ਆਮਿਰ ਖ਼ਾਨ : ਪੰਜਾਬ ਵਿੱਚ ਗੁਜ਼ਾਰੇ ਢਾਈ ਮਹੀਨਿਆਂ ਦੌਰਾਨ ਪੰਜਾਬੀਆਂ ਤੋਂ ਕੀ ਸਿੱਖਿਆ

ਤਸਵੀਰ ਸਰੋਤ, Getty Images
“ਮੈਂ ਮੁਸਲਮਾਨ ਪਰਿਵਾਰ ਨਾਲ ਸਬੰਧ ਰੱਖਦਾ ਹਾਂ, ਮੇਰੀ ਹੱਥ ਜੋੜਨ ਦੀ ਆਦਤ ਨਹੀਂ ਹੈ, ਮੇਰੀ ਆਦਤ ਹੈ ਹੱਥ ਉੱਪਰ ਕਰਨ ਦੀ ਤੇ ਸਿਰ ਝੁਕਾਉਣ ਦੀ।”
“ਪਰ ਪੰਜਾਬ ਵਿੱਚ ਢਾਈ ਮਹੀਨਿਆਂ ਤੋਂ ਬਾਅਦ ਮੈਂ ਹੱਥ ਜੋੜਨ ਦੀ ਤਾਕਤ ਸਮਝੀ।”
ਇਹ ਗੱਲ ਬਾਲੀਵੁੱਡ ਜਗਤ ’ਚ ਲਕੀਰ ਹਟਕੇ ਵੱਖਰੀਆਂ ਫ਼ਿਲਮਾਂ ਬਣਾਉਣ ਲਈ ਜਾਣੇ ਜਾਂਦੇ ਫਿਲਮਕਾਰ ਅਤੇ ਅਦਾਕਾਰ ਆਮਿਰ ਖ਼ਾਨ ਨੇ ਕਹੀ।
ਇਹ ਤਜਰਬਾ ਉਨ੍ਹਾਂ ਨੇ ਨੈੱਟਫਲਿਕਸ ਉੱਤੇ ਪ੍ਰਸਾਰਿਤ ਹੁੰਦੇ ‘ਦੀ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਸਾਂਝਾ ਕੀਤਾ।
ਅੰਮ੍ਰਿਤਸਰ ’ਚ ਜੰਮੇ-ਪਲ਼ੇ ਅਤੇ ਕਾਮੇਡੀ ਦੀ ਦੁਨੀਆਂ ’ਚ ਆਪਣਾ ਨਾਂ ਸਥਾਪਤ ਕਰਨ ਵਾਲੇ ਕਪਿਲ ਸ਼ਰਮਾ ਪਿਛਲੇ 11 ਸਾਲਾਂ ਤੋਂ ਵੱਖ-ਵੱਖ ਚੈਨਲਾਂ ਉੱਤੇ ਵੱਖ-ਵੱਖ ਨਾਵਾਂ ਹੇਠ ਆਪਣਾ ਸ਼ੋਅ ਕਰ ਰਹੇ ਹਨ।
ਕਪਿਲ ਸ਼ਰਮਾ ਦਾ ਕਾਮੇਡੀ ਸ਼ੌਅ ਇੰਨਾ ਵੱਡਾ ਹੈ ਕਿ ਬਾਲੀਵੁੱਡ ਦੇ ਵੱਡੇ ਵੱਡੇ ਸੁਪਰ ਸਟਾਰ ਆਪਣੀਆਂ ਫਿਲਮਾਂ ਦੀ ਪ੍ਰੋਮਸ਼ਨ ਲ਼ਈ ਇਸ ਵਿੱਚ ਆਉਂਦੇ ਹਨ।
ਪਰ ਇਹ ਪਹਿਲੀ ਵਾਰ ਹੈ ਕਿ ਆਮਿਰ ਖ਼ਾਨ ਕਪਿਲ ਸ਼ਰਮਾ ਦੇ ਸ਼ੋਅ ’ਤੇ ਬਤੌਰ ਮਹਿਮਾਨ ਆਏ ਹਨ। ਜਿਸ ਦੌਰਾਨ ਉਨ੍ਹਾਂ ਪੰਜਾਬੀ ਲੋਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।
