ਪ੍ਰਾਣ ਤੋਂ ਗੁਲਸ਼ਨ ਗਰੋਵਰ ਤੱਕ- ਬਾਲੀਵੁੱਡ ’ਚ ਲੋਕਾਂ ਨੂੰ 'ਡਰਾਉਣ' ਵਾਲੇ ਬਹੁਤੇ ਖ਼ਲਨਾਇਕ ਪੰਜਾਬੀ, ਅਸਲ ਜ਼ਿੰਦਗੀ ਕਿੰਨੀ ਵੱਖਰੀ?

ਬਾਲੀਵੁੱਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਾਣ, ਪ੍ਰੇਮ ਚੋਪੜਾ, ਰੰਜੀਤ, ਅਰਮੀਸ਼ ਪੁਰੀ, ਡੈਨੀ, ਅਨੁਪਮ ਖੇਰ, ਅਮਜ਼ਦ ਖ਼ਾਨ, ਸ਼ਕਤੀ ਕਪੂਰ ਤੋਂ ਲੈ ਕੇ ਗੁਲਸ਼ਨ ਗਰੋਵਰ ਤੱਕ ਢੇਰ ਸਾਰੇ ਨਾਮ ਦਿੱਗਜ ਖਲਨਾਇਕਾਂ ਦੀ ਫੇਹਰਿਸਤ ਵਿੱਚ ਸ਼ਾਮਲ ਹਨ।
    • ਲੇਖਕ, ਵੰਦਨਾ
    • ਰੋਲ, ਸੀਨੀਅਰ ਨਿਊਜ਼ ਐਡੀਟਰ, ਏਸ਼ੀਆ ਡਿਜੀਟਲ

ਅੱਜ ਭਾਵੇਂ ਪਠਾਣ ਵਿੱਚ ਸ਼ਾਹਰੁਖ਼ ਖ਼ਾਨ ਦੇ ਸਾਹਮਣੇ ਜੌਹਨ ਅਬਰਾਹਮ ਵਰਗੇ ਹੀਰੋ ਦਾ ਵਿਲੇਨ ਹੋਣਾ ਆਮ ਗੱਲ ਹੋਵੇ। ਪਰ ਇੱਕ ਸਮਾਂ ਸੀ ਜਦੋਂ ਵਿਲੇਨ ਦਾ ਰੋਲ ਕਰਨਾ ਕੋਈ ਚੰਗੀ ਜਾਂ ਸਵੀਕਾਰਨਯੋਗ ਗੱਲ ਨਹੀਂ ਸੀ ਸਮਝੀ ਜਾਂਦੀ।

ਗੱਲ 1971 ਦੀ ਹੈ ਜਦੋਂ ਫਿਲਮ ਸ਼ਰਮੀਲੀ ਰਿਲੀਜ਼ ਹੋਈ ਸੀ। ਸ਼ਸ਼ੀ ਕਪੂਰ ਤਾਂ ਪਹਿਲਾਂ ਹੀ ਹਿੱਟ ਸਨ ਲੇਕਿਨ ਵਿਲੇਨ ਦੀ ਭੂਮਿਕਾ ਵਿੱਚ ਰੰਜੀਤ ਲਈ ਵੀ ਇਹ ਇੱਕ ਵੱਡਾ ਬਰੇਕ ਸੀ।

ਉਹੀ ਰੰਜੀਤ ਜਿਨ੍ਹਾਂ ਨੂੰ ਅਜੋਕੀ ਪੀੜ੍ਹੀ ਹਾਊਸਫੁੱਲ-4 ਤੋਂ ਜਾਣਦੀ ਹੈ।

ਰੰਜੀਤ ਦਾ ਪਰਿਵਾਰ ਵੀ ਇਹ ਫਿਲਮ ਦੇਖਣ ਗਿਆ ਸੀ। ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਬੇਟਾ ਨਾਇਕਾ ਰਾਖੀ ਦੇ ਨਾਲ ਬਦਸਲੂਕੀ ਕਰ ਰਿਹਾ ਹੈ, ਉਨ੍ਹਾਂ ਦੇ ਕੱਪੜੇ ਪਾੜ ਰਿਹਾ ਹੈ ਤਾਂ ਉਹ ਫਿਲਮ ਅੱਧ ਵਿਚਕਾਰ ਹੀ ਛੱਡ ਕੇ ਚਲੇ ਗਏ ਸਨ।

ਪ੍ਰਾਣ
ਤਸਵੀਰ ਕੈਪਸ਼ਨ, ਪ੍ਰਾਣ ਅਸਲ ਜ਼ਿੰਦਗੀ ਵਿੱਚ ਆਪਣੀ ਦਿਆਲਤਾ ਲਈ ਜਾਣੇ ਜਾਂਦੇ ਸਨ

ਘਰੇ ਜਾ ਕੇ ਉਨ੍ਹਾਂ ਦੀ ਮਾਂ ਬਹੁਤ ਰੋਈ ਕਿ ਪੁੱਤਰ ਨੇ ਪਰਿਵਾਰ ਦਾ ਨਾਮ ਖ਼ਰਾਬ ਕਰ ਦਿੱਤਾ ਅਤੇ ਪਿਤਾ ਅੰਮ੍ਰਿਤਸਰ ਜਾ ਕੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ।

