਾਮਲਿਆਂ ਬਾਰੇ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਸੇਵਾ ਮੁਕਤ ਅਫਸਰ ਡੇਵਿਡ ਬਰਾਉਨ ਮੁਤਾਬਕ ਉਨ੍ਹਾਂ ਦੇ ਇੰਨੇ ਲੰਬੇ ਅਨੁਭਵ ਦੌਰਾਨ ਕਮਿਊਨਿਸਟ ਸ਼ਾਸ਼ਨ ਵਿੱਚ ਇਸ ਤਰ੍ਹਾਂ ਦਾ ਸ਼ੋਅ ਟਰਾਇਲ ਪਹਿਲਾਂ ਕਦੇ ਨਹੀਂ ਹੋਇਆ।
ਫੜ੍ਹੀ ਵਾਲੀ ਵਜੋਂ ਸ਼ੁਰੂਆਤ
ਚੁਅੰਗ ਨੇ ਆਪਣਾ ਜੀਵਨ ਬਜ਼ਾਰ ਵਿੱਚ ਇੱਕ ਫੜ੍ਹੀ ਵਾਲੀ ਵਜੋਂ ਸ਼ੁਰੂ ਕੀਤਾ ਸੀ, ਜਿੱਥੇ ਉਹ ਆਪਣੀ ਮਾਂ ਨਾਲ ਕਾਸਮੈਟਕ ਸਮਾਨ ਵੇਚਦੇ ਸਨ।
ਫਿਰ ਜਦੋਂ ਕਮਿਊਨਿਸਟ ਪਾਰਟੀ ਨੇ 1986 ਵਿੱਚ ਆਰਥਿਕ ਸੁਧਾਰਾਂ ਦਾ ਯੁੱਗ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਜਾਇਦਾਦ ਖ਼ਰੀਦਣੀ ਸ਼ੁਰੂ ਕਰ ਦਿੱਤੀ।
ਦੁਨੀਆਂ ਵੀਅਤਨਾਮ ਨੂੰ ਉੱਭਰ ਰਹੇ ਉਤਪਾਦਨ ਕੇਂਦਰ ਵਜੋਂ ਜਾਣਦੀ ਹੈ। ਅਕਸਰ ਚੀਨ ਦੇ ਬਦਲ ਵਜੋਂ। ਹਾਲਾਂਕਿ ਦੇਸ ਦੇ ਜ਼ਿਆਦਾਤਰ ਧਨ ਕੁਬੇਰਾਂ ਨੇ ਆਪਣੀ ਦੌਲਤ ਜਾਇਦਾਦ ਵਿੱਚ ਨਿਵੇਸ਼ ਕਰਕੇ ਵਧਾਈ ਹੈ।
ਸਾਰੀ ਜ਼ਮੀਨ ਸਰਕਾਰ ਦੀ ਸੰਪਤੀ ਹੈ। ਸੰਪਤੀ ਤੱਕ ਪਹੁੰਚ ਜ਼ਿਆਦਾਤਰ ਸਰਕਾਰੇ ਦਰਬਾਰੇ ਤੁਹਾਡੇ ਰਿਸ਼ਤਿਆਂ ਉੱਪਰ ਨਿਰਭਰ ਕਰਦਾ ਹੈ। ਜਿਵੇਂ-ਜਿਵੇਂ ਆਰਥਿਕਤਾ ਦਾ ਵਿਕਾਸ ਹੋਇਆ, ਦੇਸ ਵਿੱਚ ਭ੍ਰਿਸ਼ਟਾਚਾਰ ਨੇ ਵੀ ਦਿਨ-ਦੁੱਗਣੀ ਰਾਤ-ਚੌਗਣੀ ਤਰੱਕੀ ਕੀਤੀ।
ਸਾਲ 2011 ਤੱਕ ਚੁਅੰਗ ਹੋ ਚੀ ਮਿਨ ਦਾ ਜਾਣਿਆ-ਪਛਾਣਿਆ ਕਾਰੋਬਾਰੀ ਚਿਹਰਾ ਸਨ। ਉਨ੍ਹਾਂ ਨੂੰ ਤੰਗੀ ਦਾ ਸਾਹਮਣਾ ਕਰ ਰਹੇ ਤਿੰਨ ਬੈਂਕਾਂ ਨੂੰ ਮਿਲਾ ਕੇ ਇੱਕ ਵੱਡਾ ਬੈਂਕ (ਸਾਇਗਨ ਕਮਰਸ਼ੀਅਲ ਬੈਂਕ) ਬਣਾ ਸਕਦੀ ਸੀ।