ਆਮਿਰ ਖ਼ਾਨ ਨੇ ਆਪਣੀਆਂ ਦੋ ਫ਼ਿਲਮਾਂ – ‘ਰੰਗ ਦੇ ਬਸੰਤੀ’ ਅਤੇ ‘ਦੰਗਲ’ ਦੀ ਸ਼ੂਟਿੰਗ ਪੰਜਾਬ ਵਿੱਚ ਕੀਤੀ ਸੀ।
ਰੰਗ ਦੇ ਬਸੰਤੀ ਫ਼ਿਲਮ ਵਿੱਚ ਉਨ੍ਹਾਂ ਨੇ ਇੱਕ ਚੜ੍ਹਦੀ ਉਮਰ ਦੇ ਨੌਜਵਾਨ ਦਾ ਕਿਰਦਾਰ ਨਿਭਾਇਆ ਸੀ ਜਦਕਿ ਦੰਗਲ ਫ਼ਿਲਮ ਵਿੱਚ ਕੌਮਾਂਤਰੀ ਪੱਧਰ ਦੀਆਂ ਭਲਵਾਨ ਫੋਗਾਟ ਭੈਣਾਂ ਦੇ ਬਾਪ ਮਹਾਬੀਰ ਸਿੰਘ ਬਣੇ ਸਨ।
‘ਪੰਜਾਬੀ ਲੋਕ ਮੁਹੱਬਤੀ ਲੋਕ ਹਨ’

ਤਸਵੀਰ ਸਰੋਤ, Getty Images
ਸ਼ੋਅ ਵਿੱਚ ਪੰਜਾਬ ਬਾਰੇ ਪੁੱਛੇ ਗਏ ਸਵਾਲ ਉੱਤੇ ਉਨ੍ਹਾਂ ਨੇ ਕਿਹਾ, “ਇਹ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ, ਮੈਂ ਰੰਗ ਦੇ ਬਸੰਤੀ ਉੱਥੇ ਸ਼ੂਟ ਕੀਤੀ ਸੀ, ਮੈਨੂੰ ਬਹੁਤ ਚੰਗਾ ਲੱਗਾ।”
ਇਸ ਮਗਰੋਂ ਉਨ੍ਹਾਂ ਨੇ ਹਾਜ਼ਰੀਨਾਂ ਵਿੱਚ ਬੈਠੇ ਦੋ ਸਰਦਾਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਕਿਹਾ, "ਪੰਜਾਬੀ ਲੋਕ ਬਹੁਤ ਮੁਹੱਬਤੀ ਲੋਕ ਹਨ।"
ਉਨ੍ਹਾਂ ਨੇ ਆਪਣੀ ਫ਼ਿਲਮ ਦੰਗਲ ਦੀ ਸ਼ੂਟਿੰਗ ਨੂੰ ਯਾਦ ਕਰਦਿਆਂ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਵਲੋਂ ਉਨ੍ਹਾਂ ਨੂੰ ਮਿਲੇ ਪਿਆਰ ਅਤੇ ਸਤਿਕਾਰ ਦਾ ਵੀ ਖ਼ਾਸ ਤੌਰ ’ਤੇ ਜ਼ਿਕਰ ਕੀਤਾ।
ਉਨ੍ਹਾਂ ਦੱਸਿਆ, "ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਸ਼ੂਟਿੰਗ ਕਰਦੇ ਸੀ, ਅਸੀਂ ਕਰੀਬ ਦੋ-ਢਾਈ ਮਹੀਨੇ ਇੱਕੋ ਹੀ ਘਰ ਵਿੱਚ ਸ਼ੂਟਿੰਗ ਕਰ ਰਹੇ ਸੀ।"