ਅਖੀਰ ਹੋਇਆ ਇਹ ਕਿ ਰੰਜੀਤ, ਰਾਖੀ ਨੂੰ ਆਪਣੇ ਘਰੇ ਲੈ ਕੇ ਆਏ ਅਤੇ ਉਨ੍ਹਾਂ ਨੂੰ ਪਰਿਵਾਰ ਦੇ ਸਾਹਮਣੇ ਯਕੀਨ ਦਵਾਉਣਾ ਪਿਆ ਕਿ ਰਾਖੀ ਨੂੰ ਕੋਈ ਸ਼ਿਕਾਇਤ ਨਹੀਂ ਹੈ ਅਤੇ ਉਹ ਸਿਰਫ਼ ਅਦਾਕਾਰੀ ਸੀ। ਫਿਰ ਵੀ ਉਨ੍ਹਾਂ ਦੀ ਮਾਂ ਰਾਖੀ ਤੋਂ ਰੰਜੀਤ ਦੇ ਕੀਤੇ ਲਈ ਮਾਫ਼ੀ ਮੰਗਦੀ ਰਹੀ।

ਇਹ ਕਿੱਸਾ ਖ਼ੁਦ ਰੰਜੀਤ ਨੇ ਕਿਤਾਬ ‘ਬੈਡ ਮੈਨ- ਬਾਲੀਵੁੱਡਜ਼ ਆਈਕਾਨਿਕ ਵਿਲੇਨਜ਼’ ਵਿੱਚ ਸਾਂਝਾ ਕੀਤਾ ਹੈ। ਇਹ ਕਿਤਾਬ ਫਿਲਮ ਪੱਤਰਕਾਰ ਰੋਸ਼ਮਿਲਾ ਭੱਟਾਚਾਰੀਆ ਨੇ ਹਿੰਦੀ ਸਿਨੇਮਾ ਦੇ 13 ਵੱਡੇ ਖਲਨਾਇਕਾਂ ਉੱਪਰ ਲਿਖੀ ਹੈ।

ਗੁਆਂਢੀ ਕਹਿੰਦੇ ਸੰਕਕਾਰੀ ਪੁੱਤਰ ਵਿਗੜ ਗਿਆ- ਗੁਲਸ਼ਨ ਗਰੋਵਰ

ਪ੍ਰਾਣ, ਜੀਵਨ, ਪ੍ਰੇਮ ਚੋਪੜਾ, ਕੇਐੱਨ ਸਿੰਘ, ਰੰਜੀਤ, ਅਰਮੀਸ਼ ਪੁਰੀ, ਡੈਨੀ, ਅਨੁਪਮ ਖੇਰ, ਅਮਜ਼ਦ ਖ਼ਾਨ, ਸ਼ਕਤੀ ਕਪੂਰ ਤੋਂ ਲੈ ਕੇ ਗੁਲਸ਼ਨ ਗਰੋਵਰ ਤੱਕ ਢੇਰ ਸਾਰੇ ਨਾਮ ਇਨ੍ਹਾਂ ਦਿੱਗਜ ਖਲਨਾਇਕਾਂ ਦੀ ਫੇਹਰਿਸਤ ਵਿੱਚ ਸ਼ਾਮਲ ਹਨ।

ਅੱਜ ਗੱਲ ਕਰਦੇ ਹਾਂ ਹਿੰਦੀ ਫਿਲਮਾਂ ਦੇ ਖਲਨਾਇਕਾਂ ਦੀ, ਖਾਸ ਕਰਕੇ ਜਦੋਂ 12 ਜੁਲਾਈ ਨੂੰ ਪ੍ਰਾਣ ਦੀ ਬਰਸੀ ਬੈ ਅਤੇ 27 ਜੁਲਾਈ ਨੂੰ ਅਮਜ਼ਦ ਖ਼ਾਨ ਦੀ।

ਪਰਦੇ ਉੱਤੇ ਦਿਖਾਇਆ ਗਿਆ ਇਨ੍ਹਾਂ ਖਲਨਾਇਕਾਂ ਦਾ ਡਰਾਉਣਾ ਅਵਤਾਰ ਇੰਨਾ ਅਸਰਦਾਰ ਹੋਇਆ ਕਰਦਾ ਸੀ ਕਿ ਅਸਲੀ ਜ਼ਿੰਦਗੀ ਵਿੱਚ ਵੀ ਲੋਕਾਂ ਨੂੰ ਖਲਨਾਇਕਾਂ ਤੋਂ ਭੈਅ ਆਇਆ ਕਰਦਾ ਸੀ ਅਤੇ ਪਰਿਵਾਰ ਵਾਲਿਆਂ ਵਿੱਚ ਨਰਾਜ਼ਗੀ ਸੀ।

ਰੋਸ਼ਮਿਲਾ ਭੱਟਾਚਾਰੀਆ ਦੀ ਕਿਤਾਬ ਬੈਡ ਮੈਨ ਵਿੱਚ ਅਜਿਹੇ ਕਈ ਕਿੱਸੇ ਹਨ।

ਗੁਲਸ਼ਨ ਗਰੋਵਰ ਕਿਤਾਬ ਵਿੱਚ ਦੱਸਦੇ ਹਨ, “1983 ਵਿੱਚ ਆਈ ਫਿਲਮ ਅਵਤਾਰ ਵਿੱਚ ਮੈਂ ਆਪਣੇ ਮਾਂ-ਬਾਪ ਨੂੰ ਪੈਸਿਆਂ ਲਈ ਕੱਢ ਦਿੰਦਾ ਹਾਂ। ਮੇਰੇ ਗੁਆਂਢੀ ਜਦੋਂ ਫਿਲਮ ਦੇਖ ਕੇ ਆਏ ਤਾਂ ਰੋਜ਼ ਮੇਰੇ ਘਰ ਵਿੱਚ ਕਹਿੰਦੇ ਕਿ ਤੁਹਾਡਾ ਸੰਸਕਾਰੀ ਬੇਟਾ ਬਿਗੜਿਆ ਹੋਇਆ ਨਾਸ਼ੁਕਰਾ ਪੁੱਤ ਬਣ ਗਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਉਹ ਪੈਸੇ ਲਈ ਅਸਲੀ ਮਾਪਿਆਂ ਨੂੰ ਘਰੋਂ ਕੱਢ ਦੇਵੇਗਾ। ਮੇਰੀ ਮਾਂ ਨੂੰ ਸ਼ੁਰੂ ਵਿੱਚ ਫਿਲਮਾਂ ਦੀ ਸਮਝ ਨਹੀਂ ਸੀ ਅਤੇ ਉਹ ਬਹੁਤ ਰੋਂਦੇ ਸਨ।”