ਵਿਅਤਨਾਮ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਕਿਸੇ ਵੀ ਬੈਂਕ ਵਿੱਚ 5% ਤੋਂ ਜ਼ਿਆਦਾ ਹਿੱਸੇਦਾਰੀ ਨਹੀਂ ਰੱਖ ਸਕਦਾ। ਹਾਲਾਂਕਿ ਸਰਕਾਰੀ ਪੱਖ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਚੁਅੰਗ 90% ਹਿੱਸੇ ਦੀ ਮਾਲਕ ਸੀ। ਇਹ ਕੰਮ ਉਨ੍ਹਾਂ ਨੇ ਬਹੁਤ ਸਾਰੀਆਂ ਫਰਜ਼ੀ ਕੰਪਨੀਆਂ ਅਤੇ ਲੋਕਾਂ ਰਾਹੀਂ ਕੀਤਾ।
ਉਸ ਉੱਪਰ ਆਪਣੀ ਸ਼ਕਤੀ ਦੀ ਵਰਤੋਂ ਕਰਕੇ ਬੈਂਕ ਦੇ ਪ੍ਰਬੰਧ ਵਿੱਚ ਆਪਣੇ ਲੋਕਾਂ ਨੂੰ ਫਿੱਟ ਕਰਨ ਦੇ ਇਲਜ਼ਾਮ ਹਨ।
ਫਿਰ ਉਨ੍ਹਾਂ ਰਾਹੀਂ ਚੁਅੰਗ ਨੇ ਆਪਣੀਆਂ ਫਰਜ਼ੀ ਕੰਪਨੀਆਂ ਲਈ ਸੈਂਕੜੇ ਕਰਜ਼ੇ ਪਾਸ ਕਰਵਾਏ।
ਚੁਅੰਗ ਵੱਲੋਂ ਕਰਜ਼ੇ ਦੇ ਰੂਪ ਵਿੱਚ ਲਈ ਗਈ ਰਕਮ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਬੈਂਕ ਵੱਲੋਂ ਕਰਜ਼ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਕੁੱਲ ਰਕਮ ਦਾ 93% ਖੁਦ ਲਿਆ।
ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ
ਇਹ ਸੁਣਵਾਈ ਕਮਿਊਨਿਸਟ ਪਾਰਟੀ ਦੇ ਸਕੱਤਰ ਜਨਰਲ ਨੁਇਨ ਫੂ ਚੁਅੰਗ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਾ ਸਭ ਤੋਂ ਸਨਸਨੀਖ਼ੇਜ਼ ਅਧਿਆਇ ਹੈ।
