ਕੈਨੇਡਾ ਵਿੱਚ ਪੰਜਾਬੀ ਮੂਲ ਦੇ ਸ਼ਖ਼ਸ ਦਾ ਗੋਲੀਆਂ ਮਾਰ ਕੇ ਕਤਲ, ਪ੍ਰਤੱਖਦਰਸ਼ੀ ਨੇ ਇਹ ਵੇਰਵਾ ਦਿੱਤਾ

ਤਸਵੀਰ ਸਰੋਤ, Getty Images
ਕੈਨੇਡਾ ਦੇ ਐਡਮਿੰਟਨ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ ਵਾਰਦਾਤ ਉਸਾਰੀ ਅਧੀਨ ਥਾਂ ਉੱਤੇ ਹੋਈ ਹੈ। ਇਸ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਹੈ ਪਰ ਅਜੇ ਤੱਕ ਉਸ ਦੀ ਪਛਾਣ ਬਾਰੇ ਖੁਲਾਸਾ ਨਹੀਂ ਹੋਇਆ ਹੈ।
ਪੁਲਿਸ ਮੁਤਾਬਕ ਮ੍ਰਿਤਕਾਂ ਵਿੱਚ ਇੱਕ 49 ਸਾਲਾ ਵਿਅਕਤੀ ਹੈ ਅਤੇ ਦੂਜਾ ਵਿਅਕਤੀ 57 ਸਾਲਾ ਹੈ। ਇੱਕ 51-ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਇੱਕ ਨਜ਼ਦੀਕੀ ਦੋਸਤ ਨੇ ਦੋ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਉਸਾਰੀ ਕੰਪਨੀ ਦੇ ਮਾਲਕ ਬੂਟਾ ਸਿੰਘ ਗਿੱਲ ਵਜੋਂ ਕੀਤੀ ਹੈ।
ਕੈਨੇਡਾ ਦੀ ਖ਼ਬਰ ਵੈਬਸਾਈਟ ਸੀਬੀਸੀ ਮੁਤਾਬਕ ਇਹ ਘਟਨਾ 8 ਅਪ੍ਰੈਲ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 12 ਕੁ ਵਜੇ ਕੈਵੇਨੋਗ ਇਲਾਕੇ ਵਿੱਚ ਵਾਪਰੀ।
ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਮੰਗਲਵਾਰ ਅਤੇ ਬੁੱਧਵਾਰ ਨੂੰ ਤੈਅ ਕੀਤਾ ਗਿਆ ਹੈ।
ਪੁਲਿਸ ਅਜੇ ਇਸ ਕਤਲ ਦੀ ਵਾਰਦਾਤ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਕਿਸੇ ਸ਼ੱਕੀ ਦੀ ਤਲਾਸ਼ ਨਹੀਂ ਕਰ ਰਹੇ ਹਨ।
ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਕਿਹਾ ਗਿਆ ਹੈ ਕਿ ਦੁਪਹਿਰ 12 ਵਜੇ ਦੇ ਕਰੀਬ ਇੱਕ ਰਿਹਾਇਸ਼ੀ ਖੇਤਰ ਵਿੱਚ ਇਹ ਗੋਲੀਬਾਰੀ ਹੋਈ ਸੀ।
ਸ਼ਹਿਰ ਦੇ ਸਾਬਕਾ ਕੌਂਸਲਰ ਮੋਹਿੰਦਰ ਸਿੰਘ ਬੰਗਾ ਨੇ ਕਿਹਾ ਕਿ ਉਹ ਬਹੁਤ ਚੰਗੀ ਤਰ੍ਹਾਂ ਬੂਟਾ ਸਿੰਘ ਗਿੱਲ ਨੂੰ ਜਾਣਦੇ ਸਨ ਅਤੇ ਉਨ੍ਹਾਂ ਦਾ ਪੰਜਾਬੀ ਭਾਈਚਾਰੇ ਵਿੱਚ ਰਸੂਖ਼ ਸੀ। ਮੋਹਿੰਦਰ ਸਿੰਘ ਮੁਤਾਬਕ ਬੂਟਾ ਸਿੰਘ ਦੂਜਿਆਂ ਦੀ ਮਦਦ ਲਈ ਜਾਣੇ ਜਾਂਦੇ ਸਨ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਕਈ ਵਾਰ ਆਪਣੀ ਪੂਰੀ ਵਾਹ ਲਗਾ ਕੇ ਅਤੇ ਆਪਣਾ ਨੁਕਸਾਨ ਝੱਲ ਕੇ ਵੀ ਲੋਕਾਂ ਦੀ ਮਦਦ ਕੀਤੀ ਸੀ। ਕੋਈ ਕਿਉਂ ਉਨ੍ਹਾਂ ਨੂੰ ਮਾਰੇਗਾ?"