ਅਦਾਕਾਰ ਪ੍ਰੇਮ ਚੋਪੜਾ

ਤਸਵੀਰ ਸਰੋਤ, PREMCHOPRA

ਤਸਵੀਰ ਕੈਪਸ਼ਨ, ਅਦਾਕਾਰ ਪ੍ਰੇਮ ਚੋਪੜਾ

ਸ਼ਾਇਰ ਪ੍ਰੇਮ ਚੋਪੜਾ

ਪਰਦੇ ਉੱਤੇ ਭਾਵੇਂ ਵਿਲੇਨ ਬੇਰਹਿਮ ਅਤੇ ਸ਼ਾਤਿਰ ਮਿਜ਼ਾਜ ਹੋਣ ਪਰ ਅਸਲੀ ਜ਼ਿੰਦਗੀ ਵਿੱਚ ਇਨ੍ਹਾਂ ਦੀ ਸ਼ਖਸ਼ੀਅਤ ਦੇ ਕਈ ਦਿਲਚਸਪ ਪਹਿਲੂ ਹਨ ਅਤੇ ਸਾਰੇ ਆਪੋ-ਆਪਣੇ ਹਿੱਸੇ ਦਾ ਸੰਘਰਸ਼ ਕਰਕੇ ਇੱਥੇ ਤੱਕ ਪਹੁੰਚੇ ਸਨ।

ਸਾਲ 2023 ਵਿੱਚ ਫਿਲਮ ਏਨੀਮਲ ਵਿੱਚ ਦਿਖੇ ਪ੍ਰੇਮ ਚੋਪੜਾ ਚੰਗੇ ਸ਼ਾਇਰ ਹਨ ਅਤੇ ਪ੍ਰੇਮ ਅਵਾਰਾ ਦੇ ਨਾਮ ਤੋਂ ਜਾਣੇ ਜਾਂਦੇ ਹਨ।

ਫਿਲਮਾਂ ਵਿੱਚ ਸੰਘਰਸ਼ ਕਰਦੇ ਹੋਏ ਉਹ ਨਾਲੋ-ਨਾਲ ਕਈ ਸਾਲਾਂ ਤਾਂ ਚੋਰੀ-ਛਿਪੇ ਟਾਈਮਜ਼ ਆਫ਼ ਇੰਡੀਆ ਦੇ ਸਰਕੂਲੇਸ਼ਨ ਵਿਭਾਗ ਵਿੱਚ ਕੰਮ ਕਰਦੇ ਰਹੇ ਤਾਂ ਕਿ ਰੋਜ਼ੀ ਰੋਟੀ ਚਲਦੀ ਰਹੇ, ਜਦੋਂ ਤੱਕ ਕਿ ਉਹ ਵੋਹ ਕੌਨ ਥੀ (1964) ਫਿਲਮ ਤੋਂ ਬਤੌਰ ਵਿਲੇਨ ਹਿੱਟ ਨਹੀਂ ਹੋ ਗਏ।

ਰੰਜੀਤ ਕਾਫ਼ੀ ਚੰਗੇ ਚਿੱਤਰਕਾਰ ਹਨ ਅਤੇ ਕਾਲਜ ਦੀ ਫੁੱਟਬਾਲ ਟੀਮ ਦੇ ਵਧੀਆ ਗੋਲਚੀ ਸਨ। ਐੱਨਡੀਏ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਉੱਥੋਂ ਕੱਢੇ ਗਏ ਰੰਜੀਤ ਹਿੰਦੀ ਫਿਲਮਾਂ ਵਿੱਚ ਵਿਲੇਨ ਬਣ ਗਏ।

ਅਦਾਕਾਰ ਡੈਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਦਾਕਾਰ ਡੈਨੀ

ਗਾਇਕ ਡੈਨੀ, ਰੋਜ਼ਗਾਰ ਮੰਤਰਾਲੇ ਦੇ ਅਮਰੀਸ਼ ਪੁਰੀ

ਡੈਨੀ ਵਧੀਆ ਗਾਇਕ ਹਨ ਅਤੇ ਗਾਇਕ ਬਣਨ ਦੇ ਇਰਾਦੇ ਨਾਲ ਹੀ ਨਿਕਲੇ ਸਨ। ਡੈਨੀ ਨੇ ਕਿਸ਼ੋਰ ਕੁਮਾਰ, ਆਸ਼ਾ ਭੋਂਸਲੇ ਤੋਂ ਲੈ ਕੇ ਲਤਾ ਮੰਗੇਸ਼ਕਰ ਵਰਗੇ ਨਾਮੀ ਗਾਇਕਾਂ ਨਾਲ ਕਈ ਹਿੰਦੀ ਫਿਲਮਾਂ ਵਿੱਚ ਗਾਇਆ ਹੈ।