"ਜਦੋਂ ਸਵੇਰੇ ਪੰਜ ਵਜੇ ਮੇਰੀ ਗੱਡੀ ਪੰਜਾਬ ਦੇ ਪਿੰਡ ਵਿੱਚ ਦਾਖ਼ਲ ਹੁੰਦੀ ਸੀ ਤਾਂ ਉਸ ਪਿੰਡ ਦੇ ਹਰੇਕ ਘਰ ਦੇ ਬਾਹਰ ਲੋਕ ਮੇਰਾ ਸਵਾਗਤ ਕਰਨ ਲਈ ਖੜ੍ਹੇ ਹੁੰਦੇ ਸੀ।"
ਉਹ ਅੱਗੇ ਦੱਸਦੇ ਹਨ, "ਪੂਰੇ ਢਾਈ ਮਹੀਨੇ ਉਹ ਬੱਸ ਮੈਨੂੰ ਸਤਿ ਸ੍ਰੀ ਅਕਾਲ ਕਹਿੰਦੇ ਸੀ, ਨਾ ਉਹ ਮੇਰੀ ਗੱਡੀ ਰੋਕਦੇ ਸੀ ਤੇ ਨਾ ਹੀ ਉਹ ਮੈਨੂੰ ਤੰਗ ਕਰਦੇ ਸੀ ਅਤੇ ਜਦੋਂ ਮੈਂ ਜਾਣ ਲੱਗਦਾ ਤਾਂ ਵੀ ਉਹ ਮੈਨੂੰ ਗੁੱਡਨਾਈਟ ਕਹਿੰਦੇ ਸੀ, ਇਹ ਪੂਰੇ ਢਾਈ ਮਹੀਨੇ ਹੋਇਆ।"
ਉਹ ਗੱਲ ਜੋੜਦਿਆਂ ਅੱਗੇ ਦੱਸਦੇ ਹਨ, “ਪੰਜਾਬ ਵਿੱਚ ਹਰੇਕ ਬੰਦਾ ਛੇ ਫੁੱਟ ਦਾ ਹੈ ਪਰ ਉਨ੍ਹਾਂ ਦੇ ਦਿਲ ਵਿੱਚ ਇੰਨੀ ਮੁਹਬੱਤ ਹੈ ਅਤੇ ਉਹ ਹਰ ਇਨਸਾਨ ਦੀ ਇੱਜ਼ਤ ਕਰਦੇ ਹਨ, ਚਾਹੇ ਉਹ ਛੋਟਾ ਹੋਵੇ ਜਾਂ ਵੱਡਾ।”
ਕਿਉਂ ਨਹੀਂ ਨਿਭਾਇਆ ਭਗਤ ਸਿੰਘ ਦਾ ਕਿਰਦਾਰ

ਤਸਵੀਰ ਸਰੋਤ, Getty Images
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 37 ਸਾਲ ਦੀ ਉਮਰ ਵਿੱਚ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿਉਂਕਿ ਭਗਤ ਸਿੰਘ ਇੱਕ ਅਸਲ ਇਤਿਹਾਸਕ ਕਿਰਦਾਰ ਹਨ।
ਉਨ੍ਹਾਂ ਵੱਧ ਉਮਰ ਦੇ ਹੋਣ ਕਾਰਨ ਰੋਲ ਨਾਲ ਇਨਸਾਫ਼ ਨਹੀਂ ਕਰ ਸਕਣਾ ਸੀ।
ਉਨ੍ਹਾਂ ਦੱਸਿਆ ਕਿ ਉਹ ਇੱਕ ਬਹੁਤ ਮਹੱਤਵਪੂਰਨ ਕਿਰਦਾਰ ਹਨ, ਇਸ ਲਈ ਉਨ੍ਹਾਂ ਨੇ ਇਹ ਰੋਲ ਨਿਭਾਉਣਾ ਠੀਕ ਨਹੀਂ ਸੀ।
ਸ਼ੋਅ ’ਤੇ ਕਿਉਂ ਆਏ?