ਮਾਰਸਕਸਵਾਦੀ ਸਿਧਾਂਤ ਨੂੰ ਪ੍ਰਣਾਏ ਨੁਇਨ ਮੰਨਦੇ ਹਨ ਕਿ ਦੇਸ ਵਿੱਚ ਬੇਕਾਬੂ ਹੋ ਚੁੱਕਿਆ ਭ੍ਰਿਸ਼ਟਾਚਾਰ ਸਰਕਾਰ ਵਿੱਚ ਕਮਿਊਨਿਸਟ ਇਜ਼ਾਰੇਦਾਰੀ ਲਈ ਖ਼ਤਰਾ ਹੈ।
ਉਨ੍ਹਾਂ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਸ਼ੁਰੂਆਤ 2016 ਵਿੱਚ ਆਪਣੇ ਤੋਂ ਪੂਰਬਲੇ ਅਤੇ ਕਾਰੋਬਾਰ-ਪੱਖੀ ਪ੍ਰਧਾਨ ਮੰਤਰੀ ਤੋਂ ਬਾਅਦ ਪਾਰਟੀ ਦਾ ਸਿਖਰਲਾ ਅਹੁਦਾ ਸੰਭਾਲਣ ਤੋਂ ਬਾਅਦ ਸ਼ੁਰੂ ਕੀਤੀ ਸੀ।
ਇਸ ਮੁਹਿੰਮ ਕਾਰਨ ਦੋ ਰਾਸ਼ਟਰਪਤੀਆਂ ਅਤੇ ਦੋ ਉਪ ਪ੍ਰਧਾਨ ਮੰਤਰੀਆਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਹੁਣ ਦੇਸ ਦੀਆਂ ਸਭ ਤੋਂ ਅਮੀਰ ਔਰਤ ਵੀ ਉਸੇ ਸੂਚੀ ਦਾ ਹਿੱਸਾ ਬਣਨ ਜਾ ਰਹੀ ਹੈ।
ਚੁਅੰਗ ਮੇ ਲੇਨ ਹੋ ਚੀ ਮਿਨ ਸ਼ਹਿਰ ਦੇ ਚੀਨੀ ਮੂਲ ਦੇ ਵੀਅਤਨਾਮੀ ਪਰਿਵਾਰ ਨਾਲ ਸੰਬੰਧਿਤ ਹਨ। ਹੋ ਚੀ ਮਿਨ ਸ਼ਹਿਰ ਦਾ ਪਹਿਲਾ ਨਾਮ ਸਾਇਗਨ ਸੀ।
ਦੱਖਣੀ ਵੀਅਤਨਾਮ ਵਿੱਚ ਇਹ ਸ਼ਹਿਰ ਕਮਿਊਨਿਸਟ ਵਿਰੋਧੀ ਵਿਚਾਰਾਂ ਦਾ ਕੇਂਦਰ ਰਿਹਾ ਹੈ ਅਤੇ ਦੇਸ ਦੀ ਆਰਥਿਕਤਾ ਦਾ ਪ੍ਰਮੁੱਖ ਇੰਜਣ ਵੀ।
ਟਰੋਂਗ ਮੇ ਲੇਨ ਦੀ ਜਾਇਦਾਦ ਵਿੱਚ ਬਹੁਤ ਸਾਰੇ ਹੋਟਲ ਅਤੇ ਰੈਸਟੋਰੈਂਟ ਸ਼ਾਮਲ ਸਨ।

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਘਰ ਵਿੱਚ ਬੈਂਕ ਤੋਂ ਲਿਆ ਕੇ ਰੱਖੇ ਦੋ ਟਨ ਨੋਟ
ਸਰਕਾਰੀ ਪੱਖ ਮੁਤਾਬਕ ਫਰਵਰੀ 2019 ਤੋਂ ਲੈਕੇ ਤਿੰਨ ਸਾਲ ਦੇ ਅਰਸੇ ਦੌਰਾਨ ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਬੈਂਕ ਵਿੱਚੋਂ 108 ਟ੍ਰਿਲੀਅਨ ਵਿਅਤਨਾਮੀ ਕਰੰਸੀ ਵਿੱਚ ਕਢਵਾਉਣ ਲਈ ਕਿਹਾ। ਇਹ ਪੈਸਾ ਉਨ੍ਹਾਂ ਨੇ ਆਪਣੀ ਬੇਸਮੈਂਟ ਵਿੱਚ ਲਕੋ ਕੇ ਰੱਖਿਆ।