ਫਿਲਮਾਂ ਵਿੱਚ ਨਾਮ ਕਮਾਉਣ ਤੋਂ ਪਹਿਲਾਂ ਕਰੀਬ 20 ਸਾਲ ਤੱਕ ਅਮਰੀਸ਼ ਪੁਰੀ ਅਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਿੱਚ ਕੰਮ ਅਤੇ ਉਸਦੇ ਨਾਲ ਥਿਏਟਰ ਕਰਦੇ ਸਨ।

ਸਾਲ 1979 ਵਿੱਚ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਿਆ ਸੀ ਜਦਕਿ ਉਨ੍ਹਾਂ ਦਾ ਫਿਲਮੀ ਕਰੀਅਰ ਬਾਅਦ ਵਿੱਚ ਹੀ ਬੁਲੰਦੀਆਂ ਉੱਤੇ ਪਹੁੰਚਿਆ।

ਉੱਥੇ ਹੀ ਫੋਟੋਗ੍ਰਾਫ਼ੀ ਦੇ ਸ਼ੌਕੀਨ ਪ੍ਰਾਣ ਇੱਕ ਫ਼ੋਟੋਗ੍ਰਾਫਰ ਦੇ ਸਹਾਇਕ ਵਜੋਂ ਕੰਮ ਕਰਦੇ ਸਨ। ਫਿਰ ਪੰਜਾਬੀ ਫਿਲਮਾਂ ਦੇ ਹਿੱਟ ਹੀਰੋ ਬਣੇ ਅਤੇ ਬਾਅਦ ਵਿੱਚ ਵਿਲੇਨ। ਲੇਕਿਨ ਵਿਲੇਨ ਤੋਂ ਪਰ੍ਹੇ ਉਨ੍ਹਾਂ ਦੀ ਵੱਖਰੀ ਹੀ ਸ਼ਖਸ਼ੀਅਤ ਸਾਹਮਣੇ ਆਉਂਦੀ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਰਾਜ ਕਪੂਰ ਨਾਲ ਲੜਾਈ ਅਤੇ ਪ੍ਰਾਣ ਨੇ ਖਵਾਈ ਚਾਕਲੇਟ

ਕਈ ਸਾਲ ਪਹਿਲਾਂ ਸੀਨੀਅਰ ਫਿਲਮ ਸਮੀਖਿਅਕ ਜੈਪ੍ਰਕਾਸ਼ ਚੌਕਸੇ ਨੇ ਮੈਨੂੰ ਦੱਸਿਆ ਸੀ, “ਇੱਕ ਦਿਨ ਅਚਾਨਕ ਪ੍ਰਾਣ ਸਾਹਬ ਨੇ ਮੈਨੂੰ ਬੁਲਾਇਆ ਅਤੇ ਪੁੱਛਿਆ ਕਿ ਤੁਸੀਂ ਰਾਜ ਕਪੂਰ ਦੇ ਤਿੰਨਾਂ ਪੁੱਤਰਾਂ- ਰਿਸ਼ੀ, ਰਣਧੀਰ ਅਤੇ ਰਾਜੀਵ ਨੂੰ ਮੇਰੇ ਘਰ ਲੈ ਕੇ ਆ ਸਕਦੇ ਹੋ ਕਿਉਂਕਿ ਮੈਂ ਉਨ੍ਹਾਂ ਨਾਲ ਇੱਕ ਸ਼ਾਮ ਬਿਤਾਉਣਾ ਚਾਹੁੰਦਾ ਹਾਂ।

ਮੈਂ ਅਜਿਹਾ ਹੀ ਕੀਤਾ। ਬਾਅਦ ਵਿੱਚ ਪ੍ਰਾਣ ਜੀ ਨੇ ਮੈਨੂੰ ਦੱਸਿਆ ਕਿ ਦਰਅਸਲ ਫਿਲਮ ਬਾਬੀ ਦੀ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਦੀ ਰਾਜ ਕਪੂਰ ਨਾਲ ਕੁਝ ਲੜਾਈ ਹੋ ਗਈ ਸੀ, ਜਿਸ ਲਈ ਉਨ੍ਹਾਂ ਨੂੰ ਮਲਾਲ ਸੀ।

ਉਸੇ ਦੀ ਭਰਪਾਈ ਲਈ ਪ੍ਰਾਣ ਜੀ ਨੇ ਰਾਜ ਕਪੂਰ ਦੇ ਬੱਚਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਸਮਾਂ ਬਿਤਾਇਆ। ਇਹ ਵੀ ਉਨ੍ਹਾਂ ਦਾ ਇੱਕ ਪਹਿਲੂ ਸੀ।”

ਪਠਾਨ ਫ਼ਿਲਮ

ਤਸਵੀਰ ਸਰੋਤ, YRFPR

ਤਸਵੀਰ ਕੈਪਸ਼ਨ, ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਪਠਾਨ ਦਾ ਪੋਸਟਰ

ਅਸ਼ੋਕ ਕੁਮਾਰ ਤੋਂ ਸ਼ਾਹਰੁਖ ਖ਼ਾਨ, ਨੈਤਿਕਤਾ ਦੇ ਬਦਲੇ ਮਿਆਰ

ਪਹਿਲੇ ਦੌਰ ਵਿੱਚ ਵਿਲੇਨ ਜਾਂ ਹੀਰੋ ਦੇ ਵਿਰੋਧੀ ਨੂੰ ਨੈਤਿਕਤਾ ਦੇ ਸਖ਼ਤ ਪੈਮਾਨੇ ਉੱਤੇ ਪਰਖਿਆ ਜਾਂਦਾ ਸੀ।