ਆਮਿਰ ਖ਼ਾਨ ਆਪਣੇ ਕਰੀਅਰ ਦੌਰਾਨ ਬਹੁਤ ਘੱਟ ਸ਼ੋਅਜ਼ ਜਾਂ ਪੁਰਸਕਾਰ ਸਮਾਗਮਾਂ ਵਿੱਚ ਜਾਂਦੇ ਹਨ।
ਆਮਿਰ ਖ਼ਾਨ ਨੇ ਸ਼ੋਅ ਉੱਤੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਪਿਛਲੇ ਕਰੀਬ 2 ਸਾਲ ਦਾ ਸਮਾਂ ਕਾਫੀ ਮੁਸ਼ਕਲਾਂ ਭਰਿਆ ਰਿਹਾ ਹੈ।

ਤਸਵੀਰ ਸਰੋਤ, Instagram/Kapil Sharma
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਕਪਿਲ ਸ਼ਰਮਾ ਦਾ ਸ਼ੋਅ ਵੇਖਦੇ ਰਹੇ ਹਨ, ਜਿਸ ਨੇ ਉਨ੍ਹਾਂ ਨੂੰ ਖੁਸ਼ੀ ਦਿੱਤੀ ਅਤੇ ਇਸ ਲਈ ਉਨ੍ਹਾਂ ਨੇ ਸ਼ੋਅ ਉੱਤੇ ਆਉਣ ਦਾ ਫ਼ੈਸਲਾ ਲਿਆ।
ਉਨ੍ਹਾਂ ਨੇ ਸ਼ੋਅ ਉੱਤੇ ਦੱਸਿਆ ਕਿ ਉਹ ਆਪਣਾ ਬਹੁਤਾ ਸਮਾਂ ਕਿਤਾਬਾਂ ਪੜ੍ਹਨ ਵਿੱਚ ਬਿਤਾਉਂਦੇ ਹਨ।
ਸਨਮਾਨ ਵੰਡ ਸਮਾਗਮਾਂ ਉੱਤੇ ਨਾ ਜਾਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਕਿ ਸਾਡਾ ਸਮਾਂ ਬਹੁਤ ਕੀਮਤੀ ਹੈ, ਸਾਨੂੰ ਇਸ ਨੂੰ ਸਮਝਦਾਰੀ ਨਾਲ ਵਰਤਣਾ ਚਾਹੀਦਾ ਹੈ।
ਕਿਵੇਂ ਜੁੜਿਆ ਮਿਸਟਰ ਪ੍ਰਫੈਕਸ਼ਨਿਸਟ ਦਾ ਟੈਗ
ਆਪਣੇ ਨਾਲ ਮਿਸਟਰ ਪ੍ਰਫੈਕਸ਼ਨਿਸਟ ਦਾ ਟੈਗ ਲੱਗਣ ਬਾਰੇ ਉਹ ਦੱਸਦੇ ਹਨ ਕਿ ਉਨ੍ਹਾਂ ਨਾਲ ਇਹ ਟੈਗ ਜੁੜਨ ਦਾ ਸਿਹਰਾ ਸ਼ਬਾਨਾ ਆਜ਼ਮੀ ਨੂੰ ਜਾਂਦਾ ਹੈ।
ਉਹ ਕਹਿੰਦੇ ਹਨ ਕਿ ਉਹ ਕਿਸੇ ਚਰਚਾ 'ਚ ਰੁੱਝੇ ਹੋਏ ਸਨ, ਜਦੋਂ ਸ਼ਬਾਨਾ ਆਜ਼ਮੀ ਨੇ ਉਨ੍ਹਾਂ ਨੂੰ ਚਾਹ ਵਿੱਚ ਖੰਡ ਬਾਰੇ ਪੁੱਛਿਆ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਦਿਮਾਗ ਹਾਲੇ ਚਰਚਾ ਵਿੱਚ ਹੀ ਸੀ।
ਉਨ੍ਹਾਂ ਨੂੰ ਸ਼ਬਾਨਾ ਆਜ਼ਮੀ ਦਾ ਸਵਾਲ ਸਮਝਣ ਵਿੱਚ ਕੁਝ ਸਮਾਂ ਲੱਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਸ਼ਬਾਨਾ ਆਜ਼ਮੀ ਨੂੰ ਗਲਾਸ ਦੇ ਆਕਾਰ ਬਾਰੇ ਪੁੱਛਿਆ ਅਤੇ ਖੰਡ ਬਾਰੇ ਦੱਸਿਆ।