"ਉਹ ਬੇਹੱਦ ਧਾਰਮਿਕ ਅਤੇ ਮਦਦਗਾਰ ਇਨਸਾਨ ਸਨ।"
ਉਸ ਵੇਲੇ ਦਾ ਕੀ ਮਾਹੌਲ ਸੀ
ਐਬੀ ਸਿਬੇਨ ਦੁਪਹਿਰ ਦੇ ਆਸ-ਪਾਸ ਆਂਢ-ਗੁਆਂਢ ਵਿੱਚ ਸੈਰ ਕਰ ਕੇ ਘਰ ਜਾ ਰਹੀ ਸੀ ਜਦੋਂ ਉਨ੍ਹਾਂ ਨੇ ਉੱਚੀ-ਉੱਚੀ ਗੋਲੀਆਂ ਚੱਲਣ ਦੀ ਆਵਾਜ਼ ਸੁਣੀ।
ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਦੋ ਛੋਟੇ ਬੱਚਿਆਂ ਨਾਲ ਸੈਰ ਕਰ ਰਹੀ ਸੀ ਜਦੋਂ ਉਸਦੇ ਘਰ ਦੇ ਨੇੜੇ ਇੱਕ ਉਸਾਰੀ ਵਾਲੀ ਥਾਂ ਤੋਂ ਆਵਾਜ਼ ਆਈ।
ਸਿਬੇਨ ਨੇ ਕਿਹਾ ਕਿ ਉਨ੍ਹਾਂ ਨੇ ਘੱਟੋ-ਘੱਟ ਚਾਰ ਗੰਨ ਸ਼ੌਟ ਸੁਣੇ।
ਸਿਬੇਨ ਨੇ ਸੀਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਨੂੰ ਨਹੀਂ ਪਤਾ ਕਿ ਇਹ ਇੱਕ ਨੇਲ ਗਨ ਸੀ ਜਾਂ ਕੋਈ ਬੰਦੂਕ ਸੀ ਕਿਉਂਕਿ ਉੱਥੇ ਇੱਕ ਨਿਰਮਾਣ ਸਾਈਟ ਹੈ।"
"ਇਹ ਉਦੋਂ ਤੱਕ ਮੇਰੇ ਲਈ ਸਪੱਸ਼ਟ ਨਹੀਂ ਸੀ ਜਦੋਂ ਤੱਕ ਮੈਂ ਮੁੰਡਿਆਂ, ਨਿਰਮਾਣ ਮਜ਼ਦੂਰਾਂ ਨੂੰ ਸਾਈਟ ਤੋਂ ਭੱਜਦੇ ਹੋਏ ਨਹੀਂ ਦੇਖਿਆ।"
ਸਿਬੇਨ ਨੇ ਕਿਹਾ ਕਿ ਕਰਮੀ ਅਚਾਨਕ ਭੱਜਣ ਲੱਗੇ, ਕਈਆਂ ਕੋਲ ਆਪਣੇ ਵਾਹਨ ਸਨ ਤੇ ਉਹ ਉਨ੍ਹਾਂ ਵਿੱਚ ਬੈਠ ਕੇ ਨਿਕਲ ਗਏ।
ਉਨ੍ਹਾਂ ਵਿੱਚੋਂ ਇੱਕ ਨੇ ਸਿਬੇਨ ਨੂੰ ਨਿਰਮਾਣ ਅਧੀਨ ਅਪਾਰਟਮੈਂਟ ਕੰਪਲੈਕਸ ਤੋਂ ਦੂਰ ਭੱਜਣ ਲਈ ਕਿਹਾ।
ਸਿਬੇਨ ਨੇ ਕਿਹਾ ਕਿ ਉਹ ਉੱਥੋਂ ਆਪਣੇ ਇੱਕ ਅਤੇ ਤਿੰਨ ਸਾਲ ਦੇ ਬੱਚਿਆਂ ਨੂੰ ਲੈ ਕੇ ਜਿੰਨੀ ਜਲਦੀ ਹੋ ਸਕੇ ਨਿਕਲ ਗਈ।
ਉਨ੍ਹਾਂ ਨੇ ਅੱਗੇ ਦੱਸਿਆ, "ਉਨ੍ਹਾਂ ਵਿੱਚੋਂ ਇੱਕ ਗੱਡੀ ਦੇ ਸ਼ੀਸ਼ੇ ਹੇਠਾਂ ਕਰ ਕੇ ਇੱਕ ਵਿਅਕਤੀ ਨੇ ਮੈਨੂੰ ਕਿਹਾ ਕਿ ਉੱਥੇ ਹਮਲਾਵਰ ਹੈ, ਤੁਸੀਂ ਵਾਪਸ ਦੂਜੇ ਰਸਤੇ 'ਤੇ ਮੁੜ ਜਾਓ।"
"ਇਸ ਲਈ ਮੈਂ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਉਸ ਵਿਅਕਤੀ ਨੇ ਆਪਣੇ ਟਰੱਕ ਨੂੰ ਹੌਲੀ ਕਰ ਕੇ ਮੇਰੇ ਨਾਲ ਤੋਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ।"