ਲੇਖਿਕਾ ਰੋਸ਼ਮਿਲਾ ਭੱਟਾਚਾਰੀਆ ਦੱਸਦੇ ਹਨ, 1950 ਵਿੱਚ ਸੂਪਰ ਸਟਾਰ ਅਸ਼ੋਕ ਕੁਮਾਰ ਨੇ ਫਿਲਮ ਸੰਗਰਾਮ ਵਿੱਚ ਨੈਗਿਟਿਵ ਰੋਲ ਕੀਤਾ ਸੀ, ਜਿਸ ਵਿੱਚ ਉਹ ਗੈਰ-ਕਨੂੰਨੀ ਕਾਰੋਬਾਰ ਕਰਦੇ ਹਨ, ਕਤਲ ਕਰਦੇ ਹਨ ਅਤੇ ਅੰਤ ਵਿੱਚ ਆਪਣੇ ਹੀ ਪੁਲਿਸ ਅਫ਼ਸਰ ਪਿਤਾ ਦੇ ਹੱਥੋਂ ਮਾਰੇ ਜਾਂਦੇ ਹਨ।

“16 ਹਫ਼ਤੇ ਸ਼ਾਨਦਾਰ ਚੱਲਣ ਤੋਂ ਬਾਅਦ ਇਹ ਫਿਲਮ ਲੁਹਾ ਦਿੱਤੀ ਗਈ ਸੀ। ਉਸ ਸਮੇਂ ਦੇ ਮੁੱਖ ਮੰਤਰੀ ਮੋਰਾਰਜੀ ਦੇਸਾਈ ਨੇ ਬੰਬੇ ਦੇ ਪੁਲਿਸ ਕਮਿਸ਼ਨਰ ਨੂੰ ਅਸ਼ੋਕ ਕੁਮਾਰ ਦੇ ਘੜ ਉਨ੍ਹਾਂ ਨੂੰ ਸਮਝਾਉਣ ਭੇਜਿਆ ਕਿ ਨੌਜਵਾਨਾਂ ਦੇ ਆਈਕਨ ਹੋਣ ਦੇ ਨਾਤੇ ਉਨ੍ਹਾਂ ਨੂੰ ਅਜਿਹੇ ਰੋਲ ਨਹੀਂ ਕਰਨੇ ਚਾਹੀਦੇ।”

ਖੈਰ ਹੁਣ ਤਾਂ ਫਿਲਮ ਦਾ ਹੀਰੋ ਹੀ ਕਈ ਵਾਰ ਵਿਲੇਨ ਹੁੰਦਾ ਹੈ, ਮਿਸਾਲ ਵਜੋਂ 1993 ਵਿੱਚ ਬਾਜ਼ੀਗਰ ਵਿੱਚ ਸ਼ਾਹਰੁਖ ਹੀ ਹੀਰੋ ਸਨ ਅਤੇ ਸ਼ਾਹਰੁਖ ਹੀ ਵਿਲੇਨ ਜੋ ਅੱਖ ਦੇ ਫੋਰ ਵਿੱਚ ਆਪਣੇ ਪ੍ਰੇਮਿਕਾ ਦਾ ਕਤਲ ਕਰ ਦਿੰਦਾ ਹੈ।

ਅਮਜ਼ਦ ਖਾਨ

ਤਸਵੀਰ ਸਰੋਤ, SIPPYFILMS

ਤਸਵੀਰ ਕੈਪਸ਼ਨ, ਫ਼ਿਲਮ ਸ਼ੋਲੇ ਦੇ ਡਾਕੂ ਗੱਬਰ ਸਿੰਘ ਦੇ ਕਿਰਦਾਰ ਵਿੱਚ ਅਮਜ਼ਦ ਖਾਨ

ਡਾਕੂ ਤੋਂ ਸਟਾਇਲਿਸ਼ ਕਾਰੋਬਾਰੀ- ਬਦਲਦੇ ਵਿਲੇਨ

ਕਹਿੰਦੇ ਹਨ ਕਿ ਫਿਲਮ ਵਿੱਚ ਵਿਲੇਨ ਜਿੰਨਾ ਤਕੜਾ ਅਤੇ ਅਸਰਦਾਰ ਹੁੰਦਾ ਹੈ, ਹੀਰੋ ਆਖਰ ਵਿੱਚ ਉਨਾਂ ਹੀ ਹਿੱਟ ਹੋ ਕੇ ਨਿਕਲਦਾ ਹੈ। ਸਾਲ ਦਰ ਸਾਲ ਵਿਲੇਨ ਦਾ ਸਰੂਪ, ਲੁਕ, ਤੇਵਰ ਬਦਲਦੇ ਰਹੇ ਹਨ।

1950 ਦੇ ਦਹਾਕੇ ਵਿੱਚ ਸ਼ਾਹੂਕਾਰ ਵਿਲੇਨ ਹੁੰਦਾ ਸੀ। ਸਾਲ 1957 ਵਿੱਚ ਆਈ ਮਦਰ ਇੰਡੀਆ ਦਾ ਸੁੱਖੀ ਲਾਲਾ ਇਸਦੀ ਮਿਸਾਲ ਹੈ, ਜਿਸ ਦਾ ਰੋਲ ਅਦਾਕਾਰ ਕਨ੍ਹਈਆ ਲਾਲ ਨੇ ਕੀਤਾ ਸੀ। ਬਾਅਦ ਵਿੱਚ ਸਿਗਰੇਟ ਦੇ ਧੂਏਂ ਦੇ ਛੱਲੇ ਬਣਾਉਂਦੇ ਪ੍ਰਾਣ ਵਰਗੇ ਸਟਾਇਲਿਸ਼ ਵਿਲੇਨ ਆ ਗਏ।

