ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ 410 ਵਿੱਚ ਕੀ ਹੈ '410 ਦਾ ਮਤਲਬ' ਤੇ ਕੌਣ ਹੈ ਗਾਣਾ ਪੇਸ਼ ਕਰਨ ਵਾਲਾ ਸਨੀ ਮਾਲਟਨ

ਸਿੱਧੂ ਮੂਸੇ ਵਾਲਾ ਅਤੇ ਸੰਨੀ ਮਾਲਟਨ

ਤਸਵੀਰ ਸਰੋਤ, sunnymalton/instagram

ਤਸਵੀਰ ਕੈਪਸ਼ਨ, ਸੰਨੀ ਮਾਲਟਨ ਅਤੇ ਸਿੱਧੂ ਮੂਸੇ ਵਾਲਾ ਸਾਲ 2012 ਤੋਂ ਦੋਸਤ ਰਹੇ ਹਨ

ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਨਵਾਂ ਗਾਣਾ ਜਾਰੀ ਹੋ ਗਿਆ ਹੈ। ਇਹ ਗਾਣਾ ਮਸ਼ਹੂਰ ਰੈਪਰ ਸੰਨੀ ਮਾਲਟਨ ਨਾਲ ਕੋਲੈਬੋਰੇਸ਼ਨ ਵਿੱਚ ਗਾਇਆ ਗਿਆ ਹੈ।

ਸੰਨੀ ਨਾਲ ਹੀ ਮਰਹੂਮ ਸਿੱਧੂ ਮੂਸੇਵਾਲਾ ਨੇ ਆਪਣਾ ਆਖਰੀ ਗਾਣਾ ਆਪਣੀ ਮੌਤ ਤੋਂ ਚਾਰ ਦਿਨ ਪਹਿਲਾਂ ਜਾਰੀ ਕੀਤਾ ਸੀ।

ਸੰਨੀ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਭਾਵੁਕ ਪੇਸਟ ਵਿੱਚ ਲਿਖਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਮੈਸਜ ਦੀ ਉਡੀਕ ਕਰ ਰਹੇ ਸਨ। ਹੁਣ ਉਨ੍ਹਾਂ ਦੇ ਜਾਣ ਮਗਰੋਂ ਉਹ ਪਹਿਲਾਂ ਵਰਗੇ ਨਹੀਂ ਰਹਿਣਗੇ।

ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਜਾਰੀ ਹੋਣ ਵਾਲਾ ਇਹ ਛੇਵਾਂ ਗੀਤ ਹੈ।

ਇਸ ਲੇਖ ਵਿੱਚ ਜਾਣਦੇ ਹਾਂ ਰੈਪਰ ਮਾਲਟਨ ਉਰਫ਼ ਸੰਦੀਪ ਸਿੰਘ ਸਿੱਧੂ ਬਾਰੇ ਅਤੇ ਮਰਹੂਮ ਸਿੱਧੂ ਮੂਸੇਵਾਲਾ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ--

ਵੀਡੀਓ ਕੈਪਸ਼ਨ, ਮੂਸੇਵਾਲਾ-ਮਾਲਟਨ ਦੀ ਜੋੜੀ ਮੁੜ ਵਿਖੀ ‘410’ ਗਾਣੇ ’ਚ

410 ਦਾ ਕੀ ਮਤਲਬ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਕੈਨੇਡੀਅਨ ਰੈਪਰ ਸੰਨੀ ਮਾਲਟਨ ਦਾ ਨਵਾਂ ਗੀਤ - 410 ਅੱਜ ਰਿਲੀਜ਼ ਹੋਇਆ।

ਸੁਨਣ ਵਾਲੇ ਸਰੋਤਿਆਂ ਵਿੱਚ ਇਹ ਜਾਣਨ ਦੀ ਉਤਸੁਕਤਾ ਹੈ ਕਿ 410 ਦਾ ਮਤਲਬ ਕੀ ਹੈ?