ਇੰਨਾ ਪੈਸਾ ਜੇ ਸਭ ਤੋਂ ਵੱਡੇ ਕਰੰਸੀ ਨੋਟਾਂ ਵਿੱਚ ਵੀ ਹੋਵੇ ਤਾਂ ਲਗਭਗ ਦੋ ਟਨ ਦੇ ਬਰਾਬਰ ਭਾਰਾ ਹੋਵੇਗਾ।
ਆਪਣੇ ਕਰਜ਼ ਦੀ ਕਦੇ ਨਜ਼ਰਸਾਨੀ ਨਾ ਹੋਵੇ ਇਸ ਲਈ ਉਨ੍ਹਾਂ ਉੱਪਰ ਖੁੱਲ੍ਹੇ ਦਿਲ ਨਾਲ ਰਿਸ਼ਵਤ ਵੀ ਦੇਣ ਦੇ ਇਲਜ਼ਾਮ ਹਨ।
ਚੁਅੰਗ ਦੇ ਨਾਲ ਹੀ ਇੱਕ ਹੋਰ ਵਿਅਕਤੀ ਜਿਸ ਨੂੰ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ— ਵੀਅਤਨਾਮ ਦੇ ਰਿਜ਼ਰਵ ਬੈਂਕ ਦਾ ਸਾਬਕਾ ਮੁਖੀ ਹੈ। ਇਲਜ਼ਾਮ ਹੈ ਕਿ ਉਸ ਨੇ 50 ਲੱਖ ਡਾਲਰ ਦੀ ਰਿਸ਼ਵਤ ਸਵੀਕਾਰ ਕੀਤੀ।
ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਕੇਸ ਦੇ ਵੇਰਵਿਆਂ ਕਾਰਨ ਵੀਅਤਨਾਮ ਦੇ ਲੋਕ ਭ੍ਰਿਸ਼ਟਾਚਾਰ ਦੇ ਪੱਧਰ ਤੋਂ ਗੁੱਸੇ ਵਿੱਚ ਹਨ। ਮੁਕੱਦਮੇ ਦੌਰਾਨ ਜਿਹੜੀਆਂ ਸਾਦਗੀ ਭਰਭੂਰ ਤਸਵੀਰਾਂ ਚੁਅੰਗ ਦੀਆਂ ਲੋਕ ਦੇਖ ਰਹੇ ਹਨ, ਉਨ੍ਹਾਂ ਦਾ ਚੁਅੰਗ ਦੀਆਂ ਪੁਰਾਣੀਆਂ ਚਮਕਦੀਆਂ-ਦਮਕਦੀਆਂ ਤਸਵੀਰਾਂ ਨਾਲੋਂ ਜ਼ਮੀਨ-ਅਸਮਾਨ ਦਾ ਫਰਕ ਹੈ— ਜੋ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਦੇਖੀਆਂ ਹਨ।
ਸਵਾਲ ਹੁਣ ਇਹ ਵੀ ਉੱਠ ਰਹੇ ਹਨ ਕਿ ਆਖਰ ਚੁਅੰਗ ਇੰਨਾ ਵਿਆਪਕ ਭ੍ਰਿਸ਼ਟਾਚਾਰ ਇੰਨੀ ਦੇਰ ਲਕੋ ਕੇ ਕਿਵੇਂ ਰੱਖ ਸਕੇ।

ਤਸਵੀਰ ਸਰੋਤ, EPA
'ਭ੍ਰਿਸ਼ਟਾਚਾਰ ਮਸ਼ੀਨਰੀ ਦੀ ਗਰੀਸ ਹੈ'