ਆਪਣੇ ਜ਼ਮਾਨੇ ਦੇ ਮਸ਼ਹੂਰ ਵਿਲੇਨ ਅਜੀਤ ਬਾਰੇ ਕਿਤਾਬ ‘ਅਜੀਤ ਦਿ ਲਾਇਨ’ ਦੇ ਲੇਖਕ ਇਕਬਾਲ ਰਿਜ਼ਵੀ ਨੇ ਕੁਝ ਸਮਾਂ ਪਹਿਲਾਂ ਬੀਬੀਸੀ ਨਾਲ ਗੱਲ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਸੀ, “ਇੱਕ ਜ਼ਮਾਨੇ ਵਿੱਚ ਵਿਲੇਨ ਡਾਕੂ ਹੁੰਦੇ ਸਨ ਜਾਂ ਉਸ ਤੋਂ ਵੀ ਪਹਿਲਾਂ ਜ਼ਿੰਮੀਦਾਰ ਜਾਂ ਪਿੰਡ ਦਾ ਮਹਾਜਨ। ਲੇਕਿਨ 1970 ਦੇ ਦਹਾਕੇ ਵਿੱਚ ਜਦੋਂ ਅਜੀਤ ਵਰਗੇ ਅਦਾਕਾਰ ਵਿਲੇਨ ਬਣੇ ਤਾਂ ਭਾਰਤੀ ਸਮਾਜ ਬਦਲਣ ਲੱਗਿਆ ਸੀ।

ਉਸ ਸਮੇਂ ਤੱਕ ਇੱਕ ਅਜਿਹੇ ਵਿਲੇਨ ਨਾਲ ਸਾਡੀ ਪਛਾਣ ਹੁੰਦੀ ਹੈ ਜੋ, ਸ਼ਾਲੀਨ ਹੈ, ਗੱਲ-ਗੱਲ ਉੱਤੇ ਗੋਲੀ ਨਹੀਂ ਚਲਾਉਂਦਾ, ਸੂਟ ਪਾਉਂਦਾ ਹੈ, ਬੋਅ ਲਾਉਂਦਾ ਹੈ। ਉਹ ਬਹੁਤ ਅਰਾਮ ਅਤੇ ਸਕੂਨ ਨਾਲ ਗੱਲ ਕਰਦਾ ਹੈ। ਉਸ ਨੂੰ ਦੇਖ ਕੇ ਯਕੀਨ ਹੀ ਨਹੀਂ ਹੁੰਦਾ ਸੀ ਕਿ ਇਹ ਆਦਮੀ ਇੰਨਾ ਸ਼ੈਤਾਨ ਹੋ ਸਕਦਾ ਹੈ।”

ਜਦੋਂ ਪੁਨੀਤ ਈਸਰ ਬਣੇ ਲੋਕਾਂ ਦੇ ਅਸਲੀ ਵਿਲੇਨ

ਲੇਖਿਕਾ ਰੋਸ਼ਮਿਲਾ ਭੱਟਾਚਾਰੀਆ ਕਹਿੰਦੇ ਹਨ ਕਿ ਆਪਣੀ ਪ੍ਰਸਿੱਧੀ ਦਾ ਦੂਜਾ ਰੂਪ ਵਿੱਚ ਖਲਨਾਇਕਾਂ ਨੂੰ ਕਦੇ-ਕਦੇ ਦੇਖਣਾ ਪੈਂਦਾ ਹੈ।

ਸਾਲ 1983 ਵਿੱਚ ਫਿਲਮ ਕੁਲੀ ਦੀ ਸ਼ੂਟਿੰਗ ਵਿੱਚ ਵਿਲੇਨ ਪੁਨੀਤ ਈਸ਼ਰ ਅਤੇ ਅਮਿਤਾਭ ਬਚੱਨ ਦੇ ਦਰਮਿਆਨ ਇੱਕ ਐਕਸ਼ਨ ਦ੍ਰਿਸ਼ ਦੇ ਦੌਰਾਨ ਅਮਿਤਾਭ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਉਹ ਮੌਤ ਅਤੇ ਜ਼ਿੰਦਗੀ ਦੇ ਦਰਮਿਆਨ ਝੂਲ ਰਹੇ ਸਨ।

ਪੁਨੀਤ ਨੇ ਸਾਲ 2013 ਵਿੱਚ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਸੀ ਕਿ ਕੁਲੀ ਤੋਂ ਬਾਅਦ ਕਈ ਸਾਲਾਂ ਤੱਕ ਉਨ੍ਹਾਂ ਨੂੰ ਠੀਕ ਤਰ੍ਹਾਂ ਕੰਮ ਨਹੀਂ ਮਿਲਿਆ ਅਤੇ ਦਰਸ਼ਕਾਂ ਨੇ ਵੀ ਉਨ੍ਹਾਂ ਨੂੰ ਨਕਾਰ ਦਿੱਤਾ।

ਇੱਕ ਹਾਦਸੇ ਨੇ ਉਨ੍ਹਾਂ ਨੂੰ ਅਸਲ ਵਿਲੇਨ ਬਣਾ ਦਿੱਤਾ ਸੀ।

ਅਜੀਤ

ਤਸਵੀਰ ਸਰੋਤ, SHAHID ALI KHAN

ਤਸਵੀਰ ਕੈਪਸ਼ਨ, ਅਜੀਤ ਨੇ ਸੈਂਕੜੇ ਫ਼ਿਲਮਾਂ ਵਿੱਚ ਵੀਲੇਨ ਦਾ ਕਿਰਦਾਰ ਨਿਭਾਇਆ

ਪ੍ਰੇਮ ਨਾਮ ਹੈ ਮੇਰਾ, ਪ੍ਰੇਮ ਚੋਪੜਾ

ਖਲਨਾਇਕਾਂ ਦੀ ਗੱਲ ਅੱਗੇ ਤੋਰੀਏ ਤਾਂ ਪ੍ਰੇਮ ਚੋਪੜਾ ਜਿੱਥੇ ਰਾਜੇਸ਼ ਖੰਨਾ ਦੀ ਕਾਟ ਬਣੇ ਤਾਂ 1980 ਦੇ ਦਹਾਕੇ ਵਿੱਚ ਰੰਜੀਤ ਅਮਿਤਾਭ ਬੱਚਨ ਦੀ।