ਸਿੱਧੂ ਦਾ ਇਹ ਗੀਤ ਮੁੱਖ ਤੌਰ 'ਤੇ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਤੇ ਅਧਾਰਿਤ ਹੈ।

ਬਰੈਂਪਟਨ ਸ਼ਹਿਰ ਪੰਜਾਬੀ ਭਾਈਚਾਰੇ ਦਾ ਗੜ੍ਹ ਹੈ ਤੇ ਸਿੱਧੂ ਮੂਸੇਵਾਲਾ ਵੀ ਇਥੇ ਰਹਿੰਦਾ ਹੁੰਦਾ ਸੀ।

ਇਸ ਗੀਤ ਵਿੱਚ, ਸਿੱਧੂ ਅਤੇ ਮਾਲਟਨ ਨੇ ਬਰੈਂਪਟਨ ਦੀਆਂ ਕੁਝ ਥਾਵਾਂ ਜਿਵੇਂ ਸ਼ੈਰੀਡਨ ਕਾਲਜ ਦੇ ਪਲਾਜ਼ਾ ਦਾ ਜ਼ਿਕਰ ਕੀਤਾ ਹੈ।

ਇਸ ਵੀਡੀਓ 'ਚ ਉਨ੍ਹਾਂ ਨੇ 410 ਗੀਤ ਦੇ ਅਧਿਕਾਰਤ ਵੀਡੀਓ 'ਚ 410 (ਉੱਤਰੀ) 'ਤੇ ਸਾਈਨ ਵਾਲੀ ਸੜਕ ਦਿਖਾਈ ਹੈ।

ਕੈਨੇਡਾ ਦੇ ਓਨਟਾਰੀਓ ਸੂਬੇ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਹਾਈਵੇਅ 410 ਬਰੈਂਪਟਨ ਨੂੰ ਕੈਲੇਡਨ ਸ਼ਹਿਰ ਨਾਲ ਜੋੜਦਾ ਹੈ। ਇਸ ਵਿੱਚ ਅੱਗੇ ਲਿਖਿਆ ਹੈ ਕਿ ਅੰਡਰਟੇਕਿੰਗ ਦਾ ਉਦੇਸ਼ ਹਾਈਵੇਅ 410 ਨੂੰ ਬਰੈਂਪਟਨ ਸਿਟੀ ਵਿੱਚ ਬੋਵਾਇਰਡ ਡਰਾਈਵ ਤੋਂ ਕੈਲੇਡਨ ਟਾਊਨ ਵਿੱਚ ਹਾਈਵੇਅ 10 ਤੱਕ ਵਧਾਉਣਾ ਹੈ।

ਉਪਲੱਬਧ ਜਾਣਕਾਰੀ ਮੁਤਾਬਕ 410 ਹਾਈਵੇਅ 25 ਕਿਲੋਮੀਟਰ ਦੇ ਕਰੀਬ ਹੈ ਅਤੇ ਮੁੱਖ ਤੌਰ 'ਤੇ ਬਰੈਂਪਟਨ ਸ਼ਹਿਰ ਵਿੱਚੋਂ ਲੰਘਦਾ ਹੈ।

ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਬਰੈਂਪਟਨ ਸ਼ਹਿਰ 'ਤੇ ਬੀ-ਟਾਊਨ ਨਾਂ ਦਾ ਗੀਤ ਵੀ ਲਿਖਿਆ ਸੀ।

410 ਗਾਣੇ ਵਿੱਚ ਸਿੱਧੂ ਮੂਸੇਵਾਲੇ ਦਾ ਸ਼ੁਰੁਆਤੀ ਬੋਲ ਵੀ ਇਹੀ ਹਨ "410 ਬੀ-ਟਾਊਨ ਹੌਲੀ ਹੌਲੀ ਗੱਡੀ ਜਾਵੇ, ਚੋਬਰ ਪਲਾਜ਼ੇ (ਸ਼ੈਰੀਡਨ ਕਾਲਜ ਦੇ ਪਲਾਜ਼ਾ) ਵਿੱਚ ਗੇੜੇ ਕੱਢੀ ਜਾਵੇ।"