"ਮੈਂ ਬੱਸ ਆਪਣੇ ਸਟੋਰਲਰ ਨਾਲ ਦੌੜ ਰਹੀ ਸੀ ਅਤੇ ਉਹ ਮੇਰੇ ਉੱਤੇ ਚੀਕਿਆ ਕਿ ਮੈਂ ਤੁਹਾਡੇ ਨਾਲ ਹਾਂ, ਤੁਸੀਂ ਬੱਸ ਤੁਰੇ ਚੱਲੋ।"

ਤਸਵੀਰ ਸਰੋਤ, Getty Images
ਸਿਬੇਨ ਨੇ ਕਿਹਾ ਕਿ ਕਰਮਚਾਰੀ ਉਸ ਦੇ ਨਾਲ ਉਦੋਂ ਤੱਕ ਰਿਹਾ ਜਦੋਂ ਤੱਕ ਸਾਇਰਨ ਦੀ ਆਵਾਜ਼ ਨਹੀਂ ਸੁਣੀ ਗਈ।
ਉਨ੍ਹਾਂ ਨੇ ਕਿਹਾ ਕਿ ਆਖ਼ਰਕਾਰ ਉਨ੍ਹਾਂ ਨੇ ਉਸਾਰੀ ਵਾਲੀ ਥਾਂ ਤੋਂ ਬਚ ਕੇ ਘਰ ਵਾਲੇ ਰਸਤਾ ਫੜ੍ਹ ਲਿਆ। ਉਦੋਂ ਤੱਕ ਪੁਲਿਸ ਵਾਹਨਾਂ ਦਾ ਇੱਕ ਸਮੂਹ ਘਟਨਾ ਸਥਾਨ 'ਤੇ ਪਹੁੰਚ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਾਅਦ ਵਿੱਚ ਪੁਲਿਸ ਨਾਲ ਗੱਲ ਕੀਤੀ ਜਿਨ੍ਹਾਂ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ। ਸਿਬੇਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਕਰਮਚਾਰੀਆਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਉਸ ਦੀ ਬਚ ਕੇ ਭੱਜਣ ਵਿੱਚ ਮਦਦ ਕੀਤੀ।
ਸਿਬੇਨ ਨੇ ਕਿਹਾ ਕਿ ਉਹ ਇੱਕ ਸਾਲ ਪਹਿਲਾਂ ਇਸ ਖੇਤਰ ਵਿਚ ਚਲੀ ਗਈ ਸੀ ਅਤੇ ਉਸ ਹਿੰਸਾ ਤੋਂ ਅਸਹਿਜ ਮਹਿਸੂਸ ਕਰਦੀ ਹੈ ਜੋ ਉਸ ਦੇ ਘਰ ਤੋਂ ਕੁਝ ਕਦਮ ਦੀ ਦੂਰੀ ਉੱਤੇ ਵਾਪਰੀ ਸੀ।
ਨਿਰਮਾਣ ਅਧੀਨ ਦੋ ਮੰਜ਼ਿਲਾ ਮਲਟੀ-ਯੂਨਿਟ ਇਮਾਰਤ ਦੇ ਆਲੇ-ਦੁਆਲੇ ਸੋਮਵਾਰ ਦੁਪਹਿਰ ਨੂੰ ਕਈ ਪੁਲਿਸ ਵਾਹਨ ਘਟਨਾ ਸਥਾਨ 'ਤੇ ਰਹੇ। ਦੁਪਹਿਰ ਤੱਕ ਲੋਕਾਂ ਦੀ ਵੱਡੀ ਭੀੜ ਘਟਨਾ ਵਾਲੀ ਥਾਂ 'ਤੇ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ।
ਕਰੀਬ 50 ਲੋਕ ਸੜਕ ਦੇ ਕਿਨਾਰੇ ਖੜ੍ਹੇ ਸਨ ਜਦੋਂ ਪੁਲਿਸ ਨੇ ਸਬੂਤ ਇਕੱਠੇ ਕੀਤੇ।
ਬੰਗਾ ਨੇ ਕਿਹਾ, "ਮੇਰਾ ਮਤਲਬ ਹੈ, ਸਪੱਸ਼ਟ ਤੌਰ 'ਤੇ ਤੁਸੀਂ ਇੱਥੇ ਸਾਰੇ ਲੋਕਾਂ ਨੂੰ ਦੇਖ ਸਕਦੇ ਹੋ, ਉਹ ਸਾਰੇ ਸ਼ੁਭਚਿੰਤਕ ਹਨ ਅਤੇ ਭਾਈਚਾਰਾ ਇਸ ਸਮੇਂ ਸਦਮੇ ਵਿੱਚ ਹੈ।"