ਰੰਗੀਨ ਕਮੀਜ਼, ਸ਼ਰਟ ਦੇ ਬਟਨ ਖੁੱਲ੍ਹੇ, ਗਲੇ ਵਿੱਚ ਸੋਨੇ ਦੀ ਚੈਨ। ਇਹ ਵਿਲੇਨ ਲੁੱਟ-ਖਸੁੱਟ ਕਰਨ ਤੋਂ ਹੀ ਨਹੀਂ ਸਗੋਂ ਹਿਰੋਇਨ ਨਾਲ ਬਦਸਲੂਕੀ ਕਰਨ ਤੋਂ ਵੀ ਨਹੀਂ ਖੁੰਝਦੇ ਸਨ।

ਇਸੇ ਦੌਰਾਨ ਡੈਂਗ (ਕਰਮਾ) ਅਤੇ ਸ਼ਾਕਾਲ (ਸ਼ਾਨ) ਵਰਗੇ ਡਾਨ ਅਤੇ ਅਪਰਾਧੀ ਵੀ ਸਨ ਜਿਨ੍ਹਾਂ ਦੇ ਕੋਲ ਆਲੇ-ਦੁਆਲੇ ਨਵੇਂ-ਨਵੇਂ ਉਪਕਰਣ ਹੁੰਦੇ ਸਨ। ਸਕਰੀਨ ਉੱਤੇ ਇਨ੍ਹਾਂ ਦਾ ਦਾਖਲਾ ਹੀ ਦੱਸ ਦਿੰਦਾ ਸੀ ਹੁਣ ਸਭ ਗ਼ਲਤ ਹੋਣ ਜਾ ਰਿਹਾ ਹੈ।

ਇੱਥੇ ਬਾਬੀ ਦਾ ਉਹ ਸੀਨ ਯਾਦ ਆਉਂਦਾ ਹੈ ਕਿ ਜਿੱਥੇ ਪ੍ਰੇਮ ਚੋਪੜਾ ਫਿਲਮ ਦੇ ਅਖੀਰ ਵਿੱਚ ਐਂਟਰੀ ਲੈਂਦੇ ਹਨ। ਡਿੰਪਲ ਨੂੰ ਦੇਖ ਕੇ ਜਦੋਂ ਉਹ ਕਹਿੰਦੇ ਹਨ, ਪ੍ਰੇਮ ਨਾਮ ਹੈ, ਪ੍ਰੇਮ ਚੋਪੜਾ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਉੱਥੇ ਗੱਬਰ ਸਿੰਘ ਦੇ ਬੋਲੇ ਬਿਨਾਂ ਫਿਲਮ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲੇਕਿਨ 1992 ਵਿੱਚ ਸਿਰਫ਼ 52 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਇਸ ਸਾਰੇ ਦੌਰਾਨ ਸਿੱਕਮ ਤੋਂ ਆਏ ਅਤੇ ਇੱਕਦਮ ਵੱਖਰੇ ਦਿਸਣ ਵਾਲੇ ਡੈਨੀ ਨੇ ਵੀ ਧਰਮਾਤਮਾ, ਹਮ ਵਰਗੀਆਂ ਫਿਲਮਾਂ ਵਿੱਚ ਥਾਂ ਬਣਾਈ।

ਰੰਜੀਤ
ਤਸਵੀਰ ਕੈਪਸ਼ਨ, ਖ਼ਲਨਾਇਕ ਵਜੋਂ ਮਸ਼ਹੂਰ ਅਦਾਕਾਰ ਰੰਜੀਤ

ਪ੍ਰਾਣ ਬਣੇ ਮਲੰਗ ਚਾਚਾ, ਸ਼ਕਤੀ ਕਪੂਰ ਕ੍ਰਾਈਮ ਮਾਸਟਰ ਗੋਗੋ

ਵੈਸੇ ਸਮੇਂ ਦੇ ਨਾਲ ਕਈ ਖਲਨਾਇਕਾਂ ਨੇ ਹਾਂਮੁਖੀ ਕਿਰਦਾਰ ਵੀ ਨਿਭਾਉਣੇ ਸ਼ੁਰੂ ਕਰ ਦਿੱਤੇ ਸਨ। ਕਾਦਰ ਖ਼ਾਨ ਅਤੇ ਸ਼ਕਤੀ ਕਪੂਰ (ਕ੍ਰਾਈਮ ਮਾਸਟਰ ਗੋਗੋ) ਦੇ ਆਣ ਤੋਂ ਕਾਮਿਕ ਵਿਲੇਨ ਪਰਦੇ ਉੱਤੇ ਆਏ।

ਹਾਲਾਂਕਿ ਰੋਸ਼ਮਿਲਾ ਭੱਟਾਚਾਰੀਆ ਮੰਨਦੇ ਹਨ ਕਿ ਵਿਲੇਨ ਚੰਗਾ ਅਦਾਕਾਰ ਤਾਂ ਹੋਣਾ ਹੀ ਚਾਹੀਦਾ ਹੈ ਲੇਕਿਨ ਅਸਲ ਵਿਲੇਨ ਉਹੀ ਹੈ ਜੋ ਮਨ ਵਿੱਚ ਭੈਅ ਅਤੇ ਦਿਮਾਗ ਵਿੱਚ ਘਿੰਨ ਪੈਦਾ ਕਰੇ।