ਉਹ ਦੱਸਦੇ ਹਨ ਕਿ ਇਹੀ ਕਹਾਣੀ ਸ਼ਬਾਨਾ ਆਜ਼ਮੀ ਨੇ ਕਈ ਥਾਵਾਂ ਉੱਤੇ ਸੁਣਾਈ ਅਤੇ ਉਨ੍ਹਾਂ ਦੇ ਨਾਮ ਨਾਲ ਇਹ ਟੈਗ ਜੁੜ ਗਿਆ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਆਖ਼ਰੀ ਦੋ ਫ਼ਿਲਮਾਂ 'ਠੱਗਜ਼ ਆਫ ਹਿੰਦੁਸਤਾਨ ਅਤੇ ਲਾਲ ਸਿੰਘ ਚੱਢਾ' ਜ਼ਿਆਦਾ ਨਹੀਂ ਚੱਲੀਆਂ।
ਉਹ ਦੱਸਦੇ ਹਨ ਕਿ ਚਾਰ ਸਾਲ ‘ਸਤਿਅਮੇਵ ਜਯਤੇ’ ਸ਼ੋਅ ਲਈ ਉਹ ਦੇਸ਼ ਦੇ ਹਰ ਹਿੱਸੇ ਤੋਂ ਲੋਕਾਂ ਨੂੰ ਮਿਲੇ ਅਤੇ ਇਸ ਲਈ ਅਧਿਐਨ ਦੌਰਾਨ ਵੀ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ।

ਤਸਵੀਰ ਸਰੋਤ, Instagram/Aamir Khan Productions
ਲਾਲ ਸਿੰਘ ਚੱਢਾ ਬਾਰੇ ਕੀ ਛਿੜਿਆ ਸੀ ਵਿਵਾਦ
ਲਾਲ ਸਿੰਘ ਚੱਢਾ ਫ਼ਿਲਮ ਅਗਸਤ 2022 ਵਿੱਚ ਰਿਲੀਜ਼ ਹੋਈ ਸੀ, ਇਸ ਵਿੱਚ ਆਮਿਰ ਖਾਨ ਨੇ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਸੀ।
ਇਹ ਫ਼ਿਲਮ ਹਾਲੀਵੁੱਡ ਫ਼ਿਲਮ 'ਫੌਰੈੱਸਟ ਗੰਪ' ਦਾ ਰੀਮੇਕ ਸੀ।
ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇਸ ਦੇ ਬਾਈਕਾਟ ਸਬੰਧੀ ਪੋਸਟਾਂ ਟਰੈਂਡ ਕਰਨ ਲੱਗ ਗਈਆਂ ਸਨ।
ਇਸ ਮਗਰੋਂ ਆਮਿਰ ਖ਼ਾਨ ਨੇ ਉਨ੍ਹਾਂ ਦੀ ਫ਼ਿਲਮ ਦਾ ਬਾਈਕਾਟ ਨਾ ਕੀਤੇ ਜਾਣ ਦੀ ਅਪੀਲ ਕੀਤੀ ਸੀ।
ਕਿਹੜੇ-ਕਿਹੜੇ ਸਨਮਾਨ ਮਿਲ ਚੁੱਕੇ
ਆਮਿਰ ਖ਼ਾਨ ਨੂੰ ਨੈਸ਼ਨਲ ਐਵਾਰਜ਼ ਅਤੇ ਫ਼ਿਲਮ ਫੇਅਰ ਐਵਾਰਡਜ਼ ਦੇ ਨਾਲ-ਨਾਲ ਪਦਮਸ਼੍ਰੀ ਅਤੇ ਪਦਮਭੂਸ਼ਣ ਸਨਮਾਨ ਵੀ ਮਿਲ ਚੁੱਕੇ ਹਨ।
ਉਨ੍ਹਾਂ ਨੂੰ ਸਾਲ 2003 ’ਚ ਪਦਮਸ਼੍ਰੀ ਅਤੇ 2010 ’ਚ ਪਦਮਭੂਸ਼ਣ ਪੁਰਸਕਾਰ ਮਿਲਿਆ ਸੀ।