ਲੀ ਹੌਂਗ ਹੀਪ ਸਿੰਗਾਪੁਰ ਦੇ ਯੂਸਫ਼ ਇਸ਼ਾਕ ਇੰਸਟੀਚਿਊਟ ਵਿੱਚ ਵਿਅਤਨਾਮ ਅਧਿਐਨ ਪ੍ਰੋਗਰਾਮ ਚਲਾਉਂਦੇ ਹਨ। ਉਹ ਕਹਿੰਦੇ ਹਨ, “ਮੈਂ ਹੈਰਾਨ ਹਾਂ”।
“ਕਿਉਂਕਿ ਇਹ ਕੋਈ ਭੇਤ ਨਹੀਂ ਸੀ। ਬਜ਼ਾਰ ਵਿੱਚ ਸਾਰਿਆਂ ਨੂੰ ਪਤਾ ਸੀ ਕਿ ਟਰੌਂਗ ਮਾਈ ਲੈਨ ਅਤੇ ਉਨ੍ਹਾਂ ਦਾ ਵੈਨ ਫੈਟ ਗੁਰੱਪ ਐੱਸਸੀਬੀ ਦੀ ਵਰਤੋਂ ਆਪਣੀ ਬੁਗਨੀ ਵਾਂਗ ਕਰ ਰਹੇ ਸਨ। ਇਸ ਦੀ ਵਰਤੋਂ ਕਰਕੇ ਉਨ੍ਹਾਂ ਨੇ ਸਭ ਤੋਂ ਵਧੀਆ ਥਾਵਾਂ ਉੱਤੇ ਵਿਆਪਕ ਰੂਪ ਵਿੱਚ ਜ਼ਮੀਨ ਹਾਸਲ ਕੀਤੀ।”
ਡੇਵਿਡ ਬਰਾਉਨ ਦਾ ਮੰਨਣਾ ਹੈ ਕਿ ਚੁਅੰਗ ਨੂੰ ਦਹਾਕਿਆਂ ਤੱਕ ਹੋ ਚੀ ਮਿਨ ਸ਼ਹਿਰ ਦੀ ਸਿਆਸਤ ਅਤੇ ਕਾਰੋਬਾਰ ਦੀਆਂ ਸ਼ਕਤੀਸ਼ਾਲੀ ਹਸਤੀਆਂ ਦੀ ਸ਼ਹਿ ਹਾਸਲ ਸੀ। ਮੁਕੱਦਮਾ ਪੱਛਮੀ ਕਾਰੋਬਾਰੀ ਸੱਭਿਆਚਾਰ ਉੱਪਰ ਕਮਿਊਨਿਸਟ ਅਧਿਕਾਰ ਨੂੰ ਦਰਸਾਉਣ ਲਈ ਵਰਤਿਆ ਜਾ ਰਿਹਾ ਹੈ।”
79 ਸਾਲਾ ਨੁਇਨ ਫੂ ਚੁਅੰਗ ਦੀ ਸਿਹਤ ਜ਼ਿਆਦਾਤਰ ਠੀਕ ਨਹੀਂ ਰਹਿੰਦੀ। ਉਨ੍ਹਾਂ ਨੂੰ 2026 ਵਿੱਚ ਹੋਣ ਵਾਲੀ ਆਗਾਮੀ ਕਮਿਊਨਿਸਟ ਪਾਰਟੀ ਕਾਂਗਰਸ ਵਿੱਚ ਤਾਂ ਸੇਵਾ ਮੁਕਤ ਹੋਣਾ ਹੀ ਪਵੇਗਾ। ਉਦੋਂ ਹੀ ਨਵੇਂ ਆਗੂਆਂ ਦੀ ਚੋਣ ਹੋਣੀ ਹੈ।
ਉਹ ਪਾਰਟੀ ਦੇ ਸਭ ਤੋਂ ਲੰਬੇ ਕਾਰਜਕਾਲ ਵਾਲੇ ਜਨਰਲ ਸਕੱਤਰ ਰਹੇ ਹਨ। ਉਨ੍ਹਾਂ ਨੇ ਪਾਰਟੀ ਦਾ 1980 ਦੇ ਆਰਥਿਕ ਸੁਧਾਰਾਂ ਤੋਂ ਬਾਅਦ ਖੁੱਸ ਚੁੱਕਿਆ ਅਧਿਕਾਰ ਮੁੜ ਬਹਾਲ ਕੀਤਾ ਹੈ।