ਅੱਗੇ ਸਿੱਧੂ ਨੇ ਇਸ ਹਾਈਵੇ ਤੇ ਪੈਂਦੇ ਹੋਰ ਕਸਬੇ ਸਟੀਲ ਐਵੇਨਿਊ ਤੇ ਮਕਲੌਗਿਨ ਦਾ ਵੀ ਜ਼ਿਕਰ ਕੀਤਾ ਹੈ।

ਇਸ ਤੋਂ ਇਲਾਵਾ ਇਸ ਗਾਣੇ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬੀ ਗਾਇਕ ਬਲਕਾਰ ਅਣਖੀਲੇ ਦਾ ਵੀ ਜ਼ਿਕਰ ਕੀਤਾ।

ਮਾਲਟਨ: ਪੰਜਾਬੀ ਮੂਲ ਦੇ ਕੈਨੇਡੀਅਨ ਰੈਪਰ

ਸੰਨੀ ਇੱਕ ਇੰਟਰਵਿਊ ਵਿੱਚ ਖੁਦ ਦੱਸਦੇ ਹਨ ਕਿ ਉਨ੍ਹਾਂ ਦਾ ਅਸਲੀ ਨਾਮ ਸੰਦੀਪ ਸਿੰਘ ਸਿੱਧੂ ਹੈ। ਸੰਨੀ ਦਾ ਜਨਮ ਟੋਰਾਂਟੋ ਵਿੱਚ ਹੋਇਆ ਸੀ।

ਪਰਵੀਨ ਕੌਰ ਸਿੱਧੂ ਨਾਲ ਵਿਆਹੇ ਸੰਨੀ ਨੇ ਗਰੈਜੂਏਸ਼ਨ ਤੱਕ ਦੀ ਆਪਣੀ ਪੜ੍ਹਾਈ ਕੈਨੇਡਾ ਤੋਂ ਹੀ ਕੀਤੀ ਹੈ। ਇੱਕ ਇੰਟਰਵਿਊ ਵਿੱਚ ਉਹ ਦੱਸਦੇ ਹਨ ਕਿ ਬਚਪਨ ਤੋਂ ਹੀ ਉਨ੍ਹਾਂ ਨੇ ਰੈਪ ਮਿਊਜ਼ਿਕ ਸੁਣਿਆ ਹੈ।

ਉਹ ਸਾਲ 2012 ਤੋਂ ਸਰਗਰਮ ਰੈਪਰ ਹਨ ਅਤੇ ਦਿ ਬਰਾਉਨ ਬੁਆਏ ਰੈਪਰ ਵਜੋਂ ਵੀ ਜਾਣੇ ਜਾਂਦੇ ਹਨ।

ਉਹ ਆਪਣੇ ਗੀਤਾਂ— ਜੱਟੀਏ, ਯੂ ਨੋ ਬੌਟ ਮੀ, ਹੌਟ ਬੁਆਇ, ਡੌਂਟ ਵਰੀ ਅਤੇ ਦਿ-1 ਕਰਕੇ ਜਾਣੇ ਜਾਂਦੇ ਹਨ।

2018 ਵਿੱਚ ਬਿਗ ਬਾਰਿਡ ਮਿਊਜ਼ਿਕ ਨਾਲ ਆਪਣਾ ਕੌਪੀ ਕੈਟ ਗੀਤ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਕਈ ਗੀਤ ਰਿਲੀਜ਼ ਕੀਤੇ।

ਸਿੱਧੂ ਮੂਸੇਵਾਲਾ ਨਾਲ ਰਿਸ਼ਤਾ ਅਤੇ ਵਿਵਾਦ

ਸਿੱਧੂ ਮੂਸੇ ਵਾਲਾ ਅਤੇ ਸੰਨੀ ਮਾਲਟਨ

ਤਸਵੀਰ ਸਰੋਤ, sunnymalton/Instagram

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਮਾਲਟਨ ਨੇ ਉਨ੍ਹਾਂ ਨਾਲ ਹਾਸੀ ਮਜ਼ਾਕ ਦੀ ਇੱਕ ਵੀਡੀਓ ਸਾਂਝੀ ਕੀਤੀ