ਕਦੇ ਲੋਕਾਂ ਵਿੱਚ ਭੈਅ ਪੈਦਾ ਕਰਨ ਵਾਲੇ ਪ੍ਰਾਣ ਬਾਅਦ ਵਿੱਚ ਫਿਲਮ ਉਪਕਾਰ (1965) ਦੇ ਕਸਮੇ ਵਾਅਦੇ ਪਿਆਰ ਵਫ਼ਾ ਵਾਲੇ ਗਾਣੇ ਵਿੱਚ ਮਲੰਗ ਚਾਚਾ ਬਣਕੇ ਸਾਰਿਆਂ ਨੂੰ ਰੁਆ ਗਏ।

ਵੈਸੇ ਜਿੰਨੇ ਇਹ ਖਲਨਾਇਕ ਮਸ਼ਹੂਰ ਸਨ, ਉਨੇ ਹੀ ਉਨ੍ਹਾਂ ਦੇ ਸੰਵਾਦ ਵੀ ਮਸ਼ਹੂਰ ਹੁੰਦੇ ਸਨ। ਹੀਰੋ ਦੇ ਹੋਣ ਨਾ ਹੋਣ, ਵਿਲੇਨ ਦੀ ਕੋਈ ਨਾ ਕੋਈ ਪੰਚ ਲਾਈਨ ਫਿਲਮ ਵਿੱਚ ਜ਼ਰੂਰ ਹੁੰਦੀ ਸੀ।

ਫਿਰ ਉਹ ਅਜੀਤ ਦਾ ਇਹ ਡਾਇਲਾਗ ‘ਲੇਕਿਨ ਏਕ ਬਾਤ ਮਤ ਭੂਲੀਏ ਡੀਐੱਸਪੀ ਸਾਹਬ ਕਿ ਸਾਰਾ ਸ਼ਹਿਰ ਮੁਝੇ ਲਾਇਨ ਕੇ ਨਾਮ ਸੇ ਜਾਨਤਾ ਹੈ। ਔਰ ਇਸ ਸ਼ਹਿਰ ਮੇਂ ਮੇਰੀ ਹੈਸੀਅਤ ਵਹੀ ਹੈ ਜੋ ਜੰਗਲ ਮੇਂ ਸ਼ੇਰ ਕੀ’ ਹੋਵੇ ਜਾਂ ਪ੍ਰੇਮ ਚੋਪੜਾ ਦਾ ਸੰਵਾਦ ‘ਮੈਂ ਵੋਹ ਬਲਾ ਹੂੰ ਜੋ ਸ਼ੀਸ਼ੇ ਸੇ ਪੱਥਰ ਕੋ ਤੋੜਤਾ ਹੂੰ’।

ਅਮਜ਼ਦ ਖ਼ਾਨ ਨੂੰ ਮਿਲਿਆ ਬੈਸਟ ਕਾਮਿਕ ਰੋਲ ਅਵਾਰਡ

ਲੇਕਿਨ ਖਲਨਾਇਕੀ ਤੋਂ ਪਰ੍ਹੇ, ਇਨ੍ਹਾਂ ਖਲਨਾਇਕਾਂ ਦੀ ਜ਼ਿੰਦਗੀ ਦੇ ਕਈ ਪਹਿਲੂ ਹਨ। ਸ਼ੁਰੂ ਵਿੱਚ ਗੱਲ ਅਮਜ਼ਦ ਖ਼ਾਨ ਤੋਂ ਹੋਈ ਸੀ, ਹੁਣ ਉਨ੍ਹਾਂ ਉੱਤੇ ਹੀ ਲਿਆ ਕੇ ਖ਼ਤਮ ਕਰਦੇ ਹਾਂ।

ਵਿਲੇਨ ਬਣਨ ਤੋਂ ਪਹਿਲਾਂ ਅਮਜ਼ਦ ਖ਼ਾਨ ਬਾਲ ਕਲਾਕਾਰ ਸਨ। ਕੇ ਆਸਿਫ਼ ਦੇ ਸਹਾਇਕ ਨਿਰਦੇਸ਼ਕ ਸਨ। ਉਹ ਐਕਟਰਜ਼ ਗਿਲਡ ਦੇ ਮੁਖੀ ਵੀ ਰਹੇ, ਜਿਨ੍ਹਾਂ ਨੇ ਫਿਲਮ ਇੰਡਸਟਰੀ ਦੇ ਕਈ ਵਿਵਾਦ ਸੁਲਝਾਏ ਅਤੇ ਕਈ ਫਿਲਮਾਂ ਦੇ ਨਿਰਦੇਸ਼ਕ ਵੀ ਰਹੇ।

ਨੇਗੇਟਿਵ ਰੋਲ ਲਈ ਤਾਂ ਨਹੀਂ ਲੇਕਿਨ ਬੈਸਟ ਸਹਾਇਕ ਐਕਟਰ (ਦਾਦਾ ਅਤੇ ਯਾਰਾਨਾ) ਅਤੇ ਬੈਸਟ ਕਾਮਿਕ ਰੋਲ (ਮਾਂ ਕਸਮ) ਦੇ ਲਈ ਉਨ੍ਹਾਂ ਨੂੰ ਤਿੰਨ ਵਾਰ ਫਿਲਮਫੇਅਰ ਅਵਾਰਡ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)