ਸਪਸ਼ਟ ਤੌਰ ਉੱਤੇ ਉਹ ਅਜਿਹੀ ਖੁੱਲ੍ਹ ਨਹੀਂ ਦੇਣਾ ਚਾਹੁੰਦੇ ਜਿਸ ਨਾਲ ਪਾਰਟੀ ਦੀ ਸਰਬਉੱਚ ਸਿਆਸੀ ਸ਼ਕਤੀ ਨੂੰ ਕਿਸੇ ਕਿਸਮ ਦੀ ਢਾਹ ਲੱਗੇ।
ਹਾਲਾਂਕਿ ਉਹ ਵੀ ਆਪਾ-ਵਿਰੋਧਾਂ ਵਿੱਚ ਫਸੇ ਰਹੇ ਹਨ। ਉਨ੍ਹਾਂ ਦੇ ਕਾਰਜਾਲ ਦੌਰਾਨ ਪਾਰਟੀ ਨੇ ਵੀਅਤਨਾਮ ਨੂੰ ਸਾਲ 2045 ਤੱਕ ਦੇਸ ਨੂੰ ਤਕਨੀਕ ਅਤੇ ਗਿਆਨ ਅਧਾਰਿਤ ਆਰਥਿਕਤਾ ਦੇ ਖੇਤਰ ਵਿੱਚ ਅਮੀਰ ਦੇਸ ਬਣਾਉਣ ਦਾ ਅਹਿਦ ਲਿਆ ਹੈ।
ਇਸੇ ਕਾਰਨ ਵੀਅਤਨਾਮ ਅਮਰੀਕਾ ਨਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਜ਼ਦੀਕੀ ਭਾਈਵਾਲੀ ਕਰ ਰਿਹਾ ਹੈ।
ਹਾਲਾਂਕਿ ਇਸਦੇ ਨਾਲ ਇਹ ਵੀ ਸਚਾਈ ਹੈ ਕਿ ਆਰਥਿਕ ਵਿਕਾਸ ਦੇ ਨਾਲ ਭ੍ਰਿਸ਼ਟਾਚਾਰ ਵੀ ਵਧੇਗਾ। ਉਸ ਖਿਲਾਫ਼ ਲੜਾਈ ਵੀ ਤੇਜ਼ ਹੋਵੇਗੀ ਅਤੇ ਨਤੀਜੇ ਵਜੋਂ ਬਹੁਤ ਸਾਰੇ ਆਰਥਿਕ ਸਰਗਰਮੀ ਨੂੰ ਬਰੇਕ ਲੱਗ ਜਾਣਗੇ।
ਇਸ ਦੌਰਾਨ ਅਜਿਹੀਆਂ ਵੀ ਸ਼ਿਕਾਇਤਾਂ ਹਨ ਕਿ ਅਫ਼ਸਰਸ਼ਾਹੀ ਕੰਮ ਕਰਨ ਤੋਂ ਢਿੱਲ-ਮੱਠ ਕਰਦੀ ਹੈ। ਉਹ ਅਜਿਹੇ ਫੈਸਲਆਂ ਤੋਂ ਟਲਦੀ ਹੈ ਜੋ ਉਨ੍ਹਾਂ ਨੂੰ ਵੀ ਫਸਾ ਸਕਦੇ ਹੋਣ।
ਲੀ ਹੌਂਗ ਹੀਪ ਕਹਿੰਦੇ ਹਨ, “ਉਨ੍ਹਾਂ ਦੇ ਵਿਕਾਸ ਦਾ ਮਾਡਲ ਭ੍ਰਿਸ਼ਟਾਚਾਰ ਉੱਪਰ ਅਧਾਰਿਤ ਰਿਹਾ ਹੈ। ਭ੍ਰਿਸ਼ਟਾਚਾਰ ਉਹ ਗਰੀਸ ਰਿਹਾ ਹੈ ਜਿਸ ਨੇ ਮਸ਼ੀਨਰੀ ਨੂੰ ਚਲਦਿਆਂ ਰੱਖਿਆ ਹੈ। ਜੇ ਉਨ੍ਹਾਂ ਨੇ ਗਰੀਸ ਬੰਦ ਕਰ ਦਿੱਤੀ ਤਾਂ ਸ਼ਾਇਦ ਚੀਜ਼ਾਂ ਉਸ ਤਰ੍ਹਾਂ ਕੰਮ ਨਾ ਕਰਨ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)