ਸਾਲ 2019 ਵਿੱਚ ਦੋਵਾਂ ਵਿਚਕਾਰ ਵਿਵਾਦ ਛਿੜਿਆ ਅਤੇ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਰਮਿਆਨ ਇੱਕ ਵਾਰ ਦੂਰੀਆਂ ਵੀ ਆ ਗਈਆਂ ਸਨ। ਦੋਵਾਂ ਨੇ ਇੱਕ ਦੂਜੇ ਬਾਰੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਸ਼ਬਦੀ ਹਮਲੇ ਵੀ ਕੀਤੇ ਸੀ।

ਫਿਰ ਦੋਹਾਂ ਨੇ ਕਾਫੀ ਚਿਰ ਇਕੱਠਿਆਂ ਕੰਮ ਵੀ ਨਹੀਂ ਕੀਤਾ ਸੀ। ਸੰਨੀ ਨੇ “ਗੋਟ ਬਨਾਮ ਮੂਸ” ਨਾਮ ਦਾ ਟਰੈਕ ਵੀ ਕੱਢਿਆ।

ਫਰਵਰੀ 2022 ਵਿੱਚ ਦੋਵਾਂ ਨੇ ਆਪਣੇ ਮਨ-ਮੁਟਾਅ ਖਤਮ ਕਰ ਲਏ ਅਤੇ “ਯੰਗਸਟ ਇਨ ਚਾਰਜ” ਨਾਮ ਦਾ ਟਰੈਕ ਜਾਰੀ ਕੀਤਾ।

ਹਾਲਾਂਕਿ ਬਾਅਦ ਵਿੱਚ ਮਾਲਟਨ ਨੇ ਮਾਫੀ ਮੰਗ ਕੇ ਸਿੱਧੂ ਨਾਲ ਸੁਲਾਹ ਕਰ ਲਈ ਸੀ। ਦੋਵਾਂ ਨੇ ਇੱਕ ਵਾਰ ਫਿਰ ਤੋਂ ਇਕੱਠਿਆਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਹਾਲਾਂਕਿ ਸੋਸ਼ਲ ਮੀਡੀਆ ਉੱਤੇ ਚਰਚਾ ਛਿੜੀ ਕਿ ਦੋਵਾਂ ਦਾ ਕੋਈ ‘ਸਟੈਂਡ’ ਨਹੀਂ ਹੈ, ਜੋ ਇੰਨਾ ਲੜ ਕੇ ਵੀ ਫਿਰ ਇਕੱਠੇ ਹੋ ਗਏ ਹਨ।

ਮਾਲਟਨ ਨੇ ਇਸ ਬਾਰੇ ਆਪਣੀ ਪੋਸਟ ਵਿੱਚ ਲਿਖਿਆ, “ਅਸੀਂ ਸਾਡੇ ਵਿੱਚ ਵਾਪਰੀਆਂ ਸਾਰੀਆਂ ਬੇਤੁਕੀਆਂ ਗੱਲਾਂ ਨੂੰ ਪਾਸੇ ਰੱਖਿਆ ਅਤੇ ਇੱਕ ਦੂਜੇ ਨੂੰ ਪਰਿਵਾਰ ਸਮਝਿਆ। ਜੇ ਮੈਂ ਉਦੋਂ ਸਟੈਂਡ ਰੱਖ ਲਿਆ ਹੁੰਦਾ ਤੇ ਆਪਣੇ ਭਰਾ ਤੋਂ ਮਾਫ਼ੀ ਨਾ ਮੰਗੀ ਹੁੰਦੀ ਤਾਂ ਮੈਂ ਅੱਜ ਮੈਂ ਕੀ ਕਰ ਲਿਆ ਹੁੰਦਾ?”

ਜਦੋਂ ਸਿੱਧੂ ਮੂਸੇਵਾਲਾ ਕੈਨੇਡਾ ਵਿੱਚ ਰਹਿੰਦੇ ਸਨ ਉਦੋਂ ਤੋਂ ਹੀ ਇੱਕ-ਦੂਸਰੇ ਦੇ ਦੋਸਤ ਸਨ। ਅੱਗੇ ਜਾ ਕੇ ਦੋਵਾਂ ਨੇ ਘੱਟੋ-ਘੱਟ 10 ਗਾਣਿਆਂ ਵਿੱਚ ਕੋਲੈਬੋਰੇਟ ਕੀਤਾ।

ਦੋਵਾਂ ਗਾਇਕਾਂ ਨੇ ਆਪਣਾ ਆਖਰੀ ਗਾਣਾ ਇਕੱਠਿਆਂ 25 ਮਈ ਨੂੰ ਜਾਰੀ ਕੀਤਾ ਸੀ।

ਸਿੱਧੂ ਮੂਸੇ ਵਾਲਾ ਅਤੇ ਸੰਨੀ ਮਾਲਟਨ

ਤਸਵੀਰ ਸਰੋਤ, sunnymalton/Instagram

ਜਦੋਂ ਮੂਸੇਵਾਲਾ ਲਈ ਭਾਵੁਕ ਪੋਸਟ ਪਾਈ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮਾਲਟਨ ਨੇ ਇੱਕ ਭਾਵੁਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, “ਮੈਂ ਹੁਣ ਕਦੇ ਵੀ ਪਹਿਲਾਂ ਵਰਗਾ ਨਹੀਂ ਰਹਾਂਗਾ। ਮੈਂ ਪਿਛਲੇ 24 ਘੰਟਿਆਂ ਤੋਂ ਇੱਥੇ ਬੈਠਾ ਆਪਣੀਆਂ ਯਾਦਾਂ ਦੇਖ ਰਿਹਾ ਹਾਂ। ਖਾਸ ਕਰਕੇ ਇਹ ਵੀਡੀਓ। ਕਿਉਂ, ਰੱਬਾ ਕਿਉਂ? ਤੂੰ ਮੇਰਾ ਭਰਾ ਮੈਥੋਂ ਕਿਉਂ ਖੋਹ ਲਿਆ? ਮੈਂ ਸੰਗੀਤ ਵਿੱਚ ਨਾ ਤਾਂ ਤੈਥੋਂ ਬਿਨਾਂ ਕੁਝ ਸੀ ਅਤੇ ਨਾ ਹੋਵਾਂਗਾ। ਮੈਂ ਜੋ ਕੁਝ ਵੀ ਅੱਜ ਹਾਂ ਤੇਰੀ ਬਦੌਲਤ ਹਾਂ।”

ਰੈਪਰ ਨੇ ਅੱਗੇ ਲਿਖਿਆ, “ਮੈਂ ਹਰ ਰੋਜ਼ ਤੇਰੇ ਕਿਸੇ ਮੈਸਜ ਜਾਂ ਮਿਸਡ ਕਾਲ ਨਾਲ ਉੱਠਦਾ ਹਾਂ ਪਿਛਲੇ ਦੋ ਦਿਨਾਂ ਤੋਂ, ਮੈਂ ਤੇਰੇ ਆਨਲਾਈਨ ਹੋਣ ਦੀ ਉਡੀਕ ਕੀਤੀ ਹੈ ਭਾਵੇਂ ਮੈਨੂੰ ਪਤਾ ਹੈ ਕਿ ਹੁਣ ਤੂੰ ਕਦੇ ਆਨਲਾਈਨ ਨਹੀਂ ਹੋਵੇਂਗਾ।”

ਮੂਸੇਵਾਲਾ ਦੇ ਕਿਹੜੇ ਬੋਲ ਮਾਲਟਨ ਨੂੰ ਯਾਦ ਆਉਂਦੇ

ਸੰਨੀ ਮਾਲਟਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ, “ਸਿੱਧੂ ਮੂਸੇਵਾਲਾ ਦੇ ਮੌਤ ਤੋਂ ਬਾਅਦ ਲੋਕ ਮੈਨੂੰ ਪੁੱਛਦੇ ਤੂੰ ਸੋਸ਼ਲ ਮੀਡੀਆ ਕੁਝ ਪਾ ਕਿਉਂ ਨਹੀਂ ਰਿਹਾ, ਮੈਂ ਕਿਵੇਂ ਪਾਉਂਦਾ ਸਾਡੇ ਘਰ ਦਾ ਬੰਦਾ ਗਿਆ ਸੀ।”

“ਮੈਂ ਇੱਕ ਵਾਰ ਆਪਣਾ ਇੰਟਰਨੈੱਟ ਬੰਦ ਕਰ ਲਿਆ ਸੀ ਕਿ ਮੈਂ ਇੰਸਟਾਗ੍ਰਾਮ ਨਹੀ ਵਰਤਣਾ। ਉਸ ਵੇਲੇ ਸਿੱਧੂ ਮੂਸੇਵਾਲਾ ਦਾ ਫੋਨ ਆਇਆ। ਉਸ ਨੇ ਕਿਹਾ ਤੂੰ ਇਸ ਤਰੀਕੇ ਨਾਲ ਇੰਟਰਨੈੱਟ ਬੰਦ ਨਾ ਕਰਿਆ ਕਰ। ਅਸੀਂ ਕਲਾਕਾਰ ਬਣਨਾ ਖੁਦ ਚੁਣਿਆ ਸੀ। ਸਾਨੂੰ ਆਪਣੇ ਸਰੋਤਿਆਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਹ ਬੋਲ ਮੇਰੇ ਕੰਨਾਂ ਵਿੱਚ ਕਈ ਵਾਰ ਗੂੰਜਦੇ ਹਨ।”

ਮੌਤ ਤੋਂ ਬਾਅਦ ਮੂਸੇਵਾਲੇ ਦੇ ਇਹ ਗਾਣੇ ਆਏ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਗਾਏ ਪੰਜ ਗੀਤ ਜਾਰੀ ਹੋਏ ਹਨ। ਲੈਵਲ ਉਨ੍ਹਾਂ ਦਾ ਆਖਰੀ ਗੀਤ ਸੀ ਜੋ ਉਨ੍ਹਾਂ ਦੇ ਜਿਉਂਦੇ ਜੀਅ ਮੌਤ ਤੋਂ ਸਿਰਫ਼ ਚਾਰ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ ਪਹਿਲਾ ਗੀਤ ਹਰੀ ਸਿੰਘ ਨਲੂਆ ਦੀ ਵਾਰ ਸੀ, ਜੋ 22 ਨਵੰਬਰ 2022 ਨੂੰ ਜਾਰੀ ਕੀਤਾ ਗਿਆ।

ਉਸ ਤੋਂ ਬਾਅਦ 7 ਅਪ੍ਰੈਲ 2023 ਨੂੰ ਮੇਰਾ ਨਾਂ ਗੀਤ ਜਾਰੀ ਕੀਤਾ ਗਿਆ।

ਚੋਰਨੀ ਗੀਤ ਜੁਲਾਈ 2023 ਦੇ ਪਹਿਲੇ ਹਫ਼ਤੇ ਵਿੱਚ ਯੂਟਿਊਬ ਉੱਤੇ ਜਾਰੀ ਕੀਤਾ ਗਿਆ।

ਉਸ ਤੋਂ ਬਾਅਦ 12 ਨਵੰਬਰ 2023 ਨੂੰ ਇੱਕ ਹੋਰ ਗੀਤ “ਵਾਚ ਆਊਟ” ਜਾਰੀ ਕੀਤਾ ਗਿਆ।

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਤਾਜ਼ਾ ਗਾਣਾ ਡਰਿਪੀ ਫਰਵਰੀ 2024 ਵਿੱਚ ਜਾਰੀ ਕੀਤਾ ਗਿਆ।

ਹੁਣ ਉਨ੍ਹਾਂ ਦਾ ਨਵਾਂ ਗੀਤਾ ਜਾਰੀ ਹੋਣ ਵਾਲਾ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